ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2025' (ਐਸਟਿਕ) 2025 ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਗਿਆਨੀਆਂ, ਨਵੀਨਤਾਕਾਰਾਂ, ਅਕਾਦਮਿਕ ਜਗਤ ਦੇ ਮੈਂਬਰਾਂ ਅਤੇ ਹੋਰ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ। ਆਈਸੀਸੀ ਮਹਿਲਾ ਵਿਸ਼ਵ ਕੱਪ 2025 ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਬਾਰੇ ਗੱਲ ਕਰਦਿਆਂ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪੂਰਾ ਦੇਸ਼ ਭਾਰਤੀ ਕ੍ਰਿਕਟ ਟੀਮ ਦੀ ਸਫ਼ਲਤਾ 'ਤੇ ਬਹੁਤ ਖ਼ੁਸ਼ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਕੱਪ ਜਿੱਤ ਸੀ ਅਤੇ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਪ੍ਰਾਪਤੀ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੱਲ੍ਹ ਭਾਰਤ ਨੇ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਮਹੱਤਵਪੂਰਨ ਤਰੱਕੀ ਕੀਤੀ। ਉਨ੍ਹਾਂ ਨੇ ਭਾਰਤੀ ਵਿਗਿਆਨੀਆਂ ਵੱਲੋਂ ਭਾਰਤ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਦੇ ਸਫ਼ਲ ਲਾਂਚ 'ਤੇ ਚਾਨਣਾ ਪਾਇਆ ਅਤੇ ਇਸ ਮਿਸ਼ਨ ਵਿੱਚ ਸ਼ਾਮਲ ਸਾਰੇ ਵਿਗਿਆਨੀਆਂ ਦੇ ਨਾਲ-ਨਾਲ ਇਸਰੋ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਦਿਨ ਵੀ ਵਿਗਿਆਨ ਅਤੇ ਤਕਨਾਲੋਜੀ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਨੋਟ ਕੀਤਾ ਕਿ 21ਵੀਂ ਸਦੀ ਵਿੱਚ ਆਲਮੀ ਮਾਹਿਰਾਂ ਨੂੰ ਇਕੱਠੇ ਆ ਕੇ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਦਿਸ਼ਾ ਪ੍ਰਦਾਨ ਕਰਨ ਦੀ ਸਖ਼ਤ ਲੋੜ ਸੀ। ਉਨ੍ਹਾਂ ਕਿਹਾ ਕਿ ਇਸ ਲੋੜ ਨੇ ਇੱਕ ਵਿਚਾਰ ਨੂੰ ਜਨਮ ਦਿੱਤਾ, ਜੋ ਇਸ ਸੰਮੇਲਨ ਲਈ ਇੱਕ ਦ੍ਰਿਸ਼ਟੀਕੋਣ ਵਿੱਚ ਬਦਲ ਗਿਆ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਇਹ ਦ੍ਰਿਸ਼ਟੀਕੋਣ ਹੁਣ ਇਸ ਸੰਮੇਲਨ ਰਾਹੀਂ ਆਕਾਰ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਪਹਿਲਕਦਮੀ ਵਿੱਚ ਵੱਖ-ਵੱਖ ਮੰਤਰਾਲਿਆਂ, ਨਿੱਜੀ ਖੇਤਰ, ਸਟਾਰਟਅੱਪਸ ਅਤੇ ਵਿਦਿਆਰਥੀਆਂ ਦੀ ਹਿੱਸੇਦਾਰੀ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦੀ ਗੱਲ ਹੈ ਕਿ ਅੱਜ ਸਾਡੇ ਵਿਚਕਾਰ ਇੱਕ ਨੋਬੇਲ ਪੁਰਸਕਾਰ ਜੇਤੂ ਮੌਜੂਦ ਹਨ। ਉਨ੍ਹਾਂ ਨੇ ਸਾਰੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸੰਮੇਲਨ ਦੀ ਸਫ਼ਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ 21ਵੀਂ ਸਦੀ ਬੇਮਿਸਾਲ ਪਰਿਵਰਤਨ ਦਾ ਦੌਰ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਵਿਸ਼ਵ-ਵਿਆਪੀ ਵਿਵਸਥਾ ਇੱਕ ਨਵੇਂ ਬਦਲਾਅ ਦੀ ਗਵਾਹ ਬਣ ਰਹੀ ਹੈ, ਅਤੇ ਤਬਦੀਲੀ ਦੀ ਰਫ਼ਤਾਰ ਇੱਕ-ਸਾਰ (ਲੀਨੀਅਰ) ਨਹੀਂ, ਸਗੋਂ ਕਈ ਗੁਣਾ ਤੇਜ਼ ਹੈ। ਇਸੇ ਦ੍ਰਿਸ਼ਟੀਕੋਣ ਨਾਲ ਭਾਰਤ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਉਨ੍ਹਾਂ 'ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਿਹਾ ਹੈ। ਇੱਕ ਉਦਾਹਰਣ ਵਜੋਂ, ਉਨ੍ਹਾਂ ਨੇ ਖੋਜ ਲਈ ਫੰਡਿੰਗ ਦੇ ਖੇਤਰ 'ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ 'ਜੈ ਜਵਾਨ, ਜੈ ਕਿਸਾਨ' ਦੇ ਜਾਣੇ-ਪਛਾਣੇ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ ਅਤੇ ਨੋਟ ਕੀਤਾ ਕਿ ਖੋਜ 'ਤੇ ਨਵੇਂ ਸਿਰਿਓਂ ਜ਼ੋਰ ਦੇਣ ਨਾਲ, 'ਜੈ ਵਿਗਿਆਨ' ਅਤੇ 'ਜੈ ਅਨੁਸੰਧਾਨ' ਨੂੰ ਇਸ ਦ੍ਰਿਸ਼ਟੀਕੋਣ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਯੂਨੀਵਰਸਿਟੀਆਂ ਵਿੱਚ ਖੋਜ ਅਤੇ ਨਵੀਨਤਾ ਨੂੰ ਵਧਾਉਣ ਲਈ 'ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ' ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 1 ਲੱਖ ਕਰੋੜ ਰੁਪਏ ਦੀ ਵੰਡ ਨਾਲ 'ਖੋਜ, ਵਿਕਾਸ ਅਤੇ ਨਵੀਨਤਾ ਸਕੀਮ' ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿੱਜੀ ਖੇਤਰ ਵਿੱਚ ਵੀ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਪਹਿਲੀ ਵਾਰ, ਵੱਧ-ਜੋਖਮ ਅਤੇ ਵੱਧ-ਪ੍ਰਭਾਵ ਵਾਲੇ ਪ੍ਰੋਜੈਕਟਾਂ ਲਈ ਪੂੰਜੀ ਉਪਲਬਧ ਕਰਵਾਈ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਇੱਕ ਆਧੁਨਿਕ ਨਵੀਨਤਾ ਵਾਤਾਵਰਨ (ਈਕੋਸਿਸਟਮ) ਬਣਾਉਣ ਅਤੇ ਖੋਜ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।” ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਰਕਾਰ ਨੇ ਵਿੱਤੀ ਨਿਯਮਾਂ ਅਤੇ ਖਰੀਦ ਨੀਤੀਆਂ ਵਿੱਚ ਕਈ ਸੁਧਾਰ ਕੀਤੇ ਹਨ। ਇਸ ਤੋਂ ਇਲਾਵਾ ਨਿਯਮਾਂ, ਪ੍ਰੋਤਸਾਹਨਾਂ ਅਤੇ ਸਪਲਾਈ ਲੜੀਆਂ ਵਿੱਚ ਸੁਧਾਰ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਮੂਨੇ ਤੇਜ਼ੀ ਨਾਲ ਪ੍ਰਯੋਗਸ਼ਾਲਾ ਤੋਂ ਬਜ਼ਾਰ ਤੱਕ ਪਹੁੰਚ ਸਕਣ।
