ਸਾਡਾ ਇੱਕ ਟੀਚਾ, ਇੱਕ ਮੰਜ਼ਿਲ — ‘ਵਿਕਸਿਤ ਭਾਰਤ’: ਪ੍ਰਧਾਨ ਮੰਤਰੀ
ਕਈ ਆਲਮੀ ਸੰਕਟਾਂ ਦੇ ਬਾਵਜੂਦ ਦੁਨੀਆ ਦੇ ਨੇਤਾ ਅਤੇ ਮਾਹਰ ਭਾਰਤ ਵੱਲ ਵੱਡੀ ਉਮੀਦ ਨਾਲ ਦੇਖ ਰਹੇ ਹਨ: ਪ੍ਰਧਾਨ ਮੰਤਰੀ
ਜੇ ਤੁਸੀਂ ਭਵਿੱਖ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਭਾਰਤ ਵਿੱਚ ਹੋਣਾ ਪਵੇਗਾ: ਪ੍ਰਧਾਨ ਮੰਤਰੀ
ਭਾਰਤ ਸਿਰਫ਼ ਤਰੱਕੀ ਨਹੀਂ ਕਰ ਰਿਹਾ; ਭਾਰਤ ਅਗਲੇ ਪੱਧਰ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਆਪਣੇ ਕਿਸਾਨ ਅਤੇ ਨਾਗਰਿਕ ਆਲਮੀ ਚੁਣੌਤੀਆਂ ਦੇ ਬੋਝ ਤੋਂ ਸੁਰੱਖਿਅਤ ਰਹਿਣ: ਪ੍ਰਧਾਨ ਮੰਤਰੀ

ਅੱਜ 12 ਮਾਰਚ ਦਾ ਦਿਨ ਬਹੁਤ ਇਤਿਹਾਸਕ ਹੈ। 12 ਮਾਰਚ, 1930 ਨੂੰ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਯਾਤਰਾ ਸ਼ੁਰੂ ਕੀਤੀ ਸੀ। ਇਹ ਭਾਰਤ ਦੇ ਆਜ਼ਾਦੀ ਅੰਦੋਲਨ ਦਾ ਇੱਕ ਟਰਨਿੰਗ ਪੌਇੰਟ ਸੀ। ਕਿਉਂਕਿ ਇਸ ਯਾਤਰਾ ਨੇ ਦੇਸ਼ ਦੇ ਕੋਨੇ-ਕੋਨੇ ਨੂੰ ਇੱਕ ਟੀਚੇ ਨਾਲ ਜੋੜ ਦਿੱਤਾ ਸੀ ਅਤੇ ਇਹ ਟੀਚਾ ਸੀ- ਭਾਰਤ ਦੀ ਆਜ਼ਾਦੀ। ਅੱਜ ਇਸ ਇਤਿਹਾਸਕ ਯਾਤਰਾ ਦੇ ਲਗਭਗ 100 ਸਾਲਾਂ ਦੇ ਆਸ-ਪਾਸ ਅਸੀਂ ਭਾਰਤੀ ਫਿਰ ਇੱਕ ਨਵੀਂ ਯਾਤਰਾ ‘ਤੇ ਨਿਕਲੇ ਹਾਂ। ਇਹ ਯਾਤਰਾ ਹੈ- ਵਿਕਸਿਤ ਭਾਰਤ ਦੀ ਯਾਤਰਾ। ਸਾਡਾ ਟੀਚਾ ਇੱਕ ਹੈ, ਸਾਡੀ ਮੰਜ਼ਿਲ ਇੱਕ ਹੈ- ਵਿਕਸਿਤ ਭਾਰਤ। ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਅਜਿਹੀਆਂ ਸਮਿਟਾਂ ਵਿੱਚ ਹੋਇਆ ਮੰਥਨ ਅਤੇ ਇਸ ਤੋਂ ਨਿਕਲਿਆ ਅੰਮ੍ਰਿਤ ਵੱਡੀ ਭੂਮਿਕਾ ਨਿਭਾਉਂਦਾ ਹੈ। ਮੈਂ ਤੁਹਾਡੇ ਸਭ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਨੇਕਸਟ ਸਮਿਟ ਲਈ ਸੱਦਾ ਦਿੱਤਾ। ਇੱਥੇ ਦੇਸ਼ ਤੋਂ ਅਤੇ ਦੁਨੀਆ ਤੋਂ ਬਹੁਤ ਸਾਰੇ ਸਾਥੀ ਆਏ ਹਨ, ਕੁਝ ਪੁਰਾਣੇ ਜਾਣਕਾਰ ਵੀ ਹਨ, ਮੈਂ ਤੁਹਾਡੇ ਸਭ ਦਾ ਸਵਾਗਤ ਕਰਦਾ ਹਾਂ।

ਸਾਥੀਓ,

21ਵੀਂ ਸਦੀ ਦਾ ਇਹ ਦੌਰ 'ਨਾ ਭੂਤੋ ਨਾ ਭਵਿਸ਼ਯਤੀ' ਵਰਗਾ ਹੈ। ਇੱਕ ਪਾਸੇ ਯੁੱਧ ਦੀ ਭਿਆਨਕਤਾ ਹੈ, ਸਪਲਾਈ ਲੜੀ ਫਿਰ ਤੋਂ ਤਬਾਹ ਹੋ ਰਹੀ ਹੈ, ਸੰਯੁਕਤ ਰਾਸ਼ਟਰ ਵਰਗੀਆਂ ਵਿਸ਼ਵ ਪੱਧਰੀ ਸੰਸਥਾਵਾਂ ਦੀ ਪ੍ਰਾਸੰਗਿਕਤਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਅਤੇ ਐਸੇ ਦੌਰ ਵਿੱਚ ਸਾਡਾ ਭਾਰਤ ਇਨ੍ਹਾਂ ਵਿਰੋਧੀ ਹਾਲਾਤਾਂ ਵਿੱਚ ਵੀ ਅੱਗੇ ਵਧ ਰਿਹਾ ਹੈ। ਅੱਜ ਦੁਨੀਆ ਇਤਿਹਾਸ ਦੇ ਜਿਸ ਮਹੱਤਵਪੂਰਨ ਮੋੜ ‘ਤੇ ਖੜੀ ਹੈ, ਉਸ ਮੋੜ ‘ਤੇ ਜਿਸ ਦੇਸ਼ ਦਾ ਨਾਮ ਸਭ ਤੋਂ ਵੱਧ ਚਰਚਾ ਵਿੱਚ ਹੈ- ਉਹ ਹੈ ਭਾਰਤ। ਮੌਜੂਦਾ ਸਮੇਂ ਵਿੱਚ ਇੰਨੇ ਸਾਰੇ ਸੰਕਟਾਂ ਦਰਮਿਆਨ ਦੁਨੀਆ ਦੀ ਹਰ ਗੰਭੀਰ ਅਗਵਾਈ ਅਤੇ ਹਰ ਜਾਣਕਾਰ ਭਾਰਤ ਨੂੰ ਲੈ ਕੇ ਬਹੁਤ ਉਮੀਦਾਂ ਨਾਲ ਭਰਪੂਰ ਹੈ। ਹਾਲ ਹੀ ਵਿੱਚ ਫਿਨਲੈਂਡ ਦੇ ਪ੍ਰਧਾਨ ਐਲੇਕਜ਼ੈਂਡਰ ਸਟਬ ਭਾਰਤ ਆਏ ਸਨ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਦੀ ਦਿਸ਼ਾ ਗਲੋਬਲ ਸਾਊਥ ਤੈਅ ਕਰੇਗਾ ਅਤੇ ਉਸ ਦਿਸ਼ਾ ਨੂੰ ਨਿਰਧਾਰਤ ਕਰਨ ਵਾਲੀ ਸਭ ਤੋਂ ਵੱਡੀ ਸ਼ਕਤੀ ਹੋਵੇਗਾ- ਭਾਰਤ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਵੀ ਕਿਹਾ ਸੀ ਕਿ ਅਗਲੇ ਤਿੰਨ ਦਹਾਕਿਆਂ ਵਿੱਚ ਦੁਨੀਆ ਦੀ ਆਰਥਿਕ ਗ੍ਰੈਵਿਟੀ ਜਿਸ ਕੇਂਦਰ ਵੱਲ ਸ਼ਿਫਟ ਹੋ ਰਹੀ ਹੈ, ਉਸ ਦਾ ਨਾਮ ਭਾਰਤ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵੀ ਮੰਨਦੇ ਹਨ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਮੁੱਦਿਆਂ ਨੂੰ ਸੁਲਝਾਉਣ ਵਾਲਾ ਇੱਕ ਅਟੱਲ ਭਾਗੀਦਾਰ ਬਣ ਚੁੱਕਾ ਹੈ। ਅੱਜ ਟੈੱਕ ਵਰਲਡ ਅਤੇ ਆਰਥਿਕ ਜਗਤ ਦੇ ਗਲੋਬਲ ਲੀਡਰਾਂ ਦੇ ਬਿਆਨਾਂ ਦਾ ਸਿੱਟਾ ਕੱਢੀਏ ਤਾਂ ਇੱਕ ਹੀ ਭਾਵ ਸਾਹਮਣੇ ਆਉਂਦਾ ਹੈ- ਜੇ ਤੁਸੀਂ ਭਵਿੱਖ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਭਾਰਤ ਨਾਲ ਜੁੜਨਾ ਹੀ ਹੋਵੇਗਾ, ਭਾਰਤ ਵਿੱਚ ਹੋਣਾ ਹੀ ਹੋਵੇਗਾ।

