ਐਲਾਰੀਗੁ ਨਮਸਕਾਰਾ!
ਜੈ ਸ਼੍ਰੀ ਕ੍ਰਿਸ਼ਨ!
ਜੈ ਸ਼੍ਰੀ ਕ੍ਰਿਸ਼ਨ!
ਜੈ ਸ਼੍ਰੀ ਕ੍ਰਿਸ਼ਨ!
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।
ਜੈ ਸ਼੍ਰੀ ਕ੍ਰਿਸ਼ਨ!
ਭਗਵਾਨ ਕ੍ਰਿਸ਼ਨ ਦੇ ਬ੍ਰਹਮ ਦਰਸ਼ਨਾਂ ਦੀ ਸੰਤੁਸ਼ਟੀ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਇਹ ਅਧਿਆਤਮਕ ਅਹਿਸਾਸ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ, ਗੁਰੂਆਂ ਦੀ ਇਹ ਮੌਜੂਦਗੀ, ਮੇਰੇ ਲਈ ਮਹਾਨ ਸੁਭਾਗ ਹੈ। ਮੇਰੇ ਲਈ ਇਹ ਅਣਗਿਣਤ ਪੁੰਨ ਨੂੰ ਪ੍ਰਾਪਤ ਕਰਨ ਵਾਂਗ ਹੈ ਅਤੇ ਜੋ ਮੈਨੂੰ ਸਨਮਾਨ ਦਿੱਤਾ ਗਿਆ, ਮੇਰੇ ਲਈ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ, ਸ਼ਾਇਦ ਮੈਨੂੰ ਇੰਨੇ ਸਾਰੇ ਅਸ਼ੀਰਵਾਦ ਮਿਲੇ ਕਿ ਮੇਰੇ ਲਈ ਜੋ ਕਿਹਾ ਜਾਂਦਾ ਹੈ, ਮੈਂ ਉਸ ਦੇ ਯੋਗ ਬਣ ਸਕਾਂ ਅਤੇ ਜ਼ਿਆਦਾ ਕੰਮ ਕਰਾਂ ਅਤੇ ਮੇਰੇ ਤੋਂ ਜੋ ਉਮੀਦਾਂ ਹਨ, ਮੈਂ ਉਨ੍ਹਾਂ ਨੂੰ ਪੂਰਾ ਕਰਾਂ।
ਭਾਈਓ-ਭੈਣੋ,
ਸਿਰਫ਼ ਤਿੰਨ ਦਿਨ ਪਹਿਲਾਂ ਹੀ ਮੈਂ ਗੀਤਾ ਦੀ ਧਰਤੀ ਕੁਰੂਕਸ਼ੇਤਰ ਵਿੱਚ ਸੀ। ਹੁਣ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਸ਼ੀਰਵਾਦ ਅਤੇ ਜਗਦਗੁਰੂ ਸ਼੍ਰੀ ਮਧਵਾਚਾਰੀਆ ਜੀ ਦੀ ਪ੍ਰਸਿੱਧੀ ਦੀ ਇਸ ਧਰਤੀ 'ਤੇ ਆਉਣਾ, ਮੇਰੇ ਲਈ ਬਹੁਤ ਸੰਤੁਸ਼ਟੀ ਦਾ ਮੌਕਾ ਹੈ। ਅੱਜ ਦੇ ਇਸ ਮੌਕੇ 'ਤੇ ਜਦੋਂ ਇੱਕ ਲੱਖ ਲੋਕਾਂ ਨੇ ਇਕੱਠੇ ਭਗਵਤ ਗੀਤਾ ਦੇ ਸਲੋਕ ਪੜ੍ਹੇ, ਤਾਂ ਪੂਰੀ ਦੁਨੀਆ ਦੇ ਲੋਕਾਂ ਨੇ ਭਾਰਤ ਦੀ ਹਜ਼ਾਰ ਸਾਲਾਂ ਦੀ ਦਿੱਵਤਾ ਦੇ ਸਾਹਮਣੇ ਦਰਸ਼ਨ ਵੀ ਕੀਤੇ ਹਨ। ਇਸ ਸਮਾਗਮ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸ਼੍ਰੀ ਸ਼੍ਰੀ ਸੁਗੁਣੇਂਦ੍ਰ ਤੀਰਥ ਸਵਾਮੀ ਜੀ, ਸ਼੍ਰੀ ਸ਼੍ਰੀ ਸੁਸ਼੍ਰੀਂਦਰ ਤੀਰਥ ਸਵਾਮੀ ਜੀ, ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ, ਸੂਬਾ ਸਰਕਾਰ ਦੇ ਮੰਤਰੀ, ਸਾਂਸਦ, ਵਿਧਾਇਕ, ਉਡੁਪੀ ਦੇ ਅੱਠ ਮੱਠਾਂ ਦੇ ਸਾਰੇ ਪੈਰੋਕਾਰ, ਮੌਜੂਦ ਹੋਰ ਸੰਤ, ਦੇਵੀਓ ਅਤੇ ਸੱਜਣੋ!

ਕਰਨਾਟਕ ਦੀ ਇਸ ਧਰਤੀ 'ਤੇ, ਇੱਥੋਂ ਦੇ ਪਿਆਰੇ ਲੋਕਾਂ ਵਿਚਕਾਰ ਆਉਣਾ ਮੈਨੂੰ ਹਮੇਸ਼ਾ ਹੀ ਵੱਖਰਾ ਮਹਿਸੂਸ ਕਰਾਉਂਦਾ ਹੈ ਅਤੇ ਉਡੁਪੀ ਦੀ ਧਰਤੀ 'ਤੇ ਆਉਣਾ ਤਾਂ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਮੇਰਾ ਜਨਮ ਗੁਜਰਾਤ ਵਿੱਚ ਹੋਇਆ ਅਤੇ ਗੁਜਰਾਤ ਅਤੇ ਉਡੁਪੀ ਦਰਮਿਆਨ ਇੱਕ ਡੂੰਘਾ ਅਤੇ ਖ਼ਾਸ ਸਬੰਧ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇੱਥੇ ਸਥਾਪਿਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਪਹਿਲਾਂ ਦਵਾਰਕਾ ਵਿੱਚ ਮਾਂ ਰੁਕਮਣੀ ਕਰਦੀ ਸੀ। ਬਾਅਦ ਵਿੱਚ ਜਗਦਗੁਰੂ ਸ਼੍ਰੀ ਮਧਵਾਚਾਰੀਆ ਜੀ ਨੇ ਇਸ ਮੂਰਤੀ ਨੂੰ ਇੱਥੇ ਸਥਾਪਿਤ ਕੀਤਾ ਅਤੇ ਤੁਸੀਂ ਤਾਂ ਜਾਣਦੇ ਹੋ, ਹਾਲੇ ਪਿਛਲੇ ਹੀ ਸਾਲ ਮੈਂ ਸਮੁੰਦਰ ਦੇ ਹੇਠਾਂ ਸ਼੍ਰੀ ਦਵਾਰਕਾ ਜੀ ਦੇ ਦਰਸ਼ਨ ਕਰਨ ਗਿਆ ਸੀ, ਉੱਥੋਂ ਵੀ ਅਸ਼ੀਰਵਾਦ ਲੈ ਆਇਆ। ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਮੈਨੂੰ ਇਸ ਮੂਰਤੀ ਦੇ ਦਰਸ਼ਨ ਕਰਕੇ ਕੀ ਮਹਿਸੂਸ ਹੋਇਆ ਹੋਵੇਗਾ। ਇਸ ਦਰਸ਼ਨ ਨੇ ਮੈਨੂੰ ਇੱਕ ਆਤਮੀ ਅਧਿਆਤਮਿਕ ਖ਼ੁਸ਼ੀ ਦਿੱਤੀ ਹੈ।
ਸਾਥੀਓ,
ਉਡੁਪੀ ਆਉਣਾ ਮੇਰੇ ਲਈ ਇੱਕ ਹੋਰ ਵਜ੍ਹਾ ਕਰਕੇ ਖ਼ਾਸ ਹੁੰਦਾ ਹੈ। ਉਡੁਪੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਚੰਗੇ ਸ਼ਾਸਨ ਦਾ, ਮਾਡਲ ਦਾ ਕਾਰਜ ਸਥਾਨ ਰਿਹਾ ਹੈ। 1968 ਵਿੱਚ, ਉਡੁਪੀ ਦੇ ਲੋਕਾਂ ਨੇ ਜਨ ਸੰਘ ਦੇ ਸਾਡੇ ਵੀ.ਐੱਸ. ਆਚਾਰੀਆ ਜੀ ਨੂੰ ਇੱਥੇ ਦੀ ਮਿਊਂਸੀਪਲ ਕੌਂਸਲ ਵਿੱਚ ਜੇਤੂ ਬਣਾਇਆ ਸੀ ਅਤੇ ਇਸ ਦੇ ਨਾਲ ਹੀ ਉਡੁਪੀ ਨੇ ਇੱਕ ਨਵੇਂ ਗਵਰਨੈਂਸ ਮਾਡਲ ਦੀ ਨੀਂਹ ਵੀ ਰੱਖੀ ਸੀ। ਅੱਜ ਅਸੀਂ ਸਫ਼ਾਈ ਦੀ ਜਿਸ ਮੁਹਿੰਮ ਨੂੰ ਰਾਸ਼ਟਰੀ ਪੱਧਰ 'ਤੇ ਦੇਖ ਰਹੇ ਹਾਂ, ਉਸ ਨੂੰ ਉਡੁਪੀ ਨੇ 5 ਦਹਾਕੇ ਪਹਿਲਾਂ ਅਪਣਾਇਆ ਸੀ। ਪਾਣੀ ਦੀ ਸਪਲਾਈ ਅਤੇ ਡ੍ਰੇਨੇਜ ਸਿਸਟਮ ਦਾ ਇੱਕ ਨਵਾਂ ਮਾਡਲ ਦੇਣਾ ਹੋਵੇ, ਉਡੁਪੀ ਨੇ ਹੀ 1970 ਦੇ ਦਹਾਕੇ ਵਿੱਚ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ। ਅੱਜ, ਇਹ ਮੁਹਿੰਮ ਦੇਸ਼ ਦੇ ਰਾਸ਼ਟਰੀ ਵਿਕਾਸ ਦੀ, ਰਾਸ਼ਟਰੀ ਤਰਜੀਹ ਦਾ ਹਿੱਸਾ ਬਣ ਕੇ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ।

ਸਾਥੀਓ,
ਰਾਮ ਚਰਿਤ ਮਾਨਸ ਵਿੱਚ ਲਿਖਿਆ ਹੈ – ਕਲਯੁਗ ਸਿਰਫ਼ ਹਰਿ ਗੁਣ ਗਾਹਾ। ਗਾਵਤ ਨਰ ਪਾਵਹਿਂ ਭਵ ਥਾਹਾ।। (कलिजुग केवल हरि गुन गाहा। गावत नर पावहिं भव थाहा।।) ਭਾਵ ਕਲਯੁੱਗ ਵਿੱਚ ਸਿਰਫ਼ ਭਗਵਾਨ ਨਾਮ ਅਤੇ ਲੀਲ੍ਹਾ ਦਾ ਕੀਰਤਨ ਹੀ ਆਖ਼ਰੀ ਸਾਧਨ ਹੈ। ਇਸ ਨੂੰ ਗਾਉਣ ਅਤੇ ਕੀਰਤਨ ਨਾਲ, ਵਿਅਕਤੀ ਹੋਂਦ ਦੇ ਸਮੁੰਦਰ ਤੋਂ ਮੁਕਤ ਹੋ ਜਾਂਦਾ ਹੈ। ਸਾਡੇ ਸਮਾਜ ਵਿੱਚ ਮੰਤਰਾਂ ਦਾ, ਗੀਤਾ ਦੇ ਸਲੋਕਾਂ ਦਾ ਪਾਠ ਤਾਂ ਸਦੀਆਂ ਤੋਂ ਹੋ ਰਿਹਾ ਹੈ, ਪਰ ਜਦੋਂ ਇੱਕ ਲੱਖ ਗਲੇ, ਇੱਕ ਸੁਰ ਵਿੱਚ ਇਨ੍ਹਾਂ ਸਲੋਕਾਂ ਦਾ ਅਜਿਹਾ ਉਚਾਰਨ ਕਰਦੇ ਹਨ, ਜਦੋਂ ਇੰਨੇ ਸਾਰੇ ਲੋਕ, ਗੀਤਾ ਜਿਹੇ ਪਵਿੱਤਰ ਗ੍ਰੰਥ ਦਾ ਪਾਠ ਕਰਦੇ ਹਨ, ਜਦੋਂ ਅਜਿਹੇ ਬ੍ਰਹਮ ਸ਼ਬਦ ਇੱਕ ਜਗ੍ਹਾ 'ਤੇ, ਇਕੱਠੇ ਗੂੰਜਦੇ ਹਨ, ਤਾਂ ਇੱਕ ਅਜਿਹੀ ਊਰਜਾ ਨਿਕਲਦੀ ਹੈ ਜੋ ਸਾਡੇ ਮਨ ਨੂੰ, ਸਾਡੇ ਦਿਮਾਗ਼ ਨੂੰ ਇੱਕ ਨਵੀਂ ਕੰਪਨ, ਇੱਕ ਨਵੀਂ ਤਾਕਤ ਦਿੰਦੀ ਹੈ। ਇਹੀ ਊਰਜਾ, ਅਧਿਆਤਮ ਦੀ ਤਾਕਤ ਵੀ ਹੈ, ਇਹੀ ਊਰਜਾ, ਸਮਾਜਿਕ ਏਕਤਾ ਦੀ ਤਾਕਤ ਹੈ। ਇਸ ਲਈ, ਅੱਜ ਲਕਸ਼ ਕੰਠ ਗੀਤਾ ਦਾ ਇਹ ਮੌਕਾ ਇੱਕ ਵੱਡੇ ਊਰਜਾ ਭੰਡਾਰ ਦਾ ਅਹਿਸਾਸ ਕਰਨ ਦਾ ਮੌਕਾ ਬਣ ਗਿਆ ਹੈ। ਇਹ ਦੁਨੀਆ ਨੂੰ ਸਮੂਹਿਕ ਚੇਤਨਾ ਦੀ ਤਾਕਤ ਵੀ ਦਿਖਾ ਰਿਹਾ ਹੈ।
ਸਾਥੀਓ,
ਅੱਜ ਦੇ ਦਿਨ, ਖ਼ਾਸ ਤੌਰ 'ਤੇ ਮੈਂ ਸਤਿਕਾਰਯੋਗ ਸ਼੍ਰੀ ਸ਼੍ਰੀ ਸੁਗੁਣੇਂਦ੍ਰ ਤੀਰਥ ਸਵਾਮੀ ਜੀ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਨੇ ਲਕਸ਼ ਕੰਠ ਗੀਤਾ ਦੇ ਇਸ ਵਿਚਾਰ ਨੂੰ ਇੰਨੇ ਬ੍ਰਹਮ ਰੂਪ ਵਿੱਚ ਸਾਕਾਰ ਕੀਤਾ ਹੈ। ਪੂਰੀ ਦੁਨੀਆ ਵਿੱਚ, ਲੋਕਾਂ ਨੂੰ ਆਪਣੇ ਹੱਥਾਂ ਨਾਲ ਗੀਤਾ ਲਿਖਣ ਦਾ ਵਿਚਾਰ ਦੇ ਕੇ, ਉਨ੍ਹਾਂ ਨੇ ਜਿਸ ਕੋਟਿ ਗੀਤਾ ਲੇਖਨ ਯੱਗ ਦੀ ਸ਼ੁਰੂਆਤ ਕੀਤੀ ਹੈ, ਉਹ ਮੁਹਿੰਮ ਸਨਾਤਨ ਰਵਾਇਤ ਦਾ ਇੱਕ ਵਿਸ਼ਵ-ਵਿਆਪੀ ਜਨ ਅੰਦੋਲਨ ਹੈ। ਜਿਸ ਤਰ੍ਹਾਂ ਨਾਲ ਸਾਡੇ ਨੌਜਵਾਨ ਭਗਵਤ ਗੀਤਾ ਦੀ ਭਾਵਨਾ ਨਾਲ, ਇਸ ਦੀਆਂ ਸਿੱਖਿਆਵਾਂ ਨਾਲ ਜੁੜ ਰਹੇ ਹਨ, ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਸਦੀਆਂ ਤੋਂ ਭਾਰਤ ਵਿੱਚ ਵੇਦਾਂ, ਉਪਨਿਸ਼ਦਾਂ ਅਤੇ ਸ਼ਾਸਤਰਾਂ ਦੇ ਗਿਆਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਰਵਾਇਤ ਰਹੀ ਹੈ ਅਤੇ ਇਹ ਸਮਾਗਮ ਵੀ ਇਸੇ ਰਵਾਇਤ ਦਾ ਭਗਵਤ ਗੀਤਾ ਨਾਲ ਅਗਲੀ ਪੀੜ੍ਹੀ ਨੂੰ ਜੋੜਨ ਦਾ ਇੱਕ ਸਾਰਥਕ ਯਤਨ ਬਣ ਗਿਆ ਹੈ।

ਸਾਥੀਓ,
ਇੱਥੇ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਮੈਂ ਵੀ ਅਯੋਧਿਆ ਵਿੱਚ ਵੀ ਸੀ। 25 ਨਵੰਬਰ ਨੂੰ ਵਿਵਾਹ ਪੰਚਮੀ ਦੇ ਸ਼ੁਭ ਦਿਨ, ਅਯੋਧਿਆ ਦੇ ਰਾਮ ਜਨਮ-ਭੂਮੀ ਮੰਦਰ ਵਿੱਚ ਧਰਮ ਧ੍ਵਜ ਦੀ ਸਥਾਪਨਾ ਹੋਈ ਹੈ। ਅਯੋਧਿਆ ਤੋਂ ਉਡੁਪੀ ਤੱਕ ਅਣਗਿਣਤ ਰਾਮ ਭਗਤ ਇਸ ਸਭ ਤੋਂ ਬ੍ਰਹਮ ਅਤੇ ਸ਼ਾਨਦਾਰ ਸਮਾਰੋਹ ਦੇ ਗਵਾਹ ਬਣੇ ਹਨ। ਰਾਮ ਮੰਦਰ ਅੰਦੋਲਨ ਵਿੱਚ ਉਡੁਪੀ ਦੀ ਭੂਮਿਕਾ ਕਿੰਨੀ ਵੱਡੀ ਹੈ, ਸਾਰਾ ਦੇਸ਼ ਇਸ ਨੂੰ ਜਾਣਦਾ ਹੈ। ਸਤਿਕਾਰਯੋਗ ਸਵਰਗੀ ਵਿਸ਼ਵੇਸ਼ ਤੀਰਥ ਸਵਾਮੀ ਜੀ ਨੇ ਦਹਾਕਿਆਂ ਪਹਿਲਾਂ ਰਾਮ ਮੰਦਰ ਦੇ ਪੂਰੇ ਅੰਦੋਲਨ ਨੂੰ ਜੋ ਦਿਸ਼ਾ ਦਿੱਤੀ, ਝੰਡਾ ਲਹਿਰਾਉਣਾ ਸਮਾਰੋਹ ਉਸੇ ਯੋਗਦਾਨ ਦੀ ਸਿੱਧੀ ਦਾ ਤਿਉਹਾਰ ਬਣਿਆ ਹੈ। ਉਡੁਪੀ ਲਈ ਰਾਮ ਮੰਦਰ ਦਾ ਨਿਰਮਾਣ ਇੱਕ ਹੋਰ ਕਾਰਨ ਕਰਕੇ ਖ਼ਾਸ ਹੈ। ਨਵੇਂ ਮੰਦਰ ਵਿੱਚ ਜਗਦਗੁਰੂ ਮਧਵਾਚਾਰੀਆ ਜੀ ਦੇ ਨਾਮ 'ਤੇ ਇੱਕ ਵੱਡਾ ਦਰਵਾਜ਼ਾ ਵੀ ਬਣਾਇਆ ਗਿਆ ਹੈ। ਭਗਵਾਨ ਰਾਮ ਦੇ ਜੋਸ਼ੀਲੇ ਭਗਤ, ਜਗਦਗੁਰੂ ਮਧਵਾਚਾਰੀਆ ਜੀ ਨੇ ਲਿਖਿਆ ਸੀ - ਰਾਮਾਯ ਸੁਵਿਸਤ੍ਰਿਤ ਸ਼ਡਗੁਣਾਯ, ਸਰਵੇਸ਼ਵਰਾਯ ਬਲ-ਵੀਰਯ ਮਹਾਰਣਵਾਯ (रामाय शाश्वत सुविस्तृत षड्गुणाय, सर्वेश्वराय बल-वीर्य महार्णवाय), ਭਾਵ, ਭਗਵਾਨ ਸ਼੍ਰੀ ਰਾਮ - ਛੇ ਬ੍ਰਹਮ ਗੁਣਾਂ ਨਾਲ ਸ਼ਿੰਗਾਰੇ ਹੋਏ, ਸਭ ਦੇ ਪ੍ਰਭੂ ਹਨ ਅਤੇ ਬੇਅੰਤ ਤਾਕਤ ਅਤੇ ਹਿੰਮਤ ਦੇ ਸਾਗਰ ਹਨ ਅਤੇ ਇਸੇ ਲਈ ਰਾਮ ਮੰਦਰ ਕੰਪਲੈਕਸ ਦਾ ਇੱਕ ਦਰਵਾਜ਼ਾ ਉਨ੍ਹਾਂ ਦੇ ਨਾਮ 'ਤੇ ਹੋਣਾ ਉਡੁਪੀ, ਕਰਨਾਟਕ ਅਤੇ ਪੂਰੇ ਦੇਸ਼ ਦੇ ਲੋਕਾਂ ਲਈ ਬਹੁਤ ਮਾਣ ਦੀ ਗੱਲ ਹੈ।
ਸਾਥੀਓ,
ਜਗਦਗੁਰੂ ਸ਼੍ਰੀ ਮਧਵਾਚਾਰੀਆ ਜੀ ਭਾਰਤ ਦੇ ਦਵੈਤ ਫ਼ਲਸਫ਼ੇ ਦੇ ਮੋਢੀ ਅਤੇ ਵੇਦਾਂਤ ਦੇ ਚਾਨਣ-ਮੁਨਾਰੇ ਹਨ। ਉਨ੍ਹਾਂ ਵੱਲੋਂ ਬਣਾਈ ਗਈ ਉਡੁਪੀ ਦੇ ਅੱਠ ਮੱਠਾਂ ਦੀ ਪ੍ਰਣਾਲੀ, ਅਦਾਰਿਆਂ ਅਤੇ ਨਵੀਂਆਂ ਰਵਾਇਤਾਂ ਦੀ ਸਿਰਜਣਾ ਦਾ ਇੱਕ ਠੋਸ ਉਦਾਹਰਣ ਹੈ। ਇੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭਗਤੀ ਹੈ, ਵੇਦਾਂਤ ਦਾ ਗਿਆਨ ਹੈ ਅਤੇ ਹਜ਼ਾਰਾਂ ਲੋਕਾਂ ਦੀ ਅੰਨ ਸੇਵਾ ਦਾ ਸੰਕਲਪ ਹੈ। ਇੱਕ ਤਰ੍ਹਾਂ ਨਾਲ ਇਹ ਜਗ੍ਹਾ ਗਿਆਨ, ਭਗਤੀ ਅਤੇ ਸੇਵਾ ਦਾ ਸੰਗਮ ਤੀਰਥ ਹੈ।
ਸਾਥੀਓ,
ਜਿਸ ਸਮੇਂ ਜਗਦਗੁਰੂ ਮਧਵਾਚਾਰੀਆ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਬਹੁਤ ਸਾਰੀਆਂ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨਾਲ ਜੂਝ ਰਿਹਾ ਸੀ। ਉਸ ਸਮੇਂ ਉਨ੍ਹਾਂ ਨੇ ਭਗਤੀ ਦਾ ਉਹ ਰਸਤਾ ਦਿਖਾਇਆ, ਜਿਸ ਨਾਲ ਸਮਾਜ ਦਾ ਹਰ ਵਰਗ, ਹਰ ਵਿਸ਼ਵਾਸ ਜੁੜ ਸਕਦੇ ਸੀ ਅਤੇ ਇਸ ਮਾਰਗ ਦਰਸ਼ਨ ਕਾਰਨ ਅੱਜ ਕਈ ਸਦੀਆਂ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਸਥਾਪਿਤ ਮੱਠ ਰੋਜ਼ਾਨਾ ਲੱਖਾਂ ਲੋਕਾਂ ਦੀ ਸੇਵਾ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪ੍ਰੇਰਨਾ ਕਾਰਨ ਦਵੈਤ ਰਵਾਇਤ ਵਿੱਚ ਅਜਿਹੀਆਂ ਕਈ ਮਹਾਨ ਸ਼ਖ਼ਸੀਅਤਾਂ ਜੰਮੀਆਂ ਹਨ, ਜਿਨ੍ਹਾਂ ਨੇ ਹਮੇਸ਼ਾ ਧਰਮ, ਸੇਵਾ ਅਤੇ ਸਮਾਜ ਨਿਰਮਾਣ ਦਾ ਕੰਮ ਅੱਗੇ ਵਧਾਇਆ ਹੈ ਅਤੇ ਜਨ ਸੇਵਾ ਦੀ ਇਹ ਸਦੀਵੀ ਰਵਾਇਤ ਹੀ, ਉਡੁਪੀ ਦੀ ਸਭ ਤੋਂ ਵੱਡੀ ਵਿਰਾਸਤ ਹੈ।

