ਸੋਮਨਾਥ... ਇਸ ਸ਼ਬਦ ਨੂੰ ਸੁਣ ਕੇ ਸਾਡੇ ਦਿਲਾਂ ਅਤੇ ਮਨਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਭਾਰਤ ਦੀ ਆਤਮਾ ਦੀ ਸਦੀਵੀ ਪੁਕਾਰ ਹੈ। ਇਹ ਸ਼ਾਨਦਾਰ ਮੰਦਰ ਭਾਰਤ ਦੇ ਪੱਛਮੀ ਤਟ 'ਤੇ ਗੁਜਰਾਤ ਵਿੱਚ ਪ੍ਰਭਾਸ ਪਾਟਨ ਨਾਮਕ ਸਥਾਨ 'ਤੇ ਸਥਿਤ ਹੈ। ਦਵਾਦਸ਼ਾ ਜਯੋਤਿਰਲਿੰਗ ਸਤੋਤਰਮ ਵਿੱਚ ਭਾਰਤ ਭਰ ਵਿੱਚ 12 ਜਯੋਤਿਰਲਿੰਗਾਂ ਦਾ ਜ਼ਿਕਰ ਹੈ। ਸਤੋਤਰਮ "सौराष्ट्र्रे सोमनाथं च.." ਨਾਲ ਸ਼ੁਰੂ ਹੁੰਦਾ ਹੈ, ਜੋ ਪਹਿਲੇ ਜਯੋਤਿਰਲਿੰਗ ਵਜੋਂ ਸੋਮਨਾਥ ਦੇ ਸਭਿਆਚਾਰਕ ਅਤੇ ਅਧਿਆਤਮਕ ਮਹੱਤਵ ਦਾ ਪ੍ਰਤੀਕ ਹੈ।

ਇਹ ਵੀ ਕਿਹਾ ਜਾਂਦਾ ਹੈ:
सोमलिंगं नरो दृष्ट्वा सर्वपापैः प्रमुच्यते।
लभते फलं मनोवाञ्छितं मृत्युः स्वर्गं समश्रयेत् ॥

ਇਸਦਾ ਭਾਵ ਹੈ: ਸੋਮਨਾਥ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਹੀ ਵਿਅਕਤੀ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ, ਉਸ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਮੌਤ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੁੰਦੀ ਹੈ।

ਦੁੱਖ ਦੀ ਗੱਲ ਹੈ ਕਿ ਇਹੀ ਸੋਮਨਾਥ, ਜੋ ਲੱਖਾਂ ਲੋਕਾਂ ਦੀ ਸ਼ਰਧਾ ਅਤੇ ਪ੍ਰਾਰਥਨਾਵਾਂ ਨਾਲ ਜੁੜਿਆ ਹੈ, ਉਸ 'ਤੇ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ, ਜਿਨ੍ਹਾਂ ਦਾ ਮਕਸਦ ਸ਼ਰਧਾ ਨਹੀਂ ਸੀ, ਸਗੋਂ ਉਸ ਨੂੰ ਤਬਾਹ ਕਰਨਾ ਸੀ।

ਸਾਲ 2026 ਸੋਮਨਾਥ ਮੰਦਰ ਲਈ ਮਹੱਤਵਪੂਰਨ ਹੈ। ਇਸ ਮਹਾਨ ਤੀਰਥ ਸਥਾਨ 'ਤੇ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ। ਇਹ ਜਨਵਰੀ, 1026 ਵਿੱਚ ਹੋਇਆ ਸੀ ਜਦੋਂ ਗਜ਼ਨੀ ਦੇ ਮਹਿਮੂਦ ਨੇ ਇੱਕ ਹਿੰਸਕ ਅਤੇ ਵਹਿਸ਼ੀ ਹਮਲੇ ਰਾਹੀਂ ਵਿਸ਼ਵਾਸ ਅਤੇ ਸਭਿਅਤਾ ਦੇ ਇੱਕ ਮਹਾਨ ਪ੍ਰਤੀਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਮੰਦਰ 'ਤੇ ਹਮਲਾ ਕੀਤਾ ਸੀ।

ਫਿਰ ਵੀ, ਇੱਕ ਹਜ਼ਾਰ ਸਾਲ ਬਾਅਦ, ਸੋਮਨਾਥ ਨੂੰ ਇਸਦੀ ਸ਼ਾਨ ਵਿੱਚ ਬਹਾਲ ਕਰਨ ਦੇ ਕਈ ਯਤਨਾਂ ਸਦਕਾ ਇਹ ਮੰਦਰ ਪਹਿਲਾਂ ਵਾਂਗ ਹੀ ਸ਼ਾਨਦਾਰ ਰੂਪ ਵਿੱਚ ਬੁਲੰਦ ਖੜ੍ਹਾ ਹੈ। ਇੱਕ ਅਜਿਹਾ ਹੀ ਮੀਲ ਪੱਥਰ 2026 ਵਿੱਚ 75 ਸਾਲ ਪੂਰੇ ਕਰਦਾ ਹੈ। 11 ਮਈ, 1951 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਇੱਕ ਸਮਾਗਮ ਦੌਰਾਨ, ਬਹਾਲ ਕੀਤੇ ਗਏ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ।

ਸੋਮਨਾਥ 'ਤੇ ਇੱਕ ਹਜ਼ਾਰ ਸਾਲ ਪਹਿਲਾਂ 1026 ਵਿੱਚ ਹੋਏ ਪਹਿਲੇ ਹਮਲੇ ਵਿੱਚ ਸ਼ਹਿਰ ਦੇ ਲੋਕਾਂ 'ਤੇ ਕੀਤੇ ਗਏ ਜ਼ੁਲਮ ਅਤੇ ਮੰਦਰ ਨੂੰ ਹੋਏ ਨੁਕਸਾਨ ਦਾ ਵਰਣਨ ਵੱਖ-ਵੱਖ ਇਤਿਹਾਸਕ ਕਿਤਾਬਾਂ ਵਿੱਚ ਬਹੁਤ ਵਿਸਥਾਰ ਨਾਲ ਕੀਤਾ ਗਿਆ ਹੈ। ਹਰ ਸਤਰ ਦਰਦ, ਬੇਰਹਿਮੀ ਅਤੇ ਦੁੱਖ ਨਾਲ ਭਰੀ ਹੋਈ ਹੈ, ਜੋ ਸਮੇਂ ਦੇ ਨਾਲ ਵੀ ਫਿੱਕੀ ਨਹੀਂ ਪੈਂਦੀ।

