ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬੀਲਿਟੀ ਪਹਿਲ ਦਾ ਉਦਘਾਟਨ ਕੀਤਾ। ਇਹ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣੇਸ਼ ਉਤਸਵ ਦੇ ਦਰਮਿਆਨ, ਭਾਰਤ ਦੀ 'ਮੇਕ ਇਨ ਇੰਡੀਆ' ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ 'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਦੇ ਸਾਂਝੇ ਟੀਚੇ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਤੋਂ, ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਯਾਤ 100 ਦੇਸ਼ਾਂ ਵਿੱਚ ਕੀਤਾ ਜਾਏਗਾ। ਉਨ੍ਹਾਂ ਨੇ ਦੇਸ਼ ਵਿੱਚ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਨਿਰਮਾਣ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ-ਜਾਪਾਨ ਮਿਤੱਰਤਾ ਨੂੰ ਇੱਕ ਨਵਾਂ ਆਯਾਮ ਦੇਵੇਗਾ। ਉਨ੍ਹਾਂ ਨੇ ਭਾਰਤ ਦੇ ਸਾਰੇ ਨਾਗਰਿਕਾਂ, ਜਾਪਾਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਇਹ ਯਾਦ ਕਰਦੇ ਹੋਏ ਕਿ ਭਾਰਤ ਦੀ ਸਫਲਤਾ ਦੀ ਕਹਾਣੀ ਦੇ ਬੀਜ 12-13 ਸਾਲ ਪਹਿਲਾਂ ਬੀਜੇ ਗਏ ਸਨ, ਸ਼੍ਰੀ ਮੋਦੀ ਨੇ ਕਿਹਾ ਕਿ 2012 ਵਿੱਚ, ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ, ਹੰਸਲਪੁਰ ਵਿੱਚ ਮਾਰੂਤੀ ਸੁਜ਼ੂਕੀ ਨੂੰ ਜ਼ਮੀਨ ਅਲਾਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦਾ ਹੀ ਵਿਜ਼ਨ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸ਼ੁਰੂਆਤੀ ਯਤਨ, ਹੁਣ ਦੇਸ਼ ਦੇ ਮੌਜੂਦਾ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।

ਸਵਰਗੀ ਸ਼੍ਰੀ ਓਸਾਮੂ ਸੁਜ਼ੂਕੀ ਨੂੰ ਆਪਣੀ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਰੂਤੀ ਸੁਜ਼ੂਕੀ ਇੰਡੀਆ ਲਈ ਸ਼੍ਰੀ ਓਸਾਮੂ ਸੁਜ਼ੂਕੀ ਦੁਆਰਾ ਦੇਖੇ ਗਏ ਵਿਜ਼ਨ ਦੇ ਵਿਸ਼ਾਲ ਵਿਸਥਾਰ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਕੋਲ ਲੋਕਤੰਤਰ ਦੀ ਮਜ਼ਬੂਤੀ, ਜਨਸੰਖਿਆ ਲਾਭ ਅਤੇ ਕੁਸ਼ਲ ਕਾਰਜਬਲ ਦਾ ਇੱਕ ਵਿਸ਼ਾਲ ਭੰਡਾਰ ਹੈ ਜੋ ਹਰ ਭਾਗੀਦਾਰ ਲਈ ਲਾਭਦਾਇਕ ਹੈ। ਉਨ੍ਹਾਂ ਨੇ ਦੱਸਿਆ ਕਿ ਸੁਜ਼ੂਕੀ ਜਾਪਾਨ ਭਾਰਤ ਵਿੱਚ ਨਿਰਮਾਣ ਕਰ ਰਿਹਾ ਹੈ ਅਤੇ ਇੱਥੇ ਤਿਆਰ ਕੀਤੇ ਗਏ ਵਾਹਨ ਜਪਾਨ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਭਾਰਤ-ਜਾਪਾਨ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਸਗੋਂ ਗਲੋਬਲ ਕੰਪਨੀਆਂ ਦੇ ਭਾਰਤ ਵਿੱਚ ਵਧਦੇ ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਪ੍ਰਭਾਵਸ਼ਾਲੀ ਢੰਗ ਨਾਲ ਮੇਕ ਇਨ ਇੰਡੀਆ ਦੀਆਂ ਬ੍ਰਾਂਡ ਅੰਬੈਸਡਰ ਬਣ ਗਈਆਂ ਹਨ। ਮਾਰੂਤੀ ਸੁਜ਼ੂਕੀ ਲਗਾਤਾਰ ਚਾਰ ਵਰ੍ਹਿਆਂ ਤੋਂ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਯਾਤਕ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਤੋਂ, ਇਲੈਕਟ੍ਰਿਕ ਵਾਹਨਾਂ ਦਾ ਨਿਰਯਾਤ ਵੀ ਉਸੇ ਪੱਧਰ 'ਤੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਦਰਜਨਾਂ ਦੇਸ਼ਾਂ ਵਿੱਚ ਚੱਲ ਰਹੇ ਇਲੈਕਟ੍ਰਿਕ ਵਾਹਨਾਂ ‘ਤੇ ਗਰਵ ਨਾਲ ਮੇਡ ਇਨ ਇੰਡੀਆ ਦਾ ਲੇਬਲ ਲਗਿਆ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ (EV) ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬੈਟਰੀ ਹੈ ਅਤੇ ਕੁਝ ਵਰ੍ਹੇ ਪਹਿਲਾਂ ਤੱਕ, ਭਾਰਤ ਵਿੱਚ ਬੈਟਰੀਆਂ ਪੂਰੀ ਤਰ੍ਹਾਂ ਆਯਾਤ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਈਵੀ ਮੈਨੂਫੈਕਚਰਿੰਗ ਨੂੰ ਮਜ਼ਬੂਤੀ ਦੇਣ ਲਈ ਭਾਰਤ ਵਿੱਚ ਘਰੇਲੂ ਬੈਟਰੀ ਉਤਪਾਦਨ ਸ਼ੁਰੂ ਕਰਨਾ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 2017 ਵਿੱਚ ਇਸੇ ਦ੍ਰਿਸ਼ਟੀਕੋਣ ਦੇ ਨਾਲ ਟੀਡੀਐੱਸਜੀ ਬੈਟਰੀ ਪਲਾਂਟ ਦੀ ਨੀਂਹ ਰੱਖੀ ਗਈ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਟੀਡੀਐੱਸਜੀ ਦੀ ਇੱਕ ਨਵੀਂ ਪਹਿਲ ਦੇ ਤਹਿਤ, ਤਿੰਨ ਜਾਪਾਨੀ ਕੰਪਨੀਆਂ ਪਹਿਲੀ ਵਾਰ ਭਾਰਤ ਵਿੱਚ ਸਾਂਝੇ ਤੌਰ 'ਤੇ ਬੈਟਰੀ ਸੈੱਲਾਂ ਦਾ ਨਿਰਮਾਣ ਕਰਨਗੀਆਂ। ਉਨ੍ਹਾਂ ਕਿਹਾ ਕਿ ਬੈਟਰੀ ਸੈੱਲ ਇਲੈਕਟ੍ਰੋਡ ਦਾ ਉਤਪਾਦਨ ਵੀ ਭਾਰਤ ਵਿੱਚ ਹੀ ਸਥਾਨਕ ਪੱਧਰ 'ਤੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਥਾਨਿਕੀਕਰਣ ਭਾਰਤ ਦੀ ਸਵੈ-ਨਿਰਭਰਤਾ ਨੂੰ ਮਜ਼ਬੂਤ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਹਾਈਬ੍ਰਿਡ ਇਲੈਕਟ੍ਰਿਕ ਵਾਹਨ ਖੇਤਰ ਦੇ ਵਿਕਾਸ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਇਸ ਇਤਿਹਾਸਕ ਸ਼ੁਰੂਆਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ, ਇਲੈਕਟ੍ਰਿਕ ਵਾਹਨਾਂ ਨੂੰ ਸਿਰਫ਼ ਇੱਕ ਵਿਕਲਪ ਵਜੋਂ ਹੀ ਦੇਖਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਕਈ ਚੁਣੌਤੀਆਂ ਦਾ ਠੋਸ ਹੱਲ ਪੇਸ਼ ਕਰਦੇ ਹਨ। ਉਨ੍ਹਾਂ ਨੇ ਯਾਦ ਕੀਤਾ ਕਿ ਪਿਛਲੇ ਸਾਲ ਸਿੰਗਾਪੁਰ ਦੀ ਆਪਣੇ ਦੌਰੇ ਦੌਰਾਨ, ਉਨ੍ਹਾਂ ਨੇ ਪੁਰਾਣੇ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਦਾ ਪ੍ਰਸਤਾਵ ਰੱਖਿਆ ਸੀ। ਸ਼੍ਰੀ ਮੋਦੀ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਸਿਰਫ਼ ਛੇ ਮਹੀਨਿਆਂ ਦੇ ਅੰਦਰ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਵਿਕਸਿਤ ਕਰਨ ਲਈ ਮਾਰੂਤੀ ਸੁਜ਼ੂਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਾਈਬ੍ਰਿਡ ਐਂਬੂਲੈਂਸ ਦੇ ਪ੍ਰੋਟੋਟਾਈਪ ਦੀ ਨਿਜੀ ਤੌਰ 'ਤੇ ਸਮੀਖਿਆ ਕੀਤੀ ਹੈ ਅਤੇ ਕਿਹਾ ਕਿ ਇਹ ਹਾਈਬ੍ਰਿਡ ਐਂਬੂਲੈਂਸਾਂ ਪੀਐੱਮ ਈ-ਡ੍ਰਾਈਵ ਯੋਜਨਾ ਦੇ ਬਿਲਕੁਲ ਅਨੁਕੂਲ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 11,000 ਕਰੋੜ ਰੁਪਏ ਦੀ ਇਸ ਯੋਜਨਾ ਤਹਿਤ ਈ-ਐਂਬੂਲੈਂਸਾਂ ਲਈ ਇੱਕ ਵਿਸ਼ੇਸ਼ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਬ੍ਰਿਡ ਇਲੈਕਟ੍ਰਿਕ ਵਾਹਨ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਨਗੇ ਅਤੇ ਪੁਰਾਣੇ ਵਾਹਨਾਂ ਨੂੰ ਬਦਲਣ ਲਈ ਇੱਕ ਵਿਵਹਾਰਕ ਵਿਕਲਪ ਪੇਸ਼ ਕਰਨਗੇ।
ਮੋਦੀ ਨੇ ਕਿਹਾ ਕਿ ਸਵੱਛ ਊਰਜਾ ਅਤੇ ਸਵੱਛ ਗਤੀਸ਼ੀਲਤਾ ਭਾਰਤ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਅਜਿਹੇ ਯਤਨਾਂ ਰਾਹੀਂ, ਭਾਰਤ ਤੇਜ਼ੀ ਨਾਲ ਸਵੱਛ ਊਰਜਾ ਅਤੇ ਸਵੱਛ ਗਤੀਸ਼ੀਲਤਾ ਲਈ ਇੱਕ ਭਰੋਸੇਯੋਗ ਕੇਂਦਰ ਵਜੋਂ ਉੱਭਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹੇ ਸਮੇਂ ਜਦੋਂ ਦੁਨੀਆ ਸਪਲਾਈ ਚੇਨ ਵਿਘਨਾਂ ਨਾਲ ਜੂਝ ਰਹੀ ਹੈ, ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਨੀਤੀਗਤ ਫੈਸਲੇ ਅਤਿ-ਅਧਿਕ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। 2014 ਵਿੱਚ ਰਾਸ਼ਟਰ ਦੀ ਸੇਵਾ ਦਾ ਅਵਸਰ ਮਿਲਣ ‘ਤੇ ਇਸ ਪਰਿਵਰਤਨ ਦੀ ਤਿਆਰੀ ਸ਼ੁਰੂ ਕਰਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਮੁਹਿੰਮ ਦੀ ਸ਼ੁਰੂਆਤ ਅਤੇ ਆਲਮੀ ਅਤੇ ਘਰੇਲੂ ਦੋਵੇਂ ਹੀ ਨਿਰਮਾਤਾਵਾਂ ਲਈ ਇੱਕ ਅਨੁਕੂਲ ਵਾਤਾਵਰਣ ਦੇ ਨਿਰਮਾਣ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਮੈਨੂਫੈਕਚਰਿੰਗ ਖੇਤਰ ਨੂੰ ਕੁਸ਼ਲ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਉਦਯੋਗਿਕ ਗਲਿਆਰੇ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਦੇਸ਼ ਭਰ ਵਿੱਚ ਪਲੱਗ-ਐਂਡ-ਪਲੇਅ ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕਸ ਪਾਰਕ ਸਥਾਪਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਖੇਤਰਾਂ ਦੇ ਨਿਰਮਾਤਾਵਾਂ ਨੂੰ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ ਦੇ ਤਹਿਤ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ।

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਵੱਡੇ ਸੁਧਾਰਾਂ ਰਾਹੀਂ ਨਿਵੇਸ਼ਕਾਂ ਦੇ ਸਾਹਮਣੇ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਦਾ ਹੱਲ ਕੀਤਾ ਗਿਆ ਹੈ ਅਤੇ ਇਨ੍ਹਾਂ ਸੁਧਾਰਾਂ ਨੇ ਨਿਵੇਸ਼ਕਾਂ ਲਈ ਭਾਰਤੀ ਮੈਨੂਫੈਕਚਰਿੰਗ ਸੈਕਟਰ ਵਿੱਚ ਨਿਵੇਸ਼ ਕਰਨਾ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਯਤਨਾਂ ਦੇ ਠੋਸ ਨਤੀਜਿਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਕੱਲੇ ਇਸੇ ਦਹਾਕੇ ਵਿੱਚ ਭਾਰਤ ਵਿੱਚ ਇਲੈਕਟ੍ਰੌਨਿਕਸ ਉਤਪਾਦਨ ਵਿੱਚ ਲਗਭਗ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਦੇ ਮੁਕਾਬਲੇ ਮੋਬਾਈਲ ਫੋਨ ਉਤਪਾਦਨ ਵਿੱਚ 2,700 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ ਅਤੇ ਪਿਛਲੇ ਇੱਕ ਦਹਾਕੇ ਵਿੱਚ ਰੱਖਿਆ ਉਤਪਾਦਨ ਵਿੱਚ ਵੀ 200 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਦੇਸ਼ ਦੇ ਸਾਰੇ ਰਾਜਾਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਸੁਧਾਰਾਂ ਅਤੇ ਨਿਵੇਸ਼ ਨੂੰ ਲੈ ਕੇ ਰਾਜਾਂ ਵਿੱਚ ਇੱਕ ਸਿਹਤਮੰਦ ਮੁਕਾਬਲਾ ਉਭਰਿਆ ਹੈ, ਜਿਸ ਦਾ ਪੂਰੇ ਦੇਸ਼ ਨੂੰ ਲਾਭ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਰਾਜਾਂ ਨੂੰ ਆਲਮੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਵਿਕਾਸ-ਮੁਖੀ ਨੀਤੀਆਂ ਅਤੇ ਸੁਧਾਰਾਂ ਦੇ ਨਾਲ-ਨਾਲ ਈਜ਼ ਆਫ਼ ਡੂਇੰਗ ਬਿਜ਼ਨੈਸ ਨੂੰ ਵਧਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਥੇ ਹੀ ਨਹੀਂ ਰੁਕੇਗਾ, ਜਿਨ੍ਹਾਂ ਖੇਤਰਾਂ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਉੱਥੇ ਹੋਰ ਵੀ ਜ਼ਿਆਦਾ ਉੱਤਮਤਾ ਪ੍ਰਾਪਤ ਕਰਨਾ ਸਾਡਾ ਟੀਚਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਇਸ ਪ੍ਰਗਤੀ ਨੂੰ ਕਾਇਮ ਰੱਖਣ ਲਈ ਮਿਸ਼ਨ ਮੈਨੂਫੈਕਚਰਿੰਗ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਧਿਆਨ ਹੁਣ ਭਵਿੱਖ ਦੇ ਉਦਯੋਗਾਂ ਵੱਲ ਜਾਵੇਗਾ। ਦੇਸ਼ ਭਰ ਵਿੱਚ ਛੇ ਪਲਾਂਟਾਂ ਦੀ ਸਥਾਪਨਾ ਨਾਲ ਸੈਮੀਕੰਡਕਟਰ ਖੇਤਰ ਦੀ ਵਧਦੀ ਪ੍ਰਗਤੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਨੂੰ ਹੋਰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਰੇਅਰ-ਅਰਥ ਮੈਗਨੈੱਟ ਦੀ ਘਾਟ ਕਾਰਨ ਆਟੋ ਉਦਯੋਗ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਵੀ ਸੁਚੇਤ ਹੈ। ਇਸ ਖੇਤਰ ਵਿੱਚ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ, ਉਨ੍ਹਾਂ ਨੇ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਇਸ ਮਿਸ਼ਨ ਦੇ ਤਹਿਤ, ਮਹੱਤਵਪੂਰਨ ਖਣਿਜਾਂ ਦੀ ਪਛਾਣ ਕਰਨ ਲਈ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ 1,200 ਤੋਂ ਵੱਧ ਖੋਜ ਮੁਹਿੰਮਾਂ ਚਲਾਈਆਂ ਜਾਣਗੀਆਂ।
ਪ੍ਰਧਾਨ ਮੰਤਰੀ ਨੇ ਅਗਲੇ ਹਫ਼ਤੇ ਆਪਣੀ ਜਪਾਨ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਭਾਰਤ ਅਤੇ ਜਾਪਾਨ ਦੇ ਦਰਮਿਆਨ ਸਬੰਧ, ਸਿਰਫ਼ ਕੂਟਨੀਤਕ ਸਬੰਧਾਂ ਤੱਕ ਸੀਮਤ ਨਾ ਰਹਿ ਕੇ ਇਸ ਤੋਂ ਕਿਤੇ ਅੱਗੇ ਵਧਦੇ ਹਨ ਅਤੇ ਇਹ ਸਬੰਧ ਸੱਭਿਆਚਾਰ ਅਤੇ ਆਪਸੀ ਵਿਸ਼ਵਾਸ 'ਤੇ ਅਧਾਰਿਤ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੱਕ ਦੂਜੇ ਦੀ ਤਰੱਕੀ ਵਿੱਚ ਆਪਣੀ ਤਰੱਕੀ ਦੇਖਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਨਾਲ ਸ਼ੁਰੂ ਹੋਇਆ ਇਹ ਸਫ਼ਰ ਹੁਣ ਬੁਲੇਟ ਟ੍ਰੇਨ ਦੀ ਗਤੀ ਤੱਕ ਪਹੁੰਚ ਗਿਆ ਹੈ। ਭਾਰਤ-ਜਾਪਾਨ ਸਾਂਝੇਦਾਰੀ ਦੀ ਉਦਯੋਗਿਕ ਸਮਰੱਥਾ ਨੂੰ ਸਾਕਾਰ ਕਰਨ ਦੀ ਪ੍ਰਮੁੱਖ ਪਹਿਲ ਗੁਜਰਾਤ ਵਿੱਚ ਸ਼ੁਰੂ ਹੋਈ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ 20 ਸਾਲ ਪਹਿਲਾਂ ਵਾਈਬ੍ਰੈਂਟ ਗੁਜਰਾਤ ਸਮਿਟ ਦੀ ਸ਼ੁਰੂਆਤ ਹੋਈ ਸੀ, ਤਾਂ ਜਾਪਾਨ ਇੱਕ ਪ੍ਰਮੁੱਖ ਸਾਂਝੇਦਾਰ ਸੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਦੁਆਰਾ ਜਾਪਾਨ ਦੇ ਲੋਕਾਂ ਪ੍ਰਤੀ ਦਿਖਾਏ ਗਏ ਪਿਆਰ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਦਯੋਗ ਨਾਲ ਸਬੰਧਿਤ ਨਿਯਮ ਅਤੇ ਜਾਪਾਨੀ ਭਾਸ਼ਾ ਵਿੱਚ ਛਾਪੇ ਗਏ ਸਨ ਤਾਂ ਜੋ ਉਨ੍ਹਾਂ ਨੂੰ ਸਮਝਣਾ ਆਸਾਨ ਹੋ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਾਪਾਨੀ ਮਹਿਮਾਨਾਂ ਲਈ ਜਾਪਾਨੀ ਪਕਵਾਨਾਂ ਦੀ ਵਿਵਸਥਾ ਕੀਤੀ ਗਈ ਸੀ। ਉਨ੍ਹਾਂ ਨੇ ਗੋਲਫ ਦੇ ਪ੍ਰਤੀ ਜਾਪਾਨੀਆਂ ਦੇ ਪਿਆਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 7-8 ਨਵੇਂ ਗੋਲਫ ਕੋਰਸ ਵਿਕਸਿਤ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਹੁਣ ਜਾਪਾਨੀ ਭਾਸ਼ਾ ਦੀ ਸਿੱਖਿਆ ਨੂੰ ਤਰਜੀਹ ਦੇ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨਿਰੰਤਰ ਯਤਨਾਂ, ਭਾਰਤ ਅਤੇ ਜਪਾਨ ਦੇ ਦਰਮਿਆਨ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਮਜ਼ਬੂਤ ਕਰ ਰਹੇ ਹਨ। ਦੋਵੇਂ ਦੇਸ਼ ਹੁਣ ਕੁਸ਼ਲ ਵਿਕਾਸ ਅਤੇ ਮਨੁੱਖੀ ਸੰਸਾਧਨ ਦੇ ਖੇਤਰਾਂ ਵਿੱਚ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹਨ। ਉਨ੍ਹਾਂ ਨੇ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਨੂੰ ਅਜਿਹੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।

ਆਉਣ ਵਾਲੇ ਵਰ੍ਹਿਆਂ ਵਿੱਚ ਸਾਰੇ ਮੁੱਖ ਖੇਤਰਾਂ ਵਿੱਚ ਨਿਰੰਤਰ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅੱਜ ਦੇ ਯਤਨ 2047 ਤੱਕ ਇੱਕ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਆਪਣੇ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਕੀਤੀ ਕਿ ਜਾਪਾਨ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਿਆ ਰਹੇਗਾ।
ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ਼੍ਰੀ ਓਨੋ ਕੇਇਚੀ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਹੰਸਲਪੁਰ ਵਿੱਚ ਸੁਜ਼ੂਕੀ ਮੋਟਰ ਪਲਾਂਟ ਵਿਖੇ ਦੋ ਇਤਿਹਾਸਕ ਲਾਂਚ ਕੀਤੇ। ਇਹ ਮਹੱਤਵਪੂਰਨ ਪਹਿਲ ਭਾਰਤ ਨੂੰ ਗ੍ਰੀਨ ਮੋਬੀਲਿਟੀ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਦੇ ਹਨ ਅਤੇ ਨਾਲ ਹੀ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਵੀ ਅੱਗੇ ਵਧਾਉਂਦੀਆਂ ਹਨ।

