ਭਾਰਤ ਵਿੱਚ ਆਯੁਰਵੇਦ ਕਿਸੇ ਇੱਕ ਕਾਲ ਜਾਂ ਖੇਤਰ ਤੱਕ ਸੀਮਿਤ ਨਹੀਂ ਰਿਹਾ; ਸਦੀਆਂ ਤੋਂ, ਇਲਾਜ ਦੀ ਇਸ ਪ੍ਰਾਚੀਨ ਪ੍ਰਣਾਲੀ ਨੇ ਸਾਨੂੰ ਜੀਵਨ ਨੂੰ ਸਮਝਣ, ਸੰਤੁਲਨ ਬਣਾਉਣ ਅਤੇ ਕੁਦਰਤ ਨਾਲ ਤਾਲਮੇਲ ਬਿਠਾਉਣ ਦਾ ਰਾਹ ਦਿਖਾਇਆ ਹੈ: ਪ੍ਰਧਾਨ ਮੰਤਰੀ
ਅਸੀਂ ਲਗਾਤਾਰ ਨਿਵਾਰਕ ਸਿਹਤ 'ਤੇ ਧਿਆਨ ਕੇਂਦਰਿਤ ਕੀਤਾ ਹੈ, ਰਾਸ਼ਟਰੀ ਆਯੂਸ਼ ਮਿਸ਼ਨ ਇਸੇ ਦ੍ਰਿਸ਼ਟੀਕੋਣ ਨਾਲ ਸ਼ੁਰੂ ਕੀਤਾ ਗਿਆ ਸੀ: ਪ੍ਰਧਾਨ ਮੰਤਰੀ
ਸਾਨੂੰ ਬਦਲਦੇ ਸਮੇਂ ਦੇ ਅਨੁਸਾਰ ਢਲਣਾ ਪਵੇਗਾ ਅਤੇ ਆਯੁਰਵੇਦ ਵਿੱਚ ਆਧੁਨਿਕ ਤਕਨੀਕ ਅਤੇ ਏਆਈ ਦੀ ਵਰਤੋਂ ਵਧਾਉਣੀ ਪਵੇਗੀ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਸਾਰਿਆਂ ਨਾਲ ਜੁੜਨਾ ਉਨ੍ਹਾਂ ਲਈ ਬਹੁਤ ਖ਼ੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਰੀਆ ਵੈਦਿਆ ਸ਼ਾਲਾ ਨੇ ਆਯੁਰਵੇਦ ਦੀ ਸੰਭਾਲ, ਸੁਰੱਖਿਆ ਅਤੇ ਪ੍ਰੋਤਸਾਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ 125 ਸਾਲਾਂ ਦੇ ਸਫ਼ਰ ਵਿੱਚ ਇਸ ਸੰਸਥਾ ਨੇ ਆਯੁਰਵੇਦ ਨੂੰ ਸ਼ਕਤੀਸ਼ਾਲੀ ਇਲਾਜ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦ ਰਤਨ ਪੀ.ਐੱਸ. ਵਾਰੀਅਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਜਨ-ਕਲਿਆਣ ਪ੍ਰਤੀ ਉਨ੍ਹਾਂ ਦਾ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।

ਕੇਰਲ ਸਥਿਤ ਆਰਿਆ ਵੈਦਿਆ ਸ਼ਾਲਾ ਨੂੰ ਭਾਰਤ ਦੀ ਸਦੀਆਂ ਪੁਰਾਣੀ ਚਿਕਿਤਸਾ ਪਰੰਪਰਾ ਦਾ ਜਿਉਂਦਾ-ਜਾਗਦਾ ਪ੍ਰਤੀਕ ਦੱਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਭਾਰਤ ਵਿੱਚ ਕਦੇ ਕਿਸੇ ਇੱਕ ਯੁੱਗ ਜਾਂ ਖੇਤਰ ਤੱਕ ਸੀਮਿਤ ਨਹੀਂ ਰਿਹਾ। ਹਰ ਯੁੱਗ ਵਿੱਚ ਇਸ ਪ੍ਰਾਚੀਨ ਇਲਾਜ ਪੱਧਤੀ ਨੇ ਜੀਵਨ ਨੂੰ ਸਮਝਣ, ਸੰਤੁਲਨ ਸਥਾਪਿਤ ਕਰਨ ਅਤੇ ਕੁਦਰਤ ਨਾਲ ਤਾਲਮੇਲ ਬਿਠਾਉਣ ਦਾ ਰਾਹ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਆਰਿਆ ਵੈਦਿਆ ਸ਼ਾਲਾ 600 ਤੋਂ ਵੱਧ ਆਯੁਰਵੈਦਿਕ ਦਵਾਈਆਂ ਦਾ ਨਿਰਮਾਣ ਕਰਦੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਸੰਸਥਾ ਦੇ ਹਸਪਤਾਲ ਆਯੁਰਵੈਦਿਕ ਤਰੀਕਿਆਂ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਹਨ, ਜਿਨ੍ਹਾਂ ਵਿੱਚ ਦੁਨੀਆ ਦੇ 60 ਤੋਂ ਵੱਧ ਦੇਸ਼ਾਂ ਦੇ ਮਰੀਜ਼ ਵੀ ਸ਼ਾਮਲ ਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਆਰਿਆ ਵੈਦਿਆ ਸ਼ਾਲਾ ਨੇ ਆਪਣੇ ਕੰਮਾਂ ਰਾਹੀਂ ਇਹ ਭਰੋਸਾ ਕਮਾਇਆ ਹੈ ਅਤੇ ਜਦੋਂ ਲੋਕ ਤਕਲੀਫ਼ ਵਿੱਚ ਹੁੰਦੇ ਹਨ, ਤਾਂ ਇਹ ਸੰਸਥਾ ਉਨ੍ਹਾਂ ਲਈ ਆਸ ਦੀ ਇੱਕ ਬਹੁਤ ਵੱਡੀ ਉਮੀਦ ਬਣ ਜਾਂਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਰਿਆ ਵੈਦਿਆ ਸ਼ਾਲਾ ਲਈ ਸੇਵਾ ਸਿਰਫ਼ ਵਿਚਾਰ ਨਹੀਂ, ਸਗੋਂ ਭਾਵਨਾ ਹੈ ਜੋ ਇਸ ਦੇ ਕੰਮਾਂ, ਦ੍ਰਿਸ਼ਟੀਕੋਣ ਅਤੇ ਅਦਾਰਿਆਂ ਵਿੱਚ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਚੈਰੀਟੇਬਲ ਹਸਪਤਾਲ ਪਿਛਲੇ 100 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੈ ਅਤੇ ਇਸ ਵਿੱਚ ਹਸਪਤਾਲ ਨਾਲ ਜੁੜੇ ਸਾਰੇ ਲੋਕਾਂ ਦਾ ਯੋਗਦਾਨ ਹੈ। ਉਨ੍ਹਾਂ ਨੇ ਹਸਪਤਾਲ ਨਾਲ ਜੁੜੇ ਵੈਦਾਂ, ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਚੈਰੀਟੇਬਲ ਹਸਪਤਾਲ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ਦੇ ਲੋਕਾਂ ਨੇ ਸਦੀਆਂ ਤੋਂ ਆਯੁਰਵੇਦ ਦੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਿਆ ਹੈ ਅਤੇ ਉਨ੍ਹਾਂ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵੀ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਦੇਸ਼ ਦੀਆਂ ਪ੍ਰਾਚੀਨ ਇਲਾਜ ਪ੍ਰਣਾਲੀਆਂ ਨੂੰ ਵੱਖਰਾ ਦੇਖਿਆ ਜਾਂਦਾ ਰਿਹਾ ਹੈ ਪਰ ਪਿਛਲੇ 10-11 ਸਾਲਾਂ ਵਿੱਚ ਇਸ ਦ੍ਰਿਸ਼ਟੀਕੋਣ ਵਿੱਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿਹਤ ਸੇਵਾਵਾਂ ਨੂੰ ਸਮੁੱਚੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਆਯੁਰਵੇਦ, ਯੂਨਾਨੀ, ਹੋਮਿਓਪੈਥੀ, ਸਿੱਧ ਅਤੇ ਯੋਗ ਨੂੰ ਇੱਕ ਹੀ ਛਤਰੀ ਹੇਠ ਲਿਆਂਦਾ ਗਿਆ ਹੈ ਅਤੇ ਇਸੇ ਉਦੇਸ਼ ਨਾਲ ਆਯੂਸ਼ ਮੰਤਰਾਲੇ ਦੀ ਸਥਾਪਨਾ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਆਯੂਸ਼ ਮਿਸ਼ਨ ਸ਼ੁਰੂ ਕਰਕੇ ਅਤੇ ਯੋਗ, ਨਿਵਾਰਕ ਦੇਖਭਾਲ ਅਤੇ ਭਾਈਚਾਰਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ 12,000 ਤੋਂ ਵੱਧ ਆਯੂਸ਼ ਸਿਹਤ ਕੇਂਦਰ ਖੋਲ੍ਹ ਕੇ ਲਗਾਤਾਰ ਨਿਵਾਰਕ ਸਿਹਤ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਦੇ ਹੋਰ ਹਸਪਤਾਲਾਂ ਨੂੰ ਵੀ ਆਯੂਸ਼ ਸੇਵਾਵਾਂ ਨਾਲ ਜੋੜਿਆ ਗਿਆ ਹੈ ਅਤੇ ਆਯੂਸ਼ ਦਵਾਈਆਂ ਦੀ ਨਿਯਮਤ ਸਪਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਸ਼ਟ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਦੇ ਰਵਾਇਤੀ ਚਿਕਿਤਸਾ ਗਿਆਨ ਦਾ ਲਾਭ ਦੇਸ਼ ਦੇ ਕੋਨੇ-ਕੋਨੇ ਦੇ ਲੋਕਾਂ ਨੂੰ ਮਿਲੇ।

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰੀ ਨੀਤੀਆਂ ਦਾ ਆਯੂਸ਼ ਖੇਤਰ ਵਿੱਚ ਸਪਸ਼ਟ ਪ੍ਰਭਾਵ ਦਿਖਾਈ ਦੇ ਰਿਹਾ ਹੈ। ਆਯੂਸ਼ ਨਿਰਮਾਣ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਵਿਸਤਾਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਰਵਾਇਤੀ ਸਿਹਤ ਸੇਵਾਵਾਂ ਨੂੰ ਵਿਸ਼ਵ ਪੱਧਰ 'ਤੇ ਲੈ ਜਾਣ ਲਈ ਸਰਕਾਰ ਨੇ ਆਯੂਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਸਥਾਪਨਾ ਕੀਤੀ ਹੈ ਜਿਸ ਦਾ ਉਦੇਸ਼ ਗਲੋਬਲ ਬਜ਼ਾਰਾਂ ਵਿੱਚ ਆਯੂਸ਼ ਉਤਪਾਦਾਂ ਅਤੇ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਦੇ ਸਕਾਰਾਤਮਕ ਨਤੀਜੇ ਪਹਿਲਾਂ ਤੋਂ ਹੀ ਦਿੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਭਾਰਤ ਨੇ ਲਗਭਗ 3,000 ਕਰੋੜ ਰੁਪਏ ਦੇ ਆਯੂਸ਼ ਅਤੇ ਹਰਬਲ ਉਤਪਾਦਾਂ ਦਾ ਨਿਰਯਾਤ ਕੀਤਾ ਸੀ ਜੋ ਕਿ ਹੁਣ ਵੱਧ ਕੇ 6,500 ਕਰੋੜ ਰੁਪਏ ਹੋ ਗਿਆ ਹੈ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਹੋਇਆ ਹੈ।

ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਆਯੂਸ਼ ਅਧਾਰਿਤ ਇਲਾਜ ਅਤੇ ਸਿਹਤ ਸੇਵਾਵਾਂ ਲਈ ਇੱਕ ਭਰੋਸੇਯੋਗ ਟਿਕਾਣੇ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ ਅਤੇ ਆਯੂਸ਼ ਵੀਜ਼ਾ ਦੀ ਸ਼ੁਰੂਆਤ ਵਰਗੇ ਕਦਮ ਵਿਦੇਸ਼ੀ ਮਹਿਮਾਨਾਂ ਨੂੰ ਆਯੁਰਵੇਦ ਅਤੇ ਰਵਾਇਤੀ ਚਿਕਿਤਸਾ ਵਿੱਚ ਬਿਹਤਰ ਸਹੂਲਤਾਂ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਸ ਨੂੰ ਹਰ ਪ੍ਰਮੁੱਖ ਗਲੋਬਲ ਮੰਚ 'ਤੇ ਮਾਣ ਨਾਲ ਪੇਸ਼ ਕਰਦੀ ਹੈ। ਭਾਵੇਂ ਉਹ ਬ੍ਰਿਕਸ ਸਿਖਰ ਸੰਮੇਲਨ ਹੋਵੇ ਜਾਂ ਜੀ-20 ਸੰਮੇਲਨ, ਉਨ੍ਹਾਂ ਨੇ ਆਯੁਰਵੇਦ ਨੂੰ ਸਮੁੱਚੀ ਸਿਹਤ ਦੇ ਮਾਧਿਅਮ ਵਜੋਂ ਪ੍ਰਦਰਸ਼ਿਤ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ ਦਾ ਗਲੋਬਲ ਰਵਾਇਤੀ ਦਵਾਈ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਆਯੁਰਵੇਦ ਅਧਿਆਪਨ ਅਤੇ ਖੋਜ ਸੰਸਥਾਨ ਨੇ ਉੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਯੁਰਵੈਦਿਕ ਦਵਾਈਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਗੰਗਾ ਨਦੀ ਦੇ ਕੰਢੇ ਔਸ਼ਧੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇੱਕ ਹੋਰ ਪ੍ਰਾਪਤੀ ਸਾਂਝੀ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਯੂਰਪੀ ਸੰਘ ਨਾਲ ਹਾਲ ਹੀ ਵਿੱਚ ਐਲਾਨਿਆ ਇਤਿਹਾਸਕ ਵਪਾਰ ਸਮਝੌਤਾ ਭਾਰਤੀ ਰਵਾਇਤੀ ਚਿਕਿਤਸਾ ਸੇਵਾਵਾਂ ਅਤੇ ਡਾਕਟਰਾਂ ਨੂੰ ਇੱਕ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਵਿੱਚ ਜਿੱਥੇ ਨਿਯਮ ਮੌਜੂਦ ਨਹੀਂ ਹਨ, ਉੱਥੇ ਆਯੂਸ਼ ਡਾਕਟਰ ਭਾਰਤ ਵਿੱਚ ਪ੍ਰਾਪਤ ਪੇਸ਼ੇਵਰ ਯੋਗਤਾਵਾਂ ਦੇ ਅਧਾਰ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਣਗੇ ਜਿਸ ਨਾਲ ਆਯੁਰਵੇਦ ਅਤੇ ਯੋਗ ਨਾਲ ਜੁੜੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਯੂਰਪ ਵਿੱਚ ਆਯੂਸ਼ ਸਿਹਤ ਕੇਂਦਰ ਸਥਾਪਿਤ ਕਰਨ ਵਿੱਚ ਵੀ ਸਹਾਈ ਹੋਵੇਗਾ। ਪ੍ਰਧਾਨ ਮੰਤਰੀ ਨੇ ਆਯੁਰਵੇਦ ਅਤੇ ਆਯੂਸ਼ ਨਾਲ ਜੁੜੇ ਸਾਰੇ ਪਤਵੰਤੇ ਸੱਜਣਾਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਰਾਹੀਂ ਭਾਰਤ ਸਦੀਆਂ ਤੋਂ ਲੋਕਾਂ ਦਾ ਇਲਾਜ ਕਰਦਾ ਆ ਰਿਹਾ ਹੈ, ਪਰ ਇਹ ਬਦਕਿਸਮਤੀ ਹੈ ਕਿ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਵੀ ਆਯੁਰਵੇਦ ਦੀ ਮਹੱਤਤਾ ਨੂੰ ਸਮਝਾਉਣ ਲਈ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇੱਕ ਪ੍ਰਮੁੱਖ ਕਾਰਨ ਸਬੂਤ-ਅਧਾਰਿਤ ਖੋਜ ਅਤੇ ਖੋਜ ਪੱਤਰਾਂ ਦੀ ਘਾਟ ਹੈ। ਜਦੋਂ ਆਯੁਰਵੈਦਿਕ ਤਰੀਕਿਆਂ ਨੂੰ ਵਿਗਿਆਨ ਦੇ ਸਿਧਾਂਤਾਂ 'ਤੇ ਪਰਖਿਆ ਜਾਂਦਾ ਹੈ, ਤਾਂ ਜਨਤਾ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਆਰਿਆ ਵੈਦਿਆ ਸ਼ਾਲਾ ਨੇ ਸੀਐੱਸਆਈਆਰ ਅਤੇ ਆਈਆਈਟੀ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਆਯੁਰਵੇਦ ਨੂੰ ਵਿਗਿਆਨ ਅਤੇ ਖੋਜ ਦੀ ਕਸੌਟੀ 'ਤੇ ਲਗਾਤਾਰ ਪਰਖਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾਨ ਨੇ ਦਵਾਈ ਖੋਜ, ਕਲੀਨਿਕਲ ਖੋਜ ਅਤੇ ਕੈਂਸਰ ਦੇਖਭਾਲ 'ਤੇ ਧਿਆਨ ਕੇਂਦਰਿਤ ਕੀਤਾ ਹੈ, ਅਤੇ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਕੈਂਸਰ ਖੋਜ ਲਈ ਉੱਤਮਤਾ ਕੇਂਦਰ (ਸੈਂਟਰ ਆਫ਼ ਐਕਸੀਲੈਂਸ) ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਆਯੁਰਵੇਦ ਨੂੰ ਆਧੁਨਿਕ ਤਕਨੀਕ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਅਤੇ ਵੱਖ-ਵੱਖ ਤਰੀਕਿਆਂ ਰਾਹੀਂ ਇਲਾਜ ਪ੍ਰਦਾਨ ਕਰਨ ਲਈ ਨਵੇਂ ਦ੍ਰਿਸ਼ਟੀਕੋਣ ਵਿਕਸਿਤ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਆਰੀਆ ਵੈਦਿਆ ਸ਼ਾਲਾ ਨੇ ਇਹ ਸਾਬਤ ਕੀਤਾ ਹੈ ਕਿ ਪਰੰਪਰਾ ਅਤੇ ਆਧੁਨਿਕਤਾ ਨਾਲ-ਨਾਲ ਚੱਲ ਸਕਦੀਆਂ ਹਨ ਅਤੇ ਸਿਹਤ ਸੇਵਾ ਲੋਕਾਂ ਦੇ ਜੀਵਨ ਵਿੱਚ ਭਰੋਸੇ ਦਾ ਅਧਾਰ ਬਣ ਸਕਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੰਸਥਾ ਨੇ ਆਯੁਰਵੇਦ ਦੀ ਪ੍ਰਾਚੀਨ ਸਮਝ ਨੂੰ ਸੰਭਾਲਦੇ ਹੋਏ ਆਧੁਨਿਕ ਜ਼ਰੂਰਤਾਂ ਨੂੰ ਅਪਣਾਇਆ ਹੈ, ਇਲਾਜ ਨੂੰ ਵਿਵਸਥਿਤ ਕੀਤਾ ਹੈ ਅਤੇ ਮਰੀਜ਼ਾਂ ਤੱਕ ਸੇਵਾਵਾਂ ਪਹੁੰਚਾਈਆਂ ਹਨ। ਉਨ੍ਹਾਂ ਨੇ ਇਸ ਪ੍ਰੇਰਨਾਦਾਇਕ ਸਫ਼ਰ ਲਈ ਆਰਿਆ ਵੈਦਿਆ ਸ਼ਾਲਾ ਨੂੰ ਇੱਕ ਵਾਰ ਫਿਰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਸੰਸਥਾ ਇਸੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਕੰਮ ਜਾਰੀ ਰੱਖੇ।

ਇਸ ਸਮਾਗਮ ਵਿੱਚ ਕੇਰਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
ISRO Successfully Tests CE20 Cryogenic Engine At Uprated 220 KN Thrust For C32 Stage Of Upcoming LVM3 Mission

Media Coverage

ISRO Successfully Tests CE20 Cryogenic Engine At Uprated 220 KN Thrust For C32 Stage Of Upcoming LVM3 Mission
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 11 ਸਤੰਬਰ 2026
September 11, 2026

Seva Pakhwada to Superpower Status: Why Citizens Are Hailing PM Modi’s Relentless Push