ਪ੍ਰਧਾਨ ਮੰਤਰੀ ਨੇ 1 ਲੱਖ ਕਰੋੜ ਰੁਪਏ ਦੀ ਖੋਜ, ਵਿਕਾਸ ਅਤੇ ਨਵੀਨਤਾ ਸਕੀਮ ਦੀ ਸ਼ੁਰੂਆਤ ਕੀਤੀ
ਅਸੀਂ ਭਾਰਤ ਵਿੱਚ ਨਵੀਨਤਾ ਦਾ ਆਧੁਨਿਕ ਵਾਤਾਵਰਨ ਵਿਕਸਿਤ ਕਰਨ ਲਈ ਖੋਜ ਕਰਨ ਦੀ ਸੌਖ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਜਦੋਂ ਵਿਗਿਆਨ ਵੱਡੇ ਪੈਮਾਨੇ ਨਾਲ ਮਿਲਦਾ ਹੈ, ਜਦੋਂ ਨਵੀਨਤਾ ਸਮਾਵੇਸ਼ੀ ਬਣ ਜਾਂਦੀ ਹੈ, ਜਦੋਂ ਤਕਨਾਲੋਜੀ ਪਰਿਵਰਤਨ ਲਿਆਉਂਦੀ ਹੈ ਤਾਂ ਵੱਡੀਆਂ ਪ੍ਰਾਪਤੀਆਂ ਦੀ ਨੀਂਹ ਰੱਖੀ ਜਾਂਦੀ ਹੈ: ਪ੍ਰਧਾਨ ਮੰਤਰੀ
ਭਾਰਤ ਹੁਣ ਸਿਰਫ਼ ਤਕਨਾਲੋਜੀ ਦਾ ਖਪਤਕਾਰ ਨਹੀਂ ਹੈ, ਇਹ ਤਕਨਾਲੋਜੀ ਰਾਹੀਂ ਪਰਿਵਰਤਨ ਦਾ ਮੋਢੀ ਬਣ ਗਿਆ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਕੋਲ ਦੁਨੀਆ ਦਾ ਸਭ ਤੋਂ ਸਫ਼ਲ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਨੈਤਿਕ ਅਤੇ ਮਨੁੱਖ-ਕੇਂਦ੍ਰਿਤ ਮਸਨੂਈ ਬੌਧਿਕਤਾ (ਏਆਈ) ਲਈ ਵਿਸ਼ਵ-ਵਿਆਪੀ ਢਾਂਚੇ ਨੂੰ ਆਕਾਰ ਦੇ ਰਿਹਾ ਹੈ: ਪ੍ਰਧਾਨ ਮੰਤਰੀ

ਦੇਸ਼ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਜੀ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੈ ਕੁਮਾਰ ਸੂਦ, ਸਾਡੇ ਦਰਮਿਆਨ ਮੌਜੂਦ ਨੋਬੇਲ ਪੁਰਸਕਾਰ ਜੇਤੂ ਸਰ ਆਂਦਰੇ ਗੀਮ, ਦੇਸ਼-ਵਿਦੇਸ਼ ਤੋਂ ਆਏ ਸਾਰੇ ਵਿਗਿਆਨੀ, ਨਵੀਨਤਾਕਾਰ, ਅਕਾਦਮਿਕ ਜਗਤ ਦੇ ਮੈਂਬਰ ਤੇ ਹੋਰ ਪਤਵੰਤੇ ਸੱਜਣੋ!

 

ਅੱਜ ਦਾ ਇਹ ਸਮਾਗਮ ਵਿਗਿਆਨ ਨਾਲ ਜੁੜਿਆ ਹੈ, ਪਰ ਮੈਂ ਸਭ ਤੋਂ ਪਹਿਲਾਂ ਕ੍ਰਿਕਟ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਦੀ ਗੱਲ ਕਰਾਂਗਾ। ਪੂਰਾ ਭਾਰਤ ਆਪਣੀ ਕ੍ਰਿਕਟ ਟੀਮ ਦੀ ਸਫ਼ਲਤਾ 'ਤੇ ਬਹੁਤ ਖ਼ੁਸ਼ ਹੈ। ਇਹ ਭਾਰਤ ਦਾ ਪਹਿਲਾ ਮਹਿਲਾ ਵਿਸ਼ਵ ਕੱਪ ਹੈ। ਮੈਂ ਸਾਡੀ ਮਹਿਲਾ ਕ੍ਰਿਕਟ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਨੂੰ ਤੁਹਾਡੇ 'ਤੇ ਮਾਣ ਹੈ। ਤੁਹਾਡੀ ਇਹ ਸਫ਼ਲਤਾ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

 

ਸਾਥੀਓ,

 

