ਮੇਰੇ ਸਾਥੀ ਭਾਰਤ ਵਾਸੀਓ,
ਨਮਸਕਾਰ!
ਦੇਸ਼ ਭਰ ਵਿੱਚ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ, ਅਜਿਹੇ ਵਿੱਚ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਤਿਉਹਾਰ ਸਾਰਿਆਂ ਲਈ ਚੰਗੀ ਸਿਹਤ, ਸੁੱਖ ਅਤੇ ਖ਼ੁਸ਼ਹਾਲੀ ਲਿਆਵੇ।
ਇਸ ਸਾਲ ਤਿਉਹਾਰਾਂ ਦਾ ਸੀਜ਼ਨ ਖ਼ੁਸ਼ੀ ਦਾ ਇੱਕ ਹੋਰ ਕਾਰਨ ਲੈ ਕੇ ਆਇਆ ਹੈ। 22 ਸਤੰਬਰ ਤੋਂ, ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ "ਜੀਐੱਸਟੀ ਬੱਚਤ ਉਤਸਵ" ਦੇਸ਼ ਭਰ ਵਿੱਚ ਸ਼ੁਰੂ ਹੋ ਰਿਹਾ ਹੈ।
ਇਹ ਸੁਧਾਰ ਬੱਚਤ ਨੂੰ ਵਧਾਉਣਗੇ ਅਤੇ ਸਮਾਜ ਦੇ ਹਰ ਵਰਗ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾਉਣਗੇ ਭਾਵੇਂ ਉਹ ਕਿਸਾਨ, ਔਰਤਾਂ, ਨੌਜਵਾਨ, ਗ਼ਰੀਬ, ਮੱਧ ਵਰਗ, ਕਾਰੋਬਾਰੀ ਅਤੇ ਐੱਮਐੱਸਐੱਮਈ ਹੋਣ। ਇਹ ਸੁਧਾਰ ਵਿਆਪਕ ਵਿਕਾਸ ਅਤੇ ਨਿਵੇਸ਼ ਨੂੰ ਹੁਲਾਰਾ ਦੇਣਗੇ ਅਤੇ ਹਰ ਸੂਬੇ ਅਤੇ ਖੇਤਰ ਦੀ ਤਰੱਕੀ ਨੂੰ ਰਫ਼ਤਾਰ ਦੇਣਗੇ।
ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਦੀ ਇੱਕ ਮਹੱਤਵਪੂਰਨ ਖ਼ਾਸੀਅਤ ਇਹ ਹੈ ਕਿ ਮੁੱਖ ਤੌਰ 'ਤੇ ਇਸ ਵਿੱਚ 5% ਅਤੇ 18% ਦੇ ਦੋ ਸਲੈਬ ਹੋਣਗੇ।
ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ, ਦਵਾਈਆਂ, ਸਾਬਣ, ਟੁੱਥਪੇਸਟ, ਬੀਮਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਜਾਂ ਤਾਂ ਟੈਕਸ-ਮੁਕਤ ਹੋਣਗੀਆਂ ਜਾਂ ਸਭ ਤੋਂ ਘੱਟ 5% ਟੈਕਸ ਸਲੈਬ ਦੇ ਘੇਰੇ ਹੇਠ ਆਉਣਗੀਆਂ। ਪਹਿਲਾਂ 12% ਟੈਕਸ ਵਾਲੀਆਂ ਵਸਤਾਂ ਲਗਭਗ ਪੂਰੀ ਤਰ੍ਹਾਂ 5% ਵਿੱਚ ਤਬਦੀਲ ਹੋ ਗਈਆਂ ਹਨ।
ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਵੱਖ-ਵੱਖ ਦੁਕਾਨਦਾਰਾਂ ਅਤੇ ਵਪਾਰੀਆਂ ਨੇ 'ਉਦੋਂ ਅਤੇ ਹੁਣ' ਦੇ ਬੋਰਡ ਲਗਾਏ ਹਨ, ਜੋ ਸੁਧਾਰਾਂ ਤੋਂ ਪਹਿਲਾਂ ਅਤੇ ਸੁਧਾਰਾਂ ਤੋਂ ਬਾਅਦ ਦੇ ਟੈਕਸਾਂ ਨੂੰ ਦਰਸਾਉਂਦੇ ਹਨ।
