ਆਰੀਆ ਸਮਾਜ ਦੀ 150ਵੀਂ ਵਰ੍ਹੇਗੰਢ ਸਿਰਫ਼ ਕਿਸੇ ਖ਼ਾਸ ਭਾਈਚਾਰੇ ਜਾਂ ਸੰਪਰਦਾ ਦਾ ਇੱਕ ਮੌਕਾ ਨਹੀਂ ਹੈ; ਇਹ ਪੂਰੇ ਰਾਸ਼ਟਰ ਦੀ ਵੈਦਿਕ ਪਹਿਚਾਣ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਜਸ਼ਨ ਹੈ: ਪ੍ਰਧਾਨ ਮੰਤਰੀ
ਆਰੀਆ ਸਮਾਜ ਨੇ ਨਿਡਰਤਾ ਨਾਲ ਭਾਰਤੀਅਤਾ ਦੇ ਸਾਰ ਨੂੰ ਕਾਇਮ ਰੱਖਿਆ ਅਤੇ ਹੁਲਾਰਾ ਦਿੱਤਾ ਹੈ: ਪ੍ਰਧਾਨ ਮੰਤਰੀ
ਸਵਾਮੀ ਦਯਾਨੰਦ ਜੀ ਇੱਕ ਦੂਰਦਰਸ਼ੀ ਅਤੇ ਮਹਾਨ ਵਿਅਕਤੀ ਸਨ: ਪ੍ਰਧਾਨ ਮੰਤਰੀ
ਅੱਜ ਭਾਰਤ ਟਿਕਾਊ ਵਿਕਾਸ ਵੱਲ ਇੱਕ ਮੋਹਰੀ ਵਿਸ਼ਵ ਆਵਾਜ਼ ਵਜੋਂ ਉੱਭਰਿਆ ਹੈ: ਪ੍ਰਧਾਨ ਮੰਤਰੀ

ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ, ਗਿਆਨ ਜਯੋਤੀ ਮਹੋਤਸਵ ਆਯੋਜਨ ਕਮੇਟੀ ਦੇ ਚੇਅਰਮੈਨ ਸੁਰੇਂਦਰ ਕੁਮਾਰ ਆਰੀਆ ਜੀ, ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਪੂਨਮ ਸੂਰੀ ਜੀ, ਸੀਨੀਅਰ ਆਰੀਆ ਸਨਿਆਸੀ, ਸਵਾਮੀ ਦੇਵਵ੍ਰਤ ਸਰਸਵਤੀ ਜੀ, ਵੱਖ-ਵੱਖ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ, ਦੇਸ਼ ਅਤੇ ਦੁਨੀਆ ਭਰ ਤੋਂ ਆਏ ਆਰੀਆ ਸਮਾਜ ਦੇ ਸਾਰੇ ਮੈਂਬਰ, ਦੇਵੀਓ ਅਤੇ ਸੱਜਣੋ।

ਸਭ ਤੋਂ ਪਹਿਲਾਂ ਮੈਨੂੰ ਆਉਣ ਵਿੱਚ ਦੇਰੀ ਹੋ ਗਈ, ਇਸਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਅੱਜ ਸਰਦਾਰ ਸਾਹਿਬ ਦੀ ਜਯੰਤੀ ਸੀ, 150ਵੀਂ ਜਯੰਤੀ। ਸਟੈਚੂ ਆਫ ਯੂਨਿਟੀ ਏਕਤਾ ਨਗਰ ਵਿੱਚ ਉਨ੍ਹਾਂ ਦਾ ਸਮਾਗਮ ਸੀ ਅਤੇ ਇਸ ਲਈ ਮੈਨੂੰ ਆਉਣ ਵਿੱਚ ਦੇਰੀ ਹੋ ਗਈ ਅਤੇ ਉਸ ਦੇ ਕਾਰਨ ਮੈਂ ਸਮੇਂ ਸਿਰ ਨਹੀਂ ਆ ਪਾਇਆ ਅਤੇ ਇਸਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਚਾਹੁੰਦਾ ਹਾਂ। ਜਦੋਂ ਅਸੀਂ ਇੱਥੇ ਆਏ ਤਾਂ ਸ਼ੁਰੂ ਵਿੱਚ ਜੋ ਮੰਤਰ ਸੁਣੇ ਉਨ੍ਹਾਂ ਦੀ ਊਰਜਾ ਹਾਲੇ ਵੀ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ। ਜਦੋਂ ਵੀ ਮੈਨੂੰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਅਤੇ ਜਦੋਂ-ਜਦੋਂ ਮੈਂ ਆਇਆ, ਉਹ ਅਹਿਸਾਸ ਬ੍ਰਹਮ ਅਹਿਸਾਸ ਹੁੰਦਾ ਹੈ, ਅਦਭੁਤ ਅਹਿਸਾਸ ਹੁੰਦਾ ਹੈ। ਅਤੇ ਇਹ ਸਵਾਮੀ ਦਯਾਨੰਦ ਜੀ ਦਾ ਆਸ਼ੀਰਵਾਦ ਹੈ, ਉਨ੍ਹਾਂ ਦੇ ਆਦਰਸ਼ਾਂ ਦੇ ਪ੍ਰਤੀ ਸਾਡੀ ਸਾਰਿਆਂ ਦੀ ਸ਼ਰਧਾ ਹੈ, ਤੁਸੀਂ ਸਾਰੇ ਵਿਚਾਰਕਾਂ ਨਾਲ ਦਹਾਕਿਆਂ ਪੁਰਾਣੀ ਮੇਰੀ ਨੇੜਤਾ ਹੈ ਕਿ ਮੈਨੂੰ ਵਾਰ-ਵਾਰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ। ਅਤੇ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਹਾਂ, ਤੁਹਾਡੇ ਨਾਲ ਸੰਵਾਦ ਕਰਦਾ ਹਾਂ, ਇੱਕ ਵੱਖਰੀ ਹੀ ਊਰਜਾ ਨਾਲ, ਇੱਕ ਵੱਖਰੀ ਹੀ ਪ੍ਰੇਰਨਾ ਨਾਲ ਭਰ ਜਾਂਦਾ ਹਾਂ। ਅਤੇ ਮੈਨੂੰ ਹੁਣੇ ਦੱਸਿਆ ਗਿਆ ਹੈ ਕਿ ਅਜਿਹੇ ਹੋਰ 9 ਸਭਾ ਹਾਲ ਬਣਾਏ ਗਏ ਹਨ। ਉੱਥੇ ਸਾਡੇ ਸਾਰੇ ਆਰੀਆ ਸਮਾਜ ਦੇ ਮੈਂਬਰ ਵੀਡੀਓ ਜ਼ਰੀਏ ਇਸ ਸਮਾਗਮ ਨੂੰ ਦੇਖ ਰਹੇ ਹਨ। ਮੈਂ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਪਾ ਰਿਹਾ ਹਾਂ, ਪਰ ਮੈਂ ਉਨ੍ਹਾਂ ਨੂੰ ਵੀ ਇੱਥੋਂ ਪ੍ਰਣਾਮ ਕਰਦਾ ਹਾਂ।

ਸਾਥੀਓ,

ਪਿਛਲੇ ਸਾਲ, ਗੁਜਰਾਤ ਵਿੱਚ ਦਯਾਨੰਦ ਸਰਸਵਤੀ ਜੀ ਦੇ ਜਨਮ ਸਥਾਨ 'ਤੇ ਖ਼ਾਸ ਸਮਾਗਮ ਆਯੋਜਿਤ ਹੋਇਆ ਸੀ। ਉਸ ਵਿੱਚ ਮੈਂ ਵੀਡੀਓ ਸੁਨੇਹੇ ਦੇ ਜ਼ਰੀਏ ਸ਼ਾਮਲ ਹੋਇਆ ਸੀ। ਇਸ ਤੋਂ ਪਹਿਲਾਂ ਇੱਥੇ ਦਿੱਲੀ ਵਿੱਚ ਹੀ ਮੈਨੂੰ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ 200ਵੇਂ ਜਯੰਤੀ ਸਮਾਰੋਹ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਸੀ। ਵੇਦ ਮੰਤਰਾਂ ਦੇ ਜਾਪ ਦੀ ਊਰਜਾ, ਉਹ ਹਵਨ ਰਸਮ, ਅਜਿਹਾ ਲਗਦਾ ਹੈ ਜਿਵੇਂ ਉਹ ਸਭ ਕੱਲ੍ਹ ਦੀ ਹੀ ਗੱਲ ਹੋਵੇ।

 

