ਮੈਂ ਕਹਾਂਗਾ ਸਰਦਾਰ ਪਟੇਲ, ਤੁਸੀਂ ਸਾਰੇ ਕਹੋਗੇ ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ - ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ - ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ - ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ ਦੀ 150ਵੀਂ ਜਯੰਤੀ ਦਾ ਇਤਿਹਾਸਕ ਮੌਕਾ ਏਕਤਾਨਗਰ ਦੀ ਇਹ ਰੂਹਾਨੀ ਸਵੇਰ, ਇਹ ਖ਼ੂਬਸੂਰਤ ਦ੍ਰਿਸ਼, ਸਰਦਾਰ ਸਾਹਿਬ ਦੇ ਚਰਨਾਂ ਵਿੱਚ ਸਾਡੀ ਮੌਜੂਦਗੀ, ਅੱਜ ਅਸੀਂ ਸਾਰੇ ਇੱਕ ਮਹਾਨ ਪਲ ਦੇ ਗਵਾਹ ਬਣ ਰਹੇ ਹਾਂ। ਦੇਸ਼ ਭਰ ਵਿੱਚ ਹੋ ਰਹੀ ਏਕਤਾ ਦੌੜ, ਰਨ ਫਾਰ ਯੂਨਿਟੀ, ਕੋਟਿ-ਕੋਟਿ ਭਾਰਤੀਆਂ ਦਾ ਉਤਸ਼ਾਹ, ਅਸੀਂ ਨਵੇਂ ਭਾਰਤ ਦੀ ਸੰਕਲਪ ਸ਼ਕਤੀ ਨੂੰ, ਵਿਅਕਤੀਗਤ ਤੌਰ 'ਤੇ ਮਹਿਸੂਸ ਕਰ ਰਹੇ ਹਾਂ। ਇੱਥੇ ਹੁਣ ਜੋ ਸਮਾਗਮ ਹੋਇਆ, ਕੱਲ੍ਹ ਸ਼ਾਮ ਜੋ ਅਦਭੁਤ ਪੇਸ਼ਕਾਰੀ ਹੋਈ, ਉਨ੍ਹਾਂ ਵਿੱਚ ਵੀ, ਅਤੀਤ ਦੀ ਰਵਾਇਤ ਸੀ, ਵਰਤਮਾਨ ਦੀ ਮਿਹਨਤ ਅਤੇ ਬਹਾਦਰੀ ਸੀ ਅਤੇ ਭਵਿੱਖ ਦੀ ਸਿੱਧੀ ਦੀ ਝਲਕ ਵੀ ਸੀ। ਸਰਦਾਰ ਸਾਹਿਬ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਯਾਦਗਾਰੀ ਸਿੱਕਾ ਅਤੇ ਖ਼ਾਸ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ। ਮੈਂ ਸਾਰੇ 140 ਕਰੋੜ ਦੇਸ਼ ਵਾਸੀਆਂ ਨੂੰ, ਸਰਦਾਰ ਸਾਹਿਬ ਦੀ ਜਯੰਤੀ ਦੀ, ਰਾਸ਼ਟਰੀ ਏਕਤਾ ਦਿਵਸ ਦੀ, ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,
ਸਰਦਾਰ ਪਟੇਲ ਮੰਨਦੇ ਸਨ ਕਿ ਇਤਿਹਾਸ ਲਿਖਣ ਵਿੱਚ ਸਮਾਂ ਨਹੀਂ ਗਵਾਉਣਾ ਚਾਹੀਦਾ, ਸਾਨੂੰ ਤਾਂ ਇਤਿਹਾਸ ਬਣਾਉਣ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਇਹ ਭਾਵਨਾ, ਸਾਨੂੰ ਉਨ੍ਹਾਂ ਦੀ ਜੀਵਨ-ਗਾਥਾ ਵਿੱਚ ਦਿਖਾਈ ਦਿੰਦੀ ਹੈ। ਸਰਦਾਰ ਸਾਹਿਬ ਨੇ ਜੋ ਨੀਤੀਆਂ ਬਣਾਈਆਂ, ਜੋ ਫ਼ੈਸਲੇ ਲਏ, ਉਨ੍ਹਾਂ ਨੇ ਨਵਾਂ ਇਤਿਹਾਸ ਰਚਿਆ, ਨਵਾਂ ਇਤਿਹਾਸ ਬਣਾਇਆ। ਆਜ਼ਾਦੀ ਤੋਂ ਬਾਅਦ 550 ਤੋਂ ਜ਼ਿਆਦਾ ਰਿਆਸਤਾਂ ਨੂੰ ਇਕੱਠਾ ਕਰਨ ਦੇ ਅਸੰਭਵ ਕੰਮ ਨੂੰ ਉਨ੍ਹਾਂ ਨੇ ਸੰਭਵ ਕਰਕੇ ਦਿਖਾ ਦਿੱਤਾ। ਏਕ ਭਾਰਤ-ਸ੍ਰੇਸ਼ਠ ਭਾਰਤ ਦਾ ਵਿਚਾਰ ਉਨ੍ਹਾਂ ਦੇ ਲਈ ਸਭ ਤੋਂ ਉੱਪਰ ਸੀ। ਇਸ ਲਈ, ਅੱਜ ਸਰਦਾਰ ਪਟੇਲ ਦੀ ਜਯੰਤੀ ਦਾ ਦਿਨ, ਸੁਭਾਵਿਕ ਰੂਪ ਨਾਲ ਰਾਸ਼ਟਰੀ ਏਕਤਾ ਦਾ ਤਿਉਹਾਰ ਬਣ ਗਿਆ ਹੈ। ਜਿਸ ਤਰ੍ਹਾਂ ਅਸੀਂ 140 ਕਰੋੜ ਦੇਸ਼ਵਾਸੀ,15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ,26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਾਂ, ਉਵੇਂ ਹੀ ਏਕਤਾ ਦਿਵਸ ਦਾ ਮਹੱਤਵ ਸਾਡੇ ਲਈ ਪ੍ਰੇਰਨਾ ਦਾ ਪਲ ਹੈ, ਮਾਣ ਦਾ ਪਲ ਹੈ। ਅੱਜ ਕਰੋੜਾਂ ਲੋਕਾਂ ਨੇ ਏਕਤਾ ਦੀ ਸਹੁੰ ਚੁੱਕੀ ਹੈ, ਅਸੀਂ ਸੰਕਲਪ ਲਿਆ ਹੈ ਕਿ ਅਸੀਂ ਅਜਿਹੇ ਕੰਮਾਂ ਨੂੰ ਹੁਲਾਰਾ ਦੇਵਾਂਗੇ, ਜੋ ਦੇਸ਼ ਦੀ ਏਕਤਾ ਨੂੰ ਮਜ਼ਬੂਤੀ ਦੇਣ। ਇੱਥੇ ਏਕਤਾ ਨਗਰ ਵਿੱਚ ਹੀ ਏਕਤਾ ਮਾਲ, ਏਕਤਾ ਗਾਰਡਨ ਵਿੱਚ ਏਕਤਾ ਦੇ ਧਾਗੇ ਨੂੰ ਮਜ਼ਬੂਤ ਹੁੰਦਾ ਦੇਖਿਆ ਜਾ ਰਿਹਾ ਹੈ।
ਸਾਥੀਓ,
ਹਰ ਅਜਿਹੀ ਗੱਲ, ਜੋ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦੀ ਹੈ, ਹਰ ਦੇਸ਼ਵਾਸੀ ਨੇ ਉਸ ਤੋਂ ਦੂਰ ਰਹਿਣਾ ਹੈ। ਇਹ ਰਾਸ਼ਟਰੀ ਫ਼ਰਜ਼ ਹੈ, ਇਹ ਸਰਦਾਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ। ਇਹੀ ਅੱਜ ਦੇਸ਼ ਦੀ ਜ਼ਰੂਰਤ ਹੈ, ਇਹੀ ਅੱਜ ਏਕਤਾ ਦਿਵਸ ਦਾ ਹਰ ਭਾਰਤੀ ਦੇ ਲਈ ਸੁਨੇਹਾ ਵੀ ਹੈ, ਸੰਕਲਪ ਵੀ ਹੈ।