ਪਿਛਲੇ ਕੁਝ ਸਾਲਾਂ ਵਿੱਚ, 25 ਕਰੋੜ ਲੋਕ ਗ਼ਰੀਬੀ ਵਿਚੋਂ ਬਾਹਰ ਆਏ ਹਨ ਅਤੇ ਇੱਕ ਅਭਿਲਾਸ਼ੀ ਨਵਾਂ ਮੱਧ ਵਰਗ ਬਣਿਆ ਹੈ।
ਇਸ ਤੋਂ ਇਲਾਵਾ, ਅਸੀਂ ਵੱਡੇ ਆਮਦਨ ਕਰ ਕਟੌਤੀਆਂ ਨਾਲ ਆਪਣੇ ਮੱਧ ਵਰਗ ਦੇ ਹੱਥ ਵੀ ਮਜ਼ਬੂਤ ਕੀਤੇ ਹਨ, ਜੋ 12 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਜ਼ੀਰੋ ਟੈਕਸ ਨੂੰ ਯਕੀਨੀ ਬਣਾਉਂਦੇ ਹਨ।
ਜੇਕਰ ਅਸੀਂ ਆਮਦਨ ਕਰ ਵਿੱਚ ਕਟੌਤੀਆਂ ਅਤੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨੂੰ ਜੋੜਦੇ ਹਾਂ ਤਾਂ ਇਸ ਨਾਲ ਲੋਕਾਂ ਨੂੰ ਲਗਭਗ 2.5 ਲੱਖ ਕਰੋੜ ਰੁਪਏ ਦੀ ਬੱਚਤ ਹੋਵੇਗੀ।
ਤੁਹਾਡੇ ਘਰੇਲੂ ਖ਼ਰਚੇ ਘਟ ਜਾਣਗੇ ਅਤੇ ਘਰ ਬਣਾਉਣਾ, ਵਾਹਨ ਖ਼ਰੀਦਣਾ, ਉਪਕਰਣ ਖ਼ਰੀਦਣਾ, ਬਾਹਰ ਭੋਜਨ ਖਾਣਾ ਜਾਂ ਪਰਿਵਾਰਕ ਛੁੱਟੀਆਂ ਦੀ ਯੋਜਨਾ ਬਣਾਉਣ ਵਰਗੀਆਂ ਇੱਛਾਵਾਂ ਨੂੰ ਪੂਰਾ ਕਰਨਾ ਸੌਖਾ ਹੋ ਜਾਵੇਗਾ।
ਸਾਡੇ ਦੇਸ਼ ਦੀ ਜੀਐੱਸਟੀ ਯਾਤਰਾ 2017 ਵਿੱਚ ਸ਼ੁਰੂ ਹੋਈ ਸੀ, ਜੋ ਸਾਡੇ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਕਈ ਟੈਕਸਾਂ ਦੇ ਜਾਲ ਤੋਂ ਮੁਕਤ ਕਰਨ ਵਿੱਚ ਇੱਕ ਅਹਿਮ ਮੋੜ ਸਾਬਤ ਹੋਈ ਸੀ। ਜੀਐੱਸਟੀ ਨੇ ਦੇਸ਼ ਨੂੰ ਆਰਥਿਕ ਤੌਰ 'ਤੇ ਇਕਜੁੱਟ ਕੀਤਾ। 'ਇੱਕ ਰਾਸ਼ਟਰ, ਇੱਕ ਟੈਕਸ' ਨੇ ਇਕਸਾਰਤਾ ਅਤੇ ਰਾਹਤ ਦਿੱਤੀ ਹੈ। ਜੀਐੱਸਟੀ ਕੌਂਸਲ ਨੇ ਕੇਂਦਰ ਅਤੇ ਸੂਬਿਆਂ ਦੋਵਾਂ ਦੀ ਸਰਗਰਮ ਭਾਗੀਦਾਰੀ ਨਾਲ ਕਈ ਲੋਕ-ਪੱਖੀ ਫੈਸਲੇ ਲਏ ਹਨ।
ਹੁਣ, ਇਹ ਨਵੇਂ ਸੁਧਾਰ ਸਾਨੂੰ ਹੋਰ ਅੱਗੇ ਲੈ ਜਾਣਗੇ, ਪ੍ਰਣਾਲੀ ਨੂੰ ਸੁਖਾਲਾ ਬਣਾਉਣਗੇ, ਵਿਆਜ ਦਰਾਂ ਘਟਾਉਣਗੇ ਅਤੇ ਲੋਕਾਂ ਦੇ ਹੱਥਾਂ ਵਿੱਚ ਵਧੇਰੇ ਬੱਚਤ ਹੋਵੇਗੀ।
ਸਾਡੇ ਲਘੂ ਉਦਯੋਗਾਂ, ਦੁਕਾਨਦਾਰਾਂ, ਵਪਾਰੀਆਂ, ਉੱਦਮੀਆਂ ਅਤੇ ਐੱਮਐੱਸਐੱਮਈ ਲਈ ਵੀ ਕਾਰੋਬਾਰ ਕਰਨ ਦੀ ਸੌਖ ਅਤੇ ਪਾਲਣਾ ਦੀ ਸੌਖ ਵਧੇਗੀ। ਘੱਟ ਟੈਕਸ, ਘੱਟ ਕੀਮਤਾਂ ਅਤੇ ਸੁਖਾਲੇ ਨਿਯਮਾਂ ਦਾ ਮਤਲਬ ਹੈ ਬਿਹਤਰ ਵਿਕਰੀ, ਘੱਟ ਪਾਲਣਾ ਬੋਝ ਅਤੇ ਮੌਕਿਆਂ ਵਿੱਚ ਵਾਧਾ, ਖ਼ਾਸਕਰ ਐੱਮਐੱਸਐੱਮਈ ਖੇਤਰ ਵਿੱਚ।
