ਮਹਾਕੁੰਭ ਸੰਪੰਨ ਹੋਇਆ... ਏਕਤਾ ਦਾ ਮਹਾਨ ਯੱਗ ਸੰਪੰਨ ਹੋਇਆ। ਜਦੋਂ ਕਿਸੇ ਰਾਸ਼ਟਰ ਦੀ ਚੇਤਨਾ ਜਾਗਦੀ ਹੈ, ਜਦੋਂ ਉਹ ਸਦੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਦਿੰਦੀ ਹੈ ਅਤੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣ ਲਗਦੀ ਹੈ, ਤਾਂ ਇੱਕ ਅਜਿਹਾ ਹੀ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਵੇਂ ਕਿ ਅਸੀਂ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਦੇਖਿਆ ਸੀ।

22 ਜਨਵਰੀ, 2024 ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ, ਮੈਂ ਦੇਵ ਭਗਤੀ ਤੋਂ ਦੇਸ਼ ਭਗਤੀ ਬਾਰੇ ਗੱਲ ਕੀਤੀ ਸੀ। ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ, ਸਾਰੇ ਦੇਵੀ-ਦੇਵਤੇ ਜੁਟੇ, ਸੰਤ ਅਤੇ ਮਹਾਤਮਾ ਜੁਟੇ, ਬੱਚੇ ਅਤੇ ਬਜ਼ੁਰਗ ਜੁਟੇ, ਮਹਿਲਾਵਾਂ ਅਤੇ ਨੌਜਵਾਨ ਜੁਟੇ ਅਤੇ ਅਸੀਂ ਦੇਸ਼ ਦੀ ਜਾਗਦੀ ਚੇਤਨਾ ਨੂੰ ਪ੍ਰਤੱਖ ਦੇਖਿਆ। ਇਹ ਮਹਾਕੁੰਭ ਏਕਤਾ ਦਾ ਮਹਾਕੁੰਭ ਸੀ, ਜਿੱਥੇ 140 ਕਰੋੜ ਦੇਸ਼ ਵਾਸੀਆਂ ਦੀ ਆਸਥਾ ਇੱਕ ਸਮੇਂ ਵਿੱਚ ਇਸ ਪਰਵ ਨਾਲ ਆ ਕੇ ਜੁੜੀ ਸੀ।

ਤੀਰਥਰਾਜ ਪ੍ਰਯਾਗ ਦੇ ਇਸੇ ਖੇਤਰ ਵਿੱਚ, ਏਕਤਾ, ਸਦਭਾਵਨਾ ਅਤੇ ਪਿਆਰ ਦਾ ਇੱਕ ਪਵਿੱਤਰ ਖੇਤਰ, ਸ਼੍ਰੀਂਗਵੇਰਪੁਰ ਵੀ ਹੈ, ਜਿੱਥੇ ਭਗਵਾਨ ਸ਼੍ਰੀ ਰਾਮ ਅਤੇ ਨਿਸ਼ਾਦਰਾਜ ਦੀ ਮਿਲਣੀ ਹੋਈ ਸੀ। ਉਨ੍ਹਾਂ ਦੀ ਮੁਲਾਕਾਤ ਦੀ ਉਹ ਘਟਨਾ ਵੀ ਸਾਡੇ ਇਤਿਹਾਸ ਵਿੱਚ ਸ਼ਰਧਾ ਅਤੇ ਸਦਭਾਵਨਾ ਦੇ ਸੰਗਮ ਵਰਗੀ ਹੈ। ਪ੍ਰਯਾਗਰਾਜ ਦਾ ਇਹ ਤੀਰਥ ਸਥਾਨ ਅੱਜ ਵੀ ਸਾਨੂੰ ਏਕਤਾ ਅਤੇ ਸਦਭਾਵਨਾ ਦੀ ਪ੍ਰੇਰਣਾ ਦਿੰਦਾ ਹੈ।

ਪਿਛਲੇ 45 ਦਿਨਾਂ ਤੋਂ, ਹਰ ਰੋਜ਼, ਮੈਂ ਦੇਖਿਆ ਹੈ ਕਿ ਕਿਵੇਂ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕ ਸੰਗਮ ਤੱਟਾਂ ਵੱਲ ਵਧ ਰਹੇ ਹਨ। ਸੰਗਮ ਵਿੱਚ ਇਸ਼ਨਾਨ ਕਰਨ ਦੀ ਭਾਵਨਾ ਦੀ ਲਹਿਰ ਲਗਾਤਾਰ ਵਧ ਰਹੀ ਹੈ। ਹਰ ਸ਼ਰਧਾਲੂ ਸਿਰਫ਼ ਇੱਕ ਹੀ ਕੰਮ ਵਿੱਚ ਰੁੱਝਿਆ ਹੋਇਆ ਸੀ - ਸੰਗਮ ਵਿੱਚ ਇਸ਼ਨਾਨ ਕਰਨ ਵਿੱਚ। ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦਾ ਸੰਗਮ ਹਰ ਸ਼ਰਧਾਲੂ ਨੂੰ ਉਤਸ਼ਾਹ, ਊਰਜਾ ਅਤੇ ਵਿਸ਼ਵਾਸ ਨਾਲ ਭਰ ਰਿਹਾ ਸੀ।

ਪ੍ਰਯਾਗਰਾਜ ਵਿੱਚ ਆਯੋਜਿਤ ਇਹ ਮਹਾਕੁੰਭ ਸਮਾਗਮ ਆਧੁਨਿਕ ਯੁੱਗ ਦੇ ਪ੍ਰਬੰਧਨ ਪੇਸ਼ੇਵਰਾਂ, ਯੋਜਨਾਬੰਦੀ ਅਤੇ ਨੀਤੀ ਮਾਹਿਰਾਂ ਲਈ ਅਧਿਐਨ ਦਾ ਇੱਕ ਨਵਾਂ ਵਿਸ਼ਾ ਬਣ ਗਿਆ ਹੈ। ਅੱਜ, ਪੂਰੀ ਦੁਨੀਆ ਵਿੱਚ ਇੰਨੀ ਵੱਡੀ ਘਟਨਾ ਦੀ ਕੋਈ ਤੁਲਨਾ ਨਹੀਂ ਹੈ; ਇਸ ਵਰਗੀ ਕੋਈ ਹੋਰ ਉਦਾਹਰਣ ਨਹੀਂ ਹੈ।

ਸਾਰੀ ਦੁਨੀਆ ਹੈਰਾਨ ਹੈ ਕਿ ਤ੍ਰਿਵੇਣੀ ਸੰਗਮ ਵਿੱਚ ਇੱਕ ਨਦੀ ਦੇ ਕੰਢੇ ਇੰਨੀ ਵੱਡੀ ਗਿਣਤੀ ਵਿੱਚ ਲੋਕ, ਕਰੋੜਾਂ ਦੀ ਗਿਣਤੀ ਵਿੱਚ, ਕਿਵੇਂ ਇਕੱਠੇ ਹੋਏ। ਇਨ੍ਹਾਂ ਕਰੋੜਾਂ ਲੋਕਾਂ ਨੂੰ ਨਾ ਤਾਂ ਕੋਈ ਰਸਮੀ ਸੱਦਾ ਪੱਤਰ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਕਦੋਂ ਆਉਣਾ ਚਾਹੀਦਾ ਹੈ। ਇਸ ਲਈ ਲੋਕ ਮਹਾਕੁੰਭ ਲਈ ਰਵਾਨਾ ਹੋਏ... ਅਤੇ ਪਵਿੱਤਰ ਸੰਗਮ ਵਿੱਚ ਡੁਬਕੀ ਲਗਾ ਕੇ ਸੁਭਾਗ ਪ੍ਰਾਪਤ ਕੀਤਾ।

