ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੀ 150ਵੀਂ ਜਯੰਤੀ ਇੱਕ ਇਤਿਹਾਸਕ ਮੌਕਾ ਹੈ। ਏਕਤਾ ਨਗਰ ਦੀ ਸਵੇਰ ਨੂੰ ਬ੍ਰਹਮ ਅਤੇ ਮਨਮੋਹਕ ਦੱਸਿਆ ਅਤੇ ਸ਼੍ਰੀ ਮੋਦੀ ਨੇ ਸਰਦਾਰ ਪਟੇਲ ਦੇ ਚਰਨਾਂ ਵਿੱਚ ਸਮੂਹਿਕ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਸ਼ਟਰ ਇੱਕ ਬਹੁਤ ਅਹਿਮ ਪਲ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਦੇਸ਼ ਵਿਆਪੀ ਏਕਤਾ ਦੌੜ ਅਤੇ ਕਰੋੜਾਂ ਭਾਰਤੀਆਂ ਦੀ ਉਤਸ਼ਾਹੀ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਵੇਂ ਭਾਰਤ ਦਾ ਸੰਕਲਪ ਸਪਸ਼ਟ ਤੌਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮਾਂ ਅਤੇ ਪਿਛਲੀ ਸ਼ਾਮ ਦੀ ਜ਼ਿਕਰਯੋਗ ਪੇਸ਼ਕਾਰੀ ’ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚ ਅਤੀਤ ਦੀਆਂ ਪਰੰਪਰਾਵਾਂ, ਵਰਤਮਾਨ ਦੀ ਸਖ਼ਤ ਮਿਹਨਤ ਅਤੇ ਬਹਾਦਰੀ ਅਤੇ ਭਵਿੱਖ ਦੀਆਂ ਉਪਲਬਧੀਆਂ ਦੀ ਝਲਕ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਇੱਕ ਯਾਦਗਾਰੀ ਸਿੱਕਾ ਅਤੇ ਇੱਕ ਖ਼ਾਸ ਡਾਕ ਟਿਕਟ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ਅਤੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ ਦੇਸ਼ ਦੇ ਸਾਰੇ 140 ਕਰੋੜ ਨਾਗਰਿਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਇਤਿਹਾਸ ਲਿਖਣ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ; ਸਗੋਂ ਇਤਿਹਾਸ ਸਿਰਜਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿੜ੍ਹ ਭਰੋਸਾ ਸਰਦਾਰ ਪਟੇਲ ਦੀ ਜੀਵਨ ਕਹਾਣੀ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਅਤੇ ਫ਼ੈਸਲਿਆਂ ਨੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਿਆ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਿਵੇਂ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ 550 ਤੋਂ ਵੱਧ ਰਿਆਸਤਾਂ ਦੇ ਏਕੀਕਰਨ ਦੇ ਅਸੰਭਵ ਲੱਗਣ ਵਾਲੇ ਕੰਮ ਨੂੰ ਪੂਰਾ ਕੀਤਾ। 'ਏਕ ਭਾਰਤ, ਸ੍ਰੇਸ਼ਠ ਭਾਰਤ' ਦਾ ਵਿਚਾਰ ਸਰਦਾਰ ਪਟੇਲ ਲਈ ਸਰਬਉੱਚ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਸਰਦਾਰ ਪਟੇਲ ਦੀ ਜਯੰਤੀ ਕੁਦਰਤੀ ਤੌਰ 'ਤੇ ਰਾਸ਼ਟਰੀ ਏਕਤਾ ਦਾ ਇੱਕ ਸ਼ਾਨਦਾਰ ਜਸ਼ਨ ਬਣ ਚੁੱਕੀ ਹੈ। ਜਿਸ ਤਰ੍ਹਾਂ 140 ਕਰੋੜ ਭਾਰਤੀ 15 ਅਗਸਤ ਨੂੰ ਆਜ਼ਾਦੀ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਨ, ਉਸੇ ਤਰ੍ਹਾਂ ਏਕਤਾ ਦਿਵਸ ਦਾ ਮਹੱਤਵ ਵੀ ਹੁਣ ਉਸੇ ਪੱਧਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਕਰੋੜਾਂ ਲੋਕਾਂ ਨੇ ਏਕਤਾ ਦੀ ਸਹੁੰ ਚੁੱਕੀ ਹੈ ਅਤੇ ਰਾਸ਼ਟਰ ਦੀ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਕੰਮਾਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਏਕਤਾ ਨਗਰ ਵਿੱਚ ਹੀ, ਏਕਤਾ ਮਾਲ ਅਤੇ ਏਕਤਾ ਗਾਰਡਨ ਏਕਤਾ ਦੇ ਧਾਗੇ ਨੂੰ ਮਜ਼ਬੂਤ ਬਣਾਉਣ ਵਾਲੇ ਪ੍ਰਤੀਕ ਵਜੋਂ ਖੜ੍ਹੇ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਅਜਿਹੇ ਹਰ ਕੰਮ ਤੋਂ ਬਚਣਾ ਚਾਹੀਦਾ ਹੈ, ਜੋ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦਾ ਹੋਵੇ। ਉਨ੍ਹਾਂ ਨੇ ਕਿਹਾ ਇਹੀ ਸਮੇਂ ਦੀ ਮੰਗ ਹੈ ਅਤੇ ਹਰ ਭਾਰਤੀ ਲਈ ਏਕਤਾ ਦਿਵਸ ਦਾ ਮੂਲ ਸੁਨੇਹਾ ਵੀ ਇਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਰਾਸ਼ਟਰੀ ਪ੍ਰਭੂਸੱਤਾ ਨੂੰ ਸਭ ਤੋਂ ਉੱਪਰ ਰੱਖਿਆ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕੀਤਾ ਕਿ ਸਰਦਾਰ ਪਟੇਲ ਦੀ ਮੌਤ ਤੋਂ ਬਾਅਦ ਦੇ ਸਾਲਾਂ ਵਿੱਚ, ਆਉਣ ਵਾਲੀਆਂ ਸਰਕਾਰਾਂ ਨੇ ਰਾਸ਼ਟਰੀ ਪ੍ਰਭੂਸੱਤਾ ਪ੍ਰਤੀ ਓਨੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਨੇ ਕਸ਼ਮੀਰ ਵਿੱਚ ਹੋਈਆਂ ਗ਼ਲਤੀਆਂ, ਉੱਤਰ-ਪੂਰਬ ਦੀਆਂ ਚੁਣੌਤੀਆਂ ਅਤੇ ਦੇਸ਼ ਭਰ ਵਿੱਚ ਨਕਸਲੀ-ਮਾਓਵਾਦੀ ਅੱਤਵਾਦ ਦੇ ਫੈਲਾਅ ਨੂੰ ਭਾਰਤ ਦੀ ਪ੍ਰਭੂਸੱਤਾ ਲਈ ਸਿੱਧਾ ਖ਼ਤਰਾ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੀਆਂ ਨੀਤੀਆਂ ਦੀ ਪਾਲਣਾ ਕਰਨ ਦੀ ਬਜਾਏ, ਉਸ ਦੌਰ ਦੀਆਂ ਸਰਕਾਰਾਂ ਨੇ ਇੱਕ ਰੀੜ੍ਹ ਦੀ ਹੱਡੀ ਤੋਂ ਬਿਨਾਂ ਵਾਲਾ ਨਜ਼ਰੀਆ ਅਪਣਾਇਆ, ਜਿਸਦਾ ਨਤੀਜਾ ਦੇਸ਼ ਨੂੰ ਹਿੰਸਾ ਅਤੇ ਖ਼ੂਨ-ਖ਼ਰਾਬੇ ਦੇ ਰੂਪ ਵਿੱਚ ਭੁਗਤਣਾ ਪਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਸਰਦਾਰ ਪਟੇਲ ਕਸ਼ਮੀਰ ਦੇ ਸੰਪੂਰਨ ਏਕੀਕਰਨ ਦੀ ਇੱਛਾ ਰੱਖਦੇ ਸਨ, ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਨੇ ਹੋਰ ਰਿਆਸਤਾਂ ਨੂੰ ਸਫ਼ਲਤਾਪੂਰਵਕ ਮਿਲਾਇਆ ਸੀ। ਹਾਲਾਂਕਿ, ਤਤਕਾਲੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਨਹੀਂ ਹੋਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਕਸ਼ਮੀਰ ਨੂੰ ਇੱਕ ਵੱਖਰੇ ਸੰਵਿਧਾਨ ਅਤੇ ਇੱਕ ਵੱਖਰੇ ਚਿੰਨ੍ਹ ਰਾਹੀਂ ਵੰਡਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ’ਤੇ ਤਤਕਾਲੀ ਸੱਤਾਧਾਰੀ ਪਾਰਟੀ ਦੀ ਗ਼ਲਤੀ ਨੇ ਦੇਸ਼ ਨੂੰ ਦਹਾਕਿਆਂ ਤੱਕ ਅਸ਼ਾਂਤੀ ਵਿੱਚ ਡੋਬੀ ਰੱਖਿਆ। ਉਨ੍ਹਾਂ ਦੀਆਂ ਕਮਜ਼ੋਰ ਨੀਤੀਆਂ ਕਾਰਨ, ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਆ ਗਿਆ ਅਤੇ ਪਾਕਿਸਤਾਨ ਨੇ ਅੱਤਵਾਦ ਨੂੰ ਹੋਰ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਅਤੇ ਦੇਸ਼, ਦੋਵਾਂ ਨੇ ਇਨ੍ਹਾਂ ਗ਼ਲਤੀਆਂ ਦੀ ਭਾਰੀ ਕੀਮਤ ਚੁਕਾਈ, ਫਿਰ ਵੀ, ਉਨ੍ਹਾਂ ਨੇ ਕਿਹਾ ਕਿ ਤਤਕਾਲੀ ਸਰਕਾਰ ਅੱਤਵਾਦ ਅੱਗੇ ਝੁਕਦੀ ਰਹੀ।

ਸਰਦਾਰ ਪਟੇਲ ਦੇ ਵਿਜ਼ਨ ਨੂੰ ਭੁਲਾਉਣ ਲਈ ਮੌਜੂਦਾ ਵਿਰੋਧੀ ਦਲ ਦੀ ਆਲੋਚਨਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 2014 ਤੋਂ ਬਾਅਦ, ਰਾਸ਼ਟਰ ਨੇ ਇੱਕ ਵਾਰ ਫਿਰ ਸਰਦਾਰ ਪਟੇਲ ਤੋਂ ਪ੍ਰੇਰਿਤ ਦ੍ਰਿੜ੍ਹ ਸੰਕਲਪ ਦੇਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਸ਼ਮੀਰ ਧਾਰਾ 370 ਦੇ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਗਿਆ ਹੈ ਅਤੇ ਪੂਰੀ ਤਰ੍ਹਾਂ ਨਾਲ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਅੱਤਵਾਦ ਦੇ ਆਕਾਵਾਂ ਨੂੰ ਵੀ ਹੁਣ ਭਾਰਤ ਦੀ ਅਸਲ ਸਮਰੱਥਾ ਦਾ ਅਹਿਸਾਸ ਹੋ ਗਿਆ ਹੈ। ਆਪ੍ਰੇਸ਼ਨ ਸਿੰਧੂਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਜੇਕਰ ਕੋਈ ਭਾਰਤ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦਾ ਹੈ ਤਾਂ ਦੇਸ਼ ਦੁਸ਼ਮਣ ਦੀ ਜ਼ਮੀਨ 'ਤੇ ਹਮਲਾ ਕਰਕੇ ਜਵਾਬ ਦਿੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਜਵਾਬ ਹਮੇਸ਼ਾ ਮਜ਼ਬੂਤ ਅਤੇ ਫ਼ੈਸਲਾਕੁਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਦੁਸ਼ਮਣਾਂ ਲਈ ਇੱਕ ਸੁਨੇਹਾ ਹੈ - " ਇਹ ਲੋਹਪੁਰਸ਼ ਸਰਦਾਰ ਪਟੇਲ ਦਾ ਭਾਰਤ ਹੈ ਅਤੇ ਇਹ ਆਪਣੀ ਸੁਰੱਖਿਆ ਅਤੇ ਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਪਿਛਲੇ ਗਿਆਰਾਂ ਸਾਲਾਂ ਵਿੱਚ ਭਾਰਤ ਦੀ ਸਭ ਤੋਂ ਵੱਡੀ ਉਪਲਬਧੀ ਨਕਸਲ-ਮਾਓਵਾਦੀ ਅੱਤਵਾਦ ਦੀ ਰੀੜ੍ਹ ਦੀ ਹੱਡੀ ਤੋੜਨਾ ਰਹੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਹਾਲਤ ਅਜਿਹੀ ਸੀ ਕਿ ਨਕਸਲ-ਮਾਓਵਾਦੀ ਸਮੂਹ ਭਾਰਤ ਦੇ ਅੰਦਰੋਂ ਹੀ ਆਪਣਾ ਸ਼ਾਸਨ ਚਲਾਉਂਦੇ ਸੀ। ਇਨ੍ਹਾਂ ਇਲਾਕਿਆਂ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੁੰਦਾ ਸੀ ਅਤੇ ਪੁਲਿਸ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਕੰਮ ਨਹੀਂ ਕਰ ਪਾਉਂਦੀਆਂ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਨਕਸਲੀ ਖੁੱਲ੍ਹੇਆਮ ਹੁਕਮ ਚਲਾਉਂਦੇ ਸਨ, ਸੜਕਾਂ ਦੇ ਨਿਰਮਾਣ ਵਿੱਚ ਰੁਕਾਵਟ ਪਾਉਂਦੇ ਸਨ ਅਤੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਵਿੱਚ ਬੰਬ ਧਮਾਕੇ ਕਰਦੇ ਸਨ, ਜਦੋਂ ਕਿ ਪ੍ਰਸ਼ਾਸਨ ਉਨ੍ਹਾਂ ਦੇ ਸਾਹਮਣੇ ਬੇਵੱਸ ਨਜ਼ਰ ਆਉਂਦਾ ਸੀ।
