ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਵਿੱਚ 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਅਤੇ ਲੋਕਾਂ ਦਾ ਸਵਾਗਤ ਕੀਤਾ। 17 ਸਤੰਬਰ ਨੂੰ ਉਨ੍ਹਾਂ ਨੂੰ ਭੇਜੀਆਂ ਗਈਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਪਿਆਰ ਤਾਕਤ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ ਵਿਸ਼ਵਕਰਮਾ ਜਯੰਤੀ ਤੋਂ ਗਾਂਧੀ ਜਯੰਤੀ ਤੱਕ, ਯਾਨੀ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2-3 ਦਿਨਾਂ ਵਿੱਚ ਗੁਜਰਾਤ ਵਿੱਚ ਕਈ ਸੇਵਾ-ਮੁਖੀ ਗਤੀਵਿਧੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਸ ਵਿੱਚ ਲੱਖਾਂ ਨਾਗਰਿਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਸੂਬੇ ਭਰ ਵਿੱਚ 30,000 ਤੋਂ ਵੱਧ ਸਿਹਤ ਕੈਂਪ ਲਗਾਏ ਗਏ ਹਨ, ਜਿਸ ਵਿੱਚ ਜਨਤਾ ਅਤੇ ਖ਼ਾਸਕਰ ਔਰਤਾਂ ਨੂੰ ਡਾਕਟਰੀ ਜਾਂਚ ਅਤੇ ਇਲਾਜ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਸੇਵਾ ਗਤੀਵਿਧੀਆਂ ਵਿੱਚ ਸ਼ਾਮਲ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕ੍ਰਿਸ਼ਨਕੁਮਾਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂਆਤ ਕੀਤੀ, ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਯਾਦ ਕੀਤਾ ਅਤੇ ਟਿੱਪਣੀ ਕੀਤੀ ਕਿ ਕ੍ਰਿਸ਼ਨਕੁਮਾਰ ਸਿੰਘ ਜੀ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਮਿਸ਼ਨ ਨਾਲ ਜੁੜ ਕੇ ਭਾਰਤ ਦੀ ਏਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅਜਿਹੇ ਮਹਾਨ ਦੇਸ਼ ਭਗਤਾਂ ਤੋਂ ਪ੍ਰੇਰਿਤ ਹੋ ਕੇ, ਰਾਸ਼ਟਰ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਸੰਕਲਪ ਨੂੰ ਇਨ੍ਹਾਂ ਸਮੂਹਿਕ ਯਤਨਾਂ ਰਾਹੀਂ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਜ਼ਿਕਰ ਕਰਦੇ ਹੋਏ ਕਿ ਉਹ ਭਾਵਨਗਰ ਵਿੱਚ ਇੱਕ ਅਜਿਹੇ ਸਮੇਂ ਪਹੁੰਚੇ ਸਨ ਜਦੋਂ ਨਵਰਾਤਰੀ ਦਾ ਸ਼ੁਭ ਤਿਉਹਾਰ ਸ਼ੁਰੂ ਹੋਣ ਵਾਲਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਜੀਐੱਸਟੀ ਵਿੱਚ ਕਟੌਤੀ ਦੇ ਕਾਰਨ, ਬਾਜ਼ਾਰਾਂ ਵਿੱਚ ਜੀਵੰਤਤਾ ਅਤੇ ਤਿਉਹਾਰਾਂ ਦਾ ਉਤਸ਼ਾਹ ਵਧੇਗਾ। ਇਸ ਜਸ਼ਨ ਭਰੇ ਮਾਹੌਲ ਵਿੱਚ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ 'ਸਮੁੰਦਰ ਸੇ ਸਮ੍ਰਿੱਧੀ' ਦਾ ਇੱਕ ਵੱਡਾ ਤਿਉਹਾਰ ਮਨਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਸਮੁੰਦਰ ਨੂੰ ਮੌਕੇ ਦੇ ਇੱਕ ਵੱਡੇ ਰਾਹ ਵਜੋਂ ਦੇਖਦਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੁਣੇ ਹੀ ਹੋਇਆ ਹੈ ਅਤੇ ਬੰਦਰਗਾਹ-ਅਧਾਰਤ ਵਿਕਾਸ ਨੂੰ ਤੇਜ਼ ਕਰਨ ਲਈ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕਰੂਜ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ, ਮੁੰਬਈ ਵਿੱਚ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਦਾ ਵੀ ਅੱਜ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵਨਗਰ ਅਤੇ ਗੁਜਰਾਤ ਨਾਲ ਜੁੜੇ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੇ ਸਾਰੇ ਨਾਗਰਿਕਾਂ ਅਤੇ ਗੁਜਰਾਤ ਦੇ ਲੋਕਾਂ ਨੂੰ ਆਪਣੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