ਸਾਥੀਓ,

ਓਦੋਂ ਉਸ ਆਯੋਜਨ ਵਿੱਚ ਅਸੀਂ ਸਾਰਿਆਂ ਨੇ 200ਵੀਂ ਜਯੰਤੀ ਸਮਾਰੋਹ ਨੂੰ, ਇੱਕ ‘ਵਿਚਾਰ ਯੱਗ’ ਦੇ ਰੂਪ ਵਿੱਚ ਦੋ ਸਾਲ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ। ਮੈਨੂੰ ਖ਼ੁਸ਼ੀ ਹੈ, ਉਹ ਅਖੰਡ ਵਿਚਾਰ ਯੱਗ ਨਿਰਵਿਘਨ ਦੋ ਸਾਲ ਤੱਕ ਚੱਲਿਆ ਹੈ। ਸਮੇਂ-ਸਮੇਂ ‘ਤੇ ਮੈਨੂੰ ਤੁਹਾਡੇ ਯਤਨਾਂ ਅਤੇ ਸਮਾਗਮਾਂ ਦੀ ਜਾਣਕਾਰੀ ਵੀ ਮਿਲਦੀ ਰਹੀ ਹੈ। ਅਤੇ, ਅੱਜ ਮੈਨੂੰ ਇੱਕ ਵਾਰ ਫਿਰ, ਆਰੀਆ ਸਮਾਜ ਦੇ 150ਵੇਂ ਸਥਾਪਨਾ ਸਾਲ ਦੇ ਇਸ ਆਯੋਜਨ ਵਿੱਚ, ਆਪਣੀ ਇੱਕ ਹੋਰ ਭਾਵਨਾਤਮਕ ਭੇਟ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਮੈਂ ਸਵਾਮੀ ਦਯਾਨੰਦ ਸਰਸਵਵਤੀ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ, ਉਨ੍ਹਾਂ ਨੂੰ ਸਤਿਕਾਰ-ਸਾਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕੌਮਾਂਤਰੀ ਸਮਿਟ ਦੇ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਹੁਣ ਸਾਨੂੰ ਇਸ ਮੌਕੇ ‘ਤੇ ਖ਼ਾਸ ਯਾਦਗਾਰੀ ਸਿੱਕੇ ਨੂੰ ਜਾਰੀ ਕਰਨ ਦਾ ਵੀ ਸੁਭਾਗ ਮਿਲਿਆ ਹੈ।

ਸਾਥੀਓ,

ਆਰੀਆ ਸਮਾਜ ਦੀ ਸਥਾਪਨਾ ਦੇ 150 ਸਾਲ, ਇਹ ਮੌਕਾ ਸਿਰਫ਼ ਸਮਾਜ ਦੇ ਇੱਕ ਹਿੱਸੇ ਜਾਂ ਸੰਪਰਦਾ ਨਾਲ ਜੁੜਿਆ ਨਹੀਂ ਹੈ। ਇਹ ਮੌਕਾ ਪੂਰੇ ਭਾਰਤ ਦੀ ਵੈਦਿਕ ਪਹਿਚਾਣ ਨਾਲ ਜੁੜਿਆ ਹੈ। ਇਹ ਮੌਕਾ ਭਾਰਤ ਦੇ ਉਸ ਵਿਚਾਰ ਨਾਲ ਜੁੜਿਆ ਹੈ, ਜੋ ਗੰਗਾ ਦੇ ਵਹਾਅ ਵਾਂਗ ਖ਼ੁਦ ਨੂੰ ਸੁਧਾਰਨ ਦੀ, ਸਵੈ-ਸ਼ੁਧੀਕਰਨ ਦੀ ਤਾਕਤ ਰੱਖਦਾ ਹੈ। ਇਹ ਮੌਕਾ ਉਸ ਮਹਾਨ ਰਵਾਇਤ ਨਾਲ ਜੁੜਿਆ ਹੈ, ਜਿਸ ਨੇ ਸਮਾਜ ਸੁਧਾਰ ਦੀ ਮਹਾਨ ਰਵਾਇਤ ਨੂੰ ਲਗਾਤਾਰ ਅੱਗੇ ਵਧਾਇਆ! ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਕਿੰਨੇ ਹੀ ਘੁਲਾਟੀਆਂ ਨੂੰ ਵਿਚਾਰਕ ਊਰਜਾ ਦਿੱਤੀ। ਲਾਲਾ ਲਾਜਪਤ ਰਾਏ, ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਅਜਿਹੇ ਕਿੰਨੇ ਹੀ ਕ੍ਰਾਂਤੀਕਾਰੀਆਂ ਨੇ ਆਰੀਆ ਸਮਾਜ ਤੋਂ ਪ੍ਰੇਰਨਾ ਲੈ ਕੇ, ਆਜ਼ਾਦੀ ਦੀ ਲੜਾਈ ਵਿੱਚ ਆਪਣਾ ਸਭ ਕੁਝ ਸਮਰਪਿਤ ਕੀਤਾ ਸੀ। ਬਦਕਿਸਮਤੀ ਨਾਲ, ਰਾਜਨੀਤਿਕ ਕਾਰਨਾਂ ਕਰਕੇ ਆਜ਼ਾਦੀ ਦੀ ਲੜਾਈ ਵਿੱਚ, ਆਰੀਆ ਸਮਾਜ ਦੀ ਇਸ ਭੂਮਿਕਾ ਨੂੰ ਉਹ ਸਨਮਾਨ ਨਹੀਂ ਮਿਲਿਆ, ਜਿਸ ਦਾ ਆਰੀਆ ਸਮਾਜ ਹੱਕਦਾਰ ਸੀ।

ਸਾਥੀਓ,

ਆਰੀਆ ਸਮਾਜ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਜੋਸ਼ੀਲੇ ਰਾਸ਼ਟਰ ਭਗਤਾਂ ਦੀ ਸੰਸਥਾ ਰਹੀ ਹੈ। ਆਰੀਆ ਸਮਾਜ ਨਿਡਰ ਹੋ ਕੇ ਭਾਰਤੀਅਤਾ ਦੀ ਗੱਲ ਕਰਨ ਵਾਲੀ ਸੰਸਥਾ ਰਹੀ ਹੈ। ਭਾਰਤ ਵਿਰੋਧੀ ਕੋਈ ਵੀ ਸੋਚ ਹੋਵੇ, ਵਿਦੇਸ਼ੀ ਵਿਚਾਰਧਾਰਾ ਨੂੰ ਥੋਪਣ ਵਾਲੇ ਲੋਕ ਹੋਣ, ਵੰਡਣ ਵਾਲੀ ਮਾਨਸਿਕਤਾ ਹੋਵੇ, ਸਭਿਆਚਾਰਕ ਪ੍ਰਦੂਸ਼ਣ ਦੀਆਂ ਕੋਸ਼ਿਸ਼ਾਂ ਹੋਣ, ਆਰੀਆ ਸਮਾਜ ਨੇ ਹਮੇਸ਼ਾ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ। ਮੈਨੂੰ ਸੰਤੁਸ਼ਟੀ ਹੈ ਕਿ ਅੱਜ ਜਦੋਂ ਆਰੀਆ ਸਮਾਜ ਅਤੇ ਉਸਦੀ ਸਥਾਪਨਾ ਦੇ 150 ਸਾਲ ਹੋ ਰਹੇ ਹਨ, ਤਾਂ ਸਮਾਜ ਅਤੇ ਦੇਸ਼, ਦਯਾਨੰਦ ਸਰਸਵਤੀ ਜੀ ਦੇ ਮਹਾਨ ਵਿਚਾਰਾਂ ਨੂੰ ਇਸ ਸ਼ਾਨਦਾਰ ਰੂਪ ਵਿੱਚ ਸ਼ਰਧਾਂਜਲੀ ਦੇ ਰਿਹਾ ਹੈ।

 

ਸਾਥੀਓ,

ਸਵਾਮੀ ਸ਼ਰਧਾਨੰਦ ਜਿਹੇ ਆਰੀਆ ਸਮਾਜ ਦੇ ਅਨੇਕਾਂ ਦਿੱਗਜ, ਜਿਨ੍ਹਾਂ ਨੇ ਧਰਮ ਜਾਗ੍ਰਿਤੀ ਦੇ ਜ਼ਰੀਏ ਇਤਿਹਾਸ ਦੀ ਧਾਰਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਅੱਜ ਇਤਿਹਾਸਿਕ ਪਲ ਵਿੱਚ ਉਨ੍ਹਾਂ ਸਾਰਿਆਂ ਦੀ ਊਰਜਾ ਅਤੇ ਆਸ਼ੀਰਵਾਦ ਵੀ ਸ਼ਾਮਲ ਹੈ। ਮੈਂ ਇਸ ਮੰਚ ਤੋਂ ਅਜਿਹੀਆਂ ਕੋਟਿ-ਕੋਟਿ ਨੇਕ ਰੂਹਾਂ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਪ੍ਰਣਾਮ ਕਰਦਾ ਹਾਂ।