ਮੈਂ ਉਨ੍ਹਾਂ ਤਸਵੀਰਾਂ ਨੂੰ ਨਹੀਂ ਭੁੱਲ ਸਕਦਾ... ਇਸ਼ਨਾਨ ਤੋਂ ਬਾਅਦ ਬੇਅੰਤ ਆਨੰਦ ਅਤੇ ਸੰਤੋਖ ਨਾਲ ਭਰੇ ਉਨ੍ਹਾਂ ਚਿਹਰਿਆਂ ਨੂੰ ਨਹੀਂ ਭੁੱਲ ਸਕਦਾ। ਮਹਿਲਾਵਾਂ ਹੋਣ, ਬਜ਼ੁਰਗ ਹੋਣ ਜਾਂ ਸਾਡੇ ਦਿਵਯਾਂਗਜਨ ਹੋਣ, ਜਿਸ ਤੋਂ ਜੋ ਬਣਿਆ ਉਹ ਸਾਧਨ ਕਰਕੇ ਸੰਗਮ ਤੱਕ ਪਹੁੰਚਿਆ।

ਅਤੇ ਇਹ ਦੇਖਣਾ ਮੇਰੇ ਲਈ ਸੁਖਦ ਰਿਹਾ ਕਿ ਅੱਜ ਦੇ ਭਾਰਤ ਦੀ ਨੌਜਵਾਨ ਪੀੜ੍ਹੀ ਬਹੁਤ ਵੱਡੀ ਗਿਣਤੀ ਵਿੱਚ ਪ੍ਰਯਾਗਰਾਜ ਪਹੁੰਚੀ। ਇਸ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਨੌਜਵਾਨਾਂ ਦਾ ਅੱਗੇ ਆਉਣਾ ਇੱਕ ਬਹੁਤ ਵੱਡਾ ਸੰਦੇਸ਼ ਹੈ। ਇਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਵਾਹਕ ਹੈ ਅਤੇ ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਇਸ ਦੇ ਪ੍ਰਤੀ ਦ੍ਰਿੜ ਅਤੇ ਸਮਰਪਿਤ ਵੀ ਹੈ।

ਇਸ ਮਹਾਕੁੰਭ ਲਈ ਪ੍ਰਯਾਗਰਾਜ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਨੇ ਯਕੀਨੀ ਤੌਰ 'ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪਰ ਇਸ ਮਹਾਕੁੰਭ ਵਿੱਚ ਅਸੀਂ ਇਹ ਵੀ ਦੇਖਿਆ ਕਿ ਜੋ ਲੋਕ ਪ੍ਰਯਾਗ ਨਹੀਂ ਪਹੁੰਚ ਸਕੇ, ਉਹ ਵੀ ਇਸ ਸਮਾਗਮ ਨਾਲ ਸ਼ਰਧਾ ਭਾਵਨਾ ਨਾਲ ਜੁੜੇ। ਜਿਨ੍ਹਾਂ ਲੋਕਾਂ ਨੇ ਕੁੰਭ ਤੋਂ ਵਾਪਸ ਆਉਂਦੇ ਸਮੇਂ ਤ੍ਰਿਵੇਣੀ ਤੀਰਥ ਦਾ ਜਲ ਆਪਣੇ ਨਾਲ ਲਿਆ ਸੀ, ਉਸ ਪਾਣੀ ਦੀਆਂ ਕੁਝ ਬੂੰਦਾਂ ਨੇ ਵੀ ਲੱਖਾਂ ਸ਼ਰਧਾਲੂਆਂ ਨੂੰ ਕੁੰਭ ਇਸ਼ਨਾਨ ਦੇ ਬਰਾਬਰ ਪੁੰਨਯ ਦਿੱਤਾ। ਕੁੰਭ ਤੋਂ ਵਾਪਸ ਆਉਣ ਤੋਂ ਬਾਅਦ ਹਰ ਪਿੰਡ ਵਿੱਚ ਜਿਸ ਤਰ੍ਹਾਂ ਇੰਨੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ, ਜਿਸ ਤਰ੍ਹਾਂ ਪੂਰੇ ਸਮਾਜ ਨੇ ਉਨ੍ਹਾਂ ਪ੍ਰਤੀ ਸਤਿਕਾਰ ਨਾਲ ਆਪਣਾ ਸਿਰ ਝੁਕਾਇਆ, ਉਹ ਅਭੁੱਲਣਯੋਗ ਹੈ।

ਇਹ ਅਜਿਹਾ ਕੁਝ ਹੈ ਜੋ ਪਿਛਲੇ ਕੁਝ ਦਹਾਕਿਆਂ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਇਹ ਉਹ ਚੀਜ਼ ਹੈ ਜਿਸ ਨੇ ਆਉਣ ਵਾਲੀਆਂ ਕਈ ਸਦੀਆਂ ਲਈ ਨੀਂਹ ਰੱਖੀ ਹੈ।

ਪ੍ਰਯਾਗਰਾਜ ਵਿੱਚ, ਕਲਪਨਾ ਤੋਂ ਕਿਤੇ ਜ਼ਿਆਦਾ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਦਾ ਇੱਕ ਕਾਰਨ ਇਹ ਸੀ ਕਿ ਪ੍ਰਸ਼ਾਸਨ ਨੇ ਇਹ ਅਨੁਮਾਨ ਵੀ ਪਿਛਲੇ ਕੁੰਭ ਦੇ ਤਜ਼ਰਬਿਆਂ ਦੇ ਅਧਾਰ 'ਤੇ ਲਗਾਇਆ ਸੀ। ਪਰ ਅਮਰੀਕਾ ਦੀ ਲਗਭਗ ਦੁੱਗਣੀ ਆਬਾਦੀ ਨੇ ਏਕਤਾ ਦੇ ਇਸ ਮਹਾਨ ਕੁੰਭ ਵਿੱਚ ਹਿੱਸਾ ਲਿਆ ਅਤੇ ਡੁਬਕੀ ਲਗਾਈ।

ਅਧਿਆਤਮਿਕ ਖੇਤਰ ਵਿੱਚ ਖੋਜ ਕਰਨ ਵਾਲੇ ਲੋਕ ਕਰੋੜਾਂ ਭਾਰਤੀਆਂ ਦੇ ਇਸ ਉਤਸ਼ਾਹ ਦਾ ਅਧਿਐਨ ਕਰਨ, ਤਾਂ ਉਹ ਦੇਖਣਗੇ ਕਿ ਆਪਣੀ ਵਿਰਾਸਤ 'ਤੇ ਮਾਣ ਕਰਨ ਵਾਲਾ ਭਾਰਤ ਹੁਣ ਇੱਕ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਉਸ ਯੁੱਗ ਵਿੱਚ ਬਦਲਾਅ ਦੀ ਧੁਨ ਹੈ, ਜੋ ਭਾਰਤ ਲਈ ਇੱਕ ਨਵਾਂ ਭਵਿੱਖ ਲਿਖਣ ਜਾ ਰਹੀ ਹੈ।