“ਭਾਰਤ ਆਲਮੀ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ ਅਤੇ ਅੱਜ ਦੁਨੀਆ ਵਿੱਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਹੈ, ਪਰ ਅਸਲ ਸ਼ਬਦਾਂ ਵਿੱਚ, ਭਾਰਤ ਦਾ ਸਭ ਤੋਂ ਵੱਡਾ ਵਿਰੋਧੀ ਦੂਜੇ ਦੇਸ਼ਾਂ 'ਤੇ ਨਿਰਭਰਤਾ ਹੈ”, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਿਰਭਰਤਾ ਨੂੰ ਸਮੂਹਿਕ ਤੌਰ 'ਤੇ ਮਾਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੁਹਰਾਇਆ ਕਿ ਜ਼ਿਆਦਾ ਵਿਦੇਸ਼ੀ ਨਿਰਭਰਤਾ ਵੱਡੀ ਰਾਸ਼ਟਰੀ ਅਸਫਲਤਾ ਵੱਲ ਲੈ ਜਾਂਦੀ ਹੈ। ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ, ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਨੂੰ ਆਤਮ-ਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਚੌਕਸ ਕਰਦਿਆਂ ਕਿਹਾ ਕਿ ਦੂਜਿਆਂ 'ਤੇ ਨਿਰਭਰਤਾ ਰਾਸ਼ਟਰੀ ਸਵੈ-ਮਾਣ ਨਾਲ ਸਮਝੌਤਾ ਕਰਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ 1.4 ਅਰਬ ਭਾਰਤੀਆਂ ਦੇ ਭਵਿੱਖ ਨੂੰ ਬਾਹਰੀ ਤਾਕਤਾਂ ਦੇ ਰਹਿਮ 'ਤੇ ਨਹੀਂ ਛੱਡਿਆ ਜਾ ਸਕਦਾ, ਨਾ ਹੀ ਰਾਸ਼ਟਰੀ ਵਿਕਾਸ ਦਾ ਇਰਾਦਾ ਵਿਦੇਸ਼ੀ ਨਿਰਭਰਤਾ 'ਤੇ ਅਧਾਰਤ ਹੋ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਜੋਖ਼ਮ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਐਲਾਨ ਕੀਤਾ ਕਿ 100 ਸਮੱਸਿਆਵਾਂ ਦਾ ਹੱਲ ਇੱਕ ਹੈ - ਆਤਮਨਿਰਭਰ ਭਾਰਤ ਦਾ ਨਿਰਮਾਣ। ਇਸ ਨੂੰ ਹਾਸਲ ਕਰਨ ਲਈ, ਭਾਰਤ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਬਾਹਰੀ ਨਿਰਭਰਤਾ ਨੂੰ ਘਟਾਉਣਾ ਚਾਹੀਦਾ ਹੈ ਅਤੇ ਅਸਲ ਆਤਮ-ਨਿਰਭਰਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਇਹ ਸਮਝਾਉਂਦੇ ਹੋਏ ਕਿ ਭਾਰਤ ਵਿੱਚ ਕਦੇ ਵੀ ਸਮਰੱਥਾ ਦੀ ਕਮੀ ਨਹੀਂ ਰਹੀ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅਜ਼ਾਦੀ ਤੋਂ ਬਾਅਦ, ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਦੇਸ਼ ਦੀਆਂ ਅੰਦਰੂਨੀ ਤਾਕਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ। ਨਤੀਜੇ ਵਜੋਂ, ਅਜ਼ਾਦੀ ਦੇ ਛੇ ਤੋਂ ਸੱਤ ਦਹਾਕਿਆਂ ਬਾਅਦ ਵੀ, ਭਾਰਤ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ, ਜਿਸ ਦਾ ਉਹ ਅਸਲ ਵਿੱਚ ਹੱਕਦਾਰ ਸੀ। ਪ੍ਰਧਾਨ ਮੰਤਰੀ ਨੇ ਇਸਦੇ ਦੋ ਮੁੱਖ ਕਾਰਨਾਂ ਨੂੰ ਚਿੰਨ੍ਹਤ ਕੀਤਾ: ਲਾਇਸੈਂਸ-ਕੋਟਾ ਸ਼ਾਸਨ ਵਿੱਚ ਲੰਬੇ ਸਮੇਂ ਤੱਕ ਉਲਝਣਾ ਅਤੇ ਆਲਮੀ ਬਜ਼ਾਰਾਂ ਤੋਂ ਵੱਖ ਹੋਣਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵਿਸ਼ਵੀਕਰਨ ਦਾ ਯੁੱਗ ਆਇਆ, ਤਾਂ ਉਸ ਸਮੇਂ ਦੀਆਂ ਸੱਤਾਧਾਰੀ ਸਰਕਾਰਾਂ ਨੇ ਸਿਰਫ਼ ਆਯਾਤ 'ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਕਾਰਨ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੋਏ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਅਤੇ ਦੇਸ਼ ਦੀ ਅਸਲ ਸੰਭਾਵਨਾ ਨੂੰ ਉਭਰਨ ਤੋਂ ਰੋਕਿਆ।
ਭਾਰਤ ਦੇ ਜਹਾਜ਼ਰਾਨੀ ਸੈਕਟਰ ਨੂੰ ਨੁਕਸਦਾਰ ਨੀਤੀਆਂ ਕਾਰਨ ਹੋਏ ਨੁਕਸਾਨ ਦੀ ਇੱਕ ਵੱਡੀ ਉਦਾਹਰਣ ਵਜੋਂ ਦਰਸਾਉਂਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਇਤਿਹਾਸਕ ਤੌਰ 'ਤੇ ਇੱਕ ਮੋਹਰੀ ਸਮੁੰਦਰੀ ਸ਼ਕਤੀ ਅਤੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨਿਰਮਾਣ ਕੇਂਦਰਾਂ ਵਿੱਚੋਂ ਇੱਕ ਸੀ। ਭਾਰਤ ਦੇ ਤਟਵਰਤੀ ਸੂਬਿਆਂ ਵਿੱਚ ਬਣੇ ਜਹਾਜ਼ ਕਦੇ ਘਰੇਲੂ ਅਤੇ ਆਲਮੀ ਵਪਾਰ ਨੂੰ ਚਲਾਉਂਦੇ ਸਨ। ਪੰਜਾਹ ਸਾਲ ਪਹਿਲਾਂ ਵੀ, ਭਾਰਤ ਘਰੇਲੂ ਤੌਰ 'ਤੇ ਬਣੇ ਜਹਾਜ਼ਾਂ ਦੀ ਵਰਤੋਂ ਕਰਦਾ ਸੀ ਅਤੇ 40 ਪ੍ਰਤੀਸ਼ਤ ਤੋਂ ਵੱਧ ਆਯਾਤ ਅਤੇ ਨਿਰਯਾਤ ਇਨ੍ਹਾਂ ਰਾਹੀਂ ਹੁੰਦਾ ਸੀ। ਪ੍ਰਧਾਨ ਮੰਤਰੀ ਨੇ ਮੌਜੂਦਾ ਵਿਰੋਧੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਅਦ ਵਿੱਚ ਜਹਾਜ਼ਰਾਨੀ ਸੈਕਟਰ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋਇਆ ਅਤੇ ਘਰੇਲੂ ਜਹਾਜ਼ ਨਿਰਮਾਣ ਨੂੰ ਮਜ਼ਬੂਤ ਕਰਨ ਦੀ ਬਜਾਏ, ਉਨ੍ਹਾਂ ਨੇ ਵਿਦੇਸ਼ੀ ਜਹਾਜ਼ਾਂ ਨੂੰ ਮਾਲ ਭਾੜਾ ਦੇਣਾ ਚੁਣਿਆ। ਇਸ ਨਾਲ ਭਾਰਤ ਦਾ ਜਹਾਜ਼ ਨਿਰਮਾਣ ਈਕੋਸਿਸਟਮ ਢਹਿ-ਢੇਰੀ ਹੋ ਗਿਆ ਅਤੇ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰਤਾ ਮਜਬੂਰੀ ਬਣ ਗਈ। ਨਤੀਜੇ ਵਜੋਂ, ਵਪਾਰ ਵਿੱਚ ਭਾਰਤੀ ਜਹਾਜ਼ਾਂ ਦਾ ਹਿੱਸਾ 40 ਪ੍ਰਤੀਸ਼ਤ ਤੋਂ ਘਟ ਕੇ ਸਿਰਫ਼ 5 ਪ੍ਰਤੀਸ਼ਤ ਰਹਿ ਗਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ, ਭਾਰਤ ਦੇ ਵਪਾਰ ਦਾ 95 ਪ੍ਰਤੀਸ਼ਤ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰ ਕਰਦਾ ਹੈ - ਜੋ ਇੱਕ ਅਜਿਹੀ ਨਿਰਭਰਤਾ ਹੈ, ਜਿਸ ਨੇ ਦੇਸ਼ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।

ਰਾਸ਼ਟਰ ਦੇ ਸਾਹਮਣੇ ਕੁਝ ਅੰਕੜੇ ਪੇਸ਼ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਨਾਗਰਿਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਭਾਰਤ ਹਰ ਸਾਲ ਵਿਦੇਸ਼ੀ ਸ਼ਿਪਿੰਗ ਕੰਪਨੀਆਂ ਨੂੰ ਜਹਾਜ਼ਰਾਨੀ ਸੇਵਾਵਾਂ ਲਈ ਲਗਭਗ 75 ਬਿਲੀਅਨ ਡਾਲਰ - ਲਗਭਗ ਛੇ ਲੱਖ ਕਰੋੜ ਰੁਪਏ - ਅਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਰਕਮ ਭਾਰਤ ਦੇ ਮੌਜੂਦਾ ਰੱਖਿਆ ਬਜਟ ਦੇ ਲਗਭਗ ਬਰਾਬਰ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਲਪਨਾ ਕਰਨ ਕਿ ਪਿਛਲੇ ਸੱਤ ਦਹਾਕਿਆਂ ਦੌਰਾਨ ਦੂਜੇ ਦੇਸ਼ਾਂ ਨੂੰ ਮਾਲ ਭਾੜੇ ਦੇ ਖਰਚਿਆਂ ਵਿੱਚ ਕਿੰਨਾ ਪੈਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੰਡਾਂ ਦੇ ਇਸ ਤਰ੍ਹਾਂ ਬਾਹਰ ਜਾਣ ਨਾਲ ਵਿਦੇਸ਼ਾਂ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਈਆਂ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਇਸ ਖਰਚੇ ਦਾ ਥੋੜ੍ਹਾ ਜਿਹਾ ਹਿੱਸਾ ਵੀ ਭਾਰਤ ਦੇ ਜਹਾਜ਼ਰਾਨੀ ਉਦਯੋਗ ਵਿੱਚ ਪਹਿਲੀਆਂ ਸਰਕਾਰਾਂ ਵਲੋਂ ਨਿਵੇਸ਼ ਕੀਤਾ ਜਾਂਦਾ, ਤਾਂ ਅੱਜ ਦੁਨੀਆ ਭਾਰਤੀ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੁੰਦੀ, ਅਤੇ ਭਾਰਤ ਜਹਾਜ਼ਰਾਨੀ ਸੇਵਾਵਾਂ ਵਿੱਚ ਲੱਖਾਂ ਕਰੋੜ ਕਮਾ ਰਿਹਾ ਹੁੰਦਾ।
ਪ੍ਰਧਾਨ ਮੰਤਰੀ ਨੇ ਕਿਹਾ, "ਜੇਕਰ ਭਾਰਤ ਨੇ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨਾ ਹੈ, ਤਾਂ ਇਸਨੂੰ ਆਤਮ-ਨਿਰਭਰ ਬਣਨਾ ਪਵੇਗਾ, ਆਤਮ-ਨਿਰਭਰਤਾ ਦਾ ਕੋਈ ਬਦਲ ਨਹੀਂ ਹੈ ਅਤੇ ਸਾਰੇ 140 ਕਰੋੜ ਨਾਗਰਿਕਾਂ ਨੂੰ ਇੱਕੋ ਸੰਕਲਪ ਲਈ ਵਚਨਬੱਧ ਹੋਣਾ ਚਾਹੀਦਾ ਹੈ - ਭਾਵੇਂ ਇਹ ਚਿੱਪਾਂ ਹੋਣ ਜਾਂ ਜਹਾਜ਼, ਉਹ ਭਾਰਤ ਵਿੱਚ ਹੀ ਬਣਾਏ ਜਾਣੇ ਚਾਹੀਦੇ ਹਨ"। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨਾਲ, ਭਾਰਤ ਦਾ ਸਮੁੰਦਰੀ ਖੇਤਰ ਹੁਣ ਅਗਲੀ ਪੀੜ੍ਹੀ ਦੇ ਸੁਧਾਰਾਂ ਵੱਲ ਵਧ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ, ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਕਈ ਦਸਤਾਵੇਜ਼ਾਂ ਅਤੇ ਖੰਡਿਤ ਪ੍ਰਕਿਰਿਆਵਾਂ ਤੋਂ ਮੁਕਤ ਕਰ ਦਿੱਤਾ ਜਾਵੇਗਾ। 