ਕੱਲ੍ਹ ਭਾਰਤ ਨੇ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਵੀ ਆਪਣਾ ਝੰਡਾ ਲਹਿਰਾਇਆ ਹੈ। ਕੱਲ੍ਹ ਭਾਰਤ ਦੇ ਵਿਗਿਆਨੀਆਂ ਨੇ ਭਾਰਤ ਦਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ। ਮੈਂ ਇਸ ਮਿਸ਼ਨ ਨਾਲ ਜੁੜੇ ਸਾਰੇ ਵਿਗਿਆਨੀਆਂ ਨੂੰ, ਇਸਰੋ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਵੀ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਬਹੁਤ ਵੱਡਾ ਦਿਨ ਹੈ। 21ਵੀਂ ਸਦੀ ਦੇ ਇਸ ਸਮੇਂ ਵਿੱਚ ਬਹੁਤ ਲੋੜ ਸੀ ਕਿ ਉੱਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਦੁਨੀਆ ਭਰ ਦੇ ਮਾਹਿਰ ਇਕੱਠੇ ਹੋਣ ਅਤੇ ਉਹ ਮਿਲ ਕੇ ਸੇਧ ਦੇਣ। ਇਸੇ ਲੋੜ ਨੇ ਇੱਕ ਵਿਚਾਰ ਨੂੰ ਜਨਮ ਦਿੱਤਾ ਅਤੇ ਇਸੇ ਵਿਚਾਰ ਤੋਂ ਇਸ ਸੰਮੇਲਨ ਦਾ ਦ੍ਰਿਸ਼ਟੀਕੋਣ ਬਣਿਆ। ਮੈਨੂੰ ਖ਼ੁਸ਼ੀ ਹੈ ਕਿ ਅੱਜ ਉਹ ਦ੍ਰਿਸ਼ਟੀਕੋਣ ਇਸ ਸੰਮੇਲਨ ਦੇ ਰੂਪ ਵਿੱਚ ਆਕਾਰ ਲੈ ਰਿਹਾ ਹੈ। ਕਈ ਮੰਤਰਾਲੇ, ਨਿੱਜੀ ਖੇਤਰ, ਸਟਾਰਟਅੱਪ ਅਤੇ ਵਿਦਿਆਰਥੀ ਇਸ ਯਤਨ ਵਿੱਚ ਇਕੱਠੇ ਹਨ। ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਅੱਜ ਸਾਡੇ ਵਿਚਕਾਰ ਇੱਕ ਨੋਬੇਲ ਪੁਰਸਕਾਰ ਜੇਤੂ ਵੀ ਮੌਜੂਦ ਹਨ। ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੁਹਾਨੂੰ ਇਸ ਸੰਮੇਲਨ ਲਈ ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

 

ਸਾਥੀਓ,

 

21ਵੀਂ ਸਦੀ ਦਾ ਇਹ ਦੌਰ ਬੇਮਿਸਾਲ ਤਬਦੀਲੀਆਂ ਦਾ ਦੌਰ ਹੈ। ਅੱਜ ਅਸੀਂ ਵਿਸ਼ਵ-ਵਿਆਪੀ ਵਿਵਸਥਾ ਵਿੱਚ ਇੱਕ ਨਵੇਂ ਬਦਲਾਅ ਦੇ ਗਵਾਹ ਬਣ ਰਹੇ ਹਾਂ। ਤਬਦੀਲੀ ਦੀ ਇਹ ਰਫ਼ਤਾਰ ਇੱਕ-ਸਾਰ (ਲੀਨੀਅਰ) ਨਹੀਂ, ਸਗੋਂ ਕਈ ਗੁਣਾ ਤੇਜ਼ ਹੈ। ਇਸ ਸੋਚ ਨਾਲ ਅੱਜ ਭਾਰਤ ਉੱਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਨਾਲ ਜੁੜੇ ਇਨ੍ਹਾਂ ਸਾਰੇ ਪਹਿਲੂਆਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਉਨ੍ਹਾਂ 'ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਿਹਾ ਹੈ। ਜਿਵੇਂ ਇੱਕ ਉਦਾਹਰਣ ਹੈ ਖੋਜ ਲਈ ਵਿੱਤੀ ਸਹਾਇਤਾ ਦਾ। ਤੁਸੀਂ ਸਾਰੇ 'ਜੈ ਜਵਾਨ, ਜੈ ਕਿਸਾਨ' ਦੇ ਦ੍ਰਿਸ਼ਟੀਕੋਣ ਤੋਂ ਲੰਬੇ ਸਮੇਂ ਤੋਂ ਜਾਣੂ ਹੋ। ਖੋਜ 'ਤੇ ਧਿਆਨ ਕੇਂਦਰਿਤ ਕਰਦਿਆਂ ਅਸੀਂ ਉਸ ਵਿੱਚ 'ਜੈ ਵਿਗਿਆਨ' ਅਤੇ 'ਜੈ ਅਨੁਸੰਧਾਨ' ਵੀ ਜੋੜਿਆ ਹੈ। ਅਸੀਂ 'ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ' ਬਣਾਇਆ ਹੈ, ਤਾਂ ਜੋ ਸਾਡੀਆਂ ਯੂਨੀਵਰਸਿਟੀਆਂ ਵਿੱਚ ਖੋਜ ਅਤੇ ਨਵੀਨਤਾ ਨੂੰ ਵੱਡੇ ਪੱਧਰ 'ਤੇ ਵਧਾਇਆ ਜਾ ਸਕੇ। ਇਸ ਦੇ ਨਾਲ-ਨਾਲ ਅਸੀਂ 'ਖੋਜ, ਵਿਕਾਸ ਅਤੇ ਨਵੀਨਤਾ ਸਕੀਮ' ਵੀ ਸ਼ੁਰੂ ਕੀਤੀ ਹੈ। ਇਸ ਲਈ 1 ਲੱਖ ਕਰੋੜ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਇਹ 1 ਲੱਖ ਕਰੋੜ ਮੋਦੀ ਕੋਲ ਰਹਿਣ ਵਾਲਾ ਹੈ, ਇਸ ਲਈ ਤੁਸੀਂ ਤਾੜੀਆਂ ਨਹੀਂ ਵਜਾ ਰਹੇ। ਇਹ ਇੱਕ ਲੱਖ ਕਰੋੜ ਰੁਪਇਆ ਤੁਹਾਡੇ ਲਈ ਹੈ, ਤੁਹਾਡੀ ਸਮਰੱਥਾ ਵਧਾਉਣ ਲਈ ਹੈ, ਤੁਹਾਡੇ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹਣ ਲਈ ਹੈ। ਸਾਡੀ ਕੋਸ਼ਿਸ਼ ਹੈ ਕਿ ਨਿੱਜੀ ਖੇਤਰ ਵਿੱਚ ਵੀ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇ। ਪਹਿਲੀ ਵਾਰ, ਵੱਧ-ਜੋਖ਼ਮ ਅਤੇ ਵੱਧ-ਪ੍ਰਭਾਵ ਵਾਲੇ ਪ੍ਰੋਜੈਕਟਾਂ ਲਈ ਪੂੰਜੀ ਵੀ ਉਪਲਬਧ ਕਰਵਾਈ ਜਾ ਰਹੀ ਹੈ।