ਸਾਥੀਓ,

ਸਾਡਾ ਭਾਰਤ ਕਈ ਮਾਅਨਿਆਂ ਵਿੱਚ ਖ਼ਾਸ ਹੈ। ਇਹ ਧਰਤੀ, ਇਸ ਦੀ ਸਭਿਅਤਾ, ਇਸ ਦੀ ਵੈਦਿਕ ਰਵਾਇਤ, ਇਹ ਯੁੱਗਾਂ-ਯੁੱਗਾਂ ਤੋਂ ਅਮਰ ਹੈ। ਕਿਉਂਕਿ, ਕਿਸੇ ਵੀ ਯੁੱਗ ਵਿੱਚ ਜਦੋਂ ਨਵੀਂਆਂ ਚੁਣੌਤੀਆਂ ਆਉਂਦੀਆਂ ਹਨ, ਸਮਾਂ ਨਵੇਂ ਸਵਾਲ ਪੁੱਛਦਾ ਹੈ, ਤਾਂ ਕੋਈ ਨਾ ਕੋਈ ਮਹਾਨ ਸ਼ਖ਼ਸੀਅਤ ਉਨ੍ਹਾਂ ਦੇ ਜਵਾਬ ਲੈ ਕੇ ਉੱਭਰਦੀ ਹੈ। ਕੋਈ ਨਾ ਕੋਈ ਰਿਸ਼ੀ, ਮਹਾਰਿਸ਼ੀ ਅਤੇ ਬੁੱਧੀਜੀਵੀ ਸਾਡੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਂਦੇ ਹਨ। ਦਯਾਨੰਦ ਸਰਸਵਤੀ ਜੀ ਵੀ ਇਸੇ ਵੱਡੀ ਰਵਾਇਤ ਦੇ ਮਹਾਰਿਸ਼ੀ ਸੀ। ਉਨ੍ਹਾਂ ਨੇ ਗ਼ੁਲਾਮੀ ਦੇ ਦੌਰ ਵਿੱਚ ਜਨਮ ਲਿਆ ਸੀ। ਸਦੀਆਂ ਦੀ ਗ਼ੁਲਾਮੀ ਨਾਲ ਪੂਰਾ ਦੇਸ਼, ਪੂਰਾ ਸਮਾਜ ਟੁੱਟ ਚੁੱਕਿਆ ਸੀ। ਵਿਚਾਰ ਅਤੇ ਚਿੰਤਨ ਦੀ ਜਗ੍ਹਾ ਪਖੰਡ ਅਤੇ ਕੁਰੀਤੀਆਂ ਨੇ ਲੈ ਲਈ ਸੀ। ਅੰਗਰੇਜ਼, ਸਾਨੂੰ, ਸਾਡੀਆਂ ਰਿਵਾਇਤਾਂ ਅਤੇ ਸਾਡੀਆਂ ਮਾਨਤਾਵਾਂ ਨੂੰ ਨੀਵਾਂ ਦਿਖਾਉਂਦੇ ਸੀ। ਸਾਨੂੰ ਨੀਵਾਂ ਦਿਖਾ ਕੇ ਉਹ ਭਾਰਤ ਦੀ ਗ਼ੁਲਾਮੀ ਨੂੰ ਸਹੀ ਠਹਿਰਾਉਂਦੇ ਸੀ। ਅਜਿਹੇ ਹਾਲਾਤ ਵਿੱਚ, ਨਵੇਂ ਮੌਲਿਕ ਵਿਚਾਰਾਂ ਨੂੰ ਕਹਿਣ ਦੀ ਹਿੰਮਤ ਵੀ ਸਮਾਜ ਖੋ ਰਿਹਾ ਸੀ। ਅਤੇ ਅਜਿਹੇ ਹੀ ਮੁਸ਼ਕਿਲ ਸਮੇਂ ਵਿੱਚ, ਇੱਕ ਨੌਜਵਾਨ ਸਨਿਆਸੀ ਆਉਂਦਾ ਹੈ। ਉਹ ਹਿਮਾਲਿਆ ਦੇ ਦੂਰ-ਦੁਰਾਡੇ ਅਤੇ ਔਖੀਆਂ ਥਾਵਾਂ 'ਤੇ ਧਿਆਨ ਦਾ ਅਭਿਆਸ ਕਰਦਾ ਹੈ, ਖ਼ੁਦ ਨੂੰ ਤਪੱਸਿਆ ਦੇ ਮਾਪਦੰਡ ‘ਤੇ ਪਰਖਦਾ ਹੈ। ਅਤੇ ਵਾਪਸ ਆ ਕੇ ਉਹ ਹੀਣ ਭਾਵਨਾ ਵਿੱਚ ਫ਼ਸੇ ਭਾਰਤੀ ਸਮਾਜ ਨੂੰ ਹਿਲਾ ਦਿੰਦਾ ਹੈ। ਜਦੋਂ ਪੂਰੀ ਅੰਗਰੇਜ਼ੀ ਸੱਤਾ, ਭਾਰਤੀ ਪਹਿਚਾਣ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਸੀ, ਜਦੋਂ ਸਮਾਜ ਦੇ ਡਿੱਗਦੇ ਆਦਰਸ਼ਾਂ ਅਤੇ ਨੈਤਿਕਤਾ ਦੇ ਪੱਛਮੀਕਰਨ ਨੂੰ, ਆਧੁਨਿਕੀਕਰਨ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਸੀ, ਓਦੋਂ ਆਤਮ-ਵਿਸ਼ਵਾਸ ਵਿੱਚ ਭਰਿਆ ਉਹ ਰਿਸ਼ੀ ਆਪਣੇ ਸਮਾਜ ਨੂੰ ਪੁਕਾਰਦਾ ਹੈ - ਵੇਦਾਂ ਵੱਲ ਵਾਪਸ ਪਰਤੋ! ਵੇਦਾਂ ਵੱਲ ਵਾਪਸ ਪਰਤੋ! ਅਜਿਹੀ ਸ਼ਾਨਦਾਰ ਸ਼ਖ਼ਸੀਅਤ ਸਨ – ਸਵਾਮੀ ਦਯਾਨੰਦ ਜੀ! ਉਨ੍ਹਾਂ ਨੇ ਗ਼ੁਲਾਮੀ ਦੇ ਉਸ ਦੌਰ ਵਿੱਚ ਦੱਬੀ-ਕੁਚਲੀ ਰਾਸ਼ਟਰ ਦੀ ਚੇਤਨਾ ਨੂੰ, ਮੁੜ ਤੋਂ ਜਗਾਇਆ।

ਸਾਥੀਓ,

ਸਵਾਮੀ ਦਯਾਨੰਦ ਸਰਸਵਤੀ ਜੀ ਜਾਣਦੇ ਸੀ ਕਿ ਜੇਕਰ ਭਾਰਤ ਨੇ ਅੱਗੇ ਵਧਣਾ ਹੈ ਤਾਂ ਭਾਰਤ ਨੂੰ ਸਿਰਫ਼ ਗ਼ੁਲਾਮੀ ਦੀਆਂ ਜ਼ੰਜੀਰਾਂ ਹੀ ਨਹੀਂ ਤੋੜਨੀਆਂ ਹਨ, ਜਿਨ੍ਹਾਂ ਜ਼ੰਜੀਰਾਂ ਨੇ ਸਾਡੇ ਸਮਾਜ ਨੂੰ ਜਕੜਿਆ ਹੋਇਆ ਸੀ, ਉਨ੍ਹਾਂ ਜ਼ੰਜੀਰਾਂ ਨੂੰ ਵੀ ਤੋੜਨਾ ਲਾਜ਼ਮੀ ਸੀ। ਇਸ ਲਈ ਸਵਾਮੀ ਦਯਾਨੰਦ ਸਰਸਵਤੀ ਜੀ ਨੇ ਊਚ-ਨੀਚ, ਛੂਤ-ਛਾਤ ਅਤੇ ਵਿਤਕਰੇ ਦਾ ਖੰਡਨ ਕੀਤਾ। ਉਨ੍ਹਾਂ ਨੇ ਛੂਤ-ਛਾਤ ਨੂੰ ਜੜ੍ਹ ਤੋਂ ਪੱਟਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਨਪੜ੍ਹਤਾ ਦੇ ਖ਼ਿਲਾਫ਼ ਮੁਹਿੰਮ ਛੇੜੀ। ਉਨ੍ਹਾਂ ਨੇ ਸਾਡੇ ਵੇਦਾਂ ਅਤੇ ਸ਼ਾਸਤਰਾਂ ਦੀਆਂ ਗ਼ਲਤ ਵਿਆਖਿਆਵਾਂ ਅਤੇ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਨੂੰ ਲਲਕਾਰਿਆ। ਉਨ੍ਹਾਂ ਨੇ ਵਿਦੇਸ਼ੀ ਬਿਰਤਾਂਤ ਨੂੰ ਵੀ ਚੁਣੌਤੀ ਦਿੱਤੀ। ਅਤੇ, ਸ਼ਾਸਤਰਾਰਥ ਦੀ ਪੁਰਾਣੀ ਰਵਾਇਤ ਨਾਲ ਸੱਚ ਨੂੰ ਸਿੱਧ ਕੀਤਾ।

