ਭਾਰਤ ਵਿੱਚ ਧਾਰਮਿਕ ਪਰੰਪਰਾਵਾਂ ਰੋਜ਼ਾਨਾ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ: ਪ੍ਰਧਾਨ ਮੰਤਰੀ
ਵਰਤ ਰੱਖਣ ਨਾਲ ਸੋਚਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਅਤੇ ਨਿਵੇਕਲੀ ਸੋਚ ਨੂੰ ਉਤਸ਼ਾਹ ਮਿਲਦਾ ਹੈ: ਪ੍ਰਧਾਨ ਮੰਤਰੀ
ਚੁਣੌਤੀਆਂ ਜੀਵਨ ਦਾ ਹਿੱਸਾ ਹਨ, ਪਰ ਕਿਸੇ ਦੇ ਉਦੇਸ਼ ਨੂੰ ਪਰਿਭਾਸ਼ਿਤ ਨਹੀਂ ਕਰਨਾ ਚਾਹੀਦਾ: ਪ੍ਰਧਾਨ ਮੰਤਰੀ
ਕਈ ਸੁਤੰਤਰਤਾ ਸੈਨਾਨੀਆਂ ਨੇ ਇੱਕ ਸਥਾਈ ਪ੍ਰਭਾਵ ਛੱਡਿਆ, ਪਰ ਮਹਾਤਮਾ ਗਾਂਧੀ ਹੀ ਸਨ ਜਿਨ੍ਹਾਂ ਨੇ ਸਚਾਈ 'ਤੇ ਅਧਾਰਿਤ ਇੱਕ ਜਨ ਅੰਦੋਲਨ ਦੀ ਅਗਵਾਈ ਕਰਕੇ ਰਾਸ਼ਟਰ ਨੂੰ ਜਾਗ੍ਰਿਤ ਕੀਤਾ: ਪ੍ਰਧਾਨ ਮੰਤਰੀ
ਗਾਂਧੀ ਜੀ ਦੀ ਸੁਤੰਤਰਤਾ ਸੰਗ੍ਰਾਮ ਵਿੱਚ ਸਫ਼ਾਈ ਸੇਵਕਾਂ ਤੋਂ ਲੈ ਕੇ ਅਧਿਆਪਕਾਂ, ਬੁਣਕਰਾਂ ਅਤੇ ਦੇਖਭਾਲ਼ ਕਰਨ ਵਾਲਿਆਂ ਤੱਕ, ਹਰ ਵਿਅਕਤੀ ਨੂੰ ਸ਼ਾਮਲ ਕਰਨ ਦੀ ਸ਼ਾਨਦਾਰ ਯੋਗਤਾ ਸੀ: ਪ੍ਰਧਾਨ ਮੰਤਰੀ
ਜਦੋਂ ਮੈਂ ਕਿਸੇ ਆਲਮੀ ਨੇਤਾ ਨਾਲ ਹੱਥ ਮਿਲਾਉਂਦਾ ਹਾਂ, ਤਾਂ ਇਹ ਮੋਦੀ ਨਹੀਂ, ਬਲਕਿ 140 ਕਰੋੜ ਭਾਰਤੀ ਅਜਿਹਾ ਕਰਦੇ ਹਨ: ਪ੍ਰਧਾਨ ਮੰਤਰੀ
ਜਦੋਂ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਭਾਰਤ ਨੂੰ ਸੁਣਦੀ ਹੈ, ਇਹ ਸਾਡੇ ਮਜ਼ਬੂਤ ​​ਸੱਭਿਆਚਾਰਕ ਅਤੇ ਇਤਿਹਾਸਿਕ ਪਿਛੋਕੜ ਨਾਲ ਸਮਰਥਿਤ ਹੈ: ਪ੍ਰਧਾਨ ਮੰਤਰੀ
ਖੇਡਾਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਇੱਕਮੁੱਠ ਕਰਕੇ ਅਤੇ ਉਨ੍ਹਾਂ ਨੂੰ ਗਹਿਰਾਈ ਦੇ ਪੱਧਰ 'ਤੇ ਜੋੜ ਕੇ ਦੁਨੀਆ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ: ਪ੍ਰਧਾਨ ਮੰਤਰੀ
ਭਾਰਤ ਅਤੇ ਚੀਨ ਦੇ ਵਿਚਕਾਰ ਸਹਿਯੋਗ ਗਲੋਬਲ ਸਥਿਰਤਾ ਅਤੇ ਖੁਸ਼ਹਾਲੀ ਲਈ ਅਤਿ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਕ੍ਰਿਤਰਿਮ ਬੁੱਧੀਮੱਤਾ (AI) ਵਿਕਾਸ ਮੂਲ ਰੂਪ ਵਿੱਚ ਇੱਕ ਸਹਿਯੋਗਾਤਮਕ ਯਤਨ ਹੈ, ਕੋਈ ਵੀ ਦੇਸ਼ ਇਸ ਨੂੰ ਇਕੱਲੇ ਹੀ ਪੂਰੀ ਤਰ੍ਹਾਂ ਵਿਕਸਤ ਨਹੀਂ ਕਰ ਸਕਦਾ: ਪ੍ਰਧਾਨ ਮੰਤਰੀ
ਕ੍ਰਿਤਰਿਮ ਬੁੱਧੀਮੱਤਾ ਬਹੁਤ ਕੁਝ ਬਣਾ ਸਕਦੀ ਹੈ, ਪਰ ਕੋਈ ਵੀ ਤਕਨੀਕ ਮਨੁੱਖੀ ਮਨ ਦੀ ਅਸੀਮ ਸ੍ਰਜਨਾਤਮਕਤਾ ਅਤੇ ਕਲਪਨਾ ਦੀ ਬਦਲ ਨਹੀਂ ਹੋ ਸਕਦੀ: ਪ੍ਰਧਾਨ ਮੰਤਰੀ
ਮੈਂ ਆਪਣੇ ਦੇਸ਼ ਲਈ ਮੇਹਨਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗਾ, ਕਿਸੇ ਵੀ ਖਰਾਬ ਉਦੇਸ਼ ਨਾਲ ਕੰਮ ਨਹੀਂ ਕਰਾਂਗਾ, ਅਤੇ ਨਿੱਜੀ ਲਾਭ ਲਈ ਕਦੇ ਕੁਝ ਨਹੀਂ ਕਰਾਂਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੱਖ-ਵੱਖ ਵਿਸ਼ਿਆਂ ਬਾਰੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ। ਇੱਕ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਵਰਤ ਰੱਖਦੇ ਹਨ ਅਤੇ ਉਹ ਕਿਵੇਂ ਪ੍ਰਬੰਧਨ ਕਰਦੇ ਹਨ, ਤਾਂ ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦਾ ਪ੍ਰਧਾਨ ਮੰਤਰੀ ਪ੍ਰਤੀ ਸਤਿਕਾਰ ਦੇ ਪ੍ਰਤੀਕ ਵਜੋਂ ਵਰਤ ਰੱਖਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਿੱਚ, ਧਾਰਮਿਕ ਪਰੰਪਰਾਵਾਂ ਰੋਜ਼ਾਨਾ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ", ਉਨ੍ਹਾਂ ਨੇ ਅੱਗੇ ਕਿਹਾ ਕਿ ਹਿੰਦੂ ਧਰਮ ਸਿਰਫ਼ ਰਸਮਾਂ ਬਾਰੇ ਨਹੀਂ ਹੈ ਬਲਕਿ ਜੀਵਨ ਨੂੰ ਦਰਸਾਉਣ ਵਾਲਾ ਇੱਕ ਦਰਸ਼ਨ ਹੈ, ਜਿਵੇਂ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੁਆਰਾ ਇਸ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਰਤ ਅਨੁਸ਼ਾਸਨ ਪੈਦਾ ਕਰਨ ਅਤੇ ਅੰਦਰੂਨੀ ਅਤੇ ਬਾਹਰੀ ਖ਼ੁਦੀ ਨੂੰ ਸੰਤੁਲਿਤ ਕਰਨ ਦਾ ਇੱਕ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤ ਰੱਖਣ ਨਾਲ ਇੰਦਰੀਆਂ ਤੇਜ਼ ਹੁੰਦੀਆਂ ਹਨ, ਜਿਸ ਨਾਲ ਉਹ ਵਧੇਰੇ ਸੰਵੇਦਨਸ਼ੀਲ ਅਤੇ ਜਾਗਰੂਕ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੇਖਿਆ ਕਿ ਵਰਤ ਦੌਰਾਨ, ਕੋਈ ਵੀ ਸੂਖਮ ਖੁਸ਼ਬੂਆਂ ਅਤੇ ਵੇਰਵਿਆਂ ਨੂੰ ਹੋਰ ਸਪਸ਼ਟ ਰੂਪ ਵਿੱਚ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਸੋਚਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਅਤੇ ਨਿਵੇਕਲੀ ਸੋਚ ਨੂੰ ਉਤਸ਼ਾਹ ਮਿਲਦਾ ਹੈ। ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਵਰਤ ਰੱਖਣ ਦਾ ਮਤਲਬ ਸਿਰਫ਼ ਭੋਜਨ ਤੋਂ ਪਰਹੇਜ਼ ਕਰਨਾ ਨਹੀਂ ਹੈ; ਇਸ ਵਿੱਚ ਤਿਆਰੀ ਅਤੇ ਡੀਟੌਕਸੀਫਿਕੇਸ਼ਨ ਦੀ ਇੱਕ ਵਿਗਿਆਨਕ ਪ੍ਰਕਿਰਿਆ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਈ ਦਿਨ ਪਹਿਲਾਂ ਤੋਂ ਆਯੁਰਵੈਦਿਕ ਅਤੇ ਯੋਗ ਅਭਿਆਸਾਂ ਦੀ ਪਾਲਣਾ ਕਰਕੇ ਆਪਣੇ ਸਰੀਰ ਨੂੰ ਵਰਤ ਲਈ ਤਿਆਰ ਕਰਦੇ ਹਨ ਅਤੇ ਇਸ ਸਮੇਂ ਦੌਰਾਨ ਹਾਈਡ੍ਰੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ। ਇੱਕ ਵਾਰ ਵਰਤ ਸ਼ੁਰੂ ਹੋਣ ਤੋਂ ਬਾਅਦ, ਉਹ ਇਸ ਨੂੰ ਸ਼ਰਧਾ ਅਤੇ ਸਵੈ-ਅਨੁਸ਼ਾਸਨ ਦੇ ਇੱਕ ਕਾਰਜ ਵਜੋਂ ਵੇਖਦੇ ਹਨ, ਜਿਸ ਨਾਲ ਗਹਿਰਾ ਆਤਮ-ਨਿਰੀਖਣ ਅਤੇ ਧਿਆਨ ਕੇਂਦ੍ਰਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਵਰਤ ਰੱਖਣ ਦੇ ਅਭਿਆਸ ਦੀ ਸ਼ੁਰੂਆਤ ਨਿਜੀ ਅਨੁਭਵ ਤੋਂ ਹੋਈ ਸੀ, ਜੋ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੌਰਾਨ ਮਹਾਤਮਾ ਗਾਂਧੀ ਦੁਆਰਾ ਪ੍ਰੇਰਿਤ ਇੱਕ ਅੰਦੋਲਨ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੇ ਪਹਿਲੇ ਵਰਤ ਦੌਰਾਨ ਊਰਜਾ ਅਤੇ ਜਾਗਰੂਕਤਾ ਦਾ ਉਛਾਲ਼ ਮਹਿਸੂਸ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਯਕੀਨ ਦਿਵਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਉਨ੍ਹਾਂ ਦੇ ਵਿਚਾਰ ਵਧੇਰੇ ਸੁਤੰਤਰ ਅਤੇ ਰਚਨਾਤਮਕ ਤੌਰ 'ਤੇ ਵਹਿੰਦੇ ਹਨ, ਜਿਸ ਲਈ ਇਹ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ।

ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਇੱਕ ਨੇਤਾ ਦੇ ਤੌਰ 'ਤੇ ਆਪਣੀ ਭੂਮਿਕਾ ਕਿਵੇਂ ਨਿਭਾਈ ਅਤੇ ਕਈ ਵਾਰ ਨੌਂ ਦਿਨ, ਸਾਰੇ ਵਰਤ ਕਿਵੇਂ ਰੱਖੇ ਤਾਂ ਸ਼੍ਰੀ ਮੋਦੀ ਨੇ ਚਤੁਰਮਾਸ ਦੀ ਪ੍ਰਾਚੀਨ ਭਾਰਤੀ ਪਰੰਪਰਾ 'ਤੇ ਚਾਨਣਾ ਪਾਇਆ, ਜੋ ਮੌਨਸੂਨ ਦੇ ਮੌਸਮ ਦੌਰਾਨ ਮਨਾਈ ਜਾਂਦੀ ਹੈ ਜਦੋਂ ਪਾਚਨ ਕਿਰਿਆ ਕੁਦਰਤੀ ਤੌਰ 'ਤੇ ਹੌਲੀ ਹੋ ਜਾਂਦੀ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਸਮੇਂ ਦੌਰਾਨ, ਬਹੁਤ ਸਾਰੇ ਭਾਰਤੀ ਦਿਨ ਵਿੱਚ ਸਿਰਫ਼ ਇੱਕ ਵਾਰ ਭੋਜਨ ਖਾਣ ਦੀ ਪ੍ਰਥਾ ਦੀ ਪਾਲਣਾ ਕਰਦੇ ਹਨ। ਉਨ੍ਹਾਂ ਲਈ, ਇਹ ਪਰੰਪਰਾ ਜੂਨ ਦੇ ਅੱਧ ਦੇ ਆਸਪਾਸ ਸ਼ੁਰੂ ਹੁੰਦੀ ਹੈ ਅਤੇ ਨਵੰਬਰ ਵਿੱਚ ਦੀਵਾਲੀ ਤੋਂ ਬਾਅਦ ਤੱਕ ਜਾਰੀ ਰਹਿੰਦੀ ਹੈ, ਜੋ ਕਿ ਚਾਰ ਤੋਂ ਸਾਢੇ ਚਾਰ ਮਹੀਨਿਆਂ ਤੱਕ ਚਲਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਤੰਬਰ ਜਾਂ ਅਕਤੂਬਰ ਵਿੱਚ ਨਵਰਾਤਰੀ ਉਤਸਵ ਦੌਰਾਨ, ਜੋ ਤਾਕਤ, ਸ਼ਰਧਾ ਅਤੇ ਅਧਿਆਤਮਕ ਅਨੁਸ਼ਾਸਨ ਦਾ ਜਸ਼ਨ ਮਨਾਉਂਦੇ ਹਨ, ਉਹ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਹਨ ਅਤੇ ਨੌਂ ਦਿਨਾਂ ਲਈ ਸਿਰਫ਼ ਗਰਮ ਪਾਣੀ ਪੀਂਦੇ ਹਨ। ਉਨ੍ਹਾਂ ਅੱਗੇ ਸਾਂਝਾ ਕੀਤਾ ਕਿ ਮਾਰਚ ਜਾਂ ਅਪ੍ਰੈਲ ਵਿੱਚ ਚੇਤ ਨਵਰਾਤਰੀ ਦੌਰਾਨ, ਉਹ ਨੌਂ ਦਿਨਾਂ ਲਈ ਦਿਨ ਵਿੱਚ ਇੱਕ ਵਾਰ ਸਿਰਫ਼ ਇੱਕ ਖਾਸ ਫਲ ਖਾ ਕੇ ਇੱਕ ਵਿਲੱਖਣ ਵਰਤ ਅਭਿਆਸ ਦੀ ਪਾਲਣਾ ਕਰਦੇ ਹਨ। ਉਦਾਹਰਣ ਵਜੋਂ, ਜੇਕਰ ਉਹ ਪਪੀਤਾ ਚੁਣਦੇ ਹਨ, ਤਾਂ ਉਹ ਵਰਤ ਦੀ ਮਿਆਦ ਦੌਰਾਨ ਸਿਰਫ਼ ਪਪੀਤਾ ਹੀ ਖਾਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਰਤ ਅਭਿਆਸ ਉਨ੍ਹਾਂ ਦੇ ਜੀਵਨ ਵਿੱਚ ਗਹਿਰਾਈ ਨਾਲ ਜੁੜੇ ਹੋਏ ਹਨ ਅਤੇ ਉਹ 50 ਤੋਂ 55 ਸਾਲਾਂ ਤੋਂ ਲਗਾਤਾਰ ਪਾਲਣਾ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਵਰਤ ਅਭਿਆਸ ਸ਼ੁਰੂ ਵਿੱਚ ਨਿਜੀ ਸਨ ਅਤੇ ਜਨਤਕ ਤੌਰ 'ਤੇ ਕੋਈ ਨਹੀਂ ਜਾਣਦਾ ਸੀ। ਹਾਲਾਂਕਿ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਧੇਰੇ ਮਾਨਤਾ ਮਿਲੀ, ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣੇ ਅਨੁਭਵ ਸਾਂਝੇ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਦੂਸਰਿਆਂ ਦੀ ਭਲਾਈ ਲਈ ਉਨ੍ਹਾਂ ਦੇ ਜੀਵਨ ਦੇ ਸਮਰਪਣ ਦੇ ਅਨੁਸਾਰ ਉਹ ਦੂਸਰਿਆਂ ਲਈ ਲਾਭਦਾਇਕ ਹੋ ਸਕਦੇ ਹਨ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ਵਿਖੇ ਇੱਕ ਦੁਵੱਲੀ ਮੁਲਾਕਾਤ ਦੌਰਾਨ ਇੱਕ ਉਦਾਹਰਣ ਵੀ ਸਾਂਝੀ ਕੀਤੀ ਜਦੋਂ ਉਹ ਵਰਤ ਰੱਖ ਰਹੇ ਸਨ।

