ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਸਤੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ 'ਸਮੁੰਦਰ ਸੇ ਸਮ੍ਰਿੱਧੀ' ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਸਵੇਰੇ 10:30 ਵਜੇ ਭਾਵਨਗਰ ਵਿਖੇ 34,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਧੋਲੇਰਾ ਦਾ ਹਵਾਈ ਸਰਵੇਖਣ ਕਰਨਗੇ। ਦੁਪਹਿਰ ਲਗਭਗ 1:30 ਵਜੇ, ਉਹ ਇੱਕ ਜਾਇਜ਼ਾ ਬੈਠਕ ਦੀ ਪ੍ਰਧਾਨਗੀ ਕਰਨਗੇ ਅਤੇ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਦਾ ਦੌਰਾ ਕਰਨਗੇ।
ਸਮੁੰਦਰੀ ਖੇਤਰ ਨੂੰ ਵੱਡਾ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ 7,870 ਕਰੋੜ ਰੁਪਏ ਤੋਂ ਵੱਧ ਦੇ ਸਮੁੰਦਰੀ ਖੇਤਰ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਇੰਦਰਾ ਡੌਕ ਵਿਖੇ ਮੁੰਬਈ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਦਾ ਉਦਘਾਟਨ ਕਰਨਗੇ। ਉਹ ਕੋਲਕਾਤਾ ਦੀ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਇੱਕ ਨਵੇਂ ਕੰਟੇਨਰ ਟਰਮੀਨਲ ਅਤੇ ਸਬੰਧਤ ਸਹੂਲਤਾਂ ਦਾ ਨੀਂਹ ਪੱਥਰ ਰੱਖਣਗੇ; ਜਿਨ੍ਹਾਂ ਵਿੱਚ ਪਾਰਾਦੀਪ ਬੰਦਰਗਾਹ 'ਤੇ ਨਵਾਂ ਕੰਟੇਨਰ ਬਰਥ, ਕਾਰਗੋ ਹੈਂਡਲਿੰਗ ਸਹੂਲਤਾਂ ਅਤੇ ਸਬੰਧਤ ਵਿਕਾਸ; ਟੂਨਾ ਟੇਕਰਾ ਮਲਟੀ-ਕਾਰਗੋ ਟਰਮੀਨਲ; ਐਨੋਰ ਦੇ ਕਾਮਰਾਜਰ ਬੰਦਰਗਾਹ 'ਤੇ ਅੱਗ ਬੁਝਾਊ ਸਹੂਲਤਾਂ ਅਤੇ ਆਧੁਨਿਕ ਸੜਕ ਸੰਪਰਕ; ਚੇਨਈ ਬੰਦਰਗਾਹ 'ਤੇ ਸਮੁੰਦਰੀ ਕੰਧ ਅਤੇ ਤਟਬੰਨ੍ਹ ਸਮੇਤ ਤੱਟਵਰਤੀ ਸੁਰੱਖਿਆ ਕਾਰਜ; ਕਾਰ ਨਿਕੋਬਾਰ ਟਾਪੂ 'ਤੇ ਸਮੁੰਦਰੀ ਕੰਧ ਨਿਰਮਾਣ; ਦੀਨਦਿਆਲ ਬੰਦਰਗਾਹ, ਕਾਂਡਲਾ ਵਿਖੇ ਇੱਕ ਬਹੁ-ਮੰਤਵੀ ਕਾਰਗੋ ਬਰਥ ਅਤੇ ਗ੍ਰੀਨ ਬਾਇਓ-ਮੀਥੇਨੌਲ ਪਲਾਂਟ; ਅਤੇ ਪਟਨਾ ਅਤੇ ਵਾਰਾਣਸੀ ਵਿਖੇ ਸਮੁੰਦਰੀ ਜਹਾਜ਼ ਮੁਰੰਮਤ ਸਹੂਲਤਾਂ ਸ਼ਾਮਲ ਹਨ।