 

ਸਾਥੀਓ,

ਹੁਣੇ-ਹੁਣੇ ਭਾਰਤ ਨੇ ਟੀ-20 ਵਰਲਡ ਕੱਪ ਜਿੱਤਿਆ ਹੈ। ਹਰ ਕੋਈ ਖੁਸ਼ ਹੈ ਅਤੇ ਭਾਰਤ ਵਿੱਚ ਤਾਂ ਕ੍ਰਿਕਟ ਦਾ ਮਾਮਲਾ ਅਜਿਹਾ ਹੈ ਕਿ ਜੇ ਕਿਸੇ ਦਫ਼ਤਰ ਵਿੱਚ ਕਰੋੜਾਂ ਦੀ ਗੱਲ ਚੱਲ ਰਹੀ ਹੋਵੇ, ਕੋਈ ਵਧੀਆ ਪ੍ਰਜ਼ੈਂਟੇਸ਼ਨ ਚੱਲ ਰਹੀ ਹੋਵੇ, ਵਿਦੇਸ਼ੀ ਮਹਿਮਾਨ ਪ੍ਰਜ਼ੈਂਟੇਸ਼ਨ ਕਰ ਰਹੇ ਹੋਣ, ਫਿਰ ਵੀ ਉਹ ਸਲਾਈਡ ਤੋਂ ਨਜ਼ਰ ਹਟਾ ਕੇ ਸਕੋਰ ਜ਼ਰੂਰ ਦੇਖਦਾ ਹੈ। ਅਤੇ ਕੋਈ ਨਾ ਕੋਈ ਤਾਂ ਪੁੱਛ ਹੀ ਲੈਂਦਾ ਹੈ- ਭਾਈ ਸਕੋਰ ਕੀ ਹੋਇਆ। ਠੀਕ ਐਸੀ ਹੀ ਸਥਿਤੀ ਅੱਜ ਭਾਰਤੀ ਅਰਥ-ਵਿਵਸਥਾ ਦੀ ਹੈ। ਅੱਜ ਹਰ ਕੋਈ ਅਰਥਵਿਵਸਥਾ ਦੀ ਰਨਿੰਗ ਕਮੈਂਟਰੀ ਚਾਹੁੰਦਾ ਹੈ। ਭਾਰਤ ਦੀ ਅਰਥ-ਵਿਵਸਥਾ ਦਾ ਪਿਛਲੇ ਮਹੀਨੇ ਕੀ ਹਾਲ ਸੀ, ਅੱਜ ਕੀ ਹਾਲ ਹੈ, ਇਹ ਸਭ ਜਾਣਨ ਲਈ ਦੇਸ਼ਵਾਸੀ ਉਤਸੁਕ ਰਹਿੰਦੇ ਹਨ। ਮੈਨੂੰ ਯਾਦ ਨਹੀਂ ਪੈਂਦਾ ਕਿ ਇੰਨੀ ਉਤਸੁਕਤਾ ਪਹਿਲਾਂ ਕਦੇ ਸੀ ਜਾਂ ਨਹੀਂ। ਜੇ ਸੀ ਤਾਂ ਕਦੋਂ ਸੀ। ਇਹ ਦਿਖਾਉਂਦਾ ਹੈ ਕਿ ਅੱਜ ਭਾਰਤੀਆਂ ਦੀਆਂ ਆਸਾਂ ਅਤੇ ਆਤਮ-ਵਿਸ਼ਵਾਸ ਕਿਸ ਪੱਧਰ ‘ਤੇ ਹਨ। ਇਹ ਦੁਨੀਆ ਦੇ ਭਾਰਤ ‘ਤੇ ਭਰੋਸੇ ਦਾ ਸਭ ਤੋਂ ਵੱਡਾ ਕਾਰਨ ਵੀ ਹੈ।

ਅਤੇ ਸਾਥੀਓ,

ਨਿਸ਼ਚਿਤ ਤੌਰ ‘ਤੇ ਜਦੋਂ ਏਨੀਆਂ ਉਮੀਦਾਂ ਜੁੜੀਆਂ ਹੋਣ, ਦੁਨੀਆ ਦੀ ਨਜ਼ਰ ਸਾਡੇ ਦੇਸ਼ ‘ਤੇ ਹੋਵੇ, ਤਾਂ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।

ਸਾਥੀਓ,

ਅੱਜ ਦਾ ਭਾਰਤ ਸਿਰਫ਼ ਅੱਗੇ ਨਹੀਂ ਵਧ ਰਿਹਾ। ਭਾਰਤ ਆਪਣੇ ਆਪ ਨੂੰ ਨੇਕਸਟ ਲੈਵਲ ‘ਤੇ ਲੈ ਜਾ ਰਿਹਾ ਹੈ। ਅੱਜ ਦੇਸ਼ ਵਿੱਚ ਨੇਕਸਟ ਜਨਰੇਸ਼ਨ ਫਿਜ਼ਿਕਲ ਇੰਫ੍ਰਾਸਟਰਕਚਰ ਬਣ ਰਿਹਾ ਹੈ, ਅਸੀਂ ਨੇਕਸਟ ਜਨਰੇਸ਼ਨ ਡਿਜ਼ੀਟਲ ਇੰਫ੍ਰਾਸਟਰਕਚਰ ਵੱਲ ਵਧ ਰਹੇ ਹਾਂ। ਯੂਪੀਆਈ ਨੇ ਡਿਜ਼ੀਟਲ ਪੇਮੈਂਟਸ ਨੂੰ ਨੇਕਸਟ ਫੇਜ਼ ਵਿੱਚ ਪਹੁੰਚਾ ਦਿੱਤਾ ਹੈ। ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ ਰੀਅਲ-ਟਾਈਮ ਡਿਜ਼ੀਟਲ ਭੁਗਤਾਨ ਕਰਨ ਵਾਲਾ ਦੇਸ਼ ਬਣ ਗਿਆ ਹੈ।