 

ਸਾਥੀਓ,

ਸਵਾਮੀ ਦਯਾਨੰਦ ਜੀ ਇੱਕ ਦੂਰਦਰਸ਼ੀ ਮਹਾ-ਪੁਰਖ ਸਨ। ਉਹ ਜਾਣਦੇ ਸਨ, ਭਾਵੇਂ ਵਿਅਕਤੀ ਨਿਰਮਾਣ ਹੋਵੇ, ਜਾਂ ਸਮਾਜ ਨਿਰਮਾਣ, ਉਸ ਦੀ ਅਗਵਾਈ ਵਿੱਚ ਨਾਰੀ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਮਹਿਲਾਵਾਂ ਨੂੰ ਘਰ ਦੀ ਚਾਰ ਦੀਵਾਰੀ ਤੱਕ ਸੀਮਿਤ ਸਮਝਣ ਵਾਲੀ ਸੋਚ ਨੂੰ ਹੀ ਚੁਣੌਤੀ ਦਿੱਤੀ। ਆਰੀਆ ਸਮਾਜ ਦੇ ਸਕੂਲਾਂ ਵਿੱਚ ਕੁੜੀਆਂ ਨੂੰ ਸਿੱਖਿਆ ਦੇਣ ਦੀ ਮੁਹਿੰਮ ਸ਼ੁਰੂ ਕੀਤੀ। ਉਸ ਸਮੇਂ ਜਲੰਧਰ ਵਿੱਚ ਜੋ ਕੁੜੀਆਂ ਦਾ ਸਕੂਲ ਸ਼ੁਰੂ ਹੋਇਆ, ਉਹ ਦੇਖਦੇ ਹੀ ਦੇਖਦੇ ਕੁੜੀਆਂ ਦਾ ਕਾਲਜ ਬਣ ਗਿਆ। ਆਰੀਆ ਸਮਾਜ ਦੇ ਅਜਿਹੇ ਹੀ ਕਾਲਜਾਂ ਵਿੱਚ ਪੜ੍ਹੀਆਂ ਲੱਖਾਂ ਧੀਆਂ, ਅੱਜ ਰਾਸ਼ਟਰ ਦੀ ਨੀਂਹ ਨੂੰ ਮਜ਼ਬੂਤ ਕਰ ਰਹੀਆਂ ਹਨ।

ਸਾਥੀਓ,

ਇੱਥੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਇਸ ਮੰਚ ‘ਤੇ ਮੌਜੂਦ ਹਨ। ਹਾਲੇ ਦੋ ਦਿਨ ਪਹਿਲਾਂ ਹੀ ਸਾਡੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਰਾਫੇਲ ਫਾਈਟਰ ਪਲੇਨ ਵਿੱਚ ਉਡਾਨ ਭਰੀ। ਅਤੇ ਉਸ ਵਿੱਚ ਉਨ੍ਹਾਂ ਦੀ ਸਾਥੀ ਬਣੀ ਸਕਵੈਡ੍ਰਨ ਲੀਡਰ ਸ਼ਿਵਾਂਗੀ ਸਿੰਘ। ਅੱਜ ਸਾਡੀਆਂ ਧੀਆਂ ਫਾਈਟਰ ਜੈਟ ਉਡਾ ਰਹੀਆਂ ਹਨ, ਅਤੇ ਡ੍ਰੋਨ ਦੀਦੀ ਬਣ ਕੇ ਆਧੁਨਿਕ ਖੇਤੀਬਾੜੀ ਨੂੰ ਵੀ ਉਤਸ਼ਾਹਿਤ ਕਰ ਰਹੀਆਂ ਹਨ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਭਾਰਤ ਅੱਜ ਦੁਨੀਆ ਦੇ ਸਭ ਤੋਂ ਜ਼ਿਆਦਾ ਫੀਮੇਲ ਸਟੈਮ ਗ੍ਰੈਜੂਏਟ ਵਾਲਾ ਦੇਸ਼ ਹੈ। ਅੱਜ ਸਾਇੰਸ ਅਤੇ ਟੈਕਨੋਲੋਜੀ ਦੇ ਫੀਲਡ ਵਿੱਚ ਵੀ ਮਹਿਲਾਵਾਂ ਲੀਡਰਸ਼ਿਪ ਰੋਲ ਵਿੱਚ ਆ ਰਹੀਆਂ ਹਨ। ਅੱਜ ਦੇਸ਼ ਦੇ ਟੌਪ ਵਿਗਿਆਨਿਕ ਅਦਾਰਿਆਂ ਵਿੱਚ ਵੁਮੈਨ ਸਾਇੰਟਿਸਟ ਮੰਗਲਯਾਨ, ਚੰਦ੍ਰਯਾਨ ਅਤੇ ਗਗਨਯਾਨ ਜਿਹੇ ਸਪੇਸ ਮਿਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਹ ਬਦਲਾਅ ਦੱਸਦਾ ਹੈ ਕਿ ਦੇਸ਼ ਅੱਜ ਸਹੀ ਰਾਹ ‘ਤੇ ਅੱਗੇ ਵਧ ਰਿਹਾ ਹੈ। ਦੇਸ਼ ਸਵਾਮੀ ਦਯਾਨੰਦ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ।

ਸਾਥੀਓ,

ਸਵਾਮੀ ਦਯਾਨੰਦ ਜੀ ਦੇ ਇੱਕ ਵਿਚਾਰ ਦਾ ਮੈਂ ਅਕਸਰ ਚਿੰਤਨ ਕਰਦਾ ਹਾਂ। ਉਸ ਨੂੰ ਕਈ ਵਾਰ ਲੋਕਾਂ ਨੂੰ ਬੋਲਦਾ ਵੀ ਹਾਂ। ਸਵਾਮੀ ਜੀ ਕਹਿੰਦੇ ਸੀ - ਜੋ ਵਿਅਕਤੀ ਸਭ ਤੋਂ ਘੱਟ ਲੈਂਦਾ ਹੈ ਅਤੇ ਸਭ ਤੋਂ ਜ਼ਿਆਦਾ ਯੋਗਦਾਨ ਦਿੰਦਾ ਹੈ, ਉਹੀ ਪਰਿਪੱਕ ਹੈ। ਇਨ੍ਹਾਂ ਸੀਮਤ ਸ਼ਬਦਾਂ ਵਿੱਚ ਇੰਨਾ ਅਸਧਾਰਨ ਵਿਚਾਰ ਹੈ, ਕਿ ਸ਼ਾਇਦ ਇਸ ਦੀ ਵਿਆਖਿਆ ਵਿੱਚ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਪਰ, ਕਿਸੇ ਵਿਚਾਰ ਦੀ ਅਸਲੀ ਤਾਕਤ ਉਸ ਦੇ ਭਾਵ-ਅਰਥ ਤੋਂ ਵੀ ਜ਼ਿਆਦਾ ਇਸ ਤੋਂ ਤੈਅ ਹੁੰਦੀ ਹੈ, ਉਹ ਵਿਚਾਰ ਕਿੰਨੇ ਸਮੇਂ ਤੱਕ ਜਿਉਂ ਦਾ ਰਹਿੰਦਾ ਹੈ। ਉਹ ਵਿਚਾਰ ਕਿੰਨੀਆਂ ਜ਼ਿੰਦਗੀਆਂ ਨੂੰ ਬਦਲਦਾ ਹੈ! ਅਤੇ ਜਦੋਂ ਅਸੀਂ ਇਸ ਮਾਪਦੰਡ ‘ਤੇ ਮਹਾਰਿਸ਼ੀ ਦਯਾਨੰਦ ਜੀ ਦੇ ਵਿਚਾਰਾਂ ਨੂੰ ਪਰਖਦੇ ਹਾਂ, ਜਦੋਂ ਅਸੀਂ ਆਰੀਆ ਸਮਾਜ ਦੇ ਸਮਰਪਿਤ ਲੋਕਾਂ ਨੂੰ ਦੇਖਦੇ ਹਾਂ, ਓਦੋਂ ਸਾਨੂੰ ਲਗਦਾ ਹੈ ਕਿ ਉਨ੍ਹਾਂ ਦੇ ਵਿਚਾਰ ਸਮੇਂ ਦੇ ਨਾਲ-ਨਾਲ ਹੋਰ ਵਧੇਰੇ ਪ੍ਰਕਾਸ਼ਮਾਨ ਹੋਏ ਹਨ।