ਸਾਥੀਓ,
ਸਰਦਾਰ ਸਾਹਿਬ ਨੇ ਦੇਸ਼ ਦੀ ਪ੍ਰਭੂਸੱਤਾ ਨੂੰ ਸਭ ਤੋਂ ਉੱਪਰ ਰੱਖਿਆ, ਪਰ ਬਦਕਿਸਮਤੀ ਨਾਲ, ਸਰਦਾਰ ਸਾਹਿਬ ਦੀ ਮੌਤ ਤੋਂ ਬਾਅਦ ਦੇ ਸਾਲਾਂ ਵਿੱਚ, ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਓਦੋਂ ਦੀਆਂ ਸਰਕਾਰਾਂ ਵਿੱਚ ਓਨੀ ਗੰਭੀਰਤਾ ਨਹੀਂ ਰਹੀ। ਇੱਕ ਪਾਸੇ ਕਸ਼ਮੀਰ ਵਿੱਚ ਹੋਈਆਂ ਗ਼ਲਤੀਆਂ, ਦੂਸਰੇ ਪਾਸੇ ਪੂਰਬ-ਉੱਤਰ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਦੇਸ਼ ਭਰ ਵਿੱਚ ਜਗ੍ਹਾ-ਜਗ੍ਹਾ ‘ਤੇ ਫੈਲੀ ਨਕਸਲਵਾਦ-ਮਾਓਵਾਦੀ ਦਹਿਸ਼ਤ, ਇਹ ਦੇਸ਼ ਦੀ ਪ੍ਰਭੂਸੱਤਾ ਨੂੰ ਸਿੱਧੀਆਂ ਚੁਣੌਤੀਆਂ ਸਨ। ਪਰ ਉਸ ਦੌਰ ਦੀਆਂ ਸਰਕਾਰਾਂ ਨੇ, ਸਰਦਾਰ ਸਾਹਿਬ ਦੀਆਂ ਨੀਤੀਆਂ 'ਤੇ ਚੱਲਣ ਦੀ ਜਗ੍ਹਾ, ਬਿਨਾਂ ਰੀੜ੍ਹ ਦੀ ਹੱਡੀ ਵਾਲੇ ਰਵੱਈਏ ਨੂੰ ਚੁਣਿਆ। ਇਸ ਦਾ ਨਤੀਜਾ ਦੇਸ਼ ਨੇ ਹਿੰਸਾ ਅਤੇ ਖੂਨ-ਖ਼ਰਾਬੇ ਦੇ ਰੂਪ ਵਿੱਚ ਝੱਲਿਆ।
ਸਾਥੀਓ,
ਅੱਜ ਦੀ ਨੌਜਵਾਨ ਪੀੜ੍ਹੀ ਵਿੱਚ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ, ਸਰਦਾਰ ਸਾਹਿਬ ਚਾਹੁੰਦੇ ਸਨ, ਜਿਵੇਂ ਉਨ੍ਹਾਂ ਨੇ ਬਾਕੀ ਰਿਆਸਤਾਂ ਨੂੰ ਭਾਰਤ ਵਿੱਚ ਮਿਲਾਇਆ, ਉਵੇਂ ਹੀ ਪੂਰੇ ਕਸ਼ਮੀਰ ਦਾ ਮਿਲਾਪ ਹੋਵੇ। ਪਰ, ਨਹਿਰੂ ਜੀ ਨੇ ਉਨ੍ਹਾਂ ਦੀ ਉਹ ਇੱਛਾ ਪੂਰੀ ਨਹੀਂ ਹੋਣ ਦਿੱਤੀ। ਕਸ਼ਮੀਰ ਨੂੰ ਵੱਖਰੇ ਸੰਵਿਧਾਨ ਅਤੇ ਵੱਖਰੇ ਨਿਸ਼ਾਨ ਨਾਲ ਵੰਡ ਦਿੱਤਾ ਗਿਆ!

ਸਾਥੀਓ,
ਕਸ਼ਮੀਰ ’ਤੇ ਕਾਂਗਰਸ ਨੇ ਜੋ ਗ਼ਲਤੀ ਕੀਤੀ ਸੀ, ਉਸ ਦੀ ਅੱਗ ਵਿੱਚ ਦੇਸ਼ ਦਹਾਕਿਆਂ ਤੱਕ ਝੁਲਸਿਆ, ਕਾਂਗਰਸ ਦੀਆਂ ਲੱਚਰ ਨੀਤੀਆਂ ਦੇ ਕਾਰਨ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਆ ਗਿਆ, ਪਾਕਿਸਤਾਨ ਨੇ ਅੱਤਵਾਦ ਨੂੰ ਹਵਾ ਦਿੱਤੀ State sponsored terrorism.
ਸਾਥੀਓ,
ਕਸ਼ਮੀਰ ਅਤੇ ਦੇਸ਼ ਨੂੰ ਇੰਨੀ ਵੱਡੀ ਕੀਮਤ ਝੱਲਣੀ ਪਈ। ਪਰ, ਫਿਰ ਵੀ ਕਾਂਗਰਸ ਹਮੇਸ਼ਾ ਅੱਤਵਾਦ ਦੇ ਅੱਗੇ ਝੁਕਦੀ ਰਹੀ।
ਸਾਥੀਓ,
ਕਾਂਗਰਸ ਨੇ ਸਰਦਾਰ ਸਾਹਿਬ ਦੇ ਵਿਜ਼ਨ ਨੂੰ ਭੁਲਾ ਦਿੱਤਾ, ਪਰ ਅਸੀਂ ਨਹੀਂ ਭੁੱਲੇ। 2014 ਤੋਂ ਬਾਅਦ ਦੇਸ਼ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਪ੍ਰੇਰਨਾ ਨਾਲ ਭਰੀ ਫੌਲਾਦੀ ਇੱਛਾ-ਸ਼ਕਤੀ ਨੂੰ ਦੇਖਿਆ ਹੈ। ਅੱਜ ਕਸ਼ਮੀਰ ਆਰਟੀਕਲ-370ਦੇ ਸੰਗਲਾਂ ਨੂੰ ਤੋੜ ਕੇ ਪੂਰੀ ਤਰ੍ਹਾਂ ਮੁੱਖਧਾਰਾ ਨਾਲ ਜੁੜ ਚੁੱਕਿਆ ਹੈ। ਅੱਜ ਪਾਕਿਸਤਾਨ ਅਤੇ ਅੱਤਵਾਦ ਦੇ ਆਕਾਵਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਭਾਰਤ ਦੀ ਅਸਲੀ ਤਾਕਤ ਕੀ ਹੈ! ਆਪਰੇਸ਼ਨ ਸਿੰਧੂਰ ਵਿੱਚ ਪੂਰੀ ਦੁਨੀਆਂ ਨੇ ਦੇਖਿਆ ਹੈ, ਅੱਜ ਜੇਕਰ ਕੋਈ ਭਾਰਤ ਵੱਲ ਅੱਖ ਚੁੱਕਦਾ ਹੈ ਤਾਂ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਹਰ ਬਾਰ ਭਾਰਤ ਦਾ ਜਵਾਬ ਪਹਿਲਾਂ ਤੋਂ ਵੱਡਾ ਹੁੰਦਾ ਹੈ, ਪਹਿਲਾਂ ਤੋਂ ਜ਼ਿਆਦਾ ਫ਼ੈਸਲਾਕੁਨ ਹੁੰਦਾ ਹੈ। ਇਹ ਭਾਰਤ ਦੇ ਦੁਸ਼ਮਣਾਂ ਲਈ ਇੱਕ ਸੁਨੇਹਾ ਵੀ ਹੈ, ਇਹ ਲੋਹਪੁਰਸ਼ ਸਰਦਾਰ ਪਟੇਲ ਦਾ ਭਾਰਤ ਹੈ, ਇਹ ਆਪਣੀ ਸੁਰੱਖਿਆ ਅਤੇ ਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ ਹੈ।
ਸਾਥੀਓ,
ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਸਭ ਤੋਂ ਵੱਡੀ ਸਫ਼ਲਤਾ ਹੈ –ਨਕਸਲਵਾਦ-ਮਾਓਵਾਦੀ ਦਹਿਸ਼ਤ ਦਾ ਲੱਕ ਤੋੜਨਾ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹਾਲਤ ਅਜਿਹੀ ਸੀ ਕਿ ਦੇਸ਼ ਦੇ ਅੰਦਰ, ਦੇਸ਼ ਦੇ ਵਿੱਚੋਂ-ਵਿੱਚ ਨਕਸਲੀ-ਮਾਓਵਾਦੀ ਆਪਣੀ ਹਕੂਮਤ ਚਲਾਉਂਦੇ ਸਨ। ਨਕਸਲੀ ਖੇਤਰਾਂ ਵਿੱਚ ਦੇਸ਼ ਦਾ ਸੰਵਿਧਾਨ ਨਹੀਂ ਚਲਦਾ ਸੀ। ਪੁਲਿਸ ਪ੍ਰਸ਼ਾਸਨ ਉੱਥੇ ਕੰਮ ਨਹੀਂ ਕਰ ਪਾਉਂਦਾ ਸੀ। ਨਕਸਲੀ ਖੁੱਲ੍ਹੇਆਮ ਨਵੇਂ-ਨਵੇਂ ਫ਼ਰਮਾਨ ਜਾਰੀ ਕਰਦੇ ਸਨ। ਸੜਕਾਂ ਨਹੀਂ ਬਣਨ ਦਿੰਦੇ ਸਨ। ਸਕੂਲ, ਕਾਲਜ ਅਤੇ ਹਸਪਤਾਲਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਂਦਾ ਸੀ। ਅਤੇ ਸ਼ਾਸਨ-ਪ੍ਰਸ਼ਾਸਨ ਉਨ੍ਹਾਂ ਦੇ ਅੱਗੇ ਬੇਵੱਸ ਨਜ਼ਰ ਆਉਂਦਾ ਸੀ।
ਸਾਥੀਓ,
2014 ਤੋਂ ਬਾਅਦ ਸਾਡੀ ਸਰਕਾਰ ਨੇ ਨਕਸਲਵਾਦ-ਮਾਓਵਾਦੀ ਦਹਿਸ਼ਤ ’ਤੇ ਤਾਕਤਵਰ ਹਮਲਾ ਕੀਤਾ। ਅਸੀਂ ਸ਼ਹਿਰਾਂ ਵਿੱਚ ਬੈਠੇ ਅਰਬਨ ਨਕਸਲੀਆਂ ਦੇ ਸਮਰਥਕਾਂ, ਅਰਬਨ ਨਕਸਲੀਆਂ ਨੂੰ ਵੀ ਖੂੰਜੇ ਲਗਾਇਆ, ਅਸੀਂ ਵਿਚਾਰਧਾਰਕ ਲੜਾਈ ਵੀ ਜਿੱਤੀ ਅਤੇ ਨਕਸਲੀਆਂ ਦੇ ਗੜ੍ਹ ਵਿੱਚ ਜਾ ਕੇ ਉਨ੍ਹਾਂ ਤੋਂ ਮੋਰਚਾ ਲਿਆ, ਇਸ ਦਾ ਨਤੀਜਾ ਅੱਜ ਦੇਸ਼ ਦੇ ਸਾਹਮਣੇ ਹੈ। 2014 ਤੋਂ ਪਹਿਲਾਂ ਦੇਸ਼ ਦੇ ਕਰੀਬ 125 ਜ਼ਿਲ੍ਹੇ ਮਾਓਵਾਦੀ ਦਹਿਸ਼ਤ ਦੀ ਜਕੜ ਵਿੱਚ ਸੀ। ਅੱਜ ਇਹ ਗਿਣਤੀ ਸਿਰਫ਼ 11 ਰਹਿ ਗਈ ਹੈ। ਅਤੇ ਉਸ ਵਿੱਚ ਵੀ ਸਿਰਫ਼ ਤਿੰਨ ਜ਼ਿਲ੍ਹਿਆਂ ਵਿੱਚ ਹੀ ਨਕਸਲਵਾਦ ਹਾਲੇ ਵੀ ਕੁਝ ਗੰਭੀਰ ਰੂਪ ਨਾਲ ਹਾਵੀ ਹੈ। ਅਤੇ ਅੱਜ ਮੈਂ ਸਰਦਾਰ ਪਟੇਲ ਦੀ ਨੇੜਤਾ ਵਿੱਚ, ਏਕਤਾ ਨਗਰ ਦੀ ਇਸ ਧਰਤੀ ਤੋਂ, ਪੂਰੇ ਦੇਸ਼ ਨੂੰ ਇਹ ਭਰੋਸਾ ਦਿੰਦਾ ਹਾਂ, ਜਦੋਂ ਤੱਕ ਦੇਸ਼ ਨਕਸਲਵਾਦ ਮਾਓਵਾਦ, ਇਸ ਦਹਿਸ਼ਤ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦਾ, ਅਸੀਂ ਰੁਕਣ ਵਾਲੇ ਨਹੀਂ ਹਾਂ, ਚੈਨ ਨਾਲ ਬੈਠਣ ਵਾਲੇ ਨਹੀਂ ਹਾਂ।

ਸਾਥੀਓ,
ਅੱਜ ਦੇਸ਼ ਦੀ ਏਕਤਾ ਅਤੇ ਅੰਦਰੂਨੀ ਸੁਰੱਖਿਆ ਨੂੰ ਬਹੁਤ ਵੱਡਾ ਖ਼ਤਰਾ ਘੁਸਪੈਠੀਆਂ ਤੋਂ ਵੀ ਹੈ। ਦੇਸ਼ ਦੇ ਅੰਦਰ ਦਹਾਕਿਆਂ ਤੋਂ ਵਿਦੇਸ਼ੀ ਘੁਸਪੈਠੀਏ ਆਉਂਦੇ ਰਹੇ, ਉਹ ਦੇਸ਼ਵਾਸੀਆਂ ਦੇ ਸਰੋਤਾਂ ’ਤੇ ਕਬਜ਼ਾ ਕਰਦੇ ਰਹੇ, ਡੈਮੋਗ੍ਰਾਫੀ ਦਾ ਸੰਤੁਲਨ ਵਿਗਾੜਦੇ ਰਹੇ, ਦੇਸ਼ ਦੀ ਏਕਤਾ ਦਾਅ ’ਤੇ ਲਗਾਉਂਦੇ ਰਹੇ, ਪਰ ਪੁਰਾਣੀਆਂ ਸਰਕਾਰਾਂ ਇੰਨੀ ਵੱਡੀ ਸਮੱਸਿਆ ਤੋਂ ਅੱਖਾਂ ਮੀਚਦੀ ਰਹੀ। ਬੋਟ ਬੈਂਕ ਦੀ ਸਿਆਸਤ ਲਈ ਰਾਸ਼ਟਰ ਦੀ ਸੁਰੱਖਿਆ ਨੂੰ ਜਾਣ-ਬੁਝ ਕੇ ਖ਼ਤਰੇ ਵਿੱਚ ਪਾਇਆ ਗਿਆ। ਹੁਣ ਪਹਿਲੀ ਵਾਰ ਦੇਸ਼ ਨੇ ਇਸ ਵੱਡੇ ਖ਼ਤਰੇ ਦੇ ਖ਼ਿਲਾਫ਼ ਵੀ ਫ਼ੈਸਲਾਕੁਨ ਲੜਾਈ ਲੜਨ ਦੀ ਠਾਣੀ ਹੈ। ਲਾਲ ਕਿਲ੍ਹੇ ਤੋਂ ਮੈਂ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ ਕੀਤਾ ਹੈ।
ਪਰ ਸਾਥੀਓ,
ਹੁਣ ਅੱਜ ਜਦੋਂ ਅਸੀਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਚੁੱਕ ਰਹੇ ਹਾਂ, ਤਾਂ ਕੁਝ ਲੋਕ ਦੇਸ਼ ਹਿਤ ਤੋਂ ਜ਼ਿਆਦਾ, ਆਪਣੇ ਨਿੱਜੀ ਹਿਤ ਨੂੰ ਉੱਪਰ ਰੱਖ ਰਹੇ ਹਨ। ਇਹ ਲੋਕ ਘੁਸਪੈਠੀਆਂ ਨੂੰ ਹੱਕ ਦਿਵਾਉਣ ਲਈ ਰਾਜਨੀਤਿਕ ਲੜਾਈ ਲੜ ਰਹੇ ਹਨ। ਇਨ੍ਹਾਂ ਨੂੰ ਲਗਦਾ ਹੈ ਕਿ ਦੇਸ਼ ਇੱਕ ਵਾਰ ਟੁੱਟ ਗਿਆ, ਅੱਗੇ ਵੀ ਟੁੱਟਦਾ ਰਹੇ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਦਕਿ ਸਚਾਈ ਇਹ ਹੈ ਕਿ ਜੇਕਰ ਦੇਸ਼ ਦੀ ਸੁਰੱਖਿਆ ਅਤੇ ਪਹਿਚਾਣ ਖ਼ਤਰੇ ਵਿੱਚ ਆਵੇਗੀ ਤਾਂ ਹਰ ਵਿਅਕਤੀ ਖ਼ਤਰੇ ਵਿੱਚ ਆਵੇਗਾ। ਇਸ ਲਈ, ਅਸੀਂ ਅੱਜ ਰਾਸ਼ਟਰੀ ਏਕਤਾ ਦਿਵਸ ’ਤੇ ਫਿਰ ਤੋਂ ਸੰਕਲਪ ਲੈਣਾ ਹੈ, ਅਸੀਂ ਭਾਰਤ ਵਿੱਚ ਰਹਿ ਰਹੇ ਹਰ ਘੁਸਪੈਠੀਏ ਨੂੰ ਬਾਹਰ ਕੱਢ ਕੇ ਹੀ ਰਹਾਂਗੇ।