ਆਪਣੇ ਸ਼ੁਰੂਆਤੀ ਜੀਵਨ ਬਾਰੇ ਪੁੱਛੇ ਜਾਣ 'ਤੇ, ਪ੍ਰਧਾਨ ਮੰਤਰੀ ਨੇ ਆਪਣੇ ਜਨਮ ਸਥਾਨ, ਵਡਨਗਰ, ਉੱਤਰੀ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਬਾਰੇ ਦੱਸਿਆ ਅਤੇ ਇਸ ਦੀ ਸਮ੍ਰਿੱਧ ਇਤਿਹਾਸਿਕ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਡਨਗਰ ਬੋਧੀ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਸੀ, ਜੋ ਚੀਨੀ ਦਾਰਸ਼ਨਿਕ ਹਿਊਨ ਸਾਂਗ ਜਿਹੀਆਂ ਹਸਤੀਆਂ ਨੂੰ ਆਕਰਸ਼ਿਤ ਕਰਦਾ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਇਹ ਸ਼ਹਿਰ 1400 ਦੇ ਆਸਪਾਸ ਇੱਕ ਪ੍ਰਮੁੱਖ ਬੋਧੀ ਸਿੱਖਿਆ ਕੇਂਦਰ ਵੀ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਵਿਲੱਖਣ ਮਾਹੌਲ ਸੀ, ਜਿੱਥੇ ਬੋਧੀ, ਜੈਨ ਅਤੇ ਹਿੰਦੂ ਪਰੰਪਰਾਵਾਂ ਇੱਕਸੁਰਤਾ ਨਾਲ ਸਹਿਹੋਂਦ ਵਿੱਚ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਕਿਤਾਬਾਂ ਤੱਕ ਸੀਮਿਤ ਨਹੀਂ ਸੀ, ਕਿਉਂਕਿ ਵਡਨਗਰ ਵਿੱਚ ਹਰ ਪੱਥਰ ਅਤੇ ਕੰਧ ਇੱਕ ਕਹਾਣੀ ਬਿਆਨ ਕਰਦੀ ਹੈ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਵੱਡੇ ਪੱਧਰ 'ਤੇ ਖੁਦਾਈ ਪ੍ਰੋਜੈਕਟ ਸ਼ੁਰੂ ਕੀਤੇ, ਜਿਨ੍ਹਾਂ ਨੇ 2,800 ਸਾਲ ਪੁਰਾਣੇ ਪ੍ਰਮਾਣ ਲੱਭੇ, ਜੋ ਸ਼ਹਿਰ ਦੀ ਨਿਰੰਤਰ ਹੋਂਦ ਨੂੰ ਸਾਬਤ ਕਰਦੇ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਨ੍ਹਾਂ ਖੋਜਾਂ ਨੇ ਵਡਨਗਰ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਜਾਇਬ ਘਰ ਦੀ ਸਥਾਪਨਾ ਕੀਤੀ ਹੈ, ਜੋ ਹੁਣ ਖਾਸ ਕਰਕੇ ਪੁਰਾਤੱਤਵ ਵਿਦਿਆਰਥੀਆਂ ਲਈ ਅਧਿਐਨ ਦਾ ਇੱਕ ਪ੍ਰਮੁੱਖ ਖੇਤਰ ਹੈ। ਉਨ੍ਹਾਂ ਨੇ ਇਤਿਹਾਸਿਕ ਤੌਰ 'ਤੇ ਮਹੱਤਵਪੂਰਨ ਸਥਾਨ 'ਤੇ ਜਨਮ ਲਈ ਆਭਾਰ ਪ੍ਰਗਟ ਕੀਤਾ, ਇਸ ਨੂੰ ਆਪਣਾ ਸੁਭਾਗ ਸਮਝਿਆ। ਪ੍ਰਧਾਨ ਮੰਤਰੀ ਨੇ ਆਪਣੇ ਬਚਪਨ ਦੇ ਪਹਿਲੂਆਂ ਨੂੰ ਵੀ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਆਪਣੇ ਪਰਿਵਾਰ ਦੇ ਜੀਵਨ ਦਾ ਵਰਣਨ ਕਰਦੇ ਹੋਏ, ਇੱਕ ਛੋਟੇ ਜਿਹੇ ਘਰ ਵਿੱਚ ਜਿਸ ਵਿੱਚ ਉਹ ਖਿੜਕੀਆਂ ਤੋਂ ਬਿਨਾ ਰਹਿੰਦੇ ਸਨ, ਜਿੱਥੇ ਉਹ ਬਹੁਤ ਗਰੀਬੀ ਵਿੱਚ ਪਲ਼ੇ ਸਨ। ਉਨ੍ਹਾਂ ਨੇ ਅੱਗੇ ਕਿਹਾ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਗਰੀਬੀ ਦਾ ਬੋਝ ਮਹਿਸੂਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਪਾਸ ਤੁਲਨਾ ਕਰਨ ਦਾ ਕੋਈ ਅਧਾਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਨੁਸ਼ਾਸਿਤ ਅਤੇ ਮਿਹਨਤੀ ਸਨ, ਜੋ ਸਮੇਂ ਦੀ ਪਾਬੰਦਤਾ ਲਈ ਜਾਣੇ ਜਾਂਦੇ ਸਨ। ਸ਼੍ਰੀ ਮੋਦੀ ਨੇ ਆਪਣੀ ਮਾਂ ਦੀ ਸਖ਼ਤ ਮਿਹਨਤ ਅਤੇ ਦੂਸਰਿਆਂ ਦੀ ਦੇਖਭਾਲ਼ ਕਰਨ ਦੀ ਭਾਵਨਾ ਨੂੰ ਉਜਾਗਰ ਕੀਤਾ, ਜਿਸ ਨੇ ਉਨ੍ਹਾਂ ਵਿੱਚ ਹਮਦਰਦੀ ਅਤੇ ਸੇਵਾ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੀ ਮਾਂ ਸਵੇਰੇ-ਸਵੇਰੇ ਬੱਚਿਆਂ ਨੂੰ ਰਵਾਇਤੀ ਉਪਚਾਰਾਂ ਨਾਲ ਇਲਾਜ ਕਰਨ ਲਈ ਘਰ ਵਿੱਚ ਇਕੱਠੇ ਕਰਦੀ ਸੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰਾਜਨੀਤੀ ਵਿੱਚ ਉਨ੍ਹਾਂ ਦੀ ਯਾਤਰਾ ਨੇ ਉਨ੍ਹਾਂ ਦੀ ਨਿਮਰ ਸ਼ੁਰੂਆਤ ਨੂੰ ਪ੍ਰਕਾਸ਼ ਵਿੱਚ ਲਿਆਂਦਾ, ਕਿਉਂਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੌਰਾਨ ਮੀਡੀਆ ਕਵਰੇਜ ਨੇ ਉਨ੍ਹਾਂ ਦੇ ਪਿਛੋਕੜ ਨੂੰ ਜਨਤਾ ਦੇ ਸਾਹਮਣੇ ਲਿਆਂਦਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਜੀਵਨ ਦੇ ਅਨੁਭਵ, ਭਾਵੇਂ ਕਿਸਮਤ ਵਜੋਂ ਦੇਖੇ ਜਾਣ ਜਾਂ ਬਦਕਿਸਮਤੀ ਦੇ, ਇਸ ਤਰੀਕੇ ਨਾਲ ਸਾਹਮਣੇ ਆਏ ਹਨ, ਜੋ ਹੁਣ ਉਨ੍ਹਾਂ ਦੇ ਜਨਤਕ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।

ਨੌਜਵਾਨਾਂ ਲਈ ਸਲਾਹ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਧੀਰਜਵਾਨ ਅਤੇ ਆਤਮਵਿਸ਼ਵਾਸੀ ਰਹਿਣ ਲਈ ਉਤਸ਼ਾਹਿਤ ਕੀਤਾ, ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚੁਣੌਤੀਆਂ ਜ਼ਿੰਦਗੀ ਦਾ ਹਿੱਸਾ ਹਨ ਪਰ ਉਨ੍ਹਾਂ ਨੂੰ ਕਿਸੇ ਦੇ ਉਦੇਸ਼ ਨੂੰ ਪਰਿਭਾਸ਼ਿਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਸ਼ਕਿਲਾਂ ਧੀਰਜ ਦੀਆਂ ਪਰੀਖਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਉਦੇਸ਼ ਵਿਅਕਤੀਆਂ ਨੂੰ ਹਰਾਉਣ ਦੀ ਬਜਾਏ ਮਜ਼ਬੂਤ ​​ਕਰਨਾ ਹੁੰਦਾ ਹੈ, ਉਨ੍ਹਾਂ ਨੇ ਕਿਹਾ ਕਿ ਹਰ ਸੰਕਟ ਵਿਕਾਸ ਅਤੇ ਸੁਧਾਰ ਦਾ ਮੌਕਾ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜ਼ਿੰਦਗੀ ਵਿੱਚ ਕੋਈ ਸ਼ੌਰਟਕੱਟ ਨਹੀਂ ਹੁੰਦੇ, ਰੇਲਵੇ ਸਟੇਸ਼ਨ ਦੇ ਸੰਕੇਤਾਂ ਦੀ ਉਦਾਹਰਣ ਦੀ ਵਰਤੋਂ ਕਰਦੇ ਹੋਏ ਜੋ ਪਟੜੀਆਂ ਪਾਰ ਕਰਨ ਵਿਰੁੱਧ ਚੇਤਾਵਨੀ ਦਿੰਦੇ ਹਨ, ਉਨ੍ਹਾਂ ਨੇ ਕਿਹਾ ਕਿ "ਸ਼ੌਰਟਕੱਟ ਤੁਹਾਨੂੰ ਛੋਟਾ ਬਣਾ ਦੇਵੇਗਾ।" ਉਨ੍ਹਾਂ ਨੇ ਸਫ਼ਲਤਾ ਪ੍ਰਾਪਤ ਕਰਨ ਵਿੱਚ ਧੀਰਜ ਅਤੇ ਲਗਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰ ਜ਼ਿੰਮੇਵਾਰੀ ਦਿਲ ਨਾਲ ਨਿਭਾਉਣ ਅਤੇ ਜੋਸ਼ ਨਾਲ ਜ਼ਿੰਦਗੀ ਜੀਉਣ, ਯਾਤਰਾ ਵਿੱਚ ਸੰਪੂਰਨਤਾ ਲੱਭਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਸਿਰਫ਼ ਭਰਪੂਰਤਾ ਸਫ਼ਲਤਾ ਦੀ ਗਰੰਟੀ ਨਹੀਂ ਦਿੰਦੀ, ਕਿਉਂਕਿ ਜਿਨ੍ਹਾਂ ਦੇ ਪਾਸ ਸਰੋਤ ਹਨ ਉਨ੍ਹਾਂ ਨੂੰ ਵੀ ਵਧਦੇ ਰਹਿਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੇ ਕਦੇ ਵੀ ਸਿੱਖਣ ਨੂੰ ਨਾ ਰੋਕਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਕਿਉਂਜੋ ਨਿਜੀ ਵਿਕਾਸ ਜੀਵਨ ਭਰ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਗੱਲਬਾਤ ਤੋਂ ਸਿੱਖਣ ਦਾ ਆਪਣਾ ਅਨੁਭਵ ਸਾਂਝਾ ਕੀਤਾ, ਜਿਸ ਨੇ ਉਨ੍ਹਾਂ ਨੂੰ ਨਿਰੰਤਰ ਸਿੱਖਣ ਅਤੇ ਸਵੈ-ਸੁਧਾਰ ਦੀ ਕੀਮਤ ਸਿਖਾਈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਉੱਚੇ ਲਕਸ਼ ਨਿਰਧਾਰਿਤ ਕਰਦੇ ਹਨ ਅਤੇ ਜੇਕਰ ਉਹ ਨੀਵੇਂ ਰਹਿ ਜਾਂਦੇ ਹਨ ਤਾਂ ਨਿਰਾਸ਼ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕੁਝ ਬਣਨ ਦੀ ਬਜਾਏ ਕੁਝ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ, ਕਿਉਂਕਿ ਇਹ ਮਾਨਸਿਕਤਾ ਲਕਸ਼ਾਂ ਵੱਲ ਨਿਰੰਤਰ ਦ੍ਰਿੜ੍ਹਤਾ ਅਤੇ ਤਰੱਕੀ ਦਿੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚੀ ਸੰਤੁਸ਼ਟੀ ਉਸ ਤੋਂ ਮਿਲਦੀ ਹੈ ਕਿ ਕੋਈ ਕਿ ਦਿੰਦਾ ਹੈ, ਨਾ ਕਿ ਕੀ ਪ੍ਰਾਪਤ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਯੋਗਦਾਨ ਅਤੇ ਸੇਵਾ 'ਤੇ ਕੇਂਦ੍ਰਿਤ ਮਾਨਸਿਕਤਾ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।

 

ਹਿਮਾਲਿਆ ਵਿੱਚ ਆਪਣੀ ਯਾਤਰਾ ਬਾਰੇ ਪੁੱਛੇ ਜਾਣ 'ਤੇ, ਸ਼੍ਰੀ ਮੋਦੀ ਨੇ ਇੱਕ ਛੋਟੇ ਜਿਹੇ ਕਸਬੇ ਵਿੱਚ ਆਪਣੀ ਪਾਲਨ ਪੋਸ਼ਣ ਬਾਰੇ ਦੱਸਿਆ, ਜਿੱਥੇ ਭਾਈਚਾਰਕ ਜੀਵਨ ਕੇਂਦਰ ਵਿੱਚ ਸੀ। ਉਹ ਅਕਸਰ ਸਥਾਨਕ ਲਾਇਬ੍ਰੇਰੀ ਵਿੱਚ ਜਾਂਦੇ ਸਨ, ਸਵਾਮੀ ਵਿਵੇਕਾਨੰਦ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਿਹੀਆਂ ਸ਼ਖ਼ਸੀਅਤਾਂ ਬਾਰੇ ਕਿਤਾਬਾਂ ਤੋਂ ਪ੍ਰੇਰਣਾ ਲੈਂਦੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਜੀਵਨ ਨੂੰ ਵੀ ਇਸੇ ਤਰ੍ਹਾਂ ਢਾਲਣ ਦੀ ਇੱਛਾ ਪੈਦਾ ਹੋਈ, ਜਿਸ ਨਾਲ ਉਨ੍ਹਾਂ ਨੇ ਆਪਣੀਆਂ ਸਰੀਰਕ ਸੀਮਾਵਾਂ ਨਾਲ ਪ੍ਰਯੋਗ ਕੀਤਾ, ਜਿਵੇਂ ਕਿ ਠੰਢੇ ਮੌਸਮ ਵਿੱਚ ਬਾਹਰ ਸੌਣਾ ਆਪਣੀ ਧੀਰਜ ਦੀ ਪਰਖ ਕਰਨ ਲਈ। ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਖਾਸ ਤੌਰ 'ਤੇ ਇੱਕ ਕਹਾਣੀ ਜਿਸ ਵਿੱਚ ਸਵਾਮੀ ਵਿਵੇਕਾਨੰਦ, ਆਪਣੀ ਬਿਮਾਰ ਮਾਂ ਦੀ ਮਦਦ ਦੀ ਜ਼ਰੂਰਤ ਦੇ ਬਾਵਜੂਦ, ਧਿਆਨ ਦੌਰਾਨ ਦੇਵੀ ਕਾਲੀ ਤੋਂ ਕੁਝ ਵੀ ਮੰਗਣ ਲਈ ਖੁਦ ਨੂੰ ਤਿਆਰ ਨਹੀਂ ਕਰ ਸਕੇ, ਇੱਕ ਅਜਿਹਾ ਅਨੁਭਵ ਜਿਸ ਨੇ ਵਿਵੇਕਾਨੰਦ ਵਿੱਚ ਦੇਣ ਦੀ ਭਾਵਨਾ ਪੈਦਾ ਕੀਤੀ ਜਿਸ ਨੇ ਉਨ੍ਹਾਂ 'ਤੇ ਇੱਕ ਪ੍ਰਭਾਵ ਛੱਡਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੱਚੀ ਸੰਤੁਸ਼ਟੀ ਦੂਸਰਿਆਂ ਨੂੰ ਦੇਣ ਅਤੇ ਸੇਵਾ ਕਰਨ ਨਾਲ ਮਿਲਦੀ ਹੈ। ਉਨ੍ਹਾਂ ਨੇ ਇੱਕ ਘਟਨਾ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਇੱਕ ਪਰਿਵਾਰਕ ਵਿਆਹ ਦੌਰਾਨ ਇੱਕ ਸੰਤ ਦੀ ਦੇਖਭਾਲ਼ ਕਰਨ ਲਈ ਪਿੱਛੇ ਰਹਿਣ ਦਾ ਫ਼ੈਸਲਾ ਕੀਤਾ, ਜਿਸ ਤੋਂ ਪਤਾ ਲਗਿਆ ਕਿ ਉਨ੍ਹਾਂ ਦਾ ਸ਼ੁਰੂਆਤੀ ਝੁਕਾਅ ਅਧਿਆਤਮਕ ਕੰਮਾਂ ਵੱਲ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਪਿੰਡ ਵਿੱਚ ਸੈਨਿਕਾਂ ਨੂੰ ਦੇਖ ਕੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਏ, ਹਾਲਾਂਕਿ ਉਸ ਸਮੇਂ ਉਨ੍ਹਾਂ ਕੋਲ ਕੋਈ ਸਪਸ਼ਟ ਰਸਤਾ ਨਹੀਂ ਸੀ। ਪ੍ਰਧਾਨ ਮੰਤਰੀ ਨੇ ਜੀਵਨ ਦੇ ਅਰਥ ਨੂੰ ਸਮਝਣ ਦੀ ਆਪਣੀ ਡੂੰਘੀ ਇੱਛਾ ਅਤੇ ਇਸ ਦੀ ਪੜਚੋਲ ਕਰਨ ਦੀ ਆਪਣੀ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਵਾਮੀ ਆਤਮਸਥਾਨੰਦ ਜੀ ਵਰਗੇ ਸੰਤਾਂ ਨਾਲ ਆਪਣੇ ਸਬੰਧਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਕੀਤਾ। ਉਨ੍ਹਾਂ ਸਾਂਝਾ ਕੀਤਾ ਕਿ ਮਿਸ਼ਨ ਵਿੱਚ ਆਪਣੇ ਸਮੇਂ ਦੌਰਾਨ, ਉਹ ਵਿਲੱਖਣ ਸੰਤਾਂ ਨੂੰ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ। ਸ਼੍ਰੀ ਮੋਦੀ ਨੇ ਹਿਮਾਲਿਆ ਵਿੱਚ ਆਪਣੇ ਅਨੁਭਵਾਂ ਬਾਰੇ ਵੀ ਗੱਲ ਕੀਤੀ, ਜਿੱਥੇ ਇਕਾਂਤ ਅਤੇ ਤਪੱਸਵੀਆਂ ਨਾਲ ਮੁਲਾਕਾਤਾਂ ਨੇ ਉਨ੍ਹਾਂ ਨੂੰ ਆਕਾਰ ਦੇਣ ਅਤੇ ਉਨ੍ਹਾਂ ਦੀ ਅੰਦਰੂਨੀ ਤਾਕਤ ਨੂੰ ਖੋਜਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਆਪਣੇ ਨਿਜੀ ਵਿਕਾਸ ਵਿੱਚ ਧਿਆਨ, ਸੇਵਾ ਅਤੇ ਸ਼ਰਧਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

ਰਾਮਕ੍ਰਿਸ਼ਨ ਮਿਸ਼ਨ ਵਿਖੇ ਸਵਾਮੀ ਆਤਮਸਥਾਨੰਦ ਜੀ (Swami Atmasthanandaji) ਨਾਲ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ, ਜਿਸ ਸਦਕਾ ਉਨ੍ਹਾਂ ਨੇ ਹਰ ਪੱਧਰ 'ਤੇ ਸੇਵਾ ਦਾ ਜੀਵਨ ਜਿਉਣ ਦਾ ਫ਼ੈਸਲਾ ਕੀਤਾ, ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਦੂਸਰੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਵਜੋਂ ਦੇਖਦੇ ਹਨ, ਪਰ ਉਹ ਅਧਿਆਤਮਕ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਅੰਦਰੂਨੀ ਸਥਿਰਤਾ ਦੂਸਰਿਆਂ ਦੀ ਸੇਵਾ ਕਰਨ ਵਿੱਚ ਹੈ, ਭਾਵੇਂ ਇਹ ਉਨ੍ਹਾਂ ਦੀ ਆਪਣੀ ਮਾਂ ਨੂੰ ਬੱਚਿਆਂ ਦੀ ਦੇਖਭਾਲ਼ ਕਰਨ ਵਿੱਚ ਮਦਦ ਕਰਨਾ ਹੋਵੇ, ਹਿਮਾਲਿਆ ਵਿੱਚ ਭਟਕਣਾ ਹੋਵੇ, ਜਾਂ ਆਪਣੀ ਵਰਤਮਾਨ ਜ਼ਿੰਮੇਵਾਰ ਸਥਿਤੀ ਤੋਂ ਕੰਮ ਕਰਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ, ਇੱਕ ਸੰਤ ਅਤੇ ਇੱਕ ਨੇਤਾ ਵਿੱਚ ਕੋਈ ਅਸਲ ਅੰਤਰ ਨਹੀਂ ਹੈ, ਕਿਉਂਕਿ ਦੋਵੇਂ ਭੂਮਿਕਾਵਾਂ ਇੱਕੋ ਜਿਹੀਆਂ ਸੱਚੀਆਂ ਕਦਰਾਂ-ਕੀਮਤਾਂ ਦੁਆਰਾ ਸੇਧਿਤ ਹੁੰਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਅਸੀਂ ਪਹਿਰਾਵੇ ਅਤੇ ਕੰਮ ਵਰਗੇ ਬਾਹਰੀ ਪਹਿਲੂਆਂ ਨੂੰ ਬਦਲ ਸਕਦੇ ਹਾਂ, ਸੇਵਾ ਪ੍ਰਤੀ ਸਾਡਾ ਸਮਰਪਣ ਸਥਿਰ ਰਹਿੰਦਾ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਉਹ ਹਰ ਜ਼ਿੰਮੇਵਾਰੀ ਨੂੰ ਉਸੇ ਸ਼ਾਂਤੀ, ਇਕਾਗਰਤਾ ਅਤੇ ਸਮਰਪਣ ਨਾਲ ਨਿਭਾਉਂਦੇ ਹਨ।

 

