ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਸਤੰਬਰ ਨੂੰ ਦੁਪਹਿਰ ਸਾਢੇ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬਿਹਾਰ ਰਾਜ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ ਨੂੰ ਲਾਂਚ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਸੰਸਥਾ ਦੇ ਬੈਂਕ ਖਾਤੇ ਵਿੱਚ 105 ਕਰੋੜ ਰੁਪਏ ਵੀ ਟ੍ਰਾਂਸਫਰ ਕਰਨਗੇ।
ਜੀਵਿਕਾ ਨਿਧੀ ਦੀ ਸਥਾਪਨਾ ਦਾ ਉਦੇਸ਼ ਜੀਵਿਕਾ ਨਾਲ ਜੁੜੇ ਭਾਈਚਾਰਕ ਮੈਂਬਰਾਂ ਨੂੰ ਸਸਤੀ ਵਿਆਜ ਦਰਾਂ ‘ਤੇ ਅਸਾਨੀ ਨਾਲ ਫੰਡ ਉਪਲਬਧ ਕਰਵਾਉਣਾ ਹੈ। ਜੀਵਿਕਾ ਦੇ ਸਾਰੇ ਰਜਿਸਟਰਡ ਕਲਸਟਰ-ਲੈਵਲ ਫੈਡਰੇਸ਼ਨ ਇਸ ਸੰਸਥਾ ਦੇ ਮੈਂਬਰ ਬਣਨਗੇ। ਇਸ ਸੰਸਥਾ ਦੇ ਸੰਚਾਲਨ ਦੇ ਲਈ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਦੋਨੋਂ ਹੀ ਫੰਡ ਦਾ ਯੋਗਦਾਨ ਕਰਨਗੀਆਂ।
ਪਿਛਲੇ ਕੁਝ ਵਰ੍ਹਿਆਂ ਵਿੱਚ ਜੀਵਿਕਾ ਦੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵਿੱਚ ਉੱਦਮਤਾ ਦਾ ਵਿਕਾਸ ਹੋਇਆ ਹੈ, ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਕਈ ਛੋਟੇ ਉੱਦਮਾਂ ਅਤੇ ਉਤਪਾਦਕ ਕੰਪਨੀਆਂ ਦੀ ਸਥਾਪਨਾ ਹੋਈ ਹੈ। ਹਾਲਾਕਿ, ਮਹਿਲਾ ਉੱਦਮੀਆਂ ਨੂੰ ਅਕਸਰ 18 ਪ੍ਰਤੀਸ਼ਤ – 24 ਪ੍ਰਤੀਸ਼ਤ ਤੱਕ ਦੀ ਉੱਚੀਆਂ ਵਿਆਜ ਦਰਾਂ ਵਸੂਲਣ ਵਾਲੇ ਮਾਈਕ੍ਰੋ ਵਿੱਤ ਸੰਸਥਾਨਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਜੀਵਿਕਾ ਨਿਧੀ ਨੂੰ ਮਾਈਕ੍ਰੋ ਵਿੱਤ ਸੰਸਥਾਨਾਂ ‘ਤੇ ਨਿਰਭਰਤਾ ਘੱਟ ਕਰਨ ਅਤੇ ਘੱਟ ਵਿਆਜ ਦਰਾਂ ‘ਤੇ ਸਮੇਂ ‘ਤੇ ਵੱਡੀ ਲੋਨ ਰਾਸ਼ੀ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਲਈ ਇੱਕ ਵਿਕਲਪਿਕ ਵਿੱਤੀ ਪ੍ਰਣਾਲੀ ਦੇ ਰੂਪ ਵਿੱਚ ਬਣਾਇਆ ਗਿਆ ਹੈ।
ਇਹ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਇੱਕ ਡਿਜੀਟਲ ਪਲੈਟਫਾਰਮ ‘ਤੇ ਕੰਮ ਕਰੇਗੀ, ਜਿਸ ਨਾਲ ਜੀਵਿਕਾ ਦੀਦੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਅਤੇ ਤੇਜ਼ੀ ਨਾਲ ਪਾਰਦਰਸ਼ੀ ਫੰਡ ਟ੍ਰਾਂਸਫਰ ਯਕੀਨੀ ਹੋਵੇਗਾ। ਇਸ ਨੂੰ ਸੁਵਿਧਾਜਨਕ ਬਣਾਉਣ ਲਈ 12,000 ਭਾਈਚਾਰਕ ਕਾਰਜਕਰਤਾਵਾਂ ਨੂੰ ਟੈਬਲੇਟ ਨਾਲ ਲੈਸ ਕੀਤਾ ਜਾ ਰਿਹਾ ਹੈ।
ਇਸ ਪਹਿਲਕਦਮੀ ਨਾਲ ਗ੍ਰਾਮੀਣ ਮਹਿਲਾਵਾਂ ਦਰਮਿਆਨ ਉੱਦਮਤਾ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਕ-ਅਧਾਰਿਤ ਉੱਦਮਾਂ ਦੇ ਵਿਕਾਸ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਪੂਰੇ ਬਿਹਾਰ ਤੋਂ ਲਗਭਗ 20 ਲੱਖ ਮਹਿਲਾਵਾਂ ਇਸ ਪ੍ਰੋਗਰਾਮ ਨੂੰ ਦੇਖਣਗੀਆਂ।


