ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕੋਇੰਬਟੂਰ ਦੀ ਪਵਿੱਤਰ ਧਰਤੀ 'ਤੇ ਮਰੂਧਮਲਾਈ ਦੇ ਭਗਵਾਨ ਮੁਰੂਗਨ ਨੂੰ ਨਮਨ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਕੋਇੰਬਟੂਰ ਨੂੰ ਸਭਿਆਚਾਰ, ਦਇਆ ਅਤੇ ਸਿਰਜਣਾਤਮਕਤਾ ਦੀ ਧਰਤੀ ਦੱਸਿਆ ਅਤੇ ਇਸ ਨੂੰ ਦੱਖਣੀ ਭਾਰਤ ਵਿੱਚ ਉੱਦਮਤਾ ਦੇ ਇੱਕ ਪਾਵਰ-ਹਾਊਸ ਵਜੋਂ ਸਵੀਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਦਾ ਕੱਪੜਾ ਸੈਕਟਰ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਇੰਬਟੂਰ ਨੇ ਹੁਣ ਹੋਰ ਨਾਂ ਕਮਾਇਆ ਹੈ, ਕਿਉਂਕਿ ਇਸ ਦੇ ਸਾਬਕਾ ਸੰਸਦ ਮੈਂਬਰ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ, ਹੁਣ ਉਪ ਰਾਸ਼ਟਰਪਤੀ ਵਜੋਂ ਦੇਸ਼ ਦੀ ਅਗਵਾਈ ਕਰ ਰਹੇ ਹਨ। ਇਹ ਦੱਸਦੇ ਹੋਏ ਕਿ ਕੁਦਰਤੀ ਖੇਤੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ, ਸ਼੍ਰੀ ਮੋਦੀ ਨੇ ਤਾਮਿਲਨਾਡੂ ਦੇ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ, ਉਦਯੋਗ ਭਾਈਵਾਲਾਂ, ਸਟਾਰਟਅੱਪ ਉੱਦਮਾਂ ਅਤੇ ਨਵੀਨਤਾ ਨੇਤਾਵਾਂ ਦੀ ਮੌਜੂਦਗੀ ਦਾ ਸਵਾਗਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਭਾਰਤੀ ਖੇਤੀਬਾੜੀ ਵਿੱਚ ਵੱਡੇ ਬਦਲਾਅ ਦੀ ਉਮੀਦ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਕੁਦਰਤੀ ਖੇਤੀ ਲਈ ਇੱਕ ਆਲਮੀ ਹੱਬ ਬਣਨ ਦੇ ਰਾਹ 'ਤੇ ਹੈ।" ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜੈਵ-ਵਿਭਿੰਨਤਾ ਬਦਲ ਰਹੀ ਹੈ ਅਤੇ ਨੌਜਵਾਨ ਹੁਣ ਖੇਤੀ ਨੂੰ ਇੱਕ ਆਧੁਨਿਕ, ਵੱਡੇ ਪੱਧਰ 'ਤੇ ਵਧ ਰਹੇ ਮੌਕੇ ਵਜੋਂ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਪੇਂਡੂ ਅਰਥ-ਵਿਵਸਥਾ ਨੂੰ ਬਹੁਤ ਮਜ਼ਬੂਤ ਕਰੇਗਾ।

ਪਿਛਲੇ 11 ਸਾਲਾਂ ਦੌਰਾਨ ਖੇਤੀਬਾੜੀ ਖੇਤਰ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਖੇਤੀਬਾੜੀ ਨਿਰਯਾਤ ਲਗਭਗ ਦੁੱਗਣੇ ਹੋ ਗਏ ਹਨ ਅਤੇ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਰਾਹ ਖੋਲ੍ਹਿਆ ਹੈ। ਇਹ ਦੱਸਦੇ ਹੋਏ ਕਿ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਯੋਜਨਾ ਰਾਹੀਂ ਹੀ, ਕਿਸਾਨਾਂ ਨੂੰ ਇਸ ਸਾਲ 10 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਤੋਂ ਪਸ਼ੂ ਪਾਲਣ ਅਤੇ ਮੱਛੀ ਪਾਲਣ ਖੇਤਰਾਂ ਨੂੰ ਕੇਸੀਸੀ ਦਾ ਲਾਭ ਦਿੱਤਾ ਗਿਆ ਸੀ, ਓਦੋਂ ਤੋਂ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਸ ਦਾ ਵੱਡੇ ਪੈਮਾਨੇ ’ਤੇ ਲਾਭ ਲੈ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੈਵਿਕ ਖਾਦਾਂ 'ਤੇ ਜੀਐੱਸਟੀ ਵਿੱਚ ਕਮੀ ਨਾਲ ਕਿਸਾਨਾਂ ਨੂੰ ਹੋਰ ਵੀ ਫਾਇਦਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦੇਰ ਪਹਿਲਾਂ ਹੀ, ਇਸੇ ਪਲੈਟਫਾਰਮ ਤੋਂ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਜਾਰੀ ਕੀਤੀ ਗਈ ਸੀ, ਜਿਸ ਨਾਲ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ 18,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਤਾਮਿਲਨਾਡੂ ਦੇ ਲੱਖਾਂ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪ੍ਰਾਪਤ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ, ਹੁਣ ਤੱਕ 4 ਲੱਖ ਕਰੋੜ ਰੁਪਏ ਸਿੱਧੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ, ਜਿਸ ਨਾਲ ਉਹ ਆਪਣੀਆਂ ਵੱਖ-ਵੱਖ ਖੇਤੀ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਨੇ ਇਸ ਪਹਿਲਕਦਮੀ ਦਾ ਲਾਭ ਲੈਣ ਵਾਲੇ ਲੱਖਾਂ ਕਿਸਾਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
21ਵੀਂ ਸਦੀ ਦੀ ਖੇਤੀਬਾੜੀ ਲਈ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ, ਵਧਦੀ ਮੰਗ ਕਾਰਨ ਖੇਤਾਂ ਅਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਰਸਾਇਣਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੀ ਹੈ, ਮਿੱਟੀ ਦੀ ਨਮੀ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਹਰ ਸਾਲ ਖੇਤੀ ਦੀ ਲਾਗਤ ਵਧਾ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਹੱਲ ਫ਼ਸਲ ਵਿਭਿੰਨਤਾ ਅਤੇ ਕੁਦਰਤੀ ਖੇਤੀ ਵਿੱਚ ਹੈ।

ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਅਤੇ ਫ਼ਸਲਾਂ ਦੇ ਪੌਸ਼ਟਿਕ ਮੁੱਲ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਕੁਦਰਤੀ ਖੇਤੀ ਦੇ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਦ੍ਰਿਸ਼ਟੀ ਅਤੇ ਜ਼ਰੂਰਤ ਦੋਵੇਂ ਹਨ। ਸਿਰਫ਼ ਓਦੋਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੁਦਰਤੀ ਖੇਤੀ ਸਾਨੂੰ ਜਲਵਾਯੂ ਪਰਿਵਰਤਨ ਅਤੇ ਮੌਸਮ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਵਿੱਚ ਮਦਦ ਕਰਦੀ ਹੈ, ਸਾਡੀ ਮਿੱਟੀ ਨੂੰ ਸਿਹਤਮੰਦ ਰੱਖਦੀ ਹੈ ਅਤੇ ਲੋਕਾਂ ਨੂੰ ਨੁਕਸਾਨਦੇਹ ਰਸਾਇਣਾਂ ਤੋਂ ਬਚਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਮਹੱਤਵਪੂਰਨ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ, ਸ਼੍ਰੀ ਮੋਦੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ, ਕੇਂਦਰ ਸਰਕਾਰ ਨੇ ਕੁਦਰਤੀ ਖੇਤੀ 'ਤੇ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਸੀ, ਜਿਸ ਵਿੱਚ ਪਹਿਲਾਂ ਹੀ ਲੱਖਾਂ ਕਿਸਾਨ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦੇ ਸਕਾਰਾਤਮਕ ਨਤੀਜੇ ਖਾਸ ਕਰਕੇ ਦੱਖਣੀ ਭਾਰਤ ਵਿੱਚ ਦਿਖਾਈ ਦੇ ਰਹੇ ਹਨ। ਇਕੱਲੇ ਤਾਮਿਲਨਾਡੂ ਵਿੱਚ, ਲਗਭਗ 35,000 ਹੈਕਟੇਅਰ ਜ਼ਮੀਨ ’ਤੇ ਹੁਣ ਜੈਵਿਕ ਅਤੇ ਕੁਦਰਤੀ ਖੇਤੀ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਕੁਦਰਤੀ ਖੇਤੀ ਭਾਰਤ ਦਾ ਇੱਕ ਸਵਦੇਸ਼ੀ ਸੰਕਲਪ ਹੈ, ਇਹ ਕਿਤੋਂ ਆਯਾਤ ਨਹੀਂ ਹੋਇਆ, ਸਗੋਂ ਪਰੰਪਰਾ ਵਿੱਚੋਂ ਪੈਦਾ ਹੋਇਆ ਹੈ ਅਤੇ ਵਾਤਾਵਰਨ ਨਾਲ ਜੁੜਿਆ ਹੋਇਆ ਹੈ।" ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਦੱਖਣੀ ਭਾਰਤ ਦੇ ਕਿਸਾਨ ਲਗਾਤਾਰ ਕੁਦਰਤੀ ਖੇਤੀ ਦੇ ਤਰੀਕੇ ਜਿਵੇਂ ਪੰਚਗਵਯ, ਜੀਵਅੰਮ੍ਰਿਤ, ਬੀਜਅੰਮ੍ਰਿਤ ਅਤੇ ਮਲਚਿੰਗ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਤਰੀਕੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ, ਫ਼ਸਲਾਂ ਨੂੰ ਰਸਾਇਣਾਂ ਤੋਂ ਮੁਕਤ ਰੱਖਦੇ ਹਨ ਅਤੇ ਫ਼ਸਲਾਂ ਦੀ ਲਾਗਤ ਘਟਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਮਾਤਾ ਦੀ ਰੱਖਿਆ ਲਈ ਸ਼੍ਰੀ ਅੰਨ ਭਾਵ ਬਾਜਰਾ ਦੀ ਖੇਤੀ ਨੂੰ ਕੁਦਰਤੀ ਖੇਤੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਤਾਮਿਲਨਾਡੂ ਵਿੱਚ ਭਗਵਾਨ ਮੁਰੂਗਨ ਨੂੰ ਥੇਨਮ ਥਿਨਾਈ ਮਾਵੁਮ ਭੇਟ ਕੀਤਾ ਜਾਂਦਾ ਹੈ ਜੋ ਸ਼ਹਿਦ ਅਤੇ ਸ਼੍ਰੀ ਅੰਨ ਨਾਲ ਬਣਦਾ ਹੈ। ਉਨ੍ਹਾਂ ਨੇ ਦੱਸਿਆ ਕਿ ਤਾਮਿਲ ਇਲਾਕਿਆਂ ਵਿੱਚ ਕੰਬੂ ਅਤੇ ਸਮਾਈ ਜਿਹੇ ਬਾਜਰੇ, ਕੇਰਲ ਅਤੇ ਕਰਨਾਟਕ ਵਿੱਚ ਰਾਗੀ ਅਤੇ ਤੇਲਗੂ ਭਾਸ਼ੀ ਸੂਬਿਆਂ ਵਿੱਚ ਸੱਜਾ ਅਤੇ ਜੋਨਾ ਜਹੇ ਬਾਜਰੇ ਪੀੜ੍ਹੀਆਂ ਤੋਂ ਰਵਾਇਤੀ ਖੁਰਾਕ ਦਾ ਹਿੱਸਾ ਰਹੇ ਹਨ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਸ ਸੁਪਰਫੂਡ ਨੂੰ ਵਿਸ਼ਵ ਬਾਜ਼ਾਰ ਵਿੱਚ ਲਿਜਾਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਦਰਤੀ ਅਤੇ ਰਸਾਇਣ-ਮੁਕਤ ਖੇਤੀ ਉਨ੍ਹਾਂ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਇਸ ਸਿਖਰ ਸੰਮੇਲਨ ਵਿੱਚ ਅਜਿਹੇ ਯਤਨਾਂ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਇੱਕ ਹੀ ਫ਼ਸਲ ਖੇਤੀ ਦੀ ਬਜਾਏ ਫ਼ਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਾਰ-ਵਾਰ ਅਪੀਲ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਦੱਖਣੀ ਭਾਰਤ ਦੇ ਕਈ ਖੇਤਰ ਇਸ ਸਬੰਧ ਵਿੱਚ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਰਲ ਅਤੇ ਕਰਨਾਟਕ ਦੇ ਪਹਾੜੀ ਖੇਤਰਾਂ ਵਿੱਚ ਛੱਤ (ਬਹੁ-ਮੰਜ਼ਿਲਾਂ) ਵਾਲੀ ਖੇਤੀ ਦੀਆਂ ਉਦਾਹਰਣਾਂ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਹੀ ਖੇਤ ਵਿੱਚ ਉੱਪਰ ਵਾਲੇ ਪਾਸੇ ਨਾਰੀਅਲ, ਸੁਪਾਰੀ ਅਤੇ ਫਲਾਂ ਦੇ ਪੌਦੇ ਉਗਾਏ ਜਾਂਦੇ ਹਨ, ਜਦੋਂ ਕਿ ਮਸਾਲੇ ਅਤੇ ਕਾਲੀ ਮਿਰਚ ਹੇਠਾਂ ਉਗਾਈ ਜਾਂਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿਹਾ ਕਿ ਛੋਟੇ ਪਲਾਟਾਂ 'ਤੇ ਅਜਿਹੀ ਏਕੀਕਰਿਤ ਖੇਤੀ ਕੁਦਰਤੀ ਖੇਤੀ ਦੇ ਮੂਲ ਵਿਚਾਰ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਦੇ ਇਸ ਮਾਡਲ ਨੂੰ ਪੂਰੇ ਭਾਰਤ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ 'ਤੇ ਵਿਚਾਰ ਕਰਨ ਕਿ ਇਨ੍ਹਾਂ ਤਰੀਕਿਆਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੱਖਣੀ ਭਾਰਤ ਖੇਤੀਬਾੜੀ ਦੀ ਇੱਕ ਜਿਊਂਦੀ-ਜਾਗਦੀ ਯੂਨੀਵਰਸਿਟੀ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਖੇਤਰ ਦੁਨੀਆ ਦੇ ਕੁਝ ਸਭ ਤੋਂ ਪੁਰਾਣੇ ਚਾਲੂ ਡੈਮਾਂ ਦਾ ਘਰ ਹੈ ਅਤੇ ਕਲਿੰਗਾਰਾਇਣ ਨਹਿਰ ਇੱਥੇ 13ਵੀਂ ਸਦੀ ਵਿੱਚ ਬਣਾਈ ਗਈ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰ ਦੇ ਮੰਦਿਰ ਤਲਾਅ ਵਿਕੇਂਦਰੀਕ੍ਰਿਤ ਜਲ ਸੰਭਾਲ ਪ੍ਰਣਾਲੀਆਂ ਦੇ ਮਾਡਲ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਧਰਤੀ ਨੇ ਹਜ਼ਾਰਾਂ ਸਾਲ ਪਹਿਲਾਂ ਖੇਤੀਬਾੜੀ ਲਈ ਨਦੀ ਦੇ ਪਾਣੀ ਨੂੰ ਨਿਯਮਤ ਕਰਕੇ ਵਿਗਿਆਨਕ ਜਲ ਇੰਜੀਨੀਅਰਿੰਗ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਖੇਤਰ ਦੇਸ਼ ਅਤੇ ਦੁਨੀਆ ਲਈ ਕੁਦਰਤੀ ਖੇਤੀ ਵਿੱਚ ਵੀ ਅਗਵਾਈ ਪ੍ਰਦਾਨ ਕਰੇਗਾ।
