ਅੱਜ ਤੋਂ ਦੇਸ਼ ਲਈ, ਖਾਸ ਤੌਰ ‘ਤੇ ਮਿਜ਼ੋਰਮ ਦੇ ਲੋਕਾਂ ਲਈ, ਇੱਕ ਇਤਿਹਾਸਕ ਦਿਨ, ਆਈਜ਼ੋਲ ਭਾਰਤ ਦੇ ਰੇਲਵੇ ਨਕਸ਼ੇ 'ਤੇ ਹੋਵੇਗਾ: ਪ੍ਰਧਾਨ ਮੰਤਰੀ
ਉੱਤਰ-ਪੂਰਬ ਭਾਰਤ ਦਾ ਵਿਕਾਸ ਇੰਜਣ ਬਣ ਰਿਹਾ ਹੈ: ਪ੍ਰਧਾਨ ਮੰਤਰੀ
ਮਿਜ਼ੋਰਮ ਦੀ ਸਾਡੀ ਐਕਟ ਈਸਟ ਨੀਤੀ ਅਤੇ ਉੱਭਰ ਰਹੇ ਉੱਤਰ-ਪੂਰਬੀ ਆਰਥਿਕ ਗਲਿਆਰੇ ਦੋਵਾਂ ਵਿੱਚ ਵੱਡੀ ਭੂਮਿਕਾ ਹੈ: ਪ੍ਰਧਾਨ ਮੰਤਰੀ
ਨੈਕਸਟਜੈਨਜੀਐੱਸਟੀ ਦਾ ਅਰਥ ਹੈ ਬਹੁਤ ਸਾਰੇ ਉਤਪਾਦਾਂ 'ਤੇ ਘੱਟ ਟੈਕਸ, ਪਰਿਵਾਰਾਂ ਲਈ ਜੀਵਨ ਆਸਾਨ ਬਣਾਉਣਾ: ਪ੍ਰਧਾਨ ਮੰਤਰੀ
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ

ਮਿਜ਼ੋਰਮ ਦੇ ਰਾਜਪਾਲ ਵੀ.ਕੇ. ਸਿੰਘ ਜੀ, ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਮਿਜ਼ੋਰਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਹੋਰ ਚੁਣੇ ਹੋਏ ਨੁਮਾਇੰਦੇ, ਮਿਜ਼ੋਰਮ ਦੀ ਸ਼ਾਨਦਾਰ ਜਨਤਾ ਨੂੰ ਸ਼ੁਭਕਾਮਨਾਵਾਂ।

 

ਮੈਂ ਨੀਲੇ ਪਹਾੜਾਂ ਦੀ ਇਸ ਖੂਬਸੂਰਤ ਧਰਤੀ ਦੀ ਨਿਗਰਾਨੀ ਕਰਨ ਵਾਲੇ ਪਰਮ ਪਿਤਾ ਪ੍ਰਮਾਤਮਾ ਪਾਥਿਯਨ ਨੂੰ ਨਮਨ ਕਰਦਾ ਹਾਂ। ਮੈਂ ਇੱਥੇ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ 'ਤੇ ਹਾਂ। ਬਦਕਿਸਮਤੀ ਨਾਲ, ਖਰਾਬ ਮੌਸਮ ਦੇ ਕਾਰਨ, ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਡੇ ਨਾਲ ਆਈਜ਼ੋਲ ਵਿੱਚ ਸ਼ਾਮਲ ਨਹੀਂ ਹੋ ਸਕਿਆ। ਪਰ ਮੈਂ ਇਸ ਮਾਧਿਅਮ ਰਾਹੀਂ ਵੀ ਤੁਹਾਡੇ ਪਿਆਰ ਅਤੇ ਸਨੇਹ ਨੂੰ ਮਹਿਸੂਸ ਕਰ ਸਕਦਾ ਹਾਂ।

