ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫਰਵਰੀ ਤੋਂ 2 ਮਾਰਚ, 2026 ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਰਹਿਣਗੇ । ਇਹ ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਦੀ ਪਹਿਲੀ ਅਧਿਕਾਰਤ ਫੇਰੀ ਹੋਵੇਗੀ।
27 ਫਰਵਰੀ ਨੂੰ ਪ੍ਰਧਾਨ ਮੰਤਰੀ ਕਾਰਨੀ ਮੁੰਬਈ ਪਹੁੰਚਣਗੇ। ਅਗਲੇ ਦੋ ਦਿਨਾਂ ਵਿੱਚ ਉਹ ਵੱਖ-ਵੱਖ ਵਪਾਰਕ ਸਮਾਗਮਾਂ ਵਿੱਚ ਹਿੱਸਾ ਲੈਣਗੇ ਅਤੇ ਭਾਰਤ ਅਤੇ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਉਦਯੋਗ ਅਤੇ ਵਿੱਤੀ ਮਾਹਰਾਂ, ਨਵੀਨਤਾਕਾਰਾਂ, ਸਿੱਖਿਆ ਸ਼ਾਸਤਰੀਆਂ ਦੇ ਨਾਲ- ਨਾਲ ਭਾਰਤ ਵਿੱਚ ਸਥਿਤ ਕੈਨੇਡਾ ਦੇ ਪੈਨਸ਼ਨ ਫੰਡਾਂ ਦੇ ਮੁਖੀਆਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਕਾਰਨੀ 1 ਮਾਰਚ ਨੂੰ ਨਵੀਂ ਦਿੱਲੀ ਪਹੁੰਚਣਗੇ। 2 ਮਾਰਚ ਨੂੰ ਦੋਵਾਂ ਪ੍ਰਧਾਨ ਮੰਤਰੀਆਂ ਵਿਚਕਾਰ ਹੈਦਰਾਬਾਦ ਹਾਊਸ ਵਿਖੇ ਵਫ਼ਦ-ਪੱਧਰੀ ਗੱਲਬਾਤ ਹੋਵੇਗੀ। ਦੋਵੇਂ ਆਗੂ ਭਾਰਤ-ਕੈਨੇਡਾ ਰਣਨੀਤਕ ਭਾਈਵਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਹੁਣ ਤੱਕ ਹੋਈ ਤਰੱਕੀ ਦੀ ਸਮੀਖਿਆ ਕਰਨਗੇ ਅਤੇ ਇਹ ਕਨਾਨਾਸਕਿਸ (ਜੂਨ 2025) ਅਤੇ ਜੋਹਾਨਸਬਰਗ (ਨਵੰਬਰ 2025) ਵਿੱਚ ਹੋਈ ਉਹਨਾਂ ਦੀਆਂ ਪਿਛਲੀਆਂ ਮੀਟਿੰਗਾਂ ਦੇ ਆਧਾਰ ’ਤੇ ਹੈ। ਉਹ ਵਪਾਰ ਅਤੇ ਨਿਵੇਸ਼; ਊਰਜਾ; ਮਹੱਤਵਪੂਰਨ ਖਣਿਜ; ਖੇਤੀਬਾੜੀ; ਸਿੱਖਿਆ, ਖੋਜ ਅਤੇ ਨਵੀਨਤਾ ਸਮੇਤ ਮੁੱਖ ਥੰਮ੍ਹਾਂ ਵਿੱਚ ਜਾਰੀ ਸਹਿਯੋਗ ਦੀ ਵੀ ਸਮੀਖਿਆ ਕਰਨਗੇ ਅਤੇ ਜਨਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਵੀ ਚਰਚਾ ਕਰਨਗੇ। ਦੋਵੇਂ ਆਗੂ ਖੇਤਰੀ ਅਤੇ ਵਿਸ਼ਵ-ਵਿਆਪੀ ਵਿਕਾਸ ’ਤੇ ਵੀ ਵਿਚਾਰ ਸਾਂਝੇ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਕਾਰਨੀ ਬਾਅਦ ਵਿੱਚ ਦਿਨ ਵੇਲੇ ਆਯੋਜਿਤ ਹੋਣ ਵਾਲੇ ਭਾਰਤ-ਕੈਨੇਡਾ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਫੋਰਮ ਵਿੱਚ ਵੀ ਹਿੱਸਾ ਲੈਣਗੇ।
ਇਹ ਦੌਰਾ ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਇੱਕ ਮਹੱਤਵਪੂਰਨ ਮੋੜ ’ਤੇ ਹੋ ਰਿਹਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਪਹਿਲਾਂ ਹੀ ਇੱਕ ਰਚਨਾਤਮਿਕ ਅਤੇ ਸੰਤੁਲਿਤ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ ਅਤੇ ਇਹ ਇੱਕ ਦੂਜੇ ਦੀਆਂ ਚਿੰਤਾਵਾਂ ਅਤੇ ਸੰਵੇਦਨਸ਼ੀਲਤਾਵਾਂ ਪ੍ਰਤੀ ਆਪਸੀ ਸਤਿਕਾਰ, ਮਜ਼ਬੂਤ ਜਨਤਕ ਸਬੰਧਾਂ ਅਤੇ ਵਧਦੀ ਆਰਥਿਕ ਪੂਰਕਤਾ ਕਾਰ ’ਤੇ ਅਧਾਰਿਤ ਹੋਣਗੇ। ਦੋਵਾਂ ਨੇਤਾਵਾਂ ਵਿਚਕਾਰ ਆਉਣ ਵਾਲੀ ਮੁਲਾਕਾਤ ਭਾਰਤ ਅਤੇ ਕੈਨੇਡਾ ਵਿਚਕਾਰ ਇੱਕ ਦੂਰਦਰਸ਼ੀ ਭਾਈਵਾਲੀ ਦੇ ਨਿਰਮਾਣ ਵਿੱਚ ਸਕਾਰਾਤਮਿਕ ਗਤੀ ਅਤੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਨ ਦਾ ਮੌਕਾ ਪ੍ਰਦਾਨ ਕਰੇਗੀ।


