ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਵਡੋਦਰਾ ਵਿੱਚ ਸੀ-295 ਹਵਾਈ ਜਹਾਜ਼ ਨਿਰਮਾਣ ਇਕਾਈ ਦਾ ਨੀਂਹ ਪੱਥਰ ਰੱਖਣਗੇ
ਇਹ ਦੇਸ਼ ਵਿੱਚ ਨਿੱਜੀ ਖੇਤਰ ਦੀ ਪਹਿਲੀ ਹਵਾਈ ਜਹਾਜ਼ ਨਿਰਮਾਣ ਇਕਾਈ ਹੋਵੇਗੀ
ਖੇਤਰ ਵਿੱਚ ਜਲ ਸਪਲਾਈ ਨੂੰ ਵਧਾਉਣ ਲਈ ਥਰਾਦ, ਬਨਾਸਕਾਂਠਾ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਲਈ ਕੰਮ ਸ਼ੁਰੂ ਕੀਤਾ ਜਾਵੇਗਾ
ਪ੍ਰਧਾਨ ਮੰਤਰੀ ਪੰਚਮਹਲ ਦੇ ਜੰਬੂਘੋੜਾ ਵਿੱਚ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਅਸਾਰਵਾ, ਅਹਿਮਦਾਬਾਦ ਵਿੱਚ 2900 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਆਰੰਭ 4.0 ਦੀ ਸਮਾਪਤੀ 'ਤੇ 97ਵੇਂ ਸਾਂਝੇ ਬੁਨਿਆਦੀ ਕੋਰਸ ਦੇ ਅਫਸਰ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਕੇਵੜੀਆ ਵਿਖੇ ਦੋ ਨਵੇਂ ਸੈਲਾਨੀ ਆਕਰਸ਼ਣ - ਮੇਜ਼ ਗਾਰਡਨ ਅਤੇ ਮੀਆਵਾਕੀ ਫੋਰੈਸਟ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਆਜ਼ਾਦੀ ਸੰਗਰਾਮ ਦੇ ਅਣਗੌਲੇ ਕਬਾਇਲੀ ਨਾਇਕਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਜਨਤਕ ਪ੍ਰੋਗਰਾਮ 'ਮਾਨਗੜ੍ਹ ਧਾਮ ਕੀ ਗੌਰਵ ਗਾਥਾ' ਵਿੱਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਅਕਤੂਬਰ ਤੋਂ 1 ਨਵੰਬਰ 2022 ਤੱਕ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ।

30 ਅਕਤੂਬਰ ਨੂੰ, ਪ੍ਰਧਾਨ ਮੰਤਰੀ ਵਡੋਦਰਾ ਵਿਖੇ ਸੀ-295 ਏਅਰਕ੍ਰਾਫਟ ਨਿਰਮਾਣ ਇਕਾਈ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ 31 ਅਕਤੂਬਰ ਨੂੰ ਕੇਵੜੀਆ ਦਾ ਦੌਰਾ ਕਰਨਗੇ। ਉਹ ਸਟੈਚਿਊ ਆਵ੍ ਯੂਨਿਟੀ 'ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨਗੇ। ਫਿਰ ਉਹ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਰੰਭ 4.0 ਦੀ ਸਮਾਪਤੀ 'ਤੇ 97ਵੇਂ ਸਾਂਝੇ ਬੁਨਿਆਦੀ ਕੋਰਸ ਦੇ ਅਫਸਰ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬਨਾਸਕਾਂਠਾ ਜ਼ਿਲ੍ਹੇ 'ਚ ਪਹੁੰਚਣਗੇ, ਜਿੱਥੇ ਉਹ ਥਰਾਦ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਅਹਿਮਦਾਬਾਦ ਵਿੱਚ ਰੇਲਵੇ ਦੇ ਅਹਿਮ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ 1 ਨਵੰਬਰ ਨੂੰ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ ਪਹੁੰਚਣਗੇ, ਜਿੱਥੇ ਉਹ ਇੱਕ ਜਨਤਕ ਪ੍ਰੋਗਰਾਮ ‘ਮਾਨਗੜ੍ਹ ਧਾਮ ਕੀ ਗੌਰਵ ਗਾਥਾ’ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਗੁਜਰਾਤ ਦੇ ਪੰਚਮਹਲ ਜ਼ਿਲੇ ਦੇ ਜੰਬੂਘੋੜਾ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਵਡੋਦਰਾ ਵਿੱਚ