'ਇੱਕ ਰਾਸ਼ਟਰ, ਇੱਕ ਦਸਤਾਵੇਜ਼' ਅਤੇ 'ਇੱਕ ਰਾਸ਼ਟਰ, ਇੱਕ ਬੰਦਰਗਾਹ' ਪ੍ਰਕਿਰਿਆ ਨੂੰ ਲਾਗੂ ਕਰਨ ਨਾਲ ਵਪਾਰ ਅਤੇ ਵਣਜ ਨੂੰ ਸੁਖਾਲ਼ਾ ਬਣਾਇਆ ਜਾਵੇਗਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਮਾਨਸੂਨ ਸੈਸ਼ਨ ਦੌਰਾਨ, ਬਸਤੀਵਾਦੀ ਯੁੱਗ ਦੇ ਕਈ ਪੁਰਾਣੇ ਕਾਨੂੰਨਾਂ ਵਿੱਚ ਸੋਧ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੁੰਦਰੀ ਖੇਤਰ ਵਿੱਚ ਸੁਧਾਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਪੰਜ ਸਮੁੰਦਰੀ ਕਾਨੂੰਨਾਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਕਾਨੂੰਨ ਜਹਾਜ਼ਰਾਨੀ ਅਤੇ ਬੰਦਰਗਾਹ ਪ੍ਰਸ਼ਾਸਨ ਵਿੱਚ ਵੱਡੇ ਬਦਲਾਅ ਲਿਆਉਣਗੇ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਸਦੀਆਂ ਤੋਂ ਵੱਡੇ ਜਹਾਜ਼ ਬਣਾਉਣ ਵਿੱਚ ਮਾਹਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅਗਲੀ ਪੀੜ੍ਹੀ ਦੇ ਸੁਧਾਰ ਇਸ ਭੁੱਲੀ-ਵਿਸਰੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਵਿੱਚ, 40 ਤੋਂ ਵੱਧ ਜਹਾਜ਼ ਅਤੇ ਪਣਡੁੱਬੀਆਂ ਨੂੰ ਨੌਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇੱਕ ਜਾਂ ਦੋ ਨੂੰ ਛੱਡ ਕੇ, ਬਾਕੀ ਸਾਰੇ ਭਾਰਤ ਵਿੱਚ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਾਲ ਆਈਐੱਨਐੱਸ ਵਿਕਰਾਂਤ ਵੀ ਘਰੇਲੂ ਤੌਰ 'ਤੇ ਬਣਾਇਆ ਗਿਆ ਸੀ, ਜਿਸ ਵਿੱਚ ਇਸਦੇ ਉਤਪਾਦਨ ਵਿੱਚ ਵਰਤਿਆ ਜਾਣ ਵਾਲਾ ਉੱਚ-ਗੁਣਵੱਤਾ ਵਾਲਾ ਸਟੀਲ ਵੀ ਸ਼ਾਮਲ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਕੋਲ ਸਮਰੱਥਾ ਹੈ ਅਤੇ ਇਸ ਵਿੱਚ ਕੋਈ ਹੁਨਰ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਵੱਡੇ ਜਹਾਜ਼ ਬਣਾਉਣ ਲਈ ਲੋੜੀਂਦੀ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਮੌਜੂਦ ਹੈ।

ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੱਲ੍ਹ ਇੱਕ ਇਤਿਹਾਸਕ ਫੈਸਲਾ ਲਏ ਜਾਣ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇੱਕ ਵੱਡੇ ਨੀਤੀ ਸੁਧਾਰ ਦਾ ਐਲਾਨ ਕੀਤਾ ਜਿਸ ਦੇ ਤਹਿਤ ਵੱਡੇ ਜਹਾਜ਼ਾਂ ਨੂੰ ਹੁਣ ਬੁਨਿਆਦੀ ਢਾਂਚੇ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਕਿਸੇ ਖੇਤਰ ਨੂੰ ਬੁਨਿਆਦੀ ਢਾਂਚੇ ਦੀ ਮਾਨਤਾ ਮਿਲਦੀ ਹੈ, ਤਾਂ ਇਸਨੂੰ ਮਹੱਤਵਪੂਰਨ ਲਾਭ ਮਿਲਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਹਾਜ਼ ਨਿਰਮਾਣ ਕੰਪਨੀਆਂ ਨੂੰ ਹੁਣ ਬੈਂਕਾਂ ਤੋਂ ਕਰਜ਼ੇ ਹਾਸਲ ਕਰਨਾ ਸੌਖਾ ਹੋ ਜਾਵੇਗਾ ਅਤੇ ਘਟੀਆਂ ਵਿਆਜ ਦਰਾਂ ਦਾ ਲਾਭ ਮਿਲੇਗਾ। ਬੁਨਿਆਦੀ ਢਾਂਚੇ ਦੇ ਵਿੱਤ ਨਾਲ ਜੁੜੇ ਸਾਰੇ ਲਾਭ ਹੁਣ ਇਨ੍ਹਾਂ ਜਹਾਜ਼ ਨਿਰਮਾਣ ਉੱਦਮਾਂ ਨੂੰ ਦਿੱਤੇ ਜਾਣਗੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਭਾਰਤੀ ਸ਼ਿਪਿੰਗ ਕੰਪਨੀਆਂ 'ਤੇ ਵਿੱਤੀ ਬੋਝ ਨੂੰ ਘਟਾਏਗਾ ਅਤੇ ਉਨ੍ਹਾਂ ਨੂੰ ਆਲਮੀ ਬਜ਼ਾਰ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰੇਗਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਨੂੰ ਇੱਕ ਵੱਡੀ ਸਮੁੰਦਰੀ ਸ਼ਕਤੀ ਬਣਾਉਣ ਲਈ, ਸਰਕਾਰ ਤਿੰਨ ਵੱਡੀਆਂ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਪਹਿਲਕਦਮੀਆਂ ਜਹਾਜ਼ ਨਿਰਮਾਣ ਖੇਤਰ ਲਈ ਵਿੱਤੀ ਸਹਾਇਤਾ ਨੂੰ ਸੌਖਾ ਬਣਾਉਣਗੀਆਂ, ਜਹਾਜ਼ਾਂ ਨੂੰ ਆਧੁਨਿਕ ਤਕਨਾਲੋਜੀ ਅਪਣਾਉਣ ਵਿੱਚ ਸਹਾਇਤਾ ਕਰਨਗੀਆਂ, ਅਤੇ ਡਿਜ਼ਾਈਨ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਬਿਹਤਰ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਯੋਜਨਾਵਾਂ ਵਿੱਚ ₹70,000 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ।