ਇੱਕ ਵਿਕਸਿਤ ਭਾਰਤ ਲਈ ਭਵਿੱਖਮੁਖੀ ਖੇਤੀਬਾੜੀ ਪ੍ਰਣਾਲੀ ਦੇ ਨਿਰਮਾਣ ਲਈ ਸਹਿਯੋਗੀ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ "ਇੱਕ ਏਕੜ, ਇੱਕ ਮੌਸਮ" ਕੁਦਰਤੀ ਖੇਤੀ ਅਪਣਾਉਣ ਅਤੇ ਇਸ ਦੇ ਨਤੀਜਿਆਂ ਦੇ ਅਧਾਰ 'ਤੇ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਗਿਆਨਕ ਅਤੇ ਖੋਜ ਸੰਸਥਾਵਾਂ ਨੂੰ ਕੁਦਰਤੀ ਖੇਤੀ ਨੂੰ ਖੇਤੀਬਾੜੀ ਪਾਠਕ੍ਰਮ ਦਾ ਮੁੱਖ ਹਿੱਸਾ ਬਣਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਖੇਤਾਂ ਨੂੰ ਜਿਊਂਦੀ-ਜਾਗਦੀ ਪ੍ਰਯੋਗਸ਼ਾਲਾਵਾਂ ਵਜੋਂ ਵਰਤਣ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਸਾਡਾ ਉਦੇਸ਼ ਕੁਦਰਤੀ ਖੇਤੀ ਨੂੰ ਪੂਰੀ ਤਰ੍ਹਾਂ ਵਿਗਿਆਨ-ਅਧਾਰਿਤ ਲਹਿਰ ਬਣਾਉਣਾ ਹੋਣਾ ਚਾਹੀਦਾ ਹੈ।"

ਸ਼੍ਰੀ ਮੋਦੀ ਨੇ ਇਸ ਮੁਹਿੰਮ ਵਿੱਚ ਰਾਜ ਸਰਕਾਰਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਭਰ ਵਿੱਚ 10,000 ਐੱਫਪੀਓ ਬਣਾਏ ਗਏ ਹਨ। ਉਨ੍ਹਾਂ ਦੇ ਸਮਰਥਨ ਨਾਲ, ਛੋਟੇ ਕਿਸਾਨ ਸਮੂਹ ਬਣਾਏ ਜਾ ਸਕਦੇ ਹਨ, ਜਿਨ੍ਹਾਂ ਨੂੰ ਸਫਾਈ, ਪੈਕੇਜਿੰਗ ਅਤੇ ਪ੍ਰੋਸੈਸਿੰਗ ਸਹੂਲਤਾਂ ਨਾਲ ਲੈਸ ਕੀਤਾ ਜਾ ਸਕਦਾ ਹੈ ਅਤੇ ਈ-ਨਾਮ ਵਰਗੇ ਔਨਲਾਈਨ ਬਾਜ਼ਾਰਾਂ ਨਾਲ ਸਿੱਧੇ ਤੌਰ 'ਤੇ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਰਵਾਇਤੀ ਗਿਆਨ, ਵਿਗਿਆਨਕ ਤਾਕਤ ਅਤੇ ਸਰਕਾਰੀ ਸਹਾਇਤਾ ਇਕੱਠੀ ਹੁੰਦੀ ਹੈ ਤਾਂ ਕਿਸਾਨ ਖੁਸ਼ਹਾਲ ਹੋਣਗੇ ਅਤੇ ਧਰਤੀ ਮਾਤਾ ਸਿਹਤਮੰਦ ਰਹੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਸ ਵਿਸ਼ਵਾਸ ਨਾਲ ਕੀਤੀ ਕਿ ਇਹ ਸਿਖਰ ਸੰਮੇਲਨ ਦੇਸ਼ ਵਿੱਚ ਕੁਦਰਤੀ ਖੇਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਲੈਟਫਾਰਮ ਤੋਂ ਨਵੇਂ ਵਿਚਾਰ ਅਤੇ ਨਵੇਂ ਹੱਲ ਨਿਕਲਣਗੇ।
ਇਸ ਸਮਾਗਮ ਵਿੱਚ ਤਾਮਿਲਨਾਡੂ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ, ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਅਤੇ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ
ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025, ਤਾਮਿਲਨਾਡੂ ਕੁਦਰਤੀ ਖੇਤੀ ਹਿਤਧਾਰਕ ਮੰਚ ਵੱਲੋਂ 19 ਤੋਂ 21 ਨਵੰਬਰ, 2025 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦਾ ਮੰਤਵ ਟਿਕਾਊ, ਵਾਤਾਵਰਨ-ਅਨੁਕੂਲ ਅਤੇ ਰਸਾਇਣ-ਮੁਕਤ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਭਾਰਤ ਦੇ ਖੇਤੀਬਾੜੀ ਭਵਿੱਖ ਲਈ ਇੱਕ ਵਿਹਾਰਕ, ਜਲਵਾਯੂ-ਅਨੁਕੂਲ ਅਤੇ ਆਰਥਿਕ ਤੌਰ 'ਤੇ ਟਿਕਾਊ ਮਾਡਲ ਵਜੋਂ ਕੁਦਰਤੀ ਅਤੇ ਮੁੜ-ਵਿਕਾਸ ਯੋਗ ਖੇਤੀ ਵੱਲ ਤਬਦੀਲੀ ਨੂੰ ਤੇਜ਼ ਕਰਨਾ ਹੈ।

ਇਹ ਸੰਮੇਲਨ ਕਿਸਾਨ ਉਤਪਾਦਕ ਅਦਾਰਿਆਂ (ਐੱਫਪੀਓ) ਅਤੇ ਪੇਂਡੂ ਉੱਦਮੀਆਂ ਲਈ ਮੰਡੀਆਂ ਨਾਲ ਸੰਪਰਕ ਬਣਾਉਣ 'ਤੇ ਵੀ ਕੇਂਦ੍ਰਿਤ ਹੋਵੇਗਾ। ਨਾਲ ਹੀ ਇਸ ਵਿੱਚ ਜੈਵਿਕ ਇਨਪੁਟਸ, ਖੇਤੀਬਾੜੀ-ਪ੍ਰੋਸੈਸਿੰਗ, ਵਾਤਾਵਰਨ-ਅਨੁਕੂਲ ਪੈਕੇਜਿੰਗ ਅਤੇ ਸਵਦੇਸ਼ੀ ਤਕਨੀਕਾਂ ਵਿੱਚ ਨਵੀਨਤਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਤਾਮਿਲਨਾਡੂ, ਪੁਡੂਚੇਰੀ, ਕੇਰਲ, ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ 50,000 ਤੋਂ ਵੱਧ ਕਿਸਾਨ, ਕੁਦਰਤੀ ਖੇਤੀ ਪ੍ਰੈਕਟੀਸ਼ਨਰ, ਵਿਗਿਆਨੀ, ਜੈਵਿਕ ਇਨਪੁਟ ਸਪਲਾਇਰ, ਵਿਕਰੇਤਾ ਅਤੇ ਹਿਤਧਾਰਕ ਹਿੱਸਾ ਲੈਣਗੇ।
Click here to read full text speech
India is on the path to becoming the global hub of natural farming. pic.twitter.com/7rsJEXtojO
— PMO India (@PMOIndia) November 19, 2025
The youth of India are increasingly recognising agriculture as a modern and scalable opportunity.
— PMO India (@PMOIndia) November 19, 2025
This will greatly empower the rural economy. pic.twitter.com/kv4NGRmYrr
Natural farming is India’s own indigenous idea. It is rooted in our traditions and suited to our environment. pic.twitter.com/BV3gEHVE7n
— PMO India (@PMOIndia) November 19, 2025
One Acre, One Season...
— PMO India (@PMOIndia) November 19, 2025
PM @narendramodi’s request to farmers to practice natural farming on one acre of land for one season. pic.twitter.com/mOqgeaKxiI
Our goal must be to make natural farming a fully science-backed movement. pic.twitter.com/rKypedTdqP
— PMO India (@PMOIndia) November 19, 2025