ਰਾਸ਼ਟਰੀਯ ਸਵਯੰਸੇਵਕ ਸੰਘ (ਆਰਐੱਸਐੱਸ) ਦੇ ਉਨ੍ਹਾਂ ਦੇ ਸ਼ੁਰੂਆਤੀ ਜੀਵਨ 'ਤੇ ਪਏ ਪ੍ਰਭਾਵ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਭਗਤੀ ਦੇ ਗੀਤਾਂ ਪ੍ਰਤੀ ਆਪਣੇ ਬਚਪਨ ਦੇ ਮੋਹ ਦਾ ਜ਼ਿਕਰ ਕੀਤਾ, ਖਾਸ ਕਰਕੇ ਮਕੋਸ਼ੀ ਨਾਮ ਦੇ ਇੱਕ ਵਿਅਕਤੀ ਦੁਆਰਾ ਗਾਏ ਜਾਂਦੇ ਗੀਤ ਦਾ, ਜੋ ਪਿੰਡ ਵਿੱਚ ਡਫਲੀ ਵਜਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੀਤਾਂ ਨੇ ਉਨ੍ਹਾਂ ਨੂੰ ਗਹਿਰਾ ਪ੍ਰਭਾਵਿਤ ਕੀਤਾ ਅਤੇ ਆਰਐੱਸਐੱਸ ਨਾਲ ਉਨ੍ਹਾਂ ਦੀ ਅੰਤਮ ਸਾਂਝ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਐੱਸਐੱਸ ਨੇ ਉਨ੍ਹਾਂ ਵਿੱਚ ਮੂਲ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਿਵੇਂ ਕਿ ਹਰ ਚੀਜ਼ ਨੂੰ ਇੱਕ ਉਦੇਸ਼ ਨਾਲ ਕਰਨਾ, ਭਾਵੇਂ ਪੜ੍ਹਾਈ ਕਰਨਾ ਹੋਵੇ ਜਾਂ ਕਸਰਤ ਕਰਨਾ, ਰਾਸ਼ਟਰ ਪ੍ਰਤੀ ਯੋਗਦਾਨ ਪਾਉਣਾ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਲੋਕਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਸੇਵਾ ਦੇ ਸਮਾਨ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਆਰਐੱਸਐੱਸ ਜੀਵਨ ਵਿੱਚ ਇੱਕ ਉਦੇਸ਼ ਵੱਲ ਇੱਕ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰਐੱਸਐੱਸ ਆਪਣੀ 100ਵੀਂ ਵਰ੍ਹੇਗੰਢ ਦੇ ਨੇੜੇ ਹੈ ਅਤੇ ਦੁਨੀਆ ਭਰ ਵਿੱਚ ਲੱਖਾਂ ਮੈਂਬਰਾਂ ਵਾਲਾ ਇੱਕ ਵਿਸ਼ਾਲ ਸਵੈ-ਸੇਵੀ ਸੰਗਠਨ ਹੈ। ਆਰਐੱਸਐੱਸ ਤੋਂ ਪ੍ਰੇਰਿਤ ਵੱਖ-ਵੱਖ ਪਹਿਲਾਂ, ਜਿਵੇਂ ਕਿ ਸੇਵਾ ਭਾਰਤੀ, ਜੋ ਸਰਕਾਰੀ ਸਹਾਇਤਾ ਤੋਂ ਬਿਨਾ ਝੁੱਗੀਆਂ-ਝੌਂਪੜੀਆਂ ਅਤੇ ਬਸਤੀਆਂ ਵਿੱਚ 1,25,000 ਤੋਂ ਵੱਧ ਸੇਵਾ ਪ੍ਰੋਜੈਕਟ ਚਲਾਉਂਦੀ ਹੈ, ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਵਨਵਾਸੀ ਕਲਿਆਣ ਆਸ਼ਰਮ ਦਾ ਵੀ ਜ਼ਿਕਰ ਕੀਤਾ, ਜਿਸ ਨੇ ਕਬਾਇਲੀ ਖੇਤਰਾਂ ਵਿੱਚ 70,000 ਤੋਂ ਵੱਧ ਇੱਕ-ਅਧਿਆਪਕ ਸਕੂਲ ਸਥਾਪਿਤ ਕੀਤੇ ਹਨ ਅਤੇ ਵਿਦਿਆ ਭਾਰਤੀ, ਜੋ ਲਗਭਗ 30 ਲੱਖ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਾਲੇ ਲਗਭਗ 25,000 ਸਕੂਲ ਚਲਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਐੱਸਐੱਸ ਸਿੱਖਿਆ ਅਤੇ ਕਦਰਾਂ-ਕੀਮਤਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਜ਼ਮੀਨ ਨਾਲ ਜੁੜੇ ਰਹਿਣ ਅਤੇ ਸਮਾਜ 'ਤੇ ਬੋਝ ਬਣਨ ਤੋਂ ਬਚਣ ਲਈ ਹੁਨਰ ਸਿੱਖਣ। ਉਨ੍ਹਾਂ ਨੇ ਰਵਾਇਤੀ ਮਜ਼ਦੂਰ ਅੰਦੋਲਨਾਂ ਦੇ ਉਲਟ "ਮਜ਼ਦੂਰੋ ਦੁਨੀਆ ਨੂੰ ਇਕਜੁੱਟ ਕਰੋ" 'ਤੇ ਧਿਆਨ ਕੇਂਦ੍ਰਿਤ ਕਰਕੇ ਇੱਕ ਵਿਲੱਖਣ ਪਹੁੰਚ ਅਪਣਾਉਂਦੇ ਹੋਏ ਭਾਰਤੀ ਮਜ਼ਦੂਰ ਸੰਘ ਬਾਰੇ ਵੀ ਦੱਸਿਆ, ਜਿਸ ਦੇ ਦੇਸ਼ ਭਰ ਵਿੱਚ ਲੱਖਾਂ ਮੈਂਬਰ ਹਨ। ਪ੍ਰਧਾਨ ਮੰਤਰੀ ਨੇ ਆਰਐੱਸਐੱਸ ਤੋਂ ਪ੍ਰਾਪਤ ਜੀਵਨ ਕਦਰਾਂ-ਕੀਮਤਾਂ ਅਤੇ ਉਦੇਸ਼ ਅਤੇ ਸਵਾਮੀ ਆਤਮਸਥਾਨੰਦ ਜਿਹੇ ਸੰਤਾਂ ਤੋਂ ਪ੍ਰਾਪਤ ਅਧਿਆਤਮਕ ਮਾਰਗਦਰਸ਼ਨ ਲਈ ਆਭਾਰ ਪ੍ਰਗਟ ਕੀਤਾ।

ਭਾਰਤ ਦੇ ਵਿਸ਼ੇ 'ਤੇ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਇੱਕ ਸੱਭਿਆਚਾਰਕ ਪਹਿਚਾਣ ਅਤੇ ਇੱਕ ਸੱਭਿਅਤਾ ਹੈ ਜੋ ਹਜ਼ਾਰਾਂ ਸਾਲ ਪੁਰਾਣੀ ਹੈ। 100 ਤੋਂ ਵੱਧ ਭਾਸ਼ਾਵਾਂ ਅਤੇ ਹਜ਼ਾਰਾਂ ਉਪਭਾਸ਼ਾਵਾਂ ਵਾਲੇ ਭਾਰਤ ਦੀ ਵਿਸ਼ਾਲਤਾ ਨੂੰ ਉਜਾਗਰ ਕਰਦੇ ਹੋਏ, ਇਸ ਕਹਾਵਤ 'ਤੇ ਜ਼ੋਰ ਦਿੰਦੇ ਹੋਏ ਕਿ ਹਰ 20 ਮੀਲ 'ਤੇ, ਭਾਸ਼ਾ, ਰੀਤੀ-ਰਿਵਾਜ, ਖਾਣਾ ਅਤੇ ਪਹਿਰਾਵੇ ਬਦਲਦੇ ਹਨ, ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ਾਲ ਵਿਭਿੰਨਤਾ ਦੇ ਬਾਵਜੂਦ, ਇੱਕ ਸਾਂਝਾ ਧਾਗਾ ਹੈ ਜੋ ਦੇਸ਼ ਨੂੰ ਇਕਜੁੱਟ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੀਆਂ ਕਹਾਣੀਆਂ ਬਾਰੇ ਜ਼ਿਕਰ ਕੀਤਾ, ਜੋ ਪੂਰੇ ਭਾਰਤ ਵਿੱਚ ਗੂੰਜਦੀਆਂ ਹਨ, ਅਤੇ ਦੱਸਿਆ ਕਿ ਕਿਵੇਂ ਭਗਵਾਨ ਰਾਮ ਤੋਂ ਪ੍ਰੇਰਿਤ ਨਾਮ ਹਰ ਖੇਤਰ ਵਿੱਚ ਪਾਏ ਜਾਂਦੇ ਹਨ, ਗੁਜਰਾਤ ਦੇ ਰਾਮਭਾਈ ਤੋਂ ਲੈ ਕੇ ਤਮਿਲ ਨਾਡੂ ਦੇ ਰਾਮਚੰਦਰਨ ਅਤੇ ਮਹਾਰਾਸ਼ਟਰ ਦੇ ਰਾਮ ਭਾਊ ਤੱਕ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਵਿਲੱਖਣ ਸੱਭਿਆਚਾਰਕ ਬੰਧਨ ਭਾਰਤ ਨੂੰ ਇੱਕ ਸੱਭਿਅਤਾ ਦੇ ਰੂਪ ਵਿੱਚ ਜੋੜਦਾ ਹੈ। ਸ਼੍ਰੀ ਮੋਦੀ ਨੇ ਇਸ਼ਨਾਨ ਦੌਰਾਨ ਭਾਰਤ ਦੀਆਂ ਸਾਰੀਆਂ ਨਦੀਆਂ ਨੂੰ ਯਾਦ ਕਰਨ ਦੀ ਰਸਮ 'ਤੇ ਜ਼ੋਰ ਦਿੱਤਾ, ਜਿੱਥੇ ਲੋਕ ਗੰਗਾ, ਯਮੁਨਾ, ਗੋਦਾਵਰੀ, ਸਰਸਵਤੀ, ਨਰਮਦਾ, ਸਿੰਧੂ ਅਤੇ ਕਾਵੇਰੀ ਜਿਹੀਆਂ ਨਦੀਆਂ ਦੇ ਨਾਮ ਜਪਦੇ ਹਨ। ਉਨ੍ਹਾਂ ਨੇ ਕਿਹਾ ਕਿ ਏਕਤਾ ਦੀ ਇਹ ਭਾਵਨਾ ਭਾਰਤੀ ਪਰੰਪਰਾਵਾਂ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ ਅਤੇ ਮਹੱਤਵਪੂਰਨ ਸਮਾਗਮਾਂ ਅਤੇ ਰਸਮਾਂ ਦੌਰਾਨ ਕੀਤੇ ਗਏ ਸੰਕਲਪਾਂ ਵਿੱਚ ਪ੍ਰਤੀਬਿੰਬਤ ਹੁੰਦੀ ਹੈ, ਜੋ ਇਤਿਹਾਸਿਕ ਰਿਕਾਰਡ ਵਜੋਂ ਵੀ ਕੰਮ ਕਰਦੇ ਹਨ। ਜੰਬੂਦੀਪ ਤੋਂ ਸ਼ੁਰੂ ਹੋ ਕੇ ਪਰਿਵਾਰਕ ਦੇਵਤਾ ਤੱਕ ਸੀਮਿਤ ਕਰਨ ਜਿਹੀਆਂ ਰਸਮਾਂ ਦੌਰਾਨ ਬ੍ਰਹਿਮੰਡ ਨੂੰ ਸੱਦੇ ਵਰਗੇ ਅਭਿਆਸਾਂ ਵਿੱਚ ਭਾਰਤੀ ਸ਼ਾਸਤਰਾਂ ਦੇ ਸੂਝਵਾਨ ਮਾਰਗਦਰਸ਼ਨ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਅਭਿਆਸ ਅਜੇ ਵੀ ਭਾਰਤ ਭਰ ਵਿੱਚ ਜ਼ਿੰਦਾ ਹਨ ਅਤੇ ਰੋਜ਼ਾਨਾ ਮਨਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਪੱਛਮੀ ਅਤੇ ਗਲੋਬਲ ਮਾਡਲ ਰਾਸ਼ਟਰਾਂ ਨੂੰ ਪ੍ਰਸ਼ਾਸਨਿਕ ਪ੍ਰਣਾਲੀਆਂ ਵਜੋਂ ਦੇਖਦੇ ਹਨ, ਤਾਂ ਭਾਰਤ ਦੀ ਏਕਤਾ ਇਸ ਦੇ ਸੱਭਿਆਚਾਰਕ ਬੰਧਨਾਂ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇਤਿਹਾਸਿਕ ਸਮਿਆਂ ਦੌਰਾਨ ਵੱਖ-ਵੱਖ ਪ੍ਰਸ਼ਾਸਨਿਕ ਪ੍ਰਣਾਲੀਆਂ ਰਹੀਆਂ ਹਨ, ਪਰ ਇਸ ਦੀ ਏਕਤਾ ਸੱਭਿਆਚਾਰਕ ਪਰੰਪਰਾਵਾਂ ਦੁਆਰਾ ਸੁਰੱਖਿਅਤ ਰੱਖੀ ਗਈ ਹੈ। ਸ਼੍ਰੀ ਮੋਦੀ ਨੇ ਭਾਰਤ ਦੀ ਏਕਤਾ ਨੂੰ ਬਣਾਈ ਰੱਖਣ ਵਿੱਚ ਤੀਰਥ ਪਰੰਪਰਾਵਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ, ਸ਼ੰਕਰਾਚਾਰਿਆ ਦੁਆਰਾ ਚਾਰ ਤੀਰਥ ਸਥਾਨਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਅੱਜ ਵੀ, ਲੱਖਾਂ ਲੋਕ ਤੀਰਥ ਯਾਤਰਾ ਲਈ ਯਾਤਰਾ ਕਰਦੇ ਹਨ, ਜਿਵੇਂ ਕਿ ਰਾਮੇਸ਼ਵਰਮ ਤੋਂ ਕਾਸ਼ੀ ਤੱਕ ਜਲ ਲਿਆਉਣਾ ਅਤੇ ਵਾਪਸੀ 'ਤੇ ਇਸ ਦੁਹਰਾਉਣਾ। ਉਨ੍ਹਾਂ ਨੇ ਭਾਰਤ ਦੇ ਹਿੰਦੂ ਕੈਲੰਡਰ ਦੀ ਸਮ੍ਰਿਧੀ ਵੱਲ ਵੀ ਧਿਆਨ ਦਿਵਾਇਆ, ਜੋ ਦੇਸ਼ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਦਰਸਾਉਂਦਾ ਹੈ।

 

ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ, ਗੁਜਰਾਤੀ ਉਨ੍ਹਾਂ ਦੀ ਮਾਤ ਭਾਸ਼ਾ ਸੀ, ਬਿਲਕੁਲ ਮਹਾਤਮਾ ਗਾਂਧੀ ਵਾਂਗ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਾਂਧੀ ਜੀ, ਵਿਦੇਸ਼ਾਂ ਵਿੱਚ ਵਕੀਲ ਵਜੋਂ ਮੌਕੇ ਮਿਲਣ ਦੇ ਬਾਵਜੂਦ, ਭਾਰਤ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਨੂੰ ਚੁਣਿਆ, ਜੋ ਫਰਜ਼ ਦੀ ਡੂੰਘੀ ਭਾਵਨਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦੁਆਰਾ ਸੇਧਿਤ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਜੀ ਦੇ ਸਿਧਾਂਤ ਅਤੇ ਕਾਰਜ ਅੱਜ ਵੀ ਹਰ ਭਾਰਤੀ ਨੂੰ ਪ੍ਰਭਾਵਿਤ ਕਰਦੇ ਹਨ। ਸਵੱਛਤਾ ਲਈ ਗਾਂਧੀ ਜੀ ਦੀ ਪੈਰਵੀ ਨੂੰ ਰੇਖਾਂਕਿਤ ਕਰਦਿਆਂ, ਇਹ ਨੋਟ ਕਰਦੇ ਹੋਏ ਕਿ ਉਨ੍ਹਾਂ ਨੇ ਖੁਦ ਇਸ ਦਾ ਅਭਿਆਸ ਕੀਤਾ ਅਤੇ ਇਸ ਨੂੰ ਆਪਣੀਆਂ ਚਰਚਾਵਾਂ ਵਿੱਚ ਇੱਕ ਕੇਂਦਰੀ ਵਿਸ਼ਾ ਬਣਾਇਆ, ਸ਼੍ਰੀ ਮੋਦੀ ਨੇ ਭਾਰਤ ਦੇ ਆਜ਼ਾਦੀ ਲਈ ਲੰਬੇ ਸੰਘਰਸ਼ 'ਤੇ ਟਿੱਪਣੀ ਕੀਤੀ, ਜਿਸ ਦੌਰਾਨ ਸਦੀਆਂ ਦੇ ਬਸਤੀਵਾਦੀ ਸ਼ਾਸਨ ਦੇ ਬਾਵਜੂਦ ਦੇਸ਼ ਭਰ ਵਿੱਚ ਆਜ਼ਾਦੀ ਦੀ ਲਾਟ ਰੌਸ਼ਨ ਹੁੰਦੀ ਰਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਕੈਦ ਹੋਏ ਅਤੇ ਸ਼ਹਾਦਤਾਂ ਪਾਈਆਂ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਸੁਤੰਤਰਤਾ ਸੈਨਾਨੀਆਂ ਨੇ ਸਥਾਈ ਪ੍ਰਭਾਵ ਪਾਏ, ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਨੇ ਸਚਾਈ ਨਾਲ ਜੁੜੇ ਇੱਕ ਜਨ ਅੰਦੋਲਨ ਦੀ ਅਗਵਾਈ ਕਰਕੇ ਰਾਸ਼ਟਰ ਨੂੰ ਜਾਗ੍ਰਿਤ ਕੀਤਾ। ਉਨ੍ਹਾਂ ਨੇ ਗਾਂਧੀ ਦੀ ਸੁਤੰਤਰਤਾ ਸੰਗ੍ਰਾਮ ਵਿੱਚ ਸਫ਼ਾਈ ਸੇਵਕਾਂ ਤੋਂ ਲੈ ਕੇ ਅਧਿਆਪਕਾਂ, ਬੁਣਕਰਾਂ ਅਤੇ ਦੇਖਭਾਲ਼ ਕਰਨ ਵਾਲਿਆਂ ਤੱਕ ਹਰ ਵਿਅਕਤੀ ਨੂੰ ਸ਼ਾਮਲ ਕਰਨ ਦੀ ਯੋਗਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਗਾਂਧੀ ਜੀ ਨੇ ਆਮ ਨਾਗਰਿਕਾਂ ਨੂੰ ਆਜ਼ਾਦੀ ਦੇ ਸਿਪਾਹੀਆਂ ਵਿੱਚ ਬਦਲ ਦਿੱਤਾ, ਇੱਕ ਅਜਿਹਾ ਵਿਸ਼ਾਲ ਅੰਦੋਲਨ ਬਣਾਇਆ ਕਿ ਅੰਗ੍ਰੇਜ਼ ਇਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਉਨ੍ਹਾਂ ਨੇ ਡਾਂਡੀ ਮਾਰਚ ਦੀ ਮਹੱਤਤਾ ਦਾ ਜ਼ਿਕਰ ਕੀਤਾ, ਜਿੱਥੇ ਇੱਕ ਚੁਟਕੀ ਭਰ ਨਮਕ ਨੇ ਇੱਕ ਕ੍ਰਾਂਤੀ ਨੂੰ ਜਨਮ ਦਿੱਤਾ। ਪ੍ਰਧਾਨ ਮੰਤਰੀ ਨੇ ਇੱਕ ਗੋਲਮੇਜ਼ ਕਾਨਫਰੰਸ ਦਾ ਇੱਕ ਕਿੱਸਾ ਸਾਂਝਾ ਕੀਤਾ, ਜਿੱਥੇ ਗਾਂਧੀ, ਆਪਣੀ ਧੋਤੀ ਪਹਿਨ ਕੇ, ਬਕਿੰਘਮ ਪੈਲੇਸ ਵਿੱਚ ਕਿੰਗ ਜਾਰਜ ਨੂੰ ਮਿਲੇ ਸਨ। ਉਨ੍ਹਾਂ ਨੇ ਗਾਂਧੀ ਦੀ ਮਜ਼ਾਕੀਆ ਟਿੱਪਣੀ 'ਤੇ ਜ਼ੋਰ ਦਿੱਤਾ, "ਤੁਹਾਡੇ ਰਾਜਾ ਨੇ ਸਾਡੇ ਦੋਵਾਂ ਲਈ ਕਾਫ਼ੀ ਕੱਪੜੇ ਪਾਏ ਹੋਏ ਹਨ," ਜੋ ਉਨ੍ਹਾਂ ਦੇ ਅਜੀਬ ਆਕਰਸ਼ਣ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਏਕਤਾ ਅਤੇ ਲੋਕਾਂ ਦੀ ਤਾਕਤ ਦੀ ਪਹਿਚਾਣ ਲਈ ਗਾਂਧੀ ਜੀ ਦੇ ਸੱਦੇ ਨੂੰ ਯਾਦ ਕੀਤਾ, ਜੋ ਅਜੇ ਵੀ ਗੂੰਜ ਰਿਹਾ ਹੈ। ਉਨ੍ਹਾਂ ਨੇ ਸਿਰਫ਼ ਸਰਕਾਰ 'ਤੇ ਨਿਰਭਰ ਰਹਿਣ ਦੀ ਬਜਾਏ, ਹਰ ਪਹਿਲ ਵਿੱਚ ਆਮ ਆਦਮੀ ਨੂੰ ਸ਼ਾਮਲ ਕਰਨ ਅਤੇ ਸਮਾਜਿਕ ਬਦਲਾਅ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ 'ਤੇ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਸਦੀਆਂ ਤੋਂ ਚਲੀ ਆ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇਬਲ ਦਿੱਤਾ ਕਿ ਉਨ੍ਹਾਂ ਦੀ ਪ੍ਰਾਸੰਗਿਕਤਾ ਅੱਜ ਭੀ ਕਾਇਮ ਹੈ। ਉਨ੍ਹਾਂ ਨੇ ਆਪਣੀ ਜ਼ਿੰਮੇਦਾਰੀ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਨਾਮ ਵਿੱਚ ਨਹੀਂ ਬਲਕਿ 140 ਕਰੋੜ ਭਾਰਤੀਆਂ ਅਤੇ ਹਜ਼ਾਰਾਂ ਵਰ੍ਹਿਆਂ ਦੀ ਕਾਲਅਤੀਤ (ਸਦੀਵੀ) ਸੰਸਕ੍ਰਿਤੀ ਅਤੇ ਵਿਰਾਸਤ ਦੇ ਸਮਰਥਨ ਵਿੱਚ ਨਿਹਿਤ ਹੈ। ਉਨ੍ਹਾਂ ਨੇ ਨਿਮਰਤਾਪੂਰਵਕ ਕਿਹਾ, "ਜਦੋਂ ਮੈਂ ਕਿਸੇ ਆਲਮੀ ਨੇਤਾ ਨਾਲ ਹੱਥ ਮਿਲਾਉਂਦਾ ਹਾਂ, ਤਾਂ ਉਹ ਮੋਦੀ ਨਹੀਂ, ਬਲਕਿ 140 ਕਰੋੜ ਭਾਰਤੀ ਹੁੰਦੇ ਹਨ।" ਵਰ੍ਹੇ 2013 ਵਿੱਚ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਐਲਾਨੇ ਜਾਣ ‘ਤੇ ਹੋਈ ਉਨ੍ਹਾਂ ਦੀ ਵਿਆਪਕ ਆਲੋਚਨਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਆਲੋਚਕਾਂ ਨੇ ਉਨ੍ਹਾਂ ਦੀ ਵਿਦੇਸ਼ ਨੀਤੀ ਅਤੇ ਆਲਮੀ ਭੂ-ਰਾਜਨੀਤੀ (geopolitics) ਦੀ ਸਮਝ ‘ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਉਸ ਸਮੇਂ ਜਵਾਬ ਦਿੱਤਾ, “ਭਾਰਤ ਨਾ ਤਾਂ ਖ਼ੁਦ ਨੂੰ ਕਮਤਰ ਆਂਕਣ ਦੇਵੇਗਾ, ਨਾ ਹੀ ਕਦੇ ਕਿਸੇ ਨੂੰ ਉੱਚਾ ਮੰਨੇਗਾ। ਭਾਰਤ ਹੁਣ ਆਪਣੇ ਹਮਰੁਤਬਾ ਦੇ ਨਾਲ ਅੱਖ ਨਾਲ ਅੱਖ ਮਿਲਾ ਕੇ ਚਲੇਗਾ।”  ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਬਾਤ 'ਤੇ ਬਲ ਦਿੱਤਾ ਕਿ ਦੇਸ਼ ਸਦਾ ਪਹਿਲੇ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਆਲਮੀ ਸ਼ਾਂਤੀ ਅਤੇ ਭਾਈਚਾਰੇ ਦੇ ਲਈ ਭਾਰਤ ਦੀ ਦੀਰਘਕਾਲੀ ਵਕਾਲਤ ‘ਤੇ ਪ੍ਰਕਾਸ਼ ਪਾਇਆ, ਜੋ ਦੁਨੀਆ ਨੂੰ ਇੱਕ ਪਰਿਵਾਰ ਮੰਨਣ ਦੇ ਦ੍ਰਿਸ਼ਟੀਕੋਣ 'ਤੇ ਅਧਾਰਿਤ ਹੈ। ਉਨ੍ਹਾਂ ਨੇ ਆਲਮੀ ਪਹਿਲਾਂ ਵਿੱਚ ਭਾਰਤ ਦੇ ਯੋਗਦਾਨ ‘ਤੇ ਟਿੱਪਣੀ ਕੀਤੀ, ਜਿਵੇਂ ਕਿ ਅਖੁੱਟ ਊਰਜਾ ਲਈ "ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ" ਅਤੇ ਆਲਮੀ ਸਿਹਤ ਸੇਵਾ ਦੇ ਲਈ "ਇੱਕ ਪ੍ਰਿਥਵੀ, ਇੱਕ ਸਿਹਤ" ਦੀਧਾਰਨਾ, ਜੋ ਸਾਰੀਆਂ ਵਣਸਪਤੀਆਂ ਅਤੇ ਜੀਵਾਂ ਤੱਕ ਫੈਲੀਆਂ ਹੋਈਆਂ ਹਨ। ਉਨ੍ਹਾਂ ਨੇ ਆਲਮੀ ਕਲਿਆਣ  ਨੂੰ ਪ੍ਰੋਤਸਾਹਨ ਦੇਣ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਅੰਤਰਰਾਸ਼ਟਰੀ ਸਮੁਦਾਇ ਨੂੰ ਸਮੂਹਿਕ ਪ੍ਰਯਾਸਾਂ ਦਾ ਸੱਦਾ ਦਿੱਤਾ। "ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ" ਦੇ ਆਦਰਸ਼ ਵਾਕ ਦੇ ਨਾਲ ਜੀ-20  ਸਮਿਟ ਦੀ ਭਾਰਤ ਦੁਆਰਾ ਮੇਜ਼ਬਾਨੀ ‘ਤੇ ਬਾਤ ਕਰਦੇ ਹੋਏ,  ਸ਼੍ਰੀ ਮੋਦੀ ਨੇ ਭਾਰਤ ਦੀ ਕਾਲਅਤੀਤ (ਸਦੀਵੀ) ਗਿਆਨ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੇ ਕਰਤੱਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅੱਜ ਦੀ ਦੁਨੀਆ ਦੀਪਰਸਪਰ ਜੁੜੀ ਪ੍ਰਕ੍ਰਿਤੀ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਕੋਈ ਭੀ ਦੇਸ਼ ਅਲੱਗ-ਥਲੱਗ ਹੋ ਕੇ ਨਹੀਂ ਪਣਪ ਸਕਦਾ। ਅਸੀਂ ਸਾਰੇ ਇੱਕ-ਦੂਸਰੇ 'ਤੇ ਨਿਰਭਰ ਹਾਂ।" ਉਨ੍ਹਾਂ ਨੇ ਆਲਮੀ ਪਹਿਲਾਂ ਨੂੰ ਅੱਗੇ ਵਧਾਉਣ ਦੇ ਲਈ ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ 'ਤੇ ਬਲ ਦਿੱਤਾ। ਇਹ ਦੇਖਦੇ ਹੋਏ ਕਿ ਸਮੇਂ ਦੇ ਨਾਲ ਵਿਕਸਿਤ ਹੋਣ ਵਿੱਚ ਉਨ੍ਹਾਂ ਦੀ ਅਸਮਰੱਥਾ ਨੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ 'ਤੇ ਆਲਮੀ ਬਹਿਸ ਨੂੰ ਜਨਮ ਦਿੱਤਾ ਹੈ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਜਿਹੇ ਆਲਮੀ ਸੰਗਠਨਾਂ ਦੀ ਪ੍ਰਾਸੰਗਿਕਤਾ ਬਾਰੇ ਭੀ ਬਾਤਚੀਤ ਕੀਤੀ।

ਸ਼੍ਰੀ ਮੋਦੀ ਨੇ ਯੂਕ੍ਰੇਨ ਵਿੱਚ ਸ਼ਾਂਤੀ ਦੇ ਮਾਰਗ ਦੇ ਵਿਸ਼ੇ  ‘ਤੇ ਕਿਹਾ ਉਹ ਭਗਵਾਨ ਬੁੱਧ ਅਤੇ ਮਹਾਤਮਾ ਗਾਂਧੀ ਦੀ ਭੂਮੀ ਦੀ ਪ੍ਰਤੀਨਿਧਤਾਕਰਦੇ ਹਨ।  ਇਨ੍ਹਾਂ ਮਹਾਨ ਆਤਮਾਵਾਂ ਦੀਆਂ ਸਿੱਖਿਆਵਾਂ ਅਤੇ ਕਾਰਜ ਪੂਰੀ ਤਰ੍ਹਾਂ ਨਾਲ ਸ਼ਾਂਤੀ ਨੂੰ ਸਮਰਪਿਤ ਸਨ। ਉਨ੍ਹਾਂ ਨੇ ਇਸ ਬਾਤ ‘ਤੇਬਲ ਦਿੱਤਾ ਕਿ ਭਾਰਤ ਦਾ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਿਕ ਪਿਛੋਕੜ ਇਹ ਸੁਨਿਸ਼ਚਿਤ ਕਰਦਾ ਹੈ ਕਿ ਜਦੋਂ ਭਾਰਤ ਸ਼ਾਂਤੀ ਦੀ ਬਾਤ ਕਰਦਾ ਹੈ, ਤਾਂ ਦੁਨੀਆ ਸੁਣਦੀ ਹੈ। ਉਨ੍ਹਾਂ ਨੇ ਇਸ ਬਾਤ'ਤੇ ਪ੍ਰਕਾਸ਼  ਪਾਇਆ ਕਿ ਭਾਰਤੀਆਂ ਵਿੱਚ ਸੰਘਰਸ਼ ਦੇ ਲਈ ਕੋਈ ਜਗ੍ਹਾ ਨਹੀਂ ਹੈ, ਬਲਕਿ ਉਹ ਸਦਭਾਵ ਦਾ ਸਮਰਥਨ ਕਰਦੇ ਹਨ, ਸ਼ਾਂਤੀ ਦੇ ਲਈ ਖੜ੍ਹੇ ਹੁੰਦੇ ਹਨ ਅਤੇ ਜਿੱਥੇ ਭੀ ਸੰਭਵ ਹੋਵੇ ਸ਼ਾਂਤੀ ਸਥਾਪਨਾ ਦੀ ਜ਼ਿੰਮੇਵਾਰੀ ਲੈਂਦੇ ਹਨ। ਪ੍ਰਧਾਨ ਮੰਤਰੀ ਨੇ ਰੂਸ ਅਤੇ ਯੂਕ੍ਰੇਨ ਦੋਨਾਂ ਦੇ ਨਾਲ ਆਪਣੇ ਨਿਕਟ ਸਬੰਧਾਂ ‘ਤੇਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਪੁਤਿਨ ਦੇ ਨਾਲ ਇਸ ਬਾਤ ‘ਤੇ ਬਲ ਦੇਣ ਲਈ ਬਾਤਚੀਤ ਕਰ ਸਕਦੇ ਹਨ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਇਹ ਭੀ ਦੱਸ ਸਕਦੇ ਹਨ ਕਿ ਸਮਾਧਾਨ ਯੁੱਧ ਦੇ ਮੈਦਾਨ ਵਿੱਚ ਨਹੀਂ ਬਲਕਿ  ਬਾਤਚੀਤਦੇ ਜ਼ਰੀਏ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਚਰਚਾਵਾਂ ਵਿੱਚ ਦੋਨਾਂ ਧਿਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਕਿ ਉਹ ਫਲਦਾਈ ਹੋ ਸਕਣ। ਉਨ੍ਹਾਂ  ਨੇ ਕਿਹਾ ਕਿ ਵਰਤਮਾਨ ਸਥਿਤੀ ਯੂਕ੍ਰੇਨ ਅਤੇ ਰੂਸ ਦੇ ਦਰਮਿਆਨ ਸਾਰਥਕ ਬਾਤਚੀਤਦਾ ਅਵਸਰਪ੍ਰਸਤੁਤ ਕਰਦੀ ਹੈ। ਸੰਘਰਸ਼ ਦੇ ਕਾਰਨ ਹੋਣ ਵਾਲੀ ਪੀੜਾ ‘ਤੇ ਪ੍ਰਕਾਸ਼  ਪਾਉਂਦੇ ਹੋਏ, ਜਿਸ ਵਿੱਚ ਗਲੋਬਲ ਸਾਊਥ 'ਤੇ ਇਸ ਦਾ ਪ੍ਰਭਾਵ ਭੀ ਸ਼ਾਮਲ ਹੈ, ਜਿਸ ਨੇਖੁਰਾਕ, ਈਂਧਣ ਅਤੇ ਖਾਦ ਵਿੱਚ ਸੰਕਟ ਦਾ ਸਾਹਮਣਾ ਕੀਤਾ ਹੈ, ਪ੍ਰਧਾਨ ਮੰਤਰੀ ਨੇ ਆਲਮੀ ਸਮੁਦਾਇ ਨੂੰ ਸ਼ਾਂਤੀ ਦੀ ਖੋਜ ਵਿੱਚ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਪਣਾ ਰੁਖ ਦੁਹਰਾਉਂਦੇ ਹੋਏ ਕਿਹਾ, "ਮੈਂ ਨਿਰਪੱਖ ਨਹੀਂ ਹਾਂ। ਮੇਰਾ ਇੱਕ ਰੁਖ ਹੈ ਅਤੇ ਉਹ ਹੈ ਸ਼ਾਂਤੀ, ਅਤੇ ਸ਼ਾਂਤੀ ਹੀ ਉਹ ਚੀਜ਼ ਹੈ ਜਿਸ ਦੇ ਲਈ ਮੈਂ ਪ੍ਰਯਾਸ ਕਰਦਾ ਹਾਂ।"

 

ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੇ ਵਿਸ਼ੇ 'ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਰ੍ਹੇ 1947 ਵਿੱਚ ਭਾਰਤ ਦੀ ਵੰਡ ਦੀ ਦਰਦਨਾਕ ਸਚਾਈ ਨੂੰ ਛੂਹਿਆ ਅਤੇ ਉਸ ਦੇ ਬਾਅਦ ਹੋਈ ਪੀੜਾ ਅਤੇ ਖੂਨ-ਖਰਾਬੇ 'ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਰੇਲਗੱਡੀਆਂ ਵਿੱਚ ਘਾਇਲ ਲੋਕਾਂ ਅਤੇ ਲਾਸ਼ਾਂ ਨਾਲ ਭਰੇ ਦਰਦਨਾਕ ਦ੍ਰਿਸ਼ ਦਾ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਦਭਾਵਨਾਪੂਰਨ ਸਹਿ-ਅਸਤਿਤਵ ਦੀਆਂ ਉਮੀਦਾਂ ਦੇ ਬਾਵਜੂਦ, ਪਾਕਿਸਤਾਨ ਨੇ ਦੁਸ਼ਮਣੀ ਦਾ ਰਸਤਾ ਚੁਣਿਆ ਅਤੇ ਭਾਰਤ ਦੇ ਖ਼ਿਲਾਫ਼ ਇੱਕ ਪ੍ਰੌਕਸੀ ਯੁੱਧ ਛੇੜ ਦਿੱਤਾ। ਪ੍ਰਧਾਨ ਮੰਤਰੀ ਨੇ ਖੂਨ-ਖਰਾਬੇ ਅਤੇ ਆਤੰਕ 'ਤੇ ਪਣਪਣ ਵਾਲੀ ਵਿਚਾਰਧਾਰਾ 'ਤੇ ਸਵਾਲ ਉਠਾਇਆ ਅਤੇ ਇਸ ਬਾਤ ‘ਤੇ  ਜ਼ੋਰ ਦਿੱਤਾ  ਕਿ ਆਤੰਕਵਾਦ ਨਾ ਕੇਵਲ  ਭਾਰਤ ਦੇ ਲਈ ਬਲਕਿ  ਦੁਨੀਆ ਦੇ ਲਈ ਇੱਕ ਖ਼ਤਰਾ ਹੈ। ਉਨ੍ਹਾਂ ਨੇ ਦੱਸਿਆ ਕਿ  ਆਤੰਕ ਦਾ ਰਸਤਾ  ਅਕਸਰ ਪਾਕਿਸਤਾਨ ਦੀ ਤਰਫ਼ ਜਾਂਦਾ ਹੈ, ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੀ ਉਦਾਹਰਣ ਦਿੱਤੀ, ਜਿਸ ਨੂੰ ਉੱਥੇ ਸ਼ਰਨ ਲੈਂਦੇ ਹੋਏ ਪਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਸ਼ਾਂਤੀ ਦਾ ਕੇਂਦਰ ਬਣ ਗਿਆ ਹੈ ਅਤੇ ਉਸ ਨੂੰ ਰਾਜ ਪ੍ਰਾਯੋਜਿਤ ਆਤੰਕਵਾਦ ਨੂੰ ਛੱਡਣ ਦਾਆਗਰਹਿ ਕੀਤਾ। ਉਨ੍ਹਾਂ ਨੇ ਸਵਾਲ ਕੀਤਾ, "ਆਪਣੇ ਦੇਸ਼ ਨੂੰ ਅਰਾਜਕ ਤਾਕਤਾਂ ਦੇ ਹਵਾਲੇ ਕਰਕੇ ਆਪ (ਤੁਸੀਂ) ਕੀ ਹਾਸਲ ਕਰਨ ਦੀ ਉਮੀਦ ਕਰਦੇ ਹੋ?" ਸ਼੍ਰੀ ਮੋਦੀ ਨੇ ਸ਼ਾਂਤੀ ਨੂੰ ਹੁਲਾਰਾ ਦੇਣ ਦੇ  ਆਪਣੇ ਵਿਅਕਤੀਗਤ ਪ੍ਰਯਾਸਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਲਾਹੌਰ ਦੀ ਉਨ੍ਹਾਂ ਦੀ ਯਾਤਰਾ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ  ਦੇ ਲਈ ਪਾਕਿਸਤਾਨ ਨੂੰ ਦਿੱਤਾ ਗਿਆ ਸੱਦਾ ਸ਼ਾਮਲ ਹੈ। ਉਨ੍ਹਾਂ ਨੇ ਇਸ ਕੂਟਨੀਤਕ ਕਦਮ ਨੂੰ ਸ਼ਾਂਤੀ ਅਤੇ ਸਦਭਾਵ ਦੇ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਮਾਣ ਦੱਸਿਆ, ਜਿਹਾ ਕਿ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀਆਂਯਾਦਾਂ ਵਿੱਚ ਉਲੇਖ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ  ਦਾ ਸਾਹਮਣਾ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਹੋਇਆ।

