ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਯੂਰਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਐਂਟੋਨੀਓ ਕੋਸਟਾ (Antonio Costa) ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਮਹਾਮਹਿਮ ਉਰਸੁਲਾ ਵੋਨ ਡੇਰ ਲੇਅਨ (Ursula von der Leyen) ਨਾਲ ਟੈਲੀਫੋਨ 'ਤੇ ਸੰਯੁਕਤ ਗੱਲਬਾਤ ਕੀਤੀ।
ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ ਦੇ ਰੂਪ ਵਿੱਚ, ਭਾਰਤ ਅਤੇ ਯੂਰਪੀ ਸੰਘ ਦੇ ਵਿੱਚ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਭਵਿੱਖ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ 'ਤੇ ਅਧਾਰਿਤ ਮਜ਼ਬੂਤ ਅਤੇ ਗੂੜ੍ਹੇ ਸਬੰਧ ਹਨ। ਨੇਤਾਵਾਂ ਨੇ ਆਲਮੀ ਮੁੱਦਿਆਂ ਨੂੰ ਸਾਂਝੇ ਤੌਰ 'ਤੇ ਹੱਲ ਕਰਨ, ਸਥਿਰਤਾ ਨੂੰ ਹੁਲਾਰਾ ਦੇਣ ਅਤੇ ਆਪਸੀ ਖੁਸ਼ਹਾਲੀ ਲਈ ਇੱਕ ਨਿਯਮ-ਅਧਾਰਿਤ ਵਿਵਸਥਾ ਨੂੰ ਹੁਲਾਰਾ ਦੇਣ ਵਿੱਚ ਭਾਰਤ-ਯੂਰਪੀ ਸੰਘ ਰਣਨੀਤਕ ਭਾਈਵਾਲੀ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਨੇਤਾਵਾਂ ਨੇ ਵਪਾਰ, ਟੈਕਨੋਲੋਜੀ, ਨਿਵੇਸ਼, ਇਨੋਵੇਸ਼ਨ, ਸਥਿਰਤਾ, ਰੱਖਿਆ, ਸੁਰੱਖਿਆ ਅਤੇ ਸਪਲਾਈ ਲੜੀ ਲਚਕਤਾ ਜਿਹੇ ਮੁੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦਾ ਸੁਆਗਤ ਕੀਤਾ, ਅਤੇ ਭਾਰਤ-ਈਯੂ ਮੁਕਤ ਵਪਾਰ ਸਮਝੌਤੇ (ਐੱਫਟੀਏ) ਗੱਲਬਾਤ ਦੇ ਜਲਦੀ ਸਮਾਪਨ ਅਤੇ ਆਈਐੱਮਈਈਸੀ ਕੋਰੀਡੋਰ ਦੇ ਲਾਗੂਕਰਣ ਲਈ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਫਰਵਰੀ ਵਿੱਚ ਈਯੂ ਕਾਲਜ ਆਫ ਕਮਿਸ਼ਨਰਜ਼ ਦੇ ਭਾਰਤ ਦੇ ਇਤਿਹਾਸਕ ਦੌਰੇ ਤੋਂ ਬਾਅਦ, ਨੇਤਾਵਾਂ ਨੇ ਅਗਲਾ ਭਾਰਤ-ਈਯੂ ਸਮਿਟ ਭਾਰਤ ਵਿੱਚ ਆਪਸੀ ਸੁਵਿਧਾਜਨਕ ਸਮੇਂ 'ਤੇ ਕਰਵਾਉਣ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਲਈ ਦੋਵਾਂ ਨੇਤਾਵਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਚਰਚਾ ਕੀਤੀ, ਜਿਸ ਵਿੱਚ ਯੂਕ੍ਰੇਨ ਵਿੱਚ ਸੰਘਰਸ਼ ਨੂੰ ਖਤਮ ਕਰਨ ਦੇ ਯਤਨ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ।
ਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਪ੍ਰਗਟ ਕੀਤੀ।