ਸਾਥੀਓ,

ਭਾਰਤ ਅੱਜ ਨੇਕਸਟ ਜਨਰੇਸ਼ਨ ਸੁਧਾਰ ਵੀ ਕਰ ਰਿਹਾ ਹੈ, ਉਹ ਰੀਫਾਰਮ ਐਕਸਪ੍ਰੈੱਸ ‘ਤੇ ਸਵਾਰ ਹੈ। ਕਦੇ ਭਾਰਤ ਵਿੱਚ ਕਈ ਕੰਮ, ਕਈ ਫ਼ੈਸਲੇ ਨੇਕਸਟ ਟੂ ਇੰਪੌਸਿਬਲ ਮੰਨੇ ਜਾਂਦੇ ਸਨ, ਅੱਜ ਭਾਰਤ ਉਹ ਫ਼ੈਸਲੇ ਵੀ ਲੈ ਰਿਹਾ ਹੈ। ਕਦੇ ਕਿਹਾ ਜਾਂਦਾ ਸੀ ਕਿ ਆਰਟੀਕਲ 370 ਹਟਾਉਣਾ ਨਾਮੁਮਕਿਨ ਹੈ। ਪਰ ਅੱਜ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਦੀ ਕੰਧ ਡਿੱਗ ਚੁੱਕੀ ਹੈ। ਕਦੇ ਲੱਗਦਾ ਸੀ ਕਿ ਦੇਸ਼ ਵਿੱਚ ਸਭ ਦਾ ਬੈਂਕਿੰਗ ਸਿਸਟਮ ਨਾਲ ਜੁੜਨਾ ਅਸੰਭਵ ਹੈ। ਪਰ ਅੱਜ 50 ਕਰੋੜ ਤੋਂ ਵੱਧ ਜਨਧਨ ਖਾਤਿਆਂ ਨੇ ਇਹ ਸੰਭਵ ਕਰ ਦਿੱਤਾ ਹੈ। ਕਦੇ ਲੱਗਦਾ ਸੀ ਕਿ ਟ੍ਰਿਪਲ ਤਲਾਕ ਨੂੰ ਖਤਮ ਕਰਨਾ ਅਸੰਭਵ ਹੈ। ਪਰ ਅੱਜ ਮੁਸਲਿਮ ਭੈਣਾਂ ਨੂੰ ਇਸ ਅਨਿਆਂ ਤੋਂ ਮੁਕਤੀ ਮਿਲੀ ਹੈ। ਕਦੇ ਮਹਿਲਾਵਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਵੀ ਅਸੰਭਵ ਲੱਗਦਾ ਸੀ। ਪਰ ਅੱਜ ਇਸ ਲਈ ਕਾਨੂੰਨ ਬਣ ਚੁੱਕਾ ਹੈ। ਕਦੇ ਪੁਲਾੜ ਅਤੇ ਐਡਵਾਂਸ ਤਕਨਾਲੋਜੀ ਨੂੰ ਲੈ ਕੇ ਵੀ ਭਾਰਤ ਦੀਆਂ ਹੱਦਾਂ ਦੱਸੀਆਂ ਜਾਂਦੀਆਂ ਸਨ। ਪਰ ਅੱਜ ਚੰਦਰਮਾ ਮਿਸ਼ਨ, ਸੈਮੀਕੰਡਕਟਰ ਮਿਸ਼ਨ, ਕਵਾਂਟਮ ਮਿਸ਼ਨ, ਇਹ ਸਭ ਭਾਰਤ ਨੂੰ ਤਕਨਾਲੋਜੀ ਦੇ ਅਗਲੇ ਮੋਰਚੇ ਵੱਲ ਲੈ ਜਾ ਰਹੇ ਹਨ।

ਸਾਥੀਓ,

ਅੱਜ ਦਾ ਭਾਰਤ ਸਿਰਫ਼ ਸੁਪਨੇ ਨਹੀਂ ਦੇਖ ਰਿਹਾ। ਭਾਰਤ ਉਨ੍ਹਾਂ ਨੂੰ ਸੱਚ ਕਰ ਰਿਹਾ ਹੈ। ਇਸੀ ਲਈ ਅੱਜ ਦੁਨੀਆ ਕਹਿ ਰਹੀ ਹੈ – ਭਾਰਤ ਸਿਰਫ਼ ਤਰੱਕੀ ਹੀ ਨਹੀਂ ਕਰ ਰਿਹਾ। ਭਾਰਤ ਅਗਲੇ ਵੱਲ ਵਧ ਰਿਹਾ ਹੈ।

 

ਸਾਥੀਓ,

ਦੇਸ਼ ਦੇ ਵਿਕਾਸ ਦਾ ਇੱਕ ਬਹੁਤ ਵੱਡਾ ਆਧਾਰ ਹੁੰਦਾ ਹੈ ਕਿ ਅਸੀਂ ਚੁਣੌਤੀਆਂ ਨਾਲ ਕਿਵੇਂ ਮੁਕਾਬਲਾ ਕਰ ਰਹੇ ਹਾਂ। ਅਸੀਂ ਸਭ ਜਾਣਦੇ ਹਾਂ ਕਿ ਵਿਸ਼ਵ ਪੱਧਰੀ ਹਾਲਾਤ ਅਚਾਨਕ ਬਦਲਦੇ ਹਨ। ਪਿਛਲੇ ਸਾਲਾਂ ਵਿੱਚ ਅਸੀਂ ਪਹਿਲਾਂ ਕਰੋਨਾ ਦੀ ਆਫ਼ਤ ਦੇਖੀ, ਫਿਰ ਰੂਸ-ਯੂਕਰੇਨ ਦਾ ਸੰਕਟ ਦੇਖਿਆ ਅਤੇ ਹੁਣ ਸਾਡੇ ਬਹੁਤ ਨੇੜੇ ਇੱਕ ਹੋਰ ਵੱਡਾ ਯੁੱਧ ਚੱਲ ਰਿਹਾ ਹੈ। ਇਸ ਯੁੱਧ ਨੇ ਪੂਰੀ ਦੁਨੀਆ ਨੂੰ ਇੱਕ ਵੱਡੇ ਊਰਜਾ ਸੰਕਟ ਵਿੱਚ ਧੱਕ ਦਿੱਤਾ ਹੈ।