ਖੇਡਾਂ ਦੀ ਏਕੀਕ੍ਰਿਤ ਸ਼ਕਤੀ 'ਤੇ ਬਲ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਲੋਕਾਂ ਨੂੰ ਗਹਿਰੇ ਪੱਧਰ 'ਤੇ ਜੋੜਦੀਆਂ ਹਨ ਅਤੇ ਦੁਨੀਆ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ, "ਖੇਡਾਂ ਮਾਨਵ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ। ਉਹ ਕੇਵਲ ਖੇਡਾਂ ਨਹੀਂ ਹਨ; ਉਹ ਰਾਸ਼ਟਰਾਂ ਦੇ ਲੋਕਾਂ ਨੂੰ ਇਕੱਠਿਆਂ ਲਿਆਉਂਦੀਆਂ ਹਨ।" ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਹ ਖੇਡ ਤਕਨੀਕਾਂ ਦਾ ਮਾਹਰ ਨਹੀਂ ਹਨ, ਪਰ ਪਰਿਣਾਮ ਅਕਸਰ ਖ਼ੁਦ ਬੋਲਦੇ ਹਨ, ਜਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਹਾਲ ਹੀ ਵਿੱਚ ਹੋਏ ਕ੍ਰਿਕਟ ਮੈਚ ਵਿੱਚ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਭਾਰਤ ਦੀ ਮਜ਼ਬੂਤ ਫੁੱਟਬਾਲ ਸੰਸਕ੍ਰਿਤੀ'ਤੇਭੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਮਹਿਲਾ ਫੁੱਟਬਾਲ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪੁਰਸ਼ ਟੀਮ ਦੀ ਪ੍ਰਗਤੀ ਦਾ ਉਲੇਖ ਕੀਤਾ। ਅਤੀਤ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 1980 ਦੀ ਪੀੜ੍ਹੀ ਦੇ ਲਈ, ਮਾਰਾਡੋਨਾ ਇੱਕ ਸੱਚੇ ਨਾਇਕ ਸਨ, ਜਦਕਿ ਅੱਜ ਦੀ ਪੀੜ੍ਹੀ ਤੁਰੰਤ ਮੈਸੀ ਦਾ ਉਲੇਖ  ਕਰਦੀ ਹੈ। ਸ਼੍ਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਇੱਕ ਆਦਿਵਾਸੀ ਜ਼ਿਲ੍ਹੇ ਸ਼ਹਡੋਲ  ਦੀ ਇੱਕ ਯਾਦਗਾਰ ਯਾਤਰਾ ਨੂੰ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੇ ਫੁੱਟਬਾਲ ਦੇ ਪ੍ਰਤੀ ਗਹਿਰਾਈ ਨਾਲ ਸਮਰਪਿਤ ਇੱਕ ਸਮੁਦਾਇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇਯੁਵਾ ਖਿਡਾਰੀਆਂ ਨਾਲ ਮੁਲਾਕਾਤ ਨੂੰ ਯਾਦ ਕੀਤਾ, ਜੋ ਗਰਵ (ਮਾਣ) ਨਾਲ ਆਪਣੇ ਪਿੰਡ ਨੂੰ "ਮਿੰਨੀ ਬ੍ਰਾਜ਼ੀਲ" ਕਹਿੰਦੇ ਸਨ, ਇਹ ਨਾਮ ਫੁੱਟਬਾਲ ਪਰੰਪਰਾ ਦੀਆਂ ਚਾਰ ਪੀੜ੍ਹੀਆਂ ਅਤੇ ਲਗਭਗ 80 ਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਜ਼ਰੀਏ  ਕਮਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਸ਼ਿਕ  ਫੁੱਟਬਾਲ ਮੈਚ ਵਿੱਚ ਆਸ-ਪਾਸ ਦੇ  ਪਿੰਡਾਂ ਤੋਂ 20,000 ਤੋਂ 25,000 ਦਰਸ਼ਕ ਆਉਂਦੇ ਹਨ। ਉਨ੍ਹਾਂ ਨੇ ਭਾਰਤ ਵਿੱਚ ਫੁੱਟਬਾਲ ਦੇ ਪ੍ਰਤੀ ਵਧ ਰਹੇ ਜਨੂਨ ਬਾਰੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਨਾ ਕੇਵਲ  ਉਤਸ਼ਾਹ ਵਧਾਉਂਦਾ ਹੈ ਬਲਕਿ ਸੱਚੀ ਟੀਮ ਭਾਵਨਾ ਭੀ ਪੈਦਾ ਕਰਦਾ ਹੈ।

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਡੋਨਾਲਡ ਟ੍ਰੰਪ ਬਾਰੇ ਪੁੱਛੇ ਜਾਣ ‘ਤੇ, ਪ੍ਰਧਾਨ ਮੰਤਰੀ ਨੇ ਹਿਊਸਟਨ ਵਿੱਚ ਆਯੋਜਿਤ "ਹਾਉਡੀ ਮੋਦੀ" ਰੈਲੀ ਬਾਰੇ ਇੱਕ ਯਾਦਗਾਰੀ ਘਟਨਾ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਅਤੇ ਰਾਸ਼ਟਰਪਤੀ ਟ੍ਰੰਪ ਨੇ ਖਚਾਖਚ ਭਰੇ ਸਟੇਡੀਅਮ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਰਾਸ਼ਟਰਪਤੀ ਟ੍ਰੰਪ ਦੀ ਨਿਮਰਤਾ ਬਾਰੇ ਦੱਸਿਆ ਕਿ ਕਿਵੇਂ ਉਹ ਮੋਦੀ ਦੇ ਭਾਸ਼ਣ ਦੇ ਦੌਰਾਨ ਦਰਸ਼ਕਾਂ ਦੇ ਦਰਮਿਆਨ ਬੈਠੇ ਰਹੇ  ਅਤੇ ਬਾਅਦ ਵਿੱਚ ਉਨ੍ਹਾਂ ਦੇ ਨਾਲ ਸਟੇਡੀਅਮ ਵਿੱਚ ਘੁੰਮਣ ਦੇ ਲਈ ਸਹਿਮਤ ਹੋਏ, ਜਿਸ ਨਾਲ ਆਪਸੀ ਵਿਸ਼ਵਾਸ ਅਤੇ  ਇੱਕ ਮਜ਼ਬੂਤ ਬੰਧਨ ਦਾ ਪ੍ਰਦਰਸ਼ਨ ਹੋਇਆ। ਉਨ੍ਹਾਂ ਨੇ ਰਾਸ਼ਟਰਪਤੀ ਟ੍ਰੰਪ ਦੇ ਸਾਹਸ ਅਤੇ ਨਿਰਣੇ ਲੈਣ ਦੀ ਸਮਰੱਥਾ ‘ਤੇ ਪ੍ਰਕਾਸ਼  ਪਾਉਂਦੇ ਹੋਏ ਇੱਕ ਅਭਿਯਾਨ ਦੌਰਾਨ ਗੋਲੀ ਲਗਣ ਦੇ ਬਾਅਦ ਭੀ ਉਨ੍ਹਾਂ ਦੇ ਲਚੀਲੇਪਣ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਵ੍ਹਾਈਟ ਹਾਊਸ ਦੀ ਆਪਣੀ ਪਹਿਲੀ ਯਾਤਰਾ ‘ਤੇ ਵਿਚਾਰ ਕੀਤਾ, ਜਿੱਥੇ ਰਾਸ਼ਟਰਪਤੀ ਟ੍ਰੰਪ ਨੇ ਰਸਮੀ ਪ੍ਰੋਟੋਕੋਲ ਤੋੜ ਕੇ ਵਿਅਕਤੀਗਤਤੌਰ 'ਤੇ ਉਨ੍ਹਾਂ ਨੂੰ ਘੁਮਾਇਆ ਸੀ। ਉਨ੍ਹਾਂ ਨੇ ਅਮਰੀਕੀ ਇਤਿਹਾਸ ਦੇ ਪ੍ਰਤੀ ਟ੍ਰੰਪ ਦੇ ਗਹਿਰੇ ਸਨਮਾਨ ਦਾ ਉਲੇਖ ਕੀਤਾ, ਕਿਉਂਕਿ ਉਨ੍ਹਾਂ ਨੇ ਬਿਨਾ ਨੋਟਸ ਜਾਂ ਸਹਾਇਤਾ ਦੇ ਪਿਛਲੇ ਰਾਸ਼ਟਰਪਤੀਆਂ ਅਤੇ ਮਹੱਤਵਪੂਰਨ ਖਿਣਾਂ ਬਾਰੇ ਵਿਵਰਣ ਸਾਂਝੇ ਕੀਤੇ। ਉਨ੍ਹਾਂ ਨੇ ਉਨ੍ਹਾਂ ਦੇ ਦਰਮਿਆਨ ਮਜ਼ਬੂਤ ਵਿਸ਼ਵਾਸ ਅਤੇ ਸੰਚਾਰ 'ਤੇ ਬਲ ਦਿੱਤਾ, ਜੋ ਟ੍ਰੰਪ ਦੇ ਰਾਸ਼ਟਰਪਤੀ ਦਫ਼ਤਰ ਤੋਂ ਗ਼ੈਰਹਾਜ਼ਰ ਰਹਿਣ ਦੇ ਦੌਰਾਨ ਭੀ ਅਡਿਗ ਰਿਹਾ। ਰਾਸ਼ਟਰਪਤੀ ਟ੍ਰੰਪ ਦੁਆਰਾ ਉਨ੍ਹਾਂ ਨੂੰ ਮਹਾਨ ਵਾਰਤਾਕਾਰ ਕਹਿਣ ਦੀ ਉਦਾਰਤਾ 'ਤੇ ਟਿੱਪਣੀ ਕਰਦੇ ਹੋਏ, ਅਤੇ ਇਸ ਨੂੰ ਟ੍ਰੰਪ ਦੀ ਨਿਮਰਤਾ ਦਾ ਕ੍ਰੈਡਿਟ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਵਾਰਤਾ ਦ੍ਰਿਸ਼ਟੀਕੋਣ ਹਮੇਸ਼ਾ ਭਾਰਤ ਦੇ ਹਿਤਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ, ਬਿਨਾ ਕਿਸੇ ਨੂੰ ਠੇਸ ਪਹੁੰਚਾਏ ਸਕਾਰਾਤਮਕ ਰੂਪ ਨਾਲ ਵਕਾਲਤ ਕਰਦਾ ਹੈ। ਉਨ੍ਹਾਂ ਨੇ ਇਸ  ਬਾਤ ‘ਤੇ ਬਲ ਦਿੱਤਾ ਕਿ ਉਨ੍ਹਾਂ ਦਾ ਰਾਸ਼ਟਰ ਉਨ੍ਹਾਂ ਦਾ ਸਰਬਉੱਚ ਆਦੇਸ਼ ਹੈ, ਅਤੇ ਉਹ ਭਾਰਤ ਦੇ ਲੋਕਾਂ ਦੁਆਰਾ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਦਾਰੀ ਦਾ ਸਨਮਾਨ ਕਰਦੇ ਹਨ। ਅਮਰੀਕਾ ਦੀ ਆਪਣੀ ਹਾਲੀਆ ਯਾਤਰਾ ਦੇ ਦੌਰਾਨ ਐਲਨ ਮਸਕ, ਤੁਲਸੀ ਗਬਾਰਡ, ਵਿਵੇਕ ਰਾਮਾਸਵਾਮੀ ਅਤੇ ਜੇਡੀ ਵੈਂਸ ਜਿਹੇ ਵਿਅਕਤੀਆਂ ਦੇ ਨਾਲ ਆਪਣੀਆਂ ਸਫ਼ਲ ਬੈਠਕਾਂ ‘ਤੇ ਪ੍ਰਕਾਸ਼  ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਗਰਮਜੋਸ਼ੀ ਭਰੇ, ਪਰਿਵਾਰਿਕ ਮਾਹੌਲ ਦੀ ਬਾਤ ਕੀਤੀ ਅਤੇ ਐਲਨ ਮਸਕ ਦੇ ਨਾਲ ਆਪਣੇ ਪੁਰਾਣੇਪਰੀਚੈ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਡੀਓਜੀਈ ਮਿਸ਼ਨ ਬਾਰੇ ਮਸਕ ਦੇ ਉਤਸ਼ਾਹ 'ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ 2014 ਵਿੱਚ ਅਹੁਦਾ ਸੰਭਾਲਣ ਦੇ  ਬਾਅਦ ਸ਼ਾਸਨ ਵਿੱਚ ਅਸਮਰੱਥਾਵਾਂ ਅਤੇ ਹਾਨੀਕਾਰਕ ਪਿਰਤਾਂ ਨੂੰ ਸਮਾਪਤ ਕਰਨ ਦੇ ਆਪਣੇ ਖ਼ੁਦ ਦੇ ਪ੍ਰਯਾਸਾਂ ਦੇ  ਨਾਲ ਸਮਾਨਤਾਵਾਂ ਦੱਸੀਆਂ। ਪ੍ਰਧਾਨ ਮੰਤਰੀ ਨੇ ਕਲਿਆਣਕਾਰੀ ਯੋਜਨਾਵਾਂ ਤੋਂ 10 ਕਰੋੜ ਫਰਜੀਜਾਂ ਡੁਪਲੀਕੇਟ ਨਾਮਾਂ ਨੂੰ ਹਟਾਉਣ ਸਹਿਤ ਸ਼ਾਸਨ ਸੁਧਾਰਾਂ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ, ਜਿਸ ਨਾਲ ਭਾਰੀ ਮਾਤਰਾ ਵਿੱਚ ਧਨ ਦੀ ਬੱਚਤ ਹੋਈ। ਉਨ੍ਹਾਂ ਨੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਅਤੇ ਵਿਚੋਲਿਆਂ ਨੂੰ ਸਮਾਪਤ ਕਰਨ ਦੇ ਲਈ ਪ੍ਰਤੱਖ ਲਾਭ ਟ੍ਰਾਂਸਫਰ ਦੀ ਸ਼ੁਰੂਆਤ ਕੀਤੀ, ਜਿਸ ਨਾਲ ਲਗਭਗ ਤਿੰਨ ਲੱਖ ਕਰੋੜ ਰੁਪਏ ਦੀ ਬੱਚਤ ਹੋਈ। ਉਨ੍ਹਾਂ ਨੇ ਸਰਕਾਰੀ ਖਰੀਦ, ਲਾਗਤ ਘੱਟ ਕਰਨ ਅਤੇ ਗੁਣਵੱਤਾ ਵਿੱਚ ਸੁਧਾਰ ਦੇ ਲਈ ਜੀਈਐੱਮ ਪੋਰਟਲ ਭੀ ਸ਼ੁਰੂ ਕੀਤਾ। ਇਸ ਦੇਅਤਿਰਿਕਤ, ਉਨ੍ਹਾਂ ਨੇ ਸ਼ਾਸਨ ਨੂੰ ਸੁਵਿਵਸਥਿਤ ਕਰਨ ਦੇ ਲਈ 40,000 ਗ਼ੈਰ ਜ਼ਰੂਰੀ ਅਨੁਪਾਲਨ ਨੂੰ ਸਮਾਪਤ ਕੀਤੇ ਅਤੇ 1,500 ਪੁਰਾਣੇ ਕਾਨੂੰਨਾਂ ਨੂੰ ਹਟਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਹਸਿਕ ਬਦਲਾਵਾਂ ਨੇ ਭਾਰਤ ਨੂੰ ਆਲਮੀ  ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਡੀਓਜੀਈ ਜਿਹੇ ਅਭਿਨਵ ਮਿਸ਼ਨ ਦੁਨੀਆ ਭਰ ਦਾ ਧਿਆਨ ਆਕਰਸ਼ਿਤ ਕਰਦੇ ਹਨ।

ਭਾਰਤ ਅਤੇ ਚੀਨ ਦੇ  ਨਾਲ ਦੁਵੱਲੇ ਸਬੰਧਾਂ ਬਾਰੇ ਪੁੱਛੇ ਜਾਣ ‘ਤੇ, ਪ੍ਰਧਾਨ ਮੰਤਰੀ ਨੇ ਇੱਕ-ਦੂਸਰੇ ਤੋਂ ਸਿੱਖਣ ਅਤੇ ਆਲਮੀ ਭਲਾਈ ਵਿੱਚ ਯੋਗਦਾਨ ਦੇਣ ਦੇ ਆਪਣੇ ਸਾਂਝੇ ਇਤਿਹਾਸ 'ਤੇ ਬਲ ਦਿੰਦੇ ਹੋਏਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੱਕ ਸਮੇਂ ਵਿੱਚ, ਭਾਰਤ ਅਤੇ ਚੀਨ ਨੇ ਮਿਲ ਕੇ ਦੁਨੀਆ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਵਿੱਚ 50 ਪ੍ਰਤੀਸ਼ਤ ਤੋਂ ਅਧਿਕ ਯੋਗਦਾਨ ਦਿੱਤਾ ਸੀ, ਜੋ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਚੀਨ ਵਿੱਚ ਬੁੱਧ ਧਰਮ ਦੇ ਗਹਿਨ ਪ੍ਰਭਾਵ ਸਹਿਤ ਗਹਿਰੇ ਸੱਭਿਆਚਾਰਕ ਸਬੰਧਾਂ ਦਾ ਉਲੇਖ ਕੀਤਾ, ਜਿਸ ਦੀ ਉਤਪਤੀ ਭਾਰਤ ਵਿੱਚ ਹੋਈ ਸੀ। ਸ਼੍ਰੀ ਮੋਦੀ ਨੇ ਦੋਨਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਬਣਾਈ ਰੱਖਣ ਅਤੇ ਮਜ਼ਬੂਤ ਕਰਨ ਦੇਮਹੱਤਵ 'ਤੇ ਬਲ ਦਿੱਤਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਗੁਆਂਢੀਆਂ ਦਰਮਿਆਨ ਮਤਭੇਦ ਸਭਾਵਿਕ ਹਨ, ਲੇਕਿਨ ਇਨ੍ਹਾਂ ਮਤਭੇਦਾਂ ਨੂੰ ਵਿਵਾਦਾਂ ਵਿੱਚ ਬਦਲਣ ਤੋਂ ਰੋਕਣ ਦੀ ਜ਼ਰੂਰਤ 'ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, " ਬਾਤਚੀਤ ਇੱਕ ਸਥਿਰ ਅਤੇ ਸਹਿਯੋਗੀ ਸਬੰਧ ਬਣਾਉਣ ਦੀ ਕੁੰਜੀ ਹੈ ਜੋ ਦੋਨਾਂ ਦੇਸ਼ਾਂ ਨੂੰ ਲਾਭਵੰਦ ਕਰਦੀ ਹੈ।" ਪ੍ਰਧਾਨ ਮੰਤਰੀ ਨੇ ਵਰਤਮਾਨ ਵਿੱਚ ਜਾਰੀ ਸੀਮਾ ਵਿਵਾਦਾਂ ਨੂੰ ਸੰਬੋਧਨ ਕਰਦੇ ਹੋਏ, 2020 ਵਿੱਚ ਉਤਪੰਨ ਤਣਾਵਾਂ ਨੂੰ ਸਵੀਕਾਰ ਕੀਤਾ, ਲੇਕਿਨ ਕਿਹਾ ਕਿ ਰਾਸ਼ਟਰਪਤੀ ਸ਼ੀ ਚਿਨਫਿੰਗਦੇ ਨਾਲ ਉਨ੍ਹਾਂ ਦੀ ਹਾਲੀਆ ਬੈਠਕ ਨਾਲ ਸੀਮਾ 'ਤੇ ਆਮ ਸਥਿਤੀ ਵਾਪਸ ਆ ਗਈ ਹੈ। ਉਨ੍ਹਾਂ ਨੇ 2020 ਤੋਂ ਪਹਿਲੇ ਦੇ ਪੱਧਰ 'ਤੇ ਸਥਿਤੀਆਂ ਨੂੰ ਬਹਾਲ ਕਰਨ ਦੇ ਪ੍ਰਯਾਸਾਂ 'ਤੇ ਪ੍ਰਕਾਸ਼  ਪਾਇਆ ਅਤੇ ਆਸ਼ਾ ਵਿਅਕਤ ਕੀਤੀ ਕਿ ਵਿਸ਼ਵਾਸ, ਉਤਸ਼ਾਹ ਅਤੇ ਊਰਜਾ ਹੌਲ਼ੀ-ਹੌਲ਼ੀ ਵਾਪਸ ਆ ਜਾਵੇਗੀ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਆਲਮੀ  ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਭਾਰਤ ਅਤੇ ਚੀਨ ਦੇ ਦਰਮਿਆਨ ਸਹਿਯੋਗ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਸੰਘਰਸ਼ ਦੀ ਬਜਾਏ ਤੰਦਰੁਸਤ ਮੁਕਾਬਲੇ ਦੀ ਵਕਾਲਤ ਕੀਤੀ।

 

ਆਲਮੀ ਤਣਾਅ 'ਤੇ ਪ੍ਰਧਾਨ ਮੰਤਰੀ ਨੇ ਕੋਵਿਡ-19 ਤੋਂ ਮਿਲੇ ਸਬਕ 'ਤੇ ਵਿਚਾਰ ਕੀਤਾ, ਜਿਸ ਨੇ ਹਰ ਦੇਸ਼ ਦੀਆਂ ਸੀਮਾਵਾਂ ਨੂੰ ਉਜਾਗਰ ਕੀਤਾ ਅਤੇ ਏਕਤਾ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਦੀ ਤਰਫ਼ ਵਧਣ ਦੀ ਬਜਾਏ, ਦੁਨੀਆ ਅਧਿਕ ਵਿਖੰਡਿਤ ਹੋ ਗਈ ਹੈ, ਜਿਸ ਨਾਲ ਅਨਿਸ਼ਚਿਤਤਾ ਅਤੇ ਵਿਗੜਦੇ ਸੰਘਰਸ਼ ਹੋ ਰਹੇ ਹਨ। ਉਨ੍ਹਾਂ ਨੇ ਸੁਧਾਰਾਂ ਦੀ ਕਮੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਅਣਦੇਖੀ ਦੇ ਕਾਰਨ ਸੰਯੁਕਤ ਰਾਸ਼ਟਰ ਜਿਹੇ ਅੰਤਰਰਾਸ਼ਟਰੀ ਸੰਗਠਨਾਂ ਦੀ ਗ਼ੈਰ ਪ੍ਰਾਸੰਗਿਕਤਾ ‘ਤੇ ਪ੍ਰਕਾਸ਼  ਪਾਇਆ। ਸ਼੍ਰੀ ਮੋਦੀ ਨੇ ਸੰਘਰਸ਼ ਤੋਂ ਸਹਿਯੋਗ ਦੀ ਤਰਫ਼ ਬਦਲਾਅ ਦਾ ਸੱਦਾ ਦਿੱਤਾ ਅਤੇ ਵਿਕਾਸ-ਸੰਚਾਲਿਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦਾ ਰਸਤਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇੱਕ ਦੂਸਰੇ ਨਾਲ ਜੁੜੀ ਅਤੇ ਇੱਕ ਦੂਸਰੇ ‘ਤੇ ਨਿਰਭਰ ਦੁਨੀਆ ਵਿੱਚ ਵਿਸਤਾਰਵਾਦ ਕੰਮ ਨਹੀਂ ਕਰੇਗਾ। ਉਨ੍ਹਾਂ ਨੇ ਦੇਸ਼ਾਂ ਨੂੰ ਇੱਕ ਦੂਸਰੇ ਦਾ ਸਮਰਥਨ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ। ਉਨ੍ਹਾਂ ਨੇ ਚਲ ਰਹੇ ਸੰਘਰਸ਼ਾਂ 'ਤੇ ਆਲਮੀ ਮੰਚਾਂ ਦੁਆਰਾ ਸਾਂਝੀ ਕੀਤੀ ਗਈ ਗਹਿਰੀ ਚਿੰਤਾ ਨੂੰ ਦੇਖਦੇ ਹੋਏ ਸ਼ਾਂਤੀ ਬਹਾਲੀ ਦੀ ਆਸ਼ਾ ਵਿਅਕਤ ਕੀਤੀ।