ਇਹ ਯਾਦ ਕਰਦੇ ਹੋਏ ਕਿ 2007 ਵਿੱਚ, ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਜਹਾਜ਼ ਨਿਰਮਾਣ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਗੁਜਰਾਤ ਵਿੱਚ ਇੱਕ ਵੱਡਾ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਉਸ ਸਮੇਂ ਦੌਰਾਨ ਸੀ ਜਦੋਂ ਗੁਜਰਾਤ ਨੇ ਇੱਕ ਜਹਾਜ਼ ਨਿਰਮਾਣ ਈਕੋਸਿਸਟਮ ਵਿਕਸਤ ਕਰਨ ਲਈ ਮਦਦ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦੇਸ਼ ਭਰ ਵਿੱਚ ਜਹਾਜ਼ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਲਈ ਵਿਆਪਕ ਕਦਮ ਚੁੱਕ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਹਾਜ਼ ਨਿਰਮਾਣ ਇੱਕ ਆਮ ਉਦਯੋਗ ਨਹੀਂ ਹੈ; ਇਸਨੂੰ ਵਿਸ਼ਵ ਪੱਧਰ 'ਤੇ "ਸਾਰੇ ਉਦਯੋਗਾਂ ਦੀ ਮਾਂ" ਆਖਿਆ ਜਾਂਦਾ ਹੈ ਕਿਉਂਕਿ ਇਹ ਕਈ ਸਹਿਯੋਗੀ ਖੇਤਰਾਂ ਦੇ ਵਿਕਾਸ ਨੂੰ ਅੱਗੇ ਵਧਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟੀਲ, ਮਸ਼ੀਨਰੀ, ਇਲੈਕਟ੍ਰਾਨਿਕਸ, ਟੈਕਸਟਾਈਲ, ਪੇਂਟ ਅਤੇ ਆਈਟੀ ਸਿਸਟਮ ਵਰਗੇ ਉਦਯੋਗ ਸਾਰੇ ਜਹਾਜ਼ ਨਿਰਮਾਣ ਖੇਤਰ ਤੋਂ ਮਦਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਅਹਿਮ ਲਾਭ ਸਿਰਜਦਾ ਹੈ। ਇੱਕ ਖੋਜ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਹਾਜ਼ ਨਿਰਮਾਣ ਵਿੱਚ ਨਿਵੇਸ਼ ਕੀਤਾ ਗਿਆ ਹਰ ਰੁਪਇਆ ਲਗਭਗ ਦੁੱਗਣਾ ਆਰਥਿਕ ਲਾਭ ਪੈਦਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਜਹਾਜ਼ ਨਿਰਮਾਣ ਵਿੱਚ ਪੈਦਾ ਹੋਈ ਹਰ ਨੌਕਰੀ ਸਪਲਾਈ ਲੜੀ ਵਿੱਚ ਛੇ ਤੋਂ ਸੱਤ ਨਵੀਆਂ ਨੌਕਰੀਆਂ ਪੈਦਾ ਕਰਦੀ ਹੈ, ਭਾਵ 100 ਜਹਾਜ਼ ਨਿਰਮਾਣ ਨੌਕਰੀਆਂ ਨਾਲ ਸਬੰਧਤ ਖੇਤਰਾਂ ਵਿੱਚ 600 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ, ਜੋ ਕਿ ਜਹਾਜ਼ ਨਿਰਮਾਣ ਉਦਯੋਗ ਦੇ ਵਿਸ਼ਾਲ ਗੁਣਕ ਪ੍ਰਭਾਵ ਨੂੰ ਉਜਾਗਰ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਹਾਜ਼ ਨਿਰਮਾਣ ਲਈ ਲੋੜੀਂਦੇ ਜ਼ਰੂਰੀ ਹੁਨਰ ਸੈੱਟਾਂ ਨੂੰ ਮਜ਼ਬੂਤ ਕਰਨ ਲਈ ਕੇਂਦ੍ਰਿਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਦੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈਜ਼) ਇਸ ਪਹਿਲਕਦਮੀ ਵਿੱਚ ਮੁੱਖ ਭੂਮਿਕਾ ਨਿਭਾਉਣਗੇ, ਅਤੇ ਮੈਰੀਟਾਈਮ ਯੂਨੀਵਰਸਿਟੀ ਦੇ ਯੋਗਦਾਨ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਸਾਲਾਂ ਵਿੱਚ, ਤਟਵਰਤੀ ਖੇਤਰਾਂ ਵਿੱਚ ਨੌਸੈਨਾ ਅਤੇ ਐੱਨਸੀਸੀ ਦਰਮਿਆਨ ਤਾਲਮੇਲ ਰਾਹੀਂ ਨਵੇਂ ਢਾਂਚੇ ਵਿਕਸਤ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਐੱਨਸੀਸੀ ਕੈਡਿਟਾਂ ਨੂੰ ਹੁਣ ਨਾ ਸਿਰਫ਼ ਨੌਸੈਨਾ ਦੀਆਂ ਭੂਮਿਕਾਵਾਂ ਲਈ, ਸਗੋਂ ਵਪਾਰਕ ਸਮੁੰਦਰੀ ਖੇਤਰ ਵਿੱਚ ਜ਼ਿੰਮੇਵਾਰੀਆਂ ਲਈ ਵੀ ਤਿਆਰ ਕੀਤਾ ਜਾਵੇਗਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅੱਜ ਦਾ ਭਾਰਤ ਇੱਕ ਵੱਖਰੀ ਗਤੀ ਨਾਲ ਅੱਗੇ ਵਧ ਰਿਹਾ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਰਾਸ਼ਟਰ ਨਾ ਸਿਰਫ਼ ਅਭਿਲਾਸ਼ੀ ਟੀਚੇ ਤੈਅ ਕਰਦਾ ਹੈ ਬਲਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹਾਸਲ ਵੀ ਕਰਦਾ ਹੈ। ਸੌਰ ਖੇਤਰ ਵਿੱਚ, ਭਾਰਤ ਆਪਣੇ ਟੀਚਿਆਂ ਨੂੰ ਚਾਰ ਤੋਂ ਪੰਜ ਸਾਲ ਪਹਿਲਾਂ ਹਾਸਲ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਿਆਰਾਂ ਸਾਲ ਪਹਿਲਾਂ ਬੰਦਰਗਾਹ-ਅਧਾਰਤ ਵਿਕਾਸ ਲਈ ਤੈਅ ਕੀਤੇ ਗਏ ਮੰਤਵ ਹੁਣ ਸ਼ਾਨਦਾਰ ਸਫਲਤਾ ਨਾਲ ਪੂਰੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਵੱਡੇ ਜਹਾਜ਼ਾਂ ਨੂੰ ਅਨੁਕੂਲ ਬਣਾਉਣ ਲਈ ਵੱਡੇ ਬੰਦਰਗਾਹ ਵਿਕਸਤ ਕੀਤੇ ਜਾ ਰਹੇ ਹਨ, ਅਤੇ ਸਾਗਰਮਾਲਾ ਵਰਗੀਆਂ ਪਹਿਲਕਦਮੀਆਂ ਰਾਹੀਂ ਸੰਪਰਕ ਵਧਾਇਆ ਜਾ ਰਿਹਾ ਹੈ।
