ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਨਾਨਾਸਕਿਸ ਵਿੱਚ 7ਜੀ ਸਮਿਟ ਦੇ ਆਉਟਰੀਚ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ‘ਊਰਜਾ ਸੁਰੱਖਿਆ: ਬਦਲਦੀ ਦੁਨੀਆ ਵਿੱਚ ਪਹੁੰਚ ਅਤੇ ਸਮਰੱਥਾ ਯਕੀਨੀ ਬਣਾਉਣ ਲਈ ਵਿਵਿਧੀਕਰਣ, ਟੈਕਨੋਲੋਜੀ ਅਤੇ ਬੁਨਿਆਦੀ ਢਾਂਚਾ’ ਵਿਸ਼ੇ ‘ਤੇ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਕਾਰਨੀ ਦਾ ਉਨ੍ਹਾਂ ਦੇ ਸੱਦੇ ਲਈ ਧੰਨਵਾਦ ਕੀਤਾ ਅਤੇ ਜੀ7 ਨੂੰ ਆਪਣੀ ਯਾਤਰਾ ਦੇ 50 ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਸੁਰੱਖਿਆ ਭਵਿੱਖ ਦੀਆਂ ਪੀੜ੍ਹੀਆਂ ਦੇ ਸਾਹਮਣੇ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ ਹੈ। ਸਮਾਵੇਸ਼ੀ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਵਿਸਤਾਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਪਲਬਧਤਾ, ਪਹੁੰਚ, ਸਮਰੱਥਾ ਅਤੇ ਸਵੀਕਾਰਯੋਗਤਾ ਅਜਿਹੇ ਸਿਧਾਂਤ ਹਨ ਜੋ ਊਰਜਾ ਸੁਰੱਖਿਆ ਪ੍ਰਤੀ ਭਾਰਤ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ, ਲੇਕਿਨ ਇਸ ਨੇ ਸਮੇਂ ਤੋਂ ਪਹਿਲਾਂ ਆਪਣੀਆਂ ਪੈਰਿਸ ਵਚਨਬੱਧਤਾਵਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇੱਕ ਟਿਕਾਊ ਅਤੇ ਹਰਿਤ ਭਵਿੱਖ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਜੋੜ, ਆਫਤ ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ, ਗਲੋਬਲ ਬਾਇਓ ਫਿਊਲ ਅਲਾਇੰਸ, ਮਿਸ਼ਨ ਲਾਈਫ ਅਤੇ ਵੰਨ ਸਨ-ਵੰਨ ਵਰਲਡ-ਵੰਨ ਗਰਿੱਡ ਜਿਹੀਆਂ ਕਈ ਆਲਮੀ ਪਹਿਲਕਦਮੀਆਂ ਕੀਤੀਆਂ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨਿਸ਼ਚਿਤਤਾ ਅਤੇ ਸੰਘਰਸ਼ਾਂ ਨੇ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ ਅਤੇ ਭਾਰਤ ਗਲੋਬਲ ਸਾਊਥ ਦੀ ਆਵਾਜ਼ ਨੂੰ ਵਿਸ਼ਵ ਮੰਚ ‘ਤੇ ਸੁਣਾਉਣ ਨੂੰ ਆਪਣੀ ਜ਼ਿੰਮੇਦਾਰੀ ਸਮਝਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਕਰ ਅੰਤਰਰਾਸ਼ਟਰੀ ਭਾਈਚਾਰਾ ਇੱਕ ਸਥਾਈ ਭਵਿੱਖ ਬਾਰੇ ਗੰਭੀਰ ਹੈ ਤਾਂ ਦੁਨੀਆ ਲਈ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਨੂੰ ਸਮਝਣਾ ਜ਼ਰੂਰੀ ਹੈ। ਸੁਰੱਖਿਆ ਚੁਣੌਤੀਆਂ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਦੇਸ਼ਾਂ ਨੂੰ ਆਤੰਕਵਾਦ ਦੇ ਖਿਲਾਫ ਆਲਮੀ ਲੜਾਈ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਭਾਰਤ ਨੂੰ ਮਜ਼ਬੂਤ ਸਮਰਥਨ ਦੇਣ ਲਈ ਆਲਮੀ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਆਤੰਕੀ ਹਮਲਾ ਸਿਰਫ਼ ਭਾਰਤ ְ‘ਤੇ ਨਹੀਂ ਸਗੋਂ ਪੂਰੀ ਮਾਨਵਤਾ ‘ਤੇ ਹਮਲਾ ਸੀ। ਉਨ੍ਹਾਂ ਨੇ ਆਤੰਕਵਾਦ ਦਾ ਸਮਰਥਨ ਅਤੇ ਉਸ ਨੂੰ ਹੁਲਾਰਾ ਦੇਣ ਵਾਲੇ ਦੇਸ਼ਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਆਤੰਕਵਾਦ ਨਾਲ ਨਜਿੱਠਣ ਵਿੱਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਅਤੇ ਆਤੰਕਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਕਦੇ ਵੀ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ। ਆਤੰਕਵਾਦ ਨੂੰ ਮਾਨਵਤਾ ਲਈ ਇੱਕ ਗੰਭੀਰ ਖ਼ਤਰਾ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਵਿਚਾਰ ਕਰਨ ਲਈ ਕੁਝ ਅਹਿਮ ਸੁਆਲ ਰੱਖੇ:
- ਕੀ ਦੇਸ਼ ਆਤੰਕਵਾਦ ਨਾਲ ਪੈਦਾ ਹੋਏ ਗੰਭੀਰ ਖ਼ਤਰੇ ਨੂੰ ਤਦ ਹੀ ਸਮਝਣਗੇ ਜਦੋਂ ਉਹ ਇਸ ਦਾ ਨਿਸ਼ਾਨਾ ਬਣਨਗੇ?
