ਵਿਵੇਕ ਗੋਇਨਕਾ ਜੀ, ਭਾਈ ਅਨੰਤ, ਜੌਰਜ ਵਰਗੀਜ਼ ਜੀ, ਰਾਜਕਮਲ ਝਾਅ, ਇੰਡੀਅਨ ਐਕਸਪ੍ਰੈੱਸ ਗਰੁੱਪ ਦੇ ਸਾਰੇ ਹੋਰ ਸਾਥੀ, ਮਹਾਮਹਿਮ, ਇੱਥੇ ਮੌਜੂਦ ਹੋਰ ਸੱਜਣ, ਦੇਵੀਓ ਅਤੇ ਸੱਜਣੋ!
ਅੱਜ, ਅਸੀਂ ਸਾਰੇ ਇੱਥੇ ਇੱਕ ਅਜਿਹੀ ਸ਼ਖ਼ਸੀਅਤ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਵਿੱਚ ਪੱਤਰਕਾਰੀ, ਪ੍ਰਗਟਾਵੇ ਅਤੇ ਜਨ ਅੰਦੋਲਨਾਂ ਦੀ ਸ਼ਕਤੀ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਇਆ ਹੈ। ਰਾਮਨਾਥ ਜੀ ਨੇ ਇੱਕ ਵਿਜ਼ਨਰੀ ਦੇ ਰੂਪ ਵਿੱਚ, ਇੱਕ ਸੰਸਥਾ ਨਿਰਮਾਤਾ ਦੇ ਰੂਪ ਵਿੱਚ, ਇੱਕ ਰਾਸ਼ਟਰਵਾਦੀ ਦੇ ਰੂਪ ਵਿੱਚ ਅਤੇ ਇੱਕ ਮੀਡੀਆ ਲੀਡਰ ਦੇ ਰੂਪ ਵਿੱਚ, ਇੰਡੀਅਨ ਐਕਸਪ੍ਰੈੱਸ ਗਰੁੱਪ ਨੂੰ, ਸਿਰਫ਼ ਇੱਕ ਅਖ਼ਬਾਰ ਨਹੀਂ, ਸਗੋਂ ਇੱਕ ਮਿਸ਼ਨ ਦੇ ਰੂਪ ਵਿੱਚ, ਭਾਰਤ ਦੇ ਲੋਕਾਂ ਦਰਮਿਆਨ ਸਥਾਪਿਤ ਕੀਤਾ। ਉਨ੍ਹਾਂ ਦੀ ਅਗਵਾਈ ਵਿੱਚ ਇਹ ਸਮੂਹ, ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਹਿਤਾਂ ਦੀ ਆਵਾਜ਼ ਬਣਿਆ। ਇਸ ਲਈ 21ਵੀਂ ਸਦੀ ਦੇ ਇਸ ਕਾਲਖੰਡ ਵਿੱਚ ਜਦੋਂ ਭਾਰਤ ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਰਾਮਨਾਥ ਜੀ ਦੀ ਵਚਨਬੱਧਤਾ, ਉਨ੍ਹਾਂ ਦੇ ਯਤਨ, ਉਨ੍ਹਾਂ ਦਾ ਵਿਜ਼ਨ, ਸਾਡੀ ਬਹੁਤ ਵੱਡੀ ਪ੍ਰੇਰਨਾ ਹੈ। ਮੈਂ ਇੰਡੀਅਨ ਐਕਸਪ੍ਰੈੱਸ ਗਰੁੱਪ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਲੈਕਚਰ ਵਿੱਚ ਸ਼ਾਮਲ ਕੀਤਾ, ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਰਾਮਨਾਥ ਜੀ ਗੀਤਾ ਦੇ ਇੱਕ ਸਲੋਕ ਤੋਂ ਬਹੁਤ ਪ੍ਰੇਰਨਾ ਲੈਂਦੇ ਸਨ, ਸੁਖ ਦੁ:ਖੇ ਸਮੇਂ ਕ੍ਰਤਵਾ, ਲਾਭਾ-ਲਾਭੋ ਜਯਾ-ਜਯੌ। ਤਤੋ ਯੁਧਾਯ ਯੁਜਯਸਵ, ਨੈਵਂ ਪਾਪਂ ਅਵਾਪਸਯਸਿ। (सुख दुःखे समे कृत्वा, लाभा-लाभौ जया-जयौ। ततो युद्धाय युज्यस्व, नैवं पापं अवाप्स्यसि।।) ਭਾਵ ਦੁੱਖ-ਸੁੱਖ, ਲਾਭ-ਹਾਨੀ ਅਤੇ ਜਿੱਤ-ਹਾਰ ਨੂੰ ਬਰਾਬਰ ਭਾਵ ਨਾਲ ਦੇਖ ਕੇ ਫਰਜ਼ ਨਿਭਾਉਣ ਦੇ ਲਈ ਯੁੱਧ ਕਰੋ, ਅਜਿਹਾ ਕਰਨ ਨਾਲ ਤੁਸੀਂ ਪਾਪ ਦੇ ਭਾਗੀ ਨਹੀਂ ਬਣੋਗੇ। ਰਾਮਨਾਥ ਜੀ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਕਾਂਗਰਸ ਦੇ ਸਮਰਥਕ ਰਹੇ, ਬਾਅਦ ਵਿੱਚ ਜਨਤਾ ਪਾਰਟੀ ਦੇ ਵੀ ਸਮਰਥਕ ਰਹੇ, ਫਿਰ ਜਨ ਸੰਘ ਦੇ ਟਿਕਟ ‘ਤੇ ਚੋਣ ਵੀ ਲੜੀ, ਵਿਚਾਰਧਾਰਾ ਕੋਈ ਵੀ ਹੋਵੇ, ਉਨ੍ਹਾਂ ਨੇ ਦੇਸ਼ ਹਿਤ ਨੂੰ ਪਹਿਲ ਦਿੱਤੀ। ਜਿਨ੍ਹਾਂ ਲੋਕਾਂ ਨੇ ਰਾਮਨਾਥ ਜੀ ਦੇ ਨਾਲ ਸਾਲਾਂ ਤੱਕ ਕੰਮ ਕੀਤਾ ਹੈ, ਉਹ ਕਿੰਨੇ ਹੀ ਕਿੱਸੇ ਦੱਸਦੇ ਹਨ ਜੋ ਰਾਮਨਾਥ ਜੀ ਨੇ ਉਨ੍ਹਾਂ ਨੂੰ ਦੱਸੇ ਸਨ। ਆਜ਼ਾਦੀ ਦੇ ਬਾਅਦ ਹੁਣ ਹੈਦਰਾਬਾਦ ਅਤੇ ਰਜਾਕਾਰਾਂ ਨੂੰ ਉਸ ਦੇ ਅੱਤਿਆਚਾਰ ਦਾ ਵਿਸ਼ਾ ਆਇਆ, ਤਾਂ ਕਿਵੇਂ ਰਾਮਨਾਥ ਜੀ ਨੇ ਸਰਦਾਰ ਵਲੱਭਭਾਈ ਪਟੇਲ ਦੀ ਮਦਦ ਕੀਤੀ, ਸੱਤਰ ਦੇ ਦਹਾਕੇ ਵਿੱਚ ਜਦੋਂ ਬਿਹਾਰ ਵਿੱਚ ਵਿਦਿਆਰਥੀ ਅੰਦੋਲਨ ਨੂੰ ਅਗਵਾਈ ਦੀ ਜ਼ਰੂਰਤ ਸੀ, ਤਾਂ ਕਿਵੇਂ ਨਾਨਾਜੀ ਦੇਸ਼ਮੁਖ ਦੇ ਨਾਲ ਮਿਲ ਕੇ ਰਾਮਨਾਥ ਜੀ ਨੇ ਜੇਪੀ ਨੂੰ ਉਸ ਅੰਦੋਲਨ ਦੀ ਅਗਵਾਈ ਕਰਨ ਦੇ ਲਈ ਤਿਆਰ ਕੀਤਾ। ਐਮਰਜੈਂਸੀ ਦੌਰਾਨ, ਜਦੋਂ ਰਾਮਨਾਥ ਜੀ ਨੂੰ ਇੰਦਰਾ ਗਾਂਧੀ ਦੇ ਸਭ ਤੋਂ ਕਰੀਬੀ ਮੰਤਰੀ ਨੇ ਬੁਲਾ ਕੇ ਧਮਕੀ ਦਿੱਤੀ ਕਿ ਮੈਂ ਤੁਹਾਨੂੰ ਜੇਲ੍ਹ ਵਿੱਚ ਭੇਜ ਦੇਵਾਂਗਾ, ਤਾਂ ਇਸ ਧਮਕੀ ਦੇ ਜਵਾਬ ਵਿੱਚ ਰਾਮਨਾਥ ਜੀ ਨੇ ਜਵਾਬ ਵਿੱਚ ਜੋ ਕਿਹਾ ਸੀ, ਉਹ ਸਭ ਇਤਿਹਾਸ ਦੇ ਛਪੇ ਹੋਏ ਦਸਤਾਵੇਜ਼ ਹਨ। ਕੁਝ ਗੱਲਾਂ ਜਨਤਕ ਹੋਈਆਂ, ਕੁਝ ਨਹੀਂ ਹੋਈਆਂ ਹਨ, ਪਰ ਇਹ ਗੱਲਾਂ ਦੱਸਦੀਆਂ ਹਨ ਕਿ ਰਾਮਨਾਥ ਜੀ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ, ਹਮੇਸ਼ਾ ਫਰਜ਼ ਨੂੰ ਸਰਬਉੱਚ ਰੱਖਿਆ, ਭਾਵੇਂ ਸਾਹਮਣੇ ਕਿੰਨੀ ਹੀ ਵੱਡੀ ਤਾਕਤ ਕਿਉਂ ਨਾ ਹੋਵੇ।