ਇਹ ਨੋਟ ਕਰਦੇ ਹੋਏ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ, ਭਾਰਤ ਨੇ ਆਪਣੀ ਬੰਦਰਗਾਹ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2014 ਤੋਂ ਪਹਿਲਾਂ, ਭਾਰਤ ਵਿੱਚ ਔਸਤ ਜਹਾਜ਼ਾਂ ਦੇ ਮੁੜਨ ਦਾ ਸਮਾਂ ਦੋ ਦਿਨ ਸੀ, ਜਦਕਿ ਅੱਜ ਇਹ ਘਟਾ ਕੇ ਇੱਕ ਦਿਨ ਤੋਂ ਵੀ ਘੱਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਨਵੀਆਂ ਅਤੇ ਵੱਡੀਆਂ ਬੰਦਰਗਾਹਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ, ਭਾਰਤ ਦੇ ਪਹਿਲੇ ਡੂੰਘੇ ਪਾਣੀਆਂ ਵਾਲੀ ਕੰਟੇਨਰ ਟ੍ਰਾਂਸ-ਸ਼ਿਪਮੈਂਟ ਬੰਦਰਗਾਹ ਨੇ ਕੇਰਲ ਵਿੱਚ ਸੰਚਾਲਨ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ਵਿੱਚ ਵਧਾਵਨ ਬੰਦਰਗਾਹ ਨੂੰ ₹75,000 ਕਰੋੜ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ, ਅਤੇ ਇਹ ਦੁਨੀਆ ਦੀਆਂ ਚੋਟੀ ਦੀਆਂ ਦਸ ਬੰਦਰਗਾਹਾਂ ਵਿੱਚ ਸ਼ਾਮਲ ਹੋਵੇਗੀ।
ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਇਸ ਸਮੇਂ ਆਲਮੀ ਸਮੁੰਦਰੀ ਵਪਾਰ ਵਿੱਚ 10 ਪ੍ਰਤੀਸ਼ਤ ਦਾ ਯੋਗਦਾਨ ਪਾ ਰਿਹਾ ਹੈ, ਸ਼੍ਰੀ ਮੋਦੀ ਨੇ ਇਸ ਹਿੱਸੇ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਐਲਾਨ ਕੀਤਾ ਕਿ 2047 ਤੱਕ, ਭਾਰਤ ਦਾ ਟੀਚਾ ਆਲਮੀ ਸਮੁੰਦਰੀ ਵਪਾਰ ਵਿੱਚ ਆਪਣੀ ਭਾਗੀਦਾਰੀ ਨੂੰ ਤਿੰਨ ਗੁਣਾ ਕਰਨ ਦਾ ਹੈ ਅਤੇ ਇਸਨੂੰ ਹਾਸਲ ਕਰੇਗਾ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਵੇਂ-ਜਿਵੇਂ ਸਮੁੰਦਰੀ ਵਪਾਰ ਫੈਲ ਰਿਹਾ ਹੈ, ਭਾਰਤੀ ਸਮੁੰਦਰੀ ਜਹਾਜ਼ ਕਰਮਚਾਰੀਆਂ ਦੀ ਗਿਣਤੀ ਵੀ ਵਧ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਪੇਸ਼ੇਵਰਾਂ ਨੂੰ ਮਿਹਨਤੀ ਵਿਅਕਤੀ ਦੱਸਿਆ ਜੋ ਜਹਾਜ਼ ਚਲਾਉਂਦੇ ਹਨ, ਇੰਜਣਾਂ ਅਤੇ ਮਸ਼ੀਨਰੀ ਦਾ ਪ੍ਰਬੰਧਨ ਕਰਦੇ ਹਨ, ਅਤੇ ਸਮੁੰਦਰ ਵਿੱਚ ਲੋਡਿੰਗ ਅਤੇ ਅਨਲੋਡਿੰਗ ਕਾਰਜਾਂ ਦੀ ਨਿਗਰਾਨੀ ਕਰਦੇ ਹਨ। ਇੱਕ ਦਹਾਕਾ ਪਹਿਲਾਂ, ਭਾਰਤ ਵਿੱਚ 1.25 ਲੱਖ ਤੋਂ ਘੱਟ ਸਮੁੰਦਰੀ ਜਹਾਜ਼ ਕਰਮਚਾਰੀ ਸਨ। ਅੱਜ, ਇਹ ਗਿਣਤੀ ਤਿੰਨ ਲੱਖ ਨੂੰ ਪਾਰ ਕਰ ਗਈ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਹੁਣ ਸਭ ਤੋਂ ਵੱਧ ਸਮੁੰਦਰੀ ਜਹਾਜ਼ ਕਰਮਚਾਰੀਆਂ ਦੀ ਸਪਲਾਈ ਕਰਨ ਵਿੱਚ ਆਲਮੀ ਪੱਧਰ 'ਤੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੈ ਅਤੇ ਅੱਗੇ ਕਿਹਾ ਕਿ ਭਾਰਤ ਦਾ ਅੱਗੇ ਵਧਦਾ ਜਹਾਜ਼ ਨਿਰਮਾਣ ਉਦਯੋਗ ਆਲਮੀ ਸਮਰੱਥਾਵਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਕੋਲ ਇੱਕ ਅਮੀਰ ਸਮੁੰਦਰੀ ਵਿਰਾਸਤ ਹੈ, ਜੋ ਇਸਦੇ ਮਛੇਰਿਆਂ ਅਤੇ ਪ੍ਰਾਚੀਨ ਬੰਦਰਗਾਹ ਸ਼ਹਿਰਾਂ ਵਲੋਂ ਦਰਸਾਈ ਗਈ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਵਨਗਰ ਅਤੇ ਸੌਰਾਸ਼ਟਰ ਖੇਤਰ ਇਸ ਵਿਰਾਸਤ ਦੀਆਂ ਪ੍ਰਮੁੱਖ ਉਦਾਹਰਣਾਂ ਹਨ। ਪ੍ਰਧਾਨ ਮੰਤਰੀ ਨੇ ਭਵਿੱਖ ਦੀਆਂ ਪੀੜ੍ਹੀਆਂ ਅਤੇ ਦੁਨੀਆ ਲਈ ਇਸ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਦਰਸ਼ਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਲੋਥਲ ਵਿਖੇ ਇੱਕ ਵਿਸ਼ਵ ਪੱਧਰੀ ਸਮੁੰਦਰੀ ਅਜਾਇਬ ਘਰ ਵਿਕਸਤ ਕੀਤਾ ਜਾ ਰਿਹਾ ਹੈ, ਜੋ ਕਿ ਸਟੈਚੂ ਆਫ਼ ਯੂਨਿਟੀ ਵਾਂਗ, ਭਾਰਤ ਦੀ ਪਛਾਣ ਦਾ ਇੱਕ ਨਵਾਂ ਪ੍ਰਤੀਕ ਬਣੇਗਾ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੇ ਸਮੁੰਦਰੀ ਤਟ ਰਾਸ਼ਟਰੀ ਖ਼ੁਸ਼ਹਾਲੀ ਦੇ ਦਾਖ਼ਲਾ ਦਰਵਾਜ਼ੇ ਬਣਨਗੇ"। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਗੁਜਰਾਤ ਦਾ ਤਟ ਇੱਕ ਵਾਰ ਫਿਰ ਖੇਤਰ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਸਮੁੱਚਾ ਖੇਤਰ ਹੁਣ ਦੇਸ਼ ਵਿੱਚ ਬੰਦਰਗਾਹਾਂ 'ਤੇ ਅਧਾਰਤ ਵਿਕਾਸ ਲਈ ਇੱਕ ਨਵਾਂ ਮਿਆਰ ਸਥਾਪਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਸਮੁੰਦਰੀ ਮਾਰਗਾਂ ਰਾਹੀਂ ਆਉਣ ਵਾਲੇ 40 ਪ੍ਰਤੀਸ਼ਤ ਮਾਲ ਦੀ ਸੰਭਾਲ ਗੁਜਰਾਤ ਦੀਆਂ ਬੰਦਰਗਾਹਾਂ ਵਲੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਬੰਦਰਗਾਹਾਂ ਨੂੰ ਜਲਦੀ ਹੀ ਸਮਰਪਿਤ ਮਾਲ ਢੋਆ-ਢੁਆਈ ਕੌਰੀਡੋਰ ਦਾ ਲਾਭ ਮਿਲੇਗਾ, ਜੋ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮਾਲ ਦੀ ਤੇਜ਼ੀ ਨਾਲ ਆਵਾਜਾਈ ਨੂੰ ਸਮਰੱਥ ਬਣਾਏਗਾ ਅਤੇ ਬੰਦਰਗਾਹਾਂ ਦੀ ਕੁਸ਼ਲਤਾ ਨੂੰ ਹੋਰ ਵਧਾਏਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਵਿੱਚ ਇੱਕ ਮਜ਼ਬੂਤ ਜਹਾਜ਼ ਤੋੜਨ ਵਾਲਾ ਈਕੋਸਿਸਟਮ ਉੱਭਰ ਰਿਹਾ ਹੈ, ਜਿਸ ਵਿੱਚ ਅਲੰਗ ਸ਼ਿਪ ਬ੍ਰੇਕਿੰਗ ਯਾਰਡ ਇੱਕ ਪ੍ਰਮੁੱਖ ਉਦਾਹਰਣ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਖੇਤਰ ਨੌਜਵਾਨਾਂ ਲਈ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਸਿਰਜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਿਕਸਤ ਭਾਰਤ ਬਣਾਉਣ ਲਈ, ਸਾਰੇ ਖੇਤਰਾਂ ਵਿੱਚ ਤੇਜ਼ ਤਰੱਕੀ ਦੀ ਲੋੜ ਹੈ। ਉਨ੍ਹਾਂ ਦੁਹਰਾਇਆ ਕਿ ਇੱਕ ਵਿਕਸਤ ਭਾਰਤ ਦਾ ਰਸਤਾ ਆਤਮ-ਨਿਰਭਰਤਾ ਵਿੱਚੋਂ ਦੀ ਲੰਘਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਇਹ ਯਾਦ ਰੱਖਣ ਦੀ ਅਪੀਲ ਕੀਤੀ ਕਿ ਉਹ ਜੋ ਵੀ ਖਰੀਦਦੇ ਹਨ ਉਹ ਸਵਦੇਸ਼ੀ ਹੋਣਾ ਚਾਹੀਦਾ ਹੈ, ਅਤੇ ਜੋ ਵੀ ਵੇਚਦੇ ਹਨ ਉਹ ਵੀ ਸਵਦੇਸ਼ੀ ਹੋਣਾ ਚਾਹੀਦਾ ਹੈ। ਦੁਕਾਨਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਪੋਸਟਰ ਲਗਾਉਣ ਲਈ ਉਤਸ਼ਾਹਿਤ ਕੀਤਾ ਜਿਸ 'ਤੇ ਲਿਖਿਆ ਹੋਵੇ: "ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ।" ਉਨ੍ਹਾਂ ਨੇ ਇਹ ਕਹਿ ਕੇ ਭਾਸ਼ਣ ਸਮਾਪਤ ਕੀਤਾ ਕਿ ਇਹ ਸਮੂਹਿਕ ਯਤਨ ਹਰ ਤਿਉਹਾਰ ਨੂੰ ਭਾਰਤ ਦੀ ਖ਼ੁਸ਼ਹਾਲੀ ਦੇ ਜਸ਼ਨ ਵਿੱਚ ਬਦਲ ਦੇਵੇਗਾ ਅਤੇ ਉਨ੍ਹਾਂ ਨਵਰਾਤਰੀ ਦੇ ਮੌਕੇ 'ਤੇ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ, ਸ਼੍ਰੀ ਸਰਬਾਨੰਦ ਸੋਨੋਵਾਲ, ਡਾ. ਮਨਸੁਖ ਮਾਂਡਵੀਆ, ਸ਼੍ਰੀ ਸ਼ਾਂਤਨੂ ਠਾਕੁਰ, ਸ਼੍ਰੀਮਤੀ ਨਿਮੁਬੇਨ ਬੰਬਾਨੀਆ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਸਮੁੰਦਰੀ ਖੇਤਰ ਨੂੰ ਵੱਡਾ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ 34,200 ਕਰੋੜ ਰੁਪਏ ਤੋਂ ਵੱਧ ਦੇ ਸਮੁੰਦਰੀ ਖੇਤਰ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੰਦਰਾ ਡੌਕ ਵਿਖੇ ਮੁੰਬਈ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਇੱਕ ਨਵੇਂ ਕੰਟੇਨਰ ਟਰਮੀਨਲ ਅਤੇ ਸਬੰਧਤ ਸਹੂਲਤਾਂ; ਪਾਰਾਦੀਪ ਬੰਦਰਗਾਹ 'ਤੇ ਨਵੇਂ ਕੰਟੇਨਰ ਬਰਥ, ਕਾਰਗੋ ਹੈਂਡਲਿੰਗ ਸਹੂਲਤਾਂ ਅਤੇ ਸਬੰਧਤ ਵਿਕਾਸ; ਟੂਨਾ ਟੇਕਰਾ ਮਲਟੀ-ਕਾਰਗੋ ਟਰਮੀਨਲ; ਐਨੋਰ ਦੇ ਕਾਮਰਾਜਰ ਬੰਦਰਗਾਹ 'ਤੇ ਅੱਗ ਬੁਝਾਊ ਸਹੂਲਤਾਂ ਅਤੇ ਆਧੁਨਿਕ ਸੜਕ ਸੰਪਰਕ; ਚੇਨਈ ਬੰਦਰਗਾਹ 'ਤੇ ਸਮੁੰਦਰੀ ਕੰਧਾਂ ਅਤੇ ਬੰਨ੍ਹਾਂ ਸਮੇਤ ਤਟਵਰਤੀ ਸੁਰੱਖਿਆ ਕਾਰਜ; ਕਾਰ ਨਿਕੋਬਾਰ ਟਾਪੂ ਵਿੱਚ ਸਮੁੰਦਰੀ ਕੰਧ ਦੀ ਉਸਾਰੀ; ਦੀਨਦਿਆਲ ਬੰਦਰਗਾਹ, ਕਾਂਡਲਾ ਵਿਖੇ ਇੱਕ ਬਹੁ-ਮੰਤਵੀ ਕਾਰਗੋ ਬਰਥ ਅਤੇ ਗ੍ਰੀਨ ਬਾਇਓ-ਮੀਥੇਨੌਲ ਪਲਾਂਟ; ਅਤੇ ਪਟਨਾ ਅਤੇ ਵਾਰਾਣਸੀ ਵਿਖੇ ਜਹਾਜ਼ ਮੁਰੰਮਤ ਸਹੂਲਤਾਂ ਦਾ ਨੀਂਹ ਪੱਥਰ ਰੱਖਿਆ।