ਮਹਾਕੁੰਭ ਦੀ ਇਹ ਪਰੰਪਰਾ ਨਾਲ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਰਾਸ਼ਟਰੀ ਚੇਤਨਾ ਨੂੰ ਮਜ਼ਬੂਤੀ ਮਿਲ ਰਹੀ ਹੈ। ਹਰ ਪੂਰਨ ਕੁੰਭ ਵਿੱਚ ਰਿਸ਼ੀ, ਸੰਤ ਅਤੇ ਵਿਦਵਾਨ 45 ਦਿਨਾਂ ਤੱਕ ਸਮਾਜ ਦੀਆਂ ਮੌਜੂਦਾ ਸਥਿਤੀਆਂ 'ਤੇ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਮੰਥਨ ਵਿੱਚ, ਦੇਸ਼ ਅਤੇ ਸਮਾਜ ਨੂੰ ਨਵੇਂ ਦਿਸ਼ਾ-ਨਿਰਦੇਸ਼ ਮਿਲਦੇ ਸਨ।

ਇਸ ਤੋਂ ਬਾਅਦ, ਹਰ 6 ਸਾਲਾਂ ਬਾਅਦ ਅਰਧ ਕੁੰਭ ਵਿੱਚ ਸਥਿਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕੀਤੀ ਜਾਂਦੀ ਸੀ। 12 ਪੂਰਨ ਕੁੰਭਾਂ ਦੇ ਸਮੇਂ ਤੱਕ, ਯਾਨੀ 144 ਸਾਲਾਂ ਦੇ ਅੰਤਰਾਲ ਤੋਂ ਬਾਅਦ, ਪੁਰਾਣੇ ਹੋ ਚੁੱਕੇ ਦਿਸ਼ਾ-ਨਿਰਦੇਸ਼ਾਂ ਅਤੇ ਪਰੰਪਰਾਵਾਂ ਨੂੰ ਤਿਆਗ ਦਿੱਤਾ ਜਾਂਦਾ ਸੀ, ਆਧੁਨਿਕਤਾ ਨੂੰ ਸਵੀਕਾਰ ਕੀਤਾ ਜਾਂਦਾ ਸੀ ਅਤੇ ਯੁੱਗ ਅਨੁਸਾਰ ਬਦਲਾਅ ਕਰਕੇ ਨਵੀਆਂ ਪਰੰਪਰਾਵਾਂ ਦੀ ਸਿਰਜਣਾ ਕੀਤੀ ਜਾਂਦੀ ਸੀ।

144 ਸਾਲਾਂ ਬਾਅਦ ਹੋਏ ਮਹਾਕੁੰਭ ਵਿੱਚ ਰਿਸ਼ੀ-ਮੁਣੀ ਲੋਕਾਂ ਦੁਆਰਾ ਉਸ ਸਮੇਂ-ਕਾਲ, ਯੁੱਗ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੇਂ ਸੰਦੇਸ਼ ਵੀ ਦਿੱਤੇ ਜਾਂਦੇ ਸਨ। ਹੁਣ ਇਸ ਵਾਰ, 144 ਸਾਲਾਂ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਸੰਪੂਰਨ ਮਹਾਕੁੰਭ ਨੇ ਸਾਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਇੱਕ ਨਵੇਂ ਅਧਿਆਇ ਦਾ ਸੰਦੇਸ਼ ਵੀ ਦਿੱਤਾ ਹੈ। ਇਹ ਸੰਦੇਸ਼ ਹੈ-ਵਿਕਸਿਤ ਭਾਰਤ ਦਾ।

ਜਿਵੇਂ ਏਕਤਾ ਦੇ ਮਹਾਕੁੰਭ ਵਿੱਚ, ਹਰ ਸ਼ਰਧਾਲੂ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ, ਬੱਚਾ ਹੋਵੇ ਜਾਂ ਬੁੱਢਾ, ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ, ਪਿੰਡ ਦਾ ਹੋਵੇ ਜਾਂ ਸ਼ਹਿਰ ਦਾ, ਪੂਰਬ ਦਾ ਹੋਵੇ ਜਾਂ ਪੱਛਮ ਦਾ, ਉੱਤਰ ਦਾ ਹੋਵੇ ਜਾਂ ਦੱਖਣ ਦਾ, ਕਿਸੇ ਵੀ ਜਾਤੀ ਦਾ, ਕਿਸੇ ਵੀ ਵਿਚਾਰਧਾਰਾ ਦਾ, ਸਾਰੇ ਇੱਕ ਮਹਾਯੱਗ ਲਈ ਏਕਤਾ ਦੇ ਮਹਾਕੁੰਭ ਵਿੱਚ ਇੱਕ ਹੋ ਗਏ। ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਇਹ ਅਭੁੱਲਣਯੋਗ ਦ੍ਰਿਸ਼ ਕਰੋੜਾਂ ਦੇਸ਼ ਵਾਸੀਆਂ ਵਿੱਚ ਆਤਮਵਿਸ਼ਵਾਸ ਦਾ ਇੱਕ ਮਹਾ ਪਰਵ ਬਣ ਗਿਆ। ਹੁਣ ਇਸ ਤਰ੍ਹਾਂ ਅਸੀਂ ਇੱਕ ਹੋ ਕੇ ਵਿਕਸਿਤ ਭਾਰਤ ਦੇ ਮਹਾ ਯੱਗ ਲਈ ਇਕਜੁੱਟ ਹੋਣਾ ਹੈ।

ਸਾਥੀਓ,

ਅੱਜ ਮੈਨੂੰ ਉਹ ਪ੍ਰਸੰਗ ਵੀ ਯਾਦ ਆ ਰਿਹਾ ਹੈ ਜਦੋਂ ਭਗਵਾਨ ਕ੍ਰਿਸ਼ਨ ਨੇ ਬਾਲ ਰੂਪ ਵਿੱਚ ਮਾਂ ਯਸ਼ੋਦਾ ਨੂੰ ਆਪਣੇ ਮੂੰਹ ਵਿੱਚ ਬ੍ਰਹਿਮੰਡ ਦੇ ਦਰਸ਼ਨ ਕਰਵਾਏ ਸਨ। ਇਸੇ ਤਰ੍ਹਾਂ, ਇਸ ਮਹਾਕੁੰਭ ਵਿੱਚ, ਭਾਰਤੀਆਂ ਅਤੇ ਦੁਨੀਆ ਨੇ ਭਾਰਤ ਦੀ ਸ਼ਕਤੀ ਦੇ ਵਿਸ਼ਾਲ ਸਰੂਪ ਨੂੰ ਦੇਖਿਆ ਹੈ। ਅਸੀਂ ਹੁਣ ਇਸ ਆਤਮਵਿਸ਼ਵਾਸ ਨਾਲ ਇੱਕ ਮਨ ਹੋ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੈ।