ਸਾਥੀਓ,

ਅਜਿਹੇ ਮੁਸ਼ਕਲ ਹਾਲਾਤ ਵਿੱਚ ਬਹੁਤ ਜ਼ਰੂਰੀ ਹੈ ਕਿ ਇੱਕ ਦੇਸ਼ ਵਜੋਂ ਅਸੀਂ ਇਸ ਦਾ ਕਿਵੇਂ ਮੁਕਾਬਲਾ ਕਰਦੇ ਹਾਂ। ਸੰਕਟ ਦਾ ਸਮਾਂ ਇੱਕ ਤਰ੍ਹਾਂ ਨਾਲ ਪੂਰੇ ਰਾਸ਼ਟਰ ਦੀ ਪ੍ਰੀਖਿਆ ਦਾ ਹੁੰਦਾ ਹੈ। ਸ਼ਾਂਤੀ ਅਤੇ ਹੌਸਲੇ ਨਾਲ ਸਾਨੂੰ ਹਾਲਾਤ ਨਾਲ ਨਜਿੱਠਣਾ ਹੁੰਦਾ ਹੈ। ਲੋਕ-ਵਿਸ਼ਵਾਸ ਵਧਾਉਂਦੇ ਹੋਏ, ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਾਨੂੰ ਅੱਗੇ ਵਧਣਾ ਹੁੰਦਾ ਹੈ। ਅਤੇ ਇਸ ਵਿੱਚ ਹਰ ਕਿਸੇ ਦੀ ਭੂਮਿਕਾ ਹੁੰਦੀ ਹੈ। ਹਰ ਰਾਜਨੀਤਿਕ ਪਾਰਟੀ ਦੀ, ਮੀਡੀਆ ਦੀ, ਸਮਾਜਿਕ ਸੰਸਥਾਵਾਂ ਦੀ, ਉਦਯੋਗ ਦੀ, ਨੌਜਵਾਨਾਂ ਦੀ, ਪਿੰਡਾਂ ਦੀ, ਸ਼ਹਿਰਾਂ ਦੀ – ਹਰ ਕਿਸੇ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਅਸੀਂ ਕਰੋਨਾ ਕਾਲ ਵਿੱਚ ਦੇਖਿਆ ਹੈ ਕਿ ਜਦੋਂ ਸਭ ਮਿਲ ਕੇ ਤੁਰਦੇ ਹਨ ਤਾਂ ਸੰਕਟ ਨਾਲ ਮੁਕਾਬਲਾ ਕਰਨ ਲਈ ਦੇਸ਼ ਦੀ ਸਮਰੱਥਾ ਕਈ ਗੁਣਾ ਵਧ ਜਾਂਦੀ ਹੈ। ਅੱਜ ਦੇਸ਼ ਦੇ ਸਾਹਮਣੇ ਇੱਕ ਹੋਰ ਚੁਣੌਤੀ ਹੈ ਅਤੇ ਇਸ ਲਈ ਸਾਨੂੰ ਮਿਲ ਕੇ ਯਤਨ ਕਰਨੇ ਹੋਣਗੇ, ਰਾਸ਼ਟਰ ਹਿਤ ਨੂੰ ਸਭ ਤੋਂ ਉੱਚਾ ਰੱਖਦੇ ਹੋਏ ਆਪਣੇ ਕਰਤੱਵ ਨਿਭਾਉਣੇ ਹੋਣਗੇ।

ਸਾਥੀਓ,

ਅੱਜ ਕੱਲ੍ਹ ਐੱਲਪੀਜੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਕੁਝ ਲੋਕ ਹਨ ਜੋ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਆਪਣਾ ਏਜੰਡਾ ਚਲਾਉਣਾ ਚਾਹੁੰਦੇ ਹਨ। ਮੈਂ ਇਸ ਸਮੇਂ ਉਨ੍ਹਾਂ ‘ਤੇ ਰਾਜਨੀਤਿਕ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਏਨਾ ਜ਼ਰੂਰ ਕਹਾਂਗਾ ਕਿ ਐਸਾ ਕਰਕੇ ਉਹ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਬੇਨਕਾਬ ਕਰ ਰਹੇ ਹਨ ਅਤੇ ਦੇਸ਼ ਦਾ ਵੀ ਵੱਡਾ ਨੁਕਸਾਨ ਕਰ ਰਹੇ ਹਨ।

ਸਾਥੀਓ,

ਯੁੱਧ ਤੋਂ ਪੈਦਾ ਹੋਏ ਇਸ ਵਿਸ਼ਵ ਪੱਧਰੀ ਸੰਕਟ ਤੋਂ ਕੋਈ ਦੇਸ਼ ਅਛੂਤਾ ਨਹੀਂ ਹੈ। ਘੱਟ ਜਾਂ ਵੱਧ ਮਾਤਰਾ ਵਿੱਚ ਹਰ ਕੋਈ ਇਸ ਦਾ ਸ਼ਿਕਾਰ ਹੈ। ਭਾਰਤ ਸਰਕਾਰ ਵੀ ਇਸ ਸੰਕਟ ਨਾਲ ਨਿਪਟਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ ਅਤੇ ਅਸੀਂ ਵੱਖ-ਵੱਖ ਪੱਧਰਾਂ ’ਤੇ ਯਤਨ ਕਰ ਰਹੇ ਹਾਂ। ਪਿਛਲੇ ਦਿਨਾਂ ਵਿੱਚ ਦੁਨੀਆ ਦੇ ਕਈ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਨਾਲ ਮੇਰੀ ਇਸ ਬਾਰੇ ਗੱਲਬਾਤ ਹੋਈ ਹੈ। ਸਪਲਾਈ ਲੜੀ ਵਿੱਚ ਆਈਆਂ ਰੁਕਾਵਟਾਂ ਨੂੰ ਅਸੀਂ ਕਿਵੇਂ ਪਾਰ ਕਰੀਏ, ਇਸ ਲਈ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।

ਸਾਥੀਓ,

ਭਾਰਤ ਦੇ ਤੇਜ਼ ਵਿਕਾਸ ਲਈ ਵੱਖ-ਵੱਖ ਊਰਜਾ ਸਰੋਤਾਂ ਨੂੰ ਹੁਲਾਰਾ ਦੇਣਾ ਲਗਾਤਾਰ ਜ਼ਰੂਰੀ ਰਿਹਾ ਹੈ। ਅਤੇ ਇਸ ਨੂੰ ਮਜ਼ਬੂਤ ਕਰਨ ਲਈ ਅਸੀਂ ਦੋ ਪੱਧਰਾਂ ‘ਤੇ ਇਕੱਠੇ ਕੰਮ ਕੀਤਾ ਹੈ। ਪਹਿਲਾ – ਦੇਸ਼ ਵਿੱਚ ਊਰਜਾ ਤੱਕ ਪਹੁੰਚ ਵਧੇ, ਇਸ ਲਈ ਅਸੀਂ ਇੰਫ੍ਰਾਸਟਰਕਚਰ ਤਿਆਰ ਕੀਤਾ।