ਸਾਥੀਓ,
ਰਾਮਨਾਥ ਜੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਬਹੁਤ ਬੇਸਬਰੇ ਸਨ। ਬੇਸਬਰਾਪਣ, ਨਕਾਰਾਤਮਕ ਭਾਵਨਾ ਵਿੱਚ ਨਹੀਂ, ਸਕਾਰਾਤਮਕ ਭਾਵਨਾ ਵਿੱਚ। ਉਹ ਬੇਸਬਰਾਪਣ ਜੋ ਬਦਲਾਅ ਦੇ ਲਈ ਸਖ਼ਤ ਮਿਹਨਤ ਦੀ ਯਾਦ ਦਿਵਾਉਂਦਾ ਹੈ, ਉਹ ਬੇਸਬਰਾਪਣ ਜੋ ਰੁਕੇ ਹੋਏ ਪਾਣੀ ਵਿੱਚ ਵੀ ਹਲਚਲ ਪੈਦਾ ਕਰ ਦਿੰਦੀ ਹੈ। ਠੀਕ ਓਵੇਂ ਹੀ, ਅੱਜ ਦਾ ਭਾਰਤ ਵੀ ਬੇਸਬਰਾ ਹੈ। ਭਾਰਤ ਵਿਕਸਿਤ ਹੋਣ ਦੇ ਲਈ ਬੇਸਬਰਾ ਹੈ, ਭਾਰਤ ਆਤਮਨਿਰਭਰ ਹੋਣ ਦੇ ਲਈ ਬੇਸਬਰਾ ਹੈ, ਅਸੀਂ ਸਭ ਦੇਖ ਰਹੇ ਹਾਂ, 21ਵੀਂ ਸਦੀ ਦੇ ਪੱਚੀ ਸਾਲ ਕਿੰਨੀ ਤੇਜ਼ੀ ਨਾਲ ਬੀਤੇ ਹਨ। ਇੱਕ ਤੋਂ ਵਧ ਕੇ ਇੱਕ ਚੁਣੌਤੀਆਂ ਆਈਆਂ, ਪਰ ਉਹ ਭਾਰਤ ਦੀ ਰਫ਼ਤਾਰ ਨੂੰ ਰੋਕ ਨਹੀਂ ਪਾਈਆਂ।
ਸਾਥੀਓ,
ਤੁਸੀਂ ਦੇਖਿਆ ਹੈ ਕਿ ਬੀਤੇ ਚਾਰ-ਪੰਜ ਸਾਲ ਕਿਵੇਂ ਪੂਰੀ ਦੁਨੀਆ ਦੇ ਲਈ ਚੁਣੌਤੀਆਂ ਨਾਲ ਭਰੇ ਰਹੇ ਹਨ। 2020 ਵਿੱਚ ਕੋਰੋਨਾ ਮਹਾਮਾਰੀ ਦਾ ਸੰਕਟ ਆਇਆ, ਪੂਰੇ ਵਿਸ਼ਵ ਦੀਆਂ ਅਰਥਵਿਵਸਥਾਵਾਂ, ਅਨਿਸ਼ਚਿਤਤਵਾਂ ਨਾਲ ਘਿਰ ਗਈਆਂ। ਗਲੋਬਲ ਸਪਲਾਈ ਲਈ ‘ਤੇ ਬਹੁਤ ਵੱਡਾ ਪ੍ਰਭਾਵ ਪਿਆ ਅਤੇ ਸਾਰਾ ਵਿਸ਼ਵ ਇੱਕ ਨਿਰਾਸ਼ਾ ਦੇ ਵੱਲ ਜਾਣ ਲੱਗਿਆ। ਕੁਝ ਸਮੇਂ ਬਾਅਦ ਸਥਿਤੀਆਂ ਸੰਭਲਣੀਆਂ ਹੌਲੀ-ਹੌਲੀ ਸ਼ੁਰੂ ਹੋ ਰਹੀਆਂ ਸੀ, ਤਾਂ ਅਜਿਹੇ ਵਿੱਚ ਸਾਡੇ ਪੜੋਸੀ ਦੇਸ਼ਾਂ ਵਿੱਚ ਉਥੱਲ-ਪਥੱਲ ਸ਼ੁਰੂ ਹੋ ਗਈ। ਇਨ੍ਹਾਂ ਸਾਰੇ ਸੰਕਟਾਂ ਵਿੱਚ, ਸਾਡੀ ਇਕੌਨਮੀ ਨੇ ਹਾਈ ਗ੍ਰੋਥ ਰੇਟ ਹਾਸਲ ਕਰਕੇ ਦਿਖਾਇਆ। ਸਾਲ 2022 ਵਿੱਚ ਯੂਰੋਪੀਅਨ ਕ੍ਰਾਇਸਿਸ ਦੇ ਕਾਰਨ ਪੂਰੇ ਦੁਨੀਆ ਦੀ ਸਪਲਾਈ ਲਈ ਅਤੇ ਐਨਰਜੀ ਮਾਰਕਿਟਸ ਪ੍ਰਭਾਵਿਤ ਹੋਇਆ। ਇਸ ਦਾ ਅਸਰ ਪੂਰੀ ਦੁਨੀਆ ‘ਤੇ ਪਿਆ, ਇਸ ਦੇ ਬਾਵਜੂਦ ਵੀ 2022-23 ਵਿੱਚ ਸਾਡੀ ਇਕੌਨਮੀ ਦੀ ਗ੍ਰੋਥ ਤੇਜ਼ੀ ਨਾਲ ਹੁੰਦੀ ਰਹੀ। ਸਾਲ 2023 ਵਿੱਚ ਵੈਸਟ ਏਸ਼ੀਆ ਵਿੱਚ ਸਥਿਤੀਆਂ ਵਿਗੜੀਆਂ, ਤਦ ਵੀ ਸਾਡੀ ਗ੍ਰੋਥ ਰੇਟ ਤੇਜ਼ ਰਹੀ ਅਤੇ ਇਸ ਸਾਲ ਵੀ ਜਦੋਂ ਦੁਨੀਆ ਵਿੱਚ ਅਸਥਿਰਤਾ ਹੈ, ਤਦ ਵੀ ਸਾਡੀ ਗ੍ਰੋਥ ਰੇਟ ਸੱਤ ਪ੍ਰਤੀਸ਼ਤ ਦੇ ਆਸ-ਪਾਸ ਹੈ।
ਸਾਥੀਓ,
ਅੱਜ ਜਦੋਂ ਦੁਨੀਆ ਵਿਘਨ ਤੋਂ ਡਰ ਰਹੀ ਹੈ, ਭਾਰਤ ਜੀਵਤ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਅੱਜ ਇੰਡੀਅਨ ਐਕਸਪ੍ਰੈੱਸ ਦੇ ਇਸ ਮੰਚ ਤੋਂ ਮੈਂ ਕਹਿ ਸਕਦਾ ਹਾਂ। ਭਾਰਤ ਸਿਰਫ਼ ਇੱਕ ਉੱਭਰਦਾ ਬਾਜ਼ਾਰ ਹੀ ਨਹੀਂ ਹੈ, ਭਾਰਤ ਇੱਕ ਉੱਭਰਦਾ ਮਾਡਲ ਵੀ ਹੈ। ਅੱਜ ਦੁਨੀਆ ਭਾਰਤੀ ਵਿਕਾਸ ਮਾਡਲ ਨੂੰ ਉਮੀਦ ਦਾ ਮਾਡਲ ਮੰਨ ਰਿਹਾ ਹੈ।

ਸਾਥੀਓ,
ਇੱਕ ਸਸ਼ਕਤ ਲੋਕਤੰਤਰ ਦੇ ਕਈ ਮਾਪਦੰਡ ਹੁੰਦੇ ਹਨ ਅਤੇ ਅਜਿਹਾ ਹੀ ਇੱਕ ਵੱਡਾ ਮਾਪਦੰਡ ਲੋਕਤੰਤਰ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਹੁੰਦਾ ਹੈ। ਲੋਕਤੰਤਰ ਨੂੰ ਲੈ ਕੇ ਲੋਕ ਕਿੰਨੇ ਆਸਵੰਦ ਹਨ, ਲੋਕ ਕਿੰਨੇ ਆਸ਼ਾਵਾਦੀ ਹਨ, ਇਹ ਚੋਣਾਂ ਦੌਰਾਨ ਸਭ ਤੋਂ ਵੱਧ ਦਿਖਦਾ ਹੈ। ਹੁਣੇ 14 ਨਵੰਬਰ ਨੂੰ ਜੋ ਨਤੀਜੇ ਆਏ, ਉਹ ਤੁਹਾਨੂੰ ਯਾਦ ਹੀ ਹੋਣਗੇ ਅਤੇ ਰਾਮਨਾਥ ਜੀ ਦਾ ਵੀ ਬਿਹਾਰ ਨਾਲ ਸਬੰਧ ਰਿਹਾ ਸੀ, ਤਾਂ ਜ਼ਿਕਰ ਬਹੁਤ ਸੁਭਾਵਿਕ ਹੈ। ਇਨ੍ਹਾਂ ਇਤਿਹਾਸਿਕ ਨਤੀਜਿਆਂ ਦੇ ਨਾਲ ਇੱਕ ਹੋਰ ਗੱਲ ਬਹੁਤ ਅਹਿਮ ਰਹੀ ਹੈ। ਕੋਈ ਵੀ ਲੋਕਤੰਤਰ ਵਿੱਚ ਲੋਕਾਂ ਦੀ ਵਧਦੀ ਭਾਗੀਦਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਵਾਰ ਬਿਹਾਰ ਦੇ ਇਤਿਹਾਸ ਦਾ ਸਭ ਤੋਂ ਵੱਧ ਵੋਟਰ ਟਰਨ-ਆਊਟ ਰਿਹਾ ਹੈ। ਤੁਸੀਂ ਸੋਚੋ, ਮਹਿਲਾਵਾਂ ਦਾ ਟਰਨ-ਆਊਟ, ਪੁਰਸ਼ਾਂ ਤੋਂ ਕਰੀਬ 9 ਫ਼ੀਸਦੀ ਵੱਧ ਰਿਹਾ। ਇਹ ਵੀ ਲੋਕਤੰਤਰ ਦੀ ਜਿੱਤ ਹੈ।