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ ਨੂੰ ਇਨੋਵੇਸ਼ਨ ਹੱਬ ਬਣਾਉਣ ਲਈ ਪਿਛਲੇ ਕੁਝ ਸਾਲਾਂ ਵਿੱਚ ਜੋ ਨੀਤੀਆਂ ਬਣਾਈਆਂ ਗਈਆਂ ਹਨ ਅਤੇ ਫੈਸਲੇ ਲਏ ਗਏ ਹਨ, ਉਨ੍ਹਾਂ ਦੇ ਹੁਣ ਸਪੱਸ਼ਟ ਨਤੀਜੇ ਸਾਹਮਣੇ ਆ ਰਹੇ ਹਨ, ਸ਼੍ਰੀ ਮੋਦੀ ਨੇ ਮਾਣ ਨਾਲ ਕੁਝ ਮੁੱਖ ਅੰਕੜੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਭਾਰਤ ਦਾ ਖੋਜ ਅਤੇ ਵਿਕਾਸ (ਆਰਐਂਡਡੀ) 'ਤੇ ਖਰਚ ਦੁੱਗਣਾ ਹੋ ਗਿਆ ਹੈ; ਰਜਿਸਟਰਡ ਪੇਟੈਂਟਾਂ ਦੀ ਗਿਣਤੀ 17 ਗੁਣਾ ਵਧੀ ਹੈ; ਅਤੇ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਵਾਤਾਵਰਨ (ਈਕੋਸਿਸਟਮ) ਬਣ ਗਿਆ ਹੈ। ਉਨ੍ਹਾਂ ਨੋਟ ਕੀਤਾ ਕਿ ਭਾਰਤ ਵਿੱਚ 6,000 ਤੋਂ ਵੱਧ ਡੀਪ-ਟੈੱਕ ਵਾਲੇ ਸਟਾਰਟਅੱਪ ਇਸ ਸਮੇਂ ਸਾਫ਼ ਊਰਜਾ ਅਤੇ ਉੱਨਤ ਸਮੱਗਰੀ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦਾ ਸੈਮੀਕੰਡਕਟਰ ਖੇਤਰ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦੀ ਜੈਵਿਕ-ਅਰਥਵਿਵਸਥਾ ਦੇ ਵਿਕਾਸ 'ਤੇ ਵੀ ਚਾਨਣਾ ਪਾਇਆ, ਜੋ 2014 ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਕੇ ਅੱਜ ਲਗਭਗ 140 ਬਿਲੀਅਨ ਡਾਲਰ ਹੋ ਗਈ ਹੈ।

ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਹਰੀ ਹਾਈਡ੍ਰੋਜਨ, ਕੁਆਂਟਮ ਕੰਪਿਊਟਿੰਗ, ਡੀਪ ਸੀਅ ਰਿਸਰਚ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਕਈ ਉੱਭਰ ਰਹੇ ਖੇਤਰਾਂ (ਸਨਰਾਈਜ਼ ਡੋਮੇਨਜ਼) ਵਿੱਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਨ੍ਹਾਂ ਸਾਰੇ ਖੇਤਰਾਂ ਵਿੱਚ ਇੱਕ ਮਜ਼ਬੂਤ ਪਛਾਣ ਬਣਾਈ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਜਦੋਂ ਵਿਗਿਆਨ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾਂਦਾ ਹੈ, ਨਵੀਨਤਾ ਸਾਰਿਆਂ ਤੱਕ ਪਹੁੰਚਦੀ ਹੈ ਅਤੇ ਤਕਨਾਲੋਜੀ ਪਰਿਵਰਤਨ ਲਿਆਉਂਦੀ ਹੈ ਤਾਂ ਇਹ ਵੱਡੀਆਂ ਪ੍ਰਾਪਤੀਆਂ ਦੀ ਨੀਂਹ ਰੱਖਦੀ ਹੈ।” ਉਨ੍ਹਾਂ ਕਿਹਾ ਕਿ ਪਿਛਲੇ 10-11 ਸਾਲਾਂ ਦੀ ਭਾਰਤ ਦੀ ਯਾਤਰਾ ਇਸੇ ਦ੍ਰਿਸ਼ਟੀਕੋਣ ਦੀ ਇੱਕ ਮਿਸਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਹੁਣ ਸਿਰਫ਼ ਤਕਨਾਲੋਜੀ ਦਾ ਖਪਤਕਾਰ ਨਹੀਂ ਰਿਹਾ, ਸਗੋਂ ਇਹ ਤਕਨਾਲੋਜੀ ਰਾਹੀਂ ਪਰਿਵਰਤਨ ਲਿਆਉਣ ਵਾਲਾ ਇੱਕ ਮੋਢੀ ਬਣ ਗਿਆ ਹੈ। ਉਨ੍ਹਾਂ ਯਾਦ ਕੀਤਾ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਨੇ ਰਿਕਾਰਡ ਸਮੇਂ ਵਿੱਚ ਸਵਦੇਸ਼ੀ ਵੈਕਸੀਨ ਵਿਕਸਤ ਕੀਤੀ ਅਤੇ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਚਲਾਇਆ।