ਸੰਨ 2002 ਦੇ ਗੁਜਰਾਤ ਦੰਗਿਆਂ ਦੇ ਵਿਸ਼ੇ 'ਤੇ, ਸ਼੍ਰੀ ਮੋਦੀ ਨੇ ਇਸ ਦੇ ਲਈ ਮੋਹਰੀ ਅਸਥਿਰ ਮਾਹੌਲ ਦਾ ਵਿਸਤ੍ਰਿਤ ਵਿਵਰਣ ਦਿੱਤਾ, ਜਿਸ ਵਿੱਚ ਕੰਧਾਰ ਹਾਈਜੈਕਿੰਗ, ਲਾਲ ਕਿਲੇ 'ਤੇ ਹਮਲਾ ਅਤੇ 9/11 ਦੇ ਆਤੰਕਵਾਦੀ ਹਮਲਿਆਂ ਸਹਿਤ ਆਲਮੀ ਅਤੇ ਰਾਸ਼ਟਰੀ ਸੰਕਟਾਂ ਦੀ ਇੱਕ ਸੀਰੀਜ਼ ‘ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਤਣਾਅਪੂਰਨ ਮਾਹੌਲ ਅਤੇ ਨਵੇਂ ਨਿਯੁਕਤ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ 'ਤੇ ਟਿੱਪਣੀ ਕੀਤੀ, ਜਿਸ ਵਿੱਚ ਵਿਨਾਸ਼ਕਾਰੀ ਭੁਚਾਲਦੇ ਬਾਅਦ ਪੁਨਰਵਾਸ ਦੀ ਦੇਖਰੇਖ ਅਤੇ ਦੁਖਦਾਈ ਗੋਧਰਾ ਘਟਨਾ ਦੇ ਬਾਅਦ ਦੇ ਪ੍ਰਬੰਧਨ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ 2002 ਦੇ ਦੰਗਿਆਂ ਬਾਰੇ ਗਲਤ ਧਾਰਨਾਵਾਂ ਬਾਰੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲੇ ਗੁਜਰਾਤ ਦਾ ਸੰਪਰਦਾਇਕ ਹਿੰਸਾ ਦਾ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਿਆਂਪਾਲਿਕਾ ਨੇ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਦੋਸ਼ ਪਾਇਆ। ਉਨ੍ਹਾਂ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਗੁਜਰਾਤ 2002 ਤੋਂ 22 ਵਰ੍ਹਿਆਂ ਤੱਕ ਸ਼ਾਂਤੀਪੂਰਨ ਰਿਹਾ ਹੈ, ਇਸ ਦਾ ਕ੍ਰੈਡਿਟ  ਸਾਰਿਆਂ ਦੇ ਲਈ ਵਿਕਾਸ ਅਤੇ ਸਾਰਿਆਂ ਦੇ ਵਿਸ਼ਵਾਸ 'ਤੇ ਕੇਂਦ੍ਰਿਤ ਸ਼ਾਸਨ ਦ੍ਰਿਸ਼ਟੀਕੋਣ ਨੂੰ ਦਿੱਤਾ। ਸ਼੍ਰੀ ਮੋਦੀ ਨੇ ਆਲੋਚਨਾ ਬਾਰੇ ਬਾਤ ਕਰਦੇ ਹੋਏ ਕਿਹਾ, "ਆਲੋਚਨਾ ਲੋਕਤੰਤਰ ਦੀ ਆਤਮਾ ਹੈ", ਵਾਸਤਵਿਕ, ਅੱਛੀ ਤਰ੍ਹਾਂ ਸੂਚਿਤ ਆਲੋਚਨਾ ਦੇ ਮਹੱਤਵ 'ਤੇ ਬਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਿਹਤਰ ਨੀਤੀ ਨਿਰਮਾਣ ਦੀ ਤਰਫ਼ ਲੈ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਨੇ ਨਿਰਅਧਾਰ ਆਰੋਪਾਂ ਦੇ ਪ੍ਰਚਲਨ 'ਤੇ ਚਿੰਤਾ ਵਿਅਕਤ ਕੀਤੀ, ਜਿਸ ਨੂੰ ਉਨ੍ਹਾਂ ਨੇ ਰਚਨਾਤਮਕ ਆਲੋਚਨਾ ਤੋਂ ਅਲੱਗ ਦੱਸਿਆ। ਉਨ੍ਹਾਂ ਨੇ ਕਿਹਾ, "ਆਰੋਪਾਂ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ; ਇਹ ਕੇਵਲ ਗ਼ੈਰ ਜ਼ਰੂਰੀ ਸੰਘਰਸ਼ ਦਾ ਕਾਰਨ ਬਣਦੇ ਹਨ।" ਪ੍ਰਧਾਨ ਮੰਤਰੀ ਨੇ ਪੱਤਰਕਾਰੀ ‘ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦੇ ਹੋਏ ਸੰਤੁਲਿਤ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਇੱਕ ਵਾਰ ਸਾਂਝਾ ਕੀਤੀ ਗਈ ਇੱਕ ਉਪਮਾ ਨੂੰ ਯਾਦ ਕੀਤਾ, ਪੱਤਰਕਾਰੀ ਦੀ ਤੁਲਨਾ ਇੱਕ ਮਧੂਮੱਖੀ ਨਾਲ ਕੀਤੀ ਜੋ ਅੰਮ੍ਰਿਤ ਇਕੱਠਾ ਕਰਦੀ ਹੈ ਅਤੇ ਮਿਠਾਸ ਫੈਲਾਉਂਦੀ ਹੈ, ਲੇਕਿਨ ਜਦੋਂ ਜ਼ਰੂਰੀ ਹੋਵੇ ਤਾਂ ਸ਼ਕਤੀਸ਼ਾਲੀ ਡੰਗ ਭੀ ਮਾਰ ਸਕਦੀ ਹੈ।  ਉਨ੍ਹਾਂ ਨੇ ਆਪਣੀ ਉਪਮਾ ਦੀਆਂ ਚੋਣਵੀਆਂ ਵਿਆਖਿਆਵਾਂ 'ਤੇ ਨਿਰਾਸ਼ਾ ਵਿਅਕਤ ਕੀਤੀ, ਪੱਤਰਕਾਰੀ ਨੂੰ ਸਨਸਨੀਖੇਜ਼ ਹੋਣ ਦੀ ਬਜਾਏ ਸੱਚ ਅਤੇ ਰਚਨਾਤਮਕ ਪ੍ਰਭਾਵ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ।

ਰਾਜਨੀਤੀ ਵਿੱਚ ਆਪਣੇ ਵਿਆਪਕ ਅਨੁਭਵ ‘ਤੇ ਚਰਚਾ ਕਰਦੇ ਹੋਏ, ਸੰਗਠਨਾਤਮਕ ਕਾਰਜ, ਚੋਣ ਪ੍ਰਬੰਧਨ ਅਤੇ ਅਭਿਯਾਨ ਦੀ ਰਣਨੀਤੀ ਬਣਾਉਣ 'ਤੇ ਆਪਣੇ ਸ਼ੁਰੂਆਤੀ ਧਿਆਨ ਦੇਣ ‘ਤੇ ਪ੍ਰਕਾਸ਼  ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 24 ਵਰ੍ਹਿਆਂ ਤੋਂ ਗੁਜਰਾਤ ਅਤੇ ਭਾਰਤ ਦੇ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਕੀਤਾ ਹੈ, ਅਤੇ ਉਹ ਇਸ ਪਵਿੱਤਰ ਕਰਤੱਵ ਨੂੰ ਅਟੁੱਟ ਸਮਰਪਣ ਦੇ ਨਾਲ ਨਿਭਾਉਣ ਦੇ ਲਈ ਪ੍ਰਤੀਬੱਧ ਹਨ। ਉਨ੍ਹਾਂ ਨੇ ਜਾਤੀ, ਧਰਮ, ਵਿਸ਼ਵਾਸ, ਧਨ ਜਾਂ ਵਿਚਾਰਧਾਰਾ ਦੇ ਅਧਾਰ ‘ਤੇ ਭੇਦਭਾਵ ਕੀਤੇ ਬਿਨਾ ਕਲਿਆਣਕਾਰੀ ਯੋਜਨਾਵਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਦੇ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ 'ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵਾਸ ਨੂੰ ਹੁਲਾਰਾ ਦੇਣਾ ਉਨ੍ਹਾਂ ਦੇ ਸ਼ਾਸਨ ਮਾਡਲ ਦਾ ਇੱਕ ਅਧਾਰਸ਼ਿਲਾ ਹੈ, ਇਹ ਸੁਨਿਸ਼ਚਿਤ ਕਰਨਾ ਕਿ ਯੋਜਨਾਵਾਂ ਨਾਲ ਸਿੱਧੇ ਤੌਰ 'ਤੇ ਲਾਭਵੰਦ ਨਾ ਹੋਣ ਵਾਲੇ ਲੋਕ ਭੀ ਸ਼ਾਮਲ ਮਹਿਸੂਸ ਕਰਨ ਅਤੇ ਭਵਿੱਖ ਦੇ ਅਵਸਰਾਂ ਬਾਰੇ ਆਸਵੰਦ ਹੋਣ। ਪ੍ਰਧਾਨ ਮੰਤਰੀ ਨੇ ਕਿਹਾ, "ਸਾਡਾ ਸ਼ਾਸਨ ਲੋਕਾਂ ਵਿੱਚ ਨਿਹਿਤ ਹੈ, ਨਾ ਕਿ ਚੋਣਾਂ ਵਿੱਚ, ਅਤੇ ਨਾਗਰਿਕਾਂ ਅਤੇ ਰਾਸ਼ਟਰ ਦੀ ਭਲਾਈ ਦੇ ਲਈ ਸਮਰਪਿਤ ਹੈ।" ਸ਼੍ਰੀ ਮੋਦੀ ਨੇ ਰਾਸ਼ਟਰ ਅਤੇ ਉਸ ਦੇ ਲੋਕਾਂ ਨੂੰ ਈਸ਼ਵਰ ਦੀ ਅਭਿਵਿਅਕਤੀ ਦੇ ਰੂਪ ਵਿੱਚ ਸਨਮਾਨਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਆਪਣੀ ਭੂਮਿਕਾ ਦੀ ਤੁਲਨਾ ਲੋਕਾਂ ਦੀ ਸੇਵਾ ਕਰਨ ਵਾਲੇ ਇੱਕ ਸਮਰਪਿਤ ਪੁਜਾਰੀ ਨਾਲ ਕੀਤੀ। ਉਨ੍ਹਾਂ ਨੇ ਹਿਤਾਂ ਦੇ ਟਕਰਾਅ ਦੀ ਕਮੀ 'ਤੇ ਜ਼ੋਰ ਦਿੱਤਾ, ਇਹ ਦੇਖਦੇ ਹੋਏ ਕਿ ਉਨ੍ਹਾਂ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਨਹੀਂ ਹੈ ਜੋ ਉਨ੍ਹਾਂ ਦੇ ਪਦ ਤੋਂ ਲਾਭਵੰਦ ਹੋਵੇ, ਜੋ ਆਮ ਆਦਮੀ ਦੇ ਨਾਲ ਗੂੰਜਦਾ ਹੈ ਅਤੇ ਵਿਸ਼ਵਾਸ ਪੈਦਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਦੀ ਸਭ ਤੋਂ ਬੜੀ ਰਾਜਨੀਤਕ ਪਾਰਟੀ ਨਾਲ ਜੁੜੇ ਹੋਣ 'ਤੇ ਗਰਵ (ਮਾਣ) ਵਿਅਕਤ ਕੀਤਾ, ਜਿਸ ਦਾ ਕ੍ਰੈਡਿਟ ਉਨ੍ਹਾਂ ਨੇ ਲੱਖਾਂ ਸਮਰਪਿਤ ਵਲੰਟੀਅਰਾਂ ਦੇ ਅਣਥੱਕ ਪ੍ਰਯਾਸਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਉਸ ਦੇ ਨਾਗਰਿਕਾਂ ਦੇ ਕਲਿਆਣ ਦੇ  ਲਈ ਸਮਰਪਿਤ ਇਨ੍ਹਾਂ ਵਲੰਟੀਅਰਾਂ ਦਾ ਰਾਜਨੀਤੀ ਵਿੱਚ ਕੋਈ ਵਿਅਕਤੀਗਤ ਹਿਤ ਨਹੀਂ ਹੈ ਅਤੇ ਉਹ ਆਪਣੀ ਨਿਰਸੁਆਰਥ ਸੇਵਾ ਦੇ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਇਸ  ਬਾਤ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਇਹ ਵਿਸ਼ਵਾਸ ਚੋਣ ਪਰਿਣਾਮਾਂ ਤੋਂ ਝਲਕਦਾ ਹੈ, ਜਿਸ ਦਾ ਕ੍ਰੈਡਿਟ ਉਹ ਲੋਕਾਂ ਦੇ ਅਸ਼ੀਰਵਾਦ ਨੂੰ ਦਿੰਦੇ ਹਨ।

ਭਾਰਤ ਵਿੱਚ ਚੋਣਾਂ ਕਰਵਾਉਣ ਦੀ ਅਦਭੁਤ ਵਿਵਸਥਾ ਦੇ ਬਾਰੇ ਗੱਲ ਕਰਦੇ ਹੋਏ, 2024 ਦੀਆਂ ਆਮ ਚੋਣਾਂ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ 98 ਕਰੋੜ ਰਜਿਸਟਰਡ ਵੋਟਰਸ ਹਨ, ਜੋ ਉੱਤਰੀ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਦੀ ਸੰਯੁਕਤ ਆਬਾਦੀ ਤੋਂ ਵੀ ਵੱਧ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ 64.6 ਕਰੋੜ ਮਤਦਾਤਾਵਾਂ ਨੇ ਅੱਤ ਦੀ ਗਰਮੀ ਦਾ ਸਾਹਮਣਾ ਕਰਦੇ ਹੋਏ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ 10 ਲੱਖ ਤੋਂ ਵੱਧ ਮਤਦਾਨ ਕੇਂਦਰ ਅਤੇ 2,500 ਤੋਂ ਵੱਧ ਰਜਿਸਟਰਡ ਰਾਜਨੀਤਕ ਦਲ ਹਨ, ਜੋ ਇਸ ਦੇ ਲੋਕਤੰਤਰ ਦੇ ਪੈਮਾਨੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੂਰ-ਦਰਾਜ ਦੇ ਪਿੰਡਾਂ ਵਿੱਚ ਵੀ ਮਤਦਾਨ ਕੇਂਦਰ ਹਨ, ਜਿੱਥੇ ਹੈਲੀਕਾਪਟਰਾਂ ਦੀ ਵਰਤੋਂ ਦੂਰ-ਦਰਾਜ ਦੇ ਖੇਤਰਾਂ ਵਿੱਚ ਮਤਦਾਨ ਮਸ਼ੀਨਾਂ ਨੂੰ ਲੈ ਕੇ ਜਾਣ ਦੇ ਲਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਗੁਜਰਾਤ ਦੇ ਗਿਰ ਜੰਗਲ ਵਿੱਚ ਇੱਕ ਮਤਦਾਤਾ ਦੇ ਲਈ ਸਥਾਪਿਤ ਕੀਤੇ ਗਏ ਮਤਦਾਨ ਕੇਂਦਰ ਜਿਹੇ ਕਿੱਸੇ ਸਾਂਝੇ ਕੀਤੇ, ਜੋ ਲੋਕਤੰਤਰ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਵਿਸ਼ਵ ਪੱਧਰੀ ਮਾਪਦੰਡ ਸਥਾਪਿਤ ਕਰਨ ਦੇ ਲਈ ਭਾਰਤੀ ਦੇ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਚੋਣਾਂ ਦੇ ਪ੍ਰਬੰਧਨ ਦਾ ਅਧਿਐਨ ਦੁਨੀਆ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੁਆਰਾ ਕੇਸ ਸਟਡੀ ਦੇ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਰਾਜਨੀਤਕ ਜਾਗਰੂਕਤਾ ਅਤੇ ਤਰਕਪੂਰਨ ਉਤਕ੍ਰਿਸ਼ਟਤਾ ਦੀ ਅਪਾਰ ਗਹਿਰਾਈ ਸ਼ਾਮਲ ਹੈ। 

ਆਪਣੀ ਅਗਵਾਈ ’ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਖ਼ੁਦ ਨੂੰ ਪ੍ਰਧਾਨ ਮੰਤਰੀ ਦੀ ਬਜਾਏ ਇੱਕ "ਪ੍ਰਧਾਨ ਸੇਵਕ" ਦੇ ਰੂਪ ਵਿੱਚ ਪਹਿਚਾਣਦੇ ਹਨ, ਅਤੇ ਸੇਵਾ ਉਨ੍ਹਾਂ ਦੀ ਕਾਰਜ ਨੀਤੀ ਦਾ ਮਾਰਗਦਰਸ਼ਕ ਸਿਧਾਂਤ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਧਿਆਨ ਉਤਪਾਦਕਤਾ ਅਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ’ਤੇ ਹੈ, ਨਾ ਕਿ ਸੱਤਾ ਦੀ ਚਾਹਤ 'ਤੇ। ਉਨ੍ਹਾਂ ਨੇ ਕਿਹਾ, "ਮੈਂ ਰਾਜਨੀਤੀ ਵਿੱਚ ਸੱਤਾ ਵਿੱਚ ਬਣੇ ਰਹਿਣ ਦੇ ਲਈ ਨਹੀਂ, ਬਲਕਿ ਸੇਵਾ ਕਰਨ ਦੇ ਲਈ ਆਇਆ ਹਾਂ।"

ਇਕੱਲੇਪਣ ਦੀ ਧਾਰਨਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਇਸ ਦਾ ਅਨੁਭਵ ਨਹੀਂ ਹੁੰਦਾ, ਕਿਉਂਕਿ ਉਹ "ਇੱਕ ਪਲੱਸ ਇੱਕ" ਦੇ ਦਰਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਕਿ ਖ਼ੁਦ ਅਤੇ ਸਰਬਸ਼ਕਤੀਮਾਨ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਅਤੇ ਉਸ ਦੇ ਲੋਕਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਸੇਵਾ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ, ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਸ਼ਾਸਨ ਮਾਡਲ ਤਿਆਰ ਕਰਕੇ ਅਤੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪਾਰਟੀ ਵਲੰਟੀਅਰਾਂ ਨਾਲ ਨਿਜੀ ਤੌਰ 'ਤੇ ਜੁੜ ਕੇ, ਉਨ੍ਹਾਂ ਦਾ ਹਾਲ-ਚਾਲ ਪੁੱਛ ਕੇ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਕੇ ਲਗੇ ਰਹੇ।