ਮਿੱਤਰੋ,

ਭਾਵੇਂ ਇਹ ਆਜ਼ਾਦੀ ਅੰਦੋਲਨ ਹੋਵੇ ਜਾਂ ਰਾਸ਼ਟਰ ਨਿਰਮਾਣ, ਮਿਜ਼ੋਰਮ ਦੇ ਲੋਕ ਹਮੇਸ਼ਾ ਇਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਏ ਹਨ। ਲਾਲਨੁ ਰੋਪੁਇਲਿਆਨੀ ਅਤੇ ਪਾਸਲਥਾ ਖੁਆਂਗਚੇਰਾ ਵਰਗੇ ਲੋਕਾਂ ਦੇ ਆਦਰਸ਼ ਅੱਜ ਵੀ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਹਨ। ਤਿਆਗ ਅਤੇ ਸੇਵਾ, ਹਿੰਮਤ ਅਤੇ ਦਇਆ, ਇਹ ਕਦਰਾਂ-ਕੀਮਤਾਂ ਮਿਜ਼ੋ ਸਮਾਜ ਦੇ ਮੂਲ ਵਿੱਚ ਹਨ। ਅੱਜ, ਮਿਜ਼ੋਰਮ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

ਦੋਸਤੋ, 

ਇਹ ਦੇਸ਼ ਲਈ, ਖਾਸ ਕਰਕੇ ਮਿਜ਼ੋਰਮ ਦੇ ਲੋਕਾਂ ਲਈ ਇੱਕ ਇਤਿਹਾਸਕ ਦਿਨ ਹੈ। ਅੱਜ ਤੋਂ, ਆਈਜ਼ੋਲ ਭਾਰਤ ਦੇ ਰੇਲਵੇ ਨਕਸ਼ੇ 'ਤੇ ਹੋਵੇਗਾ। ਕੁਝ ਸਾਲ ਪਹਿਲਾਂ, ਮੈਨੂੰ ਆਈਜ਼ੋਲ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। ਅਤੇ ਅੱਜ, ਅਸੀਂ ਇਸਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦੇ ਹਾਂ। ਮੁਸ਼ਕਲ ਰਸਤਿਆਂ ਸਮੇਤ ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਇਹ ਬੈਰਾਬੀ-ਸੈਰਾਂਗ ਰੇਲਵੇ ਲਾਈਨ ਹੁਣ ਸਾਕਾਰ ਹੋ ਗਈ ਹੈ। ਸਾਡੇ ਇੰਜੀਨੀਅਰਾਂ ਦੇ ਹੁਨਰ ਅਤੇ ਸਾਡੇ ਵਰਕਰਾਂ ਦੇ ਉਤਸ਼ਾਹ ਨੇ ਇਸਨੂੰ ਸੰਭਵ ਬਣਾਇਆ ਹੈ।

ਮਿੱਤਰੋ,

ਸਾਡੇ ਦਿਲ ਹਮੇਸ਼ਾ ਇੱਕ ਦੂਜੇ ਨਾਲ ਸਿੱਧੇ ਜੁੜੇ ਰਹੇ ਹਨ। ਹੁਣ, ਪਹਿਲੀ ਵਾਰ, ਮਿਜ਼ੋਰਮ ਵਿੱਚ ਸੈਰਾਂਗ ਨੂੰ ਰਾਜਧਾਨੀ ਐਕਸਪ੍ਰੈੱਸ ਦੁਆਰਾ ਸਿੱਧਾ ਦਿੱਲੀ ਨਾਲ ਜੋੜਿਆ ਜਾਵੇਗਾ। ਇਹ ਸਿਰਫ਼ ਇੱਕ ਰੇਲ ਲਿੰਕ ਨਹੀਂ ਹੈ, ਸਗੋਂ ਇਗ ਬਦਲਾਅ ਦੀ ਇੱਕ ਜੀਵਨ ਰੇਖਾ ਹੈ। ਇਹ ਮਿਜ਼ੋਰਮ ਦੇ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ। ਮਿਜ਼ੋਰਮ ਦੇ ਕਿਸਾਨ ਅਤੇ ਕਾਰੋਬਾਰ ਦੇਸ਼ ਭਰ ਵਿੱਚ ਵਧੇਰੇ ਬਜ਼ਾਰਾਂ ਤੱਕ ਪਹੁੰਚ ਸਕਣਗੇ। ਲੋਕਾਂ ਕੋਲ ਸਿੱਖਿਆ ਅਤੇ ਸਿਹਤ ਸੰਭਾਲ ਲਈ ਵਧੇਰੇ ਵਿਕਲਪ ਉਪਲਬਧ ਹੋਣਗੇ। ਇਹ ਟੂਰਿਜ਼ਮ, ਆਵਾਜਾਈ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

ਦੋਸਤੋ,

ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੋਂ, ਕੁਝ ਰਾਜਨੀਤਕ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਦਾ ਧਿਆਨ ਹਮੇਸ਼ਾ ਉਨ੍ਹਾਂ ਥਾਵਾਂ 'ਤੇ ਰਿਹਾ ਹੈ ਜਿੱਥੇ ਜ਼ਿਆਦਾ ਵੋਟਾਂ ਅਤੇ ਸੀਟਾਂ ਸਨ। ਮਿਜ਼ੋਰਮ ਵਰਗੇ ਰਾਜਾਂ ਸਮੇਤ ਪੂਰੇ ਉੱਤਰ-ਪੂਰਬ ਨੂੰ ਇਸ ਰਵੱਈਏ ਕਾਰਨ ਬਹੁਤ ਨੁਕਸਾਨ ਹੋਇਆ ਹੈ। ਪਰ ਸਾਡਾ ਦ੍ਰਿਸ਼ਟੀਕੋਣ ਬਿਲਕੁਲ ਵੱਖ ਹੈ। ਜੋ ਪਹਿਲਾਂ ਨਜ਼ਰਅੰਦਾਜ਼ ਕੀਤੇ ਗਏ ਸੀ, ਉਹ ਹੁਣ ਸਭ ਤੋਂ ਅੱਗੇ ਹਨ। ਜੋ ਕਦੇ ਹਾਸ਼ੀਏ 'ਤੇ ਸਨ, ਉਹ ਹੁਣ ਮੁੱਖਧਾਰਾ ਵਿੱਚ ਹਨ! ਪਿਛਲੇ 11 ਵਰ੍ਹਿਆਂ ਤੋਂ, ਅਸੀਂ ਉੱਤਰ-ਪੂਰਬ ਖੇਤਰ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ। ਇਹ ਖੇਤਰ ਭਾਰਤ ਦੇ ਵਿਕਾਸ ਦਾ ਇੰਜਣ ਬਣ ਰਿਹਾ ਹੈ।

 

ਮਿੱਤਰੋ,

ਪਿਛਲੇ ਕੁਝ ਵਰ੍ਹਿਆਂ ਵਿੱਚ, ਉੱਤਰ-ਪੂਰਬ ਦੇ ਕਈ ਰਾਜ ਪਹਿਲੀ ਵਾਰ ਭਾਰਤ ਦੇ ਰੇਲ ਨਕਸ਼ੇ ਵਿੱਚ ਸ਼ਾਮਲ ਹੋਏ ਹਨ। ਗ੍ਰਾਮੀਣ ਸੜਕਾਂ ਅਤੇ ਰਾਜਮਾਰਗਾਂ, ਮੋਬਾਈਲ ਕਨੈਕਟੀਵਿਟੀ ਅਤੇ ਇੰਟਰਨੈੱਟ ਕਨੈਕਸ਼ਨ, ਬਿਜਲੀ, ਨਲ ਸੇ ਜਲ ਅਤੇ ਐੱਲਪੀਜੀ ਕਨੈਕਸ਼ਨ, ਭਾਰਤ ਸਰਕਾਰ ਨੇ ਹਰ ਤਰ੍ਹਾਂ ਦੀ ਕਨੈਕਟੀਵਿਟੀ ਨੂੰ ਮਜ਼ਬੂਤ ​​ਕਰਨ ਲਈ ਅਣਥੱਕ ਯਤਨ ਕੀਤੇ ਹਨ। ਮਿਜ਼ੋਰਮ ਨੂੰ ਹਵਾਈ ਯਾਤਰਾ ਲਈ ਉਡਾਣ ਯੋਜਨਾ ਦਾ ਵੀ ਲਾਭ ਮਿਲੇਗਾ। ਇੱਥੇ ਹੈਲੀਕੌਪਟਰ ਸੇਵਾਵਾਂ ਜਲਦੀ ਹੀ ਸ਼ੁਰੂ ਹੋਣਗੀਆਂ। ਇਸ ਨਾਲ ਮਿਜ਼ੋਰਮ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ।