ਇਸ ਗੱਲ 'ਤੇ ਵਿਚਾਰ ਕਰਦਿਆਂ ਕਿ ਭਾਰਤ ਇੰਨੇ ਵੱਡੇ ਪੱਧਰ 'ਤੇ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਕਿਵੇਂ ਲਾਗੂ ਕਰ ਸਕਿਆ, ਪ੍ਰਧਾਨ ਮੰਤਰੀ ਨੇ ਇਸ ਪ੍ਰਾਪਤੀ ਦਾ ਸਿਹਰਾ ਭਾਰਤ ਦੇ ਵਿਸ਼ਵ-ਪੱਧਰੀ 'ਡਿਜੀਟਲ ਜਨਤਕ ਬੁਨਿਆਦੀ ਢਾਂਚੇ' ਨੂੰ ਦਿੱਤਾ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਦੋ ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਰਾਹੀਂ ਜੋੜਿਆ ਗਿਆ ਹੈ ਅਤੇ ਦੇਸ਼ ਭਰ ਵਿੱਚ ਮੋਬਾਈਲ ਡੇਟਾ ਹਰ ਕਿਸੇ ਲਈ ਆਸਾਨੀ ਨਾਲ ਉਪਲਬਧ ਕਰਵਾਇਆ ਗਿਆ ਹੈ।
ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਜਿੱਥੇ ਭਾਰਤ ਦਾ ਪੁਲਾੜ ਪ੍ਰੋਗਰਾਮ ਚੰਦਰਮਾ ਅਤੇ ਮੰਗਲ ਤੱਕ ਪਹੁੰਚ ਗਿਆ ਹੈ, ਉੱਥੇ ਹੀ ਪੁਲਾੜ ਵਿਗਿਆਨ ਦੇ ਉਪਯੋਗਾਂ ਰਾਹੀਂ ਕਿਸਾਨਾਂ ਅਤੇ ਮਛੇਰਿਆਂ ਨੂੰ ਲਾਭ ਪਹੁੰਚਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਇਨ੍ਹਾਂ ਪ੍ਰਾਪਤੀਆਂ ਪਿੱਛੇ ਸਾਰੇ ਹਿੱਸੇਦਾਰਾਂ ਦੇ ਯੋਗਦਾਨ ਨੂੰ ਸਰਾਹਿਆ।
ਸਮਾਵੇਸ਼ੀ ਨਵੀਨਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਨਵੀਨਤਾ ਸਾਰਿਆਂ ਤੱਕ ਪਹੁੰਚਦੀ ਹੈ, ਤਾਂ ਜਿਨ੍ਹਾਂ ਨੂੰ ਇਸ ਦਾ ਸਭ ਤੋਂ ਵੱਧ ਲਾਭ ਹੁੰਦਾ ਹੈ, ਉਹ ਖੁਦ ਇਸ ਦੇ ਆਗੂ ਬਣ ਜਾਂਦੇ ਹਨ। ਉਨ੍ਹਾਂ ਨੇ ਇਸ ਪਰਿਵਰਤਨ ਦੀ ਸਭ ਤੋਂ ਵੱਡੀ ਉਦਾਹਰਣ ਵਜੋਂ ਭਾਰਤੀ ਔਰਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਦੇ ਪੁਲਾੜ ਮਿਸ਼ਨਾਂ ਦੀ ਦੁਨੀਆ ਭਰ ਵਿੱਚ ਚਰਚਾ ਹੁੰਦੀ ਹੈ, ਤਾਂ ਭਾਰਤੀ ਮਹਿਲਾ ਵਿਗਿਆਨੀਆਂ ਨੂੰ ਖਾਸ ਮਾਨਤਾ ਮਿਲਦੀ ਹੈ। ਪੇਟੈਂਟ ਦਾਇਰ ਕਰਨ ਦੇ ਖੇਤਰ ਵਿੱਚ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਇੱਕ ਦਹਾਕਾ ਪਹਿਲਾਂ ਭਾਰਤ ਵਿੱਚ ਔਰਤਾਂ ਵੱਲੋਂ ਸਾਲਾਨਾ 100 ਤੋਂ ਵੀ ਘੱਟ ਪੇਟੈਂਟ ਦਾਇਰ ਕੀਤੇ ਜਾਂਦੇ ਸਨ, ਜਦੋਂ ਕਿ ਅੱਜ ਇਹ ਗਿਣਤੀ 5,000 ਪ੍ਰਤੀ ਸਾਲ ਤੋਂ ਵੱਧ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਭਾਰਤ ਵਿੱਚ 'ਸਟੈਮ' (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਦੀ ਪੜ੍ਹਾਈ ਵਿੱਚ ਦਾਖਲਾ ਲੈਣ ਵਾਲਿਆਂ ਵਿੱਚ ਲਗਭਗ 43 ਪ੍ਰਤੀਸ਼ਤ ਔਰਤਾਂ ਹਨ, ਜੋ ਕਿ ਵਿਸ਼ਵ-ਵਿਆਪੀ ਔਸਤ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਔਰਤਾਂ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਨੂੰ ਦਰਸਾਉਂਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਤਿਹਾਸ ਦੇ ਕੁਝ ਪਲ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿੰਦੇ ਹਨ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਕੁਝ ਸਾਲ ਪਹਿਲਾਂ ਦੇਸ਼ ਭਰ ਦੇ ਬੱਚਿਆਂ ਨੇ ਚੰਦਰਯਾਨ ਦੀ ਯਾਤਰਾ ਨੂੰ ਦੇਖਿਆ, ਇਸ ਦੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਦਾ ਤਜਰਬਾ ਕੀਤਾ ਅਤੇ ਇਸ ਨਾਲ ਉਨ੍ਹਾਂ ਵਿੱਚ ਵਿਗਿਆਨ ਪ੍ਰਤੀ ਇੱਕ ਡੂੰਘੀ ਦਿਲਚਸਪੀ ਪੈਦਾ ਹੋਈ। ਉਨ੍ਹਾਂ ਨੋਟ ਕੀਤਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਵੱਲੋਂ ਹਾਲ ਹੀ ਦੇ ਪੁਲਾੜ ਸਟੇਸ਼ਨ ਮਿਸ਼ਨ ਨੇ ਬੱਚਿਆਂ ਵਿੱਚ ਨਵੀਂ ਉਤਸੁਕਤਾ ਜਗਾਈ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨ ਪੀੜ੍ਹੀ ਵਿੱਚ ਇਸ ਵੱਧ ਰਹੀ ਜਗਿਆਸਾ ਦਾ ਲਾਭ ਲੈਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਜਿੰਨੇ ਜ਼ਿਆਦਾ ਹੋਣਹਾਰ ਨੌਜਵਾਨਾਂ ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵੱਲ ਪ੍ਰੇਰਿਤ ਕਰ ਸਕਦਾ ਹੈ, ਦੇਸ਼ ਲਈ ਓਨਾ ਹੀ ਬਿਹਤਰ ਹੋਵੇਗਾ। ਇਸੇ ਦ੍ਰਿਸ਼ਟੀਕੋਣ ਦੇ ਤਹਿਤ, ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 10,000 'ਅਟਲ ਟਿੰਕਰਿੰਗ ਲੈਬਜ਼' ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਇੱਕ ਕਰੋੜ ਤੋਂ ਵੱਧ ਬੱਚੇ ਉਤਸੁਕਤਾ ਅਤੇ ਰਚਨਾਤਮਕਤਾ ਨਾਲ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਪ੍ਰਯੋਗਸ਼ਾਲਾਵਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ 25,000 ਨਵੀਆਂ 'ਅਟਲ ਟਿੰਕਰਿੰਗ ਲੈਬਜ਼' ਸਥਾਪਤ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਸੈਂਕੜੇ ਨਵੀਆਂ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 7 ਨਵੀਆਂ 'ਆਈਆਈਟੀਜ਼' ਅਤੇ 16 'ਆਈਆਈਆਈਟੀਜ਼' (IIITs) ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਇਹ ਯਕੀਨੀ ਬਣਾਇਆ ਗਿਆ ਹੈ ਕਿ ਵਿਦਿਆਰਥੀ ਹੁਣ ਵਿਗਿਆਨ ਅਤੇ ਇੰਜੀਨੀਅਰਿੰਗ ਵਰਗੇ 'ਸਟੈਮ' ਕੋਰਸ ਆਪਣੀਆਂ ਸਥਾਨਕ ਭਾਸ਼ਾਵਾਂ ਵਿੱਚ ਕਰ ਸਕਦੇ ਹਨ।