ਪ੍ਰਧਾਨ ਮੰਤਰੀ ਸੀ-295 ਏਅਰਕ੍ਰਾਫਟ ਨਿਰਮਾਣ ਇਕਾਈ ਦਾ ਨੀਂਹ ਪੱਥਰ ਰੱਖਣਗੇ - ਇਹ ਦੇਸ਼ ਵਿੱਚ ਨਿੱਜੀ ਖੇਤਰ ਵਿੱਚ ਪਹਿਲੀ ਏਅਰਕ੍ਰਾਫਟ ਨਿਰਮਾਣ ਸਹੂਲਤ ਹੋਵੇਗੀ। ਇਸ ਸਹੂਲਤ ਦੀ ਵਰਤੋਂ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਅਤੇ ਏਅਰਬੱਸ ਡਿਫੈਂਸ ਐਂਡ ਸਪੇਸ, ਸਪੇਨ ਦਰਮਿਆਨ ਸਹਿਯੋਗ ਰਾਹੀਂ ਭਾਰਤੀ ਹਵਾਈ ਫੌਜ ਲਈ 40 ਸੀ-295 ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਕੀਤੀ ਜਾਵੇਗੀ। ਇਹ ਸਹੂਲਤ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਪ੍ਰਾਪਤ ਕਰਨ ਲਈ ਇੱਕ ਅਹਿਮ ਕਦਮ ਹੋਵੇਗੀ ਅਤੇ ਇਸ ਖੇਤਰ ਵਿੱਚ ਨਿੱਜੀ ਖਿਡਾਰੀਆਂ ਦੀ ਸਮਰੱਥਾ ਵਰਤੋਂ ਦੀ ਸ਼ੁਰੂਆਤ ਵਿੱਚ ਵੀ ਮਦਦ ਕਰੇਗੀ। ਪ੍ਰਧਾਨ ਮੰਤਰੀ ਆਤਮਨਿਰਭਰ ਭਾਰਤ ਦੇ ਤਹਿਤ ਏਰੋਸਪੇਸ ਉਦਯੋਗ ਵਿੱਚ ਤਕਨੀਕੀ ਅਤੇ ਨਿਰਮਾਣ ਦੀਆਂ ਤਰੱਕੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ।

ਪ੍ਰਧਾਨ ਮੰਤਰੀ ਕੇਵੜੀਆ ਵਿੱਚ 

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ 2014 ਵਿੱਚ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਲਈ ਸਾਡੇ ਸਮਰਪਣ ਨੂੰ ਹੋਰ ਊਰਜਾ ਦੇਣ ਲਈ, ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਭਾਵ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸਟੇਚੂ ਆਫ ਯੂਨਿਟੀ, ਕੇਵੜੀਆ ਵਿਖੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਇਹ ਜਸ਼ਨ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਗਵਾਹ ਬਣੇਗਾ, ਜਿਸ ਵਿੱਚ ਬੀਐੱਸਐੱਫ ਅਤੇ ਪੰਜ ਰਾਜ - ਉੱਤਰੀ ਜ਼ੋਨ (ਹਰਿਆਣਾ), ਪੱਛਮੀ ਜ਼ੋਨ (ਮੱਧ ਪ੍ਰਦੇਸ਼), ਦੱਖਣੀ ਜ਼ੋਨ (ਤੇਲੰਗਾਨਾ), ਪੂਰਬੀ ਜ਼ੋਨ (ਓਡੀਸ਼ਾ) ਅਤੇ ਉੱਤਰ ਪੂਰਬੀ ਜ਼ੋਨ (ਤ੍ਰਿਪੁਰਾ) ਦੇ ਪੁਲਿਸ ਬਲਾਂ ਦੀਆਂ ਟੁਕੜੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਟੁਕੜੀਆਂ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ 2022 ਦੇ ਛੇ ਪੁਲਿਸ ਖੇਡ ਮੈਡਲ ਜੇਤੂ ਵੀ ਪਰੇਡ ਵਿੱਚ ਹਿੱਸਾ ਲੈਣਗੇ।

ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਅੰਬਾਜੀ ਦੇ ਕਬਾਇਲੀ ਬੱਚਿਆਂ ਦੇ ਸੰਗੀਤਕ ਬੈਂਡ ਵਲੋਂ ਪੇਸ਼ ਕੀਤਾ ਜਾਵੇਗਾ। ਇਸ ਬੈਂਡ ਦੇ ਮੈਂਬਰ ਕਦੇ ਅੰਬਾਜੀ ਮੰਦਰ ਵਿੱਚ ਭੀਖ ਮੰਗਦੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਸੀ, ਜਦੋਂ ਉਨ੍ਹਾਂ ਨੇ ਪਿਛਲੇ ਮਹੀਨੇ ਆਪਣੀ ਅੰਬਾਜੀ ਦੀ ਫੇਰੀ ਦੌਰਾਨ ਉਨ੍ਹਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ। ਇਸ ਦੇ ਹੋਰ ਮੁੱਖ ਆਕਰਸ਼ਣਾਂ ਵਿੱਚ "ਹਮ ਏਕ ਹੈਂ, ਹਮ ਸ੍ਰੇਸ਼ਠ ਹੈਂ" ਥੀਮ 'ਤੇ ਐੱਨਸੀਸੀ ਵਲੋਂ ਇੱਕ ਵਿਸ਼ੇਸ਼ ਪ੍ਰਦਰਸ਼ਨ ਅਤੇ 'ਏਕ ਭਾਰਤ ਸ੍ਰੇਸ਼ਠ ਭਾਰਤ' 'ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹੈ, ਜੋ ਕਿ ਜੋੜੀਦਾਰ ਰਾਜਾਂ ਵਲੋਂ ਇਕੱਠਿਆਂ ਪ੍ਰਦਰਸ਼ਨ ਰਾਹੀਂ ਸਾਡੀ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰੇਗਾ।