ਸਾਥੀਓ,
ਇਹ ਜਗਦਗੁਰੂ ਮਧਵਾਚਾਰੀਆ ਦੀ ਰਵਾਇਤ ਨੇ ਹੀ ਹਰਿਦਾਸ ਰਵਾਇਤ ਨੂੰ ਊਰਜਾ ਦਿੱਤੀ। ਪੁਰੰਦਰ ਦਾਸ, ਕਨਕ ਦਾਸ ਜਿਹੇ ਮਹਾਪੁਰਸ਼ਾਂ ਨੇ ਭਗਤੀ ਨੂੰ ਸਰਲ, ਦਿਲਚਸਪ ਅਤੇ ਸੌਖੀ ਕੰਨੜ ਭਾਸ਼ਾ ਵਿੱਚ ਸਾਰੇ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਦੀਆਂ ਇਹ ਰਚਨਾਵਾਂ, ਹਰ ਮਨ ਤੱਕ, ਗ਼ਰੀਬ ਤੋਂ ਗ਼ਰੀਬ ਵਰਗ ਤੱਕ ਪਹੁੰਚੀਆਂ ਅਤੇ ਉਨ੍ਹਾਂ ਨੂੰ ਧਰਮ ਨਾਲ, ਸਨਾਤਨ ਵਿਚਾਰਾਂ ਨਾਲ ਜੋੜਿਆ। ਇਹ ਰਚਨਾਵਾਂ ਅੱਜ ਦੀ ਪੀੜ੍ਹੀ ਵਿੱਚ ਵੀ ਓਨੀਆਂ ਹੀ ਪ੍ਰਸੰਗਿਕ ਹਨ। ਅੱਜ ਵੀ ਸਾਡੇ ਨੌਜਵਾਨ ਸੋਸ਼ਲ ਮੀਡੀਆ ਦੀਆਂ ਰੀਲਾਂ ਵਿੱਚ, ਸ਼੍ਰੀ ਪੁਰੰਦਰਦਾਸ ਵੱਲੋਂ ਰਚੇ ਚੰਦਰਚੂੜ ਸ਼ਿਵ ਸ਼ੰਕਰ ਪਾਰਵਤੀ ਨੂੰ ਸੁਣ ਕੇ ਇੱਕ ਵੱਖਰੀ ਭਾਵਨਾ ਵਿੱਚ ਪਹੁੰਚ ਜਾਂਦੇ ਹਨ। ਅੱਜ ਵੀ, ਜਦੋਂ ਉਡੁਪੀ ਵਿੱਚ ਮੇਰੇ ਜਿਹਾ ਕੋਈ ਭਗਤ ਇੱਕ ਛੋਟੀ ਜਿਹੀ ਖਿੜਕੀ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰਦਾ ਹੈ, ਤਾਂ ਉਸ ਨੂੰ ਕਨਕ ਦਾਸ ਜੀ ਦੀ ਭਗਤੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਮੈਂ ਤਾਂ ਬਹੁਤ ਖ਼ੁਸ਼ਕਿਸਮਤ ਹਾਂ, ਮੈਨੂੰ ਇਸ ਤੋਂ ਪਹਿਲਾਂ ਵੀ, ਇਹ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ। ਕਨਕਦਾਸ ਜੀ ਨੂੰ ਨਮਨ ਕਰਨ ਦਾ ਸੁਭਾਗ ਮਿਲਿਆ ਹੈ।
ਸਾਥੀਓ,
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਉਪਦੇਸ਼, ਉਨ੍ਹਾਂ ਦੀ ਸਿੱਖਿਆਵਾਂ, ਹਰ ਯੁੱਗ ਵਿੱਚ ਵਿਹਾਰਕ ਹਨ। ਗੀਤਾ ਦੇ ਸ਼ਬਦ ਸਿਰਫ਼ ਵਿਅਕਤੀ ਹੀ ਨਹੀਂ, ਰਾਸ਼ਟਰੀ ਦੀ ਨੀਤੀ ਨੂੰ ਵੀ ਦਿਸ਼ਾ ਦਿੰਦੇ ਹਨ। ਭਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਨੇ ਸਰਵਭੂਤਹਿਤੇ ਰਤਾ: ਇਹ ਗੱਲ ਕਹੀ ਹੈ। ਗੀਤ ਵਿੱਚ ਹੀ ਕਿਹਾ ਗਿਆ ਹੈ - ਲੋਕ ਸੰਗ੍ਰਹਮ ਏਵਾਪਿ, ਸਮ ਪਸ਼ਯਨ ਕਰਤੁਮ ਅਰਹਸੀ! (लोक संग्रहम् एवापि, सम् पश्यन् कर्तुम् अर्हसि!) ਇਨ੍ਹਾਂ ਦੋਵਾਂ ਹੀ ਸਲੋਕਾਂ ਦਾ ਮਤਲਬ ਇਹ ਹੈ ਕਿ ਅਸੀਂ ਲੋਕ ਭਲਾਈ ਦੇ ਲਈ ਕੰਮ ਕਰੀਏ। ਆਪਣੇ ਪੂਰੇ ਜੀਵਨ ਵਿੱਚ, ਜਗਦਗੁਰੂ ਮਧਵਾਚਾਰੀਆ ਜੀ ਨੇ ਇਨ੍ਹਾਂ ਭਾਵਨਾਵਾਂ ਨੂੰ ਲੈ ਕੇ ਭਾਰਤ ਦੀ ਏਕਤਾ ਨੂੰ ਮਜ਼ਬੂਤ ਕੀਤਾ।
ਸਾਥੀਓ,