ਸ਼੍ਰੀ ਮੋਦੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਸਾਡੀ ਸਰਕਾਰ ਨੇ ਨਕਸਲ-ਮਾਓਵਾਦੀ ਅੱਤਵਾਦ ਖ਼ਿਲਾਫ਼ ਇੱਕ ਫ਼ੈਸਲਾਕੁਨ ਮੁਹਿੰਮ ਚਲਾਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਨਕਸਲ ਸਮਰਥਕਾਂ - ਸ਼ਹਿਰੀ ਨਕਸਲੀਆਂ - ਨੂੰ ਵੀ ਹਾਸ਼ੀਏ ਵੱਲ ਧੱਕ ਦਿੱਤਾ ਗਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਚਾਰਧਾਰਕ ਲੜਾਈ ਜਿੱਤੀ ਗਈ ਅਤੇ ਨਕਸਲੀਆਂ ਦੇ ਗੜ੍ਹਾਂ ਵਿੱਚ ਸਿੱਧਾ ਮੁਕਾਬਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸਦੇ ਨਤੀਜੇ ਹੁਣ ਪੂਰੇ ਦੇਸ਼ ਦੇ ਸਾਹਮਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਦੇ ਲਗਭਗ 125 ਜ਼ਿਲ੍ਹੇ ਮਾਓਵਾਦੀ ਅੱਤਵਾਦ ਤੋਂ ਪ੍ਰਭਾਵਿਤ ਸਨ। ਅੱਜ, ਇਹ ਗਿਣਤੀ ਘਟ ਕੇ ਸਿਰਫ਼ 11 ਰਹਿ ਗਈ ਹੈ ਅਤੇ ਸਿਰਫ਼ ਤਿੰਨ ਜ਼ਿਲ੍ਹੇ ਹੀ ਗੰਭੀਰ ਨਕਸਲੀ ਪ੍ਰਭਾਵ ਦਾ ਸਾਹਮਣਾ ਕਰ ਰਹੇ ਹਨ। ਏਕਤਾ ਨਗਰ ਦੀ ਧਰਤੀ ਤੋਂ, ਸਰਦਾਰ ਪਟੇਲ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਓਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਭਾਰਤ ਨਕਸਲ-ਮਾਓਵਾਦੀ ਖ਼ਤਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦਾ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅੱਜ ਦੇਸ਼ ਦੀ ਏਕਤਾ ਅਤੇ ਅੰਦਰੂਨੀ ਸੁਰੱਖਿਆ ਘੁਸਪੈਠੀਆਂ ਕਾਰਨ ਗੰਭੀਰ ਖ਼ਤਰੇ ਵਿੱਚ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਵਿਦੇਸ਼ੀ ਘੁਸਪੈਠੀਏ ਦੇਸ਼ ਵਿੱਚ ਦਾਖ਼ਲ ਹੋਏ ਹਨ, ਨਾਗਰਿਕਾਂ ਦੇ ਸਰੋਤਾਂ ’ਤੇ ਕਬਜ਼ੇ ਕਰ ਰਹੇ ਹਨ, ਜਨਸੰਖਿਆ ਸੰਤੁਲਨ ਵਿਗਾੜ ਰਹੇ ਹਨ ਅਤੇ ਰਾਸ਼ਟਰੀ ਏਕਤਾ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਇਸ ਗੰਭੀਰ ਮੁੱਦੇ ’ਤੇ ਅੱਖਾਂ ਮੀਚਣ ਲਈ ਆਲੋਚਨਾ ਕਰਦੇ ਹੋਏ ਉਨ੍ਹਾਂ 'ਤੇ ਵੋਟ ਬੈਂਕ ਦੀ ਸਿਆਸਤ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਨੇ ਇਸ ਵੱਡੇ ਖ਼ਤਰੇ ਨਾਲ ਫ਼ੈਸਲਾਕੁਨ ਰੂਪ ਨਾਲ ਲੜਨ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਲਾਲ ਕਿਲ੍ਹੇ ਤੋਂ ਡੈਮੋਗ੍ਰਾਫੀ ਮਿਸ਼ਨ ਦੇ ਐਲਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਅੱਜ ਵੀ, ਜਦੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ ਜਾ ਰਿਹਾ ਹੈ, ਕੁਝ ਲੋਕ ਰਾਸ਼ਟਰੀ ਭਲਾਈ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੋਕ ਘੁਸਪੈਠੀਆਂ ਨੂੰ ਹੱਕ ਦਿਵਾਉਣ ਲਈ ਰਾਜਨੀਤਿਕ ਲੜਾਈ ਵਿੱਚ ਲੱਗੇ ਹੋਏ ਹਨ ਅਤੇ ਰਾਸ਼ਟਰੀ ਵਿਖੰਡਨ ਦੇ ਨਤੀਜਿਆਂ ਪ੍ਰਤੀ ਉਦਾਸੀਨ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਾਸ਼ਟਰ ਦੀ ਸੁਰੱਖਿਆ ਅਤੇ ਪਛਾਣ ਨੂੰ ਖ਼ਤਰੇ ਵਿੱਚ ਪਈ ਤਾਂ ਹਰ ਨਾਗਰਿਕ ਖ਼ਤਰੇ ਵਿੱਚ ਹੋਵੇਗਾ। ਇਸ ਲਈ, ਰਾਸ਼ਟਰੀ ਏਕਤਾ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਭਾਰਤ ਵਿੱਚ ਰਹਿ ਰਹੇ ਹਰ ਘੁਸਪੈਠੀਏ ਨੂੰ ਬਾਹਰ ਕੱਢਣ ਦੇ ਆਪਣੇ ਸੰਕਲਪ ਦੀ ਮੁੜ ਪੁਸ਼ਟੀ ਕਰਨ ਦਾ ਸੱਦਾ ਦਿੱਤਾ।
ਲੋਕਤੰਤਰ ਵਿੱਚ ਰਾਸ਼ਟਰੀ ਏਕਤਾ ਦਾ ਮਤਲਬ ਵਿਚਾਰਾਂ ਦੇ ਵਖਰੇਵੇਂ ਦਾ ਸਤਿਕਾਰ ਕਰਨਾ ਵੀ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰ ਵਿੱਚ ਮਤਭੇਦ ਸਵੀਕਾਰਯੋਗ ਹਨ, ਪਰ ਨਿੱਜੀ ਮਤਭੇਦ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਆਜ਼ਾਦੀ ਤੋਂ ਬਾਅਦ, ਜਿਨ੍ਹਾਂ ਨੂੰ ਰਾਸ਼ਟਰ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ, ਉਨ੍ਹਾਂ ਨੇ "ਅਸੀਂ ਭਾਰਤ ਦੇ ਲੋਕ" ਦੀ ਭਾਵਨਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਰਾਜਨੀਤਿਕ ਛੂਤ-ਛਾਤ ਨੂੰ ਸੰਸਥਾਗਤ ਰੂਪ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਸਰਦਾਰ ਪਟੇਲ ਅਤੇ ਉਨ੍ਹਾਂ ਦੀ ਵਿਰਾਸਤ ਨਾਲ ਕਿਵੇਂ ਵਿਵਹਾਰ ਕੀਤਾ ਅਤੇ ਇਸ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੇ ਜੀਵਨ ਕਾਲ ਵਿੱਚ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੀ ਹਾਸ਼ੀਏ 'ਤੇ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਾ. ਰਾਮ ਮਨੋਹਰ ਲੋਹੀਆ ਅਤੇ ਜੈਪ੍ਰਕਾਸ਼ ਨਾਰਾਇਣ ਵਰਗੇ ਆਗੂਆਂ ਪ੍ਰਤੀ ਵੀ ਅਜਿਹਾ ਹੀ ਰਵੱਈਆ ਅਪਣਾਇਆ ਸੀ। ਇਸ ਸਾਲ ਰਾਸ਼ਟਰੀ ਸਵੈਮ ਸੇਵਕ ਸੰਘ ਦੇ 100 ਸਾਲ ਪੂਰੇ ਹੋਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਸੰਗਠਨ ’ਤੇ ਹੋਏ ਵੱਖ-ਵੱਖ ਹਮਲਿਆਂ ਅਤੇ ਸਾਜ਼ਿਸ਼ਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਕ ਪਾਰਟੀ ਅਤੇ ਇੱਕ ਪਰਿਵਾਰ ਤੋਂ ਬਾਹਰ ਹਰ ਵਿਅਕਤੀ ਅਤੇ ਵਿਚਾਰ ਨੂੰ ਵੱਖ ਕਰਨ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਦੇਸ਼ ਨੂੰ ਉਸ ਰਾਜਨੀਤਿਕ ਛੂਤ-ਛਾਤ ਨੂੰ ਖ਼ਤਮ ਕਰਨ 'ਤੇ ਮਾਣ ਹੈ, ਜਿਸਨੇ ਕਦੇ ਦੇਸ਼ ਨੂੰ ਵੰਡਿਆ ਸੀ, ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੇ ਸਨਮਾਨ ਵਿੱਚ ਸਟੈਚੂ ਆਫ਼ ਯੂਨਿਟੀ ਦੇ ਨਿਰਮਾਣ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਪੰਚਤੀਰਥ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਦਿੱਲੀ ਵਿੱਚ ਬਾਬਾ ਸਾਹਿਬ ਦੇ ਨਿਵਾਸ ਅਤੇ ਮਹਾਪਰੀ ਨਿਰਵਾਣ ਸਥਾਨ ਨੂੰ ਪਿਛਲੀਆਂ ਸਰਕਾਰਾਂ ਦੇ ਸ਼ਾਸਨਕਾਲ ਵਿੱਚ ਅਣਗੌਲਿਆ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਇੱਕ ਇਤਿਹਾਸਕ ਸਮਾਰਕ ਵਿੱਚ ਬਦਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਸਿਰਫ਼ ਇੱਕ ਸਾਬਕਾ ਪ੍ਰਧਾਨ ਮੰਤਰੀ ਲਈ ਇੱਕ ਸਮਰਪਿਤ ਅਜਾਇਬ ਘਰ ਸੀ। ਇਸ ਦੇ ਉਲਟ, ਸਾਡੀ ਸਰਕਾਰ ਨੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਪ੍ਰਧਾਨ ਮੰਤਰੀਆਂ ਦਾ ਅਜਾਇਬ ਘਰ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇੱਥੋਂ ਤੱਕ ਕਿ ਸ਼੍ਰੀ ਪ੍ਰਣਬ ਮੁਖਰਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮੌਜੂਦਾ ਵਿਰੋਧੀ ਦਲ ਵਿੱਚ ਬਿਤਾਇਆ, ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁਲਾਇਮ ਸਿੰਘ ਯਾਦਵ ਵਰਗੇ ਵਿਰੋਧੀ ਵਿਚਾਰਧਾਰਾਵਾਂ ਵਾਲੇ ਆਗੂਆਂ ਨੂੰ ਵੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਫ਼ੈਸਲੇ ਰਾਜਨੀਤਿਕ ਮਤਭੇਦਾਂ ਤੋਂ ਉੱਪਰ ਉੱਠਣ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਲਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਮਾਵੇਸ਼ੀ ਨਜ਼ਰੀਆ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਵਿਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਬਹੁ-ਪਾਰਟੀ ਵਫ਼ਦਾਂ ਵਿੱਚ ਵੀ ਝਲਕਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤਿਕ ਲਾਭ ਲਈ ਰਾਸ਼ਟਰੀ ਏਕਤਾ 'ਤੇ ਹਮਲਾ ਕਰਨ ਦੀ ਮਾਨਸਿਕਤਾ ਬਸਤੀਵਾਦੀ ਮਾਨਸਿਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਰੋਧੀ ਦਲ ਨੂੰ ਨਾ ਸਿਰਫ਼ ਅੰਗਰੇਜ਼ਾਂ ਤੋਂ ਸੱਤਾ ਅਤੇ ਪਾਰਟੀ ਢਾਂਚਾ ਵਿਰਾਸਤ ਵਿੱਚ ਮਿਲਿਆ ਹੈ, ਸਗੋਂ ਉਨ੍ਹਾਂ ਨੇ ਉਨ੍ਹਾਂ ਦੀ ਅਧੀਨਤਾ ਦੀ ਮਾਨਸਿਕਤਾ ਨੂੰ ਵੀ ਅਪਣਾਇਆ ਹੈ। ਇਹ ਦੇਖਦੇ ਹੋਏ ਕਿ ਕੁਝ ਹੀ ਦਿਨਾਂ ਵਿੱਚ ਰਾਸ਼ਟਰ ਰਾਸ਼ਟਰੀ ਗੀਤ, ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ, ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ 1905 ਵਿੱਚ ਜਦੋਂ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਕੀਤੀ ਤਾਂ ਵੰਦੇ ਮਾਤਰਮ ਹਰੇਕ ਭਾਰਤੀ ਦੇ ਵਿਰੋਧ ਦੀ ਸਮੂਹਿਕ ਆਵਾਜ਼ ਅਤੇ ਏਕਤਾ ਅਤੇ ਇੱਕਜੁੱਟਤਾ ਦਾ ਪ੍ਰਤੀਕ ਬਣ ਗਿਆ। ਅੰਗਰੇਜ਼ਾਂ ਨੇ ਵੰਦੇ ਮਾਤਰਮ ਦੇ ਜਾਪ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫ਼ਲ ਰਹੇ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਕੰਮ ਅੰਗਰੇਜ਼ ਨਹੀਂ ਕਰ ਸਕੇ, ਉਹ ਪਿਛਲੀ ਸਰਕਾਰ ਨੇ ਅੰਤ ਵਿੱਚ ਕਰ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਅਧਾਰ 'ਤੇ ਵੰਦੇ ਮਾਤਰਮ ਦੇ ਇੱਕ ਹਿੱਸੇ ਨੂੰ ਹਟਾ ਦਿੱਤਾ, ਜਿਸ ਨਾਲ ਸਮਾਜ ਵੰਡਿਆ ਗਿਆ ਅਤੇ ਬਸਤੀਵਾਦੀ ਏਜੰਡੇ ਨੂੰ ਹੁਲਾਰਾ ਮਿਲਿਆ। ਪ੍ਰਧਾਨ ਮੰਤਰੀ ਨੇ ਪੂਰੀ ਜ਼ਿੰਮੇਵਾਰੀ ਨਾਲ ਐਲਾਨ ਕੀਤਾ ਕਿ ਜਿਸ ਦਿਨ ਮੌਜੂਦਾ ਵਿਰੋਧੀ ਦਲ ਨੇ ਵੰਦੇ ਮਾਤਰਮ ਨੂੰ ਟੁਕੜੇ ਕਰਨ ਅਤੇ ਛੋਟਾ ਕਰਨ ਦਾ ਫ਼ੈਸਲਾ ਕੀਤਾ, ਉਸ ਨੇ ਭਾਰਤ ਦੀ ਵੰਡ ਦੀ ਨੀਂਹ ਰੱਖ ਦਿੱਤੀ। ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਉਹ ਵੱਡੀ ਗ਼ਲਤੀ ਨਾ ਕੀਤੀ ਹੁੰਦੀ, ਤਾਂ ਅੱਜ ਭਾਰਤ ਦਾ ਅਕਸ ਬਹੁਤ ਵੱਖਰਾ ਹੁੰਦਾ।
