ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।
ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਸਿਰਫ਼ ਤਿੰਨ ਦਿਨ ਪਹਿਲਾਂ ਹੀ ਉਹ ਗੀਤਾ ਦੀਆਂ ਸਿੱਖਿਆਵਾਂ ਦੀ ਧਰਤੀ ਕੁਰੂਕਸ਼ੇਤਰ ਗਏ ਸਨ ਅਤੇ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਅਤੇ ਜਗਦਗੁਰੂ ਸ਼੍ਰੀ ਮਾਧਵਾਚਾਰੀਆ ਦੀ ਮਹਿਮਾ ਨਾਲ ਸਜੀ ਇਸ ਧਰਤੀ 'ਤੇ ਪਹੁੰਚਣਾ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਲੱਖ ਲੋਕਾਂ ਵੱਲੋਂ ਇੱਕੋ ਸਮੇਂ ਭਗਵਤ ਗੀਤਾ ਦੇ ਸਲੋਕਾਂ ਦਾ ਸਮੂਹਿਕ ਪਾਠ ਕਰਨ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਭਾਰਤ ਦੀ ਹਜ਼ਾਰ ਸਾਲ ਪੁਰਾਣੀ ਅਧਿਆਤਮਿਕ ਵਿਰਾਸਤ ਦੀ ਜੀਵਿਤ ਬ੍ਰਹਮਤਾ ਦਾ ਗਵਾਹ ਬਣਨ ਦਾ ਮੌਕਾ ਮਿਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦੀ ਧਰਤੀ ’ਤੇ ਆਉਣਾ ਅਤੇ ਉੱਥੋਂ ਦੇ ਲੋਕਾਂ ਦਾ ਨਿੱਘਾ ਸਵਾਗਤ ਉਨ੍ਹਾਂ ਨੂੰ ਹਮੇਸ਼ਾ ਇੱਕ ਵਿਲੱਖਣ ਅਨੁਭਵ ਦਿੰਦਾ ਹੈ। ਉਡੁਪੀ ਦੀ ਪਵਿੱਤਰ ਧਰਤੀ 'ਤੇ ਆਪਣੀ ਯਾਤਰਾ ਨੂੰ ਹਮੇਸ਼ਾ ਅਸਾਧਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਜਨਮ ਗੁਜਰਾਤ ਵਿੱਚ ਹੋਇਆ ਫਿਰ ਵੀ ਗੁਜਰਾਤ ਅਤੇ ਉਡੁਪੀ ਵਿੱਚ ਹਮੇਸ਼ਾ ਇੱਕ ਡੂੰਘਾ ਅਤੇ ਵਿਸ਼ੇਸ਼ ਰਿਸ਼ਤਾ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਵਿਸ਼ਵਾਸ ਨੂੰ ਵੀ ਯਾਦ ਕੀਤਾ ਕਿ ਇੱਥੇ ਸਥਾਪਿਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਪਹਿਲਾਂ ਦਵਾਰਕਾ ਵਿੱਚ ਮਾਤਾ ਰੁਕਮਣੀ ਕਰਦੀ ਸੀ ਅਤੇ ਬਾਅਦ ਵਿੱਚ ਜਗਦਗੁਰੂ ਸ਼੍ਰੀ ਮਾਧਵਾਚਾਰੀਆ ਨੇ ਉਡੁਪੀ ਵਿੱਚ ਇਸ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਹੀ ਉਨ੍ਹਾਂ ਨੂੰ ਸਮੁੰਦਰ ਦੇ ਹੇਠਾਂ ਸ਼੍ਰੀ ਦਵਾਰਕਾ ਜੀ ਦੇ ਦਰਸ਼ਨ ਦਾ ਬ੍ਰਹਮ ਅਨੁਭਵ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਮੂਰਤੀ ਨੂੰ ਦਰਸ਼ਨ ਕਰਕੇ ਉਨ੍ਹਾਂ ਨੂੰ ਜੋ ਡੂੰਘਾ ਅਨੁਭਵ ਹੋਇਆ, ਉਸ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ ਅਤੇ ਭਗਵਾਨ ਦੇ ਦਰਸ਼ਨ ਨਾਲ ਉਨ੍ਹਾਂ ਨੂੰ ਬਹੁਤ ਅਧਿਆਤਮਿਕ ਅਨੰਦ ਪ੍ਰਾਪਤ ਹੋਇਆ।
ਸ਼੍ਰੀ ਮੋਦੀ ਨੇ ਕਿਹਾ ਕਿ ਉਡੁਪੀ ਆਉਣਾ ਉਨ੍ਹਾਂ ਲਈ ਇੱਕ ਹੋਰ ਕਾਰਨ ਕਰਕੇ ਖ਼ਾਸ ਰਿਹਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਉਡੁਪੀ ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਮਾਡਲ ਦਾ ਜਨਮ ਸਥਾਨ ਰਿਹਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ 1968 ਵਿੱਚ ਉਡੁਪੀ ਦੇ ਲੋਕਾਂ ਨੇ ਜਨ ਸੰਘ ਦੇ ਵੀ.