ਕਲਪਨਾ ਕਰੋ ਕਿ ਇਸਦਾ ਭਾਰਤ ਅਤੇ ਲੋਕਾਂ ਦੇ ਮਨੋਬਲ 'ਤੇ ਕੀ ਅਸਰ ਪਿਆ। ਆਖ਼ਰਕਾਰ, ਸੋਮਨਾਥ ਦਾ ਬਹੁਤ ਅਧਿਆਤਮਕ ਮਹੱਤਵ ਸੀ। ਇਹ ਤਟ 'ਤੇ ਵੀ ਸਥਿਤ ਸੀ, ਜਿਸ ਨਾਲ ਇੱਕ ਅਜਿਹੇ ਸਮਾਜ ਨੂੰ ਤਾਕਤ ਮਿਲਦੀ ਸੀ ਜਿਸਦੀ ਆਰਥਿਕ ਸ਼ਕਤੀ ਬਹੁਤ ਜ਼ਿਆਦਾ ਸੀ, ਅਤੇ ਜਿਸਦੇ ਸਮੁੰਦਰੀ ਵਪਾਰੀ ਅਤੇ ਮਲਾਹ ਇਸਦੀ ਮਹਿਮਾ ਦੀਆਂ ਕਹਾਣੀਆਂ ਦੂਰ-ਦੂਰ ਤੱਕ ਲੈਕੇ ਜਾਂਦੇ ਸਨ।

ਫਿਰ ਵੀ, ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪਹਿਲੇ ਹਮਲੇ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਦੀ ਕਹਾਣੀ ਤਬਾਹੀ ਨਾਲ ਪਰਿਭਾਸ਼ਤ ਨਹੀਂ ਹੈ। ਇਹ ਭਾਰਤ ਮਾਤਾ ਦੇ ਕਰੋੜਾਂ ਬੱਚਿਆਂ ਦੀ ਅਟੁੱਟ ਹਿੰਮਤ ਨਾਲ ਪਛਾਣੀ ਜਾਂਦੀ ਹੈ।

ਇੱਕ ਹਜ਼ਾਰ ਸਾਲ ਪਹਿਲਾਂ 1026 ਵਿੱਚ ਸ਼ੁਰੂ ਹੋਈ ਮੱਧਯੁਗੀ ਬਰਬਰਤਾ ਨੇ ਦੂਜਿਆਂ ਨੂੰ ਸੋਮਨਾਥ 'ਤੇ ਵਾਰ-ਵਾਰ ਹਮਲਾ ਕਰਨ ਲਈ 'ਪ੍ਰੇਰਿਤ' ਕੀਤਾ। ਇਹ ਸਾਡੇ ਲੋਕਾਂ ਅਤੇ ਸਭਿਆਚਾਰ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਦੀ ਸ਼ੁਰੂਆਤ ਸੀ। ਪਰ, ਹਰ ਵਾਰ ਜਦੋਂ ਵੀ ਮੰਦਰ 'ਤੇ ਹਮਲਾ ਹੋਇਆ, ਸਾਡੇ ਕੋਲ ਮਹਾਨ ਪੁਰਸ਼ ਅਤੇ ਮਹਿਲਾਵਾਂ ਵੀ ਇਸਦੀ ਰਾਖੀ ਲਈ ਆ ਖੜ੍ਹੇ ਹੋਏ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਅਤੇ ਹਰ ਵਾਰ, ਪੀੜ੍ਹੀ ਦਰ ਪੀੜ੍ਹੀ, ਸਾਡੀ ਮਹਾਨ ਸਭਿਅਤਾ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਪਰ ਚੁੱਕਿਆ, ਮੰਦਰ ਨੂੰ ਮੁੜ ਬਣਾਇਆ ਅਤੇ ਮੁੜ ਸੁਰਜੀਤ ਕੀਤਾ। ਇਹ ਸਾਡਾ ਸੁਭਾਗ ਹੈ ਕਿ ਅਸੀਂ ਉਸੇ ਮਿੱਟੀ ਵਿੱਚ ਪਲ਼ੇ ਅਤੇ ਵੱਡੇ ਹੋਏ ਹਾਂ, ਜਿਸਨੇ ਅਹਿਲਿਆ ਬਾਈ ਹੋਲਕਰ ਵਰਗੇ ਮਹਾਨ ਲੋਕਾਂ ਨੂੰ ਪਾਲਿਆ-ਪੋਸਿਆ ਹੈ, ਜਿਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਇੱਕ ਉੱਤਮ ਕੋਸ਼ਿਸ਼ ਕੀਤੀ ਸੀ ਕਿ ਸ਼ਰਧਾਲੂ ਸੋਮਨਾਥ ਵਿੱਚ ਪ੍ਰਾਰਥਨਾ ਕਰ ਸਕਣ।