ਸਾਥੀਓ,
ਬਿਹਾਰ ਦੇ ਨਤੀਜਿਆਂ ਨੇ ਫਿਰ ਦਿਖਾਇਆ ਹੈ ਕਿ ਭਾਰਤ ਦੇ ਲੋਕਾਂ ਦੀਆਂ ਉਮੀਦਾਂ, ਉਨ੍ਹਾਂ ਦੀਆਂ ਉਮੀਦਾਂ ਕਿੰਨੀਆਂ ਜ਼ਿਆਦਾ ਹਨ। ਭਾਰਤ ਦੇ ਲੋਕ ਅੱਜ ਉਨ੍ਹਾਂ ਰਾਜਨੀਤਕ ਦਲਾਂ ‘ਤੇ ਵਿਸ਼ਵਾਸ ਕਰਦੇ ਹਨ, ਜੋ ਨੇਕ ਨੀਅਤ ਨਾਲ ਲੋਕਾਂ ਦੀਆਂ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਦੇ ਹਨ, ਵਿਕਾਸ ਨੂੰ ਪ੍ਰਾਥਮਿਕਤਾ ਦਿੰਦੇ ਹਨ। ਅਤੇ ਅੱਜ ਇੰਡੀਅਨ ਐਕਸਪ੍ਰੈੱਸ ਦੇ ਇਸ ਮੰਚ ਤੋਂ ਮੈਂ ਦੇਸ਼ ਦੀ ਹਰ ਰਾਜ ਸਰਕਾਰ ਨੂੰ, ਹਰ ਦਲ ਦੀ ਸੂਬਾ ਸਰਕਾਰ ਨੂੰ ਬਹੁਤ ਨਿਮਰਤਾ ਨਾਲ ਕਹਾਂਗਾ, ਖੱਬੇ-ਸੱਜੇ-ਸੈਂਟਰ, ਹਰ ਵਿਚਾਰ ਦੀ ਸਰਕਾਰ ਨੂੰ ਮੈਂ ਤਾਕੀਦ ਕਰਾਂਗਾ, ਬਿਹਾਰ ਦੇ ਨਤੀਜੇ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਤੁਸੀਂ ਅੱਜ ਕਿਸ ਤਰ੍ਹਾਂ ਦੀ ਸਰਕਾਰ ਚਲਾ ਰਹੇ ਹੋ। ਇਹ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਰਾਜਨੀਤਕ ਦਲ ਦਾ ਭਵਿੱਖ ਤੈਅ ਕਰਨਗੇ।
ਆਰਜੇਡੀ ਦੀ ਸਰਕਾਰ ਨੂੰ ਬਿਹਾਰ ਦੇ ਲੋਕਾਂ ਨੇ 15 ਸਾਲ ਦਾ ਮੌਕਾ ਦਿੱਤਾ, ਲਾਲੂ ਯਾਦਵ ਜੀ ਚਾਹੁੰਦੇ ਤਾਂ ਬਿਹਾਰ ਦੇ ਵਿਕਾਸ ਦੇ ਲਈ ਬਹੁਤ ਕੁਝ ਕਰ ਸਕਦੇ ਸਨ, ਪਰ ਉਨ੍ਹਾਂ ਨੇ ਜੰਗਲਰਾਜ ਦਾ ਰਸਤਾ ਚੁਣਿਆ। ਬਿਹਾਰ ਦੇ ਲੋਕ ਇਸ ਧੋਖੇ ਨੂੰ ਕਦੇ ਭੁੱਲ ਨਹੀਂ ਸਕਦੇ। ਇਸ ਲਈ ਅੱਜ ਦੇਸ਼ ਵਿੱਚ ਜੋ ਵੀ ਸਰਕਾਰਾਂ ਹਨ, ਭਾਵੇਂ ਕੇਂਦਰ ਵਿੱਚ ਸਾਡੀ ਸਰਕਾਰ ਹੈ ਜਾਂ ਫਿਰ ਰਾਜਾਂ ਵਿੱਚ ਅਲੱਗ-ਅਲੱਗ ਦਲਾਂ ਦੀਆਂ ਸਰਕਾਰਾਂ ਹਨ, ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਸਿਰਫ਼ ਇੱਕ ਹੋਣੀ ਚਾਹੀਦੀ ਹੈ ਵਿਕਾਸ, ਵਿਕਾਸ ਅਤੇ ਸਿਰਫ਼ ਵਿਕਾਸ। ਅਤੇ ਇਸ ਲਈ ਮੈਂ ਹਰ ਸੂਬਾ ਸਰਕਾਰ ਨੂੰ ਕਹਿੰਦਾ ਹਾਂ, ਤੁਸੀਂ ਆਪਣੇ ਇੱਥੇ ਬਿਹਤਰ ਇਨਵੈਸਟਮੈਂਟ ਦਾ ਮਾਹੌਲ ਬਣਾਉਣ ਦੇ ਲਈ ਮੁਕਾਬਲਾ ਕਰੋ, ਤੁਸੀਂ ਕਾਰੋਬਾਰ ਕਰਨ ਦੀ ਸੌਖ ਦੇ ਲਈ ਮੁਕਾਬਲਾ ਕਰੋ, ਡਿਵੈਲਪਮੈਂਟ ਪੈਰਾਮੀਟਰਸ ਵਿੱਚ ਅੱਗੇ ਜਾਣ ਦੇ ਲਈ ਮੁਕਾਬਲਾ ਕਰੋ, ਫਿਰ ਦੇਖੋ, ਜਨਤਾ ਕਿਵੇਂ ਤੁਹਾਡੇ ‘ਤੇ ਆਪਣਾ ਭਰੋਸਾ ਜਤਾਉਂਦੀ ਹੈ।

ਸਾਥੀਓ,
ਬਿਹਾਰ ਚੋਣਾਂ ਜਿੱਤਣ ਦੇ ਬਾਅਦ ਕੁਝ ਲੋਕਾਂ ਨੇ ਮੀਡੀਆ ਦੇ ਕੁਝ ਮੋਦੀ ਪ੍ਰੇਮੀਆਂ ਨੂੰ ਫਿਰ ਤੋਂ ਇਹ ਕਹਿਣਾ ਸ਼ੁਰੂ ਕੀਤਾ ਹੈ ਭਾਜਪਾ, ਮੋਦੀ, ਹਮੇਸ਼ਾ 24x7 ਇਲੈਕਸ਼ਨ ਮੋਡ ਵਿੱਚ ਹੀ ਰਹਿੰਦੇ ਹਨ। ਮੈਂ ਸਮਝਦਾ ਹਾਂ, ਚੋਣਾਂ ਜਿੱਤਣ ਦੇ ਲਈ ਇਲੈਕਸ਼ਨ ਮੋਡ ਨਹੀਂ, ਚੌਵੀ ਘੰਟੇ ਇਮੋਸ਼ਨਲ ਮੋਡ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ, ਇਲੈਕਸ਼ਨ ਮੋਡ ਵਿੱਚ ਨਹੀਂ। ਜਦੋਂ ਮਨ ਦੇ ਅੰਦਰ ਇੱਕ ਬੇਚੈਨੀ ਜਿਹੀ ਰਹਿੰਦੀ ਹੈ ਕਿ ਇੱਕ ਮਿੰਟ ਵੀ ਗਵਾਉਣਾ ਨਹੀਂ ਹੈ, ਗ਼ਰੀਬ ਦੇ ਜੀਵਨ ਤੋਂ ਮੁਸ਼ਕਲਾਂ ਘੱਟ ਕਰਨ ਦੇ ਲਈ, ਗ਼ਰੀਬ ਨੂੰ ਰੁਜ਼ਗਾਰ ਦੇ ਲਈ, ਗ਼ਰੀਬ ਨੂੰ ਇਲਾਜ ਦੇ ਲਈ, ਮੱਧ ਵਰਗ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ, ਸਿਰਫ਼ ਮਿਹਨਤ ਕਰਦੇ ਰਹਿਣਾ ਹੈ। ਇਸ ਇਮੋਸ਼ਨ ਦੇ ਨਾਲ, ਇਸ ਭਾਵਨਾ ਦੇ ਨਾਲ ਸਰਕਾਰ ਲਗਾਤਾਰ ਜੁਟੀ ਰਹਿੰਦੀ ਹੈ, ਤਾਂ ਉਸ ਦੇ ਨਤੀਜੇ ਸਾਨੂੰ ਚੋਣਾਂ ਦੇ ਨਤੀਜੇ ਦੇ ਦਿਨ ਦਿਖਾਈ ਦਿੰਦੇ ਹਨ। ਬਿਹਾਰ ਵਿੱਚ ਵੀ ਅਸੀਂ ਹੁਣ ਇਹੀ ਹੁੰਦੇ ਦੇਖਿਆ ਹੈ।