ਅਤੇ ਦੂਜਾ – ਊਰਜਾ ਲਈ ਸਾਨੂੰ ਸਿਰਫ਼ ਵਿਦੇਸ਼ਾਂ ’ਤੇ ਨਿਰਭਰ ਨਾ ਰਹਿਣਾ ਪਵੇ, ਇਸ ਲਈ ਊਰਜਾ ਖੇਤਰ ਵਿੱਚ ਆਤਮ-ਨਿਰਭਰਤਾ ‘ਤੇ ਜ਼ੋਰ ਦਿੱਤਾ। ਹੁਣ ਮੈਂ ਤੁਹਾਨੂੰ ਗੈਸ ਖੇਤਰ ਦੇ ਕੁਝ ਅੰਕੜੇ ਦਿੰਦਾ ਹਾਂ। ਸਾਲ 2014 ਤੱਕ ਦੇਸ਼ ਵਿੱਚ ਸਿਰਫ਼ 14 ਕਰੋੜ ਐੱਲਪੀਜੀ ਕਨੈਕਸ਼ਨ ਸਨ। ਭਾਵ ਦੇਸ਼ ਦੇ ਲਗਭਗ ਅੱਧੇ ਪਰਿਵਾਰਾਂ ਕੋਲ ਹੀ ਐੱਲਪੀਜੀ ਕਨੈਕਸ਼ਨ ਸੀ। ਅੱਜ ਇਹ ਦੁੱਗਣੇ ਤੋਂ ਵੀ ਵੱਧ ਹੋ ਕੇ ਲਗਭਗ 33 ਕਰੋੜ ਘਰੇਲੂ ਐੱਲਪੀਜੀ ਕਨੈਕਸ਼ਨ ਹੋ ਗਏ ਹਨ। ਪਿਛਲੇ 11 ਸਾਲਾਂ ਵਿੱਚ ਅਸੀਂ ਆਪਣੀ ਬੋਟਲਿੰਗ ਸਮਰੱਥਾ ਨੂੰ ਦੁੱਗਣਾ ਕੀਤਾ ਹੈ। ਡਿਸਟ੍ਰਿਬਿਊਸ਼ਨ ਸੈਂਟਰ ਵੀ 13 ਹਜ਼ਾਰ ਤੋਂ ਵੱਧ ਕੇ 25 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। 2014 ਵਿੱਚ ਦੇਸ਼ ਵਿੱਚ ਸਿਰਫ਼ 4 ਐੱਲਐੱਨਜੀ ਟਰਮੀਨਲ ਸਨ, ਅੱਜ ਇਨ੍ਹਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਗੈਸ ਪਾਈਪਲਾਈਨ ਜੋ ਲਗਭਗ ਸਾਢੇ ਤਿੰਨ ਹਜ਼ਾਰ ਕਿਲੋਮੀਟਰ ਸੀ, ਉਸ ਨੂੰ 10 ਹਜ਼ਾਰ ਕਿਲੋਮੀਟਰ ਤੱਕ ਵਧਾਇਆ ਗਿਆ ਹੈ। ਕਿਉਂਕਿ ਲਗਭਗ 60 ਪ੍ਰਤੀਸ਼ਤ ਐੱਲਪੀਜੀ ਵਿਦੇਸ਼ਾਂ ਤੋਂ ਆਉਂਦੀ ਹੈ, ਇਸ ਲਈ ਦੇਸ਼ ਦੇ ਵੱਡੇ ਬੰਦਰਗਾਹਾਂ ’ਤੇ ਇੰਪੋਰਟ ਟਰਮੀਨਲ ਸਮਰੱਥਾ ਵੀ ਬਹੁਤ ਵਧਾਈ ਗਈ ਹੈ।

ਸਾਥੀਓ,

ਸਾਲ 2014 ਤੋਂ ਪਹਿਲਾਂ ਤੱਕ ਦੇਸ਼ ਵਿੱਚ ਸਿਰਫ਼ 25-26 ਲੱਖ ਘਰਾਂ ਵਿੱਚ ਹੀ ਪਾਈਪ ਰਾਹੀਂ ਸਸਤੀ ਗੈਸ, ਯਾਨੀ ਪੀਐੱਨਜੀ ਦੀ ਸਹੂਲਤ ਸੀ। ਅੱਜ ਇਹ ਗਿਣਤੀ ਵੀ ਸਵਾ ਕਰੋੜ ਤੋਂ ਵੱਧ ਹੋ ਗਈ ਹੈ। 2014 ਵਿੱਚ ਦੇਸ਼ ਵਿੱਚ ਸੀਐੱਨਜੀ ‘ਤੇ ਚੱਲਣ ਵਾਲੀਆਂ ਗੱਡੀਆਂ ਵੀ 10 ਲੱਖ ਤੋਂ ਜ਼ਿਆਦਾ ਨਹੀਂ ਸਨ। ਅੱਜ ਇਹ ਗਿਣਤੀ 70 ਲੱਖ ਤੋਂ ਵੱਧ ਹੈ। ਅਤੇ ਇਹ ਤਦ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਪਿਛਲੇ ਦਹਾਕੇ ਵਿੱਚ ਦੇਸ਼ ਦੇ 600 ਤੋਂ ਵੱਧ ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਸਥਾਪਿਤ ਕੀਤੇ ਗਏ ਹਨ।

 

ਸਾਥੀਓ,

ਇਸ ਵਿਸ਼ਵ ਪੱਧਰੀ ਸੰਕਟ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਕਿਸੇ ਵੀ ਦੇਸ਼ ਦਾ ਆਤਮਨਿਰਭਰ ਹੋਣਾ ਕਿੰਨਾ ਜ਼ਰੂਰੀ ਹੈ। ਇਸ ਲਈ ਹੀ ਪਿਛਲੇ ਸਾਲਾਂ ਵਿੱਚ ਅਸੀਂ ਭਾਰਤ ਨੂੰ ਊਰਜਾ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਲਈ ਸਮੂਹਿਕ ਢੰਗ ਨਾਲ ਕੰਮ ਕੀਤਾ ਹੈ।

ਸਾਥੀਓ,

ਪੈਟਰੋਲੀਅਮ ’ਤੇ ਨਿਰਭਰਤਾ ਘਟਾਉਣ ਲਈ ਅਸੀਂ ਇਥਨੋਲ ਅਤੇ ਬਾਇਓਫਿਊਲ ’ਤੇ ਜ਼ੋਰ ਦਿੱਤਾ। 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ ਇੱਕ-ਡੇਢ ਪ੍ਰਤੀਸ਼ਤ ਇਥਨੋਲ ਬਲੈਂਡਿੰਗ ਸਮਰੱਥਾ ਸੀ। ਅੱਜ ਅਸੀਂ ਪੈਟਰੋਲ ਵਿੱਚ 20 ਪ੍ਰਤੀਸ਼ਤ ਇਥਨੋਲ ਬਲੈਂਡਿੰਗ ਦੇ ਨੇੜੇ ਪਹੁੰਚ ਰਹੇ ਹਾਂ। ਜੇ ਇਹ ਕੰਮ ਨਾ ਕੀਤਾ ਹੁੰਦਾ ਤਾਂ ਪਿਛਲੇ 11 ਸਾਲਾਂ ਵਿੱਚ ਸਾਨੂੰ ਲਗਭਗ 18 ਕਰੋੜ ਬੈਰਲ ਵਾਧੂ ਤੇਲ ਵਿਦੇਸ਼ਾਂ ਤੋਂ ਖਰੀਦਣਾ ਪੈਂਦਾ। ਅੱਜ ਦੀ ਸਥਿਤੀ ਦੇਖੀਏ ਤਾਂ ਇਥਨੋਲ ਕਾਰਨ ਸਾਨੂੰ ਹਰ ਸਾਲ ਲਗਭਗ ਸਾਢੇ ਚਾਰ ਕਰੋੜ ਬੈਰਲ ਘੱਟ ਤੇਲ ਆਯਾਤ ਕਰਨਾ ਪੈ ਰਿਹਾ ਹੈ। ਅਰਥਾਤ ਲਗਭਗ ਡੇਢ ਲੱਖ ਕਰੋੜ ਰੁਪਏ ਦੀ ਬਚਤ ਸਿਰਫ਼ ਇਸ ਨਾਲ ਹੋਈ ਹੈ।

