ਮੇਰੇ ਭਾਰਤੀ ਸਾਥੀਓ,
ਨਮਸਤੇ!
26 ਨਵੰਬਰ ਹਰ ਭਾਰਤੀ ਲਈ ਬਹੁਤ ਮਾਣ ਵਾਲਾ ਦਿਨ ਹੈ। 1949 ਵਿੱਚ ਇਸੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ, ਜੋ ਇੱਕ ਪਵਿੱਤਰ ਦਸਤਾਵੇਜ਼ ਹੈ ਅਤੇ ਸਪਸ਼ਟਤਾ ਅਤੇ ਦ੍ਰਿੜ੍ਹਤਾ ਨਾਲ ਦੇਸ਼ ਦੀ ਤਰੱਕੀ ਦਾ ਰਾਹ ਦਿਸੇਰਾ ਬਣ ਰਿਹਾ ਹੈ। ਇਸ ਲਈ, ਲਗਭਗ ਇੱਕ ਦਹਾਕਾ ਪਹਿਲਾਂ, 2015 ਵਿੱਚ ਐੱਨਡੀਏ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ।
ਇਹ ਸਾਡੇ ਸੰਵਿਧਾਨ ਦੀ ਤਾਕਤ ਹੈ, ਜਿਸਨੇ ਇੱਕ ਨਿਮਰ ਅਤੇ ਆਰਥਿਕ ਤੌਰ 'ਤੇ ਪਛੜੇ ਪਰਿਵਾਰ ਤੋਂ ਮੇਰੇ ਵਰਗੇ ਵਿਅਕਤੀ ਨੂੰ 24 ਸਾਲਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਸਰਕਾਰ ਦੇ ਮੁਖੀ ਵਜੋਂ ਸੇਵਾ ਕਰਨ ਦੇ ਯੋਗ ਬਣਾਇਆ ਹੈ। ਮੈਨੂੰ ਅਜੇ ਵੀ 2014 ਦੇ ਉਹ ਪਲ ਯਾਦ ਹਨ, ਜਦੋਂ ਮੈਂ ਪਹਿਲੀ ਵਾਰ ਸੰਸਦ ਆਇਆ ਸੀ ਅਤੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਦੀਆਂ ਪੌੜੀਆਂ ਨੂੰ ਝੁਕ ਕੇ ਛੂਹਿਆ ਸੀ। ਫਿਰ 2019 ਵਿੱਚ, ਚੋਣ ਨਤੀਜਿਆਂ ਤੋਂ ਬਾਅਦ, ਜਦੋਂ ਮੈਂ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਦਾਖ਼ਲ ਹੋਇਆ, ਤਾਂ ਮੈਂ ਮੱਥਾ ਟੇਕਿਆ ਅਤੇ ਸਤਿਕਾਰ ਦੇ ਚਿੰਨ੍ਹ ਵਜੋਂ ਸੰਵਿਧਾਨ ਨੂੰ ਆਪਣੇ ਮੱਥੇ ਨਾਲ ਲਗਾਇਆ। ਇਸ ਸੰਵਿਧਾਨ ਨੇ ਮੇਰੇ ਵਰਗੇ ਕਈ ਹੋਰ ਲੋਕਾਂ ਨੂੰ ਸੁਪਨੇ ਦੇਖਣ ਦੀ ਤਾਕਤ ਅਤੇ ਇਸ ਦਿਸ਼ਾ ਵੱਲ ਕੰਮ ਕਰਨ ਦੀ ਸ਼ਕਤੀ ਦਿੱਤੀ ਹੈ।
ਸੰਵਿਧਾਨ ਦਿਵਸ 'ਤੇ, ਅਸੀਂ ਸੰਵਿਧਾਨ ਸਭਾ ਦੇ ਸਾਰੇ ਪ੍ਰੇਰਨਾਦਾਇਕ ਮੈਂਬਰਾਂ ਨੂੰ ਯਾਦ ਕਰਦੇ ਹਾਂ, ਜਿਸ ਦੀ ਪ੍ਰਧਾਨਗੀ ਡਾ. ਰਾਜੇਂਦਰ ਪ੍ਰਸਾਦ ਨੇ ਕੀਤੀ ਸੀ, ਜਿਨ੍ਹਾਂ ਨੇ ਸੰਵਿਧਾਨ ਨਿਰਮਾਣ ਵਿੱਚ ਯੋਗਦਾਨ ਪਾਇਆ। ਅਸੀਂ ਡਾ. ਬਾਬਾ ਸਾਹਿਬ ਅੰਬੇਡਕਰ ਦੇ ਯਤਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸ਼ਾਨਦਾਰ ਦੂਰ-ਦਰਸ਼ਤਾ ਨਾਲ ਖਰੜਾ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ। ਸੰਵਿਧਾਨ ਸਭਾ ਦੀਆਂ ਕਈ ਪ੍ਰਤਿਸ਼ਠਾਵਾਨ ਮਹਿਲਾ ਮੈਂਬਰਾਂ ਨੇ ਆਪਣੇ ਵਿਚਾਰਸ਼ੀਲ ਦਖ਼ਲ ਅਤੇ ਦੂਰ-ਦਰਸ਼ੀ ਦ੍ਰਿਸ਼ਟੀਕੋਣਾਂ ਨਾਲ ਸੰਵਿਧਾਨ ਨੂੰ ਹੋਰ ਨਿਖਾਰਿਆ।
ਮੈਂ ਖ਼ਿਆਲਾਂ ਵਿੱਚ ਮੁੜ 2010 ਦੇ ਸਾਲ ਵਿੱਚ ਚਲਾ ਜਾਂਦਾ ਹਾਂ। ਇਹ ਉਹ ਸਮਾਂ ਸੀ ਜਦੋਂ ਭਾਰਤ ਦੇ ਸੰਵਿਧਾਨ ਨੇ 60 ਸਾਲ ਪੂਰੇ ਕੀਤੇ ਸਨ। ਦੁੱਖ ਦੀ ਗੱਲ ਹੈ ਕਿ ਇਸ ਮੌਕੇ ਨੂੰ ਰਾਸ਼ਟਰੀ ਪੱਧਰ 'ਤੇ ਓਨਾ ਧਿਆਨ ਨਹੀਂ ਮਿਲਿਆ, ਜਿਸਦਾ ਇਹ ਹੱਕਦਾਰ ਸੀ। ਪਰ, ਸੰਵਿਧਾਨ ਪ੍ਰਤੀ ਸਾਡੀ ਸਮੂਹਿਕ ਸ਼ੁਕਰਗੁਜ਼ਾਰੀ ਅਤੇ ਵਚਨਬੱਧਤਾ ਪ੍ਰਗਟ ਕਰਨ ਲਈ, ਅਸੀਂ ਗੁਜਰਾਤ ਵਿੱਚ ਇੱਕ 'ਸੰਵਿਧਾਨ ਗੌਰਵ ਯਾਤਰਾ' ਦਾ ਆਯੋਜਨ ਕੀਤਾ। ਸਾਡੇ ਸੰਵਿਧਾਨ ਨੂੰ ਹਾਥੀ 'ਤੇ ਰੱਖਿਆ ਗਿਆ ਸੀ ਅਤੇ ਮੈਨੂੰ, ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਕਈ ਹੋਰ ਲੋਕਾਂ ਦੇ ਨਾਲ, ਇਸ ਜਲੂਸ ਦਾ ਹਿੱਸਾ ਬਣਨ ਦਾ ਸਨਮਾਨ ਮਿਲਿਆ।
ਜਦੋਂ ਸੰਵਿਧਾਨ ਨੇ 75 ਸਾਲ ਪੂਰੇ ਕੀਤੇ, ਅਸੀਂ ਫ਼ੈਸਲਾ ਕੀਤਾ ਕਿ ਇਹ ਭਾਰਤ ਦੇ ਲੋਕਾਂ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ। ਸਾਨੂੰ ਇਸ ਇਤਿਹਾਸਕ ਮੌਕੇ ਨੂੰ ਯਾਦ ਕਰਨ ਲਈ ਸੰਸਦ ਦਾ ਇੱਕ ਵਿਸ਼ੇਸ਼ ਇਜਲਾਸ ਸੱਦਣ ਅਤੇ ਦੇਸ਼ ਵਿਆਪੀ ਪ੍ਰੋਗਰਾਮ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਨ੍ਹਾਂ ਪ੍ਰੋਗਰਾਮਾਂ ਵਿੱਚ ਰਿਕਾਰਡ ਜਨਤਕ ਭਾਗੀਦਾਰੀ ਦੇਖਣ ਨੂੰ ਮਿਲੀ।
ਇਸ ਸਾਲ ਦਾ ਸੰਵਿਧਾਨ ਦਿਵਸ ਕਈ ਕਾਰਨਾਂ ਕਰਕੇ ਵਿਸ਼ੇਸ਼ ਹੈ।
ਇਹ ਦੋ ਵਿਲੱਖਣ ਸ਼ਖ਼ਸੀਅਤਾਂ, ਸਰਦਾਰ ਵੱਲਭਭਾਈ ਪਟੇਲ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਦੋਵਾਂ ਨੇ ਸਾਡੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ। ਸਰਦਾਰ ਪਟੇਲ ਦੀ ਦੂਰ-ਦਰਸ਼ੀ ਅਗਵਾਈ ਨੇ ਭਾਰਤ ਦੇ ਸਿਆਸੀ ਏਕੀਕਰਨ ਨੂੰ ਯਕੀਨੀ ਬਣਾਇਆ। ਇਹ ਉਨ੍ਹਾਂ ਦੀ ਪ੍ਰੇਰਨਾ ਅਤੇ ਦ੍ਰਿੜ੍ਹਤਾ ਦੀ ਹਿੰਮਤ ਸੀ, ਜਿਸਨੇ ਧਾਰਾ 370 ਅਤੇ 35(ਏ) ਦੇ ਵਿਰੁੱਧ ਕਾਰਵਾਈ ਕਰਨ ਲਈ ਸਾਡੇ ਕਦਮਾਂ ਦੀ ਅਗਵਾਈ ਕੀਤੀ। ਭਾਰਤ ਦਾ ਸੰਵਿਧਾਨ ਹੁਣ ਜੰਮੂ ਅਤੇ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਲਾਗੂ ਹੈ, ਜੋ ਖ਼ਾਸ ਕਰਕੇ ਔਰਤਾਂ ਅਤੇ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਸਮੇਤ ਸਾਰੇ ਲੋਕਾਂ ਲਈ ਸਾਰੇ ਸੰਵਿਧਾਨਕ ਅਧਿਕਾਰਾਂ ਨੂੰ ਯਕੀਨੀ ਬਣਾਉਂਦਾ ਹੈ। ਭਗਵਾਨ ਬਿਰਸਾ ਮੁੰਡਾ ਦਾ ਜੀਵਨ ਸਾਡੇ ਕਬਾਇਲੀ ਭਾਈਚਾਰਿਆਂ ਲਈ ਨਿਆਂ, ਮਾਣ ਅਤੇ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਭਾਰਤ ਦੇ ਸੰਕਲਪ ਨੂੰ ਪ੍ਰੇਰਿਤ ਕਰਦਾ ਹੈ।
ਇਸ ਸਾਲ, ਅਸੀਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ, ਜਿਸ ਦੇ ਸ਼ਬਦ ਯੁਗਾਂ ਤੋਂ ਭਾਰਤੀਆਂ ਦੇ ਸਮੂਹਿਕ ਸੰਕਲਪ ਨਾਲ ਗੂੰਜਦੇ ਰਹੇ ਹਨ। ਇਸੇ ਸਮੇਂ, ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਨਾਲ ਯਾਦ ਕਰ ਰਹੇ ਹਾਂ। ਉਨ੍ਹਾਂ ਦਾ ਪਵਿੱਤਰ ਜੀਵਨ ਅਤੇ ਮਹਾਨ ਕੁਰਬਾਨੀ ਅੱਜ ਵੀ ਸਾਨੂੰ ਹਿੰਮਤ, ਦਇਆ ਅਤੇ ਰੂਹਾਨੀ ਤਾਕਤ ਨਾਲ ਪ੍ਰਕਾਸ਼ਮਾਨ ਕਰਦੇ ਹਨ।
ਇਹ ਸਾਰੀਆਂ ਸ਼ਖ਼ਸੀਅਤਾਂ ਅਤੇ ਮੀਲ ਪੱਥਰ ਸਾਨੂੰ ਸਾਡੇ ਫ਼ਰਜ਼ਾਂ ਦੀ ਪ੍ਰਮੁੱਖਤਾ ਦੀ ਯਾਦ ਦਿਵਾਉਂਦੇ ਹਨ, ਜਿਸ 'ਤੇ ਸੰਵਿਧਾਨ ਵੀ ਧਾਰਾ 51ਏ ਵਿੱਚ ਮੌਲਿਕ ਕਰਤੱਵਾਂ 'ਤੇ ਇੱਕ ਸਮਰਪਿਤ ਅਧਿਆਇ ਜ਼ੋਰ ਦਿੰਦਾ ਹੈ। ਇਹ ਕਰਤੱਵ ਸਾਨੂੰ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਸਮੂਹਿਕ ਤੌਰ 'ਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਮਾਰਗ-ਦਰਸ਼ਨ ਪ੍ਰਦਾਨ ਕਰਦੇ ਹਨ। ਮਹਾਤਮਾ ਗਾਂਧੀ ਹਮੇਸ਼ਾ ਇੱਕ ਨਾਗਰਿਕ ਦੇ ਕਰਤੱਵਾਂ 'ਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਚੰਗੀ ਤਰ੍ਹਾਂ ਨਿਭਾਇਆ ਗਿਆ ਫ਼ਰਜ਼ ਇੱਕ ਅਨੁਸਾਰੀ ਅਧਿਕਾਰ ਬਣਾਉਂਦਾ ਹੈ ਅਤੇ ਅਸਲ ਅਧਿਕਾਰ ਫ਼ਰਜ਼ ਦੀ ਪਾਲਣਾ ਦਾ ਨਤੀਜਾ ਹੁੰਦੇ ਹਨ।