ਪ੍ਰਧਾਨ ਮੰਤਰੀ ਆਰੰਭ 4.0 ਦੀ ਸਮਾਪਤੀ 'ਤੇ 97ਵੇਂ ਸਾਂਝੇ ਬੁਨਿਆਦੀ ਕੋਰਸ ਦੇ ਅਫਸਰ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ। ਆਰੰਭ ਦਾ ਚੌਥਾ ਐਡੀਸ਼ਨ "ਡਿਜੀਟਲ ਗਵਰਨੈਂਸ: ਫਾਊਂਡੇਸ਼ਨ ਅਤੇ ਫਰੰਟੀਅਰਜ਼" ਦੇ ਥੀਮ 'ਤੇ ਆਯੋਜਿਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਅਫਸਰ ਸਿਖਿਆਰਥੀਆਂ ਨੂੰ ਜਨਤਕ ਸੇਵਾ ਡਿਲੀਵਰੀ ਨੂੰ ਮਜ਼ਬੂਤ ​​​​ਕਰਨ ਅਤੇ ਆਖਰੀ ਮੀਲ ਦੀ ਡਿਲਿਵਰੀ ਨੂੰ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਅਸਰਦਾਰ ਬਣਾਉਣ ਲਈ ਤਕਨੀਕੀ ਹੱਲਾਂ ਦਾ ਲਾਭ ਉਠਾਉਣਾ ਸਿੱਖਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਬੈਚ ਵਿੱਚ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 13 ਸੇਵਾਵਾਂ ਦੇ 455 ਅਧਿਕਾਰੀ ਸਿਖਿਆਰਥੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਕੇਵੜੀਆ ਵਿਖੇ ਦੋ ਨਵੇਂ ਟੂਰਿਜ਼ਮ ਆਕਰਸ਼ਣ - ਮੇਜ਼ ਗਾਰਡਨ ਅਤੇ ਮੀਆਵਾਕੀ ਫੋਰੈਸਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਮੇਜ਼ ਗਾਰਡਨ 3 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜੋ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਮੇਜ਼ ਗਾਰਡਨ ਬਣਾਉਂਦਾ ਹੈ। ਇਸ ਵਿੱਚ ਕੁੱਲ ਲਗਭਗ 2.1 ਕਿਲੋਮੀਟਰ ਲੰਮੇ ਰਸਤੇ ਹਨ। ਇਸ ਨੂੰ 'ਸ਼੍ਰੀਯੰਤਰ' ਦੇ ਆਕਾਰ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਜੋ ਕਿ ਸਥਾਨ 'ਤੇ ਸਕਾਰਾਤਮਕ ਊਰਜਾ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਇਸ ਗਾਰਡਨ ਵਿੱਚ ਕੁੱਲ 1.8 ਲੱਖ ਪੌਦੇ ਲਗਾਏ ਗਏ ਹਨ, ਜਿਸ ਨਾਲ ਲੈਂਡਸਕੇਪ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਇਆ ਹੈ। ਮਿਆਵਾਕੀ ਜੰਗਲ ਨੂੰ ਲਗਭਗ 2 ਏਕੜ ਦੇ ਖੇਤਰ ਵਿੱਚ ਵਿਕਸਤ ਕੀਤਾ ਗਿਆ ਹੈ। ਇਸ ਵਿੱਚ ਦੇਸੀ ਫੁੱਲਾਂ ਦਾ ਬਗੀਚਾ, ਲੱਕੜ ਬਗੀਚਾ, ਫਲਾਂ ਦਾ ਬਗੀਚਾ, ਚਿਕਿਤਸਕ ਬਗੀਚਾ, ਮਿਸ਼ਰਤ ਕਿਸਮ ਦਾ ਮੀਆਵਾਕੀ ਸੈਕਸ਼ਨ, ਮੈਡੀਸਨਲ ਗਾਰਡਨ ਅਤੇ ਡਿਜੀਟਲ ਓਰੀਐਂਟੇਸ਼ਨ ਸੈਂਟਰ ਸ਼ਾਮਲ ਹਨ। ਇਹ ਜਪਾਨੀ ਬਨਸਪਤੀ ਵਿਗਿਆਨੀ ਅਕੀਰਾ ਮੀਆਵਾਕੀ ਵਲੋਂ ਬਣਾਈ ਗਈ ਤਕਨੀਕ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ ਹੈ, ਜੋ ਥੋੜ੍ਹੇ ਸਮੇਂ ਵਿੱਚ ਸੰਘਣੇ, ਦੇਸੀ ਜੰਗਲਾਂ ਨੂੰ ਬਣਾਉਣ ਵਿੱਚ ਮਦਦ ਕਰਦੀ ਹੈ।

ਪ੍ਰਧਾਨ ਮੰਤਰੀ ਬਨਾਸਕਾਂਠਾ ਵਿੱਚ

ਪ੍ਰਧਾਨ ਮੰਤਰੀ ਬਨਾਸਕਾਂਠਾ ਦੇ ਥਰਾਦ ਦਾ ਦੌਰਾ ਕਰਨਗੇ। ਇੱਕ ਜਨਤਕ ਪ੍ਰੋਗਰਾਮ ਦੌਰਾਨ 8000 ਕਰੋੜ ਰੁਪਏ ਤੋਂ ਵੱਧ ਦੇ ਜਲ ਸਪਲਾਈ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ 1560 ਕਰੋੜ ਰੁਪਏ ਦੀ ਲਾਗਤ ਵਾਲੀ ਮੁੱਖ ਨਰਮਦਾ ਨਹਿਰ ਤੋਂ ਕਸਾਰਾ ਤੋਂ ਦੰਤੀਵਾੜਾ ਪਾਈਪਲਾਈਨ ਸਮੇਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਪਾਣੀ ਦੀ ਸਪਲਾਈ ਨੂੰ ਵਧਾਏਗਾ ਅਤੇ ਖੇਤਰ ਦੇ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਇਸ ਪ੍ਰੋਗਰਾਮ ਦੌਰਾਨ ਸੁਜਲਾਮ ਸੁਫਲਾਮ ਨਹਿਰ ਦੀ ਮਜ਼ਬੂਤੀ, ਮੋਢੇਰਾ-ਮੋਤੀ ਦਾਊ ਪਾਈਪਲਾਈਨ ਦੇ ਮੁਕਤੇਸ਼ਵਰ ਡੈਮ-ਕਰਮਾਵਤ ਝੀਲ ਤੱਕ ਵਿਸਥਾਰ, ਸੰਤਾਲਪੁਰ ਤਾਲੁਕਾ ਦੇ 11 ਪਿੰਡਾਂ ਲਈ ਲਿਫਟ ਸਿੰਚਾਈ ਯੋਜਨਾ ਸਮੇਤ ਕਈ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ

ਪ੍ਰਧਾਨ ਮੰਤਰੀ ਅਸਾਰਵਾ, ਅਹਿਮਦਾਬਾਦ ਵਿਖੇ 2900 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅਹਿਮਦਾਬਾਦ (ਅਸਾਰਵਾ)-ਹਿੰਮਤਨਗਰ-ਉਦੈਪੁਰ ਗੇਜ ਪਰਿਵਰਤਿਤ ਲਾਈਨ ਅਤੇ ਲੂਨੀਧਰ-ਜੇਤਲਸਰ ਗੇਜ ਪਰਿਵਰਤਿਤ ਲਾਈਨ ਸ਼ਾਮਲ ਹਨ। ਪ੍ਰਧਾਨ ਮੰਤਰੀ ਭਾਵਨਗਰ-ਜੇਤਲਸਰ ਅਤੇ ਅਸਾਰਵਾ-ਉਦੈਪੁਰ ਦਰਮਿਆਨ ਨਵੀਆਂ ਰੇਲਗੱਡੀਆਂ ਨੂੰ ਵੀ ਹਰੀ ਝੰਡੀ ਦਿਖਾਉਣਗੇ।