ਦੋਸਤੋ,

ਸਾਡੀ ਐਕਟ ਈਸਟ ਨੀਤੀ ਅਤੇ ਉੱਭਰਦੇ ਉੱਤਰ ਪੂਰਬੀ ਆਰਥਿਕ ਗਲਿਆਰੇ, ਦੋਵਾਂ ਵਿੱਚ ਮਿਜ਼ੋਰਮ ਦੀ ਇੱਕ ਮੁੱਖ ਭੂਮਿਕਾ ਹੈ। ਕਲਾਦਾਨ ਮਲਟੀਮਾਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ ਅਤੇ ਸੈਰਾਂਗ ਹਮਾਂਗਬੁਚੁਆ ਰੇਲਵੇ ਲਾਈਨ ਤੋਂ ਮਿਜ਼ੋਰਮ ਦੱਖਣ-ਪੂਰਬੀ ਏਸ਼ੀਆ ਰਾਹੀਂ ਬੰਗਾਲ ਦੀ ਖਾੜੀ ਨਾਲ ਵੀ ਜੁੜ ਜਾਏਗਾ। ਇਸ ਨਾਲ ਉੱਤਰ ਪੂਰਬੀ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਪਾਰ ਅਤੇ ਟੂਰਿਜ਼ਮ ਵਧੇਗਾ।

ਦੋਸਤੋ,

ਮਿਜ਼ੋਰਮ ਦੇ ਨੌਜਵਾਨ ਪ੍ਰਤਿਭਾਸ਼ਾਲੀ ਹਨ। ਸਾਡਾ ਕੰਮ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਸਾਡੀ ਸਰਕਾਰ ਨੇ ਇੱਥੇ 11 ਏਕਲਵਯ ਰਿਹਾਇਸ਼ੀ ਸਕੂਲ ਸ਼ੁਰੂ ਕੀਤੇ ਹਨ। 6 ਹੋਰ ਸਕੂਲ ਸ਼ੁਰੂ ਕਰਨ ਦਾ ਕੰਮ ਚੱਲ ਰਿਹਾ ਹੈ। ਸਾਡਾ ਉੱਤਰ-ਪੂਰਬੀ ਖੇਤਰ ਵੀ ਸਟਾਰਟ-ਅੱਪਸ ਦਾ ਇੱਕ ਵੱਡਾ ਕੇਂਦਰ ਬਣ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਖੇਤਰ ਵਿੱਚ ਲਗਭਗ 4,500 ਸਟਾਰਟ-ਅੱਪ ਅਤੇ 25 ਇਨਕਿਊਬੇਟਰਸ ਕੰਮ ਕਰ ਰਹੇ ਹਨ। ਮਿਜ਼ੋਰਮ ਦੇ ਨੌਜਵਾਨ ਇਸ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਆਪਣੇ ਅਤੇ ਦੂਜਿਆਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ।

ਮਿੱਤਰੋ,

ਭਾਰਤ ਤੇਜ਼ੀ ਨਾਲ ਆਲਮੀ ਖੇਡਾਂ ਦਾ ਇੱਕ ਮਹੱਤਵਪੂਰਨ ਕੇਂਦਰ ਬਣਦਾ ਜਾ ਰਿਹਾ ਹੈ। ਇਸ ਨਾਲ ਦੇਸ਼ ਵਿੱਚ ਇੱਕ ਖੇਡ ਅਰਥਵਿਵਸਥਾ ਦਾ ਨਿਰਮਾਣ ਹੋ ਰਿਹਾ ਹੈ। ਮਿਜ਼ੋਰਮ ਵਿੱਚ ਖੇਡਾਂ ਦੀ ਇੱਕ ਸ਼ਾਨਦਾਰ ਪਰੰਪਰਾ ਹੈ। ਇਸਨੇ ਫੁੱਟਬਾਲ ਅਤੇ ਹੋਰ ਖੇਡਾਂ ਵਿੱਚ ਬਹੁਤ ਸਾਰੇ ਚੈਂਪੀਅਨ ਪੈਦਾ ਕੀਤੇ ਹਨ। ਸਾਡੀਆਂ ਖੇਡ ਨੀਤੀਆਂ ਦਾ ਲਾਭ ਮਿਜ਼ੋਰਮ ਵੀ ਉਠਾ ਰਿਹਾ ਹੈ। ਖੇਲੋ ਇੰਡੀਆ ਯੋਜਨਾ ਦੇ ਤਹਿਤ, ਅਸੀਂ ਆਧੁਨਿਕ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਸਮਰਥਨ ਕਰ ਰਹੇ ਹਾਂ। ਹਾਲ ਹੀ ਵਿੱਚ, ਸਾਡੀ ਸਰਕਾਰ ਨੇ ਇੱਕ ਰਾਸ਼ਟਰੀ ਖੇਡ ਨੀਤੀ, ਖੇਲੋ ਇੰਡੀਆ ਖੇਡ ਨੀਤੀ ਵੀ ਬਣਾਈ ਹੈ। ਇਸ ਨਾਲ ਮਿਜ਼ੋਰਮ ਦੇ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ।