ਮੇਕ ਇਨ ਇੰਡੀਆ ਦੀ ਸਫਲਤਾ ਦੀ ਇੱਕ ਪ੍ਰਮੁੱਖ ਉਦਾਹਰਣ ਪੇਸ਼ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਜ਼ੂਕੀ ਦੇ ਪਹਿਲੇ ਗਲੋਬਲ ਬੈਟਰੀ ਇਲੈਕਟ੍ਰਿਕ ਵਹੀਕਲ (BEV-ਬੀਈਵੀ) ਈ ਵਿਟਾਰਾ ('e Vitara') ਦਾ ਉਦਘਾਟਨ ਕੀਤਾ ਅਤੇ ਇਸ ਨੂੰ ਹਰੀ ਝੰਡੀ ਦਿਖਾਈ। ਭਾਰਤ ਵਿੱਚ ਨਿਰਮਿਤ ਇਹ ਬੀਈਵੀ (BEVs) ਦਾ ਨਿਰਯਾਤ ਯੂਰੋਪ ਅਤੇ ਜਾਪਾਨ ਵਰਗੇ ਉੱਨਤ ਬਜ਼ਾਰਾਂ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਏਗਾ। ਇਸ ਪ੍ਰਾਪਤੀ ਨਾਲ, ਭਾਰਤ ਹੁਣ ਸੁਜ਼ੂਕੀ ਦੇ ਇਲੈਕਟ੍ਰਿਕ ਵਾਹਨਾਂ ਲਈ ਗਲੋਬਲ ਮੈਨੂਫੈਕਚਰਿੰਗ ਕੇਂਦਰ ਵਜੋਂ ਕੰਮ ਕਰੇਗਾ।
ਪ੍ਰਧਾਨ ਮੰਤਰੀ ਨੇ ਗੁਜਰਾਤ ਸਥਿਤ ਟੀਡੀਐੱਸ ਲਿਥੀਅਮ –ਆਇਨ ਬੈਟਰੀ ਪਲਾਂਟ ਵਿੱਚ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਦੇ ਉਤਪਾਦਨ ਦੀ ਸ਼ੁਰੂਆਤ ਕੀਤੀ। ਤੋਸ਼ਿਬਾ, ਡੈਂਸੋ ਅਤੇ ਸੁਜ਼ੂਕੀ ਦਾ ਇਹ ਸਾਂਝੇ ਉੱਦਮ ਪਲਾਂਟ, ਘਰੇਲੂ ਮੈਨੂਫੈਕਚਰਿੰਗ ਅਤੇ ਸਵੱਛ ਊਰਜਾ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ। ਹੁਣ 80 ਪ੍ਰਤੀਸ਼ਤ ਤੋਂ ਵੱਧ ਬੈਟਰੀ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾਏਗਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
Make in India, Make for the World. pic.twitter.com/KZsJB9qrKt
— PMO India (@PMOIndia) August 26, 2025
India has the power of democracy, the advantage of demography and a very large pool of skilled workforce, making it a win-win situation for every partner. pic.twitter.com/TggFpUSLlR
— PMO India (@PMOIndia) August 26, 2025
The world will drive EVs that say… Made in India! pic.twitter.com/HFDCW83sqV
— PMO India (@PMOIndia) August 26, 2025
The Make in India initiative has created a favourable environment for both global and domestic manufacturers. pic.twitter.com/1RjY3VYjVo
— PMO India (@PMOIndia) August 26, 2025
In the coming times, the focus will be on futuristic industries and India is taking off in the semiconductor sector. pic.twitter.com/oVQcksqurI
— PMO India (@PMOIndia) August 26, 2025