ਸੰਪੂਰਨ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਗੁਜਰਾਤ ਦੇ ਵੱਖ-ਵੱਖ ਖੇਤਰਾਂ ਨੂੰ ਸੇਵਾਵਾਂ ਦੇਣ ਵਾਲੇ 26,354 ਕਰੋੜ ਰੁਪਏ ਤੋਂ ਵੱਧ ਦੇ ਕੇਂਦਰ ਅਤੇ ਰਾਜ ਸਰਕਾਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਛਾਰਾ ਬੰਦਰਗਾਹ 'ਤੇ ਐੱਚਪੀਐੱਲਐੱਨਜੀ ਰੀਗੈਸੀਫਿਕੇਸ਼ਨ ਟਰਮੀਨਲ, ਗੁਜਰਾਤ ਆਈਓਸੀਐੱਲ ਰਿਫਾਇਨਰੀ ਵਿਖੇ ਐਕਰੀਲਿਕਸ ਅਤੇ ਆਕਸੋ ਅਲਕੋਹਲ ਪ੍ਰੋਜੈਕਟ, 600 ਮੈਗਾਵਾਟ ਗ੍ਰੀਨ ਸ਼ੂ ਪਹਿਲਕਦਮੀ, ਕਿਸਾਨਾਂ ਲਈ ਪੀਐੱਮ-ਕੁਸੁਮ 475 ਮੈਗਾਵਾਟ ਕੰਪੋਨੈਂਟ ਸੀ ਸੋਲਰ ਫੀਡਰ, 45 ਮੈਗਾਵਾਟ ਬਡੇਲੀ ਸੋਲਰ ਪੀਵੀ ਪ੍ਰੋਜੈਕਟ, ਧੋਰਡੋ ਪਿੰਡ ਦੇ ਸੰਪੂਰਨ ਸੂਰਜੀਕਰਨ ਦਾ ਉਦਘਾਟਨ ਕਰਨਗੇ। ਉਹ ਐੱਲਐੱਨਜੀ ਬੁਨਿਆਦੀ ਢਾਂਚੇ, ਵਾਧੂ ਅਖੁੱਟ ਊਰਜਾ ਪ੍ਰੋਜੈਕਟਾਂ, ਤੱਟਵਰਤੀ ਸੁਰੱਖਿਆ ਕਾਰਜਾਂ, ਹਾਈਵੇਅਜ਼ ਅਤੇ ਸਿਹਤ ਸੰਭਾਲ ਅਤੇ ਸ਼ਹਿਰੀ ਆਵਾਜਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਵਿੱਚ ਭਾਵਨਗਰ ਵਿੱਚ ਸਰ ਟੀ ਜਨਰਲ ਹਸਪਤਾਲ, ਜਾਮਨਗਰ ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਅਤੇ 70 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਚਾਰ-ਮਾਰਗੀਕਰਨ ਸ਼ਾਮਲ ਹੈ।
ਪ੍ਰਧਾਨ ਮੰਤਰੀ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ) ਦਾ ਹਵਾਈ ਸਰਵੇਖਣ ਵੀ ਕਰਨਗੇ, ਜਿਸਦੀ ਕਲਪਨਾ ਟਿਕਾਊ ਉਦਯੋਗੀਕਰਨ, ਸਮਾਰਟ ਬੁਨਿਆਦੀ ਢਾਂਚੇ ਅਤੇ ਆਲਮੀ ਨਿਵੇਸ਼ ਦੇ ਆਲੇ-ਦੁਆਲੇ ਬਣੇ ਇੱਕ ਗ੍ਰੀਨਫੀਲਡ ਉਦਯੋਗਿਕ ਸ਼ਹਿਰ ਵਜੋਂ ਕੀਤੀ ਗਈ ਹੈ। ਉਹ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਚਐੱਮਸੀ) ਦਾ ਦੌਰਾ ਕਰਨਗੇ ਅਤੇ ਪ੍ਰਗਤੀ ਦਾ ਜਾਇਜ਼ਾ ਵੀ ਲੈਣਗੇ, ਜੋ ਕਿ ਲਗਭਗ 4,500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਸਦਾ ਮੰਤਵ ਭਾਰਤ ਦੀਆਂ ਪ੍ਰਾਚੀਨ ਸਮੁੰਦਰੀ ਪ੍ਰੰਪਰਾਵਾਂ ਦਾ ਜਸ਼ਨ ਮਨਾਉਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਸੈਰ-ਸਪਾਟਾ, ਖੋਜ, ਸਿੱਖਿਆ ਅਤੇ ਹੁਨਰ ਵਿਕਾਸ ਲਈ ਇੱਕ ਕੇਂਦਰ ਵਜੋਂ ਸੇਵਾ ਨਿਭਾਉਣਾ ਹੈ।