ਸਾਥੀਓ,
ਜਦੋਂ ਅਸੀਂ ਲੋਕਤੰਤਰ ਵਿੱਚ ਰਾਸ਼ਟਰੀ ਏਕਤਾ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਇੱਕ ਰੂਪ ਇਹ ਵੀ ਹੈ ਕਿ ਅਸੀਂ ਵਿਚਾਰਾਂ ਦੀ ਵਿਭਿੰਨਤਾ ਦਾ ਸਨਮਾਨ ਕਰੀਏ। ਲੋਕਤੰਤਰ ਵਿੱਚ ਮਤਭੇਦ ਸਵੀਕਾਰਯੋਗ ਹਨ, ਮਨਭੇਦ ਨਹੀਂ ਹੋਣਾ ਚਾਹੀਦਾ। ਪਰ ਵਿਡੰਬਣਾ ਦੇਖੋ, ਆਜ਼ਾਦੀ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਦੇਸ਼ ਨੇ ਜ਼ਿੰਮੇਵਾਰੀ ਸੌਂਪੀ, ਉਨ੍ਹਾਂ ਲੋਕਾਂ ਨੇ ‘we the people’ ਦੀ ਸਪਿਰਿਟ ਦਾ ਕਤਲ ਕਰਨ ਦਾ ਯਤਨ ਕੀਤਾ। ਉਨ੍ਹਾਂ ਨੇ ਆਪਣੀ ਸੋਚ ਅਤੇ ਵਿਚਾਰਧਾਰਾ ਤੋਂ ਅਲੱਗ ਹਰ ਵਿਅਕਤੀ ਅਤੇ ਸੰਗਠਨ ਨੂੰ ਨਫ਼ਰਤ ਕੀਤੀ, ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਦੇਸ਼ ਵਿੱਚ ਰਾਜਨੀਤਿਕ ਛੂਤ-ਛਾਤ ਨੂੰ ਇੱਕ ਕਲਚਰ ਬਣਾ ਦਿੱਤਾ ਗਿਆ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ, ਕਾਂਗਰਸ ਸਰਕਾਰਾਂ ਵਿੱਚ ਸਰਦਾਰ ਪਟੇਲ ਅਤੇ ਉਨ੍ਹਾਂ ਦੀ ਲੀਗੇਸੀ ਦੇ ਨਾਲ ਕੀ ਹੋਇਆ ਹੈ? ਇਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਜਿਊਂਦੇ ਜੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਕੀ ਕੀਤਾ? ਨੇਤਾ ਜੀ ਸੁਭਾਸ਼ ਚੰਦਰ ਦੇ ਨਾਲ ਕੀ ਕੀਤਾ? ਡਾਕਟਰ ਲੋਹੀਆ ਅਤੇ ਜੈਪ੍ਰਕਾਸ਼ ਨਾਰਾਇਣ ਜਿਹੇ ਲੋਕਾਂ ਦੇ ਨਾਲ ਵੀ ਕਾਂਗਰਸ ਨੇ ਇਹੀ ਕੀਤਾ। ਇਸ ਸਾਲ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਰਐੱਸਐੱਸ ਦੇ 100 ਸਾਲ ਹੋਏ ਹਨ। ਸੰਘ ’ਤੇ ਵੀ ਕਿਵੇਂ-ਕਿਵੇਂ ਹਮਲੇ ਕੀਤੇ ਗਏ, ਸਾਜ਼ਿਸ਼ਾਂ ਕੀਤੀਆਂ ਗਈਆਂ! ਇੱਕ ਪਾਰਟੀ, ਇੱਕ ਪਰਿਵਾਰ ਦੇ ਬਾਹਰ ਹਰ ਵਿਅਕਤੀ ਅਤੇ ਹਰ ਵਿਚਾਰ ਨੂੰ ਅਛੂਤ ਬਣਾਉਣ ਦੀ ਭਰਪੂਰ ਕੋਸ਼ਿਸ਼ ਹੋਈ।
ਭਾਈਓ ਭੈਣੋ,
ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਨੂੰ ਵੰਡਣ ਵਾਲੀ ਇਸ ਰਾਜਨੀਤਿਕ ਛੂਤ-ਛਾਤ ਨੂੰ ਖ਼ਤਮ ਕੀਤਾ ਹੈ। ਅਸੀਂ ਸਰਦਾਰ ਪਟੇਲ ਦੀ ਸਟੈਚੂ ਆਫ ਯੂਨਿਟੀ ਬਣਵਾਈ। ਅਸੀਂ ਬਾਬਾ ਸਾਹਿਬ ਦੇ ਪੰਚਤੀਰਥ ਬਣਵਾਏ। ਦਿੱਲੀ ਵਿੱਚ ਬਾਬਾ ਸਾਹਿਬ ਦਾ ਘਰ, ਉਨ੍ਹਾਂ ਦਾ ਮਹਾ-ਪਰਿਨਿਰਵਾਣ ਸਥਾਨ, ਕਾਂਗਰਸ ਦੇ ਦੌਰ ਵਿੱਚ ਅਣਗੌਲਿਆ ਹੋਣ ਕਰਕੇ ਦੁਰਦਸ਼ਾ ਦਾ ਸ਼ਿਕਾਰ ਸੀ। ਅਸੀਂ ਉਸ ਪਵਿੱਤਰ ਸਥਾਨ ਨੂੰ ਇਤਿਹਾਸਕ ਮੈਮੋਰੀਅਲ ਵਿੱਚ ਬਦਲਿਆ ਹੈ। ਕਾਂਗਰਸ ਦੇ ਸਮੇਂ ਵਿੱਚ ਸਿਰਫ਼ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਨਾਮ ’ਤੇ ਮਿਊਜ਼ੀਅਮ ਸੀ। ਅਸੀਂ ਦੇਸ਼ ਦੇ ਹੁਣ ਜਿੰਨੇ ਵੀ ਪੀਐੱਮ ਹੋਏ ਹਨ, ਉਨ੍ਹਾਂ ਸਭ ਦੇ ਯੋਗਦਾਨ ਨੂੰ ਸਮਰਪਿਤ, ਰਾਜਨੀਤਿਕ ਛੂਤ-ਛਾਤ ਤੋਂ ਉੱਪਰ ਉੱਠ ਕੇ ਪੀਐੱਮ ਮਿਊਜ਼ੀਅਮ ਬਣਾਇਆ ਹੈ। ਅਸੀਂ ਕਰਪੂਰੀ ਠਾਕੁਰ ਜਿਹੇ ਲੋਕ-ਨਾਇਕ ਨੂੰ ਭਾਰਤ ਰਤਨ ਦਿੱਤਾ। ਪੂਰੀ ਜ਼ਿੰਦਗੀ ਕਾਂਗਰਸ ਨੂੰ ਸਮਰਪਣ ਕਰਨ ਵਾਲੇ ਪ੍ਰਣਬ ਦਾ ਨੂੰ ਵੀ ਅਸੀਂ ਭਾਰਤ ਰਤਨ ਦਿੱਤਾ। ਅਤੇ ਵਿਰੋਧੀ ਵਿਚਾਰਧਾਰਾ ਵਾਲੇ ਮੁਲਾਇਮ ਸਿੰਘ ਯਾਦਵ ਜੀ ਜਿਹੇ ਆਗੂ ਨੂੰ ਵੀ ਅਸੀਂ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਫ਼ੈਸਲਿਆਂ ਦੇ ਪਿੱਛੇ ਸੋਚ ਇਹੀ ਸੀ ਕਿ ਰਾਜਨੀਤਿਕ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੇ ਲਈ ਇੱਕਜੁੱਟ ਹੋਣ ਦੀ ਭਾਵਨਾ ਮਜ਼ਬੂਤ ਹੋਵੇ। ਆਪਰੇਸ਼ਨ ਸਿੰਧੂਰ ਦੇ ਬਾਅਦ ਵਿਦੇਸ਼ਾਂ ਵਿੱਚ ਗਏ ਸਾਡੇ ਸਾਰੇ ਦਲਾਂ ਦੇ ਪ੍ਰਤੀਨਿਧੀ ਮੰਡਲ ਵਿੱਚ ਵੀ ਅਸੀਂ ਏਕਤਾ ਦੀ ਇਸ ਝਲਕ ਨੂੰ ਦੇਖਿਆ ਹੈ।