ਅੱਜ ਸਭਕਾ ਸਾਥ, ਸਬਕਾ ਵਿਕਾਸ, ਸਰਵਜਨ ਹਿਤਾਯ, ਸਰਵਜਨ ਸੁਖਾਯ, ਇਹ ਸਾਡੀਆਂ ਨੀਤੀਆਂ ਦੇ ਪਿੱਛੇ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇਨ੍ਹਾਂ ਸਲੋਕਾਂ ਦੀ ਪ੍ਰੇਰਨਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਗ਼ਰੀਬਾਂ ਦੀ ਮਦਦ ਦਾ ਮੰਤਰ ਦਿੰਦੇ ਹਨ ਅਤੇ ਇਸੇ ਮੰਤਰ ਦੀ ਪ੍ਰੇਰਨਾ ਆਯੁਸ਼ਮਾਨ ਭਾਰਤ ਅਤੇ ਪੀਐੱਮ ਆਵਾਸ ਜਿਹੀਆਂ ਯੋਜਨਾਵਾਂ ਦਾ ਅਧਾਰ ਬਣ ਜਾਂਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਮਹਿਲਾ ਸੁਰੱਖਿਆ ਅਤੇ ਮਹਿਲਾ ਸਸ਼ਕਤੀਕਰਨ ਦਾ ਗਿਆਨ ਸਿਖਾਉਂਦੇ ਹਨ ਅਤੇ ਇਸ ਗਿਆਨ ਦੀ ਪ੍ਰੇਰਨਾ ਨਾਲ ਦੇਸ਼ ਨਾਰੀ ਸ਼ਕਤੀ ਵੰਦਨ ਐਕਟ ਦਾ ਇਤਿਹਾਸਕ ਫ਼ੈਸਲਾ ਕਰਦਾ ਹੈ। ਸ਼੍ਰੀ ਕ੍ਰਿਸ਼ਨ ਸਾਨੂੰ ਸਾਰਿਆਂ ਦੀ ਭਲਾਈ ਦੀ ਗੱਲ ਸਿਖਾਉਂਦੇ ਹਨ ਅਤੇ ਇਹੀ ਗੱਲ ਵੈਕਸੀਨ ਮੈਤਰੀ, ਸੋਲਰ ਅਲਾਇੰਸ ਅਤੇ ਵਸੁਧੈਵ ਕੁਟੁੰਬਕਮ ਦੀਆਂ ਸਾਡੀਆਂ ਨੀਤੀਆਂ ਦਾ ਅਧਾਰ ਬਣਦੀ ਹੈ।

ਸਾਥੀਓ,
ਸ਼੍ਰੀ ਕ੍ਰਿਸ਼ਨ ਨੇ ਗੀਤਾ ਦਾ ਸੁਨੇਹਾ ਜੰਗ ਦੇ ਮੈਦਾਨ ‘ਤੇ ਦਿੱਤਾ ਸੀ ਅਤੇ ਭਗਵਤ ਗੀਤਾ ਸਾਨੂੰ ਇਹ ਸਿਖਾਉਂਦੀ ਹੈ ਕਿ ਸ਼ਾਂਤੀ ਅਤੇ ਸੱਚ ਦੀ ਸਥਾਪਨਾ ਲਈ ਜ਼ਾਲਮਾਂ ਦਾ ਅੰਤ ਵੀ ਜ਼ਰੂਰੀ ਹੈ। ਰਾਸ਼ਟਰ ਦੀ ਸੁਰੱਖਿਆ ਨੀਤੀ ਦਾ ਮੂਲ ਤੱਤ ਇਹੀ ਹੈ, ਅਸੀਂ ਵਸੁਧੈਵ ਕੁਟੁੰਬਕਮ ਵੀ ਕਹਿੰਦੇ ਹਾਂ ਅਤੇ ਅਸੀਂ ਧਰਮੋਂ ਰਕਸ਼ਤੀ ਰਕਸ਼ਿਤ: (धर्मो रक्षति रक्षित:) ਦਾ ਮੰਤਰ ਵੀ ਦੁਹਰਾਉਂਦੇ ਹਾਂ। ਅਸੀਂ ਲਾਲ ਕਿਲ੍ਹੇ ਤੋਂ ਸ਼੍ਰੀ ਕ੍ਰਿਸ਼ਨ ਦੀ ਹਮਦਰਦੀ ਦਾ ਸੁਨੇਹਾ ਵੀ ਦਿੰਦੇ ਹਾਂ ਅਤੇ ਉਸੇ ਮੰਚ ਤੋਂ ਮਿਸ਼ਨ ਸੁਦਰਸ਼ਨ ਚੱਕਰ ਦਾ ਐਲਾਨ ਵੀ ਕਰਦੇ ਹਾਂ। ਮਿਸ਼ਨ ਸੁਦਰਸ਼ਨ ਚੱਕਰ, ਭਾਵ ਦੇਸ਼ ਦੇ ਮੁੱਖ ਸਥਾਨਾਂ ਦੀ, ਦੇਸ਼ ਦੇ ਉਦਯੋਗਿਕ ਅਤੇ ਜਨਤਕ ਖੇਤਰਾਂ ਦੀ ਸੁਰੱਖਿਆ ਦੀ ਅਜਿਹੀ ਕੰਧ ਬਣਾਉਣਾ, ਜਿਸ ਨੂੰ ਦੁਸ਼ਮਣ ਪਾਰ ਨਾ ਕਰ ਸਕੇ ਅਤੇ ਜੇਕਰ ਦੁਸ਼ਮਣ ਹਿੰਮਤ ਦਿਖਾਵੇ, ਤਾਂ ਫਿਰ ਸਾਡਾ ਸੁਦਰਸ਼ਨ ਚੱਕਰ ਉਸਨੂੰ ਤਬਾਹ ਕਰ ਦੇਵੇ।
ਸਾਥੀਓ,
ਆਪ੍ਰੇਸ਼ਨ ਸਿੰਧੂਰ ਦੀ ਕਾਰਵਾਈ ਵਿੱਚ ਵੀ ਦੇਸ਼ ਨੇ ਇਹ ਸੰਕਲਪ ਦੇਖਿਆ ਹੈ। ਪਹਿਲਗਾਮ ਦੇ ਅੱਤਵਾਦੀ ਹਮਲੇ ਵਿੱਚ ਕਈ ਦੇਸ਼ਵਾਸੀਆਂ ਨੇ ਆਪਣੀਆਂ ਜਾਨਾਂ ਗੁਆਈਆਂ। ਇਨ੍ਹਾਂ ਪੀੜਤਾਂ ਵਿੱਚ ਮੇਰੇ ਕਰਨਾਟਕ ਦੇ ਭਾਈ-ਭੈਣ ਵੀ ਸਨ। ਪਰ ਪਹਿਲਾਂ ਜਦੋਂ ਅਜਿਹੇ ਅੱਤਵਾਦੀ ਹਮਲੇ ਹੁੰਦੇ ਸਨ, ਤਾਂ ਸਰਕਾਰਾਂ ਹੱਥ ‘ਤੇ ਹੱਥ ਰੱਖ ਕੇ ਬੈਠ ਜਾਂਦੀਆਂ ਸੀ। ਪਰ ਇਹ ਨਵਾਂ ਭਾਰਤ ਹੈ, ਇਹ ਨਾ ਕਿਸੇ ਦੇ ਅੱਗੇ ਝੁਕਦਾ ਹੈ ਅਤੇ ਨਾ ਹੀ ਆਪਣੇ ਨਾਗਰਿਕਾਂ ਦੀ ਰੱਖਿਆ ਦੇ ਫ਼ਰਜ਼ ਤੋਂ ਭੱਜਦਾ ਹੈ। ਅਸੀਂ ਸ਼ਾਂਤੀ ਦੀ ਸਥਾਪਨਾ ਵੀ ਜਾਣਦੇ ਹਾਂ ਅਤੇ ਸ਼ਾਂਤੀ ਦੀ ਰੱਖਿਆ ਕਰਨਾ ਵੀ ਜਾਣਦੇ ਹਾਂ।
ਸਾਥੀਓ,