ਸਾਥੀਓ,

ਭਾਰਤ ਵਿੱਚ ਪੈਟਰੋਲੀਅਮ ਦਾ ਇੱਕ ਵੱਡਾ ਉਪਭੋਗਤਾ ਸਾਡੀ ਰੇਲਵੇ ਵੀ ਹੈ। ਸਾਡੇ ਦੇਸ਼ ਵਿੱਚ ਰੇਲਵੇ ਲਾਈਨਾਂ ਦੇ ਬਿਜਲੀਕਰਨ ਦਾ ਕੰਮ 60 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਫਿਰ ਵੀ 2014 ਤੱਕ ਸਿਰਫ਼ 20 ਪ੍ਰਤੀਸ਼ਤ ਰੇਲਵੇ ਰੂਟ ਦਾ ਹੀ ਬਿਜਲੀਕਰਨ ਹੋ ਸਕਿਆ ਸੀ। ਬਾਕੀ ਰੂਟਾਂ ‘ਤੇ ਹਜ਼ਾਰਾਂ ਡੀਜ਼ਲ ਇੰਜਣ ਚੱਲਦੇ ਸਨ। ਅੱਜ ਭਾਰਤ ਵਿੱਚ ਬ੍ਰਾਡਗੇਜ ਨੈਟਵਰਕ ਦਾ ਲਗਭਗ 100 ਪ੍ਰਤੀਸ਼ਤ ਬਿਜਲੀਕਰਨ ਹੋ ਚੁੱਕਾ ਹੈ। ਇਸ ਨਾਲ ਸਾਲ 2024-25 ਵਿੱਚ ਹੀ ਭਾਰਤੀ ਰੇਲਵੇ ਨੇ ਲਗਭਗ 180 ਕਰੋੜ ਲੀਟਰ ਡੀਜ਼ਲ ਦੀ ਬਚਤ ਕੀਤੀ ਹੈ। ਜੇ ਬਿਜਲੀਕਰਨ ਨਾ ਹੋਇਆ ਹੁੰਦਾ ਤਾਂ ਹਰ ਸਾਲ ਇੰਨਾ ਡੀਜ਼ਲ ਬਣਾਉਣ ਲਈ ਵਾਧੂ ਕੱਚਾ ਤੇਲ ਆਯਾਤ ਕਰਨਾ ਪੈਂਦਾ। ਇਸੇ ਤਰ੍ਹਾਂ ਅਸੀਂ ਮੈਟਰੋ ਨੈਟਵਰਕ ਵਧਾਇਆ, ਇਲੈਕਟ੍ਰਿਕ ਮੋਬਿਲਿਟੀ ‘ਤੇ ਫੋਕਸ ਕੀਤਾ।

ਇਸੇ ਤਰ੍ਹਾਂ ਇੱਕ ਹੋਰ ਬਹੁਤ ਵੱਡਾ ਕੰਮ ਅਸੀਂ ਰਿਨਿਊਏਬਲ ਐਨਰਜੀ ਨੂੰ ਲੈ ਕੇ ਕੀਤਾ ਹੈ। ਅੱਜ ਸਾਡੀ ਕੁੱਲ ਇੰਸਟਾਲਡ ਪਾਵਰ ਜਨਰੇਸ਼ਨ ਸਮਰੱਥਾ ਦਾ ਅੱਧਾ ਹਿੱਸਾ ਰਿਨਿਊਏਬਲ ਸਰੋਤਾਂ ਤੋਂ ਆਉਂਦਾ ਹੈ। ਸਾਡੀ ਕੁੱਲ ਰਿਨਿਊਏਬਲ ਸਮਰੱਥਾ ਅੱਜ 250 ਗੀਗਾਵਾਟ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਗਈ ਹੈ। ਸੋਚੋ, ਸਾਲ 2014 ਵਿੱਚ ਭਾਰਤ ਦੀ ਸੋਲਰ ਪਾਵਰ ਸਮਰੱਥਾ ਸਿਰਫ਼ ਦੋ ਗੀਗਾਵਾਟ ਸੀ, ਅੱਜ ਇਹ ਲਗਭਗ ਚਾਲੀ ਗੁਣਾ ਵੱਧ ਕੇ 130 ਗੀਗਾਵਾਟ ਹੋ ਚੁੱਕੀ ਹੈ। ਘਰੇਲੂ ਵਰਤੋਂ ਵਿੱਚ ਗੈਸ ਦੇ ਨਾਲ-ਨਾਲ ਬਿਜਲੀ ਦਾ ਵੱਧ ਤੋਂ ਵੱਧ ਉਪਯੋਗ ਹੋਵੇ, ਇਸ ਲਈ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਲਾਗੂ ਕੀਤੀ ਗਈ। ਹੁਣ ਤੱਕ ਇਸ ਯੋਜਨਾ ਦੇ ਤਹਿਤ ਲਗਭਗ 30 ਲੱਖ ਪਰਿਵਾਰਾਂ ਨੇ ਰੂਫਟਾਪ ਸੋਲਰ ਲਗਾਏ ਹਨ।

ਸਾਥੀਓ,

ਇਸ ਤੋਂ ਇਲਾਵਾ ਅਸੀਂ ਗੋਬਰਧਨ ਸਕੀਮ ‘ਤੇ ਵੀ ਕੰਮ ਕੀਤਾ। ਇਸ ਦੇ ਤਹਿਤ ਕੰਪ੍ਰੈਸਡ ਬਾਇਓਗੈਸ ਬਣਾਉਣ ’ਤੇ ਕੰਮ ਕੀਤਾ ਗਿਆ। ਹੁਣ ਤੱਕ ਦੇਸ਼ ਵਿੱਚ 100 ਤੋਂ ਵੱਧ ਪਲਾਂਟ ਚਾਲੂ ਹੋ ਚੁੱਕੇ ਹਨ ਅਤੇ 600 ਤੋਂ ਵੱਧ ’ਤੇ ਕੰਮ ਚੱਲ ਰਿਹਾ ਹੈ।

ਸਾਥੀਓ,

ਪੈਟਰੋਲ-ਡੀਜ਼ਲ ਖੇਤਰ ਵਿੱਚ ਅਸੀਂ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਵੀ ਵਿਸ਼ਾਲ ਯਤਨ ਕੀਤੇ ਹਨ। 2014 ਤੋਂ ਪਹਿਲਾਂ ਭਾਰਤ ਕੋਲ ਰਣਨੀਤਕ ਪੈਟਰੋਲੀਅਮ ਭੰਡਾਰ, ਯਾਨੀ ਸੰਕਟ ਦੇ ਸਮੇਂ ਲਈ ਕੱਚਾ ਤੇਲ ਸਟੋਰ ਕਰਨ ਦੀ ਸਮਰੱਥਾ ਲਗਭਗ ਨਾ ਦੇ ਬਰਾਬਰ ਸੀ। ਅੱਜ ਸਾਡੇ ਕੋਲ 50 ਲੱਖ ਟਨ ਤੋਂ ਵੱਧ ਦਾ ਰਣਨੀਤਕ ਪੈਟਰੋਲੀਅਮ ਰਿਜ਼ਰਵ ਹੈ। ਅਤੇ ਇਸ ਤੋਂ ਵੀ ਵੱਧ ਸਮਰੱਥਾ ’ਤੇ ਕੰਮ ਚੱਲ ਰਿਹਾ ਹੈ। ਪਿਛਲੇ ਦਹਾਕੇ ਵਿੱਚ ਅਸੀਂ ਆਪਣੀ ਰਿਫਾਈਨਿੰਗ ਸਮਰੱਥਾ ਵਿੱਚ ਸਾਲਾਨਾ 40 ਮਿਲੀਅਨ ਟਨ ਤੋਂ ਵੱਧ ਦੀ ਵਾਧਾ ਕੀਤਾ ਹੈ। ਇਸੇ ਕਰਕੇ ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਰਿਫ਼ਾਈਨਿੰਗ ਹੱਬਸ ਵਿੱਚੋਂ ਇੱਕ ਬਣ ਗਿਆ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਕਿੰਨੇ ਵੱਡੇ ਪੱਧਰ ‘ਤੇ ਅਤੇ ਕਿੰਨੀ ਵੱਡੀਆਂ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਹਾਂ। ਯੁੱਧ ਕਾਰਨ ਪੈਦਾ ਹੋਏ ਇਸ ਸੰਕਟ ਦਾ ਮੁਕਾਬਲਾ ਵੀ ਅਸੀਂ ਜ਼ਰੂਰ ਕਰ ਪਾਵਾਂਗੇ। ਮੈਨੂੰ 140 ਕਰੋੜ ਦੇਸ਼-ਵਾਸੀਆਂ ’ਤੇ ਪੂਰਾ ਭਰੋਸਾ ਹੈ। ਜਿਵੇਂ ਅਸੀਂ ਇਕੱਠੇ ਹੋ ਕੇ ਕੋਵਿਡ ਦੇ ਸੰਕਟ ਤੋਂ ਦੇਸ਼ ਨੂੰ ਬਾਹਰ ਕੱਢਿਆ ਸੀ, ਠੀਕ ਉਸੇ ਤਰ੍ਹਾਂ ਅਸੀਂ ਇਸ ਵਿਸ਼ਵ ਪੱਧਰੀ ਸੰਕਟ ਨੂੰ ਵੀ ਪਾਰ ਕਰ ਲਵਾਂਗੇ। ਅਤੇ ਮੈਂ ਫਿਰ ਦੁਹਰਾਵਾਂਗਾ – ਜਿੱਥੇ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਕਿਸੇ ਵੀ ਤਰ੍ਹਾਂ ਦੇ ਯਤਨ ਜਾਂ ਕੋਸ਼ਿਸ਼ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ। ਸਾਡੇ ਹਰ ਫ਼ੈਸਲੇ ਵਿੱਚ ਲੋਕਾਂ ਦਾ ਹਿਤ ਸਭ ਤੋਂ ਉੱਚਾ ਰਹੇਗਾ।

 

ਸਾਥੀਓ,

ਯੂਕਰੇਨ ਯੁੱਧ ਤੋਂ ਲੈ ਕੇ ਅੱਜ ਤੱਕ ਅਸੀਂ ਵੇਖਿਆ ਹੈ ਕਿ ਇਸ ਦਾ ਪ੍ਰਭਾਵ ਆਲਮੀ ਮਾਰਕਿਟ ਤੋਂ ਲੈ ਕੇ ਦੁਨੀਆ ਦੇ ਨਾਗਰਿਕਾਂ ਤੱਕ ਕਿਵੇਂ ਪੈਂਦਾ ਰਿਹਾ ਹੈ। ਪਰ ਭਾਰਤ ਸਰਕਾਰ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਯੁੱਧ ਕਾਰਨ ਬਣੇ ਹਾਲਾਤਾਂ ਦਾ ਬੋਝ ਭਾਰਤ ਦੇ ਨਾਗਰਿਕਾਂ ‘ਤੇ ਨਾ ਪਵੇ। ਜਿਵੇਂ ਜਦੋਂ ਰੂਸ-ਯੂਕਰੇਨ ਦਾ ਸੰਕਟ ਵੱਧ ਗਿਆ ਸੀ, ਤਾਂ ਉਸ ਦੌਰ ਵਿੱਚ ਫਰਟੀਲਾਈਜ਼ਰ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਸਨ। ਇਸ ਦੇ ਬਾਵਜੂਦ ਯੂਰੀਆ ਦੀ ਜੋ ਬੋਰੀ ਅੰਤਰਰਾਸ਼ਟਰੀ ਮਾਰਕਿਟ ਵਿੱਚ 3000 ਰੁਪਏ ਵਿੱਚ ਮਿਲ ਰਹੀ ਸੀ, ਉਹ ਅਸੀਂ ਆਪਣੇ ਕਿਸਾਨਾਂ ਨੂੰ ਸਿਰਫ਼ 300 ਰੁਪਏ ਵਿੱਚ ਦਿੱਤੀ ਸੀ। ਦੁਨੀਆ ਵਿੱਚ 3000 ਰੁਪਏ ਚੱਲ ਰਹੇ ਸਨ, ਸਾਡੇ ਇੱਥੇ 300 ਵਿੱਚ ਦਿੱਤੀ ਜਾ ਰਹੀ ਸੀ। ਇਸ ਵਾਰ ਵੀ ਸਾਡਾ ਹਰ ਸੰਭਵ ਯਤਨ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਅਤੇ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ’ਤੇ ਯੁੱਧ ਦਾ ਘੱਟ ਤੋਂ ਘੱਟ ਅਸਰ ਪਵੇ।

ਸਾਥੀਓ,

ਅੱਜ ਦੇ ਇਸ ਮਹੱਤਵਪੂਰਨ ਸਮੇਂ ਵਿੱਚ… ਅੱਜ ਇਸ ਮੰਚ ਤੋਂ ਰਾਜ ਸਰਕਾਰਾਂ ਨੂੰ ਵੀ ਇੱਕ ਅਪੀਲ ਹੈ। ਇਹ ਜ਼ਰੂਰੀ ਹੈ ਕਿ ਕਾਲਾ-ਬਾਜ਼ਾਰੀ ਨਾ ਹੋਵੇ, ਅਫਵਾਹਾਂ ਨਾ ਫੈਲਣ। ਇਸ ਲਈ ਸਥਿਤੀ ਦੀ ਗੰਭੀਰਤਾ ਨਾਲ ਨਿਗਰਾਨੀ ਕਰਨੀ ਲਾਜ਼ਮੀ ਹੈ। ਜੋ ਕਾਲਾ-ਬਾਜ਼ਾਰੀ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਰੜੀ ਕਾਰਵਾਈ ਵੀ ਜ਼ਰੂਰੀ ਹੈ।

ਸਾਥੀਓ,

ਬੀਤਿਆ ਇੱਕ ਦਹਾਕਾ ਆਤਮਨਿਰਭਰਤਾ ਦੇ ਨਾਲ-ਨਾਲ ਸੰਵੇਦਨਸ਼ੀਲ ਗਵਰਨੈਂਸ ਦਾ ਵੀ ਰਿਹਾ ਹੈ। ਸਾਡੇ ਦੇਸ਼ ਦਾ ਇੱਕ ਵੱਡਾ ਹਿੱਸਾ, ਉੱਥੇ ਰਹਿਣ ਵਾਲੇ ਲੋਕ ਦਿੱਲੀ ਵਿੱਚ ਬੈਠੀਆਂ ਕਾਂਗਰਸ ਸਰਕਾਰਾਂ ਦੀ ਸੋਚ ਤੋਂ ਵੀ ਦੂਰ ਰਹੇ। ਪਰ ਸਾਡੀ ਸਰਕਾਰ ਨੇ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਏ ਲੋਕਾਂ ਨੂੰ ਗਵਰਨੈਂਸ ਦੀਆਂ ਤਰਜੀਹਾਂ ਨਾਲ ਜੋੜਿਆ। ਅੱਜ ਇਨ੍ਹਾਂ ਇਲਾਕਿਆਂ ਵਿੱਚ ਹਾਊਸਿੰਗ ਹੋਵੇ, ਸੜਕਾਂ ਹੋਣ, ਸਕੂਲ-ਹਸਪਤਾਲ ਹੋਣ – ਇਸ ਤਰ੍ਹਾਂ ਦੇ ਇੰਫ੍ਰਾਸਟਰਕਚਰ ਨਿਰਮਾਣ ਲਈ ਅਭਿਲਾਸ਼ੀ ਜ਼ਿਲ੍ਹਾ ਯੋਜਨਾ, ਅਭਿਲਾਸ਼ੀ ਬਲਾਕ ਯੋਜਨਾ, ਪੀਐੱਮ ਜਨਮਨ ਯੋਜਨਾ ਵਰਗੀਆਂ ਖ਼ਾਸ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਸਾਥੀਓ,