ਸਾਥੀਓ,
ਰਾਜਨੀਤਿਕ ਹਿਤਾਂ ਦੇ ਲਈ ਦੇਸ਼ ਦੀ ਏਕਤਾ ’ਤੇ ਹਮਲੇ ਦੀ ਸੋਚ, ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਹਿੱਸਾ ਹੈ। ਕਾਂਗਰਸ ਨੇ ਅੰਗਰੇਜ਼ਾਂ ਤੋਂ ਸਿਰਫ਼ ਪਾਰਟੀ ਅਤੇ ਸੱਤਾ ਹੀ ਨਹੀਂ ਪਾਈ, ਬਲਕਿ ਕਾਂਗਰਸ ਨੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਵੀ ਅਪਣਾ ਲਿਆ ਸੀ। ਤੁਸੀਂ ਦੇਖੋ, ਹਾਲੇ ਕੁਝ ਦਿਨ ਬਾਅਦ ਹੀ ਸਾਡੇ ਰਾਸ਼ਟਰੀ ਗੀਤ ਵੰਦੇ-ਮਾਤਰਮ ਦੇ 150 ਸਾਲ ਪੂਰੇ ਹੋਣ ਜਾ ਰਹੇ ਹਨ। 1905 ਵਿੱਚ ਜਦੋਂ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਕੀਤੀ, ਉਸਦੇ ਵਿਰੋਧ ਵਿੱਚ ਵੰਦੇ-ਮਾਤਰਮ ਹਰ ਦੇਸ਼ਵਾਸੀ ਦਾ ਸੁਰ ਬਣ ਗਿਆ ਸੀ। ਵੰਦੇ-ਮਾਤਰਮ ਦੇਸ਼ ਦੀ ਏਕਤਾ ਅਤੇ ਇੱਕਜੁੱਟਤਾ ਦੀ ਆਵਾਜ਼ ਬਣ ਗਿਆ ਸੀ। ਅੰਗਰੇਜ਼ਾਂ ਨੇ ਵੰਦੇ ਮਾਤਰਮ ਬੋਲਣ ਦੀ ਗੱਲ ਤੱਕ ਬੈਨ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਅੰਗਰੇਜ਼ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਪਾਏ! ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਵੰਦੇ ਮਾਤਰਮ ਦਾ ਨਾਅਰਾ ਗੂੰਜਦਾ ਹੀ ਰਿਹਾ, ਗੂੰਜਦਾ ਹੀ ਰਿਹਾ। ਪਰ, ਜੋ ਕੰਮ ਅੰਗਰੇਜ਼ ਨਹੀਂ ਕਰ ਸਕੇ, ਉਹ ਕੰਮ ਕਾਂਗਰਸ ਨੇ ਕਰ ਦਿੱਤਾ। ਕਾਂਗਰਸ ਨੇ ਧਰਮ ਦੇ ਅਧਾਰ ’ਤੇ ਵੰਦੇ ਮਾਤਰਮ ਦੇ ਇੱਕ ਹਿੱਸੇ ਨੂੰ ਹੀ ਹਟਾ ਦਿੱਤਾ। ਯਾਨੀ, ਕਾਂਗਰਸ ਨੇ ਸਮਾਜ ਨੂੰ ਵੀ ਵੰਡਿਆ ਅਤੇ ਅੰਗਰੇਜ਼ਾਂ ਦੇ ਏਜੰਡੇ ਨੂੰ ਵੀ ਅੱਗੇ ਵਧਾਇਆ। ਅਤੇ ਮੈਂ ਅੱਜ ਇੱਕ ਗੱਲ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ - ਜਿਸ ਦਿਨ ਕਾਂਗਰਸ ਨੇ ਵੰਦੇ ਮਾਤਰਮ ਨੂੰ ਤੋੜਨ ਦਾ, ਕੱਟਣ ਦਾ, ਵੰਡ ਕਰਨ ਦਾ ਫ਼ੈਸਲਾ ਲਿਆ ਸੀ, ਉਸੇ ਦਿਨ ਉਸਨੇ ਭਾਰਤ ਦੀ ਵੰਡ ਦੀ ਨੀਂਹ ਰੱਖ ਦਿੱਤੀ ਸੀ। ਕਾਂਗਰਸ ਨੇ ਉਹ ਪਾਪ ਨਾ ਕੀਤਾ ਹੁੰਦਾ ਤਾਂ ਅੱਜ ਭਾਰਤ ਦੀ ਤਸਵੀਰ ਕੁਝ ਹੋਰ ਹੁੰਦੀ!
ਸਾਥੀਓ,
ਉਸ ਸਮੇਂ ਸਰਕਾਰ ਵਿੱਚ ਬੈਠੇ ਲੋਕਾਂ ਦੀ ਅਜਿਹੀ ਸੋਚ ਦੇ ਕਾਰਨ ਹੀ, ਦੇਸ਼ ਨੇ ਇੰਨੇ ਦਹਾਕਿਆਂ ਤੱਕ ਗ਼ੁਲਾਮੀ ਦੇ ਪ੍ਰਤੀਕਾਂ ਨੂੰ ਵੀ ਢੋਇਆ। ਤੁਸੀਂ ਯਾਦ ਕਰੋ, ਸਾਡੀ ਨੇਵੀ ਦੇ ਝੰਡੇ ਤੋਂ ਗ਼ੁਲਾਮੀ ਦਾ ਨਿਸ਼ਾਨ ਓਦੋਂ ਉੱਤਰਿਆ, ਜਦੋਂ ਤੁਸੀਂ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਸਾਡੀ ਸਰਕਾਰ ਆਈ। ਰਾਜਪਥ ਕਰਤਵਯ ਪਥ ਬਣਿਆ, ਜਦੋਂ ਅਸੀਂ ਇਹ ਬਦਲਾਅ ਕੀਤਾ। ਆਜ਼ਾਦੀ ਦੀ ਲੜਾਈ ਵਿੱਚ ਕ੍ਰਾਂਤੀਕਾਰੀਆਂ ਦੇ ਤਿਆਗ ਦੀ ਜਗ੍ਹਾ, ਅੰਡੇਮਾਨ ਦੀ ਸੈਲੂਲਰ ਜੇਲ੍ਹ, ਉਸ ਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਓਦੋਂ ਮਿਲ ਸਕਿਆ ਸੀ, ਜਦੋਂ ਮੋਰਾਰਜੀ ਭਾਈ ਦੇਸਾਈ ਦੀ ਸਰਕਾਰ ਆਈ ਸੀ। ਅੰਡੇਮਾਨ ਦੇ ਟਾਪੂਆਂ ਦੇ ਨਾਮ ਕੁਝ ਸਮੇਂ ਪਹਿਲਾਂ ਤੱਕ ਅੰਗਰੇਜ਼ਾਂ ਦੇ ਨਾਮ ’ਤੇ ਹੀ ਸਨ। ਅਸੀਂ ਇਹ ਨਾਮ ਨੇਤਾਜੀ ਸੁਭਾਸ਼ ਦੇ ਨਾਮ ’ਤੇ ਰੱਖੇ। ਕਈ ਟਾਪੂਆਂ ਨੂੰ ਪਰਮਵੀਰ ਚੱਕਰ ਜੇਤੂਆਂ ਦਾ ਨਾਮ ਦਿੱਤਾ। ਇੰਡੀਆ ਗੇਟ ’ਤੇ ਵੀ ਅਸੀਂ ਨੇਤਾਜੀ ਸੁਭਾਸ਼ ਦੀ ਮੂਰਤੀ ਲਗਾਈ।