ਇਹ ਭਾਰਤ ਦੀ ਇੱਕ ਅਜਿਹੀ ਸ਼ਕਤੀ ਹੈ, ਜਿਸ ਬਾਰੇ ਭਗਤੀ ਅੰਦੋਲਨ ਵਿੱਚ ਸਾਡੇ ਸੰਤਾਂ ਨੇ ਰਾਸ਼ਟਰ ਦੇ ਹਰ ਕੋਨੇ ਵਿੱਚ ਅਲਖ ਜਗਾਈ ਸੀ। ਵਿਵੇਕਾਨੰਦ ਹੋਣ ਜਾਂ ਸ਼੍ਰੀ ਔਰੋਬਿੰਦੋ ਹੋਣ, ਹਰ ਕਿਸੇ ਨੇ ਸਾਨੂੰ ਇਸ ਬਾਰੇ ਜਾਗਰੂਕ ਕੀਤਾ ਸੀ। ਇਸ ਦਾ ਅਨੁਭਵ ਗਾਂਧੀ ਜੀ ਨੇ ਵੀ ਆਜ਼ਾਦੀ ਅੰਦੋਲਨ ਦੇ ਸਮੇਂ ਕੀਤਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੀ ਇਸ ਸ਼ਕਤੀ ਦੇ ਵਿਸ਼ਾਲ ਰੂਪ ਨੂੰ ਜੇਕਰ ਅਸੀਂ ਜਾਣਿਆ ਹੁੰਦਾ, ਅਤੇ ਇਸ ਸ਼ਕਤੀ ਨੂੰ ਸਰਵਜਨ ਹਿਤਾਯ, ਸਰਵਜਨ ਸੁਖਾਯ ਮੋੜਿਆ ਹੁੰਦਾ, ਤਾਂ ਇਹ ਗੁਲਾਮੀ ਦੇ ਪ੍ਰਭਾਵਾਂ ਤੋਂ ਬਾਹਰ ਨਿਕਲਦੇ ਭਾਰਤ ਦੀ ਬਹੁਤ ਵੱਡੀ ਸ਼ਕਤੀ ਬਣ ਜਾਂਦੀ। ਪਰ ਅਸੀਂ ਉਦੋਂ ਇਹ ਨਹੀਂ ਕਰ ਪਾਏ। ਹੁਣ ਮੈਂ ਸੰਤੋਸ਼ ਹੈ, ਖੁਸੀ ਹੈ ਕਿ ਜਨਤਾ ਜਨਾਰਦਨ ਦੀ ਇਹ ਸ਼ਕਤੀ, ਵਿਕਸਿਤ ਭਾਰਤ ਲਈ ਇਕਜੁੱਟ ਹੋ ਰਹੀ ਹੈ।

ਵੇਦ ਤੋਂ ਵਿਵੇਕਾਨੰਦ ਤੱਕ ਅਤੇ ਉਪਨਿਸ਼ਦ ਤੋਂ ਉਪਗ੍ਰਹ ਤੱਕ, ਭਾਰਤ ਦੀਆਂ ਮਹਾਨ ਪਰੰਪਰਾਵਾਂ ਨੇ ਇਸ ਰਾਸ਼ਟਰ ਨੂੰ ਆਕਾਰ ਦਿੱਤਾ ਹੈ। ਮੇਰੀ ਕਾਮਨਾ ਹੈ, ਇੱਕ ਨਾਗਰਿਕ ਦੇ ਤੌਰ ‘ਤੇ ਪੂਰੀ ਸ਼ਰਧਾ ਨਾਲ, ਆਪਣੇ ਪੂਰਵਜਾਂ, ਆਪਣੇ ਰਿਸ਼ੀਆਂ-ਮੁਣੀਆਂ ਦਾ ਪੁੰਨਯ ਨੂੰ ਯਾਦ ਕਰਦੇ ਹੋਏ, ਏਕਤਾ ਦੇ ਇਸ ਮਹਾਕੁੰਭ ਤੋਂ ਅਸੀਂ ਨਵੀਂ ਪ੍ਰੇਰਣਾ ਲੈਂਦੇ ਹੋਏ, ਨਵੇਂ ਸੰਕਲਪਾਂ ਨੂੰ ਨਾਲ ਲੈ ਕੇ ਚੱਲੀਏ। ਅਸੀਂ ਏਕਤਾ ਦੇ ਮਹਾਮੰਤਰ ਨੂੰ ਜੀਵਨ ਮੰਤਰ ਬਣਾਈਏ; ਦੇਸ਼ ਸੇਵਾ ਵਿੱਚ ਹੀ ਦੇਵ ਸੇਵਾ, ਜੀਵ ਸੇਵਾ ਵਿੱਚ ਹੀ ਸ਼ਿਵ ਸੇਵਾ ਦੇ ਭਾਵ ਨਾਲ ਖੁਦ ਨੂੰ ਸਮਰਪਿਤ ਕਰੀਏ।

ਸਾਥੀਓ,

ਜਦੋਂ ਮੈਂ ਚੋਣਾਂ ਲਈ ਕਾਸ਼ੀ ਗਿਆ ਸੀ, ਤਾਂ ਮੇਰੇ ਅੰਦਰ ਦੀਆਂ ਭਾਵਨਾਵਾਂ ਸ਼ਬਦਾਂ ਵਿੱਚ ਪ੍ਰਗਟ ਹੋਈਆਂ ਸਨ, ਅਤੇ ਮੈਂ ਕਿਹਾ - ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਇਸ ਵਿੱਚ ਇੱਕ ਜ਼ਿੰਮੇਵਾਰੀ ਵੀ ਸੀ, ਸਾਡੀਆਂ ਮਾਂ ਸਰੂਪੀ ਨਦੀਆਂ ਦੀ ਸ਼ੁੱਧਤਾ ਨੂੰ ਲੈ ਕੇ, ਸਵੱਛਤਾ ਨੂੰ ਲੈ ਕੇ। ਪ੍ਰਯਾਗਰਾਜ ਵਿੱਚ ਵੀ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ 'ਤੇ ਮੇਰਾ ਇਹ ਸੰਕਲਪ ਹੋਰ ਮਜ਼ਬੂਤ ਹੋਇਆ ਹੈ। ਗੰਗਾ ਜੀ, ਯਮੁਨਾ ਜੀ, ਸਾਡੀਆਂ ਨਦੀਆਂ ਦੀ ਸਵੱਛਤਾ ਸਾਡੀ ਜੀਵਨ ਯਾਤਰਾ ਨਾਲ ਜੁੜੀ ਹੋਈ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਨਦੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਹਰ ਨਦੀ ਨੂੰ ਜੀਵਨਦਾਤਾ ਮਾਂ ਦਾ ਪ੍ਰਤੀਕ ਸਮਝਦੇ ਹੋਏ ਅਸੀਂ ਆਪਣੀ ਸਹੂਲਤ ਅਨੁਸਾਰ, ਨਦੀ ਉਤਸਵ ਜ਼ਰੂਰ ਮਨਾਈਏ। ਇਹ ਏਕਤਾ ਦਾ ਮਹਾਕੁੰਭ ਸਾਨੂੰ ਇਸ ਗੱਲ ਦੀ ਪ੍ਰੇਰਣਾ ਦੇ ਕੇ ਗਿਆ ਹੈ ਕਿ ਅਸੀਂ ਆਪਣੀਆਂ ਨਦੀਆਂ ਨੂੰ ਨਿਰੰਤਰ ਸਵੱਛ ਰੱਖੀਏ, ਇਸ ਅਭਿਯਾਨ ਨੂੰ ਨਿਰੰਤਰ ਮਜ਼ਬੂਤ ਕਰਦੇ ਰਹੀਏ।