ਦੇਸ਼ ਭਰ ਵਿੱਚ ਯੂਨੀ-ਗੇਜ ਰੇਲ ਪ੍ਰਣਾਲੀ ਹੋਣ ਦੇ ਮੱਦੇਨਜ਼ਰ, ਰੇਲਵੇ ਮੌਜੂਦਾ ਗੈਰ-ਬਰਾਡ ਗੇਜ ਰੇਲਵੇ ਲਾਈਨਾਂ ਨੂੰ ਬਰਾਡ ਗੇਜ ਵਿੱਚ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਵਲੋਂ ਸਮਰਪਿਤ ਕੀਤੇ ਜਾ ਰਹੇ ਇਹ ਪ੍ਰੋਜੈਕਟ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਅਹਿਮਦਾਬਾਦ (ਅਸਾਰਵਾ) - ਹਿੰਮਤਨਗਰ - ਉਦੈਪੁਰ ਗੇਜ ਪਰਿਵਰਤਿਤ ਲਾਈਨ ਲਗਭਗ 300 ਕਿਲੋਮੀਟਰ ਲੰਬੀ ਹੈ। ਇਹ ਸੰਪਰਕ ਵਿੱਚ ਸੁਧਾਰ ਕਰੇਗੀ ਅਤੇ ਖੇਤਰ ਵਿੱਚ ਸੈਲਾਨੀਆਂ, ਵਪਾਰੀਆਂ, ਨਿਰਮਾਣ ਇਕਾਈਆਂ ਅਤੇ ਉਦਯੋਗਾਂ ਲਈ ਲਾਹੇਵੰਦ ਸਾਬਤ ਹੋਵੇਗੀ, ਜਿਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ। 58 ਕਿਲੋਮੀਟਰ ਲੰਬੀ ਲੂਨੀਧਰ-ਜੇਤਲਸਰ ਗੇਜ ਪਰਿਵਰਤਿਤ ਲਾਈਨ ਵੇਰਾਵਲ ਅਤੇ ਪੋਰਬੰਦਰ ਤੋਂ ਪੀਪਾਵਾਵ ਬੰਦਰਗਾਹ ਅਤੇ ਭਾਵਨਗਰ ਲਈ ਇੱਕ ਛੋਟਾ ਰੂਟ ਪ੍ਰਦਾਨ ਕਰੇਗੀ। ਇਹ ਪ੍ਰੋਜੈਕਟ ਇਸ ਸੈਕਸ਼ਨ 'ਤੇ ਮਾਲ ਢੋਣ ਦੀ ਸਮਰੱਥਾ ਨੂੰ ਵਧਾਏਗਾ, ਇਸ ਤਰ੍ਹਾਂ ਵਿਅਸਤ ਕਨਾਲਸ - ਰਾਜਕੋਟ - ਵੀਰਮਗਾਮ ਰੂਟ 'ਤੇ ਭੀੜ-ਭੜੱਕੇ ਨੂੰ ਘਟਾਏਗਾ। ਇਹ ਹੁਣ ਗੀਰ ਸੈਂਚੂਰੀ, ਸੋਮਨਾਥ ਮੰਦਿਰ, ਦੀਵ ਅਤੇ ਗਿਰਨਾਰ ਦੀਆਂ ਪਹਾੜੀਆਂ ਨਾਲ ਵੀ ਸਹਿਜ ਸੰਪਰਕ ਦੀ ਸਹੂਲਤ ਦੇਵੇਗਾ, ਇਸ ਤਰ੍ਹਾਂ ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਪੰਚਮਹਲ 'ਵਿੱਚ 

ਪ੍ਰਧਾਨ ਮੰਤਰੀ ਪੰਚਮਹਲ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਸ਼੍ਰੀ ਗੋਵਿੰਦ ਗੁਰੂ ਯੂਨੀਵਰਸਿਟੀ, ਗੋਧਰਾ ਦਾ ਨਵਾਂ ਕੈਂਪਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਪਿੰਡ ਵਦੇਕ ਵਿਖੇ ਸਥਿਤ ਸੰਤ ਜੋਰੀਆ ਪਰਮੇਸ਼ਵਰ ਪ੍ਰਾਇਮਰੀ ਸਕੂਲ ਅਤੇ ਮੈਮੋਰੀਅਲ ਅਤੇ ਪਿੰਡ ਡਾਂਡੀਆਪੁਰਾ ਸਥਿਤ ਰਾਜਾ ਰੂਪ ਸਿੰਘ ਨਾਇਕ ਪ੍ਰਾਇਮਰੀ ਸਕੂਲ ਅਤੇ ਯਾਦਗਾਰ ਰਾਸ਼ਟਰ ਨੂੰ ਵੀ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਗੋਧਰਾ ਦੇ ਕੇਂਦਰੀ ਵਿਦਿਆਲਿਆ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਉਹ ਗੋਧਰਾ ਮੈਡੀਕਲ ਕਾਲਜ ਦੇ ਵਿਕਾਸ ਅਤੇ 680 ਕਰੋੜ ਰੁਪਏ ਦੀ ਲਾਗਤ ਵਾਲੀ ਕੌਸ਼ਲਿਆ ਸਕਿੱਲ ਯੂਨੀਵਰਸਿਟੀ ਦੇ ਵਿਸਤਾਰ ਲਈ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਬਾਂਸਵਾੜਾ ਵਿੱਚ