ਸਾਥੀਓ,
ਰਾਮਨਾਥ ਜੀ ਨਾਲ ਜੁੜੇ ਇੱਕ ਹੋਰ ਕਿੱਸੇ ਦਾ ਮੈਨੂੰ ਕਿਸੇ ਨੇ ਜ਼ਿਕਰ ਕੀਤਾ ਸੀ, ਇਹ ਗੱਲ ਤਦ ਦੀ ਹੈ, ਜਦੋਂ ਰਾਮਨਾਥ ਜੀ ਨੂੰ ਵਿਦਿਸ਼ ਤੋਂ ਜਨ ਸੰਘ ਦਾ ਟਿਕਟ ਮਿਲਿਆ ਸੀ। ਉਸ ਸਮੇਂ ਨਾਨਾਜੀ ਦੇਸ਼ਮੁਖ ਜੀ ਨਾਲ ਉਨ੍ਹਾਂ ਦੀ ਇਸ ਗੱਲ ‘ਤੇ ਚਰਚਾ ਹੋ ਰਹੀ ਸੀ ਕਿ ਸੰਗਠਨ ਮਹੱਤਵਪੂਰਨ ਹੁੰਦਾ ਹੈ ਜਾਂ ਚਿਹਰਾ। ਤਾਂ ਨਾਨਾਜੀ ਦੇਸ਼ਮੁਖ ਨੇ ਰਾਮਨਾਥ ਜੀ ਨੂੰ ਕਿਹਾ ਸੀ ਕਿ ਤੁਸੀਂ ਸਿਰਫ਼ ਨਾਮਾਂਕਨ ਕਰਨ ਆਉਗੇ ਅਤੇ ਫਿਰ ਚੋਣਾਂ ਜਿੱਤਣ ਦੇ ਬਾਅਦ ਆਪਣਾ ਸਰਟੀਫਿਕੇਟ ਲੈਣ ਆ ਜਾਣਾ। ਫਿਰ ਨਾਨਾਜੀ ਨੇ ਪਾਰਟੀ ਵਰਕਰਾਂ ਦੇ ਬਲ ‘ਤੇ ਰਾਮਨਾਥ ਜੀ ਦਾ ਚੋਣਾਂ ਲੜਨਾ ਅਤੇ ਉਨ੍ਹਾਂ ਨੇ ਜਿੱਤ ਕੇ ਦਿਖਾਇਆ। ਉਂਝ ਇਹ ਕਿੱਸਾ ਦੱਸਣ ਦੇ ਪਿੱਛੇ ਮੇਰਾ ਇਹ ਮਤਲਬ ਨਹੀਂ ਹੈ ਕਿ ਉਮੀਦਵਾਰ ਸਿਰਫ਼ ਆਪਣੀ ਨਾਮਜ਼ਦਗੀ ਦਾਖਲ ਕਰਨ ਜਾਣ, ਮੇਰਾ ਉਦੇਸ਼ ਤੁਹਾਡਾ ਧਿਆਨ ਭਾਜਪਾ ਦੇ ਅਣਗਿਣਤ ਕਰਤੱਵਪੂਰਨ ਵਰਕਰਾਂ ਦੇ ਸਮਰਪਣ ਵੱਲ ਖਿੱਚਣਾ ਹੈ।
ਸਾਥੀਓ,
ਭਾਰਤੀ ਜਨਤਾ ਪਾਰਟੀ ਦੇ ਲੱਖਾਂ-ਕਰੋੜਾਂ ਵਰਕਰਾਂ ਨੇ ਆਪਣੇ ਪਸੀਨੇ ਨਾਲ ਭਾਜਪਾ ਦੀਆਂ ਜੜ੍ਹਾਂ ਦਾ ਪਾਲਣ-ਪੋਸ਼ਣ ਕੀਤਾ ਹੈ ਅਤੇ ਅੱਜ ਵੀ ਕਰ ਰਹੇ ਹਨ। ਅਤੇ ਇੰਨਾ ਹੀ ਨਹੀਂ, ਕੇਰਲਾ, ਪੱਛਮ ਬੰਗਾਲ, ਜੰਮੂ-ਕਸ਼ਮੀਰ ਅਜਿਹੇ ਕੁਝ ਰਾਜਾਂ ਵਿੱਚ ਸਾਡੇ ਸੈਂਕੜੇ ਵਰਕਰਾਂ ਨੇ ਆਪਣੇ ਖ਼ੂਨ ਨਾਲ ਵੀ ਭਾਜਪਾ ਦੀਆਂ ਜੜ੍ਹਾਂ ਦਾ ਪਾਲਣ-ਪੋਸ਼ਣ ਕੀਤਾ ਹੈ। ਜਿਸ ਪਾਰਟੀ ਨੇ ਕੋਲ ਅਜਿਹੇ ਸਮਰਪਿਤ ਵਰਕਰ ਹੋਣ, ਉਨ੍ਹਾਂ ਦੇ ਲਈ ਸਿਰਫ਼ ਚੋਣਾਂ ਜਿੱਤਣਾ ਉਦੇਸ਼ ਨਹੀਂ ਹੁੰਦਾ, ਸਗੋਂ ਉਹ ਜਨਤਾ ਦਾ ਦਿਲ ਜਿੱਤਣ ਦੇ ਲਈ, ਸੇਵਾ ਭਾਵ ਨਾਲ ਉਨ੍ਹਾਂ ਦੇ ਲਈ ਲਗਾਤਾਰ ਕੰਮ ਕਰਦੇ ਹਨ।

ਸਾਥੀਓ,
ਦੇਸ਼ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਵਿਕਾਸ ਦਾ ਲਾਭ ਸਾਰਿਆਂ ਤੱਕ ਪਹੁੰਚੇ। ਦਲਿਤ-ਪੀੜਤ-ਸ਼ੋਸ਼ਿਤ-ਵਾਂਝੇ, ਸਾਰਿਆਂ ਤੱਕ ਜਦੋਂ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਦਾ ਹੈ, ਤਾਂ ਸਮਾਜਿਕ ਨਿਆਂ ਯਕੀਨੀ ਹੁੰਦਾ ਹੈ। ਪਰ ਅਸੀਂ ਦੇਖਿਆ ਕਿ ਬੀਤੇ ਦਹਾਕਿਆਂ ਵਿੱਚ ਕਿਵੇਂ ਸਮਾਜਿਕ ਨਿਆਂ ਦੇ ਨਾਂ ‘ਤੇ ਕੁਝ ਦਲਾਂ, ਕੁਝ ਪਰਿਵਾਰਾਂ ਨੇ ਆਪਣਾ ਹੀ ਸੁਆਰਥ ਸਿੱਧ ਕੀਤਾ ਹੈ।
ਸਾਥੀਓ,
ਮੈਨੂੰ ਸੰਤੁਸ਼ਟੀ ਹੈ ਕਿ ਅੱਜ ਦੇਸ਼, ਸਮਾਜਿਕ ਨਿਆਂ ਨੂੰ ਸਚਾਈ ਵਿੱਚ ਬਦਲਦੇ ਦੇਖ ਰਿਹਾ ਹੈ। ਸੱਚਾ ਸਮਾਜਿਕ ਨਿਆਂ ਕੀ ਹੁੰਦਾ ਹੈ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। 12 ਕਰੋੜ ਪਖਾਨਿਆਂ ਦੇ ਨਿਰਮਾਣ ਦਾ ਅਭਿਆਨ, ਉਨ੍ਹਾਂ ਗ਼ਰੀਬ ਲੋਕਾਂ ਦੇ ਜੀਵਨ ਵਿੱਚ ਮਾਣ ਲੈ ਕੇ ਆਇਆ, ਜੋ ਖੁੱਲ੍ਹੇ ਵਿੱਚ ਸ਼ੌਚ ਦੇ ਲਈ ਮਜਬੂਰ ਸੀ। 57 ਕਰੋੜ ਜਨ ਧਨ ਬੈਂਕ ਖਾਤਿਆਂ ਨੇ ਉਨ੍ਹਾਂ ਲੋਕਾਂ ਦਾ ਫਾਇਨੈਂਸ਼ੀਅਲ ਇੰਕਲੂਜ਼ਨ ਕੀਤਾ, ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਇੱਕ ਬੈਂਕ ਖਾਤੇ ਦੇ ਲਾਇਕ ਤੱਕ ਨਹੀਂ ਸਮਝਿਆ ਸੀ। 4 ਕਰੋੜ ਗ਼ਰੀਬਾਂ ਨੂੰ ਪੱਕੇ ਘਰਾਂ ਨੇ ਗ਼ਰੀਬ ਨੂੰ ਨਵੇਂ ਸੁਪਨੇ ਦੇਖਣ ਦਾ ਸਾਹਸ ਦਿੱਤਾ, ਉਨ੍ਹਾਂ ਦੀ ਰਿਸਕ ਟੇਕਿੰਗ ਸਮਰੱਥਾ ਵਧਾਈ ਹੈ।
ਸਾਥੀਓ,