1890 ਦੇ ਦਹਾਕੇ ਵਿੱਚ, ਸਵਾਮੀ ਵਿਵੇਕਾਨੰਦ ਸੋਮਨਾਥ ਆਏ ਸਨ ਅਤੇ ਇਸ ਅਹਿਸਾਸ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ 1897 ਵਿੱਚ ਚੇਨਈ ਵਿੱਚ ਇੱਕ ਭਾਸ਼ਣ ਦੌਰਾਨ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਜਦੋਂ ਉਨ੍ਹਾਂ ਨੇ ਕਿਹਾ, "ਦੱਖਣੀ ਭਾਰਤ ਦੇ ਕੁਝ ਪ੍ਰਾਚੀਨ ਮੰਦਰ ਅਤੇ ਗੁਜਰਾਤ ਦੇ ਸੋਮਨਾਥ ਵਰਗੇ ਮੰਦਰ ਤੁਹਾਨੂੰ ਬਹੁਤ ਸਾਰੀ ਸਿਆਣਪ ਸਿਖਾਉਣਗੇ ਅਤੇ ਤੁਹਾਨੂੰ ਇਸ ਨਸਲ ਦੇ ਇਤਿਹਾਸ ਦੀ ਕਿਸੇ ਵੀ ਕਿਤਾਬ ਨਾਲੋਂ ਡੂੰਘੀ ਸਮਝ ਪ੍ਰਦਾਨ ਕਰਨਗੇ। ਦੇਖੋ ਕਿਵੇਂ ਇਸ ਮੰਦਰ 'ਤੇ ਸੌ ਹਮਲਿਆਂ ਅਤੇ ਸੌ ਵਾਰੀ ਮੁੜ ਉਸਾਰੀ ਦੇ ਨਿਸ਼ਾਨ ਉੱਕਰੇ ਹੋਏ ਹਨ, ਜੋ ਲਗਾਤਾਰ ਤਬਾਹ ਹੋ ਰਹੇ ਹਨ ਅਤੇ ਲਗਾਤਾਰ ਖੰਡਰਾਂ ਵਿੱਚੋਂ ਉੱਭਰਦੇ ਰਹੇ ਹਨ, ਪਹਿਲਾਂ ਵਾਂਗ ਹੀ ਨਵੇਂ ਅਤੇ ਮਜ਼ਬੂਤ! ਇਹੀ ਰਾਸ਼ਟਰੀ ਮਨ ਹੈ, ਇਹੀ ਰਾਸ਼ਟਰੀ ਜੀਵਨ-ਧਾਰਾ ਹੈ। ਇਹ ਰਾਸ਼ਟਰੀ ਸੋਚ ਹੈ, ਇਹ ਰਾਸ਼ਟਰੀ ਜੀਵਨ ਜਾਚ ਹੈ। ਇਸਦੀ ਪਾਲਣਾ ਕਰੋ ਅਤੇ ਇਹ ਤੁਹਾਨੂੰ ਮਾਣ ਵੱਲ ਲੈ ਜਾਵੇਗੀ। ਜਿਸ ਪਲ ਤੁਸੀਂ ਉਸ ਜੀਵਨ-ਧਾਰਾ ਤੋਂ ਬਾਹਰ ਪੈਰ ਰੱਖੋਗੇ, ਇਸ ਨੂੰ ਤਿਆਗ ਕੇ ਤੁਸੀਂ ਮਰ ਜਾਓਗੇ; ਮੌਤ ਹੀ ਨਤੀਜਾ ਹੋਵੇਗੀ, ਵਿਨਾਸ਼ ਹੀ ਇੱਕੋ-ਇੱਕ ਨਤੀਜਾ ਹੋਵੇਗਾ।"

ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਨੂੰ ਮੁੜ ਉਸਾਰਨ ਦਾ ਪਵਿੱਤਰ ਕਾਰਜ ਸਰਦਾਰ ਵੱਲਭਭਾਈ ਪਟੇਲ ਦੇ ਯੋਗ ਹੱਥਾਂ ਵਿੱਚ ਆਇਆ। 1947 ਵਿੱਚ ਦੀਵਾਲੀ ਦੇ ਸਮੇਂ ਇੱਕ ਫੇਰੀ ਨੇ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਮੰਦਰ ਉੱਥੇ ਮੁੜ ਬਣਾਇਆ ਜਾਵੇਗਾ। ਅੰਤ ਵਿੱਚ, 11 ਮਈ 1951 ਨੂੰ ਸੋਮਨਾਥ ਵਿੱਚ ਇੱਕ ਵਿਸ਼ਾਲ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਉਸ ਵੇਲੇ ਡਾ. ਰਾਜੇਂਦਰ ਪ੍ਰਸਾਦ ਉੱਥੇ ਮੌਜੂਦ ਸਨ। ਮਹਾਨ ਸਰਦਾਰ ਸਾਹਿਬ ਇਸ ਇਤਿਹਾਸਕ ਦਿਨ ਨੂੰ ਦੇਖਣ ਲਈ ਜ਼ਿੰਦਾ ਨਹੀਂ ਰਹੇ, ਪਰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਦੇਸ਼ ਦੇ ਸਾਹਮਣੇ ਬੁਲੰਦ ਖੜ੍ਹੀ ਸੀ। ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਤੋਂ ਬਹੁਤੇ ਖ਼ੁਸ਼ ਨਹੀਂ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮਾਣਯੋਗ ਰਾਸ਼ਟਰਪਤੀ ਅਤੇ ਮੰਤਰੀ ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਭਾਰਤ ਦੇ ਅਕਸ ਨੂੰ ਢਾਹ ਲਾਈ। ਪਰ ਡਾ. ਰਾਜੇਂਦਰ ਪ੍ਰਸਾਦ ਆਪਣੀ ਗੱਲ 'ਤੇ ਅੜੇ ਰਹੇ ਅਤੇ ਬਾਕੀ ਸਭ ਇਤਿਹਾਸ ਵਿੱਚ ਹੈ। ਸੋਮਨਾਥ ਦਾ ਕੋਈ ਵੀ ਜ਼ਿਕਰ ਕੇ.ਐੱਮ. ਮੁਨਸ਼ੀ ਦੇ ਯਤਨਾਂ ਨੂੰ ਯਾਦ ਕੀਤੇ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦਾ ਭਰਪੂਰ ਸਾਥ ਦਿੱਤਾ। ਸੋਮਨਾਥ 'ਤੇ ਉਨ੍ਹਾਂ ਦੀਆਂ ਰਚਨਾਵਾਂ, ਜਿਸ ਵਿੱਚ "ਸੋਮਨਾਥ: ਦ ਸ਼ਰਾਈਨ ਐਟਰਨਲ" ਕਿਤਾਬ ਵੀ ਸ਼ਾਮਲ ਹੈ, ਜੋ ਬਹੁਤ ਜਾਣਕਾਰੀ ਅਤੇ ਗਿਆਨ ਭਰਪੂਰ ਹੈ।