ਇਸ ਗੱਲ 'ਤੇ ਚਾਨਣਾ ਪਾਉਂਦਿਆਂ ਕਿ 'ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ' ਨੌਜਵਾਨ ਖੋਜਕਰਤਾਵਾਂ ਵਿੱਚ ਬਹੁਤ ਸਫ਼ਲ ਰਹੀ ਹੈ ਅਤੇ ਇਸ ਯੋਜਨਾ ਤਹਿਤ ਮਿਲਣ ਵਾਲੀਆਂ ਗ੍ਰਾਂਟਾਂ ਨੇ ਅਹਿਮ ਸਹਾਇਤਾ ਪ੍ਰਦਾਨ ਕੀਤੀ ਹੈ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਖੋਜ ਅਤੇ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ 10,000 ਨਵੀਆਂ ਫੈਲੋਸ਼ਿਪਸ ਦਿੱਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਨੇ ਵਿਗਿਆਨ ਅਤੇ ਤਕਨਾਲੋਜੀ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਸਮਝਣ ਅਤੇ ਇਹ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਇਹ ਨੈਤਿਕ ਅਤੇ ਸਾਰਿਆਂ ਲਈ ਲਾਹੇਵੰਦ ਬਣੀ ਰਹੇ। ਉਨ੍ਹਾਂ ਨੇ ਮਸਨੂਈ ਬੌਧਿਕਤਾ (ਏਆਈ) ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਦੀ ਵਰਤੋਂ ਪ੍ਰਚੂਨ ਅਤੇ ਲੌਜਿਸਟਿਕਸ ਤੋਂ ਲੈ ਕੇ ਗਾਹਕ ਸੇਵਾ ਅਤੇ ਬੱਚਿਆਂ ਦੇ ਘਰ ਦੇ ਕੰਮ ਤੱਕ, ਹਰ ਥਾਂ ਹੋ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਏਆਈ ਨੂੰ ਸਮਾਜ ਦੇ ਹਰ ਵਰਗ ਲਈ ਲਾਭਦਾਇਕ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਮੰਤਵ ਲਈ 'ਇੰਡੀਆ ਏਆਈ ਮਿਸ਼ਨ' ਤਹਿਤ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੈਤਿਕ ਅਤੇ ਮਨੁੱਖ-ਕੇਂਦ੍ਰਿਤ ਮਸਨੂਈ ਬੌਧਿਕਤਾ ਲਈ ਆਲਮੀ ਢਾਂਚਾ ਤਿਆਰ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ ਆਉਣ ਵਾਲਾ ਏਆਈ ਗਵਰਨੈਂਸ ਫਰੇਮਵਰਕ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ, ਜਿਸ ਦਾ ਉਦੇਸ਼ ਨਵੀਨਤਾ ਅਤੇ ਸੁਰੱਖਿਆ ਨੂੰ ਨਾਲ-ਨਾਲ ਵਿਕਸਤ ਕਰਨਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਫਰਵਰੀ 2026 ਵਿੱਚ 'ਗਲੋਬਲ ਏਆਈ ਸਮਿਟ' ਦੀ ਮੇਜ਼ਬਾਨੀ ਕਰੇਗਾ, ਜੋ ਸਮਾਵੇਸ਼ੀ, ਨੈਤਿਕ ਅਤੇ ਮਨੁੱਖ-ਕੇਂਦ੍ਰਿਤ ਮਸਨੂਈ ਬੌਧਿਕਤਾ ਵੱਲ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰੇਗਾ।
ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਉੱਭਰ ਰਹੇ ਖੇਤਰਾਂ ਵਿੱਚ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ, ਸ਼੍ਰੀ ਮੋਦੀ ਨੇ ਕਈ ਵਿਚਾਰ ਸਾਂਝੇ ਕੀਤੇ ਅਤੇ ਖੁਰਾਕ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੁਝ ਮੁੱਖ ਸਵਾਲ ਪੁੱਛੇ: ਕੀ ਭਾਰਤ ਦੁਨੀਆ ਭਰ ਵਿੱਚ ਕੁਪੋਸ਼ਣ ਨਾਲ ਲੜਨ ਵਿੱਚ ਮਦਦ ਲਈ ਅਗਲੀ ਪੀੜ੍ਹੀ ਦੀਆਂ ਜੈਵਿਕ-ਪੋਸ਼ਟਿਕ (ਬਾਇਓ-ਫੋਰਟੀਫਾਈਡ) ਫਸਲਾਂ ਵਿਕਸਤ ਕਰ ਸਕਦਾ ਹੈ?