ਸ਼੍ਰੀ ਮੋਦੀ ਨੇ ਕਿਹਾ ਕਿ ਤਤਕਾਲੀ ਸ਼ਾਸਕਾਂ ਦੀ ਮਾਨਸਿਕਤਾ ਕਾਰਨ ਦੇਸ਼ ਦਹਾਕਿਆਂ ਤੱਕ ਬਸਤੀਵਾਦੀ ਚਿੰਨ੍ਹਾਂ ਨੂੰ ਢੋਂਦਾ ਰਿਹਾ। ਉਨ੍ਹਾਂ ਨੇ ਯਾਦ ਕਰਵਾਇਆ ਕਿ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਭਾਰਤੀ ਜਲ ਸੈਨਾ ਦੇ ਝੰਡੇ ’ਚੋਂ ਬਸਤੀਵਾਦੀ ਸ਼ਾਸਨ ਦਾ ਪ੍ਰਤੀਕ ਚਿੰਨ੍ਹ ਹਟਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਬਦਲਾਅ ਦੇ ਤਹਿਤ ਰਾਜਪਥ ਦਾ ਨਾਮ ਬਦਲ ਕੇ ਕਰਤੱਵਯ ਪਥ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਕੁਰਬਾਨੀ ਦਾ ਸਥਾਨ ਅੰਡੇਮਾਨ ਵਿੱਚ ਮੌਜੂਦ ਸੈਲੂਲਰ ਜੇਲ੍ਹ ਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਮੋਰਾਰਜੀ ਦੇਸਾਈ ਦੀ ਸਰਕਾਰ ਦੇ ਕਾਰਜਕਾਲ ਵਿੱਚ ਹੀ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ,ਅੰਡੇਮਾਨ ਦੇ ਬਹੁਤ ਸਾਰੇ ਟਾਪੂਆਂ ਦੇ ਨਾਮ ਬ੍ਰਿਟਿਸ਼ ਸ਼ਖ਼ਸੀਅਤਾਂ ਦੇ ਨਾਮ 'ਤੇ ਸਨ। ਹੁਣ ਉਨ੍ਹਾਂ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ ਅਤੇ ਕਈ ਟਾਪੂਆਂ ਦੇ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖੇ ਗਏ ਹਨ, ਨਾਲ ਹੀ ਨਵੀਂ ਦਿੱਲੀ ਦੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਕਾਰਨ ਰਾਸ਼ਟਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਵੀ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਯੁੱਧ ਸਮਾਰਕ ਦੀ ਸਥਾਪਨਾ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਅਮਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਲਈ 36,000 ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਜਿਨ੍ਹਾਂ ਵਿੱਚ ਪੁਲਿਸ, ਬੀਐੱਸਐੱਫ, ਆਈਟੀਬੀਪੀ, ਸੀਆਈਐੱਸਐੱਫ, ਸੀਆਰਪੀਐੱਫ ਅਤੇ ਹੋਰ ਅਰਧ ਸੈਨਿਕ ਬਲਾਂ ਦੇ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਦੀ ਬਹਾਦਰੀ ਨੂੰ ਲੰਬੇ ਸਮੇਂ ਤੋਂ ਢੁਕਵਾਂ ਸਨਮਾਨ ਨਹੀਂ ਦਿੱਤਾ ਗਿਆ ਸੀ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹ ਉਨ੍ਹਾਂ ਦੀ ਸਰਕਾਰ ਹੀ ਹੈ ਜਿਸ ਨੇ ਉਨ੍ਹਾਂ ਸ਼ਹੀਦਾਂ ਦੇ ਸਨਮਾਨ ਵਿੱਚ ਪੁਲਿਸ ਸਮਾਰਕ ਦਾ ਨਿਰਮਾਣ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਹੁਣ ਬਸਤੀਵਾਦੀ ਮਾਨਸਿਕਤਾ ਦੇ ਹਰ ਪ੍ਰਤੀਕ ਨੂੰ ਹਟਾ ਰਿਹਾ ਹੈ ਅਤੇ ਰਾਸ਼ਟਰ ਲਈ ਕੁਰਬਾਨੀ ਦੇਣ ਵਾਲਿਆਂ ਦਾ ਸਨਮਾਨ ਕਰਕੇ "ਰਾਸ਼ਟਰ ਪਹਿਲਾਂ" ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ।

ਏਕਤਾ ਨੂੰ ਰਾਸ਼ਟਰ ਅਤੇ ਸਮਾਜ ਦੇ ਹੋਂਦ ਦਾ ਅਧਾਰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਸਮਾਜ ਵਿੱਚ ਏਕਤਾ ਬਣੀ ਰਹਿੰਦੀ ਹੈ, ਰਾਸ਼ਟਰ ਦੀ ਅਖੰਡਤਾ ਸੁਰੱਖਿਅਤ ਰਹਿੰਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਏਕਤਾ ਨੂੰ ਤੋੜਨ ਵਾਲੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਰਾਸ਼ਟਰੀ ਏਕਤਾ ਦੇ ਹਰ ਮੋਰਚੇ 'ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਏਕਤਾ ਦੇ ਚਾਰ ਬੁਨਿਆਦੀ ਥੰਮ੍ਹਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚੋਂ ਪਹਿਲਾ ਸਭਿਆਚਾਰਕ ਏਕਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਭਿਆਚਾਰ ਨੇ ਹਜ਼ਾਰਾਂ ਸਾਲਾਂ ਤੋਂ ਰਾਸ਼ਟਰ ਨੂੰ ਰਾਜਨੀਤਿਕ ਹਾਲਾਤਾਂ ਤੋਂ ਆਜ਼ਾਦ, ਇੱਕ ਏਕੀਕ੍ਰਿਤ ਇਕਾਈ ਦੇ ਰੂਪ ਵਿੱਚ ਜਿਊਂਦਾ ਰੱਖਿਆ ਹੈ। ਉਨ੍ਹਾਂ ਨੇ ਬਾਰਾਂ ਜਯੋਤਿਰਲਿੰਗਾਂ, ਸੱਤ ਪਵਿੱਤਰ ਨਗਰਾਂ, ਚਾਰ ਧਾਮਾਂ, ਪੰਜਾਹ ਤੋਂ ਵੱਧ ਸ਼ਕਤੀਪੀਠਾਂ ਅਤੇ ਤੀਰਥ ਯਾਤਰਾਵਾਂ ਦੀ ਰਵਾਇਤ ਨੂੰ ਉਹ ਜਾਨਦਾਰ ਊਰਜਾ ਦੱਸਿਆ ਜੋ ਭਾਰਤ ਨੂੰ ਇੱਕ ਜਾਗਰੂਕ ਅਤੇ ਜੀਵੰਤ ਰਾਸ਼ਟਰ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੌਰਾਸ਼ਟਰ ਤਮਿਲ ਸੰਗਮਮ ਅਤੇ ਕਾਸ਼ੀ ਤਮਿਲ ਸੰਗਮਮ ਵਰਗੇ ਆਯੋਜਨਾਂ ਰਾਹੀਂ ਇਸ ਰਵਾਇਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਰਾਹੀਂ ਭਾਰਤ ਦੇ ਡੂੰਘੇ ਯੋਗ ਵਿਗਿਆਨ ਨੂੰ ਨਵੀਂ ਵਿਸ਼ਵ-ਵਿਆਪੀ ਮਾਨਤਾ ਮਿਲ ਰਹੀ ਹੈ ਅਤੇ ਯੋਗ ਲੋਕਾਂ ਨੂੰ ਜੋੜਨ ਦਾ ਇੱਕ ਮਾਧਿਅਮ ਬਣ ਰਿਹਾ ਹੈ।
ਭਾਰਤ ਦੀ ਏਕਤਾ ਦੇ ਦੂਜੇ ਥੰਮ੍ਹ - ਭਾਸ਼ਾਈ ਏਕਤਾ ’ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸੈਂਕੜੇ ਭਾਸ਼ਾਵਾਂ ਅਤੇ ਬੋਲੀਆਂ ਰਾਸ਼ਟਰ ਦੀ ਖੁੱਲ੍ਹੀ ਅਤੇ ਰਚਨਾਤਮਕ ਮਾਨਸਿਕਤਾ ਦਾ ਪ੍ਰਤੀਬਿੰਬ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕਿਸੇ ਵੀ ਭਾਈਚਾਰੇ, ਸੱਤਾ ਜਾਂ ਸੰਪਰਦਾ ਨੇ ਕਦੇ ਵੀ ਭਾਸ਼ਾ ਨੂੰ ਹਥਿਆਰ ਨਹੀਂ ਬਣਾਇਆ ਹੈ ਜਾਂ ਕਿਸੇ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ’ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਭਾਰਤ ਭਾਸ਼ਾਈ ਵਖਰੇਵੇਂ ਦੇ ਮਾਮਲੇ ਵਿੱਚ ਸਭ ਤੋਂ ਖ਼ੁਸ਼ਹਾਲ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਭਾਸ਼ਾਵਾਂ ਦੀ ਤੁਲਨਾ ਸੰਗੀਤ ਦੇ ਸੁਰਾਂ ਨਾਲ ਕੀਤੀ ਜੋ ਦੇਸ਼ ਦੀ ਪਛਾਣ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਭਾਸ਼ਾ ਨੂੰ ਇੱਕ ਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ ਅਤੇ ਮਾਣ ਨਾਲ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਤਾਮਿਲ ਅਤੇ ਗਿਆਨ ਦਾ ਭੰਡਾਰ ਸੰਸਕ੍ਰਿਤ ਦਾ ਘਰ ਹੈ। ਉਨ੍ਹਾਂ ਨੇ ਹਰੇਕ ਭਾਰਤੀ ਭਾਸ਼ਾ ਦੇ ਵਿਲੱਖਣ ਸਾਹਿਤਕ ਅਤੇ ਸਭਿਆਚਾਰਕ ਦੌਲਤ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਸਰਕਾਰ ਉਨ੍ਹਾਂ ਸਾਰਿਆਂ ਨੂੰ ਸਰਗਰਮ ਰੂਪ ਨਾਲ ਹੁਲਾਰਾ ਦੇ ਰਹੀ ਹੈ। ਸ਼੍ਰੀ ਮੋਦੀ ਨੇ ਇੱਛਾ ਪ੍ਰਗਟ ਕੀਤੀ ਕਿ ਭਾਰਤ ਦੇ ਬੱਚੇ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਨ ਅਤੇ ਤਰੱਕੀ ਕਰਨ ਅਤੇ ਨਾਗਰਿਕ ਹੋਰ ਭਾਰਤੀ ਭਾਸ਼ਾਵਾਂ ਨੂੰ ਸਿੱਖਣ ਅਤੇ ਉਨ੍ਹਾਂ ਦਾ ਸਤਿਕਾਰ ਕਰਨ। ਉਨ੍ਹਾਂ ਨੇ ਕਿਹਾ ਕਿ ਭਾਸ਼ਾਵਾਂ ਨੂੰ ਏਕਤਾ ਦਾ ਧਾਗਾ ਬਣਨਾ ਚਾਹੀਦਾ ਹੈ ਅਤੇ ਇਹ ਇੱਕ ਦਿਨ ਦਾ ਕੰਮ ਨਹੀਂ ਬਲਕਿ ਇੱਕ ਲਗਾਤਾਰ ਯਤਨ ਹੈ, ਜਿਸ ਲਈ ਸਮੂਹਿਕ ਜ਼ਿੰਮੇਵਾਰੀ ਦੀ ਲੋੜ ਹੈ।
ਭਾਰਤ ਦੀ ਏਕਤਾ ਦੇ ਤੀਸਰੇ ਥੰਮ੍ਹ ਨੂੰ ਭੇਦਭਾਵ ਮੁਕਤ ਵਿਕਾਸ ਦੱਸਦੇ ਹੋਏ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਰੀਬੀ ਅਤੇ ਗੈਰ-ਬਰਾਬਰੀ ਸਮਾਜਿਕ ਤਾਣੇ-ਬਾਣੇ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਦਾ ਅਕਸਰ ਦੇਸ਼ ਦੇ ਵਿਰੋਧੀਆਂ ਵੱਲੋਂ ਫ਼ਾਇਦਾ ਚੁੱਕਿਆ ਗਿਆ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸਰਦਾਰ ਪਟੇਲ ਗ਼ਰੀਬੀ ਨਾਲ ਨਜਿੱਠਣ ਲਈ ਇੱਕ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੇ ਇੱਛੁਕ ਸਨ। ਸਰਦਾਰ ਪਟੇਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਨੂੰ 1947 ਤੋਂ ਦਸ ਸਾਲ ਪਹਿਲਾਂ ਆਜ਼ਾਦੀ ਮਿਲ ਜਾਂਦੀ ਤਾਂ ਦੇਸ਼ ਉਸ ਸਮੇਂ ਤੱਕ ਅਨਾਜ ਸੰਕਟ ਤੋਂ ਉੱਭਰ ਚੁੱਕਿਆ ਹੁੰਦਾ। ਸਰਦਾਰ ਪਟੇਲ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਰਿਆਸਤਾਂ ਦੇ ਏਕੀਕਰਨ ਦੀ ਚੁਣੌਤੀ ਦਾ ਹੱਲ ਕੀਤਾ, ਉਸੇ ਤਰ੍ਹਾਂ ਉਹ ਅਨਾਜ ਸੰਕਟ ਨਾਲ ਵੀ ਉਸੇ ਦ੍ਰਿੜ੍ਹਤਾ ਨਾਲ ਨਜਿੱਠ ਲੈਂਦੇ। ਸ਼੍ਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਦ੍ਰਿੜ੍ਹ ਸੰਕਲਪ ਅਜਿਹਾ ਹੀ ਸੀ ਅਤੇ ਅੱਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਇਹੀ ਭਾਵਨਾ ਦੀ ਲੋੜ ਹੈ। ਉਨ੍ਹਾਂ ਨੇ ਮਾਣ ਪ੍ਰਗਟ ਕੀਤਾ ਕਿ ਸਰਕਾਰ ਸਰਦਾਰ ਪਟੇਲ ਦੀਆਂ ਅਧੂਰੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਨਾਗਰਿਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਲੱਖਾਂ ਗ਼ਰੀਬ ਪਰਿਵਾਰਾਂ ਨੂੰ ਘਰ ਮਿਲ ਰਹੇ ਹਨ, ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚ ਰਿਹਾ ਹੈ ਅਤੇ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਨਾਗਰਿਕ ਲਈ ਸਨਮਾਨਜਨਕ ਜ਼ਿੰਦਗੀ ਯਕੀਨੀ ਬਣਾਉਣਾ ਰਾਸ਼ਟਰ ਦਾ ਮਿਸ਼ਨ ਅਤੇ ਵਿਜ਼ਨ ਦੋਵੇਂ ਹਨ। ਭੇਦਭਾਵ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਇਹ ਨੀਤੀਆਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰ ਰਹੀਆਂ ਹਨ।