ਸਾਥੀਓ,
ਦੇਸ਼ ਦੀ ਸੁਰੱਖਿਆ ਵਿੱਚ ਸ਼ਹੀਦ ਹੋਏ ਜਵਾਨਾਂ ਤੱਕ ਨੂੰ, ਗ਼ੁਲਾਮੀ ਦੀ ਮਾਨਸਿਕਤਾ ਦੇ ਕਾਰਨ ਸਹੀ ਸਨਮਾਨ ਨਹੀਂ ਮਿਲਦਾ ਸੀ। ਅਸੀਂ ਨੈਸ਼ਨਲ ਵਾਰ ਮੈਮੋਰੀਅਲ ਦੀ ਸਥਾਪਨਾ ਕਰਕੇ ਉਨ੍ਹਾਂ ਯਾਦਾਂ ਨੂੰ ਅਮਰ ਬਣਾਇਆ। ਦੇਸ਼ ਦੀ ਅੰਦਰੂਨੀ ਸੁਰੱਖਿਆ ਵਿੱਚ ਵੀ 36 ਹਜ਼ਾਰ ਜਵਾਨਾਂ ਨੇ, ਇਹ ਸਾਡੇ ਪੁਲਿਸ ਫੋਰਸ ਦੇ ਜਵਾਨਾਂ ਨੇ, ਦੇਸ਼ ਨੂੰ ਪਤਾ ਤੱਕ ਨਹੀਂ ਹੈ, ਇਹ ਪੁਲਿਸ ਫੋਰਸ ਦੇ ਇਹ ਖਾਕੀ ਵਰਦੀ ਪਾਉਣ ਵਾਲੇ 36 ਹਜ਼ਾਰ ਜਵਾਨਾਂ ਦੀ ਸ਼ਹਾਦਤ ਹੋਈ ਹੈ। 36 ਹਜ਼ਾਰ ਸ਼ਹੀਦ ਹੋਣਾ, ਇਹ ਅੰਕੜਾ ਛੋਟਾ ਨਹੀਂ ਹੈ। ਸਾਡੀ ਪੁਲਿਸ, ਬੀਐੱਸਐੱਫ, ਆਈਟੀਬੀਪੀ, ਸੀਆਈਐੱਸਐੱਫ, ਸੀਆਰਪੀਐੱਫ, ਸਾਡੇ ਸਾਰੇ ਅਰਧ-ਸੈਨਿਕ ਬਲ, ਉਨ੍ਹਾਂ ਦੀ ਬਹਾਦਰੀ ਨੂੰ ਵੀ ਸਨਮਾਨ ਤੋਂ ਵਾਂਝਾ ਰੱਖਿਆ ਗਿਆ। ਇਹ ਸਾਡੀ ਸਰਕਾਰ ਹੈ, ਜਿਸ ਨੇ ਪੁਲਿਸ ਮੈਮੋਰੀਅਲ ਬਣਾ ਕੇ ਉਨ੍ਹਾਂ ਸ਼ਹੀਦਾਂ ਨੂੰ ਸਨਮਾਨ ਦਿੱਤਾ। ਮੈਂ ਅੱਜ ਸਰਦਾਰ ਪਟੇਲ ਦੇ ਚਰਨਾਂ ਵਿੱਚ ਖੜ੍ਹੇ ਹੋ ਕੇ, ਮੈਂ ਦੇਸ਼ ਭਰ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਪੁਲਿਸ ਫੋਰਸ ਵਿੱਚ ਰਹਿ ਕੇ ਸੇਵਾਵਾਂ ਕੀਤੀਆਂ ਹਨ, ਜੋ-ਜੋ ਲੋਕ, ਅੱਜ ਪੁਲਿਸ ਫੋਰਸ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਹਨ, ਮੈਂ ਸਰਦਾਰ ਪਟੇਲ ਦੇ ਚਰਨਾਂ ਵਿੱਚ ਖੜ੍ਹੇ ਰਹਿ ਕੇ, ਅੱਜ ਮੈਂ ਉਨ੍ਹਾਂ ਨੂੰ ਸੈਲਿਊਟ ਕਰਦਾ ਹਾਂ, ਮੈਂ ਉਨ੍ਹਾਂ ’ਤੇ ਮਾਣ ਕਰਦਾ ਹਾਂ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਅੱਜ ਦੇਸ਼ ਗ਼ੁਲਾਮੀ ਦੀ ਮਾਨਸਿਕਤਾ ਦੇ ਹਰ ਨਿਸ਼ਾਨ ਨੂੰ ਹਟਾ ਰਿਹਾ ਹੈ। ਦੇਸ਼ ਦੇ ਲਈ ਤਿਆਗ ਦੇਣ ਵਾਲੇ ਲੋਕਾਂ ਨੂੰ ਸਨਮਾਨ ਦੇ ਕੇ ਅਸੀਂ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਮਜ਼ਬੂਤ ਬਣਾ ਰਹੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ,
ਏਕਤਾ ਰਾਸ਼ਟਰ ਅਤੇ ਸਮਾਜ ਦੀ ਹੋਂਦ ਦਾ ਅਧਾਰ ਹੁੰਦੀ ਹੈ। ਜਦੋਂ ਤੱਕ ਸਮਾਜ ਵਿੱਚ ਏਕਤਾ ਹੈ, ਰਾਸ਼ਟਰ ਦੀ ਅਖੰਡਤਾ ਸੁਰੱਖਿਅਤ ਹੈ। ਇਸ ਲਈ ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਲਈ ਸਾਨੂੰ ਦੇਸ਼ ਦੀ ਏਕਤਾ ਤੋੜਨ ਵਾਲੀ ਹਰ ਸਾਜ਼ਿਸ਼ ਨੂੰ ਨਾਕਾਮ ਬਣਾਉਣਾ ਹੋਵੇਗਾ, ਏਕਤਾ ਦੀ ਤਾਕਤ ਨਾਲ ਨਾਕਾਮ ਬਣਾਉਣਾ ਹੋਵੇਗਾ। ਇਸ ਲਈ, ਅੱਜ ਦੇਸ਼ ਰਾਸ਼ਟਰੀ ਏਕਤਾ ਦੇ ਹਰ ਮੋਰਚੇ ’ਤੇ ਲਗਾਤਾਰ ਕੰਮ ਕਰ ਰਿਹਾ ਹੈ। ਭਾਰਤ ਦੀ ਏਕਤਾ ਦੀਆਂ ਰਸਮਾਂ ਦੇ ਚਾਰ ਥੰਮ੍ਹ ਹਨ। ਏਕਤਾ ਦਾ ਪਹਿਲਾ ਥੰਮ੍ਹ ਹੈ –ਸਭਿਆਚਾਰਕ ਏਕਤਾ! ਇਹ ਭਾਰਤ ਦਾ ਸਭਿਆਚਾਰ ਹੀ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੱਕ ਰਾਜਨੀਤਿਕ ਹਾਲਤਾਂ ਤੋਂ ਅਲੱਗ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਅਮਰ ਰੱਖਿਆ ਹੈ। ਸਾਡੇ ਬਾਰਾਂ ਜਯੋਤਿਰਲਿੰਗ, ਸੱਤ ਪੁਰੀਆਂ, ਚਾਰ ਧਾਮ, 50 ਤੋਂ ਵੱਧ ਸ਼ਕਤੀਪੀਠ, ਤੀਰਥ ਯਾਤਰਾਵਾਂ ਦੀ ਰਵਾਇਤ, ਇਹ ਉਹ ਜਾਨਦਾਰ ਊਰਜਾ ਹੈ, ਜੋ ਭਾਰਤ ਨੂੰ ਇੱਕ ਜਾਗਰੂਕ ਰਾਸ਼ਟਰ ਬਣਾਉਂਦੀ ਹੈ। ਇਸ ਰਵਾਇਤ ਨੂੰ ਅੱਜ ਅਸੀਂ ਸੌਰਾਸ਼ਟਰ ਤਾਮਿਲ ਸੰਗਮਮ ਅਤੇ ਕਾਸ਼ੀ ਤਾਮਿਲ ਸੰਗਮਮ ਜਿਹੇ ਆਯੋਜਨਾਂ ਦੇ ਜ਼ਰੀਏ ਅੱਗੇ ਵਧਾ ਰਹੇ ਹਾਂ। ਅਸੀਂ ਕੌਮਾਂਤਰੀ ਯੋਗ ਦਿਵਸ ਦੇ ਜ਼ਰੀਏ ਭਾਰਤ ਦੇ ਮਹਾਨ ਯੋਗ ਵਿਗਿਆਨ ਨੂੰ ਵੀ ਨਵੀਂ ਪਹਿਚਾਣ ਦਵਾ ਰਹੇ ਹਾਂ। ਸਾਡਾ ਯੋਗ ਅੱਜ ਲੋਕਾਂ ਨੂੰ ਜੋੜਨ ਦਾ ਮਾਧਿਅਮ ਬਣ ਰਿਹਾ ਹੈ।
