ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਅਗਵਾਈ ਦੁਆਰਾ ਨਿਰਦੇਸ਼ਿਤ ਨਿਰਮਾਣ ਖੇਤਰ ਲਈ ਵੱਖ-ਵੱਖ ਸਹਾਇਤਾ ਉਪਾਵਾਂ ਦੇ ਕਾਰਨ ਭਾਰਤ ਦਾ ਆਰਥਿਕ ਵਿਕਾਸ ਹੋਰ ਤੇਜ਼ ਹੋ ਰਿਹਾ ਹੈ: ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ
ਮਾਰੂਤੀ-ਸੁਜ਼ੂਕੀ ਦੀ ਸਫ਼ਲਤਾ ਭਾਰਤ-ਜਪਾਨ ਦੀ ਮਜ਼ਬੂਤ ਸਾਂਝੇਦਾਰੀ ਨੂੰ ਦਰਸਾਉਂਦੀ ਹੈ"
"ਪਿਛਲੇ ਅੱਠ ਸਾਲਾਂ ਵਿੱਚ ਭਾਰਤ ਅਤੇ ਜਪਾਨ ਦੇ ਰਿਸ਼ਤੇ ਨਵੀਆਂ ਉਚਾਈਆਂ 'ਤੇ ਪਹੁੰਚੇ ਹਨ"
"ਜਦੋਂ ਇਸ ਦੋਸਤੀ ਦੀ ਗੱਲ ਆਉਂਦੀ ਹੈ, ਤਾਂ ਹਰ ਭਾਰਤੀ ਸਾਡੇ ਦੋਸਤ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼ਿੰਜ਼ੋ ਆਬੇ ਨੂੰ ਜ਼ਰੂਰ ਯਾਦ ਕਰਦਾ ਹੈ"
"ਸਾਡੀਆਂ ਕੋਸ਼ਿਸ਼ਾਂ ਵਿੱਚ ਜਪਾਨ ਲਈ ਹਮੇਸ਼ਾ ਗੰਭੀਰਤਾ ਅਤੇ ਸਤਿਕਾਰ ਰਿਹਾ ਹੈ, ਇਸੇ ਕਰਕੇ ਗੁਜਰਾਤ ਵਿੱਚ ਲਗਭਗ 125 ਜਪਾਨੀ ਕੰਪਨੀਆਂ ਕਾਰਜਸ਼ੀਲ ਹਨ"
"ਸਪਲਾਈ, ਮੰਗ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ ਈਵੀ ਸੈਕਟਰ ਨਿਸ਼ਚਿਤ ਤੌਰ 'ਤੇ ਤਰੱਕੀ ਕਰਨ ਜਾ ਰਿਹਾ ਹੈ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਐੱਚ ਈ ਸ਼੍ਰੀ ਸਤੋਸ਼ੀ ਸੁਜ਼ੂਕੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਰਾਜ ਮੰਤਰੀ ਸ਼੍ਰੀ ਜਗਦੀਸ਼ ਪੰਚਾਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਬਕਾ ਪ੍ਰਮੁੱਖ ਸ਼੍ਰੀ ਓ ਸੁਜ਼ੂਕੀ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਮੁੱਖ ਸ਼੍ਰੀ ਟੀ ਸੁਜ਼ੂਕੀ ਅਤੇ ਮਾਰੂਤੀ-ਸੁਜ਼ੂਕੀ ਦੇ ਚੇਅਰਮੈਨ ਸ਼੍ਰੀ ਆਰ ਸੀ ਭਾਰਗਵ ਮੌਜੂਦ ਸਨ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਫੁਮੀਓ ਕਿਸ਼ੀਦਾ ਦੇ ਇੱਕ ਵੀਡੀਓ ਸੰਦੇਸ਼ ਦੀ ਸਕ੍ਰੀਨਿੰਗ ਕੀਤੀ ਗਈ।

ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਇਸ ਅਵਸਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ 4 ਦਹਾਕਿਆਂ ਦੌਰਾਨ ਮਾਰੂਤੀ-ਸੁਜ਼ੂਕੀ ਦਾ ਵਿਕਾਸ ਭਾਰਤ ਅਤੇ ਜਪਾਨ ਦੇ ਦਰਮਿਆਨ ਮਜ਼ਬੂਤ ਆਰਥਿਕ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਭਾਰਤੀ ਬਜ਼ਾਰ ਦੀ ਸਮਰੱਥਾ ਨੂੰ ਪਛਾਣਨ ਲਈ ਸੁਜ਼ੂਕੀ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਮੈਂ ਸਮਝਦਾ ਹਾਂ ਕਿ ਅਸੀਂ ਇਸ ਸਫ਼ਲਤਾ ਲਈ ਭਾਰਤ ਦੇ ਲੋਕਾਂ ਅਤੇ ਸਰਕਾਰ ਦੀ ਸਮਝ ਅਤੇ ਸਮਰਥਨ ਦੇ ਰਿਣੀ ਹਾਂ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਅਗਵਾਈ ਦੁਆਰਾ ਨਿਰਦੇਸ਼ਿਤ ਨਿਰਮਾਣ ਖੇਤਰ ਲਈ ਵੱਖ-ਵੱਖ ਸਹਾਇਤਾ ਉਪਾਵਾਂ ਦੇ ਕਾਰਨ ਭਾਰਤ ਦੇ ਆਰਥਿਕ ਵਿਕਾਸ ਵਿੱਚ ਹੋਰ ਤੇਜ਼ੀ ਆਈ ਹੈ।" ਉਨ੍ਹਾਂ ਦੱਸਿਆ ਕਿ ਕਈ ਹੋਰ ਜਪਾਨੀ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕਰਨ ਦੀ ਆਪਣੀ ਦਿਲਚਸਪੀ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਸਾਲ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ ਕਿਉਂਕਿ ਭਾਰਤ ਅਤੇ ਜਪਾਨ ਆਪਣੇ ਸਬੰਧਾਂ ਦੇ 70 ਸਾਲ ਪੂਰੇ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮਿਲ ਕੇ ਮੈਂ 'ਜਪਾਨ-ਭਾਰਤ ਰਣਨੀਤਕ ਅਤੇ ਆਲਮੀ ਭਾਈਵਾਲੀ' ਨੂੰ ਹੋਰ ਵਿਕਸਤ ਕਰਨ ਅਤੇ "ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ" ਨੂੰ ਸਾਕਾਰ ਕਰਨ ਦੇ ਯਤਨ ਕਰਨ ਲਈ ਦ੍ਰਿੜ੍ਹ ਹਾਂ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਜ਼ੂਕੀ ਕਾਰਪੋਰੇਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, "ਭਾਰਤ ਦੇ ਪਰਿਵਾਰਾਂ ਨਾਲ ਸੁਜ਼ੂਕੀ ਦਾ ਸਬੰਧ ਹੁਣ 40 ਸਾਲਾਂ ਤੋਂ ਮਜ਼ਬੂਤ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ, “ਮਾਰੂਤੀ-ਸੁਜ਼ੂਕੀ ਦੀ ਸਫ਼ਲਤਾ ਭਾਰਤ-ਜਪਾਨ ਦੀ ਮਜ਼ਬੂਤ ਸਾਂਝੇਦਾਰੀ ਨੂੰ ਵੀ ਦਰਸਾਉਂਦੀ ਹੈ। ਪਿਛਲੇ ਅੱਠ ਸਾਲਾਂ ਵਿੱਚ ਸਾਡੇ ਦੋਵਾਂ ਦੇਸ਼ਾਂ ਦੇ ਇਹ ਸਬੰਧ ਨਵੀਆਂ ਉਚਾਈਆਂ 'ਤੇ ਪਹੁੰਚੇ ਹਨ। ਅੱਜ, ਗੁਜਰਾਤ-ਮਹਾਰਾਸ਼ਟਰ ਦੇ ਦਰਮਿਆਨ ਬੁਲੇਟ ਟਰੇਨ ਤੋਂ ਲੈ ਕੇ ਯੂਪੀ ਵਿੱਚ ਬਨਾਰਸ ਵਿੱਚ ਰੁਦਰਾਕਸ਼ ਕੇਂਦਰ ਤੱਕ, ਬਹੁਤ ਸਾਰੇ ਵਿਕਾਸ ਪ੍ਰੋਜੈਕਟ ਭਾਰਤ-ਜਪਾਨ ਦੋਸਤੀ ਦੀਆਂ ਉਦਾਹਰਣਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਇਸ ਦੋਸਤੀ ਦੀ ਗੱਲ ਆਉਂਦੀ ਹੈ, ਹਰ ਭਾਰਤੀ ਯਕੀਨੀ ਤੌਰ 'ਤੇ ਸਾਡੇ ਦੋਸਤ, ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼ਿੰਜ਼ੋ ਆਬੇ ਨੂੰ ਯਾਦ ਕਰਦਾ ਹੈ।" ਆਬੇ ਸਾਨ ਦੇ ਗੁਜਰਾਤ ਆਉਣ ਅਤੇ ਇੱਥੇ ਆਪਣਾ ਸਮਾਂ ਬਿਤਾਉਣ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਗੁਜਰਾਤ ਦੇ ਲੋਕ ਦਿਲੋਂ ਯਾਦ ਕਰਦੇ ਹਨ। ਉਨ੍ਹਾਂ ਅੱਗੇ ਕਿਹਾ, "ਅੱਜ ਪ੍ਰਧਾਨ ਮੰਤਰੀ ਕਿਸ਼ਿਦਾ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਲਈ ਕੀਤੇ ਗਏ ਯਤਨਾਂ ਨੂੰ ਅੱਗੇ ਵਧਾ ਰਹੇ ਹਨ।"

ਪ੍ਰਧਾਨ ਮੰਤਰੀ ਨੇ 13 ਸਾਲ ਪਹਿਲਾਂ ਗੁਜਰਾਤ ਵਿੱਚ ਸੁਜ਼ੂਕੀ ਦੀ ਆਮਦ ਦਾ ਜ਼ਿਕਰ ਕੀਤਾ ਅਤੇ ਸ਼ਾਸਨ ਦੇ ਇੱਕ ਚੰਗੇ ਮਾਡਲ ਵਜੋਂ ਪੇਸ਼ ਕਰਨ ਦੇ ਗੁਜਰਾਤ ਦੇ ਭਰੋਸੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਗੁਜਰਾਤ ਨੇ ਸੁਜ਼ੂਕੀ ਨਾਲ ਆਪਣਾ ਵਾਅਦਾ ਨਿਭਾਇਆ ਅਤੇ ਸੁਜ਼ੂਕੀ ਨੇ ਵੀ ਗੁਜਰਾਤ ਦੀਆਂ ਇੱਛਾਵਾਂ ਨੂੰ ਉਸੇ ਮਾਣ ਨਾਲ ਨਿਭਾਇਆ। ਗੁਜਰਾਤ ਵਿਸ਼ਵ ਵਿੱਚ ਇੱਕ ਚੋਟੀ ਦੇ ਆਟੋਮੋਟਿਵ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ।" ਗੁਜਰਾਤ ਅਤੇ ਜਪਾਨ ਵਿਚਕਾਰ ਮੌਜੂਦ ਸਬੰਧਾਂ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੂਟਨੀਤਕ ਪਹਿਲੂਆਂ ਤੋਂ ਉੱਚਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਯਾਦ ਹੈ ਜਦੋਂ ਵਾਇਬ੍ਰੈਂਟ ਗੁਜਰਾਤ ਸੰਮੇਲਨ 2009 ਵਿੱਚ ਸ਼ੁਰੂ ਹੋਇਆ ਸੀ, ਉਦੋਂ ਤੋਂ ਜਪਾਨ ਇੱਕ ਭਾਈਵਾਲ ਦੇਸ਼ ਵਜੋਂ ਇਸ ਨਾਲ ਜੁੜਿਆ ਹੋਇਆ ਸੀ”। ਉਨ੍ਹਾਂ ਨੇ ਗੁਜਰਾਤ ਵਿੱਚ ਜਪਾਨੀ ਨਿਵੇਸ਼ਕਾਂ ਲਈ ਗੁਜਰਾਤ ਵਿੱਚ ਘਰ ਦੇ ਰੂਪ ਵਿੱਚ ਇੱਕ ਮਿੰਨੀ ਜਪਾਨ ਬਣਾਉਣ ਦੇ ਆਪਣੇ ਸੰਕਲਪ ਨੂੰ ਯਾਦ ਕੀਤਾ। ਇਸ ਨੂੰ ਅਸਲੀਅਤ ਵਿੱਚ ਢਾਲਣ ਲਈ ਬਹੁਤ ਸਾਰੇ ਛੋਟੇ ਉਪਾਅ ਕੀਤੇ ਗਏ ਸਨ। ਜਪਾਨੀ ਪਕਵਾਨਾਂ ਦੇ ਨਾਲ ਬਹੁਤ ਸਾਰੇ ਵਿਸ਼ਵ ਪੱਧਰੀ ਗੋਲਫ ਕੋਰਸ ਅਤੇ ਰੈਸਟੋਰੈਂਟਾਂ ਦਾ ਨਿਰਮਾਣ ਅਤੇ ਜਪਾਨੀ ਭਾਸ਼ਾ ਦਾ ਪ੍ਰਚਾਰ ਕੁਝ ਅਜਿਹੀਆਂ ਉਦਾਹਰਣਾਂ ਹਨ। ਉਨ੍ਹਾਂ ਅੱਗੇ ਕਿਹਾ, "ਸਾਡੀਆਂ ਕੋਸ਼ਿਸ਼ਾਂ ਵਿੱਚ ਜਪਾਨ ਲਈ ਹਮੇਸ਼ਾ ਗੰਭੀਰਤਾ ਅਤੇ ਸਤਿਕਾਰ ਰਿਹਾ ਹੈ, ਇਸੇ ਲਈ ਸੁਜ਼ੂਕੀ ਸਮੇਤ ਲਗਭਗ 125 ਜਪਾਨੀ ਕੰਪਨੀਆਂ ਗੁਜਰਾਤ ਵਿੱਚ ਕਾਰਜਸ਼ੀਲ ਹਨ।" ਅਹਿਮਦਾਬਾਦ ਵਿੱਚ ਜੇਟਰੋ (JETRO) ਦੁਆਰਾ ਚਲਾਇਆ ਜਾਂਦਾ ਸਹਾਇਤਾ ਕੇਂਦਰ ਬਹੁਤ ਸਾਰੀਆਂ ਕੰਪਨੀਆਂ ਨੂੰ ਪਲੱਗ-ਐਂਡ-ਪਲੇਅ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਜਪਾਨ ਇੰਡੀਆ ਇੰਸਟੀਟਿਊਟ ਫੌਰ ਮੈਨੂਫੈਕਚਰਿੰਗ ਬਹੁਤ ਸਾਰੇ ਲੋਕਾਂ ਨੂੰ ਸਿਖਲਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਵਿਕਾਸ ਯਾਤਰਾ ਵਿੱਚ ‘ਕਾਇਜ਼ੇਨ’ ਦੇ ਯੋਗਦਾਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੁਆਰਾ ਪ੍ਰਧਾਨ ਮੰਤਰੀ ਦਫ਼ਤਰ ਅਤੇ ਹੋਰ ਵਿਭਾਗਾਂ ਵਿੱਚ ਵੀ ਕਾਇਜ਼ੇਨ ਦੇ ਪਹਿਲੂਆਂ ਨੂੰ ਲਾਗੂ ਕੀਤਾ ਗਿਆ ਸੀ।

ਇਲੈਕਟ੍ਰਿਕ ਵਾਹਨਾਂ ਦੀ ਇੱਕ ਵੱਡੀ ਵਿਸ਼ੇਸ਼ਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮੂਕ ਹਨ। 2 ਪਹੀਆ ਵਾਹਨ ਹੋਵੇ ਜਾਂ 4 ਪਹੀਆ ਵਾਹਨ, ਉਹ ਕੋਈ ਰੌਲਾ-ਰੱਪਾ ਨਹੀਂ ਪਾਉਂਦੇ। ਉਨ੍ਹਾਂ ਕਿਹਾ, “ਇਹ ਖਾਮੋਸ਼ੀ ਨਾ ਸਿਰਫ਼ ਇਸ ਦੀ ਇੰਜੀਨੀਅਰਿੰਗ ਬਾਰੇ ਹੈ, ਬਲਕਿ ਇਹ ਦੇਸ਼ ਵਿੱਚ ਇੱਕ ਖਾਮੋਸ਼ ਕ੍ਰਾਂਤੀ ਦੀ ਸ਼ੁਰੂਆਤ ਵੀ ਹੈ।" ਈਵੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਖਰੀਦਦਾਰਾਂ ਨੂੰ ਕਈ ਤਰ੍ਹਾਂ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਸਰਕਾਰ ਨੇ ਇਨਕਮ ਟੈਕਸ ਵਿੱਚ ਛੋਟ ਅਤੇ ਲੋਨ ਪ੍ਰਕਿਰਿਆ ਨੂੰ ਸਰਲ ਬਣਾਉਣ ਜਿਹੇ ਕਈ ਕਦਮ ਉਠਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸਪਲਾਈ ਨੂੰ ਹੁਲਾਰਾ ਦੇਣ ਲਈ, ਆਟੋਮੋਬਾਈਲ ਅਤੇ ਆਟੋਮੋਬਾਈਲ ਪੁਰਜਿਆਂ ਦੇ ਨਿਰਮਾਣ ਵਿੱਚ ਪੀ ਐੱਲ ਆਈ ਸਕੀਮਾਂ ਨੂੰ ਲਾਗੂ ਕਰਨ ਲਈ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ”। ਇੱਕ ਮਜ਼ਬੂਤ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਬਹੁਤ ਸਾਰੇ ਨੀਤੀਗਤ ਫੈਸਲੇ ਵੀ ਲਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “2022 ਦੇ ਵਿੱਤੀ ਬਜਟ ਵਿੱਚ ਇੱਕ ਬੈਟਰੀ ਸਵੈਪਿੰਗ ਨੀਤੀ ਵੀ ਪੇਸ਼ ਕੀਤੀ ਗਈ ਹੈ”। ਉਨ੍ਹਾਂ ਅੱਗੇ ਕਿਹਾ, "ਇਹ ਇੱਕ ਨਿਸ਼ਚਿਤ ਹੈ ਕਿ ਸਪਲਾਈ, ਮੰਗ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ, ਈਵੀ ਸੈਕਟਰ ਤਰੱਕੀ ਕਰਨ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਨੇ ਸੀਓਪੀ-26 ਵਿੱਚ ਐਲਾਨ ਕੀਤਾ ਹੈ ਕਿ ਉਹ 2030 ਤੱਕ ਗ਼ੈਰ-ਜੀਵਾਸ਼ਮੀ ਸਰੋਤਾਂ ਤੋਂ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 50% ਪ੍ਰਾਪਤ ਕਰ ਲਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ 2070 ਲਈ 'ਨੈੱਟ ਜ਼ੀਰੋ' ਟੀਚਾ ਮਿਥਿਆ ਹੈ।" ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਮਾਰੂਤੀ-ਸੁਜ਼ੂਕੀ ਬਾਇਓਫਿਊਲ, ਈਥੇਨੌਲ ਬਲੈਂਡਿੰਗ ਅਤੇ ਹਾਈਬ੍ਰਿਡ ਈਵੀਜ਼ ਜਿਹੀਆਂ ਚੀਜ਼ਾਂ 'ਤੇ ਵੀ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਸੁਜ਼ੂਕੀ ਕੰਪਰੈੱਸਡ ਬਾਇਓਮੀਥੇਨ ਗੈਸ ਨਾਲ ਸਬੰਧਤ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕਰੇ। ਪ੍ਰਧਾਨ ਮੰਤਰੀ ਨੇ ