A very special day for Rajasthan, development initiatives across aviation, energy and connectivity will strengthen infrastructure, accelerate growth and improve ease of living: PM
Regardless of how massive and unforeseen a challenge may be, New India neither backs away from its resolves nor slows its momentum: PM
Today itself, the new airport terminal was inaugurated in Jodhpur; this will provide a new impetus to tourism, trade, and employment in the Marwar region: PM
The resolve and efforts of the 21st century's New India have triumphed over the greatest energy crisis of the 21st century: PM
India made the right decisions at every level, accurately assessed the crisis in a timely manner, formulated an effective strategy, and utilized India's resources in a balanced way; It positively leveraged India's diplomatic power, and that is how India managed to emerge from the crisis: PM
India made the right decisions at every level and managed to emerge from the energy crisis: PM
Today, I thank and express my gratitude to our 1.4 billion citizens for the resolute way they stood by the country during these difficult times: PM
It is on the strength of the trust of our 1.4 billion citizens that the nation has been able to move forward: PM
Now, the governments of Rajasthan and Haryana will collaborate to deliver water to Shekhawati, benefiting the people of the entire adjoining Shekhawati region: PM

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

 

ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ ਜੀ, ਇੱਥੋਂ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਉਪ ਮੁੱਖ ਮੰਤਰੀ ਦੀਆ ਕੁਮਾਰੀ ਜੀ, ਪ੍ਰੇਮਚੰਦ ਬੈਰਵਾ ਜੀ, ਰਾਜਸਥਾਨ ਸਰਕਾਰ ਦੇ ਸਾਰੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਥੀ, ਅਤੇ ਮੇਰੇ ਪਿਆਰੇ ਭਰਾਵੋ ਤੇ ਭੈਣੋ।

 

ਮੈਨੂੰ ਦੱਸਿਆ ਗਿਆ ਹੈ ਕਿ ਅੱਜ ਰਾਜਸਥਾਨ ਵਿੱਚ 10-12 ਹਜ਼ਾਰ ਥਾਵਾਂ ਉੱਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਪ੍ਰੋਗਰਾਮ ਨਾਲ ਜੁੜੇ ਹਨ ਅਤੇ ਮੈਂ ਸਕਰੀਨ ਉੱਤੇ ਵੀ ਵੇਖ ਰਿਹਾ ਸੀ, ਜਿੱਥੇ ਵੀ ਨਜ਼ਰ ਮਾਰਾਂ, ਲੋਕ ਹੀ ਲੋਕ ਦਿਖਾਈ ਦੇ ਰਹੇ ਹਨ। ਤਕਨਾਲੋਜੀ ਰਾਹੀਂ ਰਾਜਸਥਾਨ ਦੇ ਕੋਨੇ-ਕੋਨੇ ਤੋਂ ਜੁੜੇ ਹੋਏ ਮੇਰੇ ਸਾਰੇ ਰਾਜਸਥਾਨੀ ਭਰਾਵਾਂ ਅਤੇ ਭੈਣਾਂ ਨੂੰ ਵੀ ਮੈਂ ਇੱਥੋਂ ਪ੍ਰਣਾਮ ਕਰਦਾ ਹਾਂ।

 

ਸਾਥੀਓ,

 

ਗਰਮੀ ਦੇ ਇਸ ਮੌਸਮ ਵਿੱਚ ਥਾਂ-ਥਾਂ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ, ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਤੁਹਾਡਾ ਵਿਸ਼ਵਾਸ ਕਿੰਨਾ ਬੁਲੰਦ ਹੈ। ਮੈਂ ਇਸ ਸਾਥ ਅਤੇ ਪਿਆਰ ਲਈ ਰਾਜਸਥਾਨ ਦੀ ਮਿੱਟੀ ਦਾ ਕਰਜ਼ਦਾਰ ਹਾਂ।

 

ਭਰਾਵੋ ਅਤੇ ਭੈਣੋ,

 

ਇਹ ਧਰਤੀ ਅਣਗਿਣਤ ਸੂਰਬੀਰਾਂ ਦੀ ਬਹਾਦਰੀ ਦੀ ਗਵਾਹ ਰਹੀ ਹੈ। ਇਸ ਰਣ ਦੇ ਕਣ-ਕਣ ਨੇ ਸਾਨੂੰ ਸਵੈ-ਮਾਣ ਨੂੰ ਸਭ ਤੋਂ ਉੱਪਰ ਰੱਖਣ ਦੀ ਸਿੱਖਿਆ ਦਿੱਤੀ ਹੈ। ਅਤੇ ਸਵੈ-ਮਾਣ, ਚਾਹੇ ਇਨਸਾਨ ਦਾ ਹੋਵੇ ਜਾਂ ਦੇਸ਼ ਦਾ, ਉਹ ਉਦੋਂ ਹੀ ਕਾਇਮ ਰਹਿ ਸਕਦਾ ਹੈ ਜਦੋਂ ਉਹ ਆਤਮ-ਨਿਰਭਰ ਹੋਵੇ, ਦੂਜਿਆਂ ਉੱਤੇ ਘੱਟ ਤੋਂ ਘੱਟ ਨਿਰਭਰ ਹੋਵੇ। ਅੱਜ ਰਾਜਸਥਾਨ ਦੀ ਇਸ ਧਰਤੀ ਤੋਂ ਭਾਰਤ ਨੇ ਵਿਕਸਿਤ ਹੋਣ, ਆਤਮ-ਨਿਰਭਰ ਹੋਣ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਚੁੱਕਿਆ ਹੈ। ਅੱਜ ਇਸ ਰਿਫਾਇਨਰੀ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਰਿਫਾਇਨਰੀ ਇੱਥੇ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਦਾ ਵਸੀਲਾ ਬਣੇਗੀ। ਮੈਂ ਰਾਜਸਥਾਨ ਦੇ ਨੌਜਵਾਨਾਂ ਨੂੰ ਇਸ ਰਿਫਾਇਨਰੀ ਦੀ ਖ਼ਾਸ ਤੌਰ ਉੱਤੇ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਦਾ ਦਿਨ ਗਵਾਹ ਹੈ ਕਿ ਭਾਜਪਾ ਸਰਕਾਰਾਂ ਪ੍ਰੋਜੈਕਟਾਂ ਦਾ ਸਿਰਫ਼ ਨੀਂਹ ਪੱਥਰ ਰੱਖ ਕੇ ਨਹੀਂ ਛੱਡਦੀਆਂ, ਸਗੋਂ ਅਸੀਂ ਉਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵੀ ਦਿਨ-ਰਾਤ ਇੱਕ ਕਰ ਦਿੰਦੇ ਹਾਂ। ਦੋ ਮਹੀਨੇ ਪਹਿਲਾਂ ਇੱਥੇ ਜੋ ਹਾਦਸਾ ਵਾਪਰਿਆ, ਉਸ ਤੋਂ ਬਾਅਦ ਇੰਨੀ ਤੇਜ਼ੀ ਨਾਲ ਕੰਮ ਪੂਰਾ ਕਰ ਲੈਣਾ, ਇਹ ਵੀ ਮਿਹਨਤ ਦੀ ਸਿਖਰ ਦੀ ਮਿਸਾਲ ਹੈ। ਤੁਸੀਂ ਸਾਰਿਆਂ ਨੇ ਦਿਖਾ ਦਿੱਤਾ ਹੈ ਕਿ ਚੁਣੌਤੀ ਚਾਹੇ ਕਿੰਨੀ ਵੀ ਵੱਡੀ ਅਤੇ ਅਚਨਚੇਤ ਕਿਉਂ ਨਾ ਹੋਵੇ, ਨਵਾਂ ਭਾਰਤ ਆਪਣੇ ਇਰਾਦਿਆਂ ਤੋਂ ਨਾ ਤਾਂ ਪਿੱਛੇ ਹਟਦਾ ਹੈ, ਅਤੇ ਨਾ ਹੀ ਆਪਣੀ ਰਫ਼ਤਾਰ ਘੱਟ ਕਰਦਾ ਹੈ।

 

ਭਰਾਵੋ ਅਤੇ ਭੈਣੋ,

 

ਅੱਜ ਰਾਜਸਥਾਨ ਵਿੱਚ ਵਿਕਾਸ ਦੇ ਕਈ ਹੋਰ ਵੀ ਰਿਕਾਰਡ ਬਣ ਰਹੇ ਹਨ। ਅੱਜ ਹੀ, ਜੋਧਪੁਰ ਵਿੱਚ ਨਵੇਂ ਏਅਰਪੋਰਟ ਟਰਮੀਨਲ ਦਾ ਉਦਘਾਟਨ ਕੀਤਾ ਗਿਆ ਹੈ। ਮੈਂ ਸੋਸ਼ਲ ਮੀਡੀਆ ਉੱਤੇ ਵੇਖ ਰਿਹਾ ਸੀ ਕਿ ਨਵੇਂ ਟਰਮੀਨਲ ਦਾ ਆਰਕੀਟੈਕਚਰ ਅਤੇ ਇੰਟੀਰੀਅਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਚਾਰੇ ਪਾਸੇ ਰਾਜਸਥਾਨ ਹੀ ਰਾਜਸਥਾਨ ਨਜ਼ਰ ਆ ਰਿਹਾ ਹੈ।

 

ਸਾਥੀਓ,

 

ਇਹ ਮਾਰਵਾੜ ਵਿੱਚ ਸੈਰ-ਸਪਾਟੇ, ਵਪਾਰ ਅਤੇ ਰੁਜ਼ਗਾਰ ਨੂੰ ਨਵੀਂ ਰਫ਼ਤਾਰ ਦੇਵੇਗਾ। ਇਸ ਪ੍ਰੋਗਰਾਮ ਵਿੱਚ ਜੋ ਲੋਕ ਜੋਧਪੁਰ ਤੋਂ ਜੁੜੇ ਹਨ, ਮੈਂ ਉਨ੍ਹਾਂ ਦਾ ਖ਼ਾਸ ਤੌਰ ਉੱਤੇ ਸਵਾਗਤ ਕਰਦਾ ਹਾਂ। ਜੋਧਪੁਰ ਤੋਂ ਹੀ ਅੱਜ ‘ਉਡਾਣ’ ਯੋਜਨਾ ਦੇ ਨਵੇਂ ਪੜਾਅ ਦੀ ਵੀ ਸ਼ੁਰੂਆਤ ਹੋਈ ਹੈ। ਇਸ ਦੇ ਤਹਿਤ ਛੋਟੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਏਅਰ ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ। ਨਾਲ ਹੀ, ਹੁਣ ਜੈਪੁਰ ਵਿੱਚ ਮੈਟਰੋ ਦਾ ਵਿਸਥਾਰ ਵੀ ਹੋਣ ਜਾ ਰਿਹਾ ਹੈ।

 

ਭਰਾਵੋ ਅਤੇ ਭੈਣੋ,

 

ਸ਼ੇਖਾਵਟੀ ਖੇਤਰ ਦੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਦੀ ਉਡੀਕ ਵੀ ਹੁਣ ਖਤਮ ਹੋਣ ਜਾ ਰਹੀ ਹੈ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਰਾਜਸਥਾਨ ਦੇ ਮੇਰੇ ਭਰਾਵਾਂ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਰਾਜਸਥਾਨ ਦੇ ਕਰੀਬ 54 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੀ ਮਿਲੇ ਹਨ। ਮੈਂ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਸਾਰੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ, ਅਤੇ ਉਨ੍ਹਾਂ ਦਾ ਨੌਜਵਾਨ ਮਨ ਰਾਜਸਥਾਨ ਦੇ ਸੁਨਹਿਰੇ ਭਵਿੱਖ ਨੂੰ ਹੋਰ ਮਜ਼ਬੂਤੀ ਦੇਵੇਗਾ, ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

 

ਅੱਜ ਰਾਜਸਥਾਨ ਦੀ ਇਸ ਧਰਤੀ ਤੋਂ, ਮੈਂ ਦੇਸ਼ ਦੀ ਇੱਕ ਹੋਰ ਤਾਕਤ ਦੀ ਚਰਚਾ ਕਰਾਂਗਾ। ਤੁਸੀਂ ਵੀ ਵੇਖ ਰਹੇ ਹੋ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ, ਹਰ ਦੇਸ਼ ਪਰੇਸ਼ਾਨ ਹੈ। ਇਸ ਜੰਗ ਨੇ 21ਵੀਂ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਨੂੰ ਜਨਮ ਦਿੱਤਾ ਹੈ। ਵੱਡੇ-ਵੱਡੇ ਦੇਸ਼ ਅੱਜ ਈਂਧਨ ਦੀ ਘਾਟ ਨਾਲ ਜੂਝ ਰਹੇ ਹਨ।

 

ਪਰ ਸਾਥੀਓ,

 

21ਵੀਂ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਉੱਤੇ, 21ਵੀਂ ਸਦੀ ਦੇ ਨਵੇਂ ਭਾਰਤ ਦੀ ਇੱਛਾ-ਸ਼ਕਤੀ ਅਤੇ ਭਾਰਤ ਦੀਆਂ ਕੋਸ਼ਿਸ਼ਾਂ ਇਨ੍ਹਾਂ ਸੰਕਟਾਂ ਉੱਤੇ ਭਾਰੂ ਪਈਆਂ ਹਨ। ਭਾਰਤ ਨੇ ਹਰ ਪੱਧਰ ਉੱਤੇ ਸਹੀ ਫ਼ੈਸਲੇ ਲਏ, ਸੰਕਟ ਦਾ ਸਮਾਂ ਰਹਿੰਦਿਆਂ ਸਹੀ ਮੁਲਾਂਕਣ ਕੀਤਾ, ਅਸਰਦਾਰ ਰਣਨੀਤੀ ਬਣਾਈ, ਭਾਰਤ ਦੇ ਵਸੀਲਿਆਂ ਦੀ ਸੰਤੁਲਿਤ ਵਰਤੋਂ ਕੀਤੀ। ਭਾਰਤ ਦੀ ਕੂਟਨੀਤਕ ਤਾਕਤ ਦੀ ਹਾਂ-ਪੱਖੀ ਵਰਤੋਂ ਕੀਤੀ। ਅਤੇ ਫਿਰ ਜਾ ਕੇ ਭਾਰਤ ਸੰਕਟ ਵਿੱਚੋਂ ਉੱਭਰ ਸਕਿਆ ਹੈ।

 

ਸਾਥੀਓ,

 

ਜਦੋਂ ਜਨਤਕ ਤੌਰ ਉੱਤੇ ਕੁਝ ਤਾਕਤਾਂ ਅਫਵਾਹਾਂ ਅਤੇ ਡਰ ਫੈਲਾਉਣ ਵਿੱਚ ਰੁੱਝੀਆਂ ਸਨ, ਉਦੋਂ ਕਿਸ ਪੱਧਰ ਉੱਤੇ ਦਿਨ-ਰਾਤ ਕੰਮ ਹੋ ਰਿਹਾ ਸੀ, ਕਿਸ ਤਰ੍ਹਾਂ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਸੀ, ਉਹ ਮਿਹਨਤ, ਉਹ ਕੋਸ਼ਿਸ਼ਾਂ, ਉਹ ਧੀਰਜ, ਨੀਤੀਗਤ ਪੱਧਰ ਉੱਤੇ, ਕੂਟਨੀਤਕ ਪੱਧਰ ਉੱਤੇ ਚੁੱਕਿਆ ਗਿਆ ਇੱਕ-ਇੱਕ ਸੰਵੇਦਨਸ਼ੀਲ ਕਦਮ, ਕਦੇ ਨਾ ਕਦੇ ਇਤਿਹਾਸ ਲਿਖੇਗਾ, ਇਹ ਸਭ ਬੇਮਿਸਾਲ ਹਨ। ਮੈਂ ਇੱਕ ਉਦਾਹਰਨ ਦਿੰਦਾ ਹਾਂ, ਰਸੋਈ ਗੈਸ ਭਾਵ ਐੱਲਪੀਜੀ ਬਾਰੇ। ਅਸੀਂ ਸਾਰੇ ਜਾਣਦੇ ਹਾਂ, ਸਾਡੀਆਂ ਲੋੜਾਂ ਦੀ ਕਰੀਬ 60 ਫ਼ੀਸਦੀ ਐੱਲਪੀਜੀ ਹੋਰਾਂ ਦੇਸ਼ਾਂ ਤੋਂ ਮੰਗਵਾਈ ਜਾਂਦੀ ਸੀ, ਅਤੇ ਇਸ ਵਿੱਚੋਂ ਵੀ 90 ਫ਼ੀਸਦੀ ਐੱਲਪੀਜੀ ਖਾੜੀ ਦੇਸ਼ਾਂ ਤੋਂ ਆ ਰਹੀ ਸੀ, ਹੋਰਮੁਜ਼ ਤੋਂ ਹੋ ਕੇ ਆ ਰਹੀ ਸੀ। ਅਤੇ ਅਚਾਨਕ ਜੰਗ ਦੇ ਹਾਲਾਤ ਨੇ ਉਸ ਸਪਲਾਈ ਨੂੰ ਲਗਭਗ ਬੰਦ ਕਰ ਦਿੱਤਾ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਸਾਡੇ ਦੇਸ਼ ਵਿੱਚ ਕਿੰਨੀ ਵੱਡੀ ਹਾਹਾਕਾਰ ਮੱਚਣ ਜਾ ਰਹੀ ਸੀ। ਪਰ, ਰਾਜਸਥਾਨ ਦੀ ਇਸ ਧਰਤੀ ਨੇ ਸਾਨੂੰ ਚੁਣੌਤੀਆਂ ਨੂੰ ਵੀ ਟੱਕਰ ਦੇਣਾ ਸਿਖਾਇਆ ਹੈ। ਅਤੇ ਇਸੇ ਲਈ ਅਸੀਂ ਸੰਕਟ ਸ਼ੁਰੂ ਹੁੰਦਿਆਂ ਹੀ ਰਿਫਾਇਨਰੀਆਂ ਦੀ ਸਮਰੱਥਾ ਉੱਤੇ ਧਿਆਨ ਕੇਂਦਰਿਤ ਕੀਤਾ। ਸਨਅਤੀ ਕੰਮਾਂ ਲਈ ਜੋ ਗੈਸ ਬਣਦੀ ਸੀ, ਉਸ ਦੀ ਥਾਂ ਰਿਫਾਇਨਰੀਆਂ ਨੂੰ ਰਸੋਈ ਗੈਸ (ਐੱਲਪੀਜੀ) ਬਣਾਉਣ ਲਈ ਕਿਹਾ ਗਿਆ। ਅਤੇ, 7 ਦਿਨਾਂ ਦੇ ਅੰਦਰ-ਅੰਦਰ ਐੱਲਪੀਜੀ ਦੇ ਉਤਪਾਦਨ ਵਿੱਚ ਵਾਧਾ ਹੋਇਆ, ਪਹਿਲਾਂ ਜੋ 35 ਹਜ਼ਾਰ ਮੀਟ੍ਰਿਕ ਟਨ ਐੱਲਪੀਜੀ ਦਾ ਉਤਪਾਦਨ ਦੇਸ਼ ਵਿੱਚ ਹੁੰਦਾ ਸੀ, ਸੰਕਟ ਦੌਰਾਨ ਉਹ ਵਧ ਕੇ 54 ਹਜ਼ਾਰ ਮੀਟ੍ਰਿਕ ਟਨ ਤੱਕ ਪਹੁੰਚ ਗਿਆ। ਜਿਨ੍ਹਾਂ ਰਿਫਾਇਨਰੀਆਂ ਨੇ ਪਹਿਲਾਂ ਕਦੇ ਐੱਲਪੀਜੀ ਨਹੀਂ ਬਣਾਈ ਸੀ, ਉਨ੍ਹਾਂ ਨੂੰ ਵੀ ਇਸ ਲਈ ਤਿਆਰ ਕੀਤਾ ਗਿਆ।

 

ਸਾਥੀਓ,

 

ਰਸੋਈ ਗੈਸ ਦੀ ਮੰਗ ਦਾ ਪੂਰਾ ਬੋਝ ਐੱਲਪੀਜੀ ਉੱਤੇ ਨਾ ਪਵੇ, ਸਰਕਾਰ ਨੇ ਇਸ ਦਾ ਵੀ ਧਿਆਨ ਰੱਖਿਆ। ਪੀਐੱਨਜੀ ਕਨੈਕਸ਼ਨ, ਯਾਨੀ ਪਾਈਪ ਰਾਹੀਂ ਰਸੋਈ ਗੈਸ ਦੇ ਕਨੈਕਸ਼ਨ ਵਧਾਉਣ ਦੀ ਮੁਹਿੰਮ ਚਲਾਈ ਗਈ, ਬਹੁਤ ਹੀ ਘੱਟ ਸਮੇਂ ਵਿੱਚ ਭਾਰਤ ਨੇ ਕਰੀਬ 11 ਲੱਖ ਤੋਂ ਵੱਧ ਘਰਾਂ ਨੂੰ ਗੈਸ ਦੇ ਪੀਐੱਨਜੀ ਕਨੈਕਸ਼ਨਾਂ ਨਾਲ ਜੋੜ ਦਿੱਤਾ।

 

ਭਰਾਵੋ ਅਤੇ ਭੈਣੋ,

 

ਅਸੀਂ ਇੱਕ ਪਾਸੇ ਸਪਲਾਈ ਨੂੰ ਯਕੀਨੀ ਬਣਾਇਆ। ਦੂਜੇ ਪਾਸੇ, ਘਰੇਲੂ ਖਪਤਕਾਰਾਂ ਉੱਤੇ ਬਹੁਤਾ ਬੋਝ ਵੀ ਨਹੀਂ ਪੈਣ ਦਿੱਤਾ। ਜੋ ਹਾਲਾਤ ਸਨ, ਉਨ੍ਹਾਂ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੋ ਹਜ਼ਾਰ ਰੁਪਏ ਤੱਕ ਜਾ ਸਕਦੀ ਸੀ! ਵੱਡੇ-ਵੱਡੇ ਮਾਰਕਿਟ ਮਾਹਰ ਇਹੀ ਅੰਦਾਜ਼ਾ ਲਗਾ ਰਹੇ ਸਨ। ਪਰ, ਸਾਡੇ ਇੱਥੇ ਅਜੇ ਵੀ ਘਰੇਲੂ ਐੱਲਪੀਜੀ ਸਿਲੰਡਰ 950 ਰੁਪਏ ਤੋਂ ਵੀ ਘੱਟ ਵਿੱਚ ਦਿੱਤਾ ਜਾ ਰਿਹਾ ਹੈ। ਗਰੀਬਾਂ ਨੂੰ ਤਾਂ ਉੱਜਵਲਾ ਸਿਲੰਡਰ 650 ਰੁਪਏ ਤੋਂ ਵੀ ਸਸਤਾ ਪੈ ਰਿਹਾ ਹੈ! ਹੁਣ ਤੋਂ ਦੋ ਦਿਨ ਪਹਿਲਾਂ, ਸਰਕਾਰ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਵੀ ਬਹੁਤ ਵੱਡੀ ਕਟੌਤੀ ਕਰ ਦਿੱਤੀ ਹੈ। ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਕਿੰਨੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ।

 

ਸਾਥੀਓ,

 

ਜੰਗ ਕਾਰਨ ਡੀਜ਼ਲ-ਪੈਟਰੋਲ ਉੱਤੇ ਆਇਆ ਸੰਕਟ ਵੀ ਬਹੁਤ ਵੱਡਾ ਸੀ। ਸਾਡੇ ਦੇਸ਼ ਵਿੱਚ ਤੇਲ ਦੇ ਵੱਡੇ-ਵੱਡੇ ਖੂਹ ਨਹੀਂ ਹਨ। ਜਦੋਂ ਇਹ ਸੰਕਟ ਵਧਿਆ, ਤਾਂ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਦਰਾਮਦ ਦੇ ਰਸਤੇ ਵੀ ਬੰਦ ਸਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ 40 ਤੋਂ 50 ਫ਼ੀਸਦੀ ਦਾ ਵਾਧਾ ਹੋ ਗਿਆ। ਕਈ ਦੇਸ਼ਾਂ ਵਿੱਚ ਤਾਂ ਡੀਜ਼ਲ-ਪੈਟਰੋਲ ਕੋਟੇ ਦੇ ਹਿਸਾਬ ਨਾਲ ਮਿਲਣ ਲੱਗ ਪਿਆ ਸੀ। ਪਰ, ਭਾਰਤ ਵਿੱਚ ਇੱਕ ਦਿਨ ਵੀ ਅਜਿਹੇ ਹਾਲਾਤ ਨਹੀਂ ਆਏ। ਅਫਵਾਹਾਂ ਬਹੁਤ ਫੈਲਾਈਆਂ ਗਈਆਂ, ਲੋਕਾਂ ਨੂੰ ਡਰਾਇਆ ਗਿਆ, ਭੜਕਾਇਆ ਗਿਆ, ਸਿਆਸਤ ਦੀਆਂ ਖੇਡਾਂ ਖੇਡੀਆਂ ਗਈਆਂ, ਪਰ ਜਿਨ੍ਹਾਂ ਦੇ ਇਰਾਦੇ ਮਾੜੇ ਸਨ ਉਹ ਕਾਮਯਾਬ ਨਹੀਂ ਹੋ ਸਕੇ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ, ਛੋਟੀਆਂ-ਮੋਟੀਆਂ ਦਿੱਕਤਾਂ ਤੋਂ ਇਲਾਵਾ ਸਪਲਾਈ ਦੀ ਕੋਈ ਵੱਡੀ ਚੁਣੌਤੀ ਨਹੀਂ ਆਈ। ਅਪ੍ਰੈਲ ਤੋਂ ਜੂਨ ਵਿਚਕਾਰ ਹੀ, ਇਕੱਲੇ ਡੀਜ਼ਲ-ਪੈਟਰੋਲ ਵਿੱਚ ਕੰਪਨੀਆਂ ਨੂੰ 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਝੱਲਣਾ ਪਿਆ। ਇੱਕ ਨਵੀਂ ਰਿਫਾਇਨਰੀ ਬਣ ਜਾਵੇ, ਇੰਨਾ ਘਾਟਾ ਸਹਿਣਾ ਪਿਆ। ਅਤੇ ਇਸ ਘਾਟੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰੀ ਖਜ਼ਾਨੇ ਤੋਂ ਚੁੱਕੀ ਗਈ। ਅਸੀਂ ਪ੍ਰਤੀ ਲੀਟਰ 10 ਰੁਪਏ ਦੀ ਐਕਸਾਈਜ਼ ਡਿਊਟੀ ਵੀ ਘੱਟ ਕੀਤੀ। ਅਤੇ ਬਹੁਤਾ ਬੋਝ ਜਨਤਾ ਉੱਤੇ ਨਹੀਂ ਪੈਣ ਦਿੱਤਾ।

 

ਸਾਥੀਓ,

 

ਜੰਗ ਦੇ ਇਸੇ ਸਮੇਂ ਦੌਰਾਨ ਭਾਰਤ ਦੀ ਹੋਰਾਂ ਦੇਸ਼ਾਂ ਨਾਲ ਜੋ ਦੋਸਤੀ ਹੈ ਨਾ, ਉਹ ਦੋਸਤੀ ਵੀ ਬਹੁਤ ਕੰਮ ਆਈ। ਜਦੋਂ ਇਹ ਸੰਕਟ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲਾਂ ਭਾਰਤ ਸਿਰਫ਼ 25-26 ਦੇਸ਼ਾਂ ਤੋਂ ਹੀ ਈਂਧਨ ਅਤੇ ਊਰਜਾ ਮੰਗਵਾਉਂਦਾ ਸੀ। ਪਰ ਸੰਕਟ ਦੇ ਸਮੇਂ ਭਾਰਤ ਦੀ ਕੂਟਨੀਤੀ ਦਾ ਜਲਵਾ ਵੇਖਣ ਨੂੰ ਮਿਲਿਆ, ਦੂਜੇ ਦੇਸ਼ਾਂ ਨਾਲ ਸਾਡੇ ਚੰਗੇ ਸਬੰਧ ਇਸ ਸੰਕਟ ਦੀ ਘੜੀ ਵਿੱਚ ਬਹੁਤ ਕੰਮ ਆਏ। ਜੰਗ ਦੌਰਾਨ ਹੀ ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਈਂਧਨ ਮੰਗਵਾਉਣ ਲੱਗ ਪਿਆ। ਭਾਰਤ ਨੇ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਸਾਡੇ ਲਈ ਰਾਸ਼ਟਰ ਦਾ ਹਿੱਤ ਅਤੇ ਦੇਸ਼ ਦੇ ਨਾਗਰਿਕਾਂ ਦਾ ਹਿੱਤ ਸਭ ਤੋਂ ਉੱਪਰ ਹੈ। “ਨਾਗਰਿਕ ਦੇਵੋ ਭਵ:” ਇਹ ਸਾਡਾ ਮੰਤਰ ਹੈ।

 

ਸਾਥੀਓ,

 

ਇੰਨੀ ਅਚਨਚੇਤ ਚੁਣੌਤੀ ਵਿੱਚੋਂ ਦੇਸ਼ ਐਵੇਂ ਹੀ ਨਹੀਂ ਉੱਭਰਿਆ, ਇਸ ਦੇ ਪਿੱਛੇ ਸਾਡੀ ਇੱਕ ਦਹਾਕੇ ਤੋਂ ਚੱਲ ਰਹੀਆਂ ਦੂਰਅੰਦੇਸ਼ੀ ਨੀਤੀਆਂ ਦੀ ਸਫ਼ਲਤਾ ਵੀ ਹੈ। ਅੱਜ ਅਸੀਂ ਇੱਥੇ ਰਾਜਸਥਾਨ ਰਿਫਾਇਨਰੀ ਦਾ ਉਦਘਾਟਨ ਕਰ ਰਹੇ ਹਾਂ। ਅਸੀਂ 2017 ਵਿੱਚ ਇਸ ਲਈ ਐੱਮਓਯੂ ਸਾਈਨ ਕੀਤਾ ਸੀ। ਪਰ 2018 ਤੋਂ 2023 ਤੱਕ, ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਰਹੀ। ਕਾਂਗਰਸ ਦੇ ਅਸਹਿਯੋਗ ਕਾਰਨ, ਇੱਥੋਂ ਦਾ ਕੰਮ ਲਗਭਗ ਠੱਪ ਹੀ ਰਹਿ ਗਿਆ। ਪਰ, ਜਿਵੇਂ ਹੀ ਡਬਲ ਇੰਜਣ ਸਰਕਾਰ ਆਈ, ਇਸ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ, ਅੱਜ ਅਸੀਂ ਇਸ ਨੂੰ ਲੋਕ ਅਰਪਣ ਵੀ ਕਰ ਰਹੇ ਹਾਂ। ਅਤੇ ਤੁਸੀਂ ਤਾਂ ਜਾਣਦੇ ਹੀ ਹੋ ਮੇਰੇ ਕੰਮ ਕਰਨ ਦਾ ਤਰੀਕਾ। ਜਿਸ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ, ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ। ਇਸੇ ਤਰ੍ਹਾਂ, ਭਾਰਤ ਨੇ ਆਪਣੀ ਰਿਫਾਇਨਰੀ ਸਮਰੱਥਾ ਨੂੰ ਲਗਾਤਾਰ ਵਧਾਇਆ ਹੈ। ਅਮਰੀਕਾ ਵਿੱਚ ਪਿਛਲੇ 50 ਸਾਲਾਂ ਵਿੱਚ ਇੱਕ ਵੀ ਨਵੀਂ ਰਿਫਾਇਨਰੀ ਨਹੀਂ ਬਣੀ ਹੈ। ਯੂਰਪ ਦੀ ਰਿਫਾਇਨਰੀ ਸਮਰੱਥਾ ਲਗਾਤਾਰ ਘੱਟਦੀ ਗਈ ਹੈ। ਉੱਥੇ ਹੀ, ਭਾਰਤ ਅੱਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਰਿਫਾਇਨਰੀ ਸਮਰੱਥਾ ਵਾਲਾ ਦੇਸ਼ ਬਣ ਚੁੱਕਾ ਹੈ। ਅਤੇ ਅਸੀਂ ਇੱਥੇ ਰੁਕਣ ਵਾਲੇ ਨਹੀਂ ਹਾਂ, ਆਉਣ ਵਾਲੇ ਸਾਲਾਂ ਵਿੱਚ ਇਹ ਸਮਰੱਥਾ ਹੋਰ ਵੀ ਵਧਣ ਵਾਲੀ ਹੈ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਭਾਰਤ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਨਾਲ ਲੜ ਕੇ ਉੱਭਰਿਆ ਹੈ।

 

ਸਾਥੀਓ,

 

ਦੁਨੀਆ ਵਿੱਚ ਜੰਗ ਅਤੇ ਅਸ਼ਾਂਤੀ ਕਾਰਨ ਸਾਡੇ ਕਿਸਾਨਾਂ ਲਈ ਵੀ ਚੁਣੌਤੀਆਂ ਪੈਦਾ ਹੁੰਦੀਆਂ ਹਨ। ਹੁਣੇ ਪੱਛਮੀ ਏਸ਼ੀਆ ਦੇ ਸੰਕਟ, ਖਾੜੀ ਦੇਸ਼ਾਂ ਦੇ ਸੰਕਟ ਅਤੇ ਇਸ ਤੋਂ ਪਹਿਲਾਂ ਯੂਕਰੇਨ ਜੰਗ ਕਾਰਨ ਦੁਨੀਆ ਵਿੱਚ ਖਾਦ ਦਾ ਬਹੁਤ ਵੱਡਾ ਸੰਕਟ ਵੀ ਪੈਦਾ ਹੋਇਆ, ਫਰਟੀਲਾਈਜ਼ਰ ਦੀ ਸਮੱਸਿਆ ਪੈਦਾ ਹੋ ਗਈ। ਯੂਕਰੇਨ ਜੰਗ ਤੋਂ ਬਾਅਦ ਇੱਕ ਸਮੇਂ ਯੂਰੀਆ ਦੀ ਇੱਕ ਬੋਰੀ ਦੀ ਕੀਮਤ 3 ਹਜ਼ਾਰ ਰੁਪਏ ਤੋਂ ਵੀ ਉੱਪਰ ਪਹੁੰਚ ਗਈ ਸੀ। ਪਰ ਅਸੀਂ ਆਪਣੇ ਕਿਸਾਨਾਂ ਨੂੰ, ਜੋ ਦੁਨੀਆ ਦੇ ਬਾਜ਼ਾਰ ਵਿੱਚ 3 ਹਜ਼ਾਰ ਦੀ ਬੋਰੀ ਸੀ, ਅਸੀਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਿਰਫ਼ 300 ਰੁਪਏ ਵਿੱਚ ਯੂਰੀਆ ਦਿੰਦੇ ਰਹੇ। ਅਤੇ ਇਸ ਲਈ ਖਜ਼ਾਨੇ ਵਿੱਚੋਂ ਲੱਖਾਂ ਕਰੋੜਾਂ ਰੁਪਏ ਖਰਚ ਕਰਨੇ ਪਏ, ਸਬਸਿਡੀ ਦਿੱਤੀ ਗਈ। ਸਪਲਾਈ ਲਈ ਜੋ ਸਪਲਾਈ ਚੇਨਾਂ ਪ੍ਰਭਾਵਿਤ ਹੋਈਆਂ ਸਨ, ਭਾਰਤ ਨੇ ਉਸ ਦੇ ਵੀ ਹੱਲ ਕੱਢੇ। ਸਰਕਾਰ ਨੇ ਬਦਲਵੇਂ ਰਸਤੇ ਲੱਭੇ। ਅਸੀਂ ਕਈ ਦੇਸ਼ਾਂ ਵਿੱਚ ਆਪਣੇ ਦੂਤਾਵਾਸਾਂ ਨੂੰ ਖ਼ਾਸ ਜ਼ਿੰਮੇਵਾਰੀ ਸੌਂਪੀ। ਦੂਜੇ ਦੇਸ਼ਾਂ ਤੋਂ ਖਾਦ ਖਰੀਦਣ ਦੀ ਪਹਿਲ ਕੀਤੀ। ਦਰਾਮਦ ਦੇ ਨਾਲ-ਨਾਲ ਅਸੀਂ ਘਰੇਲੂ ਪੈਦਾਵਾਰ ਵੀ ਵਧਾਈ, ਉਸ ਉੱਤੇ ਧਿਆਨ ਕੇਂਦਰਿਤ ਕੀਤਾ। ਅਤੇ ਇੰਨਾ ਹੀ ਨਹੀਂ, ਅਸੀਂ ਕੁਦਰਤੀ ਖੇਤੀ ਵਰਗੇ ਬਦਲਾਂ ਨੂੰ ਵੀ ਹੁਲਾਰਾ ਦਿੱਤਾ। ਅਤੇ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਖਿਲਾਫ਼ ਵੀ ਸਖ਼ਤੀ ਕੀਤੀ।

 

ਸਾਥੀਓ,

 

ਇਸੇ ਤਰ੍ਹਾਂ ਅਸੀਂ ਆਪਣੀਆਂ ਸਨਅਤਾਂ ਦਾ, ਐੱਮਐੱਸਐੱਮਈਜ਼ ਦਾ ਵੀ ਧਿਆਨ ਰੱਖਿਆ। ਐੱਮਐੱਸਐੱਮਈਜ਼ ਨੂੰ ਵਧਦੀ ਲਾਗਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਅਸੀਂ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਦਾ ਇੱਕ ਨਵਾਂ ਪੜਾਅ ਲੈ ਕੇ ਆਏ। ਇਸ ਸਕੀਮ ਤਹਿਤ ਬੈਂਕਾਂ ਨੇ ਐੱਮਐੱਸਐੱਮਈਜ਼ ਨੂੰ 20 ਫ਼ੀਸਦੀ ਤੱਕ ਦਾ ਵਾਧੂ ਕਰਜ਼ਾ ਦਿੱਤਾ, ਅਤੇ ਸਰਕਾਰ ਨੇ ਐੱਮਐੱਸਐੱਮਈਜ਼ ਦੇ ਇਨ੍ਹਾਂ ਸਾਰੇ ਕਰਜ਼ਿਆਂ ਲਈ 100 ਫ਼ੀਸਦੀ ਗਾਰੰਟੀ ਲਈ, ਅਤੇ ਇਹ ਮੋਦੀ ਦੀ ਗਾਰੰਟੀ ਹੈ। ਇਸ ਦਾ ਬਹੁਤ ਲਾਹਾ ਛੋਟੀਆਂ ਸਨਅਤਾਂ ਨੂੰ ਮਿਲਿਆ, ਘਰੇਲੂ ਸਨਅਤਾਂ ਨੂੰ ਮਿਲਿਆ। ਅਜਿਹੇ ਹੀ ਕਈ ਫ਼ੈਸਲਿਆਂ ਦਾ ਨਤੀਜਾ ਹੈ ਕਿ ਅੱਜ ਸਾਡੇ ਛੋਟੇ-ਵੱਡੇ ਉਦਯੋਗ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