ਇਸ ਸਦੀ ਦੀ ਸ਼ੁਰੂਆਤ ਨੂੰ 25 ਸਾਲ ਹੋ ਚੁੱਕੇ ਹਨ। ਹੁਣ ਤੋਂ ਸਿਰਫ਼ ਦੋ ਦਹਾਕੇ ਬਾਅਦ, ਅਸੀਂ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਦੇ 100 ਸਾਲ ਪੂਰੇ ਕਰਾਂਗੇ। 2049 ਵਿੱਚ, ਸੰਵਿਧਾਨ ਨੂੰ ਅਪਣਾਏ ਜਾਣ ਨੂੰ 100 ਸਾਲ ਹੋ ਜਾਣਗੇ। ਅਸੀਂ ਜੋ ਨੀਤੀਆਂ ਬਣਾਉਂਦੇ ਹਾਂ, ਅੱਜ ਅਸੀਂ ਜੋ ਫੈਸਲੇ ਲੈਂਦੇ ਹਾਂ ਅਤੇ ਸਾਡੇ ਸਮੂਹਿਕ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਸਰੂਪ ਦੇਣਗੇ।
ਇਸ ਤੋਂ ਪ੍ਰੇਰਿਤ ਹੋ ਕੇ, ਜਿਵੇਂ-ਜਿਵੇਂ ਅਸੀਂ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੇ ਹਾਂ, ਸਾਨੂੰ ਹਮੇਸ਼ਾ ਆਪਣੇ ਮਨਾਂ ਵਿੱਚ ਰਾਸ਼ਟਰ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸਾਡੇ ਦੇਸ਼ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਸ ਨਾਲ ਅੰਦਰੋਂ ਸ਼ੁਕਰਗੁਜ਼ਾਰੀ ਦੀ ਡੂੰਘੀ ਭਾਵਨਾ ਪੈਦਾ ਹੁੰਦੀ ਹੈ। ਅਤੇ, ਜਦੋਂ ਅਸੀਂ ਇਸ ਭਾਵਨਾ ਨਾਲ ਜਿਊਂਦੇ ਹਾਂ, ਤਾਂ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨਾ ਸਾਡੇ ਸੁਭਾਅ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ। ਆਪਣੇ ਫ਼ਰਜ਼ਾਂ ਨੂੰ ਨਿਭਾਉਣ ਲਈ, ਹਰ ਕੰਮ ਵਿੱਚ ਆਪਣੀ ਪੂਰੀ ਸਮਰੱਥਾ ਅਤੇ ਸਮਰਪਣ ਲਗਾਉਣਾ ਲਾਜ਼ਮੀ ਹੋ ਜਾਂਦਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਸ ਨਾਲ ਸੰਵਿਧਾਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਰਾਸ਼ਟਰ ਦੇ ਟੀਚਿਆਂ ਅਤੇ ਹਿੱਤਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਆਖ਼ਰਕਾਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ। ਜਦੋਂ ਅਸੀਂ ਇਸ ਫ਼ਰਜ਼ ਦੀ ਭਾਵਨਾ ਨਾਲ ਕੰਮ ਕਰਦੇ ਹਾਂ, ਤਾਂ ਸਾਡੇ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਕਈ ਗੁਣਾ ਵਧੇਗੀ।
ਸਾਡੇ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਨਾਗਰਿਕ ਹੋਣ ਦੇ ਨਾਤੇ, ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਰਾਸ਼ਟਰੀ, ਸੂਬਾਈ ਅਤੇ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਕਦੇ ਨਾ ਗੁਆਈਏ, ਜਿੱਥੇ ਅਸੀਂ ਰਜਿਸਟਰਡ ਹਾਂ। ਦੂਜਿਆਂ ਨੂੰ ਪ੍ਰੇਰਿਤ ਕਰਨ ਲਈ, ਅਸੀਂ ਹਰ 26 ਨਵੰਬਰ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ 18 ਸਾਲ ਦੇ ਹੋ ਰਹੇ ਨੌਜਵਾਨਾਂ ਲਈ ਵਿਸ਼ੇਸ਼ ਜਸ਼ਨ ਮਨਾਉਣ ਬਾਰੇ ਸੋਚ ਸਕਦੇ ਹਾਂ। ਇਸ ਤਰ੍ਹਾਂ ਸਾਡੇ ਪਹਿਲੀ ਵਾਰ ਦੇ ਵੋਟਰ ਮਹਿਸੂਸ ਕਰਨਗੇ ਕਿ ਵਿਦਿਆਰਥੀ ਹੋਣ ਦੇ ਨਾਲ-ਨਾਲ, ਉਹ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਵੀ ਸਰਗਰਮ ਭਾਗੀਦਾਰ ਹਨ।
ਜਦੋਂ ਅਸੀਂ ਆਪਣੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਅਤੇ ਮਾਣ ਦੀ ਭਾਵਨਾ ਨਾਲ ਪ੍ਰੇਰਿਤ ਕਰਦੇ ਹਾਂ, ਤਾਂ ਉਹ ਆਪਣੀ ਸਾਰੀ ਜ਼ਿੰਦਗੀ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਰਹਿਣਗੇ। ਵਚਨਬੱਧਤਾ ਦੀ ਇਹ ਭਾਵਨਾ ਇੱਕ ਮਜ਼ਬੂਤ ਰਾਸ਼ਟਰ ਦੀ ਬੁਨਿਆਦ ਹੈ।
ਆਓ, ਇਸ ਸੰਵਿਧਾਨ ਦਿਵਸ 'ਤੇ, ਇਸ ਮਹਾਨ ਰਾਸ਼ਟਰ ਦੇ ਨਾਗਰਿਕਾਂ ਵਜੋਂ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਈਏ। ਅਜਿਹਾ ਕਰਕੇ, ਅਸੀਂ ਸਾਰੇ ਇੱਕ ਵਿਕਸਿਤ ਅਤੇ ਮਜ਼ਬੂਤ ਭਾਰਤ ਦੇ ਨਿਰਮਾਣ ਵਿੱਚ ਅਰਥਪੂਰਨ ਯੋਗਦਾਨ ਪਾ ਸਕਦੇ ਹਾਂ।
ਤੁਹਾਡਾ,
ਨਰੇਂਦਰ ਮੋਦੀ