ਰਾਸ਼ਟਰੀ ਏਕਤਾ ਦੇ ਚੌਥੇ ਥੰਮ੍ਹ – ਕਨੈਕਟੀਵਿਟੀ ਰਾਹੀਂ ਦਿਲਾਂ ਨੂੰ ਜੋੜਨਾ - ਨੂੰ ਉਜਾਗਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਰਿਕਾਰਡ ਗਿਣਤੀ ਵਿੱਚ ਹਾਈਵੇਅ ਅਤੇ ਐਕਸਪ੍ਰੈੱਸਵੇਅ ਬਣਾਏ ਜਾ ਰਹੇ ਹਨ। ਵੰਦੇ ਭਾਰਤ ਅਤੇ ਨਮੋ ਭਾਰਤ ਵਰਗੀਆਂ ਰੇਲਗੱਡੀਆਂ ਭਾਰਤੀ ਰੇਲਵੇ ਵਿੱਚ ਬਦਲਾਅ ਲਿਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਛੋਟੇ ਸ਼ਹਿਰ ਵੀ ਹੁਣ ਹਵਾਈ ਅੱਡੇ ਦੀਆਂ ਸਹੂਲਤਾਂ ਤੱਕ ਪਹੁੰਚ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਆਧੁਨਿਕ ਬੁਨਿਆਦੀ ਢਾਂਚੇ ਨੇ ਨਾ ਸਿਰਫ਼ ਭਾਰਤ ਪ੍ਰਤੀ ਦੁਨੀਆ ਦੀ ਧਾਰਨਾ ਨੂੰ ਬਦਲ ਦਿੱਤੀ ਹੈ, ਬਲਕਿ ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ ਵਿਚਕਾਰ ਦੂਰੀਆਂ ਵੀ ਘੱਟ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਸੈਰ-ਸਪਾਟਾ ਅਤੇ ਕਾਰੋਬਾਰ ਕਰਨ ਲਈ ਸੌਖ ਨਾਲ ਸੂਬਿਆਂ ਦੇ ਵਿੱਚ ਯਾਤਰਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੇ ਵਿੱਚ ਜੁੜਾਅ ਅਤੇ ਸਭਿਆਚਾਰਕ ਅਦਾਨ-ਪ੍ਰਦਾਨ ਦੇ ਇੱਕ ਨਵੇਂ ਯੁੱਗ ਦਾ ਪ੍ਰਤੀਕ ਹੈ, ਜੋ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਵੀ ਲੋਕਾਂ ਦੇ ਵਿੱਚ ਜੁੜਾਅ ਨੂੰ ਹੋਰ ਮਜ਼ਬੂਤ ਕਰ ਰਹੀ ਹੈ।
ਸਰਦਾਰ ਪਟੇਲ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਖ਼ੁਸ਼ੀ ਰਾਸ਼ਟਰ ਦੀ ਸੇਵਾ ਕਰਨ ਵਿੱਚ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਇਸੇ ਭਾਵਨਾ ਨੂੰ ਦੁਹਰਾਇਆ ਅਤੇ ਹਰੇਕ ਨਾਗਰਿਕ ਨੂੰ ਇਸੇ ਭਾਵਨਾ ਨੂੰ ਅਪਨਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਲਈ ਕੰਮ ਕਰਨ ਤੋਂ ਵੱਡਾ ਕੋਈ ਸੁੱਖ ਨਹੀਂ ਹੈ ਅਤੇ ਮਾਂ ਭਾਰਤੀ ਪ੍ਰਤੀ ਸਮਰਪਣ ਹਰੇਕ ਭਾਰਤੀ ਲਈ ਸਰਬਉੱਚ ਪੂਜਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ 140 ਕਰੋੜ ਭਾਰਤੀ ਇਕੱਠੇ ਖੜ੍ਹੇ ਹੁੰਦੇ ਹਨ ਤਾਂ ਪਹਾੜ ਵੀ ਰਾਹ ਦੇ ਦਿੰਦੇ ਹਨ, ਅਤੇ ਜਦੋਂ ਉਹ ਇੱਕ ਆਵਾਜ਼ ਵਿੱਚ ਬੋਲਦੇ ਹਨ ਤਾਂ ਉਨ੍ਹਾਂ ਦੇ ਸ਼ਬਦ ਭਾਰਤ ਦੀ ਸਫ਼ਲਤਾ ਦਾ ਜਾਪ ਬਣ ਜਾਂਦੇ ਹਨ। ਉਨ੍ਹਾਂ ਨੇ ਰਾਸ਼ਟਰ ਨੂੰ ਏਕਤਾ ਨੂੰ ਇੱਕ ਦ੍ਰਿੜ੍ਹ ਸੰਕਲਪ ਵਜੋਂ ਅਪਣਾਉਣ, ਅਟੁੱਟ ਅਤੇ ਅਟੱਲ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ। ਭਰੋਸਾ ਪ੍ਰਗਟ ਕਰਨ ਦੇ ਨਾਲ ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਇੱਕਜੁੱਟ ਹੋ ਕੇ, ਰਾਸ਼ਟਰ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਸੰਕਲਪ ਨੂੰ ਮਜ਼ਬੂਤ ਕਰੇਗਾ ਅਤੇ ਇੱਕ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰੇਗਾ। ਇਸੇ ਭਾਵਨਾ ਦੇ ਨਾਲ ਉਨ੍ਹਾਂ ਨੇ ਇੱਕ ਵਾਰ ਫਿਰ ਸਰਦਾਰ ਪਟੇਲ ਦੇ ਚਰਨਾਂ ਵਿੱਚ ਸ਼ਰਧਾਂਜਲੀ ਭੇਟ ਕੀਤੀ।

ਪਿਛੋਕੜ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ ਆਪਣਾ ਸੰਬੋਧਨ ਦਿੱਤਾ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਏਕਤਾ ਦਿਵਸ ਦੀ ਸਹੁੰ ਵੀ ਚੁਕਾਈ ਅਤੇ ਏਕਤਾ ਦਿਵਸ ਪਰੇਡ ਦੇਖੀ।
ਪਰੇਡ ਵਿੱਚ ਬੀਐੱਸਐੱਫ, ਸੀਆਰਪੀਐੱਫ, ਸੀਆਈਐੱਸਐੱਫ, ਆਈਟੀਬੀਪੀ ਅਤੇ ਐੱਸਐੱਸਬੀ ਦੇ ਨਾਲ-ਨਾਲ ਵੱਖ-ਵੱਖ ਸੂਬਾ ਪੁਲਿਸ ਬਲਾਂ ਦੀਆਂ ਟੁਕੜੀਆਂ ਸ਼ਾਮਿਲ ਸਨ। ਇਸ ਸਾਲ ਦੇ ਮੁੱਖ ਖਿੱਚ ਦੇ ਕੇਂਦਰਾਂ ਵਿੱਚ ਰਾਮਪੁਰ ਹਾਉਂਡਸ ਅਤੇ ਮੁਧੋਲ ਹਾਉਂਡਸ ਵਰਗੇ ਖ਼ਾਸ ਤੌਰ ’ਤੇ ਭਾਰਤੀ ਨਸਲ ਦੇ ਕੁੱਤਿਆਂ ਨਾਲ ਬੀਐੱਸਐੱਫ ਦਾ ਮਾਰਚਿੰਗ ਦਸਤਾ, ਗੁਜਰਾਤ ਪੁਲਿਸ ਦਾ ਘੋੜਸਵਾਰ ਦਸਤਾ, ਅਸਾਮ ਪੁਲਿਸ ਦਾ ਮੋਟਰਸਾਈਕਲ ਡੇਅਰਡੇਵਿਲ ਸ਼ੋਅ, ਅਤੇ ਬੀਐੱਸਐੱਫ ਦਾ ਉੱਠ ਦਸਤਾ ਅਤੇ ਉੱਠ ਸਵਾਰ ਬੈਂਡ ਸ਼ਾਮਿਲ ਸਨ।