ਸਾਥੀਓ,
ਸਾਡੀ ਏਕਤਾ ਦਾ ਦੂਸਰਾ ਥੰਮ੍ਹ ਹੈ – ਭਾਸ਼ਾਈ ਏਕਤਾ! ਭਾਰਤ ਦੀਆਂ ਸੈਂਕੜੇ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ, ਬੋਲੀਆਂ, ਇਹ ਭਾਰਤ ਦੀ ਖੁੱਲ੍ਹੀ ਅਤੇ ਰਚਨਾਤਮਕ ਸੋਚ ਦੇ ਪ੍ਰਤੀਕ ਹਨ। ਕਿਉਂਕਿ, ਸਾਡੇ ਇੱਥੇ ਕਿਸੇ ਸਮਾਜ ਨੇ, ਸੱਤਾ ਨੇ ਜਾਂ ਸੰਪਰਦਾਏ ਨੇ ਕਦੇ ਵੀ ਭਾਸ਼ਾ ਨੂੰ ਆਪਣਾ ਹਥਿਆਰ ਨਹੀਂ ਬਣਾਇਆ। ਇੱਕ ਭਾਸ਼ਾ ਨੂੰ ਥੋਪਣ ਦਾ ਯਤਨ ਨਹੀਂ ਹੋਇਆ। ਤਾਂ ਹੀ ਭਾਰਤ ਭਾਸ਼ਾਈ ਵਿਭਿੰਨਤਾ ਦੇ ਨਜ਼ਰੀਏ ਤੋਂ ਦੁਨੀਆ ਦਾ ਇੰਨਾ ਖ਼ੁਸ਼ਹਾਲ ਰਾਸ਼ਟਰ ਬਣਿਆ ਹੈ। ਸਾਡੀਆਂ ਭਾਸ਼ਾਵਾਂ ਨੇ ਸੰਗੀਤ ਦੇ ਵੱਖ-ਵੱਖ ਸੁਰਾਂ ਦੀ ਤਰ੍ਹਾਂ ਸਾਡੀ ਪਹਿਚਾਣ ਨੂੰ ਸਸ਼ਕਤ ਬਣਾਇਆ ਹੈ। ਇਸ ਲਈ ਸਾਥੀਓ, ਅਸੀਂ ਹਰ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਮੰਨਦੇ ਹਾਂ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਭਾਰਤ ਦੇ ਕੋਲ ਤਾਮਿਲ ਵਰਗੀ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਅਤੇ ਸਾਨੂੰ ਇਸਦਾ ਮਾਣ ਹੈ। ਸਾਡੇ ਕੋਲ ਸੰਸਕ੍ਰਿਤ ਵਰਗੇ ਗਿਆਨ ਦਾ ਖ਼ਜ਼ਾਨਾ ਹੈ। ਇਸ ਤਰ੍ਹਾਂ, ਹਰ ਭਾਰਤੀ ਭਾਸ਼ਾ ਦੀ ਆਪਣੀ ਖੂਬੀ ਹੈ, ਆਪਣੀ ਸਾਹਿਤਕ ਅਤੇ ਸਭਿਆਚਾਰਕ ਪੂੰਜੀ ਹੈ। ਅਸੀਂ ਹਰ ਭਾਰਤੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਿੰਦੁਸਤਾਨ ਦੇ ਬੱਚੇ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਈ ਕਰਨ ਅਤੇ ਅੱਗੇ ਵਧਣ। ਭਾਰਤ ਦੇ ਲੋਕ ਦੇਸ਼ ਦੀਆਂ ਦੂਸਰੀਆਂ ਭਾਸ਼ਾਵਾਂ ਨੂੰ ਵੀ ਜਾਣਨ, ਉਨ੍ਹਾਂ ਤੋਂ ਸਿੱਖਣ। ਭਾਸ਼ਾਵਾਂ ਸਾਡੀ ਏਕਤਾ ਦਾ ਸੂਤਰਧਾਰ ਬਣਨ। ਅਤੇ ਇਹ ਇੱਕ ਦਿਨ ਦਾ ਕੰਮ ਨਹੀਂ ਹੈ। ਇਹ ਲਗਾਤਾਰ ਚੱਲਣ ਵਾਲਾ ਕੰਮ ਹੈ, ਜਿਸ ਦੀ ਜ਼ਿੰਮੇਵਾਰੀ ਅਸੀਂ ਸਾਰਿਆਂ ਨੇ ਮਿਲ ਕੇ ਚੁੱਕਣੀ ਹੈ।
ਸਾਥੀਓ,
ਸਾਡੀ ਏਕਤਾ ਦਾ ਤੀਸਰਾ ਥੰਮ੍ਹ ਹੈ –ਵਿਤਕਰਾ ਮੁਕਤ ਵਿਕਾਸ! ਕਿਉਂਕਿ, ਗ਼ਰੀਬੀ ਅਤੇ ਵਿਤਕਰਾ ਹੀ ਸਮਾਜਿਕ ਤਾਣੇ-ਬਾਣੇ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੇ ਹਨ। ਦੇਸ਼ ਦੇ ਦੁਸ਼ਮਣਾਂ ਨੇ ਹਮੇਸ਼ਾ ਇਨ੍ਹਾਂ ਕਮਜ਼ੋਰੀਆਂ ਦੀ ਵਰਤੋਂ ਕੀਤੀ ਹੈ। ਇਸ ਲਈ, ਸਰਦਾਰ ਸਾਹਿਬ ਗ਼ਰੀਬੀ ਦੇ ਖ਼ਿਲਾਫ਼ ਦੇਸ਼ ਲਈ ਲੰਬੇ ਸਮੇਂ ਦੀ ਯੋਜਨਾ ’ਤੇ ਕੰਮ ਕਰਨਾ ਚਾਹੁੰਦੇ ਸਨ। ਸਰਦਾਰ ਪਟੇਲ ਨੇ ਇੱਕ ਵਾਰ ਕਿਹਾ ਸੀ, ਕਿ ਜੇਕਰ ਭਾਰਤ ਨੂੰ ਆਜ਼ਾਦੀ 1947 ਦੀ ਬਜਾਏ ਉਸ ਤੋਂ ਵੀ 10 ਸਾਲ ਪਹਿਲਾਂ ਮਿਲ ਗਈ ਹੁੰਦੀ ਤਾਂ 1947 ਤੱਕ ਭਾਰਤ ਅਨਾਜ ਦੀ ਕਮੀ ਦੇ ਸੰਕਟ ਤੋਂ ਮੁਕਤ ਹੋ ਚੁੱਕਾ ਹੁੰਦਾ। ਉਨ੍ਹਾਂ ਨੇ ਕਿਹਾ ਸੀ ਕਿ ਜਿਵੇਂ ਉਨ੍ਹਾਂ ਨੇ ਰਿਆਸਤਾਂ ਨੂੰ ਜੋੜਨ ਦੀ ਚੁਣੌਤੀ ਸੁਲਝਾਈ, ਉਵੇਂ ਅੰਨ ਦੀ ਕਮੀ ਦੀ ਚੁਣੌਤੀ ਵੀ ਸੁਲਝਾ ਕੇ ਹੀ ਰੁਕਦੇ। ਇਹ ਸੀ ਸਰਦਾਰ ਸਾਹਿਬ ਦੀ ਇੱਛਾ ਸ਼ਕਤੀ। ਵੱਡੀ ਤੋਂ ਵੱਡੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਇਹੀ ਇੱਛਾ ਸ਼ਕਤੀ ਦਿਖਾਉਣੀ ਹੁੰਦੀ ਹੈ। ਅਤੇ ਮੈਨੂੰ ਮਾਣ ਹੈ ਕਿ ਸਾਡੀ ਸਰਕਾਰ, ਸਰਦਾਰ ਸਾਹਿਬ ਦੇ ਇਨ੍ਹਾਂ ਅਧੂਰੇ ਸੰਕਲਪਾਂ ਨੂੰ ਵੀ ਪੂਰਾ ਕਰਨ ਵਿੱਚ ਲੱਗੀ ਹੈ। ਬੀਤੇ ਇੱਕ ਦਹਾਕੇ ਵਿੱਚ ਅਸੀਂ 25 ਕਰੋੜ ਦੇਸ਼ ਵਾਸੀਆਂ ਨੂੰ ਗ਼ਰੀਬੀ ’ਚੋਂ ਬਾਹਰ ਕੱਢਿਆ ਹੈ। ਅੱਜ ਕਰੋੜਾਂ ਗ਼ਰੀਬਾਂ ਨੂੰ ਘਰ ਮਿਲ ਰਿਹਾ ਹੈ। ਘਰ-ਘਰ ਸਾਫ਼ ਪਾਣੀ ਪਹੁੰਚ ਰਿਹਾ ਹੈ। ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਯਾਨੀ, ਹਰ ਨਾਗਰਿਕ ਦੇ ਲਈ ਮਾਣ ਨਾਲ ਭਰੀ ਜ਼ਿੰਦਗੀ, ਇਹ ਅੱਜ ਦੇਸ਼ ਦਾ ਮਿਸ਼ਨ ਵੀ ਹੈ, ਅਤੇ ਵਿਜ਼ਨ ਵੀ ਹੈ। ਵਿਤਕਰਾ ਅਤੇ ਭ੍ਰਿਸ਼ਟਾਚਾਰ ਮੁਕਤ ਇਹ ਨੀਤੀਆਂ ਅੱਜ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਬਣਾ ਰਹੀਆਂ ਹਨ।