ਦਰਅਸਲ, ਜਿਵੇਂ ਕਿ ਮੁਨਸ਼ੀ ਜੀ ਦੀ ਕਿਤਾਬ ਦਾ ਸਿਰਲੇਖ ਦੱਸਦਾ ਹੈ, ਅਸੀਂ ਇੱਕ ਅਜਿਹੀ ਸਭਿਅਤਾ ਹਾਂ ਜੋ ਆਤਮਾ ਅਤੇ ਵਿਚਾਰਾਂ ਦੀ ਸਦੀਵਤਾ ਬਾਰੇ ਦ੍ਰਿੜ੍ਹਤਾ ਦੀ ਭਾਵਨਾ ਰੱਖਦੀ ਹੈ। ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਜੋ ਸਦੀਵੀ ਹੈ ਉਹ ਅਵਿਨਾਸ਼ੀ ਹੈ, ਜਿਵੇਂ ਕਿ ਗੀਤਾ ਦੇ ਪ੍ਰਸਿੱਧ ਸਲੋਕ "नैं छिन्दन्ति शस्त्राणी..." ਵਿੱਚ ਦੱਸਿਆ ਗਿਆ ਹੈ। ਸਾਡੀ ਸਭਿਅਤਾ ਦੀ ਅਜੇਤੂ ਭਾਵਨਾ ਦੀ ਸੋਮਨਾਥ ਤੋਂ ਵਧੀਆ ਹੋਰ ਕੋਈ ਉਦਾਹਰਣ ਨਹੀਂ ਹੋ ਸਕਦੀ, ਜੋ ਔਕੜਾਂ ਅਤੇ ਸੰਘਰਸ਼ਾਂ ਨੂੰ ਪਾਰ ਕਰਦੀ ਹੋਈ ਸ਼ਾਨਦਾਰ ਢੰਗ ਨਾਲ ਬੁਲੰਦ ਖੜ੍ਹੀ ਹੈ।

ਇਹੀ ਭਾਵਨਾ ਸਾਡੇ ਦੇਸ਼ ਵਿੱਚ ਵੀ ਸਪਸ਼ਟ ਦਿਖਾਈ ਦਿੰਦੀ ਹੈ, ਜੋ ਸਦੀਆਂ ਦੇ ਹਮਲਿਆਂ ਅਤੇ ਬਸਤੀਵਾਦੀ ਲੁੱਟ ਤੋਂ ਉੱਭਰਕੇ ਆਲਮੀ ਵਿਕਾਸ ਵਿੱਚ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਸਾਡੀਆਂ ਕਦਰਾਂ-ਕੀਮਤਾਂ ਅਤੇ ਸਾਡੇ ਲੋਕਾਂ ਦੀ ਦ੍ਰਿੜ੍ਹਤਾ ਨੇ ਅੱਜ ਭਾਰਤ ਨੂੰ ਦੁਨੀਆ ਦੀ ਖਿੱਚ ਦਾ ਕੇਂਦਰ ਬਣਾਇਆ ਹੈ। ਦੁਨੀਆ ਭਾਰਤ ਨੂੰ ਉਮੀਦ ਅਤੇ ਆਸ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਉਹ ਸਾਡੇ ਨਵੀਨਤਾਕਾਰੀ ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ। ਸਾਡੀ ਕਲਾ, ਸਭਿਆਚਾਰ, ਸੰਗੀਤ ਅਤੇ ਕਈ ਤਿਉਹਾਰ ਆਲਮੀ ਬਣ ਰਹੇ ਹਨ। ਯੋਗ ਅਤੇ ਆਯੁਰਵੇਦ ਆਲਮੀ ਪੱਧਰ 'ਤੇ ਅਸਰ ਛੱਡ ਰਹੇ ਹਨ, ਜੋ ਸਿਹਤਮੰਦ ਜੀਵਨ ਨੂੰ ਵਧਾ ਰਹੇ ਹਨ। ਕੁਝ ਸਭ ਤੋਂ ਵੱਧ ਦਬਾਅ ਵਾਲੀਆਂ ਆਲਮੀ ਚੁਣੌਤੀਆਂ ਦੇ ਹੱਲ ਭਾਰਤ ਤੋਂ ਮਿਲ ਰਹੇ ਹਨ।

ਅਨਾਦਿ ਕਾਲ ਤੋਂ, ਸੋਮਨਾਥ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਹੈ। ਸਦੀਆਂ ਪਹਿਲਾਂ, ਇੱਕ ਸਤਿਕਾਰਯੋਗ ਜੈਨ ਭਿਕਸ਼ੂ, ਕਲਿਕਲ ਸਰਵਗਣ ਹੇਮਚੰਦਰਚਾਰੀਆ, ਸੋਮਨਾਥ ਆਏ ਸਨ। ਕਿਹਾ ਜਾਂਦਾ ਹੈ ਕਿ ਉੱਥੇ ਪ੍ਰਾਰਥਨਾ ਕਰਨ ਤੋਂ ਬਾਅਦ, ਉਨ੍ਹਾਂ ਨੇ ਇੱਕ ਸਲੋਕ ਦਾ ਪਾਠ ਕੀਤਾ, "भवबीजाङ्कुरजनना रागाद्याः क्षयमुपगता यस्य।" ਇਸਦਾ ਭਾਵ ਹੈ - ਉਸ ਨੂੰ ਨਮਸਕਾਰ, ਜਿਸ ਵਿੱਚ ਸੰਸਾਰਕਤਾ ਦੇ ਬੀਜ ਨਸ਼ਟ ਹੋ ਗਏ ਹਨ, ਜਿਸ ਵਿੱਚ ਵਾਸ਼ਨਾ ਅਤੇ ਸਾਰੇ ਦੁੱਖ ਖ਼ਤਮ ਹੋ ਗਏ ਹਨ।" ਅੱਜ ਵੀ, ਸੋਮਨਾਥ ਵਿੱਚ ਮਨ ਅਤੇ ਆਤਮਾ ਦੇ ਅੰਦਰ ਕੁਝ ਡੂੰਘਾ ਜਗਾਉਣ ਦੀ ਉਹੀ ਸਮਰੱਥਾ ਹੈ।

1026 ਵਿੱਚ ਹੋਏ ਪਹਿਲੇ ਹਮਲੇ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਦਾ ਸਮੁੰਦਰ ਅਜੇ ਵੀ ਓਨੀ ਹੀ ਜ਼ੋਰਦਾਰ ਗਰਜਦਾ ਹੈ, ਜਿੰਨਾਂ ਉਸ ਸਮੇਂ ਸੀ। ਸੋਮਨਾਥ ਦੇ ਕਿਨਾਰਿਆਂ ਨਾਲ ਟਕਰਾਉਣ ਵਾਲੀਆਂ ਲਹਿਰਾਂ ਇੱਕ ਕਹਾਣੀ ਸੁਣਾਉਂਦੀਆਂ ਹਨ। ਭਾਵੇਂ ਕੁਝ ਵੀ ਹੋਵੇ, ਉਹ ਲਹਿਰਾਂ ਵਾਂਗ ਵਾਰ-ਵਾਰ ਉੱਠਦੀਆਂ ਰਹਿੰਦੀਆਂ ਹਨ।

ਅਤੀਤ ਦੇ ਹਮਲਾਵਰ ਹੁਣ ਹਵਾ ਵਿੱਚ ਧੂੜ ਬਣ ਗਏ ਹਨ, ਉਨ੍ਹਾਂ ਦੇ ਨਾਮ ਵਿਨਾਸ਼ ਦੇ ਸਮਾਨਾਰਥੀ ਹਨ। ਉਹ ਇਤਿਹਾਸ ਦੇ ਪੰਨਿਆਂ ਵਿੱਚ ਸਿਰਫ਼ ਹੇਠਲੀਆਂ ਟਿੱਪਣੀਆਂ ਦੀ ਤਰ੍ਹਾਂ ਹਨ, ਜਦਕਿ ਸੋਮਨਾਥ ਚਮਕ ਰਿਹਾ ਹੈ, ਆਪਣੀ ਰੋਸ਼ਨੀ ਦੂਰ-ਦੂਰ ਤੱਕ ਫੈਲਾ ਰਿਹਾ ਹੈ, ਜੋ ਸਾਨੂੰ ਉਸ ਅਮਰ ਆਤਮਾ ਦੀ ਯਾਦ ਦਿਵਾਉਂਦਾ ਹੈ, ਜੋ 1026 ਦੇ ਹਮਲੇ ਨਾਲ ਵੀ ਘੱਟ ਨਹੀਂ ਹੋਈ। ਸੋਮਨਾਥ ਉਮੀਦ ਦਾ ਇੱਕ ਗੀਤ ਹੈ, ਜੋ ਸਾਨੂੰ ਦੱਸਦਾ ਹੈ ਕਿ ਜਿੱਥੇ ਨਫ਼ਰਤ ਅਤੇ ਕੱਟੜਤਾ ਵਿੱਚ ਇੱਕ ਪਲ ਲਈ ਤਬਾਹ ਕਰਨ ਦੀ ਸ਼ਕਤੀ ਹੋ ਸਕਦੀ ਹੈ, ਉੱਥੇ ਚੰਗਿਆਈ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਕਤੀ ਵਿੱਚ ਵਿਸ਼ਵਾਸ ਹਮੇਸ਼ਾ ਲਈ ਉਸਾਰਨ ਦੀ ਸ਼ਕਤੀ ਰੱਖਦਾ ਹੈ।

ਜੇਕਰ ਸੋਮਨਾਥ ਮੰਦਰ, ਜਿਸ 'ਤੇ ਹਜ਼ਾਰ ਸਾਲ ਪਹਿਲਾਂ ਹਮਲਾ ਹੋਇਆ ਸੀ ਅਤੇ ਵਾਰ-ਵਾਰ ਹਮਲਾ ਹੁੰਦਾ ਰਿਹਾ, ਉਹ ਮੁੜ ਖੜ੍ਹਾ ਹੋ ਸਕਦਾ ਹੈ, ਤਾਂ ਅਸੀਂ ਵੀ ਹਮਲਿਆਂ ਤੋਂ ਹਜ਼ਾਰ ਸਾਲ ਪਹਿਲਾਂ ਦੀ ਆਪਣੇ ਮਹਾਨ ਦੇਸ਼ ਦੀ ਸ਼ਾਨ ਨੂੰ ਜ਼ਰੂਰ ਬਹਾਲ ਕਰ ਸਕਦੇ ਹਾਂ। ਸ਼੍ਰੀ ਸੋਮਨਾਥ ਮਹਾਦੇਵ ਦੇ ਅਸ਼ੀਰਵਾਦ ਨਾਲ, ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਇੱਕ ਨਵੇਂ ਸੰਕਲਪ ਨਾਲ ਅੱਗੇ ਵਧ ਰਹੇ ਹਾਂ, ਜਿੱਥੇ ਸਾਡੀ ਸਭਿਅਤਾ ਦਾ ਗਿਆਨ ਸਮੁੱਚੀ ਦੁਨੀਆ ਦੇ ਭਲੇ ਲਈ ਸਾਡਾ ਰਾਹ ਦਿਸੇਰਾ ਬਣੇਗਾ।

ਜੈ ਸੋਮਨਾਥ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Smartphone PLI plan exceeds targets, value addition quadruples': Industry informs govt

Media Coverage

'Smartphone PLI plan exceeds targets, value addition quadruples': Industry informs govt
NM on the go

Nm on the go

Always be the first to hear from the PM. Get the App Now!
...
ਭਾਰਤ ਦੀ ਏਕਤਾ ਅਤੇ ਪ੍ਰਗਤੀ ਲਈ ਸਮਰਪਿਤ ਜੀਵਨ
July 06, 2026

ਅੱਜ, 6 ਜੁਲਾਈ ਦਾ ਦਿਨ ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਅਣਗਿਣਤ ਲੋਕਾਂ ਲਈ ਖ਼ਾਸ ਦਿਨ ਹੈ। ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਮਾਂ ਭਾਰਤੀ ਪ੍ਰਤੀ ਹੌਸਲੇ ਅਤੇ ਅਟੁੱਟ ਵਚਨਬੱਧਤਾ ਦੀ ਸਦੀਵੀ ਮਿਸਾਲ ਹੈ। ਆਧੁਨਿਕ ਭਾਰਤ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਬਹੁਤ ਘੱਟ ਨੇਤਾ ਹੋਏ ਹਨ, ਜਿਨ੍ਹਾਂ ਦੇ ਜੀਵਨ ਵਿੱਚ ਬੁੱਧੀ, ਲੋਕ ਸੇਵਾ ਅਤੇ ਨੈਤਿਕ ਵਿਸ਼ਵਾਸ ਦਾ ਅਜਿਹਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਦਾ ਹੈ।