ਮੈਂ ਜਾਣਦਾ ਹਾਂ, ਇੰਨਾ ਵੱਡਾ ਸਮਾਗਮ ਦਾ ਆਯੋਜਨ ਅਸਾਨ ਨਹੀਂ ਸੀ। ਮੈਂ ਪ੍ਰਾਰਥਨਾ ਕਰਦਾ ਹਾਂ ਮਾਂ ਗੰਗਾ ਨੂੰ... ਮਾਂ ਯਮੁਨਾ ਨੂੰ... ਮਾਂ ਸਰਸਵਤੀ ਨੂੰ... ਹੇ ਮਾਂ, ਜੇਕਰ ਸਾਡੀ ਪੂਜਾ ਵਿੱਚ ਕੋਈ ਕਮੀ ਰਹਿ ਗਈ ਹੈ, ਤਾਂ ਕਿਰਪਾ ਕਰਕੇ ਮੁਆਫ਼ ਕਰ ਦਿਓ...। ਜਨਤਾ ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਹੀ ਰੂਪ ਹੈ, ਸ਼ਰਧਾਲੂਆਂ ਦੀ ਸੇਵਾ ਵਿੱਚ ਵੀ ਜੇਕਰ ਸਾਡੇ ਤੋਂ ਕੁਝ ਕਮੀ ਰਹਿ ਗਈ ਹੋਵੇ, ਤਾਂ ਮੈਂ ਜਨਤਾ ਜਨਾਰਦਨ ਤੋਂ ਵੀ ਮੁਆਫ਼ੀ ਮੰਗਦਾ ਹਾਂ।

ਸਾਥੀਓ,

ਸ਼ਰਧਾ ਨਾਲ ਭਰੇ ਜੋ ਕਰੋੜਾਂ ਲੋਕ ਪ੍ਰਯਾਗ ਪਹੁੰਚ ਕੇ ਇਸ ਏਕਤਾ ਦੇ ਮਹਾਕੁੰਭ ਦਾ ਹਿੱਸਾ ਬਣੇ, ਉਨ੍ਹਾਂ ਦੀ ਸੇਵਾ ਦੀ ਜ਼ਿੰਮੇਵਾਰੀ ਵੀ ਸ਼ਰਧਾ ਦੇ ਸਮਰੱਥ ਨਾਲ ਹੀ ਪੂਰੀ ਹੋਈ ਹੈ। ਯੂਪੀ ਦਾ ਸਾਂਸਦ ਹੋਣ ਦੇ ਨਾਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਨੇ ਮਿਲ ਕੇ, ਇਸ ਏਕਤਾ ਦੇ ਮਹਾਕੁੰਭ ਨੂੰ ਸਫਲ ਬਣਾਇਆ। ਕੇਂਦਰ ਹੋਵੇ ਜਾਂ ਰਾਜ ਹੋਵੇ, ਇੱਥੇ ਨਾ ਕੋਈ ਸ਼ਾਸਕ ਸੀ, ਨਾ ਕੋਈ ਪ੍ਰਸ਼ਾਸਕ ਸੀ, ਹਰ ਕੋਈ ਸ਼ਰਧਾ ਨਾਲ ਭਰਿਆ ਸੇਵਕ ਸੀ। ਸਾਡੇ ਸਫਾਈ ਕਰਮਚਾਰੀ, ਸਾਡੇ ਪੁਲਿਸ ਕਰਮਚਾਰੀ, ਸਾਡੇ ਨਾਵਿਕ ਸਾਥੀ, ਡਰਾਈਵਰ, ਖਾਣਾ ਬਣਾਉਣ ਵਾਲੇ, ਸਾਰਿਆਂ ਨੇ ਪੂਰੀ ਸ਼ਰਧਾ ਅਤੇ ਸੇਵਾ ਦੀ ਭਾਵਨਾ ਨਾਲ ਨਿਰੰਤਰ ਕੰਮ ਕਰਕੇ ਇਸ ਮਹਾਕੁੰਭ ਨੂੰ ਸਫਲ ਬਣਾਇਆ। ਖਾਸ ਕਰਕੇ, ਪ੍ਰਯਾਗਰਾਜ ਦੇ ਨਿਵਾਸੀਆਂ ਨੇ ਇਨ੍ਹਾਂ 45 ਦਿਨਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਜਿਸ ਤਰ੍ਹਾਂ ਸ਼ਰਧਾਲੂਆਂ ਦੀ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਮੈਂ ਪ੍ਰਯਾਗਰਾਜ ਦੇ ਸਾਰੇ ਨਿਵਾਸੀਆਂ ਦਾ, ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਅਭਿੰਨਦਨ ਕਰਦਾ ਹਾਂ।

ਸਾਥੀਓ,

ਮਹਾਕੁੰਭ ਦੇ ਦ੍ਰਿਸ਼ਾਂ ਨੂੰ ਦੇਖ ਕੇ, ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਜੋ ਭਾਵਨਾਵਾਂ ਉਠੀਆਂ, ਜੋ ਪਿਛਲੇ 45 ਦਿਨਾਂ ਵਿੱਚ ਹੋਰ ਮਜ਼ਬੂਤ ਹੋਈਆਂ ਹਨ, ਰਾਸ਼ਟਰ ਦੇ ਉੱਜਵਲ ਭਵਿੱਖ ਨੂੰ ਲੈ ਕੇ ਮੇਰੀ ਆਸਥਾ, ਕਈ ਗੁਣਾ ਮਜ਼ਬੂਤ ਹੋ ਗਈ ਹੈ।

140 ਕਰੋੜ ਦੇਸ਼ ਵਾਸੀਆਂ ਨੇ ਜਿਸ ਤਰ੍ਹਾਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਨੂੰ ਅੱਜ ਦੀ ਦੁਨੀਆ ਦੀ ਇੱਕ ਮਹਾਨ ਪਹਿਚਾਣ ਬਣਾ ਦਿੱਤੀ, ਉਹ ਅਦਭੁਤ ਹੈ।

ਦੇਸ਼ ਵਾਸੀਆਂ ਦੀ ਇਸ ਮਿਹਨਤ ਨਾਲ, ਉਨ੍ਹਾਂ ਦੇ ਯਤਨਾਂ ਨਾਲ, ਉਨ੍ਹਾਂ ਦੇ ਸੰਕਲਪ ਤੋਂ ਪ੍ਰਭਾਵਿਤ ਮੈਂ ਜਲਦੀ ਹੀ ਦਵਾਦਸ਼ ਜਯੋਤਿਰਲਿੰਗ ਵਿੱਚੋਂ ਪਹਿਲੇ ਜਯੋਤਿਰਲਿੰਗ, ਸ਼੍ਰੀ ਸੋਮਨਾਥ ਦੇ ਦਰਸ਼ਨ ਕਰਨ ਜਾਵਾਂਗਾ ਅਤੇ ਸ਼ਰਧਾ ਰੂਪੀ ਸੰਕਲਪ ਪੁਸ਼ਪ ਨੂੰ ਸਮਰਪਿਤ ਕਰਦੇ ਹੋਏ ਹਰ ਭਾਰਤੀ ਦੇ ਲਈ ਪ੍ਰਾਰਥਨਾ ਕਰਾਂਗਾ।