 

ਸਾਥੀਓ,

 

ਭਾਰਤ ਵਿੱਚ ਨਵੀਨਤਾ ਦਾ ਆਧੁਨਿਕ ਈਕੋਸਿਸਟਮ ਬਣੇ, ਇਸ ਲਈ ਅਸੀਂ ਖੋਜ ਕਰਨ ਦੀ ਸੌਖ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ। ਇਸ ਦਿਸ਼ਾ ਵਿੱਚ ਸਾਡੀ ਸਰਕਾਰ ਨੇ ਵਿੱਤੀ ਨਿਯਮਾਂ ਅਤੇ ਖ਼ਰੀਦ ਨੀਤੀਆਂ ਵਿੱਚ ਕਈ ਸੁਧਾਰ ਕੀਤੇ ਹਨ। ਅਸੀਂ ਨਿਯਮਾਂ, ਪ੍ਰੋਤਸਾਹਨਾਂ ਅਤੇ ਸਪਲਾਈ ਲੜੀਆਂ ਵਿੱਚ ਵੀ ਸੁਧਾਰ ਕੀਤੇ ਹਨ, ਤਾਂ ਜੋ ਨਮੂਨੇ (ਪ੍ਰੋਟੋਟਾਈਪ) ਛੇਤੀ ਪ੍ਰਯੋਗਸ਼ਾਲਾ ਤੋਂ ਨਿਕਲ ਕੇ ਬਾਜ਼ਾਰ ਤੱਕ ਪਹੁੰਚਣ।

 

ਸਾਥੀਓ,

 

ਭਾਰਤ ਨੂੰ ਨਵੀਨਤਾ ਦਾ ਧੁਰਾ ਬਣਾਉਣ ਲਈ ਪਿਛਲੇ ਕੁਝ ਸਾਲਾਂ ਵਿੱਚ ਜੋ ਨੀਤੀਆਂ ਬਣੀਆਂ, ਜੋ ਫ਼ੈਸਲੇ ਹੋਏ, ਉਸ ਦਾ ਅਸਰ ਹੁਣ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ। ਮੈਂ ਤੁਹਾਡੇ ਸਾਹਮਣੇ ਬੜੀ ਤਸੱਲੀ ਨਾਲ ਕੁਝ ਅੰਕੜੇ ਰੱਖਣਾ ਚਾਹੁੰਦਾ ਹਾਂ। ਵੈਸੇ, ਸੁਭਾਅ ਤੋਂ ਮੈਨੂੰ ਛੇਤੀ ਤਸੱਲੀ ਹੁੰਦੀ ਨਹੀਂ। ਪਰ ਇਹ ਤਸੱਲੀ ਬੀਤੇ ਕੱਲ੍ਹ ਦੇ ਸੰਦਰਭ ਵਿੱਚ ਹੈ, ਆਉਣ ਵਾਲੇ ਕੱਲ੍ਹ ਲਈ ਤਾਂ ਮੇਰੀ ਤਸੱਲੀ ਹਾਲੇ ਬਹੁਤ ਦੂਰ ਹੈ। ਮੈਂ ਬਹੁਤ ਅੱਗੇ ਜਾਣਾ ਹੈ। ਪਿਛਲੇ ਦਹਾਕੇ ਵਿੱਚ ਸਾਡਾ ਖੋਜ ਅਤੇ ਵਿਕਾਸ 'ਤੇ ਖ਼ਰਚ ਦੁੱਗਣਾ ਹੋਇਆ ਹੈ, ਭਾਰਤ ਵਿੱਚ ਰਜਿਸਟਰ ਕੀਤੇ ਗਏ ਪੇਟੈਂਟ ਦੀ ਗਿਣਤੀ 17 ਗੁਣਾ ਵਧੀ ਹੈ, 17 ਗੁਣਾ... 17 ਗੁਣਾ ਦਾ ਵਾਧਾ, ਸਟਾਰਟਅੱਪਸ ਵਿੱਚ ਵੀ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਸਾਡੇ 6,000 ਤੋਂ ਵੱਧ ਡੀਪ-ਟੈੱਕ ਸਟਾਰਟਅੱਪ ਅੱਜ ਸਾਫ਼ ਊਰਜਾ, ਉੱਨਤ ਸਮਗਰੀ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਭਾਰਤ ਦਾ ਸੈਮੀਕੰਡਕਟਰ ਖੇਤਰ ਵੀ ਹੁਣ ਉਡਾਣ ਭਰ ਚੁੱਕਾ ਹੈ। ਜੈਵਿਕ-ਅਰਥਵਿਵਸਥਾ ਦੀ ਗੱਲ ਕਰੀਏ ਤਾਂ 2014 ਵਿੱਚ ਇਹ 10 ਬਿਲੀਅਨ ਡਾਲਰ ਦੀ ਸੀ, ਅੱਜ ਇਹ ਲਗਭਗ 140 ਬਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ।

