ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਜ਼ੋਰਮ ਦੇ ਆਈਜ਼ੋਲ ਵਿੱਚ 9000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਪ੍ਰੋਜੈਕਟ ਰੇਲਵੇ, ਰੋਡ, ਊਰਜਾ, ਖੇਡਾਂ ਸਮੇਤ ਕਈ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਵੀਡੀਓ ਕਾਨਫਰੰਸਿੰਗ ਰਾਹੀਂ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਪਰੀਮ ਭਗਵਾਨ ਪਥੀਅਨ ਨੂੰ ਨਮਨ ਕੀਤਾ, ਜੋ ਨੀਲੇ ਪਹਾੜਾਂ ਦੀ ਸੁੰਦਰ ਧਰਤੀ ਦੀ ਨਿਗਰਾਨੀ ਕਰਦੇ ਹਨ। ਅਫ਼ਸੋਸ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ 'ਤੇ ਮੌਜੂਦ ਸਨ ਅਤੇ ਖਰਾਬ ਮੌਸਮ ਕਾਰਨ ਆਈਜ਼ੋਲ ਵਿੱਚ ਲੋਕਾਂ ਨਾਲ ਸ਼ਾਮਲ ਨਹੀਂ ਹੋ ਸਕੇ। ਹਾਲਾਤਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਇਸ ਮਾਧਿਅਮ ਰਾਹੀਂ ਵੀ ਲੋਕਾਂ ਦੇ ਪਿਆਰ ਅਤੇ ਸਨੇਹ ਨੂੰ ਮਹਿਸੂਸ ਕਰ ਸਕਦੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਵੇਂ ਇਹ ਆਜ਼ਾਦੀ ਅੰਦੋਲਨ ਹੋਵੇ ਜਾਂ ਰਾਸ਼ਟਰ ਨਿਰਮਾਣ, ਸ਼੍ਰੀ ਮੋਦੀ ਨੇ ਕਿਹਾ ਕਿ ਮਿਜ਼ੋਰਮ ਦੇ ਲੋਕ ਹਮੇਸ਼ਾ ਯੋਗਦਾਨ ਪਾਉਣ ਲਈ ਅੱਗੇ ਆਏ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਲਾਲਨੂ ਰੋਪੁਇਲਿਆਨੀ ਅਤੇ ਪਾਸਲਥਾ ਖੁਆਂਗਚੇਰਾ (Lalnu Ropuiliani and Pasaltha Khuangchera) ਜਿਹੀਆਂ ਸ਼ਖਸੀਅਤਾਂ ਦੇ ਆਦਰਸ਼ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੁਰਬਾਨੀ ਅਤੇ ਸੇਵਾ, ਹਿੰਮਤ ਅਤੇ ਦਇਆ, ਮਿਜ਼ੋ ਸਮਾਜ ਵਿੱਚ ਡੂੰਘਾਈ ਨਾਲ ਜੁੜੀਆਂ ਕਦਰਾਂ-ਕੀਮਤਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਮਿਜ਼ੋਰਮ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।"
ਇਸ ਦਿਨ ਨੂੰ ਦੇਸ਼ ਲਈ, ਖਾਸ ਤੌਰ ‘ਤੇ ਮਿਜ਼ੋਰਮ ਦੇ ਲੋਕਾਂ ਲਈ ਇਤਿਹਾਸਕ ਦੱਸਦਿਆਂ, ਸ਼੍ਰੀ ਮੋਦੀ ਨੇ ਕਿਹਾ, "ਅੱਜ ਤੋਂ, ਆਈਜ਼ੋਲ ਭਾਰਤ ਦੇ ਰੇਲਵੇ ਨਕਸ਼ੇ 'ਤੇ ਹੋਵੇਗਾ"। ਬੀਤੇ ਸਮੇਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਆਈਜ਼ੋਲ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਮਾਣ ਨਾਲ ਰੇਲਵੇ ਲਾਈਨ ਨੂੰ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਸ਼ਕਲ ਭੂਮੀ ਸਮੇਤ ਕਈ ਚੁਣੌਤੀਆਂ ਦੇ ਬਾਵਜੂਦ, ਬੈਰਾਬੀ-ਸੈਰਾਂਗ ਰੇਲ ਲਾਈਨ ਹੁਣ ਇੱਕ ਹਕੀਕਤ ਬਣ ਗਈ ਹੈ। ਉਨ੍ਹਾਂ ਨੇ ਇੰਜੀਨੀਅਰਾਂ ਦੇ ਹੁਨਰ ਅਤੇ ਵਰਕਰਾਂ ਦੀ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਨੇ ਇਸ ਪ੍ਰਾਪਤੀ ਨੂੰ ਸੰਭਵ ਬਣਾਇਆ ਹੈ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਲੋਕਾਂ ਅਤੇ ਦੇਸ਼ ਦੇ ਦਿਲ ਹਮੇਸ਼ਾ ਸਿੱਧੇ ਤੌਰ 'ਤੇ ਜੁੜੇ ਰਹੇ ਹਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਪਹਿਲੀ ਵਾਰ, ਮਿਜ਼ੋਰਮ ਵਿੱਚ ਸੈਰਾਂਗ ਨੂੰ ਰਾਜਧਾਨੀ ਐਕਸਪ੍ਰੈੱਸ ਦੁਆਰਾ ਸਿੱਧਾ ਦਿੱਲੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਰੇਲਵੇ ਕਨੈਕਸ਼ਨ ਨਹੀਂ ਹੈ, ਸਗੋਂ ਪਰਿਵਰਤਨ ਦੀ ਇੱਕ ਜੀਵਨ ਰੇਖਾ ਹੈ ਅਤੇ ਇਹ ਮਿਜ਼ੋਰਮ ਦੇ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਵਿੱਚ ਕ੍ਰਾਂਤੀ ਲਿਆਵੇਗੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਿਜ਼ੋਰਮ ਵਿੱਚ ਕਿਸਾਨ ਅਤੇ ਕਾਰੋਬਾਰ ਹੁਣ ਦੇਸ਼ ਭਰ ਵਿੱਚ ਹੋਰ ਬਾਜ਼ਾਰਾਂ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੰਭਾਲ ਲਈ ਹੋਰ ਵਿਕਲਪਾਂ ਤੱਕ ਪਹੁੰਚ ਮਿਲੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਵਿਕਾਸ ਟੂਰਿਜ਼ਮ, ਟ੍ਰਾਂਸਪੋਰਟ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ, ਦੇਸ਼ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਰਹੀਆਂ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦਾ ਧਿਆਨ ਵਧੇਰੇ ਵੋਟਾਂ ਅਤੇ ਸੀਟਾਂ ਵਾਲੀਆਂ ਥਾਵਾਂ 'ਤੇ ਰਿਹਾ। ਨਤੀਜੇ ਵਜੋਂ, ਮਿਜ਼ੋਰਮ ਵਰਗੇ ਰਾਜਾਂ ਸਮੇਤ ਪੂਰੇ ਉੱਤਰ-ਪੂਰਬ ਨੂੰ ਇਸ ਰਵੱਈਏ ਕਾਰਨ ਬਹੁਤ ਨੁਕਸਾਨ ਹੋਇਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਪਹੁੰਚ ਬਹੁਤ ਵੱਖਰੀ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਨਜ਼ਰਅੰਦਾਜ਼ ਕੀਤਾ ਗਿਆ ਸੀ ਉਹ ਹੁਣ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਹੜੇ ਕਦੇ ਹਾਸ਼ੀਏ 'ਤੇ ਧੱਕੇ ਗਏ ਸਨ, ਉਹ ਹੁਣ ਮੁੱਖ ਧਾਰਾ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ, ਸਰਕਾਰ ਉੱਤਰ-ਪੂਰਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਖੇਤਰ ਭਾਰਤ ਦਾ ਵਿਕਾਸ ਇੰਜਣ ਬਣ ਰਿਹਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ ਸਾਲਾਂ ਦੌਰਾਨ, ਉੱਤਰ-ਪੂਰਬ ਦੇ ਕਈ ਰਾਜਾਂ ਨੂੰ ਪਹਿਲੀ ਵਾਰ ਭਾਰਤ ਦੇ ਰੇਲ ਨਕਸ਼ੇ 'ਤੇ ਰੱਖਿਆ ਗਿਆ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਨੇ ਗ੍ਰਾਮੀਣ ਸੜਕਾਂ ਅਤੇ ਰਾਜਮਾਰਗਾਂ, ਮੋਬਾਈਲ ਅਤੇ ਇੰਟਰਨੈੱਟ ਕਨੈਕਸ਼ਨ, ਬਿਜਲੀ, ਟੂਟੀ ਪਾਣੀ ਅਤੇ ਐਲਪੀਜੀ ਕਨੈਕਸ਼ਨਾਂ - ਸਾਰੇ ਰੂਪਾਂ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਮਿਜ਼ੋਰਮ ਨੂੰ ਹਵਾਈ ਯਾਤਰਾ ਲਈ ਉਡਾਨ ਯੋਜਨਾ ਦਾ ਵੀ ਲਾਭ ਹੋਵੇਗਾ ਅਤੇ ਦੱਸਿਆ ਕਿ ਖੇਤਰ ਵਿੱਚ ਹੈਲੀਕੌਪਟਰ ਸੇਵਾਵਾਂ ਜਲਦੀ ਹੀ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮਿਜ਼ੋਰਮ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚ ਵਿੱਚ ਬਹੁਤ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, "ਐਕਟ ਈਸਟ ਨੀਤੀ ਅਤੇ ਉੱਭਰ ਰਹੇ ਉੱਤਰ-ਪੂਰਬੀ ਆਰਥਿਕ ਗਲਿਆਰੇ ਦੋਵਾਂ ਵਿੱਚ ਮਿਜ਼ੋਰਮ ਦੀ ਇੱਕ ਵੱਡੀ ਭੂਮਿਕਾ ਹੈ।" ਉਨ੍ਹਾਂ ਨੇ ਕਿਹਾ ਕਿ ਕਲਾਦਾਨ ਮਲਟੀ-ਮਾਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ ਅਤੇ ਸੈਰਾਂਗ-ਹਮਾਵੰਗਬੁਚੁਆਹ (Sairang–Hmawngbuchhuah) ਰੇਲ ਲਾਈਨ ਨਾਲ, ਮਿਜ਼ੋਰਮ ਦੱਖਣ ਪੂਰਬੀ ਏਸ਼ੀਆ ਰਾਹੀਂ ਬੰਗਾਲ ਦੀ ਖਾੜੀ ਨਾਲ ਜੁੜ ਜਾਵੇਗਾ। ਉਨ੍ਹਾਂ ਨੇ ਅੱਗੇ ਜ਼ੋਰ ਦਿੱਤਾ ਕਿ ਇਹ ਸੰਪਰਕ ਉੱਤਰ-ਪੂਰਬੀ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਮਿਜ਼ੋਰਮ ਪ੍ਰਤਿਭਾਸ਼ਾਲੀ ਨੌਜਵਾਨਾਂ ਨਾਲ ਭਰਪੂਰ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮਿਸ਼ਨ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਮਿਜ਼ੋਰਮ ਵਿੱਚ 11 ਏਕਲਵਯ ਰਿਹਾਇਸ਼ੀ ਸਕੂਲ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ 6 ਹੋਰ ਸਕੂਲ ਸ਼ੁਰੂ ਕਰਨ ਲਈ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰ-ਪੂਰਬ ਸਟਾਰਟ-ਅੱਪਸ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਮੇਂ ਖੇਤਰ ਵਿੱਚ ਲਗਭਗ 4,500 ਸਟਾਰਟ-ਅੱਪ ਅਤੇ 25 ਇਨਕਿਊਬੇਟਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਮਿਜ਼ੋਰਮ ਦੇ ਨੌਜਵਾਨ ਇਸ ਮੂਵਮੈਂਟ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਆਪਣੇ ਅਤੇ ਦੂਜਿਆਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਤੇਜ਼ੀ ਨਾਲ ਵਿਸ਼ਵਵਿਆਪੀ ਖੇਡਾਂ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਵਿਕਾਸ ਦੇਸ਼ ਵਿੱਚ ਖੇਡ ਅਰਥਵਿਵਸਥਾ ਨੂੰ ਵੀ ਜਨਮ ਦੇ ਰਿਹਾ ਹੈ। ਉਨ੍ਹਾਂ ਨੇ ਖੇਡਾਂ ਵਿੱਚ ਮਿਜ਼ੋਰਮ ਦੀ ਸਮ੍ਰਿੱਧ ਪਰੰਪਰਾ ਨੂੰ ਉਜਾਗਰ ਕੀਤਾ, ਫੁੱਟਬਾਲ ਅਤੇ ਹੋਰ ਵਿਸ਼ਿਆਂ ਵਿੱਚ ਬਹੁਤ ਸਾਰੇ ਚੈਂਪੀਅਨ ਪੈਦਾ ਕਰਨ ਵਿੱਚ ਇਸ ਦੇ ਯੋਗਦਾਨ ਨੂੰ ਨੋਟ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਦੀਆਂ ਖੇਡ ਨੀਤੀਆਂ ਮਿਜ਼ੋਰਮ ਨੂੰ ਵੀ ਲਾਭ ਪਹੁੰਚਾ ਰਹੀਆਂ ਹਨ। ਖੇਲੋ ਇੰਡੀਆ ਯੋਜਨਾ ਦੇ ਤਹਿਤ, ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਹਾਲ ਹੀ ਵਿੱਚ ਇੱਕ ਰਾਸ਼ਟਰੀ ਖੇਡ ਨੀਤੀ - ਖੇਲੋ ਇੰਡੀਆ ਖੇਡ ਨੀਤੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਮਿਜ਼ੋਰਮ ਦੇ ਨੌਜਵਾਨਾਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ।
ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਸੁੰਦਰ ਸੱਭਿਆਚਾਰ ਦੇ ਰਾਜਦੂਤ ਦੀ ਭੂਮਿਕਾ ਨਿਭਾਉਣ 'ਤੇ ਬਹੁਤ ਖੁਸ਼ੀ ਪ੍ਰਗਟ ਕੀਤੀ, ਭਾਵੇਂ ਉਹ ਦੇਸ਼ ਦੇ ਅੰਦਰ ਅਤੇ ਵਿਦੇਸ਼ ਵਿੱਚ ਹੋਵੇ। ਉਨ੍ਹਾਂ ਨੇ ਉੱਤਰ-ਪੂਰਬ ਦੀ ਸੰਭਾਵਨਾ ਨੂੰ ਦਰਸਾਉਣ ਵਾਲੇ ਪਲੈਟਫਾਰਮਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕੁਝ ਮਹੀਨੇ ਪਹਿਲਾਂ ਦਿੱਲੀ ਵਿੱਚ ਆਯੋਜਿਤ ਅਸ਼ਟ ਲਕਸ਼ਮੀ ਫੈਸਟੀਵਲ ਵਿੱਚ ਆਪਣੀ ਭਾਗੀਦਾਰੀ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਫੈਸਟੀਵਲ ਨੇ ਉੱਤਰ-ਪੂਰਬ ਦੇ ਟੈਕਸਟਾਈਲ, ਸ਼ਿਲਪਕਾਰੀ, ਜੀਆਈ-ਟੈਗ ਕੀਤੇ ਉਤਪਾਦਾਂ ਅਤੇ ਟੂਰਿਜ਼ਮ ਸੰਭਾਵਨਾ ਨੂੰ ਪ੍ਰਦਰਸ਼ਿਤ ਕੀਤਾ। ਰਾਈਜ਼ਿੰਗ ਨੌਰਥ ਈਸਟ ਸਮਿਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਖੇਤਰ ਦੀ ਵਿਸ਼ਾਲ ਸੰਭਾਵਨਾ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਸਮਿਟ ਵੱਡੇ ਨਿਵੇਸ਼ਾਂ ਅਤੇ ਪ੍ਰੋਜੈਕਟਾਂ ਲਈ ਰਾਹ ਪੱਧਰਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਟਿੱਪਣੀ ਕੀਤੀ ਕਿ ਵੋਕਲ ਫਾਰ ਲੋਕਲ ਪਹਿਲਕਦਮੀ ਉੱਤਰ-ਪੂਰਬ ਦੇ ਕਾਰੀਗਰਾਂ ਅਤੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਉਂਦੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮਿਜ਼ੋਰਮ ਦੇ ਬਾਂਸ ਉਤਪਾਦ, ਜੈਵਿਕ ਅਦਰਕ, ਹਲਦੀ ਅਤੇ ਕੇਲੇ ਮਸ਼ਹੂਰ ਹਨ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਈਜ਼ ਆਫ ਲਿਵਿੰਗ ਅਤੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ, "ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਹਾਲ ਹੀ ਵਿੱਚ ਪੇਸ਼ ਕੀਤੇ ਗਏ ਹਨ ਅਤੇ ਇਸ ਦਾ ਅਰਥ ਹੈ ਕਿ ਬਹੁਤ ਸਾਰੇ ਉਤਪਾਦਾਂ 'ਤੇ ਘੱਟ ਟੈਕਸ, ਪਰਿਵਾਰਾਂ ਲਈ ਜੀਵਨ ਆਸਾਨ ਬਣਾਉਣਾ"। ਉਨ੍ਹਾਂ ਨੇ ਯਾਦ ਦਿਵਾਇਆ ਕਿ 2014 ਤੋਂ ਪਹਿਲਾਂ, ਟੂੱਥਪੇਸਟ, ਸਾਬਣ ਅਤੇ ਤੇਲ ਵਰਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ 'ਤੇ ਵੀ 27% ਟੈਕਸ ਲਗਾਇਆ ਜਾਂਦਾ ਸੀ। ਉਨ੍ਹਾਂ ਨੇ ਕਿਹਾ, ਅੱਜ, ਇਨ੍ਹਾਂ ਚੀਜ਼ਾਂ 'ਤੇ ਸਿਰਫ 5% ਜੀਐੱਸਟੀ ਲਾਗੂ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ, ਦਵਾਈਆਂ, ਟੈਸਟ ਕਿੱਟਾਂ ਅਤੇ ਬੀਮਾ ਪਾਲਿਸੀਆਂ 'ਤੇ ਭਾਰੀ ਟੈਕਸ ਲਗਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਿਹਤ ਸੰਭਾਲ ਮਹਿੰਗੀ ਹੋ ਗਈ ਅਤੇ ਆਮ ਪਰਿਵਾਰਾਂ ਲਈ ਬੀਮਾ ਪਹੁੰਚ ਤੋਂ ਬਾਹਰ ਹੋ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ, ਇਹ ਸਾਰੀਆਂ ਸੇਵਾਵਾਂ ਅਤੇ ਉਤਪਾਦ ਕਿਫਾਇਤੀ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਵੀਆਂ ਜੀਐੱਸਟੀ ਦਰਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ ਨੂੰ ਵੀ ਸਸਤੀਆਂ ਬਣਾ ਦੇਣਗੀਆਂ। ਉਨ੍ਹਾਂ ਨੇ ਦੱਸਿਆ ਕਿ 22 ਸਤੰਬਰ ਤੋਂ ਬਾਅਦ, ਸੀਮੈਂਟ ਅਤੇ ਨਿਰਮਾਣ ਸਮੱਗਰੀ ਵੀ ਸਸਤੀ ਹੋ ਜਾਵੇਗੀ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਸਕੂਟਰ ਅਤੇ ਕਾਰਾਂ ਬਣਾਉਣ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਘਟਾ ਦਿੱਤੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲਾ ਤਿਉਹਾਰੀ ਸੀਜ਼ਨ ਦੇਸ਼ ਭਰ ਵਿੱਚ ਹੋਰ ਵੀ ਜੀਵੰਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਦੇ ਹਿੱਸੇ ਵਜੋਂ, ਜ਼ਿਆਦਾਤਰ ਹੋਟਲਾਂ 'ਤੇ ਜੀਐੱਸਟੀ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਯਾਤਰਾ ਕਰਨਾ, ਹੋਟਲਾਂ ਵਿੱਚ ਰਹਿਣਾ ਅਤੇ ਬਾਹਰ ਖਾਣਾ ਹੁਣ ਵਧੇਰੇ ਕਿਫਾਇਤੀ ਹੋ ਜਾਵੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਧੇਰੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕਰਨ, ਘੁੰਮਣ ਅਤੇ ਆਨੰਦ ਲੈਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਵਰਗੇ ਸੈਲਾਨੀ ਕੇਂਦਰਾਂ ਨੂੰ ਇਸ ਬਦਲਾਅ ਤੋਂ ਵਿਸ਼ੇਸ਼ ਤੌਰ 'ਤੇ ਲਾਭ ਹੋਵੇਗਾ।
"ਭਾਰਤ ਦੀ ਅਰਥਵਿਵਸਥਾ ਨੇ 2025-26 ਦੀ ਪਹਿਲੀ ਤਿਮਾਹੀ ਵਿੱਚ 7.8% ਦੀ ਵਿਕਾਸ ਦਰ ਦਰਜ ਕੀਤੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ", ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਮੇਕ ਇਨ ਇੰਡੀਆ ਅਤੇ ਨਿਰਯਾਤ ਵਿੱਚ ਵੀ ਮਜ਼ਬੂਤ ਵਾਧਾ ਦੇਖ ਰਿਹਾ ਹੈ। ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਟਿੱਪਣੀ ਕੀਤੀ ਕਿ ਦੇਸ਼ ਨੇ ਦੇਖਿਆ ਕਿ ਕਿਵੇਂ ਭਾਰਤੀ ਸੈਨਿਕਾਂ ਨੇ ਅੱਤਵਾਦ ਨੂੰ ਸਪਾਂਸਰ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਹਥਿਆਰਬੰਦ ਬਲਾਂ ਲਈ ਮਾਣ ਨਾਲ ਭਰ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੇਡ-ਇਨ-ਇੰਡੀਆ ਹਥਿਆਰਾਂ ਨੇ ਇਸ ਆਪ੍ਰੇਸ਼ਨ ਦੌਰਾਨ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਆਰਥਿਕਤਾ ਅਤੇ ਨਿਰਮਾਣ ਖੇਤਰ ਦਾ ਵਿਕਾਸ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਹਰ ਨਾਗਰਿਕ, ਹਰ ਪਰਿਵਾਰ ਅਤੇ ਹਰ ਖੇਤਰ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਆਪਣੇ ਲੋਕਾਂ ਦੇ ਸਸ਼ਕਤੀਕਰਣ ਰਾਹੀਂ ਕੀਤਾ ਜਾਵੇਗਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਮਿਜ਼ੋਰਮ ਦੇ ਲੋਕ ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਦਿਲੋਂ ਵਧਾਈਆਂ ਦਿੱਤੀਆਂ ਅਤੇ ਭਾਰਤ ਦੇ ਰੇਲਵੇ ਨਕਸ਼ੇ 'ਤੇ ਆਈਜ਼ੋਲ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਭਾਵੇਂ ਉਹ ਮੌਸਮ ਦੀ ਸਥਿਤੀ ਕਾਰਨ ਆਈਜ਼ੋਲ ਨਹੀਂ ਜਾ ਸਕੇ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਤ ਜਲਦੀ ਮਿਲਣਗੇ।