ਭਗਵਤ ਗੀਤਾ ਸਾਨੂੰ ਸਾਡੇ ਫ਼ਰਜ਼ਾਂ ਅਤੇ ਸਾਡੇ ਜੀਵਨ ਸੰਕਲਪਾਂ ਤੋਂ ਜਾਣੂ ਕਰਵਾਉਂਦੀ ਹੈ ਅਤੇ ਇਸੇ ਪ੍ਰੇਰਨਾ ਨਾਲ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਕੁਝ ਸੰਕਲਪਾਂ ਦੀ ਬੇਨਤੀ ਵੀ ਕਰਾਂਗਾ। ਇਹ ਬੇਨਤੀਆਂ, ਨੌਂ ਸੰਕਲਪਾਂ ਦੀ ਤਰ੍ਹਾਂ ਹਨ, ਜੋ ਸਾਡੇ ਵਰਤਮਾਨ ਅਤੇ ਭਵਿੱਖ ਲਈ ਬਹੁਤ ਅਹਿਮ ਹਨ। ਸੰਤ ਸਮਾਜ ਜਦੋਂ ਇਨ੍ਹਾਂ ਬੇਨਤੀਆਂ ’ਤੇ ਆਪਣਾ ਅਸ਼ੀਰਵਾਦ ਦੇ ਦੇਵੇਗਾ, ਤਾਂ ਇਨ੍ਹਾਂ ਨੂੰ ਸਾਰੇ ਲੋਕਾਂ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕੇਗਾ।
ਸਾਥੀਓ,
ਸਾਡਾ ਪਹਿਲਾ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਪਾਣੀ ਦੀ ਸੰਭਾਲ ਕਰਨੀ ਹੈ, ਪਾਣੀ ਬਚਾਉਣਾ ਹੈ ਅਤੇ ਦਰਿਆਵਾਂ ਨੂੰ ਬਚਾਉਣਾ ਹੈ। ਸਾਡਾ ਦੂਜਾ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਰੁੱਖ ਲਗਾਵਾਂਗੇ, ਦੇਸ਼ ਭਰ ਵਿੱਚ ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਨੂੰ ਗਤੀ ਮਿਲ ਰਹੀ ਹੈ। ਇਸ ਮੁਹਿੰਮ ਨਾਲ ਜੇਕਰ ਸਾਰੇ ਮੱਠਾਂ ਦੀ ਸਮਰੱਥਾ ਜੁੜ ਜਾਵੇਗੀ, ਤਾਂ ਇਸ ਦਾ ਪ੍ਰਭਾਵ ਹੋਰ ਵੀ ਵੱਡਾ ਹੋਵੇਗਾ। ਤੀਜਾ ਸੰਕਲਪ ਇਹ ਹੈ ਕਿ ਅਸੀਂ ਦੇਸ਼ ਦੇ ਘੱਟੋ-ਘੱਟ ਇੱਕ ਗ਼ਰੀਬ ਦੀ ਜ਼ਿੰਦਗੀ ਸੁਧਾਰਨ ਦਾ ਯਤਨ ਕਰੀਏ, ਮੈਂ ਜ਼ਿਆਦਾ ਨਹੀਂ ਕਹਿ ਰਿਹਾ ਹਾਂ। ਚੌਥਾ ਸੰਕਲਪ ਸਵਦੇਸ਼ੀ ਦਾ ਵਿਚਾਰ ਹੋਣਾ ਚਾਹੀਦਾ ਹੈ। ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਅਸੀਂ ਸਾਰੇ ਸਵਦੇਸ਼ੀ ਨੂੰ ਅਪਣਾਈਏ। ਅੱਜ ਭਾਰਤ ਸਵੈ-ਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਮੰਤਰ 'ਤੇ ਅੱਗੇ ਵਧ ਰਿਹਾ ਹੈ। ਸਾਡੀ ਅਰਥ-ਵਿਵਸਥਾ, ਸਾਡੇ ਉਦਯੋਗ, ਸਾਡੀ ਟੈਕਨੌਲੋਜੀ, ਸਾਰੇ ਆਪਣੇ ਪੈਰਾਂ 'ਤੇ ਮਜ਼ਬੂਤੀ ਨਾਲ ਖੜ੍ਹੇ ਹੋ ਰਹੇ ਹਨ। ਇਸ ਲਈ ਅਸੀਂ ਜ਼ੋਰ-ਸ਼ੋਰ ਨਾਲ ਕਹਿਣਾ ਹੈ: ਵੋਕਲ ਫ਼ਾਰ ਲੋਕਲ। ਵੋਕਲ ਫ਼ਾਰ ਲੋਕਲ। ਵੋਕਲ ਫ਼ਾਰ ਲੋਕਲ। ਵੋਕਲ ਫ਼ਾਰ ਲੋਕਲ।

ਸਾਥੀਓ,
ਪੰਜਵੇਂ ਸੰਕਲਪ ਵਜੋਂ ਅਸੀਂ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਹੈ। ਸਾਡਾ ਛੇਵਾਂ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਵਾਂਗੇ, ਮਿਲੇਟਸ ਅਪਣਾਵਾਂਗੇ ਅਤੇ ਖਾਣੇ ਵਿੱਚ ਤੇਲ ਦੀ ਮਾਤਰਾ ਘੱਟ ਕਰਾਂਗੇ। ਸਾਡਾ ਸੱਤਵਾਂ ਸੰਕਲਪ ਇਹ ਹੋਵੇ ਕਿ ਅਸੀਂ ਯੋਗ ਨੂੰ ਅਪਣਾਈਏ, ਇਸ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ। ਅੱਠਵਾਂ ਸੰਕਲਪ - ਹੱਥ-ਲਿਖਤਾਂ ਦੀ ਸੰਭਾਲ ਵਿੱਚ ਸਹਿਯੋਗ ਕਰੀਏ। ਸਾਡੇ ਦੇਸ਼ ਦਾ ਬਹੁਤ ਸਾਰਾ ਪ੍ਰਾਚੀਨ ਗਿਆਨ ਹੱਥ-ਲਿਖਤਾਂ ਵਿੱਚ ਲੁਕਿਆ ਹੋਇਆ ਹੈ। ਇਸ ਗਿਆਨ ਨੂੰ ਸੰਭਾਲਣ ਲਈ ਕੇਂਦਰ ਸਰਕਾਰ ਗਿਆਨ ਭਾਰਤਮ ਮਿਸ਼ਨ 'ਤੇ ਕੰਮ ਕਰ ਰਹੀ ਹੈ। ਤੁਹਾਡਾ ਸਹਿਯੋਗ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਵਿੱਚ ਮਦਦ ਕਰੇਗਾ।