ਐੱਸ. ਆਚਾਰੀਆ ਨੂੰ ਮਿਊਂਸੀਪਲ ਕੌਂਸਲ ਲਈ ਚੁਣਿਆ ਸੀ ਅਤੇ ਇੱਕ ਨਵੇਂ ਸ਼ਾਸਨ ਮਾਡਲ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਰਾਸ਼ਟਰੀ ਪੱਧਰ 'ਤੇ ਜੋ ਸਵੱਛਤਾ ਅਭਿਆਨ ਦੇਖਿਆ ਜਾ ਰਿਹਾ ਹੈ, ਉਸ ਨੂੰ ਪੰਜ ਦਹਾਕੇ ਪਹਿਲਾਂ ਉਡੁਪੀ ਨੇ ਹੀ ਅਪਣਾਇਆ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਪਾਣੀ ਦੀ ਸਪਲਾਈ ਹੋਵੇ ਜਾਂ ਡਰੇਨੇਜ ਪ੍ਰਣਾਲੀ ਦਾ ਇੱਕ ਨਵਾਂ ਮਾਡਲ, ਉਡੁਪੀ ਨੇ 1970 ਦੇ ਦਹਾਕੇ ਵਿੱਚ ਹੀ ਅਜਿਹੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮਾਂ ਹੁਣ ਰਾਸ਼ਟਰੀ ਵਿਕਾਸ ਅਤੇ ਰਾਸ਼ਟਰੀ ਤਰਜੀਹਾਂ ਦਾ ਹਿੱਸਾ ਬਣ ਗਏ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਸਹਾਇਕ ਹਨ।

ਸ਼੍ਰੀ ਰਾਮ ਚਰਿਤ ਮਾਨਸ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਕਲਯੁਗ ਵਿੱਚ ਕੇਵਲ ਪਰਮਾਤਮਾ ਦੇ ਨਾਂ ਦਾ ਜਾਪ ਕਰਨ ਨਾਲ ਹੀ ਹੋਂਦ ਦੇ ਸਮੁੰਦਰ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਸਦੀਆਂ ਤੋਂ ਗੀਤਾ ਦੇ ਮੰਤਰਾਂ ਅਤੇ ਛੰਦਾਂ ਦਾ ਪਾਠ ਹੁੰਦਾ ਆ ਰਿਹਾ ਹੈ, ਪਰ ਜਦੋਂ ਇੱਕ ਲੱਖ ਲੋਕ ਇਕੱਠੇ ਇਨ੍ਹਾਂ ਸਲੋਕਾਂ ਦਾ ਪਾਠ ਕਰਦੇ ਹਨ ਤਾਂ ਅਨੁਭਵ ਵਿਲੱਖਣ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨੇ ਸਾਰੇ ਲੋਕਾਂ ਦੀਆਂ ਆਵਾਜ਼ਾਂ ਵਿੱਚ ਗੀਤਾ ਵਰਗੇ ਪਵਿੱਤਰ ਗ੍ਰੰਥ ਦਾ ਪਾਠ ਅਤੇ ਅਜਿਹੇ ਬ੍ਰਹਮ ਸ਼ਬਦਾਂ ਦੀ ਇੱਕ ਥਾਂ 'ਤੇ ਗੂੰਜ ਨਾਲ ਇੱਕ ਵਿਸ਼ੇਸ਼ ਊਰਜਾ ਪੈਦਾ ਕਰਦੀ ਹੈ ਜੋ ਮਨ ਅਤੇ ਦਿਮਾਗ ਨੂੰ ਇੱਕ ਨਵਾਂ ਕੰਪਨ ਅਤੇ ਇੱਕ ਨਵੀਂ ਤਾਕਤ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਊਰਜਾ ਅਧਿਆਤਮ ਦੀ ਸ਼ਕਤੀ ਦੇ ਨਾਲ ਹੀ ਸਮਾਜਿਕ ਏਕਤਾ ਦੀ ਵੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਲੱਖ ਲੋਕਾਂ ਵੱਲੋਂ ਗੀਤਾ ਦਾ ਪਾਠ ਇੱਕ ਵੱਡੇ ਊਰਜਾ ਭੰਡਾਰ ਦਾ ਅਹਿਸਾਸ ਕਰਵਾ ਰਿਹਾ ਹੈ ਅਤੇ ਦੁਨੀਆ ਨੂੰ ਸਮੂਹਿਕ ਚੇਤਨਾ ਦੀ ਸ਼ਕਤੀ ਵੀ ਦਿਖਾ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਸ ਦਿਨ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਸ਼੍ਰੀ ਸ਼੍ਰੀ ਸੁਗੁਣੇਂਦ੍ਰ ਤੀਰਥ ਸਵਾਮੀ ਜੀ ਨੂੰ ਪ੍ਰਣਾਮ ਕਰਦੇ ਹਨ, ਜਿਨ੍ਹਾਂ ਨੇ ਲਕਸ਼ ਕੰਠ ਗੀਤਾ ਦੇ ਵਿਚਾਰ ਨੂੰ ਬ੍ਰਹਮ ਰੂਪ ਵਿੱਚ ਸਾਕਾਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੇ ਲੋਕਾਂ ਨੂੰ ਖੁਦ ਆਪਣੇ ਹੱਥਾਂ ਨਾਲ ਗੀਤਾ ਲਿਖਣ ਲਈ ਪ੍ਰੇਰਿਤ ਕਰਕੇ, ਸਵਾਮੀ ਜੀ ਨੇ ਕੋਟਿ ਗੀਤਾ ਲੇਖਣ ਯੱਗ ਦੀ ਸ਼ੁਰੂਆਤ ਕੀਤੀ, ਜੋ ਹੁਣ ਸਨਾਤਨ ਪਰੰਪਰਾ ਦਾ ਇੱਕ ਵਿਸ਼ਵ-ਵਿਆਪੀ ਜਨ ਅੰਦੋਲਨ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਦਾ ਨੌਜਵਾਨ ਸ਼੍ਰੀਮਦ ਭਗਵਤ ਗੀਤਾ ਦੀਆਂ ਭਾਵਨਾਵਾਂ ਅਤੇ ਸਿੱਖਿਆਵਾਂ ਨਾਲ ਜੁੜ ਰਿਹਾ ਹੈ, ਉਹ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਵਿਕਾਸ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਭਾਰਤ ਵਿੱਚ ਸਦੀਆਂ ਤੋਂ ਵੇਦਾਂ, ਉਪਨਿਸ਼ਦਾਂ ਅਤੇ ਸ਼ਾਸਤਰਾਂ ਦੇ ਗਿਆਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਪਰੰਪਰਾ ਰਹੀ ਹੈ ਅਤੇ ਇਹ ਪ੍ਰੋਗਰਾਮ ਵੀ ਅਗਲੀ ਪੀੜ੍ਹੀ ਨੂੰ ਭਗਵਤ ਗੀਤਾ ਨਾਲ ਜੋੜਨ ਦਾ ਇੱਕ ਸਾਰਥਕ ਯਤਨ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇੱਥੇ ਆਉਣ ਤੋਂ ਤਿੰਨ ਦਿਨ ਪਹਿਲਾਂ ਉਹ ਅਯੁੱਧਿਆ ਗਏ ਸਨ, ਜਿੱਥੇ 25 ਨਵੰਬਰ ਨੂੰ ਵਿਆਹ ਪੰਚਮੀ ਦੇ ਸ਼ੁਭ ਮੌਕੇ 'ਤੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਵਿੱਚ ਧਰਮ ਧਵਜ ਲਹਿਰਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਤੋਂ ਉਡੁਪੀ ਤੱਕ ਅਣਗਿਣਤ ਰਾਮ ਭਗਤਾਂ ਨੇ ਇਸ ਬ੍ਰਹਮ ਅਤੇ ਸ਼ਾਨਦਾਰ ਜਸ਼ਨ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਰਾਮ ਮੰਦਿਰ ਅੰਦੋਲਨ ਵਿੱਚ ਉਡੁਪੀ ਨੇ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਦਹਾਕੇ ਪਹਿਲਾਂ ਸਤਿਕਾਰਯੋਗ ਸਵਰਗੀ ਵਿਸ਼ਵੇਸ਼ ਤੀਰਥ ਸਵਾਮੀ ਜੀ ਨੇ ਇਸ ਅੰਦੋਲਨ ਨੂੰ ਦਿਸ਼ਾ ਦਿੱਤੀ ਸੀ ਅਤੇ ਝੰਡਾ ਲਹਿਰਾਉਣਾ ਸਮਾਰੋਹ ਉਸੇ ਯੋਗਦਾਨ ਦੀ ਸਿੱਧੀ ਦਾ ਤਿਉਹਾਰ ਬਣਿਆ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਉਡੁਪੀ ਦੇ ਲਈ ਰਾਮ ਮੰਦਿਰ ਦਾ ਨਿਰਮਾਣ ਇੱਕ ਹੋਰ ਵਿਸ਼ੇਸ਼ ਕਾਰਨ ਕਰਕੇ ਮਹੱਤਵਪੂਰਨ ਹੈ ਕਿਉਂਕਿ ਨਵੇਂ ਮੰਦਿਰ ਵਿੱਚ ਜਗਦਗੁਰੂ ਮਾਧਵਾਚਾਰੀਆ ਜੀ ਦੇ ਨਾਂ 'ਤੇ ਇੱਕ ਵਿਸ਼ਾਲ ਦਰਵਾਜ਼ਾ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਇੱਕ ਉਤਸ਼ਾਹੀ ਭਗਤ ਜਗਦਗੁਰੂ ਮਾਧਵਾਚਾਰੀਆ ਦੇ ਇੱਕ ਸਲੋਕ ਦਾ ਅਰਥ ਹੈ ਕਿ ਭਗਵਾਨ ਸ਼੍ਰੀ ਰਾਮ ਛੇ ਬ੍ਰਹਮ ਗੁਣਾਂ ਨਾਲ ਸੰਪੰਨ ਹਨ ਅਤੇ ਉਹ ਪਰਮ ਪਿਤਾ ਪਰਮਾਤਮਾ ਅਤੇ ਬੇਅੰਤ ਤਾਕਤ ਅਤੇ ਹਿੰਮਤ ਦੇ ਸਮੁੰਦਰ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਰਾਮ ਮੰਦਿਰ ਕੰਪਲੈਕਸ ਵਿੱਚ ਉਨ੍ਹਾਂ ਦੇ ਨਾਂ 'ਤੇ ਇੱਕ ਦਰਵਾਜ਼ਾ ਹੋਣਾ ਕਰਨਾਟਕ ਵਿੱਚ ਉਡੁਪੀ ਅਤੇ ਪੂਰੇ ਦੇਸ਼ ਦੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਜਗਦਗੁਰੂ ਸ਼੍ਰੀ ਮਾਧਵਾਚਾਰੀਆ ਨੂੰ ਭਾਰਤ ਦੇ ਦਵੈਤ ਦਰਸ਼ਨ ਦੇ ਮੋਢੀ ਅਤੇ ਵੇਦਾਂਤ ਦੇ ਚਾਨਣ-ਮੁਨਾਰੇ ਵਜੋਂ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਵੱਲੋਂ ਸਥਾਪਿਤ ਉਡੁਪੀ ਵਿੱਚ ਅੱਠ ਮੱਠਾਂ ਦੀ ਪ੍ਰਣਾਲੀ, ਸੰਸਥਾ ਨਿਰਮਾਣ ਅਤੇ ਨਵੀਆਂ ਪਰੰਪਰਾਵਾਂ ਦੀ ਸਥਾਪਨਾ ਦੀ ਇੱਕ ਜੀਵਿਤ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਗਵਾਨ ਕ੍ਰਿਸ਼ਨ ਦੀ ਭਗਤੀ, ਵੇਦਾਂਤ ਦੇ ਗਿਆਨ ਅਤੇ ਹਜ਼ਾਰਾਂ ਲੋਕਾਂ ਨੂੰ ਭੋਜਨ ਛਕਾਉਣ ਦੀ ਵਚਨਬੱਧਤਾ ਦੇ ਸੰਕਲਪ ਨੂੰ ਦਰਸਾਉਂਦੀ ਹੈ ਅਤੇ ਇੱਕ ਤਰ੍ਹਾਂ ਨਾਲ, ਇਹ ਸਥਾਨ ਗਿਆਨ, ਭਗਤੀ ਅਤੇ ਸੇਵਾ ਦਾ ਇੱਕ ਪਵਿੱਤਰ ਸੰਗਮ ਹੈ।

ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਜਿਸ ਸਮੇਂ ਜਗਦਗੁਰੂ ਮਾਧਵਾਚਾਰੀਆ ਦਾ ਜਨਮ ਹੋਇਆ, ਉਸ ਸਮੇਂ ਭਾਰਤ ਕਈ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਉਸ ਸਮੇਂ ਉਨ੍ਹਾਂ ਨੇ ਭਗਤੀ ਦਾ ਇੱਕ ਅਜਿਹਾ ਮਾਰਗ ਦਿਖਾਇਆ ਜਿਸ ਨੇ ਸਮਾਜ ਦੇ ਹਰ ਵਰਗ ਅਤੇ ਹਰ ਵਿਸ਼ਵਾਸ ਨੂੰ ਜੋੜਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਰਗ-ਦਰਸ਼ਨ ਕਾਰਨ ਹੀ ਸਦੀਆਂ ਬਾਅਦ ਵੀ, ਉਨ੍ਹਾਂ ਵੱਲੋਂ ਸਥਾਪਿਤ ਮੱਠ ਹਰ ਰੋਜ਼ ਲੱਖਾਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ, ਦਵੈਤ ਪਰੰਪਰਾ ਵਿੱਚ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਉਭਰੀਆਂ ਜਿਨ੍ਹਾਂ ਨੇ ਹਮੇਸ਼ਾ ਧਰਮ, ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਉਦੇਸ਼ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ ਕਿ ਜਨਤਕ ਸੇਵਾ ਦੀ ਇਹ ਸਦੀਵੀ ਪਰੰਪਰਾ ਉਡੁਪੀ ਦੀ ਸਭ ਤੋਂ ਵੱਡੀ ਵਿਰਾਸਤ ਹੈ।
ਪ੍ਰਧਾਨ ਮੰਤਰੀ ਨੇ ਜਗਦਗੁਰੂ ਮਾਧਵਾਚਾਰੀਆ ਦੀ ਪਰੰਪਰਾ ਨਾਲ ਹਰਿਦਾਸ ਪਰੰਪਰਾ ਨੂੰ ਊਰਜਾ ਪ੍ਰਾਪਤ ਹੋਣ ਦਾ ਜ਼ਿਕਰ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੁਰੰਦਰ ਦਾਸ ਅਤੇ ਕਨਕ ਦਾਸ ਵਰਗੇ ਮਹਾਨ ਸੰਤਾਂ ਨੇ ਸਰਲ, ਮਿੱਠੀ ਅਤੇ ਸੁਲਭ ਕੰਨੜ ਭਾਸ਼ਾ ਵਿੱਚ ਭਗਤੀ ਨੂੰ ਜਨ-ਜਨ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਹਰ ਵਿਅਕਤੀ ਦੇ ਦਿਲ ਤੱਕ ਸਮਾਜ ਦੇ ਸਭ ਤੋਂ ਗਰੀਬ ਵਰਗ ਵੀ ਪਹੁੰਚੀਆਂ ਅਤੇ ਉਸ ਨੇ ਲੋਕਾਂ ਨੂੰ ਧਰਮ ਅਤੇ ਸਦੀਵੀ ਕਦਰਾਂ-ਕੀਮਤਾਂ ਨਾਲ ਜੋੜਿਆ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਰਚਨਾਵਾਂ ਮੌਜੂਦਾ ਪੀੜ੍ਹੀ ਲਈ ਬਰਾਬਰ ਪ੍ਰਸੰਗਿਕ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵੀ, ਜਦੋਂ ਨੌਜਵਾਨ ਸੋਸ਼ਲ ਮੀਡੀਆ ਰੀਲਾਂ 'ਤੇ ਪੁਰੰਦਰ ਦਾਸ ਦੀ ਰਚਨਾ "ਚੰਦਰਚੂੜ ਸ਼ਿਵ ਸ਼ੰਕਰ ਪਾਰਵਤੀ" ਨੂੰ ਦੇਖਦੇ ਅਤੇ ਸੁਣਦੇ ਹਨ, ਤਾਂ ਉਹ ਅਧਿਆਤਮਿਕ ਭਾਵਨਾਵਾਂ ਨਾਲ ਭਰ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ, ਜਦੋਂ ਉਡੁਪੀ ਵਿੱਚ ਉਨ੍ਹਾਂ ਵਰਗੇ ਸ਼ਰਧਾਲੂ ਇੱਕ ਛੋਟੀ ਜਿਹੀ ਖਿੜਕੀ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰਦੇ ਹਨ, ਤਾਂ ਇਹ ਕਨਕ ਦਾਸ ਦੀ ਭਗਤੀ ਨਾਲ ਜੁੜਨ ਦਾ ਮੌਕਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਅੱਜ ਅਤੇ ਪਿਛਲੇ ਸਮੇਂ ਵਿੱਚ ਕਨਕ ਦਾਸ ਨੂੰ ਮੱਥਾ ਨਮਨ ਕਰਨ ਦਾ ਸੁਭਾਗ ਮਿਲਿਆ।