ਇਸ ਸਮਾਗਮ ਵਿੱਚ ਮਿਜ਼ੋਰਮ ਦੇ ਰਾਜਪਾਲ, ਜਨਰਲ ਵੀ ਕੇ ਸਿੰਘ, ਮਿਜ਼ੋਰਮ ਦੇ ਮੁੱਖ ਮੰਤਰੀ, ਸ਼੍ਰੀ ਲਾਲਦੁਹੋਮਾ, ਕੇਂਦਰੀ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛਕੋੜ
ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਆਖਰੀ ਮੀਲ ਤੱਕ ਕਨੈਕਟੀਵਿਟੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ 8,070 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਬੈਰਾਬੀ - ਸੈਰਾਂਗ ਨਵੀਂ ਰੇਲ ਲਾਈਨ ਦਾ ਉਦਘਾਟਨ ਕੀਤਾ, ਜੋ ਮਿਜ਼ੋਰਮ ਦੀ ਰਾਜਧਾਨੀ ਨੂੰ ਪਹਿਲੀ ਵਾਰ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜੇਗੀ। ਇੱਕ ਚੁਣੌਤੀਪੂਰਨ ਪਹਾੜੀ ਖੇਤਰ ਵਿੱਚ ਬਣਾਏ ਇਸ ਰੇਲ ਲਾਈਨ ਪ੍ਰੋਜੈਕਟ ਵਿੱਚ ਜਟਿਲ ਭੂਗੋਲਿਕ ਸਥਿਤੀਆਂ ਦੇ ਤਹਿਤ 45 ਸੁਰੰਗਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਇਸ ਵਿੱਚ 55 ਵੱਡੇ ਪੁਲ ਅਤੇ 88 ਛੋਟੇ ਪੁਲ ਵੀ ਸ਼ਾਮਲ ਹਨ। ਮਿਜ਼ੋਰਮ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਕਾਰ ਸਿੱਧੀ ਰੇਲ ਕਨੈਕਟੀਵਿਟੀ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ, ਕੁਸ਼ਲ ਅਤੇ ਕਿਫ਼ਾਇਤੀ ਯਾਤਰਾ ਵਿਕਲਪ ਪ੍ਰਦਾਨ ਕਰੇਗੀ। ਇਹ ਅਨਾਜ, ਖਾਦਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਸਪਲਾਈ ਨੂੰ ਵੀ ਯਕੀਨੀ ਕਰੇਗਾ, ਜਿਸ ਨਾਲ ਸਮੁੱਚੀ ਲੌਜਿਸਟਿਕ ਕੁਸ਼ਲਤਾ ਅਤੇ ਖੇਤਰੀ ਪਹੁੰਚਯੋਗਤਾ ਵਧੇਗੀ।
ਪ੍ਰਧਾਨ ਮੰਤਰੀ ਨੇ ਮੌਕੇ ‘ਤੇ ਤਿੰਨ ਨਵੀਆਂ ਐਕਸਪ੍ਰੈੱਸ ਟ੍ਰੇਨਾਂ, ਸੈਰਾਂਗ (ਆਈਜ਼ੋਲ)-ਦਿੱਲੀ (ਆਨੰਦ ਵਿਹਾਰ ਟਰਮੀਨਲ) ਰਾਜਧਾਨੀ ਐਕਸਪ੍ਰੈੱਸ, ਸੈਰਾਂਗ-ਗੁਵਾਹਾਟੀ ਐਕਸਪ੍ਰੈੱਸ ਅਤੇ ਸੈਰਾਂਗ-ਕੋਲਕਾਤਾ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਈ। ਆਈਜ਼ੋਲ, ਹੁਣ ਇੱਕ ਰਾਜਧਾਨੀ ਐਕਸਪ੍ਰੈੱਸ ਦੇ ਮਾਧਿਅਮ ਨਾਲ ਦਿੱਲੀ ਨਾਲ ਸਿੱਧਾ ਜੁੜ ਜਾਵੇਗਾ। ਸੈਰਾਂਗ- ਗੁਵਾਹਾਟੀ ਐਕਸਪ੍ਰੈੱਸ ਮਿਜ਼ੋਰਮ ਅਤੇ ਅਸਾਮ ਦੇ ਦਰਮਿਆਨ ਆਵਾਜਾਈ ਨੂੰ ਸੁਗਮ ਬਣਾਏਗੀ। ਸੈਰਾਂਗ-ਕੋਲਕਾਤਾ ਐਕਸਪ੍ਰੈੱਸ ਮਿਜ਼ੋਰਮ ਨੂੰ ਸਿੱਧੇ ਕੋਲਕਾਤਾ ਨਾਲ ਜੋੜੇਗੀ। ਇਸ ਬਿਹਤਰ ਕਨੈਕਟੀਵਿਟੀ ਨਾਲ ਹਸਪਤਾਲਾਂ, ਯੂਨੀਵਰਸਿਟੀਆਂ ਅਤੇ ਬਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਅਕਾਦਮਿਕ, ਸੱਭਿਆਚਾਰਕ ਅਤੇ ਆਰਥਿਕ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਬਹੁਤ ਹੁਲਾਰਾ ਮਿਲੇਗਾ।
ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ ਕਈ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਆਈਜ਼ੋਲ ਬਾਈਪਾਸ ਰੋਡ, ਥੇਨਜ਼ੋਲ-ਸਿਯਾਲਸੁਕ ਰੋਡ ਅਤੇ ਖਾਨਕਾਉਨ-ਰੋਂਗੂਰਾ ਰੋਡ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੀ ਉੱਤਰ-ਪੂਰਬ ਖੇਤਰ ਵਿਕਾਸ ਪਹਿਲਕਦਮੀ (ਪੀਐੱਮ-ਡੀਈਵੀਆਈਐੱਨਈ-PM-DevINE) ਯੋਜਨਾ ਦੇ ਤਹਿਤ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 45 ਕਿਲੋਮੀਟਰ ਲੰਬੇ ਆਈਜ਼ੋਲ ਬਾਈਪਾਸ ਰੋਡ ਦਾ ਉਦੇਸ਼ ਆਈਜ਼ੋਲ ਸ਼ਹਿਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨਾ, ਲੁੰਗਲੇਈ, ਸਿਯਾਹਾ, ਲੌਂਗਟਲਾਈ, ਲੇਂਗਪੁਈ ਏਅਰਪੋਰਟ ਅਤੇ ਸੈਰਾਂਗ ਰੇਲਵੇ ਸਟੇਸ਼ਨ ਆਦਿ ਤੱਕ ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਹੋਵੇਗਾ। ਇਸ ਨਾਲ ਦੱਖਣੀ ਜ਼ਿਲ੍ਹਿਆਂ ਤੋਂ ਆਈਜ਼ੋਲ ਤੱਕ ਯਾਤਰਾ ਦਾ ਸਮਾਂ ਲਗਭਗ 1.5 ਘੰਟਿਆਂ ਤੱਕ ਘੱਟ ਹੋ ਜਾਵੇਗਾ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉੱਤਰ-ਪੂਰਬ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਯੋਜਨਾ ਐੱਨਈਐੱਸਆਈਡੀਐੱਸ (ਰੋਡਸ) ਦੇ ਤਹਿਤ ਥੇਨਜ਼ੋਲ-ਸਿਆਲਸੁਕ ਰੋਡ ਤੋਂ ਕਈ ਬਾਗਵਾਨੀ ਕਿਸਾਨਾਂ, ਡ੍ਰੈਗਨ ਫਲ ਉਤਪਾਦਕਾਂ, ਝੋਨੇ ਦੀ ਖੇਤੀ ਕਰਨ ਵਾਲਿਆਂ ਅਤੇ ਅਦਰਕ ਪ੍ਰੋਸੈੱਸਰਜ਼ ਨੂੰ ਲਾਭ ਹੋਵੇਗਾ, ਨਾਲ ਹੀ ਆਈਜ਼ੋਲ-ਥੇਨਜ਼ੋਲ-ਲੁੰਗਲੇਈ ਹਾਈਵੇਅ ਦੇ ਨਾਲ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਸੇਰਛਿਪ ਜ਼ਿਲ੍ਹੇ ਵਿੱਚ ਐੱਨਈਐੱਸਆਈਡੀਐੱਸ (ਰੋਡਸ) ਦੇ ਤਹਿਤ ਖਾਨਕੌਨ-ਰੋਂਗੂਰਾ ਸੜਕ ਬਜ਼ਾਰਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗੀ ਅਤੇ ਇਸ ਖੇਤਰ ਦੇ ਵੱਖ-ਵੱਖ ਬਾਗਵਾਨੀ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਲਾਭ ਹੋਵੇਗਾ, ਨਾਲ ਹੀ ਨਿਯੋਜਿਤ ਅਦਰਕ ਪ੍ਰੋਸੈੱਸਿੰਗ ਪਲਾਂਟ ਨੂੰ ਵੀ ਸਮਰਥਨ ਮਿਲੇਗਾ।
ਪ੍ਰਧਾਨ ਮੰਤਰੀ ਨੇ ਲੌਂਗਟਲਾਈ-ਸਿਯਾਹਾ ਰੋਡ ‘ਤੇ ਛਿਮਟੁਈਪੁਈ ਰੀਵਰ ਬ੍ਰਿਜ (Chhimtuipui River Bridge) ਨਦੀ ਪੁਲ ਦਾ ਵੀ ਨੀਂਹ ਪੱਥਰ ਰੱਖਿਆ। ਇਹ ਸਾਰੇ ਮੌਸਮਾਂ ਵਿੱਚ ਸੰਪਰਕ ਪ੍ਰਦਾਨ ਕਰੇਗਾ ਅਤੇ ਯਾਤਰਾ ਦੇ ਸਮੇਂ ਨੂੰ ਦੋ ਘੰਟੇ ਘੱਟ ਕਰੇਗਾ। ਇਹ ਪੁਲ ਕਲਾਦਾਨ ਮਲਟੀਮਾਡਲ ਟ੍ਰਾਂਜ਼ਿਟ ਢਾਂਚੇ ਦੇ ਤਹਿਤ ਸੀਮਾ ਪਾਰ ਵਪਾਰ ਨੂੰ ਵੀ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਖੇਡ ਵਿਕਾਸ ਦੇ ਲਈ ਖੇਲੋ ਇੰਡੀਆ ਮਲਟੀਪਰਪਜ਼ ਇਨਡੋਰ ਹਾਲ ਦਾ ਨੀਂਹ ਪੱਥਰ ਰੱਖਿਆ। ਤੁਈਕੁਆਲ (Tuikual) ਵਿੱਚ ਸਥਿਤ ਇਹ ਹਾਲ ਇੱਕ ਮਲਟੀਪਰਪਜ਼ ਇਨਡੋਰ ਖੇਤਰ ਸਹਿਤ ਆਧੁਨਿਕ ਖੇਡ ਸੁਵਿਧਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਮਿਜ਼ੋਰਮ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਲਈ ਲਾਭ ਅਤੇ ਪ੍ਰੋਤਸਾਹਨ ਮਿਲੇਗਾ।