ਮਹਾਕੁੰਭ ਦਾ ਭੌਤਿਕ ਸਵਰੂਪ ਮਹਾਸ਼ਿਵਰਾਤਰੀ ਨੂੰ ਸੰਪੂਰਨਤਾ ਪ੍ਰਾਪਤ ਕਰ ਗਿਆ ਹੈ। ਪਰ ਮੈਨੂੰ ਵਿਸ਼ਵਾਸ ਹੈ, ਮਾਂ ਗੰਗਾ ਦੀ ਅਵਿਰਲ ਧਾਰਾ ਵਾਂਗ, ਮਹਾਕੁੰਭ ਦੀ ਅਧਿਆਤਮਿਕ ਚੇਤਨਾ ਦੀ ਧਾਰਾ ਅਤੇ ਏਕਤਾ ਦੀ ਧਾਰਾ ਨਿਰੰਤਰ ਵਹਿੰਦੀ ਰਹੇਗੀ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's fertiliser exports rise 52% in three years from FY24 to FY26

Media Coverage

India's fertiliser exports rise 52% in three years from FY24 to FY26
NM on the go

Nm on the go

Always be the first to hear from the PM. Get the App Now!
...
ਭਾਰਤ ਦੀ ਏਕਤਾ ਅਤੇ ਪ੍ਰਗਤੀ ਲਈ ਸਮਰਪਿਤ ਜੀਵਨ
July 06, 2026

ਅੱਜ, 6 ਜੁਲਾਈ ਦਾ ਦਿਨ ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਅਣਗਿਣਤ ਲੋਕਾਂ ਲਈ ਖ਼ਾਸ ਦਿਨ ਹੈ। ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਮਾਂ ਭਾਰਤੀ ਪ੍ਰਤੀ ਹੌਸਲੇ ਅਤੇ ਅਟੁੱਟ ਵਚਨਬੱਧਤਾ ਦੀ ਸਦੀਵੀ ਮਿਸਾਲ ਹੈ। ਆਧੁਨਿਕ ਭਾਰਤ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਬਹੁਤ ਘੱਟ ਨੇਤਾ ਹੋਏ ਹਨ, ਜਿਨ੍ਹਾਂ ਦੇ ਜੀਵਨ ਵਿੱਚ ਬੁੱਧੀ, ਲੋਕ ਸੇਵਾ ਅਤੇ ਨੈਤਿਕ ਵਿਸ਼ਵਾਸ ਦਾ ਅਜਿਹਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਦਾ ਹੈ।

ਨੌਜਵਾਨ ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ਵਿੱਚ ਹੋਇਆ ਸੀ, ਜੋ ਉਨ੍ਹਾਂ ਨੂੰ ਆਸਾਨੀ ਨਾਲ ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਦੇ ਸਕਦੇ ਸਨ। ਉਨ੍ਹਾਂ ਦੇ ਪਿਤਾ, ਸਰ ਆਸ਼ੂਤੋਸ਼ ਮੁਖਰਜੀ, ਆਪਣੇ ਵੇਲੇ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਵਿੱਚੋਂ ਇੱਕ ਸਨ। ਕਿਸਮਤ ਨੇ ਉਨ੍ਹਾਂ ਅੱਗੇ ਸੁੱਖ-ਸਹੂਲਤਾਂ ਵਾਲਾ ਰਸਤਾ ਰੱਖਿਆ ਸੀ, ਪਰ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਅਤੇ ਦੇਸ਼ ਦੀ ਸੇਵਾ ਦੇ ਰਾਹ ਵੱਲ ਤੋਰਿਆ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਉਹ ਆਪਣੇ ਸਮੇਂ ਦੀਆਂ ਉੱਥਲ-ਪੁਥਲ ਭਰੀਆਂ ਘਟਨਾਵਾਂ ਦੇ ਮੂਕ ਦਰਸ਼ਕ ਨਹੀਂ ਬਣ ਸਕਦੇ, ਭਾਵੇਂ ਉਹ ਬਸਤੀਵਾਦ, ਫਿਰਕੂਵਾਦ ਜਾਂ ਮਾਨਵਤਾਵਾਦੀ ਚੁਣੌਤੀਆਂ ਖ਼ਿਲਾਫ਼ ਲੜਾਈ ਹੀ ਕਿਉਂ ਨਾ ਹੋਵੇ। ਇਸ ਸਫ਼ਰ ਦੌਰਾਨ, ਉਨ੍ਹਾਂ ਨੇ ਬਹੁਤ ਡੂੰਘੇ ਨਿੱਜੀ ਦੁੱਖ ਵੀ ਝੱਲੇ, ਜਿਨ੍ਹਾਂ ਵਿੱਚ ਉਨ੍ਹਾਂ ਦੇ ਛੋਟੇ ਬੱਚੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਸ਼ਾਮਲ ਸੀ। ਪਰ, ਇਨ੍ਹਾਂ ਦੁੱਖਾਂ ਨੇ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਕੀਤਾ ਅਤੇ ਸੇਵਾ ਕਰਨ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਹੋਰ ਮਜ਼ਬੂਤ ਕੀਤੀ।

ਜੇ ਕੋਈ ਅਜਿਹਾ ਆਦਰਸ਼ ਸੀ, ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਸ਼ਿਤ ਕੀਤਾ, ਤਾਂ ਉਹ ਭਾਰਤ ਦੀ ਅਖੰਡਤਾ ਸੀ। ਦੇਸ਼ ਦੀ ਵੰਡ ਦੀ ਉੱਥਲ-ਪੁਥਲ ਦੌਰਾਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ, ਇਹੀ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਜੇਲ੍ਹ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ ਅਤੇ ਇਕਾਂਤਵਾਸ ਵੀ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਕਰ ਸਕਿਆ। ਨਜ਼ਰਬੰਦੀ ਦੌਰਾਨ ਉਨ੍ਹਾਂ ਦਾ ਜੀਵਨ ਅਚਾਨਕ ਖਤਮ ਹੋ ਗਿਆ; ਉਹ ਵੀ ਉਨ੍ਹਾਂ ਅਣਗਿਣਤ ਲੋਕਾਂ ਤੋਂ ਬਹੁਤ ਦੂਰ, ਜਿਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਆਪਣੀ ਲੜਾਈ ਬਣਾ ਲਿਆ ਸੀ। ਇਤਿਹਾਸ ਵਿੱਚ ਅਜਿਹੇ ਪਲ ਆਉਂਦੇ ਹਨ, ਜਦੋਂ ਕਿਸੇ ਵਿਅਕਤੀ ਦੀ ਆਖਰੀ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਡਾ. ਮੁਖਰਜੀ ਦੀ ਆਖਰੀ ਯਾਤਰਾ ਅਜਿਹਾ ਹੀ ਪਲ ਹੈ। ਅਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਉਸ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਸੀ। ਸਾਲਾਂ ਬਾਅਦ, 2019 ਵਿੱਚ ਧਾਰਾ 370 ਅਤੇ 35(ਏ) ਨੂੰ ਹਟਾਉਣਾ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸੀ।