ਸ਼੍ਰੀ ਮੋਦੀ ਨੇ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਹਰ ਯੁਗ ਵਿੱਚ ਵਿਹਾਰਕ ਅਤੇ ਗੀਤਾ ਦੇ ਸ਼ਬਦਾਂ ਨੂੰ ਵਿਅਕਤੀਆਂ ਦੇ ਨਾਲ ਹੀ ਰਾਸ਼ਟਰਾਂ ਦੀਆਂ ਨੀਤੀਆਂ ਵਿੱਚ ਮਾਰਗ-ਦਰਸ਼ਕ ਦੱਸਦੇ ਹੋਏ ਯਾਦ ਕਰਵਾਇਆ ਕਿ ਭਗਵਤ ਗੀਤਾ ਵਿੱਚ, ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਸਾਨੂੰ ਸਾਰਿਆਂ ਦੀ ਭਲਾਈ ਲਈ ਕਿਵੇਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਗਦਗੁਰੂ ਮਾਧਵਾਚਾਰੀਆ ਨੇ ਜੀਵਨ ਭਰ ਇਨ੍ਹਾਂ ਭਾਵਨਾਵਾਂ ਦਾ ਪ੍ਰਚਾਰ ਕਰਕੇ ਭਾਰਤ ਦੀ ਏਕਤਾ ਨੂੰ ਮਜ਼ਬੂਤ ਕੀਤਾ।

ਸ਼੍ਰੀ ਮੋਦੀ ਨੇ ਸਬਕਾ ਸਾਥ, ਸਬਕਾ ਵਿਕਾਸ, ਸਰਵਜਨ ਹਿਤਾਯ, ਸਰਵਜਨ ਸੁਖਾਯ ਦੀਆਂ ਨੀਤੀਆਂ ਪਿੱਛੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਲੋਕਾਂ ਦੀ ਪ੍ਰੇਰਨਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗ਼ਰੀਬਾਂ ਦੀ ਮਦਦ ਕਰਨ ਦਾ ਮੰਤਰ ਦਿੱਤਾ ਹੈ ਅਤੇ ਇਹੀ ਪ੍ਰੇਰਨਾ ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਆਵਾਸ ਵਰਗੀਆਂ ਯੋਜਨਾਵਾਂ ਦਾ ਅਧਾਰ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦਾ ਗਿਆਨ ਦਿੱਤਾ ਅਤੇ ਇਸ ਗਿਆਨ ਨੇ ਰਾਸ਼ਟਰ ਨੂੰ ਨਾਰੀ ਸ਼ਕਤੀ ਵੰਦਨ ਐਕਟ ਦਾ ਇਤਿਹਾਸਕ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਾਰਿਆਂ ਦੀ ਭਲਾਈ ਦਾ ਸਿਧਾਂਤ ਸਿਖਾਇਆ ਅਤੇ ਇਹ ਸਿਧਾਂਤ ਭਾਰਤ ਦੀਆਂ ਵੈਕਸੀਨ ਮੈਤਰੀ, ਸੋਲਰ ਅਲਾਇੰਸ ਅਤੇ ਵਸੁਧੈਵ ਕੁਟੁੰਬਕਮ ਵਰਗੀਆਂ ਨੀਤੀਆਂ ਦਾ ਅਧਾਰ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਯੁੱਧ ਦੇ ਮੈਦਾਨ ਵਿੱਚ ਗੀਤਾ ਦਾ ਸੰਦੇਸ਼ ਦਿੱਤਾ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਗਵਤ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਸ਼ਾਂਤੀ ਅਤੇ ਸਚਾਈ ਸਥਾਪਨਾ ਲਈ ਜ਼ੁਲਮ ਕਰਨ ਵਾਲਿਆਂ ਦਾ ਅੰਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੀ ਸੁਰੱਖਿਆ ਨੀਤੀ ਦੀ ਇਹੀ ਮੂਲ ਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਸੁਧੈਵ ਕੁਟੁੰਬਕਮ ਦੀ ਗੱਲ ਕਰਦਾ ਹੈ ਅਤੇ "ਧਰਮੋ ਰਕਸ਼ਤਿ ਰਕਸ਼ਿਤ" ('धर्मो रक्षति रक्षितः) ਦਾ ਮੰਤਰ ਵੀ ਦੁਹਰਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲ ਕਿਲ੍ਹੇ ਦੀ ਫਸੀਲ ਤੋਂ ਸ਼੍ਰੀ ਕ੍ਰਿਸ਼ਨ ਦੀ ਦਇਆ ਦਾ ਸੰਦੇਸ਼ ਵੀ ਦਿੱਤਾ ਜਾਂਦਾ ਹੈ ਅਤੇ ਉਸੇ ਫਸੀਲ ਤੋਂ ਮਿਸ਼ਨ ਸੁਦਰਸ਼ਨ ਚੱਕਰ ਦਾ ਐਲਾਨ ਵੀ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਿਸ਼ਨ ਸੁਦਰਸ਼ਨ ਚੱਕਰ ਦਾ ਅਰਥ ਹੈ ਦੇਸ਼ ਦੇ ਮੁੱਖ ਸਥਾਨਾਂ, ਉਦਯੋਗਿਕ ਅਤੇ ਜਨਤਕ ਅਦਾਰਿਆਂ ਦੇ ਦੁਆਲੇ ਇੱਕ ਸੁਰੱਖਿਆ ਦੀਵਾਰ ਬਣਾਉਣਾ, ਜਿਸ ਨੂੰ ਦੁਸ਼ਮਣ ਪਾਰ ਨਾ ਕਰ ਸਕੇ ਅਤੇ ਜੇਕਰ ਉਹ ਹਿੰਮਤ ਕਰਦੇ ਹਨ, ਤਾਂ ਭਾਰਤ ਦਾ ਸੁਦਰਸ਼ਨ ਚੱਕਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੀ ਕਾਰਵਾਈ ਵਿੱਚ ਰਾਸ਼ਟਰ ਨੇ ਇਸ ਦ੍ਰਿੜ੍ਹਤਾ ਨੂੰ ਦੇਖਿਆ। ਉਨ੍ਹਾਂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ, ਜਿਸ ਵਿੱਚ ਕਰਨਾਟਕ ਦੇ ਨਾਗਰਿਕਾਂ ਸਮੇਤ ਕਈ ਦੇਸ਼ ਵਾਸੀਆਂ ਦੀ ਜਾਨ ਚਲੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਅਜਿਹੇ ਅੱਤਵਾਦੀ ਹਮਲੇ ਹੁੰਦੇ ਸਨ ਤਾਂ ਸਰਕਾਰਾਂ ਚੁੱਪ ਬੈਠ ਜਾਂਦੀਆਂ ਸਨ ਪਰ ਇਹ ਇੱਕ ਨਵਾਂ ਭਾਰਤ ਹੈ ਜੋ ਨਾ ਤਾਂ ਕਿਸੇ ਅੱਗੇ ਝੁਕਦਾ ਹੈ ਅਤੇ ਨਾ ਹੀ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਦੇ ਆਪਣੇ ਫ਼ਰਜ਼ ਤੋਂ ਪਿੱਛੇ ਹਟਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸ਼ਾਂਤੀ ਸਥਾਪਤ ਕਰਨਾ ਜਾਣਦਾ ਹੈ ਅਤੇ ਸ਼ਾਂਤੀ ਦੀ ਰੱਖਿਆ ਕਰਨਾ ਵੀ ਉਸ ਨੂੰ ਆਉਂਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਗਵਤ ਗੀਤਾ ਸਾਨੂੰ ਆਪਣੇ ਫਰਜ਼ਾਂ ਅਤੇ ਜੀਵਨ ਦੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਨੇ ਇਸ ਤੋਂ ਪ੍ਰੇਰਿਤ ਹੋ ਕੇ ਸਾਰਿਆਂ ਨੂੰ ਕੁਝ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਨੌਂ ਸੰਕਲਪ ਸਾਡੇ ਵਰਤਮਾਨ ਅਤੇ ਭਵਿੱਖ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸੰਤ ਭਾਈਚਾਰਾ ਇਨ੍ਹਾਂ ਬੇਨਤੀਆਂ ਨੂੰ ਅਸ਼ੀਰਵਾਦ ਦਿੰਦਾ ਹੈ ਤਾਂ ਕੋਈ ਵੀ ਇਨ੍ਹਾਂ ਨੂੰ ਹਰ ਨਾਗਰਿਕ ਤੱਕ ਪਹੁੰਚਣ ਤੋਂ ਨਹੀਂ ਰੋਕ ਸਕੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਪਹਿਲਾ ਸੰਕਲਪ ਪਾਣੀ ਦੀ ਸੰਭਾਲ, ਪਾਣੀ ਬਚਾਉਣਾ ਅਤੇ ਨਦੀਆਂ ਦੀ ਸੁਰੱਖਿਆ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਦੂਜਾ ਸੰਕਲਪ ਰੁੱਖ ਲਗਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਆਪੀ ਮੁਹਿੰਮ "ਏਕ ਪੇਡ ਮਾਂ ਕੇ ਨਾਮ" ਤੇਜ਼ੀ ਨਾਲ ਵਧ ਰਹੀ ਹੈ, ਅਤੇ ਜੇਕਰ ਇਸ ਮੁਹਿੰਮ ਵਿੱਚ ਸਾਰੇ ਮੱਠਾਂ ਦੀ ਤਾਕਤ ਜੋੜੀ ਜਾਵੇ, ਤਾਂ ਇਸ ਦਾ ਪ੍ਰਭਾਵ ਹੋਰ ਵੀ ਵੱਡਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਤੀਜਾ ਸੰਕਲਪ ਦੇਸ਼ ਦੇ ਘੱਟੋ-ਘੱਟ ਇੱਕ ਗ਼ਰੀਬ ਵਿਅਕਤੀ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੌਥਾ ਸੰਕਲਪ ਸਵਦੇਸ਼ੀ ਦੇ ਉਪਯੋਗ ਦਾ ਹੋਣਾ ਚਾਹੀਦਾ ਹੈ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਸਾਰਿਆਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਉਤਪਾਦਾਂ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ, ਅਤੇ ਸਾਡੀ ਅਰਥ-ਵਿਵਸਥਾ, ਸਾਡਾ ਉਦਯੋਗ ਅਤੇ ਸਾਡੀ ਤਕਨਾਲੋਜੀ ਆਪਣੀ ਤਾਕਤ 'ਤੇ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਲਈ ਸਾਨੂੰ ਆਪਣੀ ਪੂਰੀ ਤਾਕਤ ਨਾਲ "ਵੋਕਲ ਫਾਰ ਲੋਕਲ" ਕਹਿਣਾ ਹੋਵੇਗਾ।