ਨੌਜਵਾਨ ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ਵਿੱਚ ਹੋਇਆ ਸੀ, ਜੋ ਉਨ੍ਹਾਂ ਨੂੰ ਆਸਾਨੀ ਨਾਲ ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਦੇ ਸਕਦੇ ਸਨ। ਉਨ੍ਹਾਂ ਦੇ ਪਿਤਾ, ਸਰ ਆਸ਼ੂਤੋਸ਼ ਮੁਖਰਜੀ, ਆਪਣੇ ਵੇਲੇ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਵਿੱਚੋਂ ਇੱਕ ਸਨ। ਕਿਸਮਤ ਨੇ ਉਨ੍ਹਾਂ ਅੱਗੇ ਸੁੱਖ-ਸਹੂਲਤਾਂ ਵਾਲਾ ਰਸਤਾ ਰੱਖਿਆ ਸੀ, ਪਰ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਅਤੇ ਦੇਸ਼ ਦੀ ਸੇਵਾ ਦੇ ਰਾਹ ਵੱਲ ਤੋਰਿਆ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਉਹ ਆਪਣੇ ਸਮੇਂ ਦੀਆਂ ਉੱਥਲ-ਪੁਥਲ ਭਰੀਆਂ ਘਟਨਾਵਾਂ ਦੇ ਮੂਕ ਦਰਸ਼ਕ ਨਹੀਂ ਬਣ ਸਕਦੇ, ਭਾਵੇਂ ਉਹ ਬਸਤੀਵਾਦ, ਫਿਰਕੂਵਾਦ ਜਾਂ ਮਾਨਵਤਾਵਾਦੀ ਚੁਣੌਤੀਆਂ ਖ਼ਿਲਾਫ਼ ਲੜਾਈ ਹੀ ਕਿਉਂ ਨਾ ਹੋਵੇ। ਇਸ ਸਫ਼ਰ ਦੌਰਾਨ, ਉਨ੍ਹਾਂ ਨੇ ਬਹੁਤ ਡੂੰਘੇ ਨਿੱਜੀ ਦੁੱਖ ਵੀ ਝੱਲੇ, ਜਿਨ੍ਹਾਂ ਵਿੱਚ ਉਨ੍ਹਾਂ ਦੇ ਛੋਟੇ ਬੱਚੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਸ਼ਾਮਲ ਸੀ। ਪਰ, ਇਨ੍ਹਾਂ ਦੁੱਖਾਂ ਨੇ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਕੀਤਾ ਅਤੇ ਸੇਵਾ ਕਰਨ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਹੋਰ ਮਜ਼ਬੂਤ ਕੀਤੀ।

ਜੇ ਕੋਈ ਅਜਿਹਾ ਆਦਰਸ਼ ਸੀ, ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਸ਼ਿਤ ਕੀਤਾ, ਤਾਂ ਉਹ ਭਾਰਤ ਦੀ ਅਖੰਡਤਾ ਸੀ। ਦੇਸ਼ ਦੀ ਵੰਡ ਦੀ ਉੱਥਲ-ਪੁਥਲ ਦੌਰਾਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ, ਇਹੀ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਜੇਲ੍ਹ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ ਅਤੇ ਇਕਾਂਤਵਾਸ ਵੀ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਕਰ ਸਕਿਆ। ਨਜ਼ਰਬੰਦੀ ਦੌਰਾਨ ਉਨ੍ਹਾਂ ਦਾ ਜੀਵਨ ਅਚਾਨਕ ਖਤਮ ਹੋ ਗਿਆ; ਉਹ ਵੀ ਉਨ੍ਹਾਂ ਅਣਗਿਣਤ ਲੋਕਾਂ ਤੋਂ ਬਹੁਤ ਦੂਰ, ਜਿਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਆਪਣੀ ਲੜਾਈ ਬਣਾ ਲਿਆ ਸੀ। ਇਤਿਹਾਸ ਵਿੱਚ ਅਜਿਹੇ ਪਲ ਆਉਂਦੇ ਹਨ, ਜਦੋਂ ਕਿਸੇ ਵਿਅਕਤੀ ਦੀ ਆਖਰੀ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਡਾ. ਮੁਖਰਜੀ ਦੀ ਆਖਰੀ ਯਾਤਰਾ ਅਜਿਹਾ ਹੀ ਪਲ ਹੈ। ਅਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਉਸ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਸੀ। ਸਾਲਾਂ ਬਾਅਦ, 2019 ਵਿੱਚ ਧਾਰਾ 370 ਅਤੇ 35(ਏ) ਨੂੰ ਹਟਾਉਣਾ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸੀ।

ਡਾ. ਮੁਖਰਜੀ ਨੇ ਭਾਰਤ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਇਹ ਕੰਮ ਅਜਿਹੀਆਂ ਸੰਸਥਾਵਾਂ ਦੀ ਉਸਾਰੀ ਕਰਕੇ ਅਤੇ ਅਜਿਹੇ ਸਿਸਟਮ ਤਿਆਰ ਕਰਕੇ ਕੀਤਾ, ਜਿਨ੍ਹਾਂ ਨੇ ਉਸ ਸਮੇਂ ਦੀ ਰਵਾਇਤੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਆਪਣੇ ਵਿਲੱਖਣ ਅੰਦਾਜ਼ ਵਿੱਚ ਉਨ੍ਹਾਂ ਨੇ ਅਜਿਹੇ ਸਕਾਰਾਤਮਕ ਬਦਲਾਅ ਲਿਆਂਦੇ ਜੋ ਦੇਸ਼ ਭਗਤੀ ਨਾਲ ਭਰੇ ਅਤੇ ਭਵਿੱਖਮੁਖੀ ਸਨ। ਸਿੱਖਿਆ ਮਾਹਰਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਿਹਾ ਸੀ, “ਵਿੱਦਿਅਕ ਅਦਾਰਿਆਂ ਨੂੰ ਕਲਰਕ ਅਤੇ ਘੱਟ ਤਨਖ਼ਾਹ ਵਾਲਾ ਸਟਾਫ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਜੋਂ ਦੇਖਣਾ ਗਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਪੈਣਗੇ, ਜੋ ਨਗਰ ਨਿਗਮਾਂ, ਸੂਬਾਈ ਅਤੇ ਕੇਂਦਰੀ ਵਿਧਾਨ ਸਭਾਵਾਂ ਵਰਗੀਆਂ ਸਾਡੀਆਂ ਸਵੈ-ਸ਼ਾਸਨ ਵਾਲੀਆਂ ਸੰਸਥਾਵਾਂ ਨੂੰ ਅਗਵਾਈ ਦੇਣ ਦੇ ਸਮਰੱਥ ਹੋਣ ਤੇ ਨਾਲ ਹੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਅਤੇ ਉਦਯੋਗਿਕ ਮਾਮਲਿਆਂ ਦਾ ਸੰਚਾਲਨ ਕਰ ਸਕਣ।”