ਇਸ ਖੇਤਰ ਵਿੱਚ ਐਨਰਜੀ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਈਜ਼ੋਲ ਦੇ ਮੁਆਲਖਾਂਗ ਵਿੱਚ 30 ਟੀਐੱਮਟੀਪੀਏ (ਹਜ਼ਾਰ ਮੀਟ੍ਰਿਕ ਟਨ ਪ੍ਰਤੀ ਵਰ੍ਹੇ) ਸਮਰੱਥਾ ਵਾਲੇ ਐੱਲਪੀਜੀ ਬੌਟਲਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਦਾ ਉਦੇਸ਼ ਮਿਜ਼ੋਰਮ ਅਤੇ ਗੁਆਂਢੀ ਰਾਜਾਂ ਵਿੱਚ ਐੱਲਪੀਜੀ ਦੀ ਨਿਰੰਤਰ ਅਤੇ ਭਰੋਸੇਯੋਗ ਸਪਲਾਈ ਯਕੀਨੀ ਬਣਾਉਣਾ ਹੈ, ਜਿਸ ਨਾਲ ਸਵੱਛ ਰਸੋਈ ਈਂਧਣ ਤੱਕ ਅਸਾਨ ਪਹੁੰਚ ਹੋ ਜਾਵੇਗੀ। ਇਸ ਨਾਲ ਸਥਾਨਕ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ (ਪੀਐੱਮਜੇਵੀਕੇ) ਯੋਜਨਾ ਦੇ ਤਹਿਤ ਕਵਰਥ੍ਹਾ (Kawrthah) ਵਿੱਚ ਰੈਜ਼ੀਡੈਂਸ਼ੀਅਲ ਸਕੂਲ ਦਾ ਵੀ ਉਦਘਾਟਨ ਕੀਤਾ। ਮਾਮਿਤ ਅਕਾਂਖੀ ਜ਼ਿਲ੍ਹੇ ਵਿੱਚ ਸਥਿਤ ਇਸ ਸਕੂਲ ਵਿੱਚ ਆਧੁਨਿਕ ਕਲਾਸਰੂਮਸ, ਹੌਸਟਲਸ ਅਤੇ ਆਰਟੀਫਿਸ਼ੀਅਲ ਫੁੱਟਬਾਲ ਟਰਫ ਸਮੇਤ ਖੇਡ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸ ਨਾਲ 10,000 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ ਅਤੇ ਦੀਰਘਕਾਲੀ ਸੋਸ਼ਲ ਅਤੇ ਐਜੂਕੇਸ਼ਨਲ ਪ੍ਰੋਗਰੈੱਸ ਦੀ ਨੀਂਹ ਰੱਖੇਗੀ।
ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਤਲਾਂਗਨੁਆਮ (Tlangnuam) ਵਿੱਚ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦਾ ਵੀ ਉਦਘਾਟਨ ਕੀਤਾ। ਇਹ ਸਕੂਲ ਨਾਮਾਂਕਨ ਵਿੱਚ ਸੁਧਾਰ ਕਰੇਗਾ, ਸਕੂਲ ਛੱਡਣ ਦੀ ਦਰ ਨੂੰ ਘੱਟ ਕਰੇਗਾ ਅਤੇ ਕਬਾਇਲੀ ਨੌਜਵਾਨਾਂ ਦੇ ਲਈ ਸਮੁੱਚੀ ਸਿੱਖਿਆ ਦੇ ਮੌਕੇ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
A historic day for the nation, particularly for the people of Mizoram.
— PMO India (@PMOIndia) September 13, 2025
From today, Aizawl will be on India’s railway map. pic.twitter.com/OKYnwiVbY4
North East is becoming the growth engine of India. pic.twitter.com/By78Tad4ys
— PMO India (@PMOIndia) September 13, 2025
Mizoram has a major role in both our Act East Policy and the emerging North East Economic Corridor. pic.twitter.com/rWymwuhist
— PMO India (@PMOIndia) September 13, 2025
#NextGenGST means lower taxes on many products, making life easier for families. pic.twitter.com/Nmtw5o7ypq
— PMO India (@PMOIndia) September 13, 2025
Mizoram has a major role in both our Act East Policy and the emerging North East Economic Corridor. pic.twitter.com/3MwXvVbAWX
— PMO India (@PMOIndia) September 13, 2025
India is the fastest growing major economy in the world. pic.twitter.com/Z93IN1qHXo
— PMO India (@PMOIndia) September 13, 2025