 

ਸਾਥੀਓ,

 

ਪਿਛਲੇ ਕੁਝ ਸਾਲਾਂ ਵਿੱਚ ਅਸੀਂ ਕਈ ਉੱਭਰਦੇ ਖੇਤਰਾਂ ਵਿੱਚ ਵੀ ਕਦਮ ਵਧਾਇਆ ਹੈ। ਹਰੀ ਹਾਈਡ੍ਰੋਜਨ, ਕੁਆਂਟਮ ਕੰਪਿਊਟਿੰਗ, ਡੀਪ ਸੀਅ ਰਿਸਰਚ, ਮਹੱਤਵਪੂਰਨ ਖਣਿਜ, ਇਨ੍ਹਾਂ ਸਾਰੇ ਖੇਤਰਾਂ ਵਿੱਚ ਭਾਰਤ ਨੇ ਆਪਣੀ ਇੱਕ ਉਮੀਦ ਭਰੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ।

 

ਸਾਥੀਓ,

 

ਜਦੋਂ ਵਿਗਿਆਨ ਨੂੰ ਵੱਡੇ ਪੈਮਾਨੇ 'ਤੇ ਲਾਗੂ ਕੀਤਾ ਜਾਂਦਾ ਹੈ, ਜਦੋਂ ਨਵੀਨਤਾ ਸਾਰਿਆਂ ਤੱਕ ਪਹੁੰਚਦੀ ਹੈ ਅਤੇ ਜਦੋਂ ਤਕਨਾਲੋਜੀ, ਪਰਿਵਰਤਨ ਲਿਆਉਂਦੀ ਹੈ ਤਾਂ ਵੱਡੀਆਂ ਪ੍ਰਾਪਤੀਆਂ ਦੀ ਨੀਂਹ ਮਜ਼ਬੂਤ ਹੁੰਦੀ ਹੈ, ਤਿਆਰ ਹੋ ਜਾਂਦੀ ਹੈ। ਪਿਛਲੇ 10-11 ਸਾਲਾਂ ਵਿੱਚ ਭਾਰਤ ਦੀ ਯਾਤਰਾ ਇਸੇ ਦ੍ਰਿਸ਼ਟੀਕੋਣ ਦੀ ਉਦਾਹਰਣ ਹੈ। ਭਾਰਤ ਹੁਣ ਤਕਨਾਲੋਜੀ ਦਾ ਖਪਤਕਾਰ ਨਹੀਂ, ਸਗੋਂ ਤਕਨਾਲੋਜੀ ਰਾਹੀਂ ਪਰਿਵਰਤਨ ਦਾ ਮੋਢੀ ਬਣ ਚੁੱਕਾ ਹੈ। ਕੋਵਿਡ ਦੌਰਾਨ ਅਸੀਂ ਰਿਕਾਰਡ ਸਮੇਂ ਵਿੱਚ ਸਵਦੇਸ਼ੀ ਵੈਕਸੀਨ ਵਿਕਸਤ ਕੀਤੀ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਚਲਾਇਆ।

 

ਸਾਥੀਓ,

 

ਇੰਨੇ ਵੱਡੇ ਪੈਮਾਨੇ 'ਤੇ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਲਾਗੂ ਕਰਨਾ, ਇਹ ਕਿਵੇਂ ਸੰਭਵ ਹੁੰਦਾ ਹੈ? ਇਹ ਸੰਭਵ ਹੋਇਆ, ਕਿਉਂਕਿ ਅੱਜ ਦੁਨੀਆ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਸਫਲ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਜੇ ਕਿਸੇ ਕੋਲ ਹੈ, ਤਾਂ ਉਸ ਦੇਸ਼ ਦਾ ਨਾਮ ਹੈ - ਹਿੰਦੁਸਤਾਨ। ਅਸੀਂ 2 ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਹੈ। ਮੋਬਾਈਲ ਡੇਟਾ ਦਾ ਲੋਕਤੰਤਰੀਕਰਨ ਕੀਤਾ ਹੈ।

 

ਸਾਥੀਓ,

 