ਸਖ਼ਤ ਮਿਹਨਤ ਦਾ ਰਾਜ਼ ਪੁੱਛੇ ਜਾਣ ’ਤੇ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਦੀ ਸਖ਼ਤ ਮਿਹਨਤ ਦੇਖ ਕੇ ਪ੍ਰੇਰਣਾ ਮਿਲਦੀ ਹੈ, ਜਿਸ ਵਿੱਚ ਕਿਸਾਨ, ਸੈਨਿਕ, ਮਜ਼ਦੂਰ ਅਤੇ ਮਾਤਾਵਾਂ ਸ਼ਾਮਲ ਹਨ ਜੋ ਆਪਣੇ ਪਰਿਵਾਰ ਅਤੇ ਸਮੁਦਾਇ ਦੇ ਲਈ ਅਣਥੱਕ ਮਿਹਨਤ ਕਰਦੇ ਹਨ। ਉਨ੍ਹਾਂ ਨੇ ਕਿਹਾ, "ਮੈਂ ਕਿਵੇਂ ਸੌਂ ਸਕਦਾ ਹਾਂ? ਮੈਂ ਕਿਵੇਂ ਆਰਾਮ ਕਰ ਸਕਦਾ ਹਾਂ? ਪ੍ਰੇਰਣਾ ਮੇਰੀਆਂ ਅੱਖਾਂ ਦੇ ਸਾਹਮਣੇ ਹੈ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਸਾਥੀ ਨਾਗਰਿਕਾਂ ਦੁਆਰਾ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਆਪਣਾ ਸਰਬਸ਼੍ਰੇਸ਼ਠ ਦੇਣ ਦੇ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ 2014 ਦੇ ਆਪਣੇ ਅਭਿਆਨ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਯਾਦ ਕੀਤਾ: ਦੇਸ਼ ਦੇ ਲਈ ਸਖ਼ਤ ਮਿਹਨਤ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ, ਕਦੇ ਵੀ ਬੁਰੇ ਇਰਾਦੇ ਨਾਲ ਕੰਮ ਨਹੀਂ ਕਰਨਾ ਅਤੇ ਕਦੇ ਵੀ ਨਿਜੀ ਲਾਭ ਦੇ ਲਈ ਕੁਝ ਨਹੀਂ ਕਰਨਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਮੁਖੀ ਦੇ ਰੂਪ ਵਿੱਚ ਆਪਣੇ 24 ਸਾਲਾਂ ਦੇ ਦੌਰਾਨ ਇਨ੍ਹਾਂ ਮਿਆਰਾਂ ਨੂੰ ਬਰਕਰਾਰ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਨੂੰ 140 ਕਰੋੜ ਲੋਕਾਂ ਦੀ ਸੇਵਾ ਕਰਨ, ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਕਿਹਾ, "ਮੈਂ ਹਮੇਸ਼ਾ ਤੋਂ ਜਿਤਨਾ ਹੋ ਸਕੇ ਉਤਨਾ ਕਰਨ, ਜਿਤਨਾ ਸੰਭਵ ਹੋਵੇ ਉਤਨੀ ਸਖ਼ਤ ਮਿਹਨਤ ਕਰਨ ਦੇ ਲਈ ਦ੍ਰਿੜ੍ਹ ਸੰਕਲਪਿਤ ਰਹਿੰਦਾ ਹਾਂ। ਅੱਜ ਵੀ, ਮੇਰੀ ਊਰਜਾ ਉਤਨੀ ਹੀ ਮਜ਼ਬੂਤ ਹੈ।"

ਸ੍ਰੀਨਿਵਾਸ ਰਾਮਾਨੁਜਨ, ਜਿਨ੍ਹਾਂ ਨੂੰ ਵਿਆਪਕ ਰੂਪ ਨਾਲ ਹਰ ਸਮੇਂ ਦੇ ਮਹਾਨ ਗਣਿਤ ਸ਼ਾਸਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਨ੍ਹਾਂ ਦੇ ਪ੍ਰਤੀ ਆਪਣਾ ਗਹਿਰਾ ਸਨਮਾਨ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਰਾਮਾਨੁਜਨ ਦਾ ਜੀਵਨ ਅਤੇ ਕਾਰਜ ਵਿਗਿਆਨ ਅਤੇ ਅਧਿਆਤਮ ਦੇ ਵਿੱਚ ਗਹਿਰੇ ਸਬੰਧ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਰਾਮਾਨੁਜਨ ਦੀ ਇਸ ਮਾਨਤਾ ’ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੇ ਗਣਿਤਿਕ ਵਿਚਾਰ ਉਸ ਦੇਵੀ ਤੋਂ ਪ੍ਰੇਰਿਤ ਸਨ ਜਿਸ ਦੀ ਉਹ ਪੂਜਾ ਕਰਦੇ ਸੀ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਵਿਚਾਰ ਅਧਿਆਤਮਿਕ ਅਨੁਸ਼ਾਸਨ ਤੋਂ ਪੈਦਾ ਹੋਏ ਸਨ। ਉਨ੍ਹਾਂ ਨੇ ਕਿਹਾ, "ਅਨੁਸ਼ਾਸਨ ਸਿਰਫ਼ ਸਖ਼ਤ ਮਿਹਨਤ ਤੋਂ ਕਿਤੇ ਵੱਧ ਹੈ; ਇਸ ਦਾ ਅਰਥ ਹੈ ਕਿਸੇ ਕੰਮ ਦੇ ਪ੍ਰਤੀ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨਾ ਅਤੇ ਖ਼ੁਦ ਨੂੰ ਉਸ ਵਿੱਚ ਪੂਰੀ ਤਰ੍ਹਾਂ ਡੁਬੋ ਲੈਣਾ ਤਾਕਿ ਤੁਸੀਂ ਆਪਣੇ ਕੰਮ ਦੇ ਨਾਲ ਇੱਕਮਿਕ ਹੋ ਜਾਓ।" ਪ੍ਰਧਾਨ ਮੰਤਰੀ ਨੇ ਗਿਆਨ ਦੇ ਵਿਭਿੰਨ ਸਰੋਤਾਂ ਦੇ ਪ੍ਰਤੀ ਖੁੱਲ੍ਹੇ ਰਹਿਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਖੁੱਲ੍ਹਾਪਣ ਨਵੇਂ ਵਿਚਾਰਾਂ ਦੇ ਉਭਾਰ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਸੂਚਨਾ ਅਤੇ ਗਿਆਨ ਦੇ ਵਿੱਚ ਅੰਤਰ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਕੁਝ ਲੋਕ ਗਲਤੀ ਨਾਲ ਸੂਚਨਾ ਨੂੰ ਗਿਆਨ ਸਮਝ ਲੈਂਦੇ ਹਨ। ਗਿਆਨ ਕੁਝ ਗਹਿਰਾ ਹੈ; ਇਹ ਹੌਲ਼ੀ-ਹੌਲ਼ੀ ਪ੍ਰਕਿਰਿਆ, ਪ੍ਰਤੀਬਿੰਬ ਅਤੇ ਸਮਝ ਦੇ ਜ਼ਰੀਏ ਵਿਕਸਿਤ ਹੁੰਦਾ ਹੈ।" ਉਨ੍ਹਾਂ ਨੇ ਦੋਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੇ ਲਈ ਇਸ ਅੰਤਰ ਨੂੰ ਪਹਿਚਾਨਣ ਦੀ ਜ਼ਰੂਰਤ 'ਤੇ ਪ੍ਰਕਾਸ਼ ਪਾਇਆ।

ਆਪਣੇ ਫ਼ੈਸਲਾ ਲੈਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ 'ਤੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਆਪਣੀ ਮੌਜੂਦਾ ਭੂਮਿਕਾ ਤੋਂ ਪਹਿਲਾਂ ਭਾਰਤ ਦੇ 85-90 ਪ੍ਰਤੀਸ਼ਤ ਜ਼ਿਲ੍ਹਿਆਂ ਦੀ ਆਪਣੀ ਵਿਆਪਕ ਯਾਤਰਾ 'ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਤਜ਼ਰਬਿਆਂ ਨੇ ਉਨ੍ਹਾਂ ਨੂੰ ਜ਼ਮੀਨੀ ਹਕੀਕਤਾਂ ਦਾ ਸਿੱਧਾ ਗਿਆਨ ਦਿੱਤਾ। ਉਨ੍ਹਾਂ ਨੇ ਕਿਹਾ, "ਮੈਂ ਅਜਿਹਾ ਕੋਈ ਬੋਝ ਨਹੀਂ ਚੁੱਕਦਾ ਜੋ ਮੈਨੂੰ ਦਬਾ ਦੇਵੇ ਜਾਂ ਮੈਨੂੰ ਇੱਕ ਨਿਸ਼ਚਿਤ ਤਰੀਕੇ ਨਾਲ ਕੰਮ ਕਰਨ ਦੇ ਲਈ ਮਜਬੂਰ ਕਰੇ।” ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਾਰਗਦਰਸ਼ਕ ਸਿਧਾਂਤ "ਮੇਰਾ ਦੇਸ਼ ਪਹਿਲਾਂ" ਹੈ, ਅਤੇ ਉਹ ਫ਼ੈਸਲਾ ਲੈਂਦੇ ਸਮੇਂ ਸਭ ਤੋਂ ਗ਼ਰੀਬ ਵਿਅਕਤੀ ਦੇ ਚਿਹਰੇ ’ਤੇ ਵਿਚਾਰ ਕਰਨ ਦੇ ਮਹਾਤਮਾ ਗਾਂਧੀ ਦੇ ਗਿਆਨ ਤੋਂ ਪ੍ਰੇਰਣਾ ਲੈਂਦੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਚੰਗੀ ਤਰ੍ਹਾਂ ਸੰਪਰਕ ਵਾਲੇ ਪ੍ਰਸ਼ਾਸਨ ’ਤੇ ਪ੍ਰਕਾਸ਼ ਪਾਇਆ, ਇਹ ਦੇਖਦੇ ਹੋਏ ਕਿ ਉਨ੍ਹਾਂ ਦੇ ਕਈ ਹੋਰ ਸਰਗਰਮ ਸੂਚਨਾ ਚੈਨਲ ਉਨ੍ਹਾਂ ਨੂੰ ਵਿਭਿੰਨ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ, "ਜਦੋਂ ਕੋਈ ਮੈਨੂੰ ਜਾਣਕਾਰੀ ਦੇਣ ਆਉਂਦਾ ਹੈ, ਤਾਂ ਉਹ ਮੇਰੀ ਜਾਣਕਾਰੀ ਦਾ ਇਕਲੌਤਾ ਸਰੋਤ ਨਹੀਂ ਹੁੰਦਾ ਹੈ।" ਉਨ੍ਹਾਂ ਨੇ ਇੱਕ ਸਿਖਿਆਰਥੀ ਦੀ ਮਾਨਸਿਕਤਾ ਨੂੰ ਬਣਾਈ ਰੱਖਣ, ਇੱਕ ਵਿਦਿਆਰਥੀ ਦੀ ਤਰ੍ਹਾਂ ਸਵਾਲ ਪੁੱਛਣ ਅਤੇ ਕਈ ਕੋਣਾਂ ਤੋਂ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸ਼ੈਤਾਨ ਦੇ ਵਕੀਲ ਦੀ ਭੂਮਿਕਾ ਨਿਭਾਉਣ 'ਤੇ ਵੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕੋਵਿਡ-19 ਸੰਕਟ ਦੇ ਦੌਰਾਨ ਆਪਣੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੇ ਵਿਸ਼ਵਵਿਆਪੀ ਆਰਥਿਕ ਸਿਧਾਂਤਾਂ ਦੀ ਅੰਨ੍ਹੇਵਾਹ ਪਾਲਣਾ ਕਰਨ ਦੇ ਦਬਾਅ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ, "ਮੈਂ ਗ਼ਰੀਬਾਂ ਨੂੰ ਭੁੱਖਾ ਨਹੀਂ ਸੌਣ ਦਿਆਂਗਾ। ਮੈਂ ਰੋਜ਼ਾਨਾ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਲੈ ਕੇ ਸਮਾਜਿਕ ਤਣਾਅ ਪੈਦਾ ਨਹੀਂ ਹੋਣ ਦਿਆਂਗਾ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਧੀਰਜ ਅਤੇ ਅਨੁਸ਼ਾਸਨ 'ਤੇ ਅਧਾਰਿਤ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਗੰਭੀਰ ਮਹਿੰਗਾਈ ਤੋਂ ਬਚਣ ਅਤੇ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਵਿੱਚ ਸਹਾਇਤਾ ਕੀਤੀ। ਪ੍ਰਧਾਨ ਮੰਤਰੀ ਨੇ ਆਪਣੀ ਜੋਖਮ ਲੈਣ ਦੀ ਸਮਰੱਥਾ ’ਤੇ ਪ੍ਰਕਾਸ਼ ਪਾਇਆ ਅਤੇ ਕਿਹਾ, "ਜੇਕਰ ਮੇਰੇ ਦੇਸ਼ ਦੇ ਲਈ, ਲੋਕਾਂ ਦੇ ਲਈ ਕੁਝ ਸਹੀ ਹੈ, ਤਾਂ ਮੈਂ ਹਮੇਸ਼ਾ ਜੋਖਮ ਲੈਣ ਦੇ ਲਈ ਤਿਆਰ ਹਾਂ।" ਉਨ੍ਹਾਂ ਨੇ ਆਪਣੇ ਫ਼ੈਸਲਿਆਂ ਦੀ ਜ਼ਿੰਮੇਵਾਰੀ ਲੈਣ 'ਤੇ ਜ਼ੋਰ ਦਿੱਤਾ ਅਤੇ ਕਿਹਾ, "ਜੇਕਰ ਕੁਝ ਗਲਤ ਹੁੰਦਾ ਹੈ, ਤਾਂ ਮੈਂ ਦੂਸਰਿਆਂ ’ਤੇ ਦੋਸ਼ ਨਹੀਂ ਮੜ੍ਹਦਾ। ਮੈਂ ਖੜ੍ਹਾ ਹੁੰਦਾ ਹਾਂ, ਜ਼ਿੰਮੇਵਾਰੀ ਲੈਂਦਾ ਹਾਂ ਅਤੇ ਨਤੀਜਿਆਂ ਨੂੰ ਅਪਣਾਉਂਦਾ ਹਾਂ।" ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਉਨ੍ਹਾਂ ਦੀ ਟੀਮ ਦੇ ਅੰਦਰ ਡੂੰਘੀ ਪ੍ਰਤੀਬੱਧਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾਗਰਿਕਾਂ ਦੇ ਵਿੱਚ ਵਿਸ਼ਵਾਸ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਨੇ ਕਿਹਾ, "ਮੈਂ ਗਲਤੀਆਂ ਕਰ ਸਕਦਾ ਹਾਂ, ਪਰ ਮੈਂ ਬੁਰੇ ਇਰਾਦਿਆਂ ਨਾਲ ਕੰਮ ਨਹੀਂ ਕਰਾਂਗਾ।"

ਸ਼੍ਰੀ ਮੋਦੀ ਤੋਂ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਭੂਮਿਕਾ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦਾ ਵਿਕਾਸ ਮੂਲ ਰੂਪ ਨਾਲ ਇੱਕ ਸਹਿਯੋਗੀ ਯਤਨ ਹੈ। ਕੋਈ ਵੀ ਦੇਸ਼ ਪੂਰੀ ਤਰ੍ਹਾਂ ਨਾਲ ਆਪਣੇ ਦਮ ’ਤੇ ਏਆਈ ਦਾ ਵਿਕਾਸ ਨਹੀਂ ਕਰ ਸਕਦਾ ਹੈ।" ਉਨ੍ਹਾਂ ਨੇ ਕਿਹਾ, "ਦੁਨੀਆ ਚਾਹੇ ਏਆਈ ਦੇ ਨਾਲ ਕੁਝ ਵੀ ਕਰੇ, ਇਹ ਭਾਰਤ ਤੋਂ ਬਿਨਾਂ ਅਧੂਰਾ ਰਹੇਗਾ।" ਉਨ੍ਹਾਂ ਨੇ ਖਾਸ ਵਰਤੋਂ ਦੇ ਮਾਮਲਿਆਂ ਦੇ ਲਈ ਏਆਈ-ਸੰਚਾਲਿਤ ਐਪਲੀਕੇਸ਼ਨਾਂ 'ਤੇ ਭਾਰਤ ਦੇ ਸਰਗਰਮ ਕੰਮ ਅਤੇ ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਇਸ ਦੇ ਵਿਲੱਖਣ ਬਜ਼ਾਰ-ਅਧਾਰਿਤ ਮਾਡਲ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿਸ਼ਾਲ ਪ੍ਰਤਿਭਾ ਸਮੂਹ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ, "ਆਰਟੀਫਿਸ਼ਲ ਇੰਟੈਲੀਜੈਂਸ ਮੂਲ ਰੂਪ ਨਾਲ ਮਨੁੱਖੀ ਬੁੱਧੀਮਤਾ ਦੁਆਰਾ ਸੰਚਾਲਿਤ, ਆਕਾਰ ਅਤੇ ਨਿਰਦੇਸ਼ਿਤ ਹੁੰਦੀ ਹੈ, ਅਤੇ ਇਹ ਅਸਲ ਬੁੱਧੀਮਤਾ ਭਾਰਤ ਦੇ ਨੌਜਵਾਨਾਂ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਹੈ।" ਪ੍ਰਧਾਨ ਮੰਤਰੀ ਨੇ 5ਜੀ ਸੇਵਾ ਸ਼ੁਰੂ ਹੋਣ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਦੀ ਇੱਕ ਉਦਾਹਰਣ ਸਾਂਝੀ ਕੀਤੀ, ਜਿਸ ਨੇ ਵਿਸ਼ਵਵਿਆਪੀ ਉਮੀਦਾਂ ਨੂੰ ਪਾਰ ਕਰ ਲਿਆ। ਉਨ੍ਹਾਂ ਨੇ ਭਾਰਤ ਦੇ ਪੁਲਾੜ ਮਿਸ਼ਨਾਂ ਦੀ ਲਾਗਤ-ਪ੍ਰਭਾਵਸ਼ੀਲਤਾ ’ਤੇ ਪ੍ਰਕਾਸ਼ ਪਾਇਆ, ਜਿਵੇਂ ਕਿ ਚੰਦਰਯਾਨ, ਜਿਸ ਦੀ ਲਾਗਤ ਹਾਲੀਵੁੱਡ ਦੀ ਕਿਸੇ ਬਲਾਕਬਸਟਰ ਫਿਲਮ ਤੋਂ ਵੀ ਘੱਟ ਸੀ, ਜੋ ਭਾਰਤ ਦੀ ਕੁਸ਼ਲਤਾ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਉਪਲਬਧੀਆਂ ਭਾਰਤੀ ਪ੍ਰਤਿਭਾ ਦੇ ਲਈ ਵਿਸ਼ਵਵਿਆਪੀ ਸਨਮਾਨ ਪੈਦਾ ਕਰਦੀਆਂ ਹਨ ਅਤੇ ਭਾਰਤ ਦੇ ਸੱਭਿਅਤਾ ਦੇ ਸਿਧਾਂਤਾਂ ਨੂੰ ਦਰਸਾਉਂਦੀਆਂ ਹਨ। ਸ਼੍ਰੀ ਮੋਦੀ ਨੇ ਗਲੋਬਲ ਟੈਕਨੋਲੋਜੀ ਵਿੱਚ ਭਾਰਤੀ ਮੂਲ ਦੇ ਨੇਤਾਵਾਂ ਦੀ ਸਫ਼ਲਤਾ 'ਤੇ ਵੀ ਵਿਚਾਰ ਕੀਤਾ ਅਤੇ ਇਸ ਦਾ ਕ੍ਰੈਡਿਟ ਭਾਰਤ ਦੇ ਸਮਰਪਣ, ਨੈਤਿਕਤਾ ਅਤੇ ਸਹਿਯੋਗ ਦੇ ਸੱਭਿਆਚਾਰਕ ਮੁੱਲਾਂ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਪਲ਼ੇ-ਵਧੇ ਲੋਕ, ਖਾਸ ਰੂਪ ਨਾਲ ਸਾਂਝੇ ਪਰਿਵਾਰਾਂ ਅਤੇ ਖੁੱਲ੍ਹੇ ਸਮਾਜਾਂ ਤੋਂ ਆਏ ਲੋਕ, ਗੁੰਝਲਦਾਰ ਕੰਮਾਂ ਅਤੇ ਵੱਡੀਆਂ ਟੀਮਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਨੂੰ ਆਸਾਨ ਸਮਝਦੇ ਹਨ।" ਉਨ੍ਹਾਂ ਨੇ ਭਾਰਤੀ ਪੇਸ਼ੇਵਰਾਂ ਦੀਆਂ ਸਮੱਸਿਆ ਸਮਾਧਾਨ ਕਰਨ ਦੀਆਂ ਸਮਰੱਥਾਵਾਂ ਅਤੇ ਵਿਸ਼ਲੇਸ਼ਣਾਤਮਕ ਸੋਚ ’ਤੇ ਪ੍ਰਕਾਸ਼ ਪਾਇਆ, ਜੋ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਂਦੀ ਹੈ। ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੁਆਰਾ ਮਨੁੱਖਾਂ ਦੀ ਜਗ੍ਹਾ ਲੈਣ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਹਮੇਸ਼ਾ ਮਨੁੱਖਤਾ ਦੇ ਨਾਲ ਅੱਗੇ ਵਧੀ ਹੈ, ਜਿਸ ਵਿੱਚ ਮਨੁੱਖ ਅਨੁਕੂਲਨ ਕਰਦੇ ਹਨ ਅਤੇ ਇੱਕ ਕਦਮ ਅੱਗੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, "ਮਨੁੱਖੀ ਕਲਪਨਾ ਈਂਧਣ ਹੈ। ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਸ ਦੇ ਅਧਾਰ 'ਤੇ ਕਈ ਚੀਜ਼ਾਂ ਬਣਾ ਸਕਦਾ ਹੈ, ਲੇਕਿਨ ਕੋਈ ਵੀ ਤਕਨੀਕ ਕਦੇ ਵੀ ਮਨੁੱਖੀ ਮਨ ਦੀ ਅਸੀਮ ਰਚਨਾਤਮਕਤਾ ਅਤੇ ਕਲਪਨਾ ਦੀ ਜਗ੍ਹਾ ਨਹੀਂ ਲੈ ਸਕਦੀ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਮਨੁੱਖਾਂ ਨੂੰ ਇਹ ਸੋਚਣ ਦੇ ਲਈ ਚੁਣੌਤੀ ਦਿੰਦਾ ਹੈ ਕਿ ਅਸਲ ਵਿੱਚ ਮਨੁੱਖ ਹੋਣ ਦਾ ਕੀ ਮਤਲਬ ਹੈ, ਇੱਕ-ਦੂਸਰੇ ਦੀ ਦੇਖਭਾਲ਼ ਕਰਨ ਦੀ ਜਨਮਜਾਤ ਮਨੁੱਖੀ ਸਮਰੱਥਾ ’ਤੇ ਪ੍ਰਕਾਸ਼ ਪਾਇਆ ਜਿਸ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੁਹਰਾ ਨਹੀਂ ਸਕਦਾ।