ਸਾਥੀਓ,
ਤੁਸੀਂ ਨੌਵਾਂ ਸੰਕਲਪ ਲਓ ਕਿ ਅਸੀਂ ਘੱਟੋ-ਘੱਟ ਦੇਸ਼ ਦੇ 25 ਸਥਾਨਾਂ ਦੇ ਦਰਸ਼ਨ ਕਰਾਂਗੇ, ਜੋ ਸਾਡੀ ਵਿਰਾਸਤ ਨਾਲ ਜੁੜੇ ਹਨ। ਜਿਵੇਂ ਮੈਂ ਤੁਹਾਨੂੰ ਕੁਝ ਸੁਝਾਅ ਦਿੰਦਾ ਹਾਂ। 3-4 ਦਿਨ ਪਹਿਲਾਂ, ਕੁਰੂਕਸ਼ੇਤਰ ਵਿੱਚ ਮਹਾਭਾਰਤ ਅਨੁਭਵ ਕੇਂਦਰ ਦੀ ਸ਼ੁਰੂਆਤ ਹੋਈ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਸ ਕੇਂਦਰ ਵਿੱਚ ਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜੀਵਨ ਦਰਸ਼ਨ ਦੇਖੋ। ਗੁਜਰਾਤ ਵਿੱਚ ਹਰ ਸਾਲ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਮਾਂ ਰੁਕਮਣੀ ਦੇ ਵਿਆਹ ਨੂੰ ਸਮਰਪਿਤ ਮਾਧਵਪੁਰ ਮੇਲਾ ਵੀ ਲਗਦਾ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਅਤੇ ਖ਼ਾਸ ਕਰਕੇ ਉੱਤਰ-ਪੂਰਬ ਤੋਂ ਬਹੁਤ ਸਾਰੇ ਲੋਕ ਇਸ ਮੇਲੇ ਵਿੱਚ ਖ਼ਾਸ ਤੌਰ ‘ਤੇ ਆਉਂਦੇ ਹਨ। ਤੁਸੀਂ ਵੀ ਅਗਲੇ ਸਾਲ ਇਸ ਵਿੱਚ ਜਾਣ ਦਾ ਯਤਨ ਜ਼ਰੂਰ ਕਰਿਓ।

ਸਾਥੀਓ,
ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਰੀ ਜ਼ਿੰਦਗੀ, ਗੀਤਾ ਦਾ ਹਰ ਅਧਿਆਇ, ਕਰਮ, ਕਰਤੱਵ ਅਤੇ ਭਲਾਈ ਦਾ ਸੁਨੇਹਾ ਦਿੰਦਾ ਹੈ। ਸਾਡੇ ਭਾਰਤੀਆਂ ਲਈ 2047 ਦਾ ਕਾਲ ਸਿਰਫ਼ ਅੰਮ੍ਰਿਤ ਕਾਲ ਹੀ ਨਹੀਂ, ਵਿਕਸਿਤ ਭਾਰਤ ਦੇ ਨਿਰਮਾਣ ਦਾ ਇੱਕ ਕਰਤੱਵ ਕਾਲ ਵੀ ਹੈ। ਦੇਸ਼ ਦੇ ਹਰ ਨਾਗਰਿਕ ਦੀ, ਹਰ ਭਾਰਤਵਾਸੀ ਦੀ ਆਪਣੀ ਇੱਕ ਜ਼ਿੰਮੇਵਾਰੀ ਹੈ। ਹਰ ਵਿਅਕਤੀ ਦਾ, ਹਰ ਅਦਾਰੇ ਦਾ ਆਪਣਾ ਇੱਕ ਕਰਤੱਵ (ਫ਼ਰਜ਼) ਹੈ ਅਤੇ ਇਨ੍ਹਾਂ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਕਰਨਾਟਕ ਦੇ ਮਿਹਨਤੀ ਲੋਕਾਂ ਦੀ ਭੂਮਿਕਾ ਬਹੁਤ ਵੱਡੀ ਹੈ। ਸਾਡਾ ਹਰ ਯਤਨ ਦੇਸ਼ ਲਈ ਹੋਣਾ ਚਾਹੀਦਾ ਹੈ। ਫ਼ਰਜ਼ ਦੀ ਇਸ ਭਾਵਨਾ ‘ਤੇ ਚਲਦੇ ਹੋਏ ਵਿਕਸਿਤ ਕਰਨਾਟਕ, ਵਿਕਸਿਤ ਭਾਰਤ ਦਾ ਸੁਪਨਾ ਵੀ ਸਾਕਾਰ ਹੋਵੇਗਾ। ਇਸ ਉਮੀਦ ਨਾਲ ਉਡੁਪੀ ਦੀ ਧਰਤੀ ਤੋਂ ਨਿਕਲੀ ਇਹ ਊਰਜਾ, ਵਿਕਸਿਤ ਭਾਰਤ ਦੇ ਇਸ ਸੰਕਲਪ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਰਹੇ। ਇੱਕ ਵਾਰ ਫਿਰ ਇਸ ਪਵਿੱਤਰ ਆਯੋਜਨ ਨਾਲ ਜੁੜੇ ਹਰ ਭਾਗੀਦਾਰ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਸਾਰਿਆਂ ਨੂੰ - ਜੈ ਸ਼੍ਰੀ ਕ੍ਰਿਸ਼ਨ! ਜੈ ਸ਼੍ਰੀ ਕ੍ਰਿਸ਼ਨ! ਜੈ ਸ਼੍ਰੀ ਕ੍ਰਿਸ਼ਨ!