ਬੀਤੇ 11 ਵਰ੍ਹਿਆਂ ਵਿੱਚ ਸਮਾਜਿਕ ਸੁਰੱਖਿਆ ‘ਤੇ ਜੋ ਕੰਮ ਹੋਇਆ ਹੈ, ਉਹ ਸ਼ਾਨਦਾਰ ਹੈ। ਅੱਜ ਭਾਰਤ ਦੇ ਕਰੀਬ 94 ਕਰੋੜ ਲੋਕ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਆ ਚੁੱਕੇ ਹਨ। ਅਤੇ ਤੁਸੀਂ ਜਾਣਦੇ ਹੋ 10 ਸਾਲ ਪਹਿਲਾਂ ਕੀ ਸਥਿਤੀ ਸੀ? ਸਿਰਫ਼ 25 ਕਰੋੜ ਲੋਕ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਸਨ, ਅੱਜ 94 ਕਰੋੜ ਹਨ, ਯਾਨੀ ਸਿਰਫ਼ 25 ਕਰੋੜ ਲੋਕਾਂ ਤੱਕ ਸਰਕਾਰ ਦੀ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਸੀ। ਹੁਣ ਇਹ ਸੰਖਿਆ ਵਧ ਕੇ 94 ਕਰੋੜ ਪਹੁੰਚ ਚੁੱਕੀ ਹੈ ਅਤੇ ਇਹੀ ਤਾਂ ਸੱਚਾ ਸਮਾਜਿਕ ਨਿਆਂ ਹੈ। ਅਤੇ ਅਸੀਂ ਸਮਾਜਿਕ ਸੁਰੱਖਿਆ ਦਾ ਦਾਇਰਾ ਹੀ ਨਹੀਂ ਵਧਾਇਆ, ਅਸੀਂ ਲਗਾਤਾਰ ਸੰਤ੍ਰਿਪਤਾ ਦੇ ਮਿਸ਼ਨ ‘ਤੇ ਕੰਮ ਕਰ ਰਹੇ ਹਾਂ। ਯਾਨੀ ਕਿਸੇ ਵੀ ਯੋਜਨਾ ਦੇ ਲਾਭ ਤੋਂ ਇੱਕ ਵੀ ਲਾਭਪਾਤਰੀ ਵਾਂਢਾ ਨਾ ਰਹੇ। ਅਤੇ ਜਦੋਂ ਕੋਈ ਸਰਕਾਰ ਇਸ ਟੀਚੇ ਦੇ ਨਾਲ ਕੰਮ ਕਰਦੀ ਹੈ, ਹਰ ਲਾਭਪਾਤਰੀ ਤੱਕ ਪਹੁੰਚਾਉਣਾ ਚਾਹੁੰਦੀ ਹੈ, ਤਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੀ ਗੁੰਜਾਇਸ਼ ਵੀ ਖ਼ਤਮ ਹੋ ਜਾਂਦੀ ਹੈ। ਅਜਿਹੇ ਹੀ ਯਤਨਾਂ ਦੀ ਵਜ੍ਹਾ ਨਾਲ ਪਿਛਲੇ 11 ਸਾਲ ਵਿੱਚ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਹਰਾ ਕੇ ਦਿਖਾਇਆ ਹੈ। ਅਤੇ ਇਸੇ ਲਈ ਅੱਜ ਦੁਨੀਆ ਵੀ ਇਹ ਮੰਨ ਰਹੀ ਹੈ- ਡੈਮੋਕ੍ਰੇਸੀ ਡਿਲੀਵਰਸ।

ਸਾਥੀਓ,
ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇਵਾਂਗਾ। ਤੁਸੀਂ ਸਾਡੇ ਐਸਪੀਰੇਸ਼ਨ ਡਿਸਟ੍ਰਿਕਟ ਪ੍ਰੋਗਰਾਮ ਦਾ ਅਧਿਐਨ ਕਰੋ, ਦੇਸ਼ ਦੇ ਸੌ ਤੋਂ ਵੱਧ ਜ਼ਿਲ੍ਹੇ ਅਜਿਹੇ ਸਨ, ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਪਛੜਾ ਐਲਾਨ ਕਰਕੇ ਭੁੱਲ ਗਈਆਂ ਸਨ। ਸੋਚਿਆ ਜਾਂਦਾ ਸੀ ਕਿ ਇੱਥੇ ਵਿਕਾਸ ਕਰਨਾ ਬਹੁਤ ਮੁਸ਼ਕਿਲ ਹੈ, ਹੁਣ ਕੌਣ ਸਿਰ ਖਪਾਵੇ ਅਜਿਹੇ ਜ਼ਿਲ੍ਹਿਆਂ ਵਿੱਚ। ਜਦੋਂ ਕਿਸੇ ਅਫ਼ਸਰ ਨੂੰ ਸਜ਼ਾ ਵਜੋਂ ਪੋਸਟਿੰਗ ਦੇਣੀ ਹੁੰਦੀ ਸੀ, ਤਾਂ ਉਸ ਨੂੰ ਇਨ੍ਹਾਂ ਪਛੜੇ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਜਾਂਦਾ ਸੀ ਕਿ ਜਾਓ, ਉੱਥੇ ਰਹੋ। ਤੁਸੀਂ ਜਾਣਦੇ ਹੋ, ਇਨ੍ਹਾਂ ਪਛੜੇ ਜ਼ਿਲ੍ਹਿਆਂ ਵਿੱਚ ਦੇਸ਼ ਦੀ ਕਿੰਨੀ ਆਬਾਦੀ ਰਹਿੰਦੀ ਸੀ? ਦੇਸ਼ ਦੇ 25 ਕਰੋੜ ਤੋਂ ਵੱਧ ਨਾਗਰਿਕ ਇਨ੍ਹਾਂ ਪਛੜੇ ਜ਼ਿਲ੍ਹਿਆਂ ਵਿੱਚ ਰਹਿੰਦੇ ਸਨ।
ਸਾਥੀਓ,
ਜੇਕਰ ਇਹ ਪਛੜੇ ਜ਼ਿਲ੍ਹੇ ਪਛੜੇ ਹੀ ਰਹਿੰਦੇ, ਤਾਂ ਭਾਰਤ ਅਗਲੇ 100 ਸਾਲ ਵਿੱਚ ਵੀ ਵਿਕਸਿਤ ਨਹੀਂ ਹੋ ਪਾਉਂਦਾ। ਇਸ ਲਈ ਸਾਡੀ ਸਰਕਾਰ ਨੇ ਇੱਕ ਨਵੀਂ ਰਣਨੀਤੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਰਾਜ ਸਰਕਾਰਾਂ ਨੂੰ ਔਨ-ਬੋਰਡ ਲਿਆ, ਕਿਹੜਾ ਜ਼ਿਲ੍ਹਾ ਕਿਸ ਡਿਵੈਲਪਮੈਂਟ ਪੈਰਾਮੀਟਰ ਵਿੱਚ ਕਿੰਨੀ ਪਿੱਛੇ ਹੈ, ਉਸ ਦੀ ਸਟੱਡੀ ਕਰਕੇ ਹਰ ਜ਼ਿਲ੍ਹੇ ਦੇ ਲਈ ਇੱਕ ਅਲੱਗ ਰਣਨੀਤੀ ਬਣਾਈ, ਦੇਸ਼ ਦੇ ਬਿਹਤਰੀਨ ਅਫ਼ਸਰਾਂ ਨੂੰ, ਬ੍ਰਾਈਟ ਅਤੇ ਇਨੋਵੇਟਿਵ ਯੰਗ ਮਾਈਂਡਸ ਨੂੰ ਉੱਥੇ ਨਿਯੁਕਤ ਕੀਤਾ, ਇਨ੍ਹਾਂ ਜ਼ਿਲ੍ਹਿਆਂ ਨੂੰ ਪਛੜਾ ਨਹੀਂ, ਖਾਹਿਸ਼ੀ ਮੰਨਿਆ ਅਤੇ ਅੱਜ ਦੇਖੋ, ਦੇਸ਼ ਦੇ ਇਹ ਖਾਹਿਸ਼ੀ ਜ਼ਿਲ੍ਹੇ, ਕਿੰਨੇ ਵੀ ਡਿਵੈਲਪਮੈਂਟ ਪੈਰਾਮੀਟਰਸ ਵਿੱਚ ਆਪਣੇ ਹੀ ਰਾਜਾਂ ਦੇ ਦੂਸਰੇ ਜ਼ਿਲ੍ਹਿਆਂ ਤੋਂ ਬਹੁਤ ਚੰਗਾ ਕਰਨ ਲੱਗੇ ਹਨ। ਛੱਤੀਸਗੜ੍ਹ ਦਾ ਬਸਤਰ, ਉਹ ਤੁਹਾਡਾ ਲੋਕਾਂ ਦਾ ਤਾਂ ਬਹੁਤ ਪਸੰਦੀਦਾ ਰਿਹਾ ਹੈ। ਇੱਕ ਸਮੇਂ ਤੁਹਾਨੂੰ ਪੱਤਰਕਾਰਾਂ ਨੂੰ ਉੱਥੇ ਜਾਣਾ ਹੁੰਦਾ ਸੀ, ਤਾਂ ਪ੍ਰਸ਼ਾਸਨ ਤੋਂ ਵੱਧ ਦੂਸਰੇ ਸੰਗਠਨਾਂ ਤੋਂ ਪਰਮਿਟ ਲੈਣੀ ਹੁੰਦੀ ਸੀ, ਪਰ ਅੱਜ ਉਹੀ ਬਸਤਰ ਵਿਕਾਸ ਦੇ ਰਸਤੇ ‘ਤੇ ਵਧ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਇੰਡੀਅਨ ਐਕਸਪ੍ਰੈੱਸ ਨੇ ਬਸਤਰ ਓਲੰਪਿਕ ਨੂੰ ਕਿੰਨੀ ਕਵਰੇਜ ਦਿੱਤੀ, ਪਰ ਅੱਜ ਰਾਮਨਾਥ ਜੀ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦੇ ਕਿ ਕਿਵੇਂ ਬਸਤਰ ਵਿੱਚ ਹੁਣ ਉੱਥੇ ਦੇ ਯੁਵਾ ਬਸਤਰ ਓਲੰਪਿਕ ਜਿਹੇ ਆਯੋਜਨ ਕਰ ਰਹੇ ਹਨ।
