ਮੈਂ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਜੋਹੈੱਨਸਬਰਗ ਵਿੱਚ ਹੋ ਰਹੇ 20ਵੇਂ ਜੀ20 ਲੀਡਰਸ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਮਾਣਯੋਗ ਸ਼੍ਰੀ ਸਾਇਰਿਲ ਰਾਮਫੋਸਾ ਦੇ ਸੱਦੇ 'ਤੇ 21-23 ਨਵੰਬਰ, 2025 ਤੱਕ ਦੱਖਣੀ ਅਫ਼ਰੀਕਾ ਗਣਰਾਜ ਦੇ ਦੌਰੇ ’ਤੇ ਜਾ ਰਿਹਾ ਹਾਂ।
ਇਹ ਇੱਕ ਵਿਸ਼ੇਸ਼ ਸਿਖਰ ਸੰਮੇਲਨ ਹੋਵੇਗਾ ਕਿਉਂਕਿ ਇਹ ਅਫ਼ਰੀਕਾ ਵਿੱਚ ਹੋਣ ਵਾਲਾ ਪਹਿਲਾ ਜੀ20 ਸਿਖਰ ਸੰਮੇਲਨ ਹੋਵੇਗਾ। 2023 ਵਿੱਚ ਜੀ20 ਭਾਰਤ ਦੀ ਪ੍ਰਧਾਨਗੀ ਦੌਰਾਨ, ਅਫ਼ਰੀਕੀ ਯੂਨੀਅਨ ਜੀ20 ਦਾ ਮੈਂਬਰ ਬਣ ਗਿਆ ਸੀ।
ਇਹ ਸਿਖਰ ਸੰਮੇਲਨ ਦੁਨੀਆਂ ਦੇ ਵਿਸ਼ੇਸ਼ ਮੁੱਦਿਆਂ 'ਤੇ ਚਰਚਾ ਕਰਨ ਦਾ ਇੱਕ ਮੌਕਾ ਹੋਵੇਗਾ। ਇਸ ਸਾਲ ਦੇ ਜੀ20 ਦਾ ਵਿਸ਼ਾ "ਏਕਤਾ, ਸਮਾਨਤਾ ਅਤੇ ਸਥਿਰਤਾ" ਹੈ, ਜਿਸ ਰਾਹੀਂ ਦੱਖਣੀ ਅਫ਼ਰੀਕਾ ਨੇ ਨਵੀਂ ਦਿੱਲੀ, ਭਾਰਤ ਅਤੇ ਰੀਓ ਡੀ ਜਨੇਰੀਓ, ਬ੍ਰਾਜ਼ੀਲ ਵਿੱਚ ਹੋਏ ਪਿਛਲੇ ਸਿਖਰ ਸੰਮੇਲਨਾਂ ਦੇ ਨਤੀਜਿਆਂ ਨੂੰ ਅੱਗੇ ਵਧਾਇਆ ਹੈ। ਮੈਂ ਸਿਖਰ ਸੰਮੇਲਨ ਵਿੱਚ "ਵਸੁਧੈਵ ਕੁਟੁੰਬਕਮ" ਅਤੇ "ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ" ਦੇ ਸਾਡੇ ਦ੍ਰਿਸ਼ਟੀਕੋਣ ਦੇ ਅਨੁਸਾਰ ਭਾਰਤ ਦਾ ਨਜ਼ਰੀਆ ਪੇਸ਼ ਕਰਾਂਗਾ।
ਮੈ ਭਾਈਵਾਲ ਦੇਸ਼ਾਂ ਦੇ ਆਗੂਆਂ ਨਾਲ ਆਪਣੀ ਗੱਲਬਾਤ ਅਤੇ ਸਿਖਰ ਸੰਮੇਲਨ ਦੌਰਾਨ ਹੋਣ ਵਾਲੇ 6ਵੇਂ ਆਈਬੀਐੱਸਏ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਤਸੁਕ ਹਾਂ।
ਇਸ ਦੌਰੇ ਦੌਰਾਨ, ਮੈਂ ਦੱਖਣੀ ਅਫ਼ਰੀਕਾ ਵਿੱਚ ਭਾਰਤੀ ਪਰਵਾਸੀਆਂ ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੇ ਪਰਵਾਸੀਆਂ ਵਿੱਚੋਂ ਇੱਕ ਹਨ।