ਭਾਈਓ ਅਤੇ ਭੈਣੋ,

ਸਵਾਮੀ ਦਯਾਨੰਦ ਸਰਸਵਤੀ ਜੀ ਨੇ ਆਪਣੇ ਜੀਵਨ ਵਿੱਚ ਪਰੋਪਕਾਰਿਣੀ ਸਭਾ ਦੀ ਸਥਾਪਨਾ ਕੀਤੀ ਸੀ। ਸਵਾਮੀ ਜੀ ਦੇ ਬੀਜੇ ਬੀਜ ਨੇ ਵੱਡੇ ਦਰਖ਼ਤ ਦੀ ਤਰ੍ਹਾਂ ਕਿੰਨੀਆਂ ਹੀ ਟਾਹਣੀਆਂ ਨੂੰ ਵਿਸਥਾਰ ਦਿੱਤਾ ਹੈ। ਗੁਰੂਕੁਲ ਕਾਂਗੜੀ, ਗੁਰੂਕੁਲ ਕੁਰੂਕਸ਼ੇਤਰ, ਡੀਏਵੀ ਅਦਾਰੇ, ਅਤੇ ਹੋਰ ਵਿੱਦਿਅਕ ਅਦਾਰੇ, ਇਹ ਸਾਰੇ ਆਪਣੇ-ਆਪਣੇ ਖੇਤਰਾਂ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਜਦੋਂ-ਜਦੋਂ ਦੇਸ਼ ‘ਤੇ ਸੰਕਟ ਆਇਆ ਹੈ, ਆਰੀਆ ਸਮਾਜ ਦੇ ਲੋਕਾਂ ਨੇ ਆਪਣਾ ਸਭ ਕੁਝ ਦੇਸ਼ਵਾਸੀਆਂ ਲਈ ਸਮਰਪਿਤ ਕੀਤਾ ਹੈ। ਭਾਰਤ ਵੰਡ ਦੀ ਭਿਆਨਕਤਾ ਦੌਰਾਨ ਸਭ ਕੁਝ ਗੁਆ ਕੇ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਦੀ ਸਹਾਇਤਾ, ਪੁਨਰਵਾਸ ਅਤੇ ਸਿੱਖਿਆ, ਇਸ ਵਿੱਚ ਆਰੀਆ ਸਮਾਜ ਨੇ ਕਿੰਨੀ ਵੱਡੀ ਭੂਮਿਕਾ ਨਿਭਾਈ, ਇਹ ਇਤਿਹਾਸ ਵਿੱਚ ਦਰਜ ਹੈ। ਅੱਜ ਵੀ ਕੁਦਰਤੀ ਆਫ਼ਤਾਂ ਦੇ ਸਮੇਂ ਪੀੜਤਾਂ ਦੀ ਸੇਵਾ ਵਿੱਚ ਆਰੀਆ ਸਮਾਜ ਹਮੇਸ਼ਾ ਅੱਗੇ ਰਹਿੰਦਾ ਹੈ।

ਭਾਈਓ ਅਤੇ ਭੈਣੋ,

ਆਰੀਆ ਸਮਾਜ ਦੇ ਜਿਨ੍ਹਾਂ ਕੰਮਾਂ ਦਾ ਕਰਜ਼ ਦੇਸ਼ ‘ਤੇ ਹੈ, ਉਨ੍ਹਾਂ ਵਿੱਚ ਇੱਕ ਅਹਿਮ ਕੰਮ ਦੇਸ਼ ਦੀ ਗੁਰੂਕੁਲ ਰਵਾਇਤ ਨੂੰ ਜਿਊਂਦਾ ਰੱਖਣਾ ਵੀ ਹੈ। ਇੱਕ ਸਮੇਂ ਗੁਰੂਕੁਲਾਂ ਦੀ ਤਾਕਤ ਨਾਲ ਹੀ ਭਾਰਤ ਗਿਆਨ ਵਿਗਿਆਨ ਦੇ ਸਿਖਰ ‘ਤੇ ਸੀ। ਗ਼ੁਲਾਮੀ ਦੇ ਦੌਰ ਵਿੱਚ ਇਸ ਵਿਵਸਥਾ ‘ਤੇ ਜਾਣ-ਬੁੱਝ ਕੇ ਹਮਲੇ ਕੀਤੇ ਗਏ। ਇਸ ਨਾਲ ਸਾਡਾ ਗਿਆਨ ਤਬਾਹ ਹੋਇਆ, ਸਾਡੇ ਸੰਸਕਾਰ ਤਬਾਹ ਹੋਏ, ਨਵੀਂ ਪੀੜ੍ਹੀ ਕਮਜ਼ੋਰ ਹੋਈ, ਆਰੀਆ ਸਮਾਜ ਨੇ ਅੱਗੇ ਆ ਕੇ ਢਹਿ ਰਹੀ ਗੁਰੂਕੁਲ ਰਵਾਇਤ ਨੂੰ ਬਚਾਇਆ। ਇਹੀ ਨਹੀਂ, ਸਮੇਂ ਦੇ ਮੁਤਾਬਿਕ ਆਰੀਆ ਸਮਾਜ ਦੇ ਗੁਰੂਕਕੁਲਾਂ ਨੇ ਖ਼ੁਦ ਨੂੰ ਵੀ ਸੋਧਿਆ। ਉਸ ਵਿੱਚ ਆਧੁਨਿਕ ਸਿੱਖਿਆ ਦਾ ਸਮਾਵੇਸ਼ ਵੀ ਕੀਤਾ। ਅੱਜ ਜਦੋਂ ਦੇਸ਼ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਇੱਕ ਵਾਰ ਫਿਰ ਸਿੱਖਿਆ ਨੂੰ ਕਦਰਾਂ-ਕੀਮਤਾਂ ਅਤੇ ਚਰਿੱਤਰ ਨਿਰਮਾਣ ਨਾਲ ਜੋੜ ਰਿਹਾ ਹੈ, ਤਾਂ ਮੈਂ ਭਾਰਤ ਦੀ ਇਸ ਪਵਿੱਤਰ ਗਿਆਨ ਰਵਾਇਤ ਦੀ ਰੱਖਿਆ ਲਈ ਆਰੀਆ ਸਮਾਜ ਦਾ ਧੰਨਵਾਦ ਵੀ ਕਰਦਾ ਹਾਂ।

 