ਡਾ. ਮੁਖਰਜੀ ਨੇ ਭਾਰਤ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਇਹ ਕੰਮ ਅਜਿਹੀਆਂ ਸੰਸਥਾਵਾਂ ਦੀ ਉਸਾਰੀ ਕਰਕੇ ਅਤੇ ਅਜਿਹੇ ਸਿਸਟਮ ਤਿਆਰ ਕਰਕੇ ਕੀਤਾ, ਜਿਨ੍ਹਾਂ ਨੇ ਉਸ ਸਮੇਂ ਦੀ ਰਵਾਇਤੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਆਪਣੇ ਵਿਲੱਖਣ ਅੰਦਾਜ਼ ਵਿੱਚ ਉਨ੍ਹਾਂ ਨੇ ਅਜਿਹੇ ਸਕਾਰਾਤਮਕ ਬਦਲਾਅ ਲਿਆਂਦੇ ਜੋ ਦੇਸ਼ ਭਗਤੀ ਨਾਲ ਭਰੇ ਅਤੇ ਭਵਿੱਖਮੁਖੀ ਸਨ। ਸਿੱਖਿਆ ਮਾਹਰਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਿਹਾ ਸੀ, “ਵਿੱਦਿਅਕ ਅਦਾਰਿਆਂ ਨੂੰ ਕਲਰਕ ਅਤੇ ਘੱਟ ਤਨਖ਼ਾਹ ਵਾਲਾ ਸਟਾਫ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਜੋਂ ਦੇਖਣਾ ਗਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਪੈਣਗੇ, ਜੋ ਨਗਰ ਨਿਗਮਾਂ, ਸੂਬਾਈ ਅਤੇ ਕੇਂਦਰੀ ਵਿਧਾਨ ਸਭਾਵਾਂ ਵਰਗੀਆਂ ਸਾਡੀਆਂ ਸਵੈ-ਸ਼ਾਸਨ ਵਾਲੀਆਂ ਸੰਸਥਾਵਾਂ ਨੂੰ ਅਗਵਾਈ ਦੇਣ ਦੇ ਸਮਰੱਥ ਹੋਣ ਤੇ ਨਾਲ ਹੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਅਤੇ ਉਦਯੋਗਿਕ ਮਾਮਲਿਆਂ ਦਾ ਸੰਚਾਲਨ ਕਰ ਸਕਣ।”

ਉਨ੍ਹਾਂ ਦੀ ਅਗਵਾਈ ਹੇਠ ਕਲਕੱਤਾ ਯੂਨੀਵਰਸਿਟੀ ਨੇ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਵਿਗਿਆਨ ਦੇ ਖੇਤਰ ਵਿੱਚ ਖੋਜ ਨੂੰ ਹੁਲਾਰਾ ਦੇਣ, ਪੁਰਾਤਨ ਵਸਤਾਂ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਦੇ ਕੋਰਸ ਸ਼ੁਰੂ ਕਰਨ ਵਰਗੇ ਕਈ ਵਿਲੱਖਣ ਉਪਰਾਲੇ ਕੀਤੇ। ਉਨ੍ਹਾਂ ਨੇ ਖੇਡਾਂ, ਅਧਿਆਪਕਾਂ ਦੀ ਸਿਖਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਵਰਗੇ ਖੇਤਰਾਂ ਵੱਲ ਵੀ ਧਿਆਨ ਖਿੱਚਿਆ। ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਰੂਦੇਵ ਟੈਗੋਰ ਨੂੰ ਯੂਨੀਵਰਸਿਟੀ ਲਈ ਗੀਤ ਲਿਖਣ ਦੀ ਬੇਨਤੀ ਵੀ ਕੀਤੀ।

ਇਸ ਜਜ਼ਬੇ ਦੀ ਇੱਕ ਹੋਰ ਮਿਸਾਲ ਉਨ੍ਹਾਂ ਦੇ ਜੀਵਨ ਦੇ ਅਗਲੇ ਪੜਾਅ ਵਿੱਚ ਦੇਖਣ ਨੂੰ ਮਿਲਦੀ ਹੈ, ਜਦੋਂ ਉਨ੍ਹਾਂ ਨੇ ਭਾਰਤੀ ਜਨ ਸੰਘ ਬਣਾਉਣ ਦਾ ਫੈਸਲਾ ਕੀਤਾ। ਅਜਿਹੇ ਸਮੇਂ ਜਦੋਂ ਕਾਂਗਰਸ ਪਾਰਟੀ ਦਾ ਹਰ ਪਾਸੇ ਬੋਲਬਾਲਾ ਸੀ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਭਾਰਤ ਦੀ ਤਰੱਕੀ ਦੀ ਗੱਲ ਕਰਨ ਲਈ ਬਦਲਵੀਂ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਰਟੀ ਦਾ ਚੋਣ ਨਿਸ਼ਾਨ ‘ਦੀਵਾ’, ਭਾਵ ਮਿੱਟੀ ਦਾ ਦੀਵਾ ਸ਼ਾਇਦ ਬਿਲਕੁਲ ਢੁਕਵਾਂ ਸੀ। ਇਕੱਲਾ ਦੀਵਾ ਭਾਵੇਂ ਛੋਟਾ ਲੱਗਦਾ ਹੋਵੇ, ਪਰ ਉਸ ਵਿੱਚ ਆਪਣੇ ਆਲੇ-ਦੁਆਲੇ ਤੋਂ ਕਿਤੇ ਦੂਰ ਤੱਕ ਹਨੇਰਾ ਦੂਰ ਕਰਨ ਦੀ ਤਾਕਤ ਹੁੰਦੀ ਹੈ। ਜਨ ਸੰਘ ਨੇ ਆਪਣੇ ਸਰਗਰਮ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੰਮ ਕੀਤਾ।

ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਕਾਰਜਕਾਲ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਵਿਕਾਸ ਦੀ ਸੋਚ ਬਹੁਤ ਹੀ ਵਿਆਪਕ ਅਤੇ ਮਨੁੱਖਤਾਵਾਦੀ ਸੀ। ਉਹ ਉਦਯੋਗ ਨੂੰ ਨਵੇਂ ਆਜ਼ਾਦ ਹੋਏ ਦੇਸ਼ ਲਈ ਸਵੈ-ਮਾਣ, ਮੌਕੇ ਅਤੇ ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਦੇ ਸਨ। ਉਨ੍ਹਾਂ ਨੇ ਦੌਲਤ ਦੀ ਸਿਰਜਣਾ ਅਤੇ ਉਤਪਾਦਾਂ ਦੇ ਮੁੱਲ ਵਾਧੇ (ਵੈਲਿਊ ਅਡੀਸ਼ਨ) ਦਾ ਸਤਿਕਾਰ ਕੀਤਾ। ਦਾਮੋਦਰ ਵੈਲੀ ਕਾਰਪੋਰੇਸ਼ਨ, ਸਿੰਦਰੀ ਖਾਦ ਪਲਾਂਟ ਅਤੇ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਹੱਥ-ਖੱਡੀਆਂ, ਘਰੇਲੂ ਉਦਯੋਗਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਨੂੰ ਉਨ੍ਹਾਂ ਵਿੱਚ ਬਰਾਬਰ ਦਾ ਵਚਨਬੱਧ ਹਮਾਇਤੀ ਮਿਲਿਆ।