ਪਰੇਡ ਵਿੱਚ ਸੀਆਰਪੀਐੱਫ ਦੇ ਪੰਜ ਸ਼ੌਰਿਆ ਚੱਕਰ ਜੇਤੂਆਂ ਅਤੇ ਬੀਐੱਸਐੱਫ ਦੇ ਸੋਲ੍ਹਾਂ ਬਹਾਦਰੀ ਤਗਮੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਝਾਰਖੰਡ ਵਿੱਚ ਨਕਸਲ ਵਿਰੋਧੀ ਮੁਹਿੰਮਾਂ ਅਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਵਿਲੱਖਣ ਹਿੰਮਤ ਤੋਂ ਜਾਣੂ ਕਰਵਾਇਆ। ਆਪ੍ਰੇਸ਼ਨ ਸਿੰਧੂਰ ਦੌਰਾਨ ਬੀਐੱਸਐੱਫ ਦੇ ਜਵਾਨਾਂ ਦੀ ਬਹਾਦਰੀ ਲਈ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਾਲ ਦੀ ਰਾਸ਼ਟਰੀ ਏਕਤਾ ਦਿਵਸ ਪਰੇਡ ਵਿੱਚ ਐੱਨਐੱਸਜੀ, ਐੱਨਡੀਆਰਐੱਫ, ਗੁਜਰਾਤ, ਜੰਮੂ-ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ, ਮਣੀਪੁਰ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰਾਖੰਡ ਅਤੇ ਪੁਡੁਚੇਰੀ ਦੀਆਂ ਦਸ ਝਾਕੀਆਂ ਸ਼ਾਮਿਲ ਸਨ, ਜਿਨ੍ਹਾਂ ਦਾ ਵਿਸ਼ਾ ਸੀ "ਅਨੇਕਤਾ ਵਿੱਚ ਏਕਤਾ"। 900 ਕਲਾਕਾਰਾਂ ਵੱਲੋਂ ਪੇਸ਼ ਕੀਤੇ ਇੱਕ ਸਭਿਆਚਾਰਕ ਸਮਾਗਮ ਵਿੱਚ ਭਾਰਤੀ ਸਭਿਆਚਾਰ ਦੀ ਅਮੀਰੀ ਅਤੇ ਵਿਭਿੰਨਤਾ ਨੂੰ ਦਰਸਾਉਂਦੇ ਹੋਏ ਭਾਰਤ ਦੇ ਸ਼ਾਸਤਰੀ ਨਾਚ ਪੇਸ਼ ਕੀਤੇ ਗਏ। ਇਸ ਸਾਲ ਦੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਦਾ ਖ਼ਾਸ ਮਹੱਤਵ ਹੈ ਕਿਉਂਕਿ ਰਾਸ਼ਟਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ 'ਆਰੰਭ 7.0' ਦੀ ਸਮਾਪਤੀ 'ਤੇ 100ਵੇਂ ਫਾਊਂਡੇਸ਼ਨ ਕੋਰਸ ਦੇ ਸਿਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। 'ਆਰੰਭ' ਦਾ ਸੱਤਵਾਂ ਐਡੀਸ਼ਨ "ਸ਼ਾਸਨ ਦੀ ਮੁੜ ਕਲਪਨਾ" ਵਿਸ਼ੇ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ 100ਵੇਂ ਫਾਊਂਡੇਸ਼ਨ ਕੋਰਸ ਵਿੱਚ ਭਾਰਤ ਦੀਆਂ 16 ਸਿਵਲ ਸੇਵਾਵਾਂ ਅਤੇ ਭੂਟਾਨ ਦੀਆਂ 3 ਸਿਵਲ ਸੇਵਾਵਾਂ ਦੇ 660 ਸਿਖਿਆਰਥੀ ਅਧਿਕਾਰੀ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
After Independence, Sardar Patel accomplished the seemingly impossible task of uniting over 550 princely states.
— PMO India (@PMOIndia) October 31, 2025
For him, the vision of 'Ek Bharat, Shreshtha Bharat' was paramount. pic.twitter.com/XtVc21rO68
Every thought or action that weakens the unity of our nation must be shunned by every citizen.
— PMO India (@PMOIndia) October 31, 2025
This is the need of the hour for our country. pic.twitter.com/S7UZcrFOQb
This is Iron Man Sardar Patel's India.
— PMO India (@PMOIndia) October 31, 2025
It will never compromise on its security or its self-respect. pic.twitter.com/duZFVrI4gJ
Since 2014, our government has dealt a decisive and powerful blow to Naxalism and Maoist terrorism. pic.twitter.com/g2jE7k7pRI
— PMO India (@PMOIndia) October 31, 2025
On Rashtriya Ekta Diwas, our resolve is to remove every infiltrator living in India. pic.twitter.com/W1xYHD9yS9
— PMO India (@PMOIndia) October 31, 2025
Today, the nation is removing every trace of a colonial mindset. pic.twitter.com/zxKL9avri6
— PMO India (@PMOIndia) October 31, 2025
By honouring those who sacrificed their lives for the nation, we are strengthening the spirit of 'Nation First'. pic.twitter.com/CsUFSiiU5l
— PMO India (@PMOIndia) October 31, 2025
To achieve the goal of a Viksit Bharat, we must thwart every conspiracy that seeks to undermine the unity of the nation. pic.twitter.com/fkAB15B8Cu
— PMO India (@PMOIndia) October 31, 2025
The four pillars of India's unity:
— PMO India (@PMOIndia) October 31, 2025
Cultural unity
Linguistic unity
Inclusive development
Connection of hearts through connectivity pic.twitter.com/Yaunu2NBvM
The devotion to Maa Bharti is the highest form of worship for every Indian. pic.twitter.com/FprujcDtIl
— PMO India (@PMOIndia) October 31, 2025