ਸਾਥੀਓ,

ਸਾਡੇ ਵੇਦਾਂ ਦਾ ਵਾਕ ਹੈ – “ਕ੍ਰਿਣਵੰਤੋ ਵਿਸ਼ਵਮਾਰਯਮ”, (“कृण्वन्तो विश्वमार्यम्”)  ਮਤਲਬ, ਅਸੀਂ ਪੂਰੀ ਦੁਨੀਆ ਨੂੰ ਬਿਹਤਰੀਨ ਬਣਾਈਏ, ਉਸ ਨੂੰ ਬਿਹਤਰੀਨ ਵਿਚਾਰਾਂ ਵੱਲ ਲੈ ਕੇ ਜਾਈਏ। ਸਵਾਮੀ ਦਯਾਨੰਦ ਜੀ ਨੇ ਇਸ ਵੇਦ ਵਾਕ ਨੂੰ ਆਰੀਆ ਸਮਾਜ ਦਾ ਆਦਰਸ਼ ਵਾਕ ਬਣਾਇਆ। ਅੱਜ ਇਹੀ ਵੇਦ ਵਾਕ ਭਾਰਤ ਦੀ ਵਿਕਾਸ ਯਾਤਰਾ ਦਾ ਮੂਲ ਮੰਤਰ ਵੀ ਹੈ। ਭਾਰਤ ਦੇ ਵਿਕਾਸ ਨਾਲ ਦੁਨੀਆ ਦੀ ਭਲਾਈ, ਭਾਰਤ ਦੀ ਖ਼ੁਸ਼ਹਾਲੀ ਨਾਲ ਮਨੁੱਖਤਾ ਦੀ ਸੇਵਾ, ਦੇਸ਼ ਇਸੇ ਵਿਜ਼ਨ ‘ਤੇ ਅੱਗੇ ਵਧ ਰਿਹਾ ਹੈ। ਅੱਜ ਭਾਰਤ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਗਲੋਬਲ ਵੋਇਸ ਬਣ ਚੁੱਕਿਆ ਹੈ। ਜਿਸ ਤਰ੍ਹਾਂ ਸਵਾਮੀ ਜੀ ਨੇ ਵੇਦਾਂ ਵੱਲ ਵਾਪਸ ਪਰਤਣ ਦਾ ਸੱਦਾ ਦਿੱਤਾ ਸੀ, ਉਸੇ ਤਰ੍ਹਾਂ, ਅੱਜ ਭਾਰਤ ਵੈਦਿਕ ਜੀਵਨ ਸ਼ੈਲੀ ਅਤੇ ਆਦਰਸ਼ਾਂ ਵੱਲ ਵਾਪਸ ਪਰਤਣ ਦੀ ਗੱਲ ਗਲੋਬਲ ਸਟੇਜ ‘ਤੇ ਕਰ ਰਿਹਾ ਹੈ। ਉਸਦੇ ਲਈ ਅਸੀਂ ਮਿਸ਼ਨ ਲਾਈਫ਼ ਲਾਂਚ ਕੀਤਾ ਹੈ। ਪੂਰੀ ਦੁਨੀਆ ਤੋਂ ਇਸ ਨੂੰ ਸਪੋਰਟ ਮਿਲ ਰਹੀ ਹੈ। ਇੱਕ ਸੂਰਜ, ਇੱਕ ਦੁਨੀਆ, ਇੱਕ ਗਰਿੱਡ ਵਿਜ਼ਨ ਦੇ ਜ਼ਰੀਏ ਅਸੀਂ ਕਲੀਨ ਐਨਰਜੀ ਨੂੰ ਵੀ ਗਲੋਬਲ ਮੂਵਮੈਂਟ ਵਿੱਚ ਬਦਲ ਰਹੇ ਹਾਂ। ਸਾਡਾ ਯੋਗ ਵੀ ਅੱਜ ਕੌਮਾਂਤਰੀ ਯੋਗ ਦਿਵਸ ਦੇ ਜ਼ਰੀਏ ਦੁਨੀਆ ਦੇ 190 ਤੋਂ ਜ਼ਿਆਦਾ ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਜ਼ਿੰਦਗੀ ਵਿੱਚ ਯੋਗ ਨੂੰ ਅਪਣਾਉਣ ਦੀ, ਯੋਗਮਈ ਜ਼ਿੰਦਗੀ ਜਿਊਣ ਦੀ ਇਹ ਪਹਿਲ, ਵਾਤਾਵਰਨ ਨਾਲ ਜੁੜੇ ਲਾਈਫ਼ ਜਿਹੇ ਮਿਸ਼ਨ, ਇਹ ਵਿਸ਼ਵ ਮੁਹਿੰਮ, ਪੂਰੀ ਦੁਨੀਆ ਅੱਜ ਜਿਨ੍ਹਾਂ ਵਿੱਚ ਦਿਲਚਸਪੀ ਦਿਖਾ ਰਹੀ ਹੈ, ਆਰੀਆ ਸਮਾਜ ਦੇ ਲੋਕਾਂ ਲਈ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਅਤੇ ਅਨੁਸ਼ਾਸਨ ਦਾ ਹਿੱਸਾ ਹਨ। ਸਾਦਾ ਜੀਵਨ ਅਤੇ ਸੇਵਾ ਦੀ ਭਾਵਨਾ, ਭਾਰਤੀ ਪਹਿਰਾਵਾ ਅਤੇ ਪੁਸ਼ਾਕਾਂ ਨੂੰ ਤਰਜੀਹ, ਵਾਤਾਵਰਨ ਦੀ ਚਿੰਤਾ, ਭਾਰਤੀਅਤਾ ਦਾ ਪ੍ਰਚਾਰ ਪ੍ਰਸਾਰ, ਆਰੀਆ ਸਮਾਜ ਦੇ ਲੋਕ ਸਾਰੀ ਉਮਰ ਇਸ ਵਿੱਚ ਲੱਗੇ ਰਹਿੰਦੇ ਹਨ।

ਇਸ ਲਈ ਭਾਈਓ-ਭੈਣੋ,

ਅੱਜ ਭਾਰਤ ਜਦੋਂ “ਸਰਭੰਤੁ ਸੁਖਿਨ:” (सर्वे भवन्तु सुखिन) ਦਾ ਉਦੇਸ਼ ਲੈ ਕੇ ਸੰਸਾਰ ਭਲਾਈ ਦੀਆਂ ਇਨ੍ਹਾਂ ਮੁਹਿੰਮਾਂ ਨੂੰ ਅੱਗੇ ਵਧਾ ਰਿਹਾ ਹੈ, ਅੱਜ ਜਦੋਂ ਭਾਰਤ ਵਿਸ਼ਵ ਭਰਾ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਤਾਂ ਆਰੀਆ ਸਮਾਜ ਦਾ ਹਰ ਮੈਂਬਰ ਇਸ ਨੂੰ ਸਹਿਜੇ ਹੀ ਆਪਣਾ ਉਦੇਸ਼ ਮੰਨ ਕੇ ਕੰਮ ਕਰ ਰਿਹਾ ਹੈ। ਮੈਂ ਤੁਹਾਡੇ ਸਾਰਿਆਂ ਦੀ ਇਸਦੇ ਲਈ ਸ਼ਲਾਘਾ ਕਰਦਾ ਹਾਂ, ਪ੍ਰਸ਼ੰਸਾ ਕਰਦਾ ਹਾਂ।

ਸਾਥੀਓ,

ਸਵਾਮੀ ਦਯਾਨੰਦ ਸਰਸਵਤੀ ਜੀ ਨੇ ਜੋ ਮਸ਼ਾਲ ਜਗਾਈ, ਉਹ ਪਿਛਲੇ ਡੇਢ ਸੌ ਸਾਲਾਂ ਤੋਂ ਆਰੀਆ ਸਮਾਜ ਦੇ ਰੂਪ ਵਿੱਚ ਸਮਾਜ ਦਾ ਮਾਰਗ-ਦਰਸ਼ਨ ਕਰ ਰਹੀ ਹੈ। ਮੈਂ ਮੰਨਦਾ ਹਾਂ, ਸਵਾਮੀ ਜੀ ਨੇ ਸਾਡੇ ਸਾਰਿਆਂ ਵਿੱਚ ਇੱਕ ਜ਼ਿੰਮੇਵਾਰੀ ਦੀ ਭਾਵਨਾ ਜਗਾਈ ਹੈ। ਇਹ ਜ਼ਿੰਮੇਵਾਰੀ ਹੈ - ਨਵੇਂ ਵਿਚਾਰਾਂ ਨੂੰ ਅੱਗੇ ਵਧਾਉਣ ਦੀ! ਇਹ ਜ਼ਿੰਮੇਵਾਰੀ ਹੈ - ਹੁੰਦਾ ਹੈ, ਚਲਦਾ ਹੈ, ਅਜਿਹੇ ਰੂੜ੍ਹੀਵਾਦੀ ਵਿਚਾਰਾਂ ਨੂੰ ਤੋੜ ਕੇ ਨਵੇਂ ਸੁਧਾਰਾਂ ਦੀ! ਤੁਸੀਂ ਸਾਰਿਆਂ ਨੇ ਮੇਰੇ ਲਈ ਇੰਨਾ ਪਿਆਰ ਦਿਖਾਇਆ ਹੈ, ਇਸ ਲਈ ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣ ਦੇ ਲਈ ਵੀ ਆਇਆ ਹਾਂ, ਕੁਝ ਬੇਨਤੀ ਵੀ ਕਰਨ ਆਇਆ ਹਾਂ। ਮੰਗ ਸਕਦਾ ਹਾਂ ਨਾ? ਮੰਗ ਸਕਦਾ ਹਾਂ ਨਾ? ਮੈਨੂੰ ਪੂਰਾ ਭਰੋਸਾ ਹੈ ਤੁਸੀਂ ਪੂਰਾ ਕਰੋਗੇ। ਰਾਸ਼ਟਰ ਨਿਰਮਾਣ ਦੇ ਮਹਾਯੱਗ ਵਿੱਚ, ਤੁਸੀਂ ਇੰਨਾ ਕੁਝ ਪਹਿਲਾਂ ਤੋਂ ਹੀ ਕਰ ਰਹੇ ਹੋ, ਮੈਂ ਦੇਸ਼ ਦੀਆਂ ਕੁਝ ਵਰਤਮਾਨ ਤਰਜੀਹਾਂ ਵੀ ਤੁਹਾਡੇ ਸਾਹਮਣੇ ਦੁਹਰਾਉਣਾ ਚਾਹੁੰਦਾ ਹਾਂ। ਜਿਵੇਂ ਸਵਦੇਸ਼ੀ ਅੰਦੋਲਨ, ਆਰੀਆ ਸਮਾਜ ਇਸ ਨਾਲ ਇਤਿਹਾਸਕ ਤੌਰ ‘ਤੇ ਜੋੜਿਆ ਰਿਹਾ ਹੈ। ਅੱਜ ਜਦੋਂ ਦੇਸ਼ ਨੇ ਫਿਰ ਤੋਂ ਸਵਦੇਸ਼ੀ ਦੀ ਜ਼ਿੰਮੇਵਾਰੀ ਚੁੱਕੀ ਹੈ, ਦੇਸ਼ ਵੋਕਲ ਫੋਰ ਲੋਕਲ ਹੋਇਆ ਹੈ, ਤਾਂ ਤੁਹਾਡੀ ਭੂਮਿਕਾ ਇਸ ਵਿੱਚ ਹੋਰ ਅਹਿਮ ਹੋ ਜਾਂਦੀ ਹੈ।