ਸ਼੍ਰੀ ਮੋਦੀ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਪੰਜਵਾਂ ਸੰਕਲਪ ਦੱਸਿਆ। ਪ੍ਰਧਾਨ ਮੰਤਰੀ ਨੇ ਛੇਵੇਂ ਸੰਕਲਪ ਵਿੱਚ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ, ਖੁਰਾਕ ਵਿੱਚ ਮੋਟੇ ਅਨਾਜ ਸ਼ਾਮਲ ਕਰਨ ਅਤੇ ਤੇਲ ਦੀ ਖਪਤ ਘਟਾਉਣ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੱਤਵਾਂ ਸੰਕਲਪ ਯੋਗ ਅਪਣਾਉਣ ਅਤੇ ਉਸ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਠਵਾਂ ਸੰਕਲਪ ਹੱਥ-ਲਿਖਤਾਂ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਦਾ ਬਹੁਤ ਸਾਰਾ ਪ੍ਰਾਚੀਨ ਗਿਆਨ ਇਨ੍ਹਾਂ ਹੱਥ-ਲਿਖਤਾਂ ਵਿੱਚ ਛੁਪਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਗਿਆਨ ਨੂੰ ਸੁਰੱਖਿਅਤ ਰੱਖਣ ਲਈ ਗਿਆਨ ਭਾਰਤਮ ਮਿਸ਼ਨ 'ਤੇ ਕੰਮ ਕਰ ਰਹੀ ਹੈ ਅਤੇ ਜਨਤਕ ਸਮਰਥਨ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਵਿੱਚ ਮਦਦ ਕਰੇਗਾ।

ਆਪਣੇ ਨੌਵੇਂ ਸੰਕਲਪ ਵਜੋਂ, ਸ਼੍ਰੀ ਮੋਦੀ ਨੇ ਸਾਰਿਆਂ ਨੂੰ ਦੇਸ਼ ਵਿੱਚ ਆਪਣੀ ਵਿਰਾਸਤ ਨਾਲ ਸਬੰਧਤ ਘੱਟੋ-ਘੱਟ 25 ਥਾਵਾਂ ਦੀ ਯਾਤਰਾ ਕਰਨ ਦੀ ਅਪੀਲ ਕਰਦੇ ਹੋਏ ਸੁਝਾਅ ਦਿੱਤਾ ਕਿ ਤਿੰਨ-ਚਾਰ ਦਿਨ ਪਹਿਲਾਂ ਹੀ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਕੇਂਦਰ ਦਾ ਦੌਰਾ ਕਰਨ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਗਵਾਨ ਕ੍ਰਿਸ਼ਨ ਅਤੇ ਮਾਤਾ ਰੁਕਮਣੀ ਦੇ ਵਿਆਹ ਨੂੰ ਸਮਰਪਿਤ ਮਾਧਵਪੁਰ ਮੇਲਾ ਹਰ ਸਾਲ ਗੁਜਰਾਤ ਵਿੱਚ ਲਗਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ, ਖਾਸ ਕਰਕੇ ਉੱਤਰ-ਪੂਰਬ ਤੋਂ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਅਗਲੇ ਸਾਲ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਪੂਰਾ ਜੀਵਨ ਅਤੇ ਗੀਤਾ ਦਾ ਹਰ ਅਧਿਆਇ ਕਰਮ, ਫ਼ਰਜ਼ ਅਤੇ ਭਲਾਈ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ 2047 ਦਾ ਸਮਾਂ ਭਾਰਤੀਆਂ ਲਈ ਨਾ ਸਿਰਫ਼ ਅੰਮ੍ਰਿਤ ਕਾਲ ਹੈ, ਸਗੋਂ ਵਿਕਸਿਤ ਭਾਰਤ ਦੇ ਨਿਰਮਾਣ ਲਈ ਫ਼ਰਜ਼ ਦਾ ਯੁੱਗ ਵੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਰੇਕ ਨਾਗਰਿਕ, ਹਰ ਭਾਰਤੀ ਦੀ ਇੱਕ ਜ਼ਿੰਮੇਵਾਰੀ ਹੈ, ਅਤੇ ਹਰ ਵਿਅਕਤੀ ਅਤੇ ਸੰਗਠਨ ਦਾ ਵੀ ਇੱਕ ਫ਼ਰਜ਼ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਰਨਾਟਕ ਦੇ ਮਿਹਨਤੀ ਲੋਕ ਇਨ੍ਹਾਂ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕੋਸ਼ਿਸ਼ ਰਾਸ਼ਟਰ ਨੂੰ ਸਮਰਪਿਤ ਹੋਣੀ ਚਾਹੀਦੀ ਹੈ, ਅਤੇ ਇਸ ਫ਼ਰਜ਼ ਦੀ ਭਾਵਨਾ ਨਾਲ ਜੁੜੇ ਰਹਿਣ ਨਾਲ ਵਿਕਸਿਤ ਕਰਨਾਟਕ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ੍ਰੀ ਮੋਦੀ ਨੇ ਕਾਮਨਾ ਕੀਤੀ ਕਿ ਉਡੁਪੀ ਦੀ ਧਰਤੀ ਤੋਂ ਨਿਕਲਣ ਵਾਲੀ ਊਰਜਾ ਵਿਕਸਿਤ ਭਾਰਤ ਦੇ ਸੰਕਲਪ ਦਾ ਮਾਰਗ-ਦਰਸ਼ਨ ਕਰਦੀ ਰਹੇ। ਉਨ੍ਹਾਂ ਨੇ ਇਸ ਸ਼ੁਭ ਮੌਕੇ ਨਾਲ ਜੁੜੇ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।