ਸਾਥੀਓ,
ਰਾਸ਼ਟਰੀ ਏਕਤਾ ਦਾ ਚੌਥਾ ਥੰਮ੍ਹ ਹੈ –ਕਨੈੱਕਟੀਵਿਟੀ ਨਾਲ ਦਿਲਾਂ ਦਾ ਕਨੈੱਕਸ਼ਨ। ਅੱਜ ਦੇਸ਼ ਵਿੱਚ ਰਿਕਾਰਡ ਹਾਈਵੇਅਜ਼ ਅਤੇ ਐਕਸਪ੍ਰੈੱਸਵੇਜ਼ ਬਣ ਰਹੇ ਹਨ। ਵੰਦੇ ਭਾਰਤ ਅਤੇ ਨਮੋ ਭਾਰਤ ਜਿਹੀਆਂ ਟ੍ਰੇਨਾਂ, ਭਾਰਤੀ ਰੇਲਵੇ ਨੂੰ ਟ੍ਰਾਂਸਫੌਰਮ ਕਰ ਰਹੀਆਂ ਹਨ। ਛੋਟੇ ਸ਼ਹਿਰ ਵੀ ਹੁਣ ਏਅਰਪੋਰਟ ਦੀ ਸਹੂਲਤ ਨਾਲ ਜੁੜ ਰਹੇ ਹਨ। ਇਸ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਭਾਰਤ ਨੂੰ ਲੈ ਕੇ ਦੁਨੀਆਂ ਦਾ ਨਜ਼ਰੀਆ ਹੀ ਪੂਰੀ ਤਰ੍ਹਾਂ ਬਦਲ ਰਿਹਾ ਹੈ। ਇਸ ਨੇ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ, ਦੇਸ਼ ਦੀਆਂ ਦੂਰੀਆਂ ਨੂੰ ਵੀ ਘੱਟ ਕੀਤਾ ਹੈ। ਅੱਜ ਲੋਕ ਆਸਾਨੀ ਨਾਲ ਦੂਜੇ ਸੂਬਿਆਂ ਵਿੱਚ ਸੈਰ-ਸਪਾਟੇ ਲਈ ਜਾ ਰਹੇ ਹਨ, ਵਪਾਰ ਲਈ ਜਾ ਰਹੇ ਹਨ। ਇਹ ਲੋਕਾਂ ਦਾ ਲੋਕਾਂ ਨਾਲ ਸੰਪਰਕ ਅਤੇ ਕਲਚਰਲ ਐਕਸਚੇਂਜ, ਉਸ ਦਾ ਇੱਕ ਨਵਾਂ ਦੌਰ ਹੈ। ਜੋ ਰਾਸ਼ਟਰੀ ਏਕਤਾ ਨੂੰ ਮਜ਼ਬੂਤੀ ਦੇ ਰਿਹਾ ਹੈ ਅਤੇ ਡਿਜੀਟਲ ਕ੍ਰਾਂਤੀ ਜੋ ਹੋਈ ਹੈ, ਉਸਨੇ ਇਸ ਏਕਤਾ ਨੂੰ ਨਵੀਂ ਮਜ਼ਬੂਤੀ ਦੇਣ ਦਾ ਮੌਕਾ ਵੀ ਦਿੱਤਾ ਹੈ। ਅੱਜ ਡਿਜੀਟਲ ਕਨੈਕਟੀਵਿਟੀ ਦਾ ਵੀ ਦਿਲਾਂ ਦੀ ਕਨੈਕਟੀਵਿਟੀ ਵਿੱਚ ਇੱਕ ਨਵਾਂ ਰਾਹ ਤਿਆਰ ਹੋ ਰਿਹਾ ਹੈ।

ਸਾਥੀਓ,
ਸਰਦਾਰ ਪਟੇਲ ਨੇ ਇੱਕ ਵਾਰ ਕਿਹਾ ਸੀ - ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਓਦੋਂ ਮਿਲਦੀ ਹੈ, ਜਦੋਂ ਮੈਂ ਦੇਸ਼ ਲਈ ਕੰਮ ਕਰਦਾ ਹਾਂ। ਮੈਂ ਵੀ ਅੱਜ ਹਰ ਦੇਸ਼ਵਾਸੀ ਨੂੰ ਇਹੀ ਅਪੀਲ ਕਰਦਾ ਹਾਂ। ਦੇਸ਼ ਦੇ ਲਈ ਕੰਮ ਕਰਨ ਤੋਂ ਵੱਡੀ ਖ਼ੁਸ਼ੀ ਕੋਈ ਹੋਰ ਨਹੀਂ ਹੋ ਸਕਦੀ। ਮਾਂ ਭਾਰਤੀ ਦੀ ਪੂਜਾ, ਹਰ ਦੇਸ਼ਵਾਸੀ ਦੀ ਸਭ ਤੋਂ ਵੱਡੀ ਪੂਜਾ ਹੈ। ਜਦੋਂ 140 ਕਰੋੜ ਭਾਰਤਵਾਸੀ ਇਕੱਠੇ ਖੜ੍ਹੇ ਹੋ ਜਾਂਦੇ ਹਨ ਤਾਂ ਚਟਾਨਾਂ ਖ਼ੁਦ ਰਸਤਾ ਛੱਡ ਦਿੰਦੀਆਂ ਹਨ। ਜਦੋਂ 140 ਕਰੋੜ ਦੇਸ਼ਵਾਸੀ ਇੱਕੋ ਸੁਰ ਵਿੱਚ ਬੋਲਦੇ ਹਨ ਤਾਂ ਉਹ ਸ਼ਬਦ ਭਾਰਤ ਦੀ ਸਫ਼ਲਤਾ ਦਾ ਜਾਪ ਬਣ ਜਾਂਦੇ ਹਨ। ਅਸੀਂ ਏਕਤਾ ਦੇ ਇਸੇ ਮੂਲ-ਮੰਤਰ ਨੂੰ ਆਪਣਾ ਸੰਕਲਪ ਬਣਾਉਣਾ ਹੈ। ਅਸੀਂ ਅੱਡ ਨਹੀਂ ਹੋਣਾ, ਅਸੀਂ ਕਮਜ਼ੋਰ ਨਹੀਂ ਪੈਣਾ ਹੈ। ਇਹੀ ਸਰਦਾਰ ਸਾਹਿਬ ਲਈ ਸਾਡੀ ਸੱਚੀ ਸ਼ਰਧਾਂਜਲੀ ਹੈ।

ਮੈਨੂੰ ਭਰੋਸਾ ਹੈ, ਅਸੀਂ ਸਾਰੇ ਮਿਲ ਕੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਮਜ਼ਬੂਤੀ ਦੇਵਾਂਗੇ। ਅਸੀਂ ਨਾਲ ਮਿਲ ਕੇ ਵਿਕਸਿਤ ਭਾਰਤ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਇਸੇ ਭਾਵਨਾ ਦੇ ਨਾਲ, ਮੈਂ ਇੱਕ ਵਾਰ ਫਿਰ ਸਰਦਾਰ ਸਾਹਿਬ ਦੇ ਚਰਨਾਂ ਵਿੱਚ ਸ਼ਰਧਾਂਜਲੀ ਭੇਟ ਕਰਦਾ ਹਾਂ। ਮੇਰੇ ਨਾਲ ਬੋਲੋ - ਭਾਰਤ ਮਾਤਾ ਦੀ ਜੈ। ਆਵਾਜ਼ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਣੀ ਚਾਹੀਦੀ ਹੈ ਸਾਥੀਓ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!