ਸਾਡਾ ਸਾਂਝਾ ਟੀਚਾ 2047 ਤੱਕ ਵਿਕਸਿਤ ਭਾਰਤ ਦੀ ਸਿਰਜਣਾ ਹੈ। ਇਸਨੂੰ ਹਾਸਲ ਕਰਨ ਲਈ, ਆਤਮ-ਨਿਰਭਰਤਾ ਦੇ ਰਾਹ 'ਤੇ ਚੱਲਣਾ ਲਾਜ਼ਮੀ ਹੈ। ਇਹ ਸੁਧਾਰ ਸਾਡੇ ਸਥਾਨਕ ਨਿਰਮਾਣ ਅਧਾਰ ਨੂੰ ਮਜ਼ਬੂਤ ਕਰਦੇ ਹਨ ਅਤੇ ਆਤਮ-ਨਿਰਭਰ ਭਾਰਤ ਲਈ ਰਾਹ ਪੱਧਰਾ ਕਰਦੇ ਹਨ।
ਇਸ ਨਾਲ ਜੁੜੇ ਇਸ ਤਿਉਹਾਰੀ ਸੀਜ਼ਨ ਵਿੱਚ, ਆਓ ਅਸੀਂ ਭਾਰਤ ਵਿੱਚ ਬਣੇ ਉਤਪਾਦਾਂ ਦਾ ਸਾਥ ਦੇਣ ਦਾ ਵੀ ਪ੍ਰਣ ਕਰੀਏ। ਇਸਦਾ ਮਤਲਬ ਹੈ ਕਿ ਸਵਦੇਸ਼ੀ ਉਤਪਾਦ ਖ਼ਰੀਦਣੇ ਜੋ ਭਾਰਤੀਆਂ ਦੀ ਸਖ਼ਤ ਮਿਹਨਤ ਅਤੇ ਖ਼ੂਨ-ਪਸੀਨੇ ਨਾਲ ਬਣੇ ਹੁੰਦੇ ਹਨ, ਭਾਵੇਂ ਉਨ੍ਹਾਂ ਨੂੰ ਬਣਾਉਣ ਵਾਲੀ ਕੋਈ ਵੀ ਕੰਪਨੀ ਜਾਂ ਬ੍ਰਾਂਡ ਹੋਵੇ।
ਹਰ ਵਾਰ ਜਦੋਂ ਤੁਸੀਂ ਸਾਡੇ ਆਪਣੇ ਕਾਰੀਗਰਾਂ, ਕਾਮਿਆਂ ਅਤੇ ਉਦਯੋਗਾਂ ਵੱਲੋਂ ਬਣਾਇਆ ਉਤਪਾਦ ਖ਼ਰੀਦਦੇ ਹੋ, ਤਾਂ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਅਤੇ ਸਾਡੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਪੈਦਾ ਕਰ ਰਹੇ ਹੋਵੋਗੇ।
ਮੈਂ ਆਪਣੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਉਤਪਾਦ ਵੇਚਣ ਜੋ ਭਾਰਤ ਵਿੱਚ ਬਣੇ ਹੋਣ।
ਆਓ ਮਾਣ ਨਾਲ ਕਹੀਏ - ਜੋ ਅਸੀਂ ਖ਼ਰੀਦਦੇ ਹਾਂ ਉਹ ਸਵਦੇਸ਼ੀ ਹੈ।
ਆਓ ਮਾਣ ਨਾਲ ਕਹੀਏ - ਜੋ ਅਸੀਂ ਵੇਚਦੇ ਹਾਂ ਉਹ ਸਵਦੇਸ਼ੀ ਹੈ।
ਮੈਂ ਸੂਬਾ ਸਰਕਾਰਾਂ ਨੂੰ ਉਦਯੋਗ, ਨਿਰਮਾਣ ਅਤੇ ਨਿਵੇਸ਼ ਮਾਹੌਲ ਵਿੱਚ ਸੁਧਾਰ ਨੂੰ ਹੁਲਾਰਾ ਦੇਣ ਦੀ ਵੀ ਅਪੀਲ ਕਰਦਾ ਹਾਂ।
ਇੱਕ ਵਾਰ ਫਿਰ, ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਰਾਤਿਆਂ ਦੀਆਂ ਤਹਿ-ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ 'ਜੀਐੱਸਟੀ ਬੱਚਤ ਉਤਸਵ' ਰਾਹੀਂ ਖ਼ੁਸ਼ੀ ਅਤੇ ਬੱਚਤ ਨਾਲ ਭਰਪੂਰ ਸੀਜ਼ਨ ਦੀ ਕਾਮਨਾ ਕਰਦਾ ਹਾਂ।
ਮੈਂ ਕਾਮਨਾ ਕਰਦਾ ਹਾਂ ਕਿ ਇਹ ਸੁਧਾਰ ਹਰ ਭਾਰਤੀ ਪਰਿਵਾਰ ਲਈ ਵਧੇਰੇ ਖ਼ੁਸ਼ਹਾਲੀ ਲੈ ਕੇ ਆਉਣ।