ਸਾਥੀਓ,
ਜਦੋਂ ਬਸਤਰ ਦੀ ਗੱਲ ਆਈ ਹੈ, ਤਾਂ ਮੈਂ ਇਸ ਮੰਚ ਤੋਂ ਨਕਸਲਵਾਦ ਯਾਨੀ ਮਾਓਵਾਦੀ ਅੱਤਵਾਦ ਦੀ ਵੀ ਚਰਚਾ ਕਰਾਂਗਾ। ਪੂਰੇ ਦੇਸ਼ ਵਿੱਚ ਨਕਸਲਵਾਦ-ਮਾਓਵਾਦੀ ਅੱਤਵਾਦ ਦਾ ਦਾਇਰਾ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ, ਪਰ ਕਾਂਗਰਸ ਵਿੱਚ ਇਹ ਓਨਾ ਹੀ ਸਰਗਰਮ ਹੁੰਦਾ ਜਾ ਰਿਹਾ ਸੀ। ਤੁਸੀਂ ਵੀ ਜਾਣਦੇ ਹੋ, ਬੀਤੇ ਪੰਜ ਦਹਾਕਿਆਂ ਤੱਕ ਦੇਸ਼ ਦਾ ਕਰੀਬ-ਕਰੀਬ ਹਰ ਵੱਡਾ ਰਾਜ, ਮਾਓਵਾਦੀ ਅੱਤਵਾਦ ਦੀ ਚਪੇਟ ਵਿੱਚ ਰਿਹਾ। ਪਰ ਇਹ ਦੇਸ਼ ਦੀ ਬਦਕਿਸਮਤੀ ਸੀ ਕਿ ਕਾਂਗਰਸ ਭਾਰਤ ਦੇ ਸੰਵਿਧਾਨ ਨੂੰ ਨਕਾਰਨ ਵਾਲੇ ਮਾਓਵਾਦੀ ਅੱਤਵਾਦ ਨੂੰ ਪਾਲਦੀ-ਪੋਸਦੀ ਰਹੀ ਅਤੇ ਸਿਰਫ਼ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਜੰਗਲਾਂ ਵਿੱਚ ਹੀ ਨਹੀਂ, ਕਾਂਗਰਸ ਨੇ ਸ਼ਹਿਰਾਂ ਵਿੱਚ ਵੀ ਨਕਸਲਵਾਦ ਦੀਆਂ ਜੜ੍ਹਾਂ ਨੂੰ ਖਾਦ-ਪਾਣੀ ਦਿੱਤਾ। ਕਾਂਗਰਸ ਨੇ ਵੱਡੇ ਅਦਾਰਿਆਂ ਵਿੱਚ ਸ਼ਹਿਰੀ ਨਕਸਲੀਆਂ ਨੂੰ ਸਥਾਪਿਤ ਕੀਤਾ ਹੈ।

ਸਾਥੀਓ,
10-15 ਸਾਲ ਪਹਿਲਾਂ ਕਾਂਗਰਸ ਵਿੱਚ ਜੋ ਸ਼ਹਿਰੀ ਨਕਸਲੀ, ਮਾਓਵਾਦੀ ਪੈਰ ਜਮ੍ਹਾ ਚੁੱਕੇ ਸਨ, ਉਹ ਹੁਣ ਕਾਂਗਰਸ ਨੂੰ ਮੁਸਲਿਮ ਲੀਗ-ਮਾਓਵਾਦੀ ਕਾਂਗਰਸ, ਐੱਮਐੱਮਸੀ ਬਣਾ ਚੁੱਕੇ ਹਨ। ਅਤੇ ਮੈਂ ਅੱਜ ਪੂਰੀ ਜ਼ਿੰਮੇਵਾਰੀ ਨਾਲ ਕਹਾਂਗਾ ਕਿ ਇਹ ਮੁਸਲਿਮ ਲੀਗ-ਮਾਓਵਾਦੀ ਕਾਂਗਰਸ, ਆਪਣੇ ਸੁਆਰਥ ਵਿੱਚ ਦੇਸ਼ ਹਿਤ ਦੀ ਕੁਰਬਾਨੀ ਦੇ ਚੁੱਕੀ ਹੈ। ਅੱਜ ਦੀ ਮੁਸਲਿਮ ਲੀਗ-ਮਾਓਵਾਦੀ ਕਾਂਗਰਸ, ਦੇਸ਼ ਦੀ ਏਕਤਾ ਦੇ ਸਾਹਮਣੇ ਬਹੁਤ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ।
ਸਾਥੀਓ,
ਅੱਜ ਜਦੋਂ ਭਾਰਤ, ਵਿਕਸਿਤ ਬਣਨ ਦੀ ਇੱਕ ਨਵੀਂ ਯਾਤਰਾ ‘ਤੇ ਨਿਕਲ ਪਿਆ ਹੈ, ਤਦ ਰਾਮਨਾਥ ਗੋਇਨਕਾ ਜੀ ਦੀ ਵਿਰਾਸਤ ਹੋਰ ਵੀ ਪ੍ਰਾਸੰਗਿਕ ਹੈ। ਰਾਮਨਾਥ ਜੀ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਨਾਲ ਡਟ ਕੇ ਟੱਕਰ ਲਈ, ਉਨ੍ਹਾਂ ਨੇ ਆਪਣੇ ਇੱਕ ਸੰਪਾਦਕੀ ਵਿੱਚ ਲਿਖਿਆ ਸੀ, ਮੈਂ ਅੰਗਰੇਜ਼ਾਂ ਦੇ ਹੁਕਮ ‘ਤੇ ਅਮਲ ਕਰਨ ਦੀ ਬਜਾਏ, ਅਖ਼ਬਾਰ ਬੰਦ ਕਰਨਾ ਪਸੰਦ ਕਰਾਂਗਾ। ਇਸੇ ਤਰ੍ਹਾਂ ਜਦੋਂ ਐਮਰਜੈਂਸੀ ਦੇ ਰੂਪ ਵਿੱਚ ਦੇਸ਼ ਨੂੰ ਗ਼ੁਲਾਮ ਬਣਾਉਣ ਦਾ ਇੱਕ ਹੋਰ ਯਤਨ ਹੋਇਆ, ਤਦ ਵੀ ਰਾਮਨਾਥ ਜੀ ਡਟ ਕੇ ਖੜ੍ਹੇ ਹੋ ਗਏ ਸੀ ਅਤੇ ਇਹ ਸਾਲ ਤਾਂ ਐਮਰਜੈਂਸੀ ਦੇ ਪੰਜਾਹ ਸਾਲ ਪੂਰੇ ਹੋਣ ਦਾ ਵੀ ਹੈ। ਅਤੇ ਇੰਡੀਅਨ ਐਕਸਪ੍ਰੈੱਸ ਨੇ 50 ਸਾਲ ਪਹਿਲਾਂ ਦਿਖਾਇਆ ਹੈ, ਕਿ ਬਲੈਂਕ ਐਡੀਟੋਰੀਅਲਸ ਵੀ ਜਨਤਾ ਨੂੰ ਗ਼ੁਲਾਮ ਬਣਾਉਣ ਵਾਲੀ ਮਾਨਸਿਕਤਾ ਨੂੰ ਚੁਣੌਤੀ ਦੇ ਸਕਦੇ ਹਨ।
ਸਾਥੀਓ,
ਅੱਜ ਤੁਹਾਡੇ ਇਸ ਸਨਮਾਨਤ ਮੰਚ ਤੋਂ, ਮੈਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦੇ ਇਸ ਵਿਸ਼ੇ ‘ਤੇ ਵੀ ਵਿਸਤਾਰ ਨਾਲ ਆਪਣੀ ਗੱਲ ਰੱਖਾਂਗਾ। ਪਰ ਇਸ ਦੇ ਲਈ ਸਾਨੂੰ 190 ਸਾਲ ਪਿੱਛੇ ਜਾਣਾ ਹੋਵੇਗਾ। 