ਬੀਤੇ ਸਾਲਾਂ ਵਿੱਚ ਜੇ ਸਾਡਾ ਪੁਲਾੜ ਪ੍ਰੋਗਰਾਮ ਚੰਦਰਮਾ ਅਤੇ ਮੰਗਲ ਤੱਕ ਪਹੁੰਚਿਆ, ਤਾਂ ਨਾਲ ਹੀ ਅਸੀਂ ਆਪਣੇ ਕਿਸਾਨਾਂ, ਮਛੇਰਿਆਂ ਨੂੰ ਪੁਲਾੜ ਵਿਗਿਆਨ ਦੇ ਲਾਭਾਂ ਨਾਲ ਵੀ ਜੋੜਿਆ। ਅਤੇ ਯਕੀਨਨ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਤੁਹਾਡਾ ਸਾਰਿਆਂ ਦਾ ਯੋਗਦਾਨ ਹੈ।

 

ਸਾਥੀਓ,

 

ਨਵੀਨਤਾ ਜਦੋਂ ਸਮਾਵੇਸ਼ੀ ਹੁੰਦੀ ਹੈ, ਤਾਂ ਉਸ ਦੇ ਮੁੱਖ ਲਾਭਪਾਤਰੀ ਹੀ ਉਸ ਦੇ ਆਗੂ ਵੀ ਬਣ ਜਾਂਦੇ ਹਨ। ਭਾਰਤ ਦੀਆਂ ਔਰਤਾਂ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਤੁਸੀਂ ਦੇਖੋ, ਦੁਨੀਆ ਵਿੱਚ ਜਦੋਂ ਭਾਰਤ ਦੇ ਪੁਲਾੜ ਮਿਸ਼ਨਾਂ ਦੀ ਗੱਲ ਹੁੰਦੀ ਹੈ, ਤਾਂ ਉਸ ਵਿੱਚ ਭਾਰਤੀ ਮਹਿਲਾ ਵਿਗਿਆਨੀਆਂ ਦੀ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ। ਪੇਟੈਂਟ ਦਾਇਰ ਕਰਨ ਵਿੱਚ ਵੀ ਭਾਰਤ ਵਿੱਚ ਔਰਤਾਂ ਵੱਲੋਂ ਸਾਲਾਨਾ ਦਾਇਰ ਕੀਤੇ ਪੇਟੈਂਟਾਂ ਦੀ ਗਿਣਤੀ ਇੱਕ ਦਹਾਕਾ ਪਹਿਲਾਂ 100 ਤੋਂ ਵੀ ਘੱਟ ਸੀ। ਹੁਣ ਇਹ ਸਾਲਾਨਾ 5 ਹਜ਼ਾਰ ਤੋਂ ਵੀ ਵੱਧ ਤੱਕ ਪਹੁੰਚ ਗਈ ਹੈ। ਸਟੈੱਮ ਸਿੱਖਿਆ ਵਿੱਚ ਵੀ ਔਰਤਾਂ ਦਾ ਹਿੱਸਾ ਲਗਭਗ 43 ਪ੍ਰਤੀਸ਼ਤ ਹੈ, ਜੋ ਕਿ ਵਿਸ਼ਵ-ਵਿਆਪੀ ਔਸਤ ਤੋਂ ਵੀ ਵੱਧ ਹੈ। ਮੈਂ ਦੁਨੀਆ ਦੇ ਇੱਕ ਵਿਕਸਤ ਦੇਸ਼ ਵਿੱਚ ਉਨ੍ਹਾਂ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨਾਲ ਲਿਫ਼ਟ ਵਿੱਚ ਉੱਪਰ ਜਾ ਰਿਹਾ ਸੀ। ਤਾਂ ਲਿਫ਼ਟ ਵਿੱਚ ਗੱਲਾਂ ਹੋਈਆਂ, ਤਾਂ ਉਨ੍ਹਾਂ ਮੈਨੂੰ ਪੁੱਛਿਆ ਕਿ ਕੀ ਭਾਰਤ ਵਿੱਚ ਕੁੜੀਆਂ ਵਿਗਿਆਨ ਅਤੇ ਤਕਨਾਲੋਜੀ ਵਰਗੇ ਵਿਸ਼ੇ ਪੜ੍ਹਦੀਆਂ ਹਨ? ਯਾਨੀ, ਇਹ ਉਨ੍ਹਾਂ ਦੇ ਮਨ ਵਿੱਚ ਵੱਡੀ ਹੈਰਾਨੀ ਸੀ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਦੇਸ਼ ਵਿੱਚ ਇੰਨੀ ਵੱਡੀ ਗਿਣਤੀ ਹੁੰਦੀ ਹੈ, ਤਾਂ ਉਹ ਹੈਰਾਨ ਰਹਿ ਗਏ ਸਨ। ਇਹ ਭਾਰਤ ਦੀਆਂ ਧੀਆਂ ਨੇ ਕਰਕੇ ਦਿਖਾਇਆ ਹੈ। ਅਤੇ ਅੱਜ ਵੀ ਮੈਂ ਇੱਥੇ ਦੇਖ ਰਿਹਾ ਹਾਂ, ਕਿੰਨੀ ਵੱਡੀ ਗਿਣਤੀ ਵਿੱਚ ਸਾਡੀਆਂ ਧੀਆਂ ਹਨ, ਭੈਣਾਂ ਹਨ। ਇਹ ਅੰਕੜੇ ਸਾਨੂੰ ਦੱਸਦੇ ਹਨ ਕਿ ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਔਰਤਾਂ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ।

 

ਸਾਥੀਓ,

 

ਇਤਿਹਾਸ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ, ਜਿਨ੍ਹਾਂ ਤੋਂ ਕਈ ਪੀੜ੍ਹੀਆਂ ਨੂੰ ਪ੍ਰੇਰਨਾ ਮਿਲਦੀ ਹੈ। ਕੁਝ ਸਾਲ ਪਹਿਲਾਂ ਸਾਡੇ ਬੱਚਿਆਂ ਨੇ ਚੰਦਰਯਾਨ ਦਾ ਸਫ਼ਰ ਦੇਖਿਆ, ਉਸ ਦੀ ਸਫ਼ਲਤਾ ਵੀ ਦੇਖੀ ਅਤੇ ਸਫ਼ਲਤਾ ਵਿਗਿਆਨ ਪ੍ਰਤੀ ਉਨ੍ਹਾਂ ਨੂੰ ਜ਼ਬਰਦਸਤ ਤਰੀਕੇ ਨਾਲ ਆਕਰਸ਼ਿਤ ਕਰਨ ਦਾ ਕਾਰਨ ਬਣੀ, ਮੌਕਾ ਬਣ ਗਈ। ਅਤੇ ਉਨ੍ਹਾਂ ਨੇ ਅਸਫਲਤਾ ਅਤੇ ਸਫ਼ਲਤਾ ਦੋਵਾਂ ਨੂੰ ਦੇਖਿਆ ਸੀ। ਹਾਲ ਹੀ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਸਟੇਸ਼ਨ ਦੀ ਯਾਤਰਾ ਨੇ ਬੱਚਿਆਂ ਵਿੱਚ ਇੱਕ ਨਵੀਂ ਉਤਸੁਕਤਾ ਪੈਦਾ ਕੀਤੀ ਹੈ। ਸਾਨੂੰ ਨਵੀਂ ਪੀੜ੍ਹੀ ਵਿੱਚ ਪੈਦਾ ਹੋਈ ਇਸ ਦਿਲਚਸਪੀ ਦਾ ਲਾਭ ਉਠਾਉਣਾ ਚਾਹੀਦਾ ਹੈ।

 

ਸਾਥੀਓ,

 

ਅਸੀਂ ਜਿੰਨੇ ਜ਼ਿਆਦਾ ਹੋਣਹਾਰ ਨੌਜਵਾਨਾਂ ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੀ ਦਿਸ਼ਾ ਵਿੱਚ ਲਿਜਾ ਸਕੀਏ, ਓਨਾ ਹੀ ਬਿਹਤਰ ਹੋਵੇਗਾ। ਇਸੇ ਸੋਚ ਨਾਲ ਦੇਸ਼ ਭਰ ਵਿੱਚ ਲਗਭਗ 10,000 ਅਟਲ ਟਿੰਕਰਿੰਗ ਲੈਬਜ਼ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ 1 ਕਰੋੜ ਤੋਂ ਵੱਧ ਬੱਚੇ ਉਤਸੁਕਤਾ ਅਤੇ ਰਚਨਾਤਮਕਤਾ ਨਾਲ ਪ੍ਰਯੋਗ ਕਰ ਰਹੇ ਹਨ। ਅਤੇ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਇਨ੍ਹਾਂ ਲੈਬਜ਼ ਦੀ ਸਫ਼ਲਤਾ ਨੂੰ ਦੇਖਦਿਆਂ ਅਸੀਂ 25 ਹਜ਼ਾਰ ਨਵੀਂਆਂ ਅਟਲ ਟਿੰਕਰਿੰਗ ਲੈਬਜ਼ ਵੀ ਬਣਾਉਣ ਜਾ ਰਹੇ ਹਾਂ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਸੈਂਕੜੇ ਨਵੀਂਆਂ ਯੂਨੀਵਰਸਿਟੀਆਂ ਬਣਾਈਆਂ ਗਈਆਂ ਹਨ, 7 ਨਵੀਂਆਂ ਆਈਆਈਟੀਜ਼ ਅਤੇ 16 ਟ੍ਰਿਪਲ ਆਈਟੀਜ਼ ਵੀ ਹੁਣ ਬਣ ਚੁੱਕੀਆਂ ਹਨ। ਨਵੀਂ ਸਿੱਖਿਆ ਨੀਤੀ ਵਿੱਚ ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਨੌਜਵਾਨ ਹੁਣ ਵਿਗਿਆਨ ਅਤੇ ਇੰਜੀਨੀਅਰਿੰਗ ਵਰਗੇ ਸਟੈਮ ਕੋਰਸ ਆਪਣੀ ਸਥਾਨਕ ਭਾਸ਼ਾ ਵਿੱਚ ਕਰ ਸਕਣਗੇ।

 

ਸਾਥੀਓ,

 