- ਆਤੰਕਵਾਦ ਦੇ ਅਪਰਾਧੀਆਂ ਅਤੇ ਇਸ ਦੇ ਪੀੜ੍ਹਤਾਂ ਦੀ ਬਰਾਬਰੀ ਕਿਵੇਂ ਕੀਤੀ ਜਾ ਸਕਦੀ ਹੈ?
- ਕੀ ਆਲਮੀ ਸੰਸਥਾਵਾਂ ਆਤੰਕਵਾਦ ਪ੍ਰਤੀ ਮੂਕਦਰਸ਼ਕ ਬਣੀਆਂ ਰਹਿਣਗੀਆਂ?
ਪ੍ਰਧਾਨ ਮੰਤਰੀ ਨੇ ਟੈਕਨੋਲੋਜੀ, ਏਆਈ ਅਤੇ ਊਰਜਾ ਦਰਮਿਆਨ ਸਬੰਧਾਂ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਸ਼ਲਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਏਆਈ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ, ਲੇਕਿਨ ਟੈਕਨੋਲੋਜੀ ਆਪਣੇ ਆਪ ਵਿੱਚ ਸੰਵੇਦਨਸ਼ੀਲ ਹੁੰਦੀ ਹੈ, ਅਤੇ ਸਵੱਛ ਅਤੇ ਹਰਿਤ ਪਹਿਲਕਦਮੀਆਂ ਰਾਹੀਂ ਇਸ ਨੂੰ ਕਿਵੇਂ ਟਿਕਾਊ ਬਣਾਇਆ ਜਾਵੇ, ਇਸ ਦੀ ਰਣਨੀਤੀ ਬਣਾਉਣਾ ਮਹੱਤਵਪੂਰਨ ਹੈ। ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ‘ਤੇ ਵਿਸਤਾਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਭਾਵੀ ਹੋਣ ਲਈ ਕਿਸੇ ਵੀ ਟੈਕਨੋਲੋਜੀ ਨੂੰ ਆਮ ਲੋਕਾਂ ਦੇ ਜੀਵਨ ਵਿੱਚ ਮਹੱਤਵ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਏਆਈ ਨਾਲ ਸਬੰਧਿਤ ਆਲਮੀ ਸ਼ਾਸਨ ਦੇ ਮੁੱਦਿਆਂ ਦਾ ਸਮਾਧਾਨ ਕੱਢਣਾ ਏਆਈ ਦੀਆਂ ਚਿੰਤਾਵਾਂ ਨਾਲ ਨਜਿੱਠਣ ਅਤੇ ਖੇਤਰ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਏਆਈ ਦੇ ਯੁੱਗ ਵਿੱਚ ਮਹੱਤਵਪੂਰਨ ਖਣਿਜਾਂ ਦੀ ਸੁਰੱਖਿਅਤ ਅਤੇ ਲਚੀਲੀ ਸਪਲਾਈ ਚੇਨ ਹੋਣਾ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਉਚਿਤ ਮਾਤਰਾ ਵਿੱਚ ਮੌਜੂਦ ਗੁਣਵੱਤਾਪੂਰਨ ਅਤੇ ਵਿਵਿਧ ਡੇਟਾ ਜ਼ਿੰਮੇਦਾਰ ਏਆਈ ਲਈ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀ ਅਧਾਰਿਤ ਵਿਸ਼ਵ ਵਿੱਚ ਟਿਕਾਊ ਭਵਿੱਖ ਦੇ ਲਈ ਦੇਸ਼ਾਂ ਦਰਮਿਆਨ ਨਜਦੀਕੀ ਸਹਿਯੋਗ ਦੀ ਜ਼ਰੂਰਤ ਹੈ, ਅਤੇ ਇਸ ਨੂੰ ਹਾਸਲ ਕਰਨ ਲਈ ਲੋਕਾਂ ਅਤੇ ਪਲੈਨਟ (planet) ਨੂੰ ਪ੍ਰਗਤੀ ਦੇ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ। [ਲਿੰਕ]