1857 ਦੇ ਸਭ ਤੋਂ ਸੁਤੰਤਰਤਾ ਸੰਗ੍ਰਾਮ ਤੋਂ ਵੀ ਪਹਿਲਾਂ, ਉਹ ਸਾਲ ਸੀ 1835 ਦਾ, 1835 ਵਿੱਚ ਬ੍ਰਿਟਿਸ਼ ਸਾਂਸਦ ਥੌਮਸ ਬੇਬਿੰਗਟਨ ਮੈਕਾਲੇ ਨੇ ਭਾਰਤ ਨੂੰ ਆਪਣੀਆਂ ਜੜ੍ਹਾਂ ਤੋਂ ਪੁੱਟਣ ਦੇ ਲਈ ਇੱਕ ਬਹੁਤ ਵੱਡਾ ਅਭਿਆਨ ਸ਼ੁਰੂ ਕੀਤਾ ਸੀ। ਉਸ ਨੇ ਐਲਾਨ ਕੀਤਾ ਸੀ, ਮੈਂ ਅਜਿਹੇ ਭਾਰਤੀ ਬਣਾਵਾਂਗਾ ਕਿ ਉਹ ਦਿਖਣ ਵਿੱਚ ਤਾਂ ਭਾਰਤੀ ਹੋਣਗੇ ਪਰ ਮਨ ਤੋਂ ਅੰਗਰੇਜ਼ ਹੋਣਗੇ। ਅਤੇ ਇਸ ਦੇ ਲਈ ਮੈਕਾਲੇ ਨੇ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਬਦਲਾਅ ਨਹੀਂ, ਸਗੋਂ ਉਸ ਨੂੰ ਸਮੁੱਚੇ ਤੌਰ ‘ਤੇ ਤਬਾਹ ਕਰ ਦਿੱਤਾ। ਖ਼ੁਦ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਦੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਇੱਕ ਸੁੰਦਰ ਰੁੱਖ ਸੀ, ਜਿਸ ਨੂੰ ਜੜ੍ਹਾਂ ਤੋਂ ਪੁੱਟ ਕੇ ਤਬਾਹ ਕਰ ਦਿੱਤਾ।
ਸਾਥੀਓ,
ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਸਾਨੂੰ ਆਪਣੇ ਸੱਭਿਆਚਾਰ ‘ਤੇ ਮਾਣ ਕਰਨਾ ਸਿਖਾਇਆ ਜਾਂਦਾ ਸੀ, ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਪੜ੍ਹਾਈ ਦੇ ਨਾਲ ਹੀ ਹੁਨਰ ‘ਤੇ ਵੀ ਓਨਾ ਹੀ ਜ਼ੋਰ ਸੀ, ਇਸ ਲਈ ਮੈਕਾਲੇ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਲੱਕ ਤੋੜਨ ਦਾ ਸੋਚਿਆ ਅਤੇ ਉਸ ਵਿੱਚ ਸਫਲ ਵੀ ਰਿਹਾ। ਮੈਕਾਲੇ ਨੇ ਇਹ ਯਕੀਨੀ ਬਣਾਇਆ ਕਿ ਉਸ ਦੌਰ ਵਿੱਚ ਬ੍ਰਿਟਿਸ਼ ਭਾਸ਼ਾ, ਬ੍ਰਿਟਿਸ਼ ਸੋਚ ਨੂੰ ਵੱਧ ਮਾਨਤਾ ਮਿਲੇ ਅਤੇ ਇਸ ਦਾ ਨਤੀਜਾ ਭਾਰਤ ਨੇ ਆਉਣ ਵਾਲੀਆਂ ਸਦੀਆਂ ਵਿੱਚ ਭੁਗਤਿਆ।
ਸਾਥੀਓ,
ਮੈਕਾਲੇ ਨੇ ਸਾਡੇ ਆਤਮਵਿਸ਼ਵਾਸ ਨੂੰ ਤੋੜ ਦਿੱਤਾ, ਸਾਡੇ ਅੰਦਰ ਹੀਣ ਭਾਵਨਾ ਦਾ ਸੰਚਾਰ ਕੀਤਾ। ਮੈਕਾਲੇ ਨੇ ਇੱਕ ਝਟਕੇ ਵਿੱਚ ਹਜ਼ਾਰਾਂ ਸਾਲਾਂ ਦੇ ਸਾਡੇ ਗਿਆਨ-ਵਿਗਿਆਨ ਨੂੰ, ਸਾਡੀ ਕਲਾ-ਸੱਭਿਆਚਾਰ ਨੂੰ, ਸਾਡੀ ਪੂਰੀ ਜੀਵਨ ਸ਼ੈਲੀ ਨੂੰ ਹੀ ਕੂੜੇਦਾਨ ਵਿੱਚ ਸਿੱਟ ਦਿੱਤਾ ਸੀ। ਉੱਥੇ ਹੀ ਉਹ ਬੀਜ ਬੀਜੇ ਕਿ ਭਾਰਤੀਆਂ ਨੂੰ ਜੇਕਰ ਅੱਗੇ ਵਧਣਾ ਹੈ, ਜੇਕਰ ਕੁਝ ਵੱਡਾ ਕਰਨਾ ਹੈ, ਤਾਂ ਉਹ ਵਿਦੇਸ਼ੀ ਤੌਰ-ਤਰੀਕਿਆਂ ਨਾਲ ਹੀ ਕਰਨਾ ਹੋਵੇਗਾ। ਅਤੇ ਇਹ ਜੋ ਭਾਵ ਸੀ, ਉਹ ਆਜ਼ਾਦੀ ਮਿਲਣ ਦੇ ਬਾਅਦ ਵੀ ਹੋਰ ਮਜ਼ਬੂਤ ਹੋਈ। ਸਾਡੀ ਐਜੂਕੇਸ਼ਨ, ਸਾਡੀ ਇਕੌਨਮੀ, ਸਾਡੇ ਸਮਾਜ ਦੀ ਐਸਪੀਰੇਸ਼ਨਸ, ਸਭ ਕੁਝ ਵਿਦੇਸ਼ਾਂ ਦੇ ਨਾਲ ਜੁੜ ਗਈ। ਜੋ ਆਪਣਾ ਹੈ, ਉਸ ‘ਤੇ ਮਾਣ ਕਰਨ ਦਾ ਭਾਵ ਘੱਟ ਹੁੰਦਾ ਗਿਆ। ਗਾਂਧੀ ਜੀ ਨੇ ਜਿਸ ਸਵਦੇਸ਼ੀ ਨੂੰ ਆਜ਼ਾਦੀ ਦਾ ਅਧਾਰ ਬਣਾਇਆ ਸੀ, ਉਸ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਰਿਹਾ। ਅਸੀਂ ਸ਼ਾਸਨ ਦੇ ਮਾਡਲ ਵਿਦੇਸ਼ ਵਿੱਚ ਖੋਜਣ ਲੱਗੇ। ਅਸੀਂ ਨਵੀਨਤਾ ਦੇ ਲਈ ਵਿਦੇਸ਼ ਵੱਲ ਦੇਖਣ ਲੱਗੇ। ਇਹੀ ਮਾਨਸਿਕਤਾ ਰਹੀ, ਜਿਸ ਦੇ ਕਾਰਨ ਇੰਪੋਰਟੇਡ ਆਈਡਿਆ, ਇੰਪੋਰਟੇਡ ਸਮਾਨ ਅਤੇ ਸਰਵਿਸ, ਸਾਰਿਆਂ ਨੂੰ ਉੱਤਮ ਮੰਨਣ ਦੀ ਪ੍ਰਵਿਰਤੀ ਸਮਾਜ ਵਿੱਚ ਸਥਾਪਿਤ ਹੋ ਗਈ।
ਸਾਥੀਓ,
ਜਦੋਂ ਤੁਸੀਂ ਆਪਣੇ ਦੇਸ਼ ਨੂੰ ਸਨਮਾਨ ਨਹੀਂ ਦਿੰਦੇ ਹੋ, ਤਾਂ ਤੁਸੀਂ ਸਵਦੇਸ਼ੀ ਈਕੋਸਿਸਟਮ ਨੂੰ ਨਕਾਰਦੇ ਹੋ, ਮੇਡ ਇਨ ਇੰਡੀਆ ਮੈਨੂਫੈਕਟਰਿੰਗ ਈਕੋਸਿਸਟਮ ਨੂੰ ਨਕਾਰਦੇ ਹੋ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ, ਟੂਰਿਜ਼ਮ ਦੀ ਗੱਲ ਕਰਦਾ ਹਾਂ। ਤੁਸੀਂ ਦੇਖੋਗੇ ਕਿ ਜਿਸ ਵੀ ਦੇਸ਼ ਵਿੱਚ ਟੂਰਿਜ਼ਮ ਫਲਿਆ-ਫੁੱਲਿਆ, ਉਹ ਦੇਸ਼, ਉੱਥੇ ਦੇ ਲੋਕ, ਆਪਣੀ ਇਤਿਹਾਸਕ ਵਿਰਾਸਤ ‘ਤੇ ਮਾਣ ਕਰਦੇ ਹਨ। ਸਾਡੇ ਇੱਥੇ ਇਸ ਦਾ ਉਲਟਾ ਹੀ ਹੋਇਆ। ਭਾਰਤ ਵਿੱਚ ਆਜ਼ਾਦੀ ਦੇ ਬਾਅਦ, ਆਪਣੀ ਵਿਰਾਸਤ ਨੂੰ ਨਕਾਰਨ ਦੇ ਹੀ ਯਤਨ ਹੋਏ, ਜਦੋਂ ਆਪਣੀ ਵਿਰਾਸਤ ‘ਤੇ ਮਾਣ ਹੋਵੇਗਾ ਤਾਂ ਉਸ ਦੀ ਸੰਭਾਲ ਵੀ ਨਹੀਂ ਹੋਵੇਗੀ। ਜਦੋਂ ਸੰਭਾਲ ਨਹੀਂ ਹੋਵੇਗੀ, ਤਾਂ ਅਸੀਂ ਉਸ ਨੂੰ ਇੱਟ-ਪੱਥਰ ਦੇ ਖੰਡਰਾਂ ਦੀ ਤਰ੍ਹਾਂ ਹੀ ਸਮਝਦੇ ਰਹਾਂਗੇ ਅਤੇ ਅਜਿਹਾ ਹੋਇਆ ਵੀ। ਆਪਣੀ ਵਿਰਾਸਤ ‘ਤੇ ਮਾਣ ਹੋਣਾ, ਟੂਰਿਜ਼ਮ ਦੇ ਵਿਕਾਸ ਦੇ ਲਈ ਵੀ ਜ਼ਰੂਰੀ ਸ਼ਰਤ ਹੈ।
