ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕਰਨਗੇ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਭਾਰਤ ਅਤੇ ਜੌਰਡਨ ਵਿਚਾਲੇ ਹਰ ਤਰ੍ਹਾਂ ਦੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਭਾਰਤ-ਜੌਰਡਨ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਸਾਂਝੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਨਵੇਂ ਮੌਕੇ ਭਾਲਣ ਅਤੇ ਖੇਤਰੀ ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਦਿੰਦੀ ਹੈ।
ਯਾਤਰਾ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ ਦੇ ਸੱਦੇ 'ਤੇ 16-17 ਦਸੰਬਰ, 2025 ਨੂੰ ਇਥੋਪੀਆ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਇਥੋਪੀਆ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ, ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਅਲੀ ਨਾਲ ਭਾਰਤ-ਇਥੋਪੀਆ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਵਿਆਪਕ ਚਰਚਾ ਕਰਨਗੇ। ਗਲੋਬਲ ਸਾਊਥ ਦੇ ਭਾਈਵਾਲਾਂ ਵਜੋਂ ਇਹ ਯਾਤਰਾ ਦੋਵਾਂ ਦੇਸ਼ਾਂ ਦੀ ਮਿੱਤਰਤਾ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦੁਹਰਾਏਗੀ।
ਯਾਤਰਾ ਦੇ ਅੰਤਿਮ ਪੜਾਅ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਓਮਾਨ ਦੇ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ 'ਤੇ 17-18 ਦਸੰਬਰ, 2025 ਨੂੰ ਓਮਾਨ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਓਮਾਨ ਦੀ ਦੂਜੀ ਯਾਤਰਾ ਹੋਵੇਗੀ। ਭਾਰਤ ਅਤੇ ਓਮਾਨ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਹੈ, ਜੋ ਸਦੀਆਂ ਪੁਰਾਣੀ ਮਿੱਤਰਤਾ, ਵਪਾਰਕ ਸਬੰਧਾਂ ਅਤੇ ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ 'ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ 'ਤੇ ਅਤੇ ਓਮਾਨ ਦੇ ਮਹਾਮਹਿਮ ਸੁਲਤਾਨ ਦੇ ਦਸੰਬਰ, 2023 ਵਿੱਚ ਭਾਰਤ ਦੇ ਰਾਜਕੀ ਦੌਰੇ ਤੋਂ ਬਾਅਦ ਹੋ ਰਹੀ ਹੈ। ਇਹ ਯਾਤਰਾ ਦੋਵਾਂ ਪੱਖਾਂ ਲਈ ਵਪਾਰ, ਨਿਵੇਸ਼, ਊਰਜਾ, ਰੱਖਿਆ, ਸੁਰੱਖਿਆ, ਟੈਕਨਾਲੋਜੀ, ਖੇਤੀਬਾੜੀ ਅਤੇ ਸਭਿਆਚਾਰ ਦੇ ਖੇਤਰਾਂ ਸਮੇਤ ਦੁਵੱਲੀ ਭਾਈਵਾਲੀ ਦੀ ਵਿਆਪਕ ਸਮੀਖਿਆ ਕਰਨ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗੀ।