ਉਨ੍ਹਾਂ ਦੀ ਅਗਵਾਈ ਹੇਠ ਕਲਕੱਤਾ ਯੂਨੀਵਰਸਿਟੀ ਨੇ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਵਿਗਿਆਨ ਦੇ ਖੇਤਰ ਵਿੱਚ ਖੋਜ ਨੂੰ ਹੁਲਾਰਾ ਦੇਣ, ਪੁਰਾਤਨ ਵਸਤਾਂ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਦੇ ਕੋਰਸ ਸ਼ੁਰੂ ਕਰਨ ਵਰਗੇ ਕਈ ਵਿਲੱਖਣ ਉਪਰਾਲੇ ਕੀਤੇ। ਉਨ੍ਹਾਂ ਨੇ ਖੇਡਾਂ, ਅਧਿਆਪਕਾਂ ਦੀ ਸਿਖਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਵਰਗੇ ਖੇਤਰਾਂ ਵੱਲ ਵੀ ਧਿਆਨ ਖਿੱਚਿਆ। ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਰੂਦੇਵ ਟੈਗੋਰ ਨੂੰ ਯੂਨੀਵਰਸਿਟੀ ਲਈ ਗੀਤ ਲਿਖਣ ਦੀ ਬੇਨਤੀ ਵੀ ਕੀਤੀ।

ਇਸ ਜਜ਼ਬੇ ਦੀ ਇੱਕ ਹੋਰ ਮਿਸਾਲ ਉਨ੍ਹਾਂ ਦੇ ਜੀਵਨ ਦੇ ਅਗਲੇ ਪੜਾਅ ਵਿੱਚ ਦੇਖਣ ਨੂੰ ਮਿਲਦੀ ਹੈ, ਜਦੋਂ ਉਨ੍ਹਾਂ ਨੇ ਭਾਰਤੀ ਜਨ ਸੰਘ ਬਣਾਉਣ ਦਾ ਫੈਸਲਾ ਕੀਤਾ। ਅਜਿਹੇ ਸਮੇਂ ਜਦੋਂ ਕਾਂਗਰਸ ਪਾਰਟੀ ਦਾ ਹਰ ਪਾਸੇ ਬੋਲਬਾਲਾ ਸੀ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਭਾਰਤ ਦੀ ਤਰੱਕੀ ਦੀ ਗੱਲ ਕਰਨ ਲਈ ਬਦਲਵੀਂ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਰਟੀ ਦਾ ਚੋਣ ਨਿਸ਼ਾਨ ‘ਦੀਵਾ’, ਭਾਵ ਮਿੱਟੀ ਦਾ ਦੀਵਾ ਸ਼ਾਇਦ ਬਿਲਕੁਲ ਢੁਕਵਾਂ ਸੀ। ਇਕੱਲਾ ਦੀਵਾ ਭਾਵੇਂ ਛੋਟਾ ਲੱਗਦਾ ਹੋਵੇ, ਪਰ ਉਸ ਵਿੱਚ ਆਪਣੇ ਆਲੇ-ਦੁਆਲੇ ਤੋਂ ਕਿਤੇ ਦੂਰ ਤੱਕ ਹਨੇਰਾ ਦੂਰ ਕਰਨ ਦੀ ਤਾਕਤ ਹੁੰਦੀ ਹੈ। ਜਨ ਸੰਘ ਨੇ ਆਪਣੇ ਸਰਗਰਮ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੰਮ ਕੀਤਾ।

ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਕਾਰਜਕਾਲ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਵਿਕਾਸ ਦੀ ਸੋਚ ਬਹੁਤ ਹੀ ਵਿਆਪਕ ਅਤੇ ਮਨੁੱਖਤਾਵਾਦੀ ਸੀ। ਉਹ ਉਦਯੋਗ ਨੂੰ ਨਵੇਂ ਆਜ਼ਾਦ ਹੋਏ ਦੇਸ਼ ਲਈ ਸਵੈ-ਮਾਣ, ਮੌਕੇ ਅਤੇ ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਦੇ ਸਨ। ਉਨ੍ਹਾਂ ਨੇ ਦੌਲਤ ਦੀ ਸਿਰਜਣਾ ਅਤੇ ਉਤਪਾਦਾਂ ਦੇ ਮੁੱਲ ਵਾਧੇ (ਵੈਲਿਊ ਅਡੀਸ਼ਨ) ਦਾ ਸਤਿਕਾਰ ਕੀਤਾ। ਦਾਮੋਦਰ ਵੈਲੀ ਕਾਰਪੋਰੇਸ਼ਨ, ਸਿੰਦਰੀ ਖਾਦ ਪਲਾਂਟ ਅਤੇ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਹੱਥ-ਖੱਡੀਆਂ, ਘਰੇਲੂ ਉਦਯੋਗਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਨੂੰ ਉਨ੍ਹਾਂ ਵਿੱਚ ਬਰਾਬਰ ਦਾ ਵਚਨਬੱਧ ਹਮਾਇਤੀ ਮਿਲਿਆ।

ਇੱਥੇ, ਮੈਂ ਇੱਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ, ਜਿਸ ਨੂੰ ਡਾ. ਮੁਖਰਜੀ ਨੇ ਆਤਮ-ਨਿਰਭਰਤਾ ਦੀ ਸਪਸ਼ਟ ਸੋਚ ਨਾਲ ਸਥਾਪਤ ਕਰਨ ਲਈ ਕੰਮ ਕੀਤਾ ਸੀ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵੱਲੋਂ ਅਣਗੌਲਿਆ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੂੰ ਇਸ ਦੀ ਮੁੜ ਸੁਰਜੀਤੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਵਾਕਈ ਸਭ ਤੋਂ ਖ਼ਾਸ ਪਲਾਂ ਵਿੱਚੋਂ ਇੱਕ ਸੀ।