ਕਾਂਗਰਸ ਸਰਕਾਰਾਂ ਦਾ ਇੱਕ ਵੱਡਾ ਪਾਪ ਇਹ ਵੀ ਰਿਹਾ ਕਿ ਉਨ੍ਹਾਂ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਮਾਓਵਾਦੀ ਅੱਤਵਾਦ ਦੀ ਅੱਗ ਵਿੱਚ ਸੜਨ ਲਈ ਛੱਡ ਦਿੱਤਾ ਸੀ। ਦੇਸ਼ ਦੇ ਲਗਭਗ ਹਰ ਵੱਡੇ ਰਾਜ ਦਾ ਇੱਕ ਵੱਡਾ ਹਿੱਸਾ ਮਾਓਵਾਦੀ ਅੱਤਵਾਦ ਦੀ ਗ੍ਰਿਫ਼ਤ ਵਿੱਚ ਸੀ। 

ਪਰ ਸਾਥੀਓ,

ਪਿਛਲੇ ਸਾਲਾਂ ਵਿੱਚ ਦੇਸ਼ ਨੇ ਇਸ ਸਥਿਤੀ ਨੂੰ ਬਦਲਣ ਦਾ ਸੰਕਲਪ ਲਿਆ। ਅਸੀਂ ਉੱਚੇ ਹੌਸਲੇ ਨਾਲ ਅੱਗੇ ਵੱਧੇ। ਅਤੇ ਇਸ ਦਾ ਨਤੀਜਾ ਅੱਜ ਦੇਸ਼ ਦੇਖ ਰਿਹਾ ਹੈ। ਸਾਲ 2013 ਵਿੱਚ 180 ਤੋਂ ਵੱਧ ਜ਼ਿਲ੍ਹੇ ਮਾਓਵਾਦੀ ਅੱਤਵਾਦ ਤੋਂ ਪ੍ਰਭਾਵਿਤ ਸਨ। ਅੱਜ ਮਾਓਵਾਦੀ ਅੱਤਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਇੱਕ ਹਿੰਦਸੇ ਵਿੱਚ ਪਹੁੰਚ ਚੁੱਕੀ ਹੈ।

ਸਾਥੀਓ,

ਪਿਛਲੇ ਇੱਕ ਸਾਲ ਵਿੱਚ ਹੀ 2100 ਤੋਂ ਵੱਧ ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ, 900 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਜੋ ਹਥਿਆਰ ਛੱਡਣ ਲਈ ਤਿਆਰ ਨਹੀਂ ਸਨ, ਐਸੇ 300 ਤੋਂ ਵੱਧ ਕੱਟੜ ਨਕਸਲੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਗਿਰਾਇਆ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਜੋ ਇਲਾਕੇ ਕਦੇ ਡਰ ਦੇ ਸਾਏ ਵਿੱਚ ਜੀਣ ਲਈ ਮਜਬੂਰ ਸਨ, ਉੱਥੇ ਅੱਜ ਵਿਕਾਸ ਦੀ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ।

ਸਾਥੀਓ,

ਭਾਰਤ ਅੱਜ ਜਿਸ ਗਤੀ ਨਾਲ ਅੱਗੇ ਵੱਧ ਰਿਹਾ ਹੈ, ਉਸ ਦੀ ਪ੍ਰਗਤੀ ਦੀ ਗਤੀ ਨੂੰ ਰੋਕਣਾ ਅਸੰਭਵ ਹੈ। 140 ਕਰੋੜ ਭਾਰਤੀਆਂ ਦੀਆਂ ਆਸਾਂ ਅੱਜ ਅਗਲੇ ਪੱਧਰ ’ਤੇ ਹਨ। ਮੈਂ ਜਾਣਦਾ ਹਾਂ ਕਿ ਜਦੋਂ ਇੱਕ ਸੁਪਨਾ ਪੂਰਾ ਹੁੰਦਾ ਹੈ, ਤਾਂ ਨਵੇਂ ਸੁਪਨੇ ਅਤੇ ਨਵੀਆਂ ਅਭਿਲਾਸ਼ਾਵਾਂ ਜਨਮ ਲੈਂਦੀਆਂ ਹਨ। ਮੈਂ ਇਸ ਨੂੰ ਬੋਝ ਨਹੀਂ ਮੰਨਦਾ, ਸਗੋਂ ਲੋਕਾਂ ਦੇ ਭਰੋਸੇ ਦੀ ਪੂੰਜੀ ਮੰਨਦਾ ਹਾਂ। ਹਾਂ… ਦੇਸ਼ ਵਿੱਚ ਮੇਰੇ ਕੁਝ ਐਸੇ ਸ਼ੁਭਚਿੰਤਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਮੀਦਾਂ ਦੇ ਬੋਝ ਹੇਠ ਮੋਦੀ ਕਦੇ ਤਾਂ ਦਬੇਗਾ, ਕਦੇ ਤਾਂ ਕੁਚਲਾ ਜਾਵੇਗਾ। ਪਰ ਉਨ੍ਹਾਂ ਦੀ ਨੀਅਤ ਏਨੀ ਖੋਟੀ ਹੈ ਕਿ ਉਨ੍ਹਾਂ ਦੀਆਂ ਉਮੀਦਾਂ ਕਦੇ ਪੂਰੀ ਨਹੀਂ ਹੁੰਦੀਆਂ ਅਤੇ ਦੇਸ਼-ਵਾਸੀਆਂ ਦਾ ਆਸ਼ੀਰਵਾਦ ਜਦ ਤੱਕ ਹੈ, ਓਦੋਂ ਤੱਕ ਇਹ ਪੂਰੀਆਂ ਹੋਣਗੀਆਂ ਵੀ ਨਹੀਂ। ਹੁਣ ਸਿਰਫ਼ 140 ਕਰੋੜ ਭਾਰਤੀਆਂ ਦੀਆਂ ਆਸਾਂ ਅਤੇ ਅਭਿਲਾਸ਼ਾਵਾਂ ਹੀ ਪੂਰੀਆਂ ਹੋਣਗੀਆਂ। ਭਾਰਤ ਹਰ ਖੇਤਰ ਵਿੱਚ ਆਤਮ-ਨਿਰਭਰ ਬਣੇਗਾ, ਭਾਰਤ ਹਰ ਹਾਲ ਵਿੱਚ ਵਿਕਸਿਤ ਬਣੇਗਾ।

ਇਸੇ ਭਾਵਨਾ ਨਾਲ ਮੈਂ ਆਪਣੀ ਗੱਲ ਨੂੰ ਇੱਥੇ ਸਮਾਪਤ ਕਰਦਾ ਹਾਂ।

ਤੁਹਾਡਾ ਸਭ ਦਾ ਫਿਰ ਤੋਂ ਬਹੁਤ-ਬਹੁਤ ਸ਼ੁਕਰੀਆ।

ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Proud Moment For Every Indian: PM Modi On Sarnath Being Inscribed On UNESCO World Heritage List

Media Coverage

Proud Moment For Every Indian: PM Modi On Sarnath Being Inscribed On UNESCO World Heritage List
NM on the go

Nm on the go

Always be the first to hear from the PM. Get the App Now!
...
Prime Minister expresses gratitude to brave soldiers on Kargil Vijay Diwas
July 26, 2026

Prime Minister Shri Narendra Modi today stated that on Kargil Vijay Diwas, our nation expresses gratitude to the brave soldiers for their extraordinary courage and commitment towards securing India.

The Prime Minister noted that their valour in the face of the most formidable conditions will forever remain a source of national pride. He observed that their unwavering patriotism and devotion to duty will continue to inspire generations.

In a post on X, the Prime Minister shared:

"On Kargil Vijay Diwas, our nation expresses gratitude to the brave soldiers for their extraordinary courage and commitment towards securing India. Their valour in the face of the most formidable conditions will forever remain a source of national pride. Their unwavering patriotism and devotion to duty will continue to inspire generations."