ਸਿੱਖਿਆ, ਪਰੀਖਿਆ ਅਤੇ ਵਿਦਿਆਰਥੀ ਸਫ਼ਲਤਾ ਦੇ ਵਿਸ਼ੇ 'ਤੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਮਾਜਿਕ ਮਾਨਸਿਕਤਾ ਵਿਦਿਆਰਥੀਆਂ 'ਤੇ ਬੇਲੋੜਾ ਦਬਾਅ ਪਾਉਂਦੀ ਹੈ, ਸਕੂਲ ਅਤੇ ਪਰਿਵਾਰ ਅਕਸਰ ਰੈਂਕਿੰਗ ਦੇ ਅਧਾਰ 'ਤੇ ਸਫ਼ਲਤਾ ਨੂੰ ਮਾਪਦੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਮਾਨਸਿਕਤਾ ਦੇ ਕਾਰਨ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ 10ਵੀਂ ਅਤੇ 12ਵੀਂ ਜਮਾਤ ਦੀਆਂ ਪਰੀਖਿਆਵਾਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਸੰਬੋਧਿਤ ਕਰਨ ਦੇ ਲਈ ਭਾਰਤ ਦੀ ਨਵੀਂ ਸਿੱਖਿਆ ਨੀਤੀ ਵਿੱਚ ਪੇਸ਼ ਕੀਤੇ ਗਏ ਅਹਿਮ ਬਦਲਾਵਾਂ ’ਤੇ ਪ੍ਰਕਾਸ਼ ਪਾਇਆ ਅਤੇ ਪਰਿਕਸ਼ਾ ਪੇ ਚਰਚਾ ਜਿਹੀਆਂ ਪਹਿਲਾਂ ਦੇ ਜ਼ਰੀਏ ਵਿਦਿਆਰਥੀਆਂ ਦੇ ਬੋਝ ਨੂੰ ਘੱਟ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰੀਖਿਆ ਕਿਸੇ ਵਿਅਕਤੀ ਦੀ ਸਮਰੱਥਾ ਦਾ ਇੱਕੋ-ਇੱਕ ਪੈਮਾਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ, "ਕਈ ਲੋਕ ਅਕਾਦਮਿਕ ਰੂਪ ਨਾਲ ਉੱਚ ਸਕੋਰ ਨਹੀਂ ਕਰ ਸਕਦੇ ਹਨ, ਲੇਕਿਨ ਕ੍ਰਿਕਟ ਵਿੱਚ ਸੈਂਕੜੇ ਬਣਾ ਸਕਦੇ ਹਨ ਕਿਉਂਕਿ ਇਹੀ ਉਨ੍ਹਾਂ ਦੀ ਅਸਲੀ ਤਾਕਤ ਹੈ।" ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਦੇ ਕਿੱਸੇ ਸਾਂਝੇ ਕੀਤੇ, ਜਿਸ ਵਿੱਚ ਨਵੀਨਤਕਾਰੀ ਸਿੱਖਿਆ ਵਿਧੀਆਂ ’ਤੇ ਪ੍ਰਕਾਸ਼ ਪਾਇਆ ਗਿਆ, ਜਿਸ ਨੇ ਸਿੱਖਿਆ ਨੂੰ ਆਨੰਦਦਾਇਕ ਅਤੇ ਪ੍ਰਭਾਵਸ਼ਾਲੀ ਬਣਾਇਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਕਨੀਕਾਂ ਨੂੰ ਨਵੀਂ ਸਿੱਖਿਆ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਹਰ ਕੰਮ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਕਰਨ ਦੀ ਸਲਾਹ ਦਿੱਤੀ, ਇਸ ਗੱਲ 'ਤੇ ਜ਼ੋਰ ਦਿੱਦੇ ਹੋਏ ਕਿਹਾ ਕਿ ਵਧੇ ਹੋਏ ਕੌਸ਼ਲ ਅਤੇ ਸਮਰੱਥਾਵਾਂ ਸਫ਼ਲਤਾ ਦੇ ਦਰਵਾਜ਼ੇ ਖੋਲ੍ਹਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਿਰਾਸ਼ ਨਾ ਹੋਣ ਦੇ ਲਈ ਪ੍ਰੋਤਸਾਹਿਤ ਕਰਦੇ ਹੋਏ ਕਿਹਾ, "ਨਿਸ਼ਚਿਤ ਰੂਪ ਨਾਲ ਤੁਹਾਡੇ ਲਈ ਕੁਝ ਕੰਮ ਜ਼ਰੂਰੀ ਰੂਪ ਨਾਲ ਨਿਰਧਾਰਿਤ ਹਨ। ਆਪਣੇ ਕੌਸ਼ਲ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰੋ ਅਤੇ ਅਵਸਰ ਤੁਹਾਡੇ ਕੋਲ ਆਉਣਗੇ।" ਉਨ੍ਹਾਂ ਨੇ ਆਪਣੇ ਜੀਵਨ ਨੂੰ ਇੱਕ ਵੱਡੇ ਉਦੇਸ਼ ਨਾਲ ਜੋੜਨ ਦੇ ਮਹੱਤਵ 'ਤੇ ਪ੍ਰਕਾਸ਼ ਪਾਇਆ, ਜੋ ਪ੍ਰੇਰਣਾ ਅਤੇ ਅਰਥ ਲਿਆਉਂਦਾ ਹੈ। ਤਣਾਅ ਅਤੇ ਮੁਸ਼ਕਲਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਟੇਟਸ ਸਿੰਬਲ ਦੇ ਰੂਪ ਵਿੱਚ ਵਰਤਣਾ ਬੰਦ ਕਰਨ ਅਤੇ ਇਹ ਸਮਝਣ ਲਈ ਬੇਨਤੀ ਕੀਤੀ ਕਿ ਜ਼ਿੰਦਗੀ ਸਿਰਫ਼ ਪਰੀਖਿਆਵਾਂ ਦੇ ਬਾਰੇ ਵਿੱਚ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਨਾਲ ਤਿਆਰੀ ਕਰਨ, ਆਪਣੀ ਸਮਰੱਥਾਵਾਂ 'ਤੇ ਭਰੋਸਾ ਕਰਨ ਅਤੇ ਆਤਮਵਿਸ਼ਵਾਸ ਦੇ ਨਾਲ ਪਰੀਖਿਆ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪਰੀਖਿਆਵਾਂ ਦੇ ਦੌਰਾਨ ਚੁਣੌਤੀਆਂ ਤੋਂ ਪਾਰ ਪਾਉਣ ਦੇ ਲਈ ਯੋਜਨਾਬੱਧ ਸਮਾਂ ਪ੍ਰਬੰਧਨ ਅਤੇ ਨਿਯਮਿਤ ਅਭਿਆਸ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰੇਕ ਵਿਅਕਤੀ ਦੀਆਂ ਵਿਲੱਖਣ ਸਮਰੱਥਾਵਾਂ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ, ਵਿਦਿਆਰਥੀਆਂ ਨੂੰ ਸਫ਼ਲ ਹੋਣ ਦੇ ਲਈ ਖ਼ੁਦ ’ਤੇ ਅਤੇ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਬਣਾਈ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ।

ਪ੍ਰਧਾਨ ਮੰਤਰੀ ਨੇ ਸਿੱਖਣ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਸਾਂਝਾ ਕੀਤਾ ਅਤੇ ਵਰਤਮਾਨ ਵਿੱਚ ਪੂਰੀ ਤਰ੍ਹਾਂ ਨਾਲ ਮੌਜੂਦ ਰਹਿਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਜਦੋਂ ਵੀ ਮੈਂ ਕਿਸੇ ਨੂੰ ਮਿਲਦਾ ਹਾਂ, ਤਾਂ ਮੈਂ ਵਰਤਮਾਨ ਵਿੱਚ ਪੂਰੀ ਤਰ੍ਹਾਂ ਨਾਲ ਮੌਜੂਦ ਰਹਿੰਦਾ ਹਾਂ। ਇਹ ਪੂਰਾ ਧਿਆਨ ਮੈਨੂੰ ਨਵੇਂ ਸੰਕਲਪਾਂ ਨੂੰ ਜਲਦੀ ਨਾਲ ਸਮਝਣ ਵਿੱਚ ਸਹਾਇਤਾ ਕਰਦਾ ਹੈ।" ਉਨ੍ਹਾਂ ਨੇ ਦੂਸਰਿਆਂ ਨੂੰ ਵੀ ਇਸ ਆਦਤ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਕਿਹਾ ਕਿ ਇਸ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਸਿੱਖਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਨੇ ਅਭਿਆਸ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਕਿਹਾ, "ਤੁਸੀਂ ਸਿਰਫ਼ ਮਹਾਨ ਡਰਾਈਵਰਾਂ ਦੀਆਂ ਜੀਵਨੀਆਂ ਪੜ੍ਹ ਕੇ ਡਰਾਈਵਿੰਗ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕਦੇ। ਤੁਹਾਨੂੰ ਖ਼ੁਦ ਗੱਡੀ ਚਲਾਉਣੀ ਪਵੇਗੀ ਅਤੇ ਸੜਕ 'ਤੇ ਚਲਣਾ ਪਵੇਗਾ।" ਸ਼੍ਰੀ ਮੋਦੀ ਨੇ ਮੌਤ ਦੀ ਨਿਸ਼ਚਿਤਤਾ 'ਤੇ ਵਿਚਾਰ ਕੀਤਾ, ਅਤੇ ਜੀਵਨ ਨੂੰ ਗਲੇ ਲਗਾਉਣ, ਇਸ ਨੂੰ ਉਦੇਸ਼ਪੂਰਨ ਬਣਾਉਣ ਅਤੇ ਮੌਤ ਦੇ ਡਰ ਨੂੰ ਦੂਰ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ, ਕਿਉਂਕਿ ਇਹ ਅਟੱਲ ਹੈ। ਉਨ੍ਹਾਂ ਨੇ ਕਿਹਾ, "ਆਪਣੇ ਜੀਵਨ ਨੂੰ ਖੁਸ਼ਹਾਲ, ਸੁਧਾਰਨ ਅਤੇ ਉੱਨਤ ਕਰਨ ਦੇ ਲਈ ਪ੍ਰਤੀਬੱਧ ਰਹੋ ਤਾਕਿ ਤੁਸੀਂ ਮੌਤ ਦੇ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਅਤੇ ਉਦੇਸ਼ਪੂਰਨ ਜ਼ਿੰਦਗੀ ਜੀ ਸਕੋ।"

ਪ੍ਰਧਾਨ ਮੰਤਰੀ ਨੇ ਭਵਿੱਖ ਦੇ ਬਾਰੇ ਵਿੱਚ ਆਪਣੀ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਨਿਰਾਸ਼ਾਵਾਦ ਅਤੇ ਨਕਾਰਾਤਮਕਤਾ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਸੰਕਟਾਂ ’ਤੇ ਕਾਬੂ ਪਾਉਣ ਅਤੇ ਪੂਰੇ ਇਤਿਹਾਸ ਵਿੱਚ ਪਰਿਵਰਤਨ ਨੂੰ ਅਪਨਾਉਣ ਵਿੱਚ ਮਨੁੱਖਤਾ ਦੇ ਅਨੁਕੂਲਨ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ, "ਹਰ ਯੁਗ ਵਿੱਚ, ਪਰਿਵਰਤਨ ਦੀ ਨਿਰੰਤਰ ਵਗਦੀ ਧਾਰਾ ਦੇ ਨਾਲ ਅਨੁਕੂਲਨ ਕਰਨਾ ਮਨੁੱਖੀ ਸੁਭਾਅ ਵਿੱਚ ਹੈ।" ਉਨ੍ਹਾਂ ਨੇ ਅਸਾਧਾਰਣ ਸਫ਼ਲਤਾਵਾਂ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਜਦੋਂ ਲੋਕ ਪੁਰਾਣੀ ਸੋਚ ਸਰੂਪ ਤੋਂ ਮੁਕਤ ਹੋ ਕੇ ਪਰਿਵਰਤਨ ਨੂੰ ਅਪਣਾਉਂਦੇ ਹਨ।

ਅਧਿਆਤਮਿਕਤਾ, ਧਿਆਨ ਅਤੇ ਵਿਸ਼ਵਵਿਆਪੀ ਕਲਿਆਣ ਦੇ ਵਿਸ਼ਿਆਂ 'ਤੇ ਬੋਲਦੇ ਹੋਏ, ਸ਼੍ਰੀ ਮੋਦੀ ਨੇ ਗਾਇਤਰੀ ਮੰਤਰ ਦੇ ਮਹੱਤਵ 'ਤੇ ਪ੍ਰਕਾਸ਼ ਪਾਇਆ, ਇਸਨੂੰ ਸੂਰਜ ਦੀ ਉੱਜਵਲ ਸ਼ਕਤੀ ਨੂੰ ਸਮਰਪਿਤ ਅਧਿਆਤਮਿਕ ਗਿਆਨ ਦੇ ਲਈ ਇੱਕ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਵਰਣਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਹਿੰਦੂ ਮੰਤਰ ਵਿਗਿਆਨ ਅਤੇ ਕੁਦਰਤ ਦੇ ਨਾਲ ਗਹਿਰਾਈ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਰੋਜ਼ਾਨਾ ਜਾਪ ਕਰਨ ਨਾਲ ਡੂੰਘੇ ਅਤੇ ਸਥਾਈ ਲਾਭ ਮਿਲਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਧਿਆਨ ਖ਼ੁਦ ਨੂੰ ਭਟਕਣ ਤੋਂ ਮੁਕਤ ਕਰਨ ਅਤੇ ਵਰਤਮਾਨ ਵਿੱਚ ਮੌਜੂਦ ਰਹਿਣ ਦੇ ਬਾਰੇ ਵਿੱਚ ਹੈ। ਉਨ੍ਹਾਂ ਨੇ ਹਿਮਾਲਿਆ ਵਿੱਚ ਆਪਣੇ ਸਮੇਂ ਦੇ ਇੱਕ ਅਨੁਭਵ ਨੂੰ ਯਾਦ ਕੀਤਾ, ਜਿੱਥੇ ਇੱਕ ਰਿਸ਼ੀ ਨੇ ਉਨ੍ਹਾਂ ਨੂੰ ਇੱਕ ਕਟੋਰੇ 'ਤੇ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਦੀ ਤਾਲਬੱਧ ਆਵਾਜ਼ 'ਤੇ ਧਿਆਨ ਕੇਂਦ੍ਰਿਤ ਕਰਨਾ ਸਿਖਾਇਆ ਸੀ। ਉਨ੍ਹਾਂ ਨੇ ਇਸ ਅਭਿਆਸ ਨੂੰ "ਦੈਵੀ ਗੂੰਜ" ਦੇ ਰੂਪ ਵਿੱਚ ਵਰਣਿਤ ਕੀਤਾ, ਜਿਸਨੇ ਉਨ੍ਹਾਂ ਨੂੰ ਇਕਾਗਰਤਾ ਵਿਕਸਿਤ ਕਰਨ ਅਤੇ ਧਿਆਨ ਵਿੱਚ ਵਿਕਸਿਤ ਹੋਣ ਵਿੱਚ ਸਹਾਇਤਾ ਕੀਤੀ। ਹਿੰਦੂ ਦਰਸ਼ਨ 'ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਜੀਵਨ ਦੇ ਪਰਸਪਰ ਜੁੜਾਅ ਅਤੇ ਵਿਸ਼ਵਵਿਆਪੀ ਕਲਿਆਣ ਦੇ ਮਹੱਤਵ 'ਤੇ ਜ਼ੋਰ ਦੇਣ ਵਾਲੇ ਮੰਤਰਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, "ਹਿੰਦੂ ਕਦੇ ਵੀ ਸਿਰਫ਼ ਵਿਅਕਤੀਗਤ ਕਲਿਆਣ 'ਤੇ ਧਿਆਨ ਕੇਂਦ੍ਰਿਤ ਨਹੀਂ ਕਰਦੇ ਹਨ। ਅਸੀਂ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।" ਉਨ੍ਹਾਂ ਨੇ ਇਸ ਗੱਲ 'ਤੇ ਪ੍ਰਕਾਸ਼ ਪਾਇਆ ਕਿ ਹਰੇਕ ਹਿੰਦੂ ਮੰਤਰ ਸ਼ਾਂਤੀ ਦੀ ਪ੍ਰਾਰਥਨਾ ਦੇ ਨਾਲ ਸਮਾਪਤ ਹੁੰਦਾ ਹੈ, ਜੋ ਜੀਵਨ ਦੇ ਸਾਰ ਅਤੇ ਰਿਸ਼ੀਆਂ ਦੀ ਅਧਿਆਤਮਿਕ ਪ੍ਰਥਾਵਾਂ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਨ ਦੇ ਅਵਸਰ ਦੇ ਲਈ ਧੰਨਵਾਦ ਵਿਅਕਤ ਕਰਦੇ ਹੋਏ ਪੋਡਕਾਸਟ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਗੱਲਬਾਤ ਨੇ ਉਸ ਨੂੰ ਉਨ੍ਹਾਂ ਵਿਚਾਰਾਂ ਨੂੰ ਤਲਾਸ਼ਣ ਅਤੇ ਵਿਅਕਤ ਕਰਨ ਦਾ ਅਵਸਰ ਦਿੱਤਾ ਜੋ ਉਨ੍ਹਾਂ ਨੇ ਲੰਬੇ ਸਮੇਂ ਤੋਂ ਆਪਣੇ ਅੰਦਰ ਦਬਾਏ ਹੋਏ ਸਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India-EU Relations: Trust And Strategic Engagement In A Changing World

Media Coverage

India-EU Relations: Trust And Strategic Engagement In A Changing World
NM on the go

Nm on the go

Always be the first to hear from the PM. Get the App Now!
...
Prime Minister condoles loss of lives in a air crash in Baramati, Maharashtra
January 28, 2026

The Prime Minister, Shri Narendra Modi condoled loss of lives in a tragic air crash in Baramati district of Maharashtra. "My thoughts are with all those who lost their loved ones in the crash. Praying for strength and courage for the bereaved families in this moment of profound grief", Shri Modi stated.


The Prime Minister posted on X:

"Saddened by the tragic air crash in Baramati, Maharashtra. My thoughts are with all those who lost their loved ones in the crash. Praying for strength and courage for the bereaved families in this moment of profound grief."

"महाराष्ट्रातील बारामती येथे झालेल्या दुर्दैवी विमान अपघातामुळे मी अत्यंत दुःखी आहे. या अपघातात आपल्या प्रियजनांना गमावलेल्या सर्वांच्या दुःखात मी सहभागी आहे. या दुःखाच्या क्षणी शोकाकुल कुटुंबांना शक्ती आणि धैर्य मिळो, ही प्रार्थना करतो."