ਭਾਰਤ ਦੀ ਸੱਭਿਅਕ ਪਰੰਪਰਾ ਵਿੱਚ ਹਮੇਸ਼ਾ ਸੰਵਾਦ ਅਤੇ ਵਿਚਾਰ-ਵਟਾਂਦਰੇ ਦਾ ਸਤਿਕਾਰ ਕੀਤਾ ਗਿਆ ਹੈ। ਡਾ. ਮੁਖਰਜੀ ਨੇ ਇਹ ਲੋਕਤੰਤਰੀ ਭਾਵਨਾ ਅਪਣਾਈ। ਉਹ ਪੰਡਿਤ ਨਹਿਰੂ ਦੀ ਕੈਬਨਿਟ ਵਿੱਚ ਇਹ ਮੰਨਦਿਆਂ ਸ਼ਾਮਲ ਹੋਏ ਕਿ ਸ਼ੁਰੂਆਤੀ ਸਾਲਾਂ ਵਿੱਚ ਰਾਸ਼ਟਰ ਨਿਰਮਾਣ ਦਾ ਕੰਮ ਰਾਜਨੀਤਿਕ ਮੱਤਭੇਦਾਂ ਤੋਂ ਉੱਪਰ ਹੈ। ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਉਸਾਰੂ ਭਾਵਨਾ ਨਾਲ ਸੇਵਾ ਕੀਤੀ। ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਲਈ ਵੱਖਰੇ ਰਸਤੇ ਦੀ ਲੋੜ ਹੈ, ਤਾਂ ਉਨ੍ਹਾਂ ਨੇ ਪੂਰੇ ਮਾਣ-ਸਤਿਕਾਰ ਨਾਲ ਆਪਣਾ ਅਹੁਦਾ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਪੂਰੇ ਦਿਲ ਨਾਲ ਉਸ ਰਾਜਨੀਤਿਕ ਕੰਮ ਲਈ ਸਮਰਪਿਤ ਕਰ ਦਿੱਤਾ, ਜਿਸ ਦੀ ਉਨ੍ਹਾਂ ਮੁਤਾਬਕ ਦੇਸ਼ ਨੂੰ ਲੋੜ ਸੀ।

75 ਸਾਲ ਪਹਿਲਾਂ, ਪੰਡਿਤ ਨਹਿਰੂ ਪਹਿਲੀ ਸੋਧ ਲੈ ਕੇ ਆਏ, ਜੋ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਸੀ। ਡਾ. ਮੁਖਰਜੀ ਇਸ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਸਨ। ਉਹ ਪੂਰੀ ਤਰ੍ਹਾਂ ਸਮਝਦੇ ਸਨ ਕਿ ਕਾਂਗਰਸ ਕੀ ਕੁਝ ਕਰ ਸਕਦੀ ਹੈ। ਅਤੇ ਉਨ੍ਹਾਂ ਦੀ ਗੱਲ ਸੱਚ ਸਾਬਤ ਹੋਈ। ਜਿਨ੍ਹਾਂ ਨੇ 75 ਸਾਲ ਪਹਿਲਾਂ ਪਹਿਲੀ ਸੋਧ ਲਿਆਂਦੀ ਸੀ, ਉਨ੍ਹਾਂ ਨੇ ਹੀ 1975 ਵਿੱਚ ਐਮਰਜੈਂਸੀ ਲਾਈ ਅਤੇ 50 ਸਾਲ ਪਹਿਲਾਂ 42ਵਾਂ ਸੋਧ ਐਕਟ ਲਿਆਂਦਾ, ਜਿਸ ਨੇ ਮੁੜ ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬੁਨਿਆਦ ’ਤੇ ਸੱਟ ਮਾਰੀ।

ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿੱਚ ਬੰਗਾਲ ਵਿੱਚ ਸਭ ਤੋਂ ਭਿਆਨਕ ਕਾਲ ਪਿਆ, ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ਵਿੱਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੈਂਟੀਨਾਂ ਅਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ। ਇੱਕ ਪਾਸੇ, ਉਹ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਡੂੰਘੇ ਸਦਮੇ ਵਿੱਚ ਸਨ, ਜਦੋਂ ਕਿ ਦੂਜੇ ਪਾਸੇ, ਉਹ ਬਸਤੀਵਾਦੀ ਹਾਕਮਾਂ ਦੀ ਬੇਰੁਖੀ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਨੇ ‘ਪੰਚਾਸ਼ੇਰ ਮਨਵੰਤਰ’ ਨਾਮ ਦੀ ਕਿਤਾਬ ਵੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਗੁੱਸਾ ਅਤੇ ਦੁੱਖ ਸਾਂਝਾ ਕੀਤਾ। ਜਦੋਂ 1942 ਵਿੱਚ ਮੇਦਿਨੀਪੁਰ ਵਿੱਚ ਭਿਆਨਕ ਤੁਫ਼ਾਨ ਆਇਆ, ਤਾਂ ਹਾਲਾਤ ਆਮ ਵਾਂਗ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ।

ਕੋਲਕਾਤਾ ਦੇ ਇੱਕ ਕਾਲਜ ਵਿੱਚ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, “ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਗੰਭੀਰਤਾ ਨਾਲ, ਪੂਰੀ ਲਗਨ ਅਤੇ ਵਧੀਆ ਢੰਗ ਨਾਲ ਕਰੋ; ਇਸ ਨੂੰ ਕਦੇ ਵੀ ਅੱਧ-ਵਿਚਾਲੇ ਜਾਂ ਅਧੂਰਾ ਨਾ ਛੱਡੋ, ਉਦੋਂ ਤੱਕ ਕਦੇ ਵੀ ਆਪਣੇ ਆਪ ਨੂੰ ਸੰਤੁਸ਼ਟ ਨਾ ਸਮਝੋ ਜਦੋਂ ਤੱਕ ਤੁਸੀਂ ਪੂਰੀ ਵਾਹ ਨਹੀਂ ਲਾ ਦਿੰਦੇ।” ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਵੱਧ ਰਿਹਾ ਹੈ, ਉਨ੍ਹਾਂ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਹਰ ਰੋਜ਼ ਉਹ ਮਜ਼ਬੂਤ, ਇੱਕਜੁੱਟ, ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਭਾਰਤ ਉਸਾਰਨ ਦੀ ਕੋਸ਼ਿਸ਼ ਕਰੀਏ, ਜਿਸ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਅੱਜ ਦੇ ਨੌਜਵਾਨਾਂ ਨੂੰ ਦੇਖਦਿਆਂ, ਮੈਨੂੰ ਪੂਰਾ ਯਕੀਨ ਹੈ ਕਿ ਉਹ ਇਸ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਬਿਲਕੁਲ ਅਜਿਹਾ ਹੀ ਕਰਨਗੇ।