ਇਸ ਸਮਾਗਮ ਵਿੱਚ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ, ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਉੱਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਦਾ ਦੌਰਾ ਕੀਤਾ ਅਤੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਵਿੱਚ ਵਿਦਿਆਰਥੀ, ਭਿਕਸ਼ੂ, ਵਿਦਵਾਨ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਨਾਗਰਿਕ ਸਹਿਤ ਇੱਕ ਲੱਖ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਨੇ ਇੱਕਸੁਰਤਾ ਵਿੱਚ ਭਗਵਤ ਗੀਤਾ ਦਾ ਪਾਠ ਕੀਤਾ।
ਪ੍ਰਧਾਨ ਮੰਤਰੀ ਨੇ ਕ੍ਰਿਸ਼ਨ ਧਾਮ ਦੇ ਸਾਹਮਣੇ ਸਥਿਤ ਸੁਵਰਣ ਤੀਰਥ ਮੰਡਪਮ ਦਾ ਵੀ ਉਦਘਾਟਨ ਕੀਤਾ ਅਤੇ ਪਵਿੱਤਰ ਕਨਕਨਾ ਕਿੰਡੀ ਦੇ ਲਈ ਕਨਕ ਕਵਚ (ਸੁਨਹਿਰੀ ਕਵਚ) ਨੂੰ ਸਮਰਪਿਤ ਕੀਤਾ। ਕਨਕਨਾ ਕਿੰਡੀ ਇੱਕ ਪਵਿੱਤਰ ਦੁਆਰ ਹੈ ਜਿਸ ਬਾਰੇ ਮਾਨਤਾ ਹੈ ਕਿ ਇਸ ਰਾਹੀਂ ਸੰਤ ਕਨਕਦਾਸ ਨੇ ਭਗਵਾਨ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ ਕੀਤੇ ਸਨ। ਉੱਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਦੀ ਸਥਾਪਨਾ 800 ਸਾਲ ਪਹਿਲਾਂ ਵੇਦਾਂਤ ਦੇ ਦਵੈਤ ਦਰਸ਼ਨ ਦੇ ਸੰਸਥਾਪਕ ਸ਼੍ਰੀ ਮਾਧਵਾਚਾਰੀਆ ਨੇ ਕੀਤੀ ਸੀ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
कलियुग में केवल भगवद् नाम और लीला का कीर्तन ही परम साधन है।
— PMO India (@PMOIndia) November 28, 2025
उसके गायन कीर्तन से भवसागर से मुक्ति हो जाती है: PM @narendramodi pic.twitter.com/P0Wk11AZVk
The words of the Gita not only guide individuals but also shape the direction of the nation's policies: PM @narendramodi pic.twitter.com/FG3ZKkFOdl
— PMO India (@PMOIndia) November 28, 2025
The Bhagavad Gita teaches that upholding peace and truth may require confronting and ending the forces of injustice. This principle lies at the heart of the nation's security approach. pic.twitter.com/FuYHHC4Cyl
— PMO India (@PMOIndia) November 28, 2025
Let us take nine resolves... pic.twitter.com/v26kVZi00G
— PMO India (@PMOIndia) November 28, 2025


