ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਅਗਸਤ ਨੂੰ ਸਵੇਰੇ ਲਗਭਗ 9 ਵਜੇ, ਨਵੀਂ ਦਿੱਲੀ ਦੀ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਪੂਸਾ (ICAR PUSA) ਵਿਖੇ ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ। ਉਹ ਇਸ ਅਵਸਰ ‘ਤੇ ਇਕੱਠ ਨੂੰ ਵੀ ਸੰਬੇਧਨ ਕਰਨਗੇ।
ਕਾਨਫਰੰਸ ਦਾ ਵਿਸ਼ਾ "ਸਦਾਬਹਾਰ ਕ੍ਰਾਂਤੀ, ਜੈਵ-ਖੁਸ਼ਹਾਲੀ ਦਾ ਮਾਰਗ"(“Evergreen Revolution, The Pathway to Biohappiness”) ਪ੍ਰੋ. ਸਵਾਮੀਨਾਥਨ ਦੇ ਸਾਰਿਆਂ ਲਈ ਭੋਜਨ ਸੁਨਿਸ਼ਚਿਤ ਕਰਨ ਦੇ ਪ੍ਰਤੀ ਜੀਵਨ ਭਰ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਕਾਨਫਰੰਸ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਵਿਕਾਸ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਨੂੰ 'ਸਦਾਬਹਾਰ ਕ੍ਰਾਂਤੀ'(‘Evergreen Revolution’) ਦੇ ਸਿਧਾਂਤਾਂ ਨੂੰ ਅੱਗੇ ਵਧਾਉਣ 'ਤੇ ਚਰਚਾ ਕਰਨ ਅਤੇ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਪ੍ਰਮੁੱਖ ਵਿਸ਼ਿਆਂ ਵਿੱਚ ਜੈਵ ਵਿਵਿਧਤਾ ਅਤੇ ਕੁਦਰਤੀ ਸੰਸਾਧਨਾਂ ਦਾ ਟਿਕਾਊ ਪ੍ਰਬੰਧਨ; ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਟਿਕਾਊ ਖੇਤੀਬਾੜੀ; ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋ ਕੇ ਜਲਵਾਯੂ ਅਨੁਕੂਲਨ ਮਜ਼ਬੂਤ ਕਰਨਾ; ਟਿਕਾਊ ਅਤੇ ਸਮਤਾਮੂਲਕ ਆਜੀਵਿਕਾ ਦੇ ਲਈ ਉਚਿਤ ਟੈਕਨੋਲੋਜੀਆਂ ਦਾ ਉਪਯੋਗ; ਅਤੇ ਨੌਜਵਾਨਾਂ, ਮਹਿਲਾਵਾਂ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਵਿਕਾਸਾਤਮਕ ਚਰਚਾਵਾਂ ਵਿੱਚ ਸ਼ਾਮਲ ਕਰਨਾ ਹੈ।
ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ, ਐੱਮ.ਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐੱਮਐੱਸਐੱਸਆਰਐੱਫ /MSSRF) ਅਤੇ ਵਰਲਡ ਅਕੈਡਮੀ ਆਵ੍ ਸਾਇੰਸਿਜ਼ (ਟੀਡਬਲਿਊਏਐੱਸ/TWAS) ਮਿਲ ਕੇ ਐੱਮ.ਐੱਸ ਸਵਾਮੀਨਾਥਨ ਖੁਰਾਕ ਅਤੇ ਸ਼ਾਂਤੀ ਪੁਰਸਕਾਰ ਸ਼ੁਰੂ ਕਰਨਗੇ। ਇਸ ਅਵਸਰ 'ਤੇ ਪ੍ਰਧਾਨ ਮੰਤਰੀ ਇਸ ਪੁਰਸਕਾਰ ਦੇ ਪ੍ਰਾਪਤਕਰਤਾ ਨੂੰ ਪਹਿਲਾ ਪੁਰਸਕਾਰ ਵੀ ਪ੍ਰਦਾਨ ਕਰਨਗੇ। ਇਹ ਅੰਤਰਰਾਸ਼ਟਰੀ ਪੁਰਸਕਾਰ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰੇਗਾ ਜਿਨ੍ਹਾਂ ਨੇ ਵਿਗਿਆਨਿਕ ਖੋਜ, ਨੀਤੀ ਵਿਕਾਸ, ਜ਼ਮੀਨੀ ਪੱਧਰ 'ਤੇ ਸ਼ਮੂਲੀਅਤ ਜਾਂ ਸਥਾਨਕ ਸਮਰੱਥਾ ਨਿਰਮਾਣ ਦੇ ਜ਼ਰੀਏ ਖੁਰਾਕ ਸੁਰੱਖਿਆ ਵਿੱਚ ਸੁਧਾਰ ਅਤੇ ਕਮਜ਼ੋਰ ਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਲਈ ਜਲਵਾਯੂ ਨਿਆਂ, ਸਮਾਨਤਾ ਅਤੇ ਸ਼ਾਂਤੀ ਨੂੰ ਅੱਗੇ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ।