ਦੋਸਤੋ, 

ਦੇਸ਼ ਹੋਵੇ ਜਾਂ ਵਿਦੇਸ਼, ਮੈਨੂੰ ਉੱਤਰ-ਪੂਰਬ ਦੇ ਸੁੰਦਰ ਸੱਭਿਆਚਾਰ ਦੇ ਰਾਜਦੂਤ ਦੀ ਭੂਮਿਕਾ ਨਿਭਾਉਂਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ, ਉੱਤਰ-ਪੂਰਬ ਦੀ ਸਮਰੱਥਾ ਨੂੰ ਦਰਸਾਉਣ ਵਾਲੇ ਪਲੈਟਫਾਰਮਾਂ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਕੁਝ ਮਹੀਨੇ ਪਹਿਲਾਂ, ਮੈਨੂੰ ਦਿੱਲੀ ਵਿੱਚ ਅਸ਼ਟ ਲਕਸ਼ਮੀ ਫੈਸਟੀਵਲ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਵਿੱਚ ਉੱਤਰ-ਪੂਰਬ ਦੇ ਟੈਕਸਟਾਈਲ, ਸ਼ਿਲਪਕਾਰੀ, ਜੀਆਈ-ਟੈਗ ਵਾਲੇ ਪ੍ਰੋਡਕਟਸ ਅਤੇ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਰਾਈਜ਼ਿੰਗ ਨੌਰਥ ਈਸਟ ਸੰਮੇਲਨ ਵਿੱਚ, ਮੈਂ ਨਿਵੇਸ਼ਕਾਂ ਨੂੰ ਉੱਤਰ-ਪੂਰਬ ਦੀ ਸਮਰੱਥਾ ਦਾ ਉਪਯੋਗ ਕਰਨ ਲਈ ਉਤਸ਼ਾਹਿਤ ਕੀਤਾ। ਇਹ ਸਮਿਟ ਵੱਡੇ ਨਿਵੇਸ਼ਾਂ ਅਤੇ ਪ੍ਰੋਜੈਕਟਾਂ ਦੇ ਦੁਆਰ ਖੋਲ੍ਹ ਰਿਹਾ ਹੈ। ਜਦੋਂ ਮੈਂ ਵੋਕਲ ਫਾਰ ਲੋਕਲ ਬਾਰੇ ਗੱਲ ਕਰਦਾ ਹਾਂ, ਤਾਂ ਇਸ ਨਾਲ ਉੱਤਰ-ਪੂਰਬ ਦੇ ਕਾਰੀਗਰਾਂ ਅਤੇ ਕਿਸਾਨਾਂ ਨੂੰ ਵੀ ਬਹੁਤ ਲਾਭ ਪਹੁੰਚਾਉਂਦਾ ਹੈ। ਮਿਜ਼ੋਰਮ ਦੇ ਬਾਂਸ ਦੇ ਉਤਪਾਦ, ਔਰਗੈਨਿਕ ਅਦਰਕ, ਹਲਦੀ ਅਤੇ ਕੇਲੇ ਸਾਰੇ ਪ੍ਰਸਿੱਧ ਹਨ।

