ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਸਤੰਬਰ ਨੂੰ ਸ਼ਾਮ ਲਗਭਗ 6:15 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਮੌਜੂਦ ਲੋਕਾਂ ਨੂੰ ਵੀ ਸੰਬੋਧਨ ਕਰਨਗੇ।
25 ਤੋਂ 28 ਸਤੰਬਰ ਤੱਕ ਵਰਲਡ ਫੂਡ ਇੰਡੀਆ 2025 ਆਯੋਜਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਫੂਡ ਪ੍ਰੋਸੈਸਿੰਗ ਖੇਤਰ, ਭੋਜਨ ਦੇ ਖੇਤਰ ਵਿੱਚ ਸਥਿਰਤਾ ਅਤੇ ਪੌਸ਼ਟਿਕ ਅਤੇ ਜੈਵਿਕ ਭੋਜਨ ਦੇ ਉਤਪਾਦਨ ਵਿੱਚ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਵਰਲਡ ਫੂਡ ਇੰਡੀਆ ਵਿੱਚ ਪ੍ਰਧਾਨ ਮੰਤਰੀ ਫੂਡ ਪ੍ਰੋਸੈਸਿੰਗ ਉੱਦਮਾਂ ਦਾ ਰਸਮੀਕਰਨ (ਪੀਐੱਮਐੱਫ਼ਐੱਮਈ) ਯੋਜਨਾ ਦੇ ਤਹਿਤ ਫੂਡ ਪ੍ਰੋਸੈਸਿੰਗ ਖੇਤਰ ਵਿੱਚ ₹2,510 ਕਰੋੜ ਤੋਂ ਵੱਧ ਦੇ ਸੂਖ਼ਮ-ਪ੍ਰੋਜੈਕਟਾਂ ਲਈ ਲਗਭਗ 26,000 ਲਾਭਪਾਤਰੀਆਂ ਨੂੰ ₹770 ਕਰੋੜ ਤੋਂ ਵੱਧ ਦੀ ਕਰਜ਼ਾ-ਅਧਾਰਿਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਵਰਲਡ ਫੂਡ ਇੰਡੀਆ ਵਿੱਚ ਸੀਈਓ ਗੋਲਮੇਜ਼ ਬੈਠਕਾਂ, ਤਕਨੀਕੀ ਸੈਸ਼ਨ, ਪ੍ਰਦਰਸ਼ਨੀਆਂ ਅਤੇ ਬੀ2ਬੀ (ਬਿਜ਼ਨੈਸ-ਟੁ-ਬਿਜ਼ਨੈਸ), ਬੀ2ਜੀ (ਬਿਜ਼ਨੈਸ-ਟੁ-ਗਵਰਮੈਂਟ) ਅਤੇ ਜੀ2ਜੀ (ਗਵਰਮੈਂਟ-ਟੁ-ਗਵਰਮੈਂਟ) ਬੈਠਕਾਂ ਸਮੇਤ ਕਈ ਕਾਰੋਬਾਰੀ ਗੱਲਾਂ-ਬਾਤਾਂ ਸ਼ਾਮਿਲ ਹੋਣਗੀਆਂ। ਇਸ ਵਿੱਚ ਫ਼ਰਾਂਸ, ਜਰਮਨੀ, ਈਰਾਨ, ਆਸਟ੍ਰੇਲੀਆ, ਦੱਖਣੀ ਕੋਰੀਆ, ਡੈਨਮਾਰਕ, ਇਟਲੀ, ਥਾਈਲੈਂਡ, ਇੰਡੋਨੇਸ਼ੀਆ, ਤਾਇਵਾਨ, ਬੈਲਜੀਅਮ, ਤਨਜ਼ਾਨੀਆ, ਏਰੀਟ੍ਰੀਆ, ਸਾਈਪ੍ਰਸ, ਅਫ਼ਗਾਨਿਸਤਾਨ, ਚੀਨ ਅਤੇ ਅਮਰੀਕਾ ਸਮੇਤ 21 ਦੇਸ਼ਾਂ ਦੇ 150 ਕੌਮਾਂਤਰੀ ਭਾਗੀਦਾਰ ਵੀ ਸ਼ਾਮਿਲ ਹੋਣਗੇ।
ਵਰਲਡ ਫੂਡ ਇੰਡੀਆ ਵਿੱਚ ਕਈ ਵਿਸ਼ਿਆਂ ਸਬੰਧੀ ਸੈਸ਼ਨ ਵੀ ਹੋਣਗੇ, ਜਿਨ੍ਹਾਂ ਵਿੱਚ ਭਾਰਤ ਇੱਕ ਗਲੋਬਲ ਫੂਡ ਪ੍ਰੋਸੈਸਿੰਗ ਕੇਂਦਰ ਵਜੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਸਥਿਰਤਾ ਅਤੇ ਨੈੱਟ ਜ਼ੀਰੋ, ਫੂਡ ਪ੍ਰੋਸੈਸਿੰਗ ਵਿੱਚ ਮੋਹਰੀ, ਭਾਰਤ ਦਾ ਪਾਲਤੂ ਪਸ਼ੂ ਅਧਾਰਿਤ ਭੋਜਨ ਉਦਯੋਗ, ਪੋਸ਼ਣ ਅਤੇ ਸਿਹਤ ਲਈ ਪ੍ਰੋਸੈਸਡ ਭੋਜਨ ਪਦਾਰਥ, ਪੌਦਿਆਂ-ਅਧਾਰਿਤ ਭੋਜਨ ਪਦਾਰਥ, ਨਿਊਟਰਾਸਿਊਟੀਕਲਜ਼, ਵਿਸ਼ੇਸ਼ ਭੋਜਨ ਪਦਾਰਥ ਆਦਿ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਹੋਵੇਗੀ। ਇਸ ਵਿੱਚ 14 ਮੰਡਪ ਹੋਣਗੇ, ਜਿਸ ਵਿੱਚ ਹਰੇਕ ਖ਼ਾਸ ਵਿਸ਼ਿਆਂ ਨੂੰ ਸਮਰਪਿਤ ਹੋਵੇਗਾ। ਸਮਾਗਮ ਵਿੱਚ ਲਗਭਗ 100,000 ਮਹਿਮਾਨ ਸ਼ਾਮਿਲ ਹੋਣਗੇ।