 

ਸਾਥੀਓ,

 

ਸਾਡੀ ਸਰਕਾਰ ਨੇ ਲਗਾਤਾਰ ਫ਼ੈਸਲੇ ਲਏ, ਕਿਉਂਕਿ ਸਾਨੂੰ ਭਾਰਤ ਦੀ ਸਮਰੱਥਾ ਉੱਤੇ ਭਰੋਸਾ ਸੀ। ਸਾਨੂੰ ਆਪਣੇ ਦੇਸ਼ ਵਾਸੀਆਂ ਦੀਆਂ ਕਾਬਲੀਅਤਾਂ ਉੱਤੇ, ਉਨ੍ਹਾਂ ਦੀ ਸਿਆਣਪ ਉੱਤੇ ਸੌ ਫ਼ੀਸਦੀ ਭਰੋਸਾ ਸੀ। ਅਤੇ ਅੱਜ, ਮੈਂ 140 ਕਰੋੜ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਹਾਂ, ਮੈਂ ਦੇਸ਼ ਵਾਸੀਆਂ ਨੂੰ ਸਿਰ ਝੁਕਾ ਕੇ ਧੰਨਵਾਦ ਕਹਿੰਦਾ ਹਾਂ, ਜਿਸ ਤਰ੍ਹਾਂ ਉਹ ਇਸ ਔਖੇ ਸਮੇਂ ਵਿੱਚ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ, ਜਿਸ ਤਰ੍ਹਾਂ ਦੇਸ਼ ਵਾਸੀਆਂ ਨੇ ਅਫਵਾਹਾਂ, ਡਰ ਅਤੇ ਭਰਮ ਫੈਲਾਉਣ ਵਾਲਿਆਂ ਦਾ ਸਾਹਮਣਾ ਕੀਤਾ, ਦੇਸ਼ ਵਿੱਚ ਅਸਥਿਰਤਾ ਫੈਲਾਉਣ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ, ਦੇਸ਼ ਉਸੇ ਵਿਸ਼ਵਾਸ ਦੇ ਭਰੋਸੇ ਅੱਗੇ ਵਧ ਸਕਿਆ ਹੈ। ਜੋ ਲੋਕ ਭਾਰਤ ਨੂੰ ਅਸਫ਼ਲ ਹੁੰਦਿਆਂ ਵੇਖਣਾ ਚਾਹੁੰਦੇ ਸਨ, ਇਸ ਲਈ ਭਵਿੱਖਬਾਣੀਆਂ ਵੀ ਕਰਨ ਲੱਗ ਪਏ ਸਨ, ਉਹ ਜ਼ਰੂਰ ਅੱਜ ਨਿਰਾਸ਼ਾ ਦੇ ਡੂੰਘੇ ਖੂਹ ਵਿੱਚ ਡਿੱਗੇ ਹੋਣਗੇ।

 

ਸਾਥੀਓ,

 

ਅੱਜ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਦੇ ਨਾਲ ਹੀ ਮੈਨੂੰ ਇੱਥੇ ‘ਏਕ ਪੇੜ ਮਾਂ ਕੇ ਨਾਮ’, ਜੰਡ (ਖੇਜੜੀ) ਦਾ ਬੂਟਾ ਲਗਾਉਣ ਦਾ ਸੁਭਾਗ ਵੀ ਮਿਲਿਆ ਹੈ। ਮੈਂ ਜਾਣਦਾ ਹਾਂ ਕਿ ਰਾਜਸਥਾਨ ਵਿੱਚ ਖੇਜੜੀ ਦੀ ਕਿੰਨੀ ਅਹਿਮੀਅਤ ਹੈ। ਵਧਦੇ ਮਾਰੂਥਲ ਨੂੰ ਰੋਕਣ ਵਿੱਚ ਇਸ ਦੀ ਬਹੁਤ ਸਾਰਥਕ ਭੂਮਿਕਾ ਰਹੀ ਹੈ। ਇਸ ਲਈ, ਇਹ ਰੁੱਖ ਲਗਾਉਣਾ ਸਾਡੇ ਕੰਮਕਾਜ ਦੇ ਸੱਭਿਆਚਾਰ (ਵਰਕ ਕਲਚਰ) ਦੀ ਮਿਸਾਲ ਵੀ ਹੈ। ਅਸੀਂ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਵੀ ਛੂਹਣਾ ਹੈ। ਅਤੇ, ਆਪਣੇ ਵਾਤਾਵਰਨ ਦੀ ਸੰਭਾਲ ਵੀ ਕਰਨੀ ਹੈ। ਇਸੇ ਸੋਚ ਨਾਲ, ਸਾਡੀ ਸਰਕਾਰ ਊਰਜਾ ਦੇ ਹੋਰਨਾਂ ਸੋਮਿਆਂ ਉੱਤੇ ਵੀ ਕੰਮ ਕਰ ਰਹੀ ਹੈ। ਖ਼ਾਸ ਕਰਕੇ ਰਾਜਸਥਾਨ ਉੱਤੇ ਸੂਰਜ ਦੇਵਤਾ ਦੀ ਕੁਝ ਜ਼ਿਆਦਾ ਹੀ ਮਿਹਰ ਹੈ। ਇਸ ਲਈ, ਇੱਥੇ ਵਿਸ਼ਵ ਪੱਧਰੀ ਸੋਲਰ ਪਾਰਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਵੀ, ਰਾਜਸਥਾਨ ਵਿੱਚ ਡੇਢ ਲੱਖ ਤੋਂ ਵੱਧ ਘਰਾਂ ਨੂੰ ਸੋਲਰ ਨਾਲ ਜੋੜਿਆ ਜਾ ਚੁੱਕਾ ਹੈ। ਪੀਐੱਮ ਕੁਸੁਮ ਯੋਜਨਾ ਤਹਿਤ ਵੀ ਰਾਜਸਥਾਨ ਵਿੱਚ ਕਿਸਾਨਾਂ ਨੂੰ 65 ਹਜ਼ਾਰ ਤੋਂ ਵੱਧ ਸੋਲਰ ਪੰਪ ਵੀ ਦਿੱਤੇ ਗਏ ਹਨ।

 

ਸਾਥੀਓ,

 

ਔਖੇ ਤੋਂ ਔਖੇ ਲੱਗਣ ਵਾਲੇ ਟੀਚੇ ਵੀ ਪੂਰੇ ਹੋ ਜਾਂਦੇ ਹਨ, ਜੇਕਰ ਉਨ੍ਹਾਂ ਪਿੱਛੇ ਨੀਅਤ ਸਾਫ਼ ਹੋਵੇ। ਇਹੀ, ਭਾਜਪਾ ਅਤੇ ਕਾਂਗਰਸ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੈ।

 

ਸਾਥੀਓ,

 

