ਪ੍ਰਧਾਨ ਮੰਤਰੀ 27 ਨਵੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਪੁਲਾੜ ਸਟਾਰਟਅੱਪ ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦਾ ਉਦਘਾਟਨ ਕਰਨਗੇ। ਉਹ ਸਕਾਈਰੂਟ ਦੇ ਪਹਿਲੇ ਔਰਬਿਟਲ ਰੌਕੇਟ, ਵਿਕਰਮ-I ਦਾ ਵੀ ਉਦਘਾਟਨ ਕਰਨਗੇ, ਜਿਸ ਵਿੱਚ ਉਪਗ੍ਰਹਿਆਂ ਨੂੰ ਔਰਬਿਟ ਵਿੱਚ ਲਾਂਚ ਕਰਨ ਦੀ ਸਮਰੱਥਾ ਹੈ।
ਇਸ ਅਤਿ-ਆਧੁਨਿਕ ਕੇਂਦਰ ਵਿੱਚ ਕਈ ਲਾਂਚ ਵਾਹਨਾਂ ਦੇ ਡਿਜ਼ਾਈਨ, ਵਿਕਾਸ, ਏਕੀਕਰਨ ਅਤੇ ਟੈਸਟਿੰਗ ਲਈ ਲਗਭਗ 200,000 ਵਰਗ ਫੁੱਟ ਦਾ ਕਾਰਜ-ਖੇਤਰ ਹੋਵੇਗਾ ਅਤੇ ਹਰ ਮਹੀਨੇ ਇੱਕ ਔਰਬਿਟਲ ਰੌਕੇਟ ਬਣਾਉਣ ਦੀ ਸਮਰੱਥਾ ਹੋਵੇਗੀ।
ਸਕਾਈਰੂਟ ਭਾਰਤ ਦੀ ਪ੍ਰਮੁੱਖ ਨਿੱਜੀ ਪੁਲਾੜ ਕੰਪਨੀ ਹੈ, ਜਿਸ ਦੀ ਸਥਾਪਨਾ ਪਵਨ ਚੰਦਨਾ ਅਤੇ ਭਰਤ ਢਾਕਾ ਨੇ ਕੀਤੀ ਗਈ ਹੈ, ਜੋ ਕਿ ਭਾਰਤੀ ਤਕਨਾਲੋਜੀ ਸੰਸਥਾਨਾਂ ਦੇ ਸਾਬਕਾ ਵਿਦਿਆਰਥੀ ਅਤੇ ਇਸਰੋ ਦੇ ਸਾਬਕਾ ਵਿਗਿਆਨੀ ਹਨ ਅਤੇ ਹੁਣ ਉੱਦਮੀ ਬਣ ਗਏ ਹਨ। ਨਵੰਬਰ, 2022 ਵਿੱਚ, ਸਕਾਈਰੂਟ ਨੇ ਆਪਣਾ ਸਬ-ਔਰਬਿਟਲ ਰੌਕੇਟ, ਵਿਕਰਮ-ਐੱਸ ਲਾਂਚ ਕੀਤਾ, ਜਿਸ ਨਾਲ ਇਹ ਪੁਲਾੜ ਵਿੱਚ ਰੌਕੇਟ ਲਾਂਚ ਕਰਨ ਵਾਲੀ ਪਹਿਲੀ ਭਾਰਤੀ ਨਿੱਜੀ ਕੰਪਨੀ ਬਣ ਗਈ।
ਨਿੱਜੀ ਪੁਲਾੜ ਉੱਦਮਾਂ ਦਾ ਤੇਜ਼ੀ ਨਾਲ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦੀ ਸਫਲਤਾ ਦਾ ਪ੍ਰਮਾਣ ਹੈ, ਜਿਸ ਨਾਲ ਇੱਕ ਭਰੋਸੇਮੰਦ ਅਤੇ ਸਮਰੱਥ ਗਲੋਬਲ ਪੁਲਾੜ ਸ਼ਕਤੀ ਵਜੋਂ ਭਾਰਤ ਦੀ ਅਗਵਾਈ ਮਜ਼ਬੂਤ ਹੋਈ ਹੈ।