ਇੱਥੇ, ਮੈਂ ਇੱਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ, ਜਿਸ ਨੂੰ ਡਾ. ਮੁਖਰਜੀ ਨੇ ਆਤਮ-ਨਿਰਭਰਤਾ ਦੀ ਸਪਸ਼ਟ ਸੋਚ ਨਾਲ ਸਥਾਪਤ ਕਰਨ ਲਈ ਕੰਮ ਕੀਤਾ ਸੀ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵੱਲੋਂ ਅਣਗੌਲਿਆ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੂੰ ਇਸ ਦੀ ਮੁੜ ਸੁਰਜੀਤੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਵਾਕਈ ਸਭ ਤੋਂ ਖ਼ਾਸ ਪਲਾਂ ਵਿੱਚੋਂ ਇੱਕ ਸੀ।

ਭਾਰਤ ਦੀ ਸੱਭਿਅਕ ਪਰੰਪਰਾ ਵਿੱਚ ਹਮੇਸ਼ਾ ਸੰਵਾਦ ਅਤੇ ਵਿਚਾਰ-ਵਟਾਂਦਰੇ ਦਾ ਸਤਿਕਾਰ ਕੀਤਾ ਗਿਆ ਹੈ। ਡਾ. ਮੁਖਰਜੀ ਨੇ ਇਹ ਲੋਕਤੰਤਰੀ ਭਾਵਨਾ ਅਪਣਾਈ। ਉਹ ਪੰਡਿਤ ਨਹਿਰੂ ਦੀ ਕੈਬਨਿਟ ਵਿੱਚ ਇਹ ਮੰਨਦਿਆਂ ਸ਼ਾਮਲ ਹੋਏ ਕਿ ਸ਼ੁਰੂਆਤੀ ਸਾਲਾਂ ਵਿੱਚ ਰਾਸ਼ਟਰ ਨਿਰਮਾਣ ਦਾ ਕੰਮ ਰਾਜਨੀਤਿਕ ਮੱਤਭੇਦਾਂ ਤੋਂ ਉੱਪਰ ਹੈ। ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਉਸਾਰੂ ਭਾਵਨਾ ਨਾਲ ਸੇਵਾ ਕੀਤੀ। ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਲਈ ਵੱਖਰੇ ਰਸਤੇ ਦੀ ਲੋੜ ਹੈ, ਤਾਂ ਉਨ੍ਹਾਂ ਨੇ ਪੂਰੇ ਮਾਣ-ਸਤਿਕਾਰ ਨਾਲ ਆਪਣਾ ਅਹੁਦਾ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਪੂਰੇ ਦਿਲ ਨਾਲ ਉਸ ਰਾਜਨੀਤਿਕ ਕੰਮ ਲਈ ਸਮਰਪਿਤ ਕਰ ਦਿੱਤਾ, ਜਿਸ ਦੀ ਉਨ੍ਹਾਂ ਮੁਤਾਬਕ ਦੇਸ਼ ਨੂੰ ਲੋੜ ਸੀ।

75 ਸਾਲ ਪਹਿਲਾਂ, ਪੰਡਿਤ ਨਹਿਰੂ ਪਹਿਲੀ ਸੋਧ ਲੈ ਕੇ ਆਏ, ਜੋ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਸੀ। ਡਾ. ਮੁਖਰਜੀ ਇਸ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਸਨ। ਉਹ ਪੂਰੀ ਤਰ੍ਹਾਂ ਸਮਝਦੇ ਸਨ ਕਿ ਕਾਂਗਰਸ ਕੀ ਕੁਝ ਕਰ ਸਕਦੀ ਹੈ। ਅਤੇ ਉਨ੍ਹਾਂ ਦੀ ਗੱਲ ਸੱਚ ਸਾਬਤ ਹੋਈ। ਜਿਨ੍ਹਾਂ ਨੇ 75 ਸਾਲ ਪਹਿਲਾਂ ਪਹਿਲੀ ਸੋਧ ਲਿਆਂਦੀ ਸੀ, ਉਨ੍ਹਾਂ ਨੇ ਹੀ 1975 ਵਿੱਚ ਐਮਰਜੈਂਸੀ ਲਾਈ ਅਤੇ 50 ਸਾਲ ਪਹਿਲਾਂ 42ਵਾਂ ਸੋਧ ਐਕਟ ਲਿਆਂਦਾ, ਜਿਸ ਨੇ ਮੁੜ ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬੁਨਿਆਦ ’ਤੇ ਸੱਟ ਮਾਰੀ।

ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿੱਚ ਬੰਗਾਲ ਵਿੱਚ ਸਭ ਤੋਂ ਭਿਆਨਕ ਕਾਲ ਪਿਆ, ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ਵਿੱਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੈਂਟੀਨਾਂ ਅਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ। ਇੱਕ ਪਾਸੇ, ਉਹ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਡੂੰਘੇ ਸਦਮੇ ਵਿੱਚ ਸਨ, ਜਦੋਂ ਕਿ ਦੂਜੇ ਪਾਸੇ, ਉਹ ਬਸਤੀਵਾਦੀ ਹਾਕਮਾਂ ਦੀ ਬੇਰੁਖੀ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਨੇ ‘ਪੰਚਾਸ਼ੇਰ ਮਨਵੰਤਰ’ ਨਾਮ ਦੀ ਕਿਤਾਬ ਵੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਗੁੱਸਾ ਅਤੇ ਦੁੱਖ ਸਾਂਝਾ ਕੀਤਾ। ਜਦੋਂ 1942 ਵਿੱਚ ਮੇਦਿਨੀਪੁਰ ਵਿੱਚ ਭਿਆਨਕ ਤੁਫ਼ਾਨ ਆਇਆ, ਤਾਂ ਹਾਲਾਤ ਆਮ ਵਾਂਗ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ।

ਕੋਲਕਾਤਾ ਦੇ ਇੱਕ ਕਾਲਜ ਵਿੱਚ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, “ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਗੰਭੀਰਤਾ ਨਾਲ, ਪੂਰੀ ਲਗਨ ਅਤੇ ਵਧੀਆ ਢੰਗ ਨਾਲ ਕਰੋ; ਇਸ ਨੂੰ ਕਦੇ ਵੀ ਅੱਧ-ਵਿਚਾਲੇ ਜਾਂ ਅਧੂਰਾ ਨਾ ਛੱਡੋ, ਉਦੋਂ ਤੱਕ ਕਦੇ ਵੀ ਆਪਣੇ ਆਪ ਨੂੰ ਸੰਤੁਸ਼ਟ ਨਾ ਸਮਝੋ ਜਦੋਂ ਤੱਕ ਤੁਸੀਂ ਪੂਰੀ ਵਾਹ ਨਹੀਂ ਲਾ ਦਿੰਦੇ।” ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਵੱਧ ਰਿਹਾ ਹੈ, ਉਨ੍ਹਾਂ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਹਰ ਰੋਜ਼ ਉਹ ਮਜ਼ਬੂਤ, ਇੱਕਜੁੱਟ, ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਭਾਰਤ ਉਸਾਰਨ ਦੀ ਕੋਸ਼ਿਸ਼ ਕਰੀਏ, ਜਿਸ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਅੱਜ ਦੇ ਨੌਜਵਾਨਾਂ ਨੂੰ ਦੇਖਦਿਆਂ, ਮੈਨੂੰ ਪੂਰਾ ਯਕੀਨ ਹੈ ਕਿ ਉਹ ਇਸ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਬਿਲਕੁਲ ਅਜਿਹਾ ਹੀ ਕਰਨਗੇ।