 

ਸਾਥੀਓ,

ਤੁਹਾਨੂੰ ਯਾਦ ਹੋਵੇਗਾ, ਹਾਲੇ ਕੁਝ ਸਮਾਂ ਪਹਿਲਾਂ ਦੇਸ਼ ਨੇ ਗਿਆਨ ਭਾਰਤਮ ਮਿਸ਼ਨ ਵੀ ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਹੈ - ਭਾਰਤ ਦੀਆਂ ਪ੍ਰਾਚੀਨ ਹੱਥ-ਲਿਖਤਾਂ ਦਾ ਡਿਜੀਟਲੀਕਰਨ ਕਰਨਾ ਅਤੇ ਸੰਭਾਲ ਕੇ ਰੱਖਣਾ! ਅਥਾਹ ਗਿਆਨ ਦਾ ਇਹ ਖ਼ਜ਼ਾਨਾ, ਇਹ ਓਦੋਂ ਸੁਰੱਖਿਤ ਹੋਵੇਗਾ, ਜਦੋਂ ਸਾਡੀ ਨਵੀਂ ਪੀੜ੍ਹੀ ਇਸ ਨਾਲ ਜੁੜੇ, ਇਨ੍ਹਾਂ ਦੀ ਅਹਿਮੀਅਤ ਨੂੰ ਸਮਝੇ! ਇਸ ਲਈ ਮੈਂ ਆਰੀਆ ਸਮਾਜ ਨੂੰ ਅਪੀਲ ਕਰਾਂਗਾ, ਤੁਸੀਂ 150 ਸਾਲਾਂ ਤੋਂ, ਭਾਰਤ ਦੇ ਪਵਿੱਤਰ ਪ੍ਰਾਚੀਨ ਗ੍ਰੰਥਾਂ ਨੂੰ ਖੋਜਣ ਅਤੇ ਸੰਭਾਲਣ ਦਾ ਕੰਮ ਕੀਤਾ ਹੈ। ਸਾਡੇ ਗ੍ਰੰਥਾਂ ਨੂੰ ਮੌਲਿਕ ਰੂਪ ਵਿੱਚ ਬਚਾਉਣ ਦਾ ਕੰਮ ਕਈ ਪੀੜ੍ਹੀਆਂ ਤੋਂ ਆਰੀਆ ਸਮਾਜ ਦੇ ਲੋਕ ਕਰਦੇ ਆ ਰਹੇ ਹਨ। ਗਿਆਨ ਭਾਰਤਮ ਮਿਸ਼ਨ ਹੁਣ ਇਸੇ ਯਤਨ ਨੂੰ ਰਾਸ਼ਟਰੀ ਪੱਧਰ ‘ਤੇ ਲੈ ਕੇ ਜਾਵੇਗਾ। ਤੁਸੀਂ ਇਸ ਨੂੰ ਆਪਣੀ ਹੀ ਮੁਹਿੰਮ ਮੰਨ ਕੇ ਇਸ ਵਿੱਚ ਸਹਿਯੋਗ ਕਰੋ, ਅਤੇ, ਆਪਣੇ ਗੁਰੂਕੁਲਾਂ ਦੇ ਜ਼ਰੀਏ, ਆਪਣੇ ਅਦਾਰਿਆਂ ਦੇ ਜ਼ਰੀਏ, ਨੌਜਵਾਨਾਂ ਨੂੰ ਹੱਥ-ਲਿਖਤਾਂ ਦੇ ਅਧਿਐਨ ਅਤੇ ਖੋਜ ਨਾਲ ਵੀ ਜੋੜੋ।

ਸਾਥੀਓ,

ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਜਯੰਤੀ ਦੇ ਮੌਕੇ ‘ਤੇ ਮੈਂ ਯੱਗ ਵਿੱਚ ਵਰਤੇ ਜਾਣ ਵਾਲੇ ਅਨਾਜਾਂ ਦੀ ਚਰਚਾ ਕੀਤੀ ਸੀ। ਅਸੀਂ ਸਾਰੇ ਜਾਣਦੇ ਹਾਂ, ਯੱਗ ਵਿੱਚ ਸ਼੍ਰੀਅੰਨ ਦੀ ਕਿੰਨੀ ਅਹਿਮੀਅਤ ਹੁੰਦੀ ਹੈ। ਜੋ ਅਨਾਜ ਯੱਗ ਵਿੱਚ ਇਸਤੇਮਾਲ ਹੁੰਦੇ ਹਨ, ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਅੰਨਾਂ ਦੇ ਨਾਲ, ਮੋਟੇ ਅਨਾਜਾਂ ਯਾਨੀ ਸ਼੍ਰੀਅੰਨ ਦੀ ਭਾਰਤੀ ਰਵਾਇਤ ਨੂੰ ਵੀ ਅਸੀਂ ਅੱਗੇ ਵਧਾਉਣਾ ਹੈ। ਯੱਗ ਵਿੱਚ ਵਰਤੇ ਜਾਣ ਵਾਲੇ ਅੰਨ ਦੀ ਇੱਕ ਖ਼ੂਬੀ ਇਹ ਵੀ ਹੁੰਦੀ ਹੈ ਕਿ ਉਨ੍ਹਾਂ ਦੀ ਪੈਦਾਵਾਰ ਕੁਦਰਤੀ ਤੌਰ ‘ਤੇ ਹੋਣੀ ਚਾਹੀਦੀ ਹੈ। ਕੁਦਰਤੀ ਖੇਤੀ, ਨੈਚਰਲ ਫਾਰਮਿੰਗ, ਹਾਲੇ ਆਚਾਰਿਆ ਜੀ ਬਹੁਤ ਵਿਸਥਾਰ ਨਾਲ ਉਸਦਾ ਵਰਣਨ ਕਰ ਰਹੇ ਸੀ, ਇਹ ਨੈਚਰਲ ਫਾਰਮਿੰਗ ਭਾਰਤੀ ਅਰਥ-ਵਿਵਸਥਾ ਦਾ ਬਹੁਤ ਵੱਡਾ ਅਧਾਰ ਹੋਇਆ ਕਰਦੀ ਸੀ। ਅੱਜ ਫਿਰ ਇੱਕ ਵਾਰ ਦੁਨੀਆ ਇਸਦੇ ਮਹੱਤਵ ਨੂੰ ਸਮਝਣ ਲੱਗੀ ਹੈ। ਮੇਰੀ ਬੇਨਤੀ ਹੈ, ਆਰੀਆ ਸਮਾਜ ਨੈਚਰਲ ਫਾਰਮਿੰਗ ਦੇ ਆਰਥਿਕ ਅਤੇ ਅਧਿਆਤਮਿਕ ਪਹਿਲੂਆਂ ਦੇ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰੇ।