ਕੀ ਘੱਟ ਲਾਗਤ ਵਾਲੇ ਮਿੱਟੀ ਦੀ ਸਿਹਤ ਸੁਧਾਰਕਾਂ ਅਤੇ ਜੈਵਿਕ-ਖਾਦਾਂ (ਬਾਇਓ-ਫਰਟੀਲਾਈਜ਼ਰਜ਼) ਵਿੱਚ ਹੋਣ ਵਾਲੀਆਂ ਨਵੀਨਤਾਵਾਂ, ਰਸਾਇਣਕ ਖਾਦਾਂ ਦੇ ਬਦਲ ਵਜੋਂ ਕੰਮ ਕਰ ਸਕਦੀਆਂ ਹਨ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰ ਸਕਦੀਆਂ ਹਨ? ਕੀ ਭਾਰਤ ਆਪਣੀ ਜੀਨੋਮਿਕ ਵਿਭਿੰਨਤਾ ਨੂੰ ਬਿਹਤਰ ਢੰਗ ਨਾਲ ਮੈਪ ਕਰਕੇ, ਹਰ ਵਿਅਕਤੀ ਲਈ ਖਾਸ ਦਵਾਈਆਂ ਬਣਾਉਣ ਅਤੇ ਬਿਮਾਰੀਆਂ ਦਾ ਪਹਿਲਾਂ ਹੀ ਪਤਾ ਲਗਾਉਣ ਦੇ ਖੇਤਰ ਵਿੱਚ ਤਰੱਕੀ ਕਰ ਸਕਦਾ ਹੈ? ਕੀ ਬੈਟਰੀਆਂ ਵਰਗੀਆਂ ਸਾਫ਼ ਊਰਜਾ ਭੰਡਾਰਨ ਪ੍ਰਣਾਲੀਆਂ ਵਿੱਚ ਨਵੀਆਂ ਅਤੇ ਕਿਫ਼ਾਇਤੀ ਨਵੀਨਤਾਵਾਂ ਵਿਕਸਤ ਕੀਤੀਆਂ ਜਾ ਸਕਦੀਆਂ ਹਨ? ਉਨ੍ਹਾਂ ਨੇ ਉਨ੍ਹਾਂ ਜ਼ਰੂਰੀ ਵਸਤਾਂ ਦੀ ਪਛਾਣ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਿਨ੍ਹਾਂ ਲਈ ਭਾਰਤ ਦੁਨੀਆ 'ਤੇ ਨਿਰਭਰ ਹੈ ਅਤੇ ਉਨ੍ਹਾਂ ਖੇਤਰਾਂ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਸ਼ਾਮਲ ਸਾਰੇ ਲੋਕ, ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਵੀ ਅੱਗੇ ਜਾ ਕੇ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨਗੇ। ਉਨ੍ਹਾਂ ਨੇ ਨਵੇਂ ਵਿਚਾਰਾਂ ਵਾਲੇ ਹਰ ਵਿਅਕਤੀ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਅਤੇ ਖੋਜ ਲਈ ਫੰਡ ਦੇਣ ਅਤੇ ਵਿਗਿਆਨੀਆਂ ਨੂੰ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਪੂਰੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਤੋਂ ਇੱਕ ਸਾਂਝੀ ਰੂਪ-ਰੇਖਾ ਉੱਭਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਪੱਕਾ ਵਿਸ਼ਵਾਸ ਪ੍ਰਗਟਾਇਆ ਕਿ ਇਹ ਸੰਮੇਲਨ ਭਾਰਤ ਦੀ ਨਵੀਨਤਾ ਯਾਤਰਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗਾ। ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਅਤੇ "ਜੈ ਵਿਗਿਆਨ, ਜੈ ਅਨੁਸੰਧਾਨ" ਦੀ ਭਾਵਨਾ ਦਾ ਸੱਦਾ ਦਿੰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ।

ਇਸ ਮੌਕੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ; ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ, ਨੋਬੇਲ ਪੁਰਸਕਾਰ ਜੇਤੂ ਸਰ ਆਂਦਰੇ ਗੀਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛੋਕੜ
ਦੇਸ਼ ਵਿੱਚ ਖੋਜ ਅਤੇ ਵਿਕਾਸ ਦੇ ਈਕੋਸਿਸਟਮ ਨੂੰ ਵੱਡਾ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ 1 ਲੱਖ ਕਰੋੜ ਰੁਪਏ ਦੇ 'ਖੋਜ, ਵਿਕਾਸ ਅਤੇ ਨਵੀਨਤਾ (ਆਰਡੀਆਈ) ਸਕੀਮ ਫੰਡ' ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਨਿੱਜੀ ਖੇਤਰ ਵੱਲੋਂ ਸੰਚਾਲਿਤ ਖੋਜ ਅਤੇ ਵਿਕਾਸ ਦੇ ਈਕੋਸਿਸਟਮ ਨੂੰ ਉਤਸ਼ਾਹਿਤ ਕਰਨਾ ਹੈ।