 

ਦੋਸਤੋ,

ਅਸੀਂ ਜ਼ਿੰਦਗੀ ਨੂੰ ਅਸਾਨ ਬਣਾਉਣ ਅਤੇ ਈਜ਼ ਆਫ ਡੂਇੰਗ ਬਿਜ਼ਨਿਸ ਲਈ ਲਗਾਤਾਰ ਯਤਨ ਕਰ ਰਹੇ ਹਾਂ। ਹਾਲ ਹੀ ਵਿੱਚ, ਅਗਲੀ ਪੀੜ੍ਹੀ ਦੇ GST ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਕਈ ਉਤਪਾਦਾਂ 'ਤੇ ਟੈਕਸ ਘੱਟ ਹੋਣਗੇ, ਜਿਸ ਨਾਲ ਪਰਿਵਾਰਾਂ ਦੀ ਜ਼ਿੰਦਗੀ ਅਸਾਨ ਹੋ ਜਾਵੇਗੀ। 2014 ਤੋਂ ਪਹਿਲਾਂ, ਟੁੱਥਪੇਸਟ, ਸਾਬਣ ਅਤੇ ਤੇਲ ਵਰਗੀਆਂ ਰੋਜ਼ਾਨਾ ਦੀ ਲੋੜ ਵਾਲੀਆਂ ਜ਼ਰੂਰੀ ਚੀਜ਼ਾਂ 'ਤੇ ਵੀ 27 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਸੀ। ਅੱਜ, ਸਿਰਫ 5 ਪ੍ਰਤੀਸ਼ਤ GST ਲਗਦੀ ਹੈ। ਕਾਂਗਰਸ ਦੇ ਰਾਜ ਵਿੱਚ, ਦਵਾਈਆਂ, ਟੈਸਟ ਕਿੱਟਾਂ ਅਤੇ ਬੀਮਾ ਪੌਲਿਸੀਆਂ 'ਤੇ ਭਾਰੀ ਟੈਕਸ ਲਗਾਇਆ ਜਾਂਦਾ ਸੀ। ਇਸੇ ਕਰਕੇ ਸਿਹਤ ਸੰਭਾਲ ਮਹਿੰਗੀ ਸੀ ਅਤੇ ਬੀਮਾ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਸੀ। ਪਰ ਅੱਜ, ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋ ਗਈਆਂ ਹਨ। GST ਦੀਆਂ ਨਵੀਆਂ ਦਰਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਵੀ ਸਸਤੀਆਂ ਹੋ ਜਾਣਗੀਆਂ। 22 ਸਤੰਬਰ ਤੋਂ ਬਾਅਦ, ਸੀਮੇਂਟ ਅਤੇ ਨਿਰਮਾਣ ਸਮੱਗਰੀ ਵੀ ਸਸਤੀ ਹੋ ਜਾਵੇਗੀ। ਸਕੂਟਰ ਅਤੇ ਕਾਰਾਂ ਬਣਾਉਣ ਵਾਲੀਆਂ ਕਈ ਕੰਪਨੀਆਂ ਪਹਿਲਾਂ ਹੀ ਕੀਮਤਾਂ ਘਟਾ ਚੁੱਕੀਆਂ ਹਨ। ਮੈਨੂੰ ਯਕੀਨ ਹੈ ਕਿ ਇਸ ਵਾਰ ਤਿਉਹਾਰਾਂ ਦਾ ਸੀਜ਼ਨ ਪੂਰੇ ਦੇਸ਼ ਵਿੱਚ ਹੋਰ ਵੀ ਜ਼ਿਆਦਾ ਰੌਣਕ ਭਰਿਆ ਹੋਵੇਗਾ।