ਸਾਥੀਓ,
ਇਵੇਂ ਹੀ ਸਥਾਨਕ ਭਾਸ਼ਾਵਾਂ ਦੀ ਗੱਲ ਹੈ। ਕਿਸ ਦੇਸ਼ ਵਿੱਚ ਅਜਿਹਾ ਹੁੰਦਾ ਹੈ ਕਿ ਉੱਥੇ ਦੀਆਂ ਭਾਸ਼ਾਵਾਂ ਨੂੰ ਨਕਾਰਿਆ ਜਾਂਦਾ ਹੈ? ਜਾਪਾਨ, ਚੀਨ ਅਤੇ ਕੋਰੀਆ ਜਿਹੇ ਦੇਸ਼, ਜਿਨ੍ਹਾਂ ਨੇ ਵੈਸਟ ਦੇ ਕਈ ਤੌਰ-ਤਰੀਕੇ ਅਪਣਾਏ, ਪਰ ਭਾਸ਼ਾ, ਫਿਰ ਵੀ ਆਪਣੀ ਹੀ ਰੱਖੀ, ਆਪਣੀ ਭਾਸ਼ਾ ‘ਤੇ ਸਮਝੌਤਾ ਨਹੀਂ ਕੀਤਾ। ਇਸ ਲਈ, ਅਸੀਂ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ‘ਤੇ ਵਿਸ਼ੇਸ਼ ਬਲ ਦਿੱਤਾ ਹੈ ਅਤੇ ਮੈਂ ਬਹੁਤ ਸਪਸ਼ਟਤਾ ਨਾਲ ਕਹਾਂਗਾ, ਸਾਡਾ ਵਿਰੋਧ ਅੰਗਰੇਜ਼ੀ ਭਾਸ਼ਾ ਨਾਲ ਨਹੀਂ ਹੈ, ਅਸੀਂ ਭਾਰਤੀ ਭਾਸ਼ਾਵਾਂ ਦੇ ਸਮਰਥਨ ਵਿੱਚ ਹਾਂ।
ਸਾਥੀਓ,
ਮੈਕਾਲੇ ਵੱਲੋਂ ਕੀਤੇ ਗਏ ਉਸ ਅਪਰਾਧ ਨੂੰ 1835 ਵਿੱਚ ਜੋ ਅਪਰਾਧ ਕੀਤਾ ਗਿਆ 2035 ਵਿੱਚ 200 ਸਾਲ ਹੋ ਜਾਣਗੇ ਅਤੇ ਇਸ ਲਈ ਅੱਜ ਤੁਹਾਡੇ ਰਾਹੀਂ ਪੂਰੇ ਦੇਸ਼ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ, ਅਗਲੇ 10 ਸਾਲ ਵਿੱਚ ਸਾਨੂੰ ਸੰਕਲਪ ਲੈ ਕੇ ਚਲਣਾ ਹੈ ਕਿ ਮੈਕਾਲੇ ਨੇ ਭਾਰਤ ਨੂੰ ਜਿਸ ਗ਼ੁਲਾਮੀ ਦੀ ਮਾਨਸਿਕਤਾ ਨਾਲ ਭਰ ਦਿੱਤਾ ਹੈ, ਉਸੇ ਸੋਚ ਤੋਂ ਮੁਕਤੀ ਪਾ ਕੇ ਰਹਾਂਗੇ, 10 ਸਾਲ ਸਾਡੇ ਬਹੁਤ ਵੱਡੇ ਮਹੱਤਵਪੂਰਨ ਹਨ। ਮੈਨੂੰ ਯਾਦ ਹੈ ਕਿ ਇੱਕ ਛੋਟੀ ਘਟਨਾ, ਗੁਜਰਾਤ ਵਿੱਚ ਲੇਪ੍ਰੋਸੀ ਨੂੰ ਲੈ ਕੇ ਇੱਕ ਹਸਪਤਾਲ ਬਣ ਰਿਹਾ ਸੀ, ਤਾਂ ਉਹ ਸਾਰੇ ਲੋਕ ਮਹਾਤਮਾ ਗਾਂਧੀ ਜੀ ਨਾਲ ਮਿਲੇ ਉਸ ਦੇ ਉਦਘਾਟਨ ਦੇ ਲਈ, ਤਾਂ ਮਹਾਤਮਾ ਗਾਂਧੀ ਜੀ ਨੇ ਕਿਹਾ ਕਿ ਮੈਂ ਲੇਪ੍ਰੋਸੀ ਦੇ ਹਸਪਤਾਲ ਦੇ ਉਦਘਾਟਨ ਦੇ ਪੱਖ ਵਿੱਚ ਨਹੀਂ ਹਾਂ, ਮੈਂ ਨਹੀਂ ਆਵਾਂਗਾ, ਪਰ ਤਾਲਾ ਲਗਾਉਣਾ ਹੈ, ਉਸ ਦਿਨ ਮੈਨੂੰ ਬੁਲਾਉਣਾ, ਮੈਂ ਤਾਲਾ ਲਗਾਉਣ ਆਵਾਂਗਾ। ਗਾਂਧੀ ਜੀ ਦੇ ਰਹਿੰਦੇ ਹੋਏ ਉਸ ਹਸਪਤਾਲ ਨੂੰ ਤਾਂ ਤਾਲਾ ਨਹੀਂ ਲੱਗਿਆ ਸੀ, ਪਰ ਗੁਜਰਾਤ ਜਦੋਂ ਲੇਪ੍ਰੋਸੀ ਤੋਂ ਮੁਕਤ ਹੋਇਆ ਅਤੇ ਮੈਨੂੰ ਉਸ ਹਸਪਤਾਲ ਨੂੰ ਤਾਲਾ ਲਗਾਉਣ ਦਾ ਮੌਕਾ ਮਿਲਿਆ, ਜਦੋਂ ਮੈਂ ਮੁੱਖ ਮੰਤਰੀ ਬਣਿਆ। 1835 ਤੋਂ ਸ਼ੁਰੂ ਹੋਈ ਯਾਤਰਾ 2035 ਤੱਕ ਸਾਨੂੰ ਖ਼ਤਮ ਕਰਕੇ ਰਹਿਣਾ ਹੈ ਜੀ, ਗਾਂਧੀ ਜੀ ਦਾ ਜਿਵੇਂ ਸੁਪਨਾ ਸੀ ਕਿ ਮੈਂ ਤਾਲਾ ਲਗਾਵਾਂਗਾ, ਮੇਰਾ ਵੀ ਇਹੀ ਸੁਪਨਾ ਹੈ ਕਿ ਅਸੀਂ ਤਾਲਾ ਲਗਾਵਾਂਗੇ।
ਸਾਥੀਓ,
ਤੁਹਾਡੇ ਨਾਲ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਹੋ ਗਈ ਹੈ। ਹੁਣ ਤੁਹਾਡਾ ਮੈਂ ਵੱਧ ਸਮਾਂ ਲੈਣਾ ਨਹੀਂ ਚਾਹੁੰਦਾ ਹਾਂ। ਇੰਡੀਅਨ ਐਕਸਪ੍ਰੈੱਸ ਸਮੂਹ ਦੇਸ਼ ਦੇ ਹਰ ਬਦਲਾਅ ਦਾ, ਦੇਸ਼ ਦੀ ਹਰ ਗ੍ਰੋਥ ਸਟੋਰੀ ਦਾ ਗਵਾਹ ਰਿਹਾ ਹੈ ਅਤੇ ਅੱਜ ਜਦੋਂ ਭਾਰਤ ਵਿਕਸਿਤ ਭਾਰਤ ਦੇ ਟੀਚੇ ਨੂੰ ਲੈ ਕੇ ਚੱਲ ਰਿਹਾ ਹੈ, ਤਾਂ ਵੀ ਇਸ ਯਾਤਰਾ ਦੇ ਭਾਗੀਦਾਰ ਬਣ ਰਹੇ ਹਾਂ। ਮੈਂ ਤੁਹਾਨੂੰ ਵਧਾਈ ਦੇਵਾਂਗਾ ਕਿ ਰਾਮਨਾਥ ਜੀ ਦੇ ਵਿਚਾਰਾਂ ਨੂੰ, ਤੁਸੀਂ ਸਾਰੇ ਪੂਰੀ ਇਮਾਨਦਾਰੀ ਨਾਲ ਸੁਰੱਖਿਅਤ ਰੱਖਣ ਦਾ ਯਤਨ ਕਰ ਰਹੇ ਹੋ। ਇੱਕ ਵਾਰ ਫਿਰ, ਅੱਜ ਦੇ ਇਸ ਸ਼ਾਨਦਾਰ ਆਯੋਜਨ ਦੇ ਲਈ ਆਪ ਸਭ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਅਤੇ, ਰਾਮਨਾਥ ਗੋਇਨਕਾ ਜੀ ਨੂੰ ਸਤਿਕਾਰ ਸਹਿਤ, ਮੈਂ ਨਮਨ ਕਰਦੇ ਹੋਏ ਮੇਰੀ ਗੱਲ ਸਮਾਪਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!