'ਐਸਟਿਕ' 2025, 3 ਤੋਂ 5 ਨਵੰਬਰ 2025 ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਅਕਾਦਮਿਕ ਜਗਤ, ਖੋਜ ਸੰਸਥਾਵਾਂ, ਉਦਯੋਗ ਅਤੇ ਸਰਕਾਰ ਦੇ 3,000 ਤੋਂ ਵੱਧ ਹਿੱਸੇਦਾਰਾਂ ਦੇ ਨਾਲ-ਨਾਲ ਨੋਬੇਲ ਪੁਰਸਕਾਰ ਜੇਤੂ, ਉੱਘੇ ਵਿਗਿਆਨੀ, ਨਵੀਨਤਾਕਾਰ ਅਤੇ ਨੀਤੀ-ਘਾੜੇ ਸ਼ਾਮਲ ਹੋਣਗੇ। ਵਿਚਾਰ-ਵਟਾਂਦਰਾ 11 ਮੁੱਖ ਵਿਸ਼ਿਆਂ 'ਤੇ ਕੇਂਦਰਿਤ ਹੋਵੇਗਾ, ਜਿਨ੍ਹਾਂ ਵਿੱਚ ਉੱਨਤ ਸਮੱਗਰੀ ਅਤੇ ਨਿਰਮਾਣ, ਮਸਨੂਈ ਬੌਧਿਕਤਾ, ਜੈਵਿਕ-ਨਿਰਮਾਣ, ਸਮੁੰਦਰੀ ਅਰਥਵਿਵਸਥਾ, ਡਿਜੀਟਲ ਸੰਚਾਰ, ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਨਿਰਮਾਣ, ਉੱਭਰਦੀਆਂ ਖੇਤੀਬਾੜੀ ਤਕਨਾਲੋਜੀਆਂ, ਊਰਜਾ, ਵਾਤਾਵਰਨ ਅਤੇ ਜਲਵਾਯੂ, ਸਿਹਤ ਅਤੇ ਮੈਡੀਕਲ ਤਕਨਾਲੋਜੀਆਂ, ਕੁਆਂਟਮ ਵਿਗਿਆਨ ਅਤੇ ਤਕਨਾਲੋਜੀ, ਅਤੇ ਪੁਲਾੜ ਤਕਨਾਲੋਜੀਆਂ ਸ਼ਾਮਲ ਹਨ।
'ਐਸਟਿਕ' 2024 ਵਿੱਚ ਪ੍ਰਮੁੱਖ ਵਿਗਿਆਨੀਆਂ ਵੱਲੋਂ ਭਾਸ਼ਣ, ਪੈਨਲ ਵਿਚਾਰ-ਵਟਾਂਦਰੇ, ਪੇਸ਼ਕਾਰੀਆਂ ਅਤੇ ਤਕਨਾਲੋਜੀ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ। ਇਹ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਖੋਜਕਰਤਾਵਾਂ, ਉਦਯੋਗ ਅਤੇ ਨੌਜਵਾਨ ਨਵੀਨਤਾਕਾਰਾਂ ਵਿਚਾਲੇ ਸਹਿਯੋਗ ਲਈ ਮੰਚ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
We are focusing on Ease of Doing Research so that a modern ecosystem of innovation can flourish in India. pic.twitter.com/wNvUcUDw9Z
— PMO India (@PMOIndia) November 3, 2025
When science meets scale,
— PMO India (@PMOIndia) November 3, 2025
When innovation becomes inclusive,
When technology drives transformation,
The foundation for great achievements is laid. pic.twitter.com/R3YH8kxhIS
India is no longer just a consumer of technology. It has become a pioneer of transformation through technology. pic.twitter.com/nvwH0dhzMg
— PMO India (@PMOIndia) November 3, 2025
Today, India has the world's most successful digital public infrastructure. pic.twitter.com/EZ2lOJXM9I
— PMO India (@PMOIndia) November 3, 2025
Today, India is shaping the global framework for ethical and human-centric AI. pic.twitter.com/rSUIJMRzSb
— PMO India (@PMOIndia) November 3, 2025