ਦੋਸਤੋ,

ਸੁਧਾਰਾਂ ਦੇ ਤਹਿਤ, ਜ਼ਿਆਦਾਤਰ ਹੋਟਲਾਂ 'ਤੇ ਜੀਐਸਟੀ ਘਟਾ ਕੇ ਸਿਰਫ਼ 5 ਪ੍ਰਤੀਸ਼ਤਕਰ ਦਿੱਤੀ ਗਈ ਹੈ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨਾ, ਹੋਟਲਾਂ ਵਿੱਚ ਠਹਿਰਣਾ ਅਤੇ ਬਾਹਰ ਖਾਣਾ-ਪੀਣਾ ਸਸਤਾ ਹੋ ਜਾਵੇਗਾ। ਇਸ ਨਾਲ ਵਧੇਰੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕਰਨ, ਘੁੰਮਣ ਅਤੇ ਉਨ੍ਹਾਂ ਦਾ ਆਨੰਦ ਲੈਣ ਵਿੱਚ ਮਦਦ ਮਿਲੇਗੀ। ਉੱਤਰ-ਪੂਰਬ ਵਰਗੇ ਟੂਰਿਸਟ ਕੇਂਦਰਾਂ ਨੂੰ ਇਸ ਤੋਂ ਵਿਸ਼ੇਸ਼ ਤੌਰ 'ਤੇ ਲਾਭ ਹੋਵੇਗਾ।

ਮਿੱਤਰੋ, 

2025-26 ਦੀ ਪਹਿਲੀ ਤਿਮਾਹੀ ਵਿੱਚ ਸਾਡੀ ਅਰਥਵਿਵਸਥਾ ਵਿੱਚ 7.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸਦਾ ਮਤਲਬ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ। ਅਸੀਂ ਮੇਕ ਇਨ ਇੰਡੀਆ ਅਤੇ ਨਿਰਯਾਤ ਵਿੱਚ ਵੀ ਵਾਧਾ ਦੇਖ ਰਹੇ ਹਾਂ। ਆਪ੍ਰੇਸ਼ਨ ਸਿੰਦੂਰ ਦੌਰਾਨ, ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਸਾਡੇ ਸੈਨਿਕਾਂ ਨੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਪੂਰੇ ਦੇਸ਼ ਨੂੰ ਸਾਡੀਆਂ ਫੌਜਾਂ 'ਤੇ ਮਾਣ ਮਹਿਸੂਸ ਹੋਇਆ। ਇਸ ਆਪ੍ਰੇਸ਼ਨ ਵਿੱਚ, ਮੇਡ-ਇਨ-ਇੰਡੀਆ ਹਥਿਆਰਾਂ ਨੇ ਸਾਡੇ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਡੀ ਅਰਥਵਿਵਸਥਾ ਅਤੇ ਮੈਨੂਫੈਕਚਰਿੰਗ ਸੈਕਟਰ ਦਾ ਵਿਕਾਸ ਸਾਡੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।

 

ਦੋਸਤੋ,

ਸਾਡੀ ਸਰਕਾਰ ਹਰ ਨਾਗਰਿਕ, ਹਰ ਪਰਿਵਾਰ ਅਤੇ ਹਰ ਖੇਤਰ ਦੀ ਭਲਾਈ ਲਈ ਵਚਨਬੱਧ ਹੈ। ਜਨਤਾ ਦੇ ਸਸ਼ਕਤੀਕਰਣ ਨਾਲ ਹੀ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਵਿੱਚ ਮਿਜ਼ੋਰਮ ਦੇ ਲੋਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇੱਕ ਵਾਰ ਫਿਰ, ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਈਜ਼ੋਲ ਦਾ ਭਾਰਤ ਦੇ ਰੇਲਵੇ ਨਕਸ਼ੇ 'ਤੇ ਸੁਆਗਤ ਕਰਦਾ ਹਾਂ। ਅੱਜ, ਖਰਾਬ ਮੌਸਮ ਕਾਰਨ, ਮੈਂ ਆਈਜ਼ੋਲ ਨਹੀਂ ਆ ਸਕਿਆ। ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜਲਦੀ ਹੀ ਮਿਲਾਂਗੇ। ਧੰਨਵਾਦ! 

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Hiring momentum: India Inc steps up recruitment in 2025; big firms drive gains as demand picks up

Media Coverage

Hiring momentum: India Inc steps up recruitment in 2025; big firms drive gains as demand picks up
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 15 ਨਵੰਬਰ 2025
November 15, 2025

From Bhagwan Birsa to Bullet GDP: PM Modi’s Mantra of Culture & Prosperity