ਰਾਜਸਥਾਨ ਵਿੱਚ ਪਾਣੀ ਨਾਲ ਜੁੜੀਆਂ ਮੁਸ਼ਕਿਲਾਂ ਦਾ ਹੱਲ ਇਸ ਦੀ ਇੱਕ ਹੋਰ ਵੱਡੀ ਉਦਾਹਰਨ ਹੈ। ਤੁਸੀਂ ਸਾਰੇ ਜਾਣਦੇ ਹੋ, ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਰਾਜਸਥਾਨ ਦੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਕੋਈ ਠੋਸ ਕੰਮ ਨਹੀਂ ਕੀਤਾ। ਪਰ ਭਾਜਪਾ ਖੇਤਰਵਾਦ ਅਤੇ ਵੰਡ ਦੀ ਸਿਆਸਤ ਨਹੀਂ ਕਰਦੀ। ਭਾਜਪਾ ‘ਰਾਸ਼ਟਰ ਪਹਿਲਾਂ’ (ਨੇਸ਼ਨ ਫਸਟ) ਦੀ ਭਾਵਨਾ ਉੱਤੇ ਚੱਲਦੀ ਹੈ। ਅਸੀਂ ਜਦੋਂ ਗੁਜਰਾਤ ਵਿੱਚ ਪਾਣੀ ਪਹੁੰਚਾਉਣ ਦੀਆਂ ਯੋਜਨਾਵਾਂ ਉੱਤੇ ਕੰਮ ਕੀਤਾ ਸੀ, ਅਤੇ ਰਾਜਸਥਾਨ ਨੂੰ ਪਾਣੀ ਦੇਣ ਦੀ ਗੱਲ ਆਈ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹਿੰਦੁਸਤਾਨ ਦੇ ਹਰ ਕੋਨੇ ਵਿੱਚ, ਇੱਕ ਸੂਬੇ ਦੀ ਦੂਜੇ ਸੂਬੇ ਨਾਲ ਪਾਣੀ ਲਈ ਲੰਮੇ ਸਮੇਂ ਤੋਂ ਲੜਾਈਆਂ ਚੱਲ ਰਹੀਆਂ ਹਨ। ਰਾਜਸਥਾਨ ਦੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਪਤਾ ਨਹੀਂ ਗੁਜਰਾਤ ਨਰਮਦਾ ਦਾ ਪਾਣੀ ਦੇਵੇਗਾ ਕਿ ਨਹੀਂ ਦੇਵੇਗਾ। ਪਰ ਇਹ ਸਾਡੀ ਖੁਸ਼ਕਿਸਮਤੀ ਸੀ ਕਿ ਰਾਜਸਥਾਨ ਵਿੱਚ ਵੀ ਭਾਜਪਾ ਸਰਕਾਰ ਸੀ, ਗੁਜਰਾਤ ਵਿੱਚ ਵੀ ਭਾਜਪਾ ਸਰਕਾਰ ਸੀ, ਉਸ ਸਮੇਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸੀ, ਇੱਥੇ ਭੈਣ ਵਸੁੰਧਰਾ ਜੀ ਮੁੱਖ ਮੰਤਰੀ ਸਨ, ਅਤੇ ਅਸੀਂ ਦੋਵਾਂ ਨੇ ਮਿਲ ਕੇ ਬਿਨਾਂ ਕਿਸੇ ਟਕਰਾਅ, ਬਿਨਾਂ ਕਿਸੇ ਬਹਿਸਬਾਜ਼ੀ, ਬਿਨਾਂ ਕਿਸੇ ਅੰਦੋਲਨ ਅਤੇ ਬਿਨਾਂ ਕਿਸੇ ਲੜਾਈ ਤੋਂ, ਗੁਜਰਾਤ ਤੋਂ ਨਰਮਦਾ ਦਾ ਪਾਣੀ ਰਾਜਸਥਾਨ ਨਾਲ ਸਾਂਝਾ ਕੀਤਾ। ਅਤੇ ਅੱਜ ਰਾਜਸਥਾਨ ਦੇ ਕਈ ਪਿੰਡਾਂ ਤੱਕ ਮਾਂ ਨਰਮਦਾ ਦਾ ਪਾਣੀ ਪਹੁੰਚ ਰਿਹਾ ਹੈ। ਹੁਣੇ ਭਜਨਲਾਲ ਜੀ ਬਹੁਤ ਭਾਵੁਕ ਹੋ ਕੇ ਪਾਣੀ ਦੇ ਇਸ ਕੰਮ ਦਾ ਜ਼ਿਕਰ ਕਰ ਰਹੇ ਸਨ।

 

ਭਰਾਵੋ ਅਤੇ ਭੈਣੋ,

 

ਹੁਣ ਜਦੋਂ ਰਾਜਸਥਾਨ ਅਤੇ ਹਰਿਆਣਾ, ਦੋਵਾਂ ਸੂਬਿਆਂ ਵਿੱਚ ਭਾਜਪਾ ਸਰਕਾਰ ਹੈ, ਤਾਂ ਪਹਿਲੀ ਵਾਰ ਆਪਸੀ ਸਹਿਮਤੀ ਨਾਲ ਹੱਲ ਕੱਢੇ ਗਏ ਹਨ। ਹੁਣ ਰਾਜਸਥਾਨ ਅਤੇ ਹਰਿਆਣਾ ਸਰਕਾਰ ਮਿਲ ਕੇ ਸ਼ੇਖਾਵਟੀ ਤੱਕ ਪਾਣੀ ਪਹੁੰਚਾਉਣਗੀਆਂ। ਹਾਲ ਹੀ ਵਿੱਚ ਦੋਵਾਂ ਸੂਬਿਆਂ ਵਿਚਕਾਰ ਸਮਝੌਤੇ ਉੱਤੇ ਮੋਹਰ ਵੀ ਲੱਗ ਚੁੱਕੀ ਹੈ। ਇਸ ਸਮਝੌਤੇ ਤਹਿਤ ਹਥਨੀਕੁੰਡ ਬੈਰਾਜ ਤੋਂ ਪਾਣੀ ਰਾਜਸਥਾਨ ਲਿਆਂਦਾ ਜਾਵੇਗਾ। ਇਸ ਲਈ ਜ਼ਮੀਨਦੋਜ਼ (ਅੰਡਰ-ਗ੍ਰਾਊਂਡ) ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਦਾ ਲਾਹਾ ਸੀਕਰ, ਚੁਰੂ, ਝੁੰਝੁਨੂ ਅਤੇ ਆਸਪਾਸ ਦੇ ਪੂਰੇ ਸ਼ੇਖਾਵਟੀ ਖੇਤਰ ਦੇ ਲੱਖਾਂ ਲੋਕਾਂ ਨੂੰ ਮਿਲਣ ਵਾਲਾ ਹੈ। ਇਸ ਪ੍ਰੋਜੈਕਟ ਉੱਤੇ ਲਗਭਗ 34 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਸਾਥੀਓ,

 