ਸਾਡੀ ਸਰਕਾਰ ਦੀ ਪ੍ਰਧਾਨ ਮੰਤਰੀ ਖੋਜ ਫੈਲੋਸ਼ਿਪ ਨੌਜਵਾਨ ਖੋਜਕਰਤਾਵਾਂ ਵਿੱਚ ਬਹੁਤ ਸਫਲ ਰਹੀ ਹੈ। ਇਸ ਯੋਜਨਾ ਤਹਿਤ ਦਿੱਤੀਆਂ ਗਈਆਂ ਗ੍ਰਾਂਟਾਂ ਨੇ ਨੌਜਵਾਨਾਂ ਦੀ ਬਹੁਤ ਮਦਦ ਕੀਤੀ ਹੈ। ਹੁਣ ਅਸੀਂ ਆਉਣ ਵਾਲੇ 5 ਸਾਲਾਂ ਵਿੱਚ 10,000 ਫੈਲੋਸ਼ਿਪਾਂ ਦੇ ਕੇ ਦੇਸ਼ ਵਿੱਚ ਖੋਜ ਅਤੇ ਵਿਕਾਸ ਨੂੰ ਹੋਰ ਮਜ਼ਬੂਤੀ ਦੇਣ ਦਾ ਫ਼ੈਸਲਾ ਕੀਤਾ ਹੈ।

 

ਸਾਥੀਓ,

 

ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵਿਗਿਆਨ ਅਤੇ ਤਕਨਾਲੋਜੀ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਸਮਝੀਏ ਅਤੇ ਨਾਲ ਹੀ ਇਨ੍ਹਾਂ ਨੂੰ ਨੈਤਿਕ ਅਤੇ ਸਮਾਵੇਸ਼ੀ ਬਣਾਈਏ। ਉਦਾਹਰਣ ਵਜੋਂ, ਮਸਨੂਈ ਬੌਧਿਕਤਾ ਨੂੰ ਹੀ ਦੇਖੋ, ਅੱਜ ਪ੍ਰਚੂਨ ਤੋਂ ਲੈ ਕੇ ਲੌਜਿਸਟਿਕਸ ਤੱਕ, ਗਾਹਕ ਸੇਵਾ ਤੋਂ ਲੈ ਕੇ ਬੱਚਿਆਂ ਦੇ ਘਰ ਦੇ ਕੰਮ ਤੱਕ, ਹਰ ਜਗ੍ਹਾ ਏਆਈ ਦੀ ਵਰਤੋਂ ਹੋ ਰਹੀ ਹੈ। ਇਸ ਲਈ ਅਸੀਂ ਭਾਰਤ ਵਿੱਚ ਵੀ ਏਆਈ ਦੀ ਸ਼ਕਤੀ ਨੂੰ ਸਮਾਜ ਦੇ ਹਰ ਵਰਗ ਲਈ ਉਪਯੋਗੀ ਬਣਾ ਰਹੇ ਹਾਂ। 'ਇੰਡੀਆ ਏਆਈ ਮਿਸ਼ਨ' ਵਿੱਚ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

 

ਸਾਥੀਓ,

 

ਭਾਰਤ, ਅੱਜ ਨੈਤਿਕ ਅਤੇ ਮਨੁੱਖ-ਕੇਂਦ੍ਰਿਤ ਏਆਈ ਦੇ ਵਿਸ਼ਵ-ਵਿਆਪੀ ਢਾਂਚੇ ਨੂੰ ਆਕਾਰ ਦੇ ਰਿਹਾ ਹੈ। ਸਾਡਾ ਆਉਣ ਵਾਲਾ ਏਆਈ ਗਵਰਨੈਂਸ ਫਰੇਮਵਰਕ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ। ਇਸ ਦਾ ਮਕਸਦ ਹੈ, ਨਵੀਨਤਾ ਅਤੇ ਸੁਰੱਖਿਆ ਨੂੰ ਨਾਲ-ਨਾਲ ਵਿਕਸਤ ਕਰਨਾ। ਅਗਲੇ ਸਾਲ ਫਰਵਰੀ ਵਿੱਚ ਜਦੋਂ ਭਾਰਤ 'ਗਲੋਬਲ ਏਆਈ ਸਮਿਟ' ਦੀ ਮੇਜ਼ਬਾਨੀ ਕਰੇਗਾ, ਤਾਂ ਸਮਾਵੇਸ਼ੀ, ਨੈਤਿਕ ਅਤੇ ਮਨੁੱਖ-ਕੇਂਦ੍ਰਿਤ ਏਆਈ ਦੇ ਯਤਨਾਂ ਨੂੰ ਨਵੀਂ ਗਤੀ ਮਿਲੇਗੀ।

 

ਸਾਥੀਓ,

 

ਹੁਣ ਸਮਾਂ ਹੈ ਕਿ ਅਸੀਂ ਉੱਭਰ ਰਹੇ ਖੇਤਰਾਂ ਵਿੱਚ ਦੁੱਗਣੀ ਊਰਜਾ ਨਾਲ ਕੰਮ ਕਰੀਏ। ਇਹ ਵਿਕਸਿਤ ਭਾਰਤ ਦੇ ਸਾਡੇ ਟੀਚੇ ਦੀ ਪ੍ਰਾਪਤੀ ਲਈ ਵੀ ਬਹੁਤ ਅਹਿਮ ਹੈ। ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ, ਅਸੀਂ ਖ਼ੁਰਾਕ ਸੁਰੱਖਿਆ ਤੋਂ ਅੱਗੇ ਵੱਧ ਕੇ ਪੋਸ਼ਣ ਸੁਰੱਖਿਆ ਦੀ ਦਿਸ਼ਾ ਵਿੱਚ ਅੱਗੇ ਵਧੀਏ। ਕੀ ਅਸੀਂ ਅਜਿਹੀਆਂ ਅਗਲੀ-ਪੀੜ੍ਹੀ ਦੀਆਂ ਜੈਵਿਕ-ਪੌਸ਼ਟਿਕ ਫ਼ਸਲਾਂ ਵਿਕਸਤ ਕਰ ਸਕਦੇ ਹਾਂ, ਜਿਸ ਨਾਲ ਕੁਪੋਸ਼ਣ ਖ਼ਿਲਾਫ਼ ਲੜਾਈ ਵਿੱਚ ਦੁਨੀਆ ਨੂੰ ਮਦਦ ਮਿਲੇ? ਕੀ ਅਸੀਂ ਘੱਟ-ਲਾਗਤ ਵਾਲੇ ਮਿੱਟੀ ਦੇ ਸਿਹਤ ਸੁਧਾਰਕਾਂ ਅਤੇ ਜੈਵਿਕ-ਖਾਦਾਂ ਵਿੱਚ ਅਜਿਹੀਆਂ ਨਵੀਨਤਾਵਾਂ ਲਿਆ ਸਕਦੇ ਹਾਂ, ਜੋ ਰਸਾਇਣਕ ਪਦਾਰਥਾਂ ਦਾ ਬਦਲ ਬਣਨ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ? ਕੀ ਅਸੀਂ ਭਾਰਤ ਦੀ ਜੀਨੋਮਿਕ ਵਿਭਿੰਨਤਾ ਨੂੰ ਹੋਰ ਬਿਹਤਰ ਤਰੀਕੇ ਨਾਲ ਮੈਪ ਕਰ ਸਕਦੇ ਹਾਂ, ਤਾਂ ਜੋ ਪਰਸਨਲਾਈਜ਼ਡ ਦਵਾਈ ਅਤੇ ਬਿਮਾਰੀਆਂ ਦੀ ਭਵਿੱਖਬਾਣੀ ਵਿੱਚ ਨਵੀਂ ਦਿਸ਼ਾ ਮਿਲੇ? ਕੀ ਅਸੀਂ ਸਾਫ਼ ਊਰਜਾ ਭੰਡਾਰਨ, ਜਿਵੇਂ ਬੈਟਰੀਆਂ ਵਿੱਚ ਨਵੀਂਆਂ ਅਤੇ ਸਸਤੀਆਂ ਨਵੀਨਤਾਵਾਂ ਕਰ ਸਕਦੇ ਹਾਂ? ਹਰ ਖੇਤਰ ਵਿੱਚ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਹੜੀਆਂ ਜ਼ਰੂਰੀ ਵਸਤਾਂ ਲਈ ਅਸੀਂ ਦੁਨੀਆ 'ਤੇ ਨਿਰਭਰ ਹਾਂ ਅਤੇ ਕਿਵੇਂ ਉਨ੍ਹਾਂ ਵਿੱਚ ਆਤਮ-ਨਿਰਭਰਤਾ ਹਾਸਲ ਕੀਤੀ ਜਾ ਸਕਦੀ ਹੈ।

 

ਸਾਥੀਓ,

 

ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ, ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਨਾਲ ਜੁੜੇ ਲੋਕ, ਇਨ੍ਹਾਂ ਸਵਾਲਾਂ ਤੋਂ ਵੀ ਅੱਗੇ ਜਾ ਕੇ ਨਵੀਂਆਂ ਸੰਭਾਵਨਾਵਾਂ ਖੋਜੋਗੇ। ਜੇ ਤੁਹਾਡੇ ਕੋਲ ਵਿਚਾਰ ਹਨ, ਤਾਂ ਮੈਂ ਤੁਹਾਡੇ ਨਾਲ ਹਾਂ। ਸਾਡੀ ਸਰਕਾਰ ਖੋਜ ਨੂੰ ਫੰਡ ਅਤੇ ਵਿਗਿਆਨੀਆਂ ਨੂੰ ਮੌਕੇ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੈਂ ਇਹ ਵੀ ਚਾਹਾਂਗਾ ਕਿ ਇਸ ਸੰਮੇਲਨ ਵਿੱਚ ਇੱਕ ਸਾਂਝੀ ਰੂਪ-ਰੇਖਾ ਤਿਆਰ ਹੋਵੇ। ਮੈਨੂੰ ਪੂਰਾ ਭਰੋਸਾ ਹੈ, ਇਹ ਸੰਮੇਲਨ ਭਾਰਤ ਦੀ ਨਵੀਨਤਾ ਦੀ ਯਾਤਰਾ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਵੇਗਾ। ਤੁਹਾਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਜੈ ਵਿਗਿਆਨ, ਜੈ ਅਨੁਸੰਧਾਨ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's electronics exports cross $47 billion in 2025 on iPhone push

Media Coverage

India's electronics exports cross $47 billion in 2025 on iPhone push
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਜਨਵਰੀ 2026
January 19, 2026

From One-Horned Rhinos to Global Economic Power: PM Modi's Vision Transforms India