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਅਣਗੌਲੇ ਕਬਾਇਲੀ ਨਾਇਕਾਂ ਦੀ ਯਾਦ ਵਿੱਚ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ 15 ਨਵੰਬਰ (ਕਬਾਇਲੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਜਨਮ ਦਿਨ) ਨੂੰ 'ਜਨਜਾਤੀ ਗੌਰਵ ਦਿਵਸ' ਵਜੋਂ ਘੋਸ਼ਿਤ ਕਰਨਾ, ਕਬਾਇਲੀ ਲੋਕਾਂ ਦੇ ਸਮਾਜ ਵਿੱਚ ਯੋਗਦਾਨ ਨੂੰ ਮਾਨਤਾ ਦੇਣ ਅਤੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਦੇਸ਼ ਭਰ ਵਿੱਚ ਕਬਾਇਲੀ ਅਜਾਇਬ ਘਰ ਸਥਾਪਤ ਕਰਨਾ ਆਦਿ ਸ਼ਾਮਲ ਹਨ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਤਹਿਤ ਪ੍ਰਧਾਨ ਮੰਤਰੀ ਆਜ਼ਾਦੀ ਸੰਗਰਾਮ ਦੇ ਅਣਗੌਲੇ ਕਬਾਇਲੀ ਨਾਇਕਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਨਗੜ੍ਹ ਹਿੱਲ, ਬਾਂਸਵਾੜਾ, ਰਾਜਸਥਾਨ ਵਿਖੇ ਇੱਕ ਜਨਤਕ ਪ੍ਰੋਗਰਾਮ - 'ਮਾਨਗੜ੍ਹ ਧਾਮ ਕੀ ਗੌਰਵ ਗਾਥਾ' ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਭੀਲ ਸੁਤੰਤਰਤਾ ਸੈਨਾਨੀ ਸ਼੍ਰੀ ਗੋਵਿੰਦ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਭੀਲ ਕਬਾਇਲੀਆਂ ਅਤੇ ਖੇਤਰ ਦੀ ਹੋਰ ਕਬਾਇਲੀ ਆਬਾਦੀ ਦੀ ਸਭਾ ਨੂੰ ਵੀ ਸੰਬੋਧਨ ਕਰਨਗੇ।

ਮਾਨਗੜ੍ਹ ਪਹਾੜੀ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਭੀਲ ਭਾਈਚਾਰੇ ਅਤੇ ਹੋਰ ਕਬੀਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਸੁਤੰਤਰਤਾ ਸੰਗਰਾਮ ਦੌਰਾਨ ਜਿੱਥੇ ਭੀਲਾਂ ਅਤੇ ਹੋਰ ਕਬੀਲਿਆਂ ਨੇ ਅੰਗਰੇਜ਼ਾਂ ਨਾਲ ਲੰਬੇ ਸਮੇਂ ਤੱਕ ਸੰਘਰਸ਼ ਕੀਤਾ, 1.5 ਲੱਖ ਤੋਂ ਵੱਧ ਭੀਲਾਂ ਨੇ 17 ਨਵੰਬਰ 1913 ਨੂੰ ਸ਼੍ਰੀ ਗੋਵਿੰਦ ਗੁਰੂ ਦੀ ਅਗਵਾਈ ਵਿੱਚ ਮਾਨਗੜ੍ਹ ਪਹਾੜੀ 'ਤੇ ਚੜ੍ਹਾਈ ਕੀਤੀ। ਅੰਗਰੇਜ਼ਾਂ ਨੇ ਇਸ ਇਕੱਠ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਮਾਨਗੜ੍ਹ ਕਤਲੇਆਮ ਹੋਇਆ, ਜਿੱਥੇ ਲਗਭਗ 1500 ਕਬਾਇਲੀ ਸ਼ਹੀਦ ਹੋ ਗਏ।

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s electronics industry is surging

Media Coverage

India’s electronics industry is surging
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਜੂਨ 2024
June 21, 2024

Citizens Appreciate PM Modi’s Efforts to Popularise Yoga and Ancient Indian Traditions Across the World