ਸੰਪੂਰਨ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵੱਖ-ਵੱਖ ਖੇਤਰਾਂ ਲਈ ਸੇਵਾਵਾਂ ਵਾਲੇ 26,354 ਕਰੋੜ ਰੁਪਏ ਤੋਂ ਵੱਧ ਦੇ ਕੇਂਦਰ ਅਤੇ ਸੂਬਾ ਸਰਕਾਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਛਾਰਾ ਬੰਦਰਗਾਹ 'ਤੇ ਐੱਚਪੀਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲ, ਗੁਜਰਾਤ ਆਈਓਸੀਐੱਲ ਰਿਫ਼ਾਇਨਰੀ ਵਿਖੇ ਐਕਰੀਲਿਕਸ ਅਤੇ ਆਕਸੋ ਅਲਕੋਹਲ ਪ੍ਰੋਜੈਕਟ, 600 ਮੈਗਾਵਾਟ ਗ੍ਰੀਨ ਸ਼ੂ ਪਹਿਲਕਦਮੀ, ਕਿਸਾਨਾਂ ਲਈ ਪੀਐੱਮ-ਕੁਸੁਮ 475 ਮੈਗਾਵਾਟ ਕੰਪੋਨੈਂਟ ਸੀ ਸੋਲਰ ਫੀਡਰ, 45 ਮੈਗਾਵਾਟ ਬਡੇਲੀ ਸੋਲਰ ਪੀਵੀ ਪ੍ਰੋਜੈਕਟ, ਧੋਰਡੋ ਪਿੰਡ ਦਾ ਸੰਪੂਰਨ ਸੂਰਜੀਕਰਨ ਆਦਿ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਐੱਲਐੱਨਜੀ ਬੁਨਿਆਦੀ ਢਾਂਚੇ, ਵਾਧੂ ਅਖੁੱਟ ਊਰਜਾ ਪ੍ਰੋਜੈਕਟਾਂ, ਤਟਵਰਤੀ ਸੁਰੱਖਿਆ ਕਾਰਜਾਂ, ਹਾਈਵੇਅਜ਼ ਅਤੇ ਸਿਹਤ ਸੰਭਾਲ ਅਤੇ ਸ਼ਹਿਰੀ ਆਵਾਜਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਭਾਵਨਗਰ ਵਿੱਚ ਸਰ ਟੀ. ਜਨਰਲ ਹਸਪਤਾਲ, ਜਾਮਨਗਰ ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਅਤੇ 70 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਚਾਰ-ਮਾਰਗੀਕਰਨ ਸ਼ਾਮਲ ਹੈ।

ਪ੍ਰਧਾਨ ਮੰਤਰੀ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ (ਡੀਐੱਸਆਈਆਰ) ਦਾ ਹਵਾਈ ਸਰਵੇਖਣ ਵੀ ਕਰਨਗੇ, ਜਿਸਦੀ ਕਲਪਨਾ ਇੱਕ ਗ੍ਰੀਨਫੀਲਡ ਉਦਯੋਗਿਕ ਸ਼ਹਿਰ ਵਜੋਂ ਕੀਤੀ ਗਈ ਹੈ ਜੋ ਟਿਕਾਊ ਉਦਯੋਗੀਕਰਨ, ਸਮਾਰਟ ਬੁਨਿਆਦੀ ਢਾਂਚੇ ਅਤੇ ਆਲਮੀ ਨਿਵੇਸ਼ ਦੇ ਆਲੇ-ਦੁਆਲੇ ਬਣਾਇਆ ਗਿਆ ਹੈ। ਉਹ ਲੋਥਲ ਵਿਖੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (ਐੱਨਐੱਚਐੱਮਸੀ) ਦੀ ਪ੍ਰਗਤੀ ਦਾ ਵੀ ਦੌਰਾ ਕਰਨਗੇ ਅਤੇ ਸਮੀਖਿਆ ਕਰਨਗੇ, ਜੋ ਕਿ ਲਗਭਗ 4,500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ, ਤਾਂ ਜੋ ਭਾਰਤ ਦੀਆਂ ਪ੍ਰਾਚੀਨ ਸਮੁੰਦਰੀ ਪ੍ਰੰਪਰਾਵਾਂ ਦਾ ਜਸ਼ਨ ਮਨਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਉਹ ਸੈਰ-ਸਪਾਟਾ, ਖੋਜ, ਸਿੱਖਿਆ ਅਤੇ ਹੁਨਰ ਵਿਕਾਸ ਦੇ ਕੇਂਦਰ ਵਜੋਂ ਸੇਵਾ ਨਿਭਾ ਸਕਣ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
For peace, stability and prosperity in the world, India must become self-reliant. pic.twitter.com/aOvcLaxWiQ
— PMO India (@PMOIndia) September 20, 2025
Chips or ships, we must make them in India. pic.twitter.com/pRwQvoqW4P
— PMO India (@PMOIndia) September 20, 2025
A historic decision has been taken to strengthen India's maritime sector… the government now recognises large ships as infrastructure. pic.twitter.com/aVjKwrG2ng
— PMO India (@PMOIndia) September 20, 2025
India's coastlines will become gateways to the nation's prosperity. pic.twitter.com/j7pgdhbzMT
— PMO India (@PMOIndia) September 20, 2025