ਸਾਥੀਓ,

ਇੱਕ ਹੋਰ ਵਿਸ਼ਾ, ਪਾਣੀ ਦੀ ਸੰਭਾਲ ਦਾ ਵੀ ਹੈ। ਅੱਜ ਦੇਸ਼ ਪਿੰਡ-ਪਿੰਡ ਸਾਫ਼ ਪਾਣੀ ਪਹੁੰਚਾਉਣ ਦੇ ਲਈ ਜਲ ਜੀਵਨ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਜਲ ਜੀਵਨ ਮਿਸ਼ਨ ਆਪਣੇ ਆਪ ਵਿੱਚ ਦੁਨੀਆ ਦੀ ਸਭ ਤੋਂ ਅਨੋਖੀ ਮੁਹਿੰਮ ਹੈ। ਪਰ ਅਸੀਂ ਧਿਆਨ ਰੱਖਣਾ ਹੈ, ਪਾਣੀ ਪਹੁੰਚਾਉਣ ਦੇ ਸਰੋਤ ਓਦੋਂ ਕੰਮ ਕਰਨਗੇ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੋੜੀਂਦਾ ਪਾਣੀ ਬਚੇਗਾ। ਇਸਦੇ ਲਈ ਅਸੀਂ ਡ੍ਰਿਪ ਇਰੀਗੇਸ਼ਨ ਨਾਲ ਖੇਤੀ ਨੂੰ ਹੁਲਾਰਾ ਦੇ ਰਹੇ ਹਾਂ। ਦੇਸ਼ ਵਿੱਚ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣਾਉਣ ਦਾ ਵੀ ਕੰਮ ਹੋਇਆ ਹੈ। ਸਾਨੂੰ ਚਾਹੀਦਾ ਹੈ, ਸਰਕਾਰ ਦੇ ਇਨ੍ਹਾਂ ਯਤਨਾਂ ਦੇ ਨਾਲ-ਨਾਲ ਸਮਾਜ ਖ਼ੁਦ ਵੀ ਅੱਗੇ ਆਏ। ਸਾਡੇ ਇੱਥੇ ਪਿੰਡ-ਪਿੰਡ ਤਲਾਅ, ਝੀਲਾਂ, ਖੂਹ ਅਤੇ ਪੌੜੀਆਂ ਵਾਲੇ ਖੂਹ ਹੁੰਦੇ ਸਨ। ਬਦਲਦੇ ਹਾਲਾਤ ਵਿੱਚ ਉਨ੍ਹਾਂ ਨੂੰ ਅਣਗੌਲ਼ਿਆ ਕੀਤਾ ਗਿਆ ਅਤੇ ਉਹ ਸੁੱਕਣ ਲੱਗੇ। ਅਸੀਂ ਲੋਕਾਂ ਨੂੰ ਆਪਣੇ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਲਗਾਤਾਰ ਜਾਗਰੂਕ ਕਰਨਾ ਹੈ। ਕੈਚ ਦ ਰੇਨ (Catch the rain), ਜੋ ਸਰਕਾਰ ਦੀ ਮੁਹਿੰਮ ਹੈ, ਰੀਚਾਰਜਿੰਗ ਵੈੱਲ (Recharging  well) ਬਣਾਉਣ ਦੀ ਜੋ ਮੁਹਿੰਮ ਹੈ, ਮੀਂਹ ਦੇ ਪਾਣੀ ਦੀ ਵਰਤੋਂ ਰਿਚਾਰਜਿੰਗ ਦੇ ਲਈ ਕਰਨਾ, ਇਹ ਸਮੇਂ ਦੀ ਮੰਗ ਹੈ।

ਸਾਥੀਓ,

ਬੀਤੇ ਕਾਫੀ ਸਮੇਂ ਤੋਂ ਦੇਸ਼ ਵਿੱਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵੀ ਬਹੁਤ ਸਫਲ ਹੋਈ ਹੈ। ਇਹ ਮੁਹਿੰਮ ਸਿਰਫ਼ ਕੁਝ ਦਿਨਾਂ ਜਾਂ ਸਾਲਾਂ ਦੀ ਨਹੀਂ ਹੈ। ਰੁੱਖ ਲਗਾਉਣਾ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ। ਆਰੀਆ ਸਮਾਜ ਦੇ ਲੋਕ ਇਸ ਮੁਹਿੰਮ ਨਾਲ ਵੀ ਵੱਧ ਤੋਂ ਵੱਧ ਲੋਕਾਂ ਨੂੰ ਜੋੜ ਸਕਦੇ ਹਨ।

ਸਾਥੀਓ,

ਸਾਡੇ ਵੇਦ ਸਾਨੂੰ ਸਿਖਾਉਂਦੇ ਹਨ – “ਸੰਗਚਛਧਵੰ ਸੰਵਦਧਵੰ ਸੰ ਵੋ ਮਨਾਂਸਿ ਜਾਨਤਾਮ”, (संगच्छध्वं संवदध्वं सं वो मनांसि जानताम् ) ਮਤਲਬ, ਅਸੀਂ ਇਕੱਠੇ ਚੱਲੀਏ, ਇਕੱਠੇ ਬੋਲੀਏ ਅਤੇ ਇੱਕ ਦੂਸਰੇ ਦੇ ਮਨਾਂ ਨੂੰ ਜਾਣੀਏ। ਭਾਵ, ਇੱਕ ਦੂਸਰੇ ਦੇ ਵਿਚਾਰਾਂ ਦਾ ਸਨਮਾਨ ਕਰੀਏ। ਵੇਦਾਂ ਦੇ ਇਸੇ ਸੱਦੇ ਨੂੰ ਅਸੀਂ ਰਾਸ਼ਟਰ ਦੇ ਸੱਦੇ ਦੇ ਰੂਪ ਵਿੱਚ ਵੀ ਦੇਖਣਾ ਹੈ। ਅਸੀਂ ਦੇਸ਼ ਦੇ ਸੰਕਲਪਾਂ ਨੂੰ ਆਪਣਾ ਸੰਕਲਪ ਬਣਾਉਣਾ ਹੈ। ਅਸੀਂ ਲੋਕਾਂ ਦੀ ਹਿੱਸੇਦਾਰੀ ਦੀ ਭਾਵਨਾ ਨਾਲ ਸਮੂਹਿਕ ਯਤਨਾਂ ਨੂੰ ਅੱਗੇ ਵਧਾਉਣਾ ਹੈ। ਇਨ੍ਹਾਂ 150 ਸਾਲਾਂ ਵਿੱਚ ਆਰੀਆ ਸਮਾਜ ਨੇ ਇਸੇ ਭਾਵਨਾ ਨਾਲ ਕੰਮ ਕੀਤਾ ਹੈ। ਇਸੇ ਭਾਵਨਾ ਨੂੰ ਅਸੀਂ ਲਗਾਤਾਰ ਮਜ਼ਬੂਤ ਕਰਨਾ ਹੈ। ਮੈਨੂੰ ਭਰੋਸਾ ਹੈ, ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਵਿਚਾਰ, ਇਸ ਤਰ੍ਹਾਂ ਮਨੁੱਖਤਾ ਦੀ ਭਲਾਈ ਦਾ ਰਾਹ ਪੱਧਰਾ ਕਰਦੇ ਰਹਿਣਗੇ। ਇਸੇ ਉਮੀਦ ਨਾਲ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਆਰੀਆ ਸਮਾਜ ਦੇ 150 ਸਾਲਾਂ ਦੀਆਂ ਦਿਲੀਂ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's electronics exports cross $47 billion in 2025 on iPhone push

Media Coverage

India's electronics exports cross $47 billion in 2025 on iPhone push
NM on the go

Nm on the go

Always be the first to hear from the PM. Get the App Now!
...
PM pays homage to Parbati Giri Ji on her birth centenary
January 19, 2026

Prime Minister Shri Narendra Modi paid homage to Parbati Giri Ji on her birth centenary today. Shri Modi commended her role in the movement to end colonial rule, her passion for community service and work in sectors like healthcare, women empowerment and culture.

In separate posts on X, the PM said:

“Paying homage to Parbati Giri Ji on her birth centenary. She played a commendable role in the movement to end colonial rule. Her passion for community service and work in sectors like healthcare, women empowerment and culture are noteworthy. Here is what I had said in last month’s #MannKiBaat.”

 Paying homage to Parbati Giri Ji on her birth centenary. She played a commendable role in the movement to end colonial rule. Her passion for community service and work in sectors like healthcare, women empowerment and culture is noteworthy. Here is what I had said in last month’s… https://t.co/KrFSFELNNA

“ପାର୍ବତୀ ଗିରି ଜୀଙ୍କୁ ତାଙ୍କର ଜନ୍ମ ଶତବାର୍ଷିକୀ ଅବସରରେ ଶ୍ରଦ୍ଧାଞ୍ଜଳି ଅର୍ପଣ କରୁଛି। ଔପନିବେଶିକ ଶାସନର ଅନ୍ତ ଘଟାଇବା ଲାଗି ଆନ୍ଦୋଳନରେ ସେ ପ୍ରଶଂସନୀୟ ଭୂମିକା ଗ୍ରହଣ କରିଥିଲେ । ଜନ ସେବା ପ୍ରତି ତାଙ୍କର ଆଗ୍ରହ ଏବଂ ସ୍ୱାସ୍ଥ୍ୟସେବା, ମହିଳା ସଶକ୍ତିକରଣ ଓ ସଂସ୍କୃତି କ୍ଷେତ୍ରରେ ତାଙ୍କର କାର୍ଯ୍ୟ ଉଲ୍ଲେଖନୀୟ ଥିଲା। ଗତ ମାସର #MannKiBaat କାର୍ଯ୍ୟକ୍ରମରେ ମଧ୍ୟ ମୁଁ ଏହା କହିଥିଲି ।”