ਆਉਣ ਵਾਲੇ ਸਮੇਂ ਵਿੱਚ ਅੱਪਰ ਯਮੁਨਾ ਬੇਸਿਨ ਵਿੱਚ ਰੇਣੂਕਾ, ਲਖਵਾੜ ਅਤੇ ਕਿਸ਼ਾਊ ਡੈਮਾਂ ਦੀ ਉਸਾਰੀ ਪੂਰੀ ਹੋਣ ਉੱਤੇ ਰਾਜਸਥਾਨ ਨੂੰ ਪਾਣੀ ਦਾ ਹੋਰ ਫ਼ਾਇਦਾ ਹੋਵੇਗਾ। ਪਿੰਡਾਂ ਵਿੱਚ ਟੂਟੀ ਰਾਹੀਂ ਪਾਣੀ (ਨਲ ਸੇ ਜਲ) ਪਹੁੰਚਾਉਣ ਦਾ ਕੰਮ ਵੀ ਤੇਜ਼ੀ ਨਾਲ ਅੱਗੇ ਵਧਿਆ ਹੈ। ‘ਰਾਮਜਲ ਸੇਤੂ ਪ੍ਰੋਜੈਕਟ’ ਵੀ ਇਸੇ ਸੋਚ ਦਾ ਨਤੀਜਾ ਹੈ। ਨਾਲ ਹੀ, ਰਾਜਸਥਾਨ ਵਿੱਚ ਪਾਣੀ ਦੀ ਸੰਭਾਲ ਲਈ ‘ਜਲ ਸੰਚੇ, ਜਨ ਭਾਗੀਦਾਰੀ’ (ਜਲ ਸੰਭਾਲ, ਲੋਕ ਸ਼ਮੂਲੀਅਤ) ਵੀ ਵੱਡੀ ਭੂਮਿਕਾ ਨਿਭਾ ਰਹੀ ਹੈ। ਦੇਸ਼ ਵਿੱਚ ਇਸ ਮੁਹਿੰਮ ਤਹਿਤ ਜਲ ਸੰਭਾਲ ਲਈ ਕਰੀਬ-ਕਰੀਬ 25 ਲੱਖ ਸੋਕ ਪਿਟਸ (ਛੱਪੜੀਆਂ/ਸੋਖਣ ਵਾਲੇ ਟੋਏ) ਬਣੇ ਹਨ। ਰਾਜਸਥਾਨ ਵਿੱਚ ਵੀ ਸਵਾ ਲੱਖ ਤੋਂ ਵੱਧ ਸੋਕ ਪਿਟਸ ਬਣਾਏ ਗਏ ਹਨ। ਇਨ੍ਹਾਂ ਨਾਲ ਪਾਣੀ ਦੀ ਬੱਚਤ ਹੋ ਰਹੀ ਹੈ, ਜ਼ਮੀਨ ਹੇਠਲੇ ਪਾਣੀ (ਗ੍ਰਾਊਂਡ ਵਾਟਰ) ਦਾ ਪੱਧਰ ਸੁਧਰ ਰਿਹਾ ਹੈ। ਮੈਂ ਇਨ੍ਹਾਂ ਕੋਸ਼ਿਸ਼ਾਂ ਲਈ, ਕੇਂਦਰ ਅਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਨੂੰ, ਅਤੇ ਸ਼ੇਖਾਵਟੀ ਖੇਤਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਜਦੋਂ ਦੇਸ਼ ਕੋਈ ਸੰਕਲਪ ਲੈਂਦਾ ਹੈ, ਕੋਈ ਟੀਚਾ ਬਣਾਉਂਦਾ ਹੈ, ਤਾਂ ਰਾਜਸਥਾਨ ਉਸ ਦੇ ਕੇਂਦਰ ਵਿੱਚ ਹੁੰਦਾ ਹੈ। ਅੱਜ ਰਾਜਸਥਾਨ ਵਿੱਚ ਤੇਜ਼ ਰਫ਼ਤਾਰ ਨਾਲ ਆਧੁਨਿਕ ਬੁਨਿਆਦੀ ਢਾਂਚੇ ਦੀ ਉਸਾਰੀ ਹੋ ਰਹੀ ਹੈ। ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਅੱਜ ਜੈਪੁਰ ਮੈਟਰੋ ਫੇਜ਼-2 ਦਾ ਨੀਂਹ ਪੱਥਰ, ਅਤੇ ਜੋਧਪੁਰ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ, ਇਹ ਰਾਜਸਥਾਨ ਦੇ ਵਿਕਾਸ ਨੂੰ ਹੋਰ ਰਫ਼ਤਾਰ ਦੇਣਗੇ, ਅਤੇ ਨਵੀਂ ਉਡਾਣ ਦੇਣਗੇ। ਜੈਪੁਰ ਵਿੱਚ ਫੇਜ਼-2 ਪੂਰਾ ਹੋਣ ਤੋਂ ਬਾਅਦ ਜੈਪੁਰ ਦਾ ਕੁੱਲ ਮੈਟਰੋ ਨੈੱਟਵਰਕ 50 ਕਿਲੋਮੀਟਰ ਤੋਂ ਵੱਧ ਹੋ ਜਾਵੇਗਾ। ਪੂਰਬ-ਪੱਛਮ ਅਤੇ ਉੱਤਰ-ਦੱਖਣ ਮੈਟਰੋ ਨੈੱਟਵਰਕ ਇੱਕ-ਦੂਜੇ ਨਾਲ ਜੁੜ ਜਾਵੇਗਾ। ਇਸ ਨਾਲ ਸਥਾਨਕ ਲੋਕਾਂ ਨੂੰ ਆਸਾਨੀ ਤਾਂ ਹੋਵੇਗੀ ਹੀ, ਸੈਲਾਨੀਆਂ ਲਈ ਸਹੂਲਤ ਵੀ ਵਧੇਗੀ।

 

ਸਾਥੀਓ,

 

ਆਉਣ ਵਾਲੇ ਸਮੇਂ ਵਿੱਚ ਅਸੀਂ ਵਿਕਾਸ ਦੀਆਂ ਹੋਰ ਵੀ ਨਵੀਆਂ ਮੰਜ਼ਿਲਾਂ ਛੂਹਣੀਆਂ ਹਨ। ਮੈਨੂੰ ਪੂਰਾ ਭਰੋਸਾ ਹੈ, ਤੁਸੀਂ ਸਾਰੇ ਇਸੇ ਤਰ੍ਹਾਂ ਡਬਲ ਇੰਜਣ ਸਰਕਾਰ ਨੂੰ ਆਪਣਾ ਆਸ਼ੀਰਵਾਦ ਦਿੰਦੇ ਰਹੋਗੇ। ਅਸੀਂ ਮਿਲ ਕੇ ਰਾਜਸਥਾਨ ਦੇ ਨਵੇਂ ਭਵਿੱਖ ਦੀ ਉਸਾਰੀ ਕਰਾਂਗੇ। ਇਸੇ ਵਿਸ਼ਵਾਸ ਨਾਲ, ਮੈਂ ਇੱਕ ਵਾਰ ਫਿਰ ਰਾਜਸਥਾਨ ਰਿਫਾਇਨਰੀ ਲਈ, ਹੋਰਾਂ ਵਿਕਾਸ ਕਾਰਜਾਂ ਲਈ, ਦੇਸ਼ ਵਾਸੀਆਂ ਨੂੰ, ਰਾਜਸਥਾਨ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

 

ਭਾਰਤ ਮਾਤਾ ਦੀ ਜੈ।

ਦੋਵੇਂ ਮੁੱਠੀਆਂ ਉੱਪਰ ਕਰ ਕੇ ਰਾਜਸਥਾਨ ਦੀ ਤਾਕਤ ਨਜ਼ਰ ਆਵੇ-

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

 

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Every voter had valid ID': Trump praises India polls, renews push for SAVE America Act

Media Coverage

'Every voter had valid ID': Trump praises India polls, renews push for SAVE America Act
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the importance of self-respect, courage and steadfastness
August 18, 2026

The Prime Minister, Shri Narendra Modi has shared a Sanskrit Subhashitam highlighting the importance of living with self-respect, courage and dignity. He emphasised that true valour and strength lie in remaining steadfast in one’s principles and values, without compromising them under any circumstances.

The Prime Minister shared a Sanskrit Subhashitam-

“उद्यच्छेदेव न नमेदुद्यमो ह्येव पौरुषम्।
अप्यपर्वणि भज्येत न नमत्वेव कस्यचित्॥”

The Subhashitam conveys that a person should always live with self-respect, courage and dignity. True valor and strength lie in never compromising one's principles and values under any circumstances, but remaining steadfast in one's ideals with truth, patience and self-pride.

The Prime Minister wrote on X;

“उद्यच्छेदेव न नमेदुद्यमो ह्येव पौरुषम्।

अप्यपर्वणि भज्येत न नमत्वेव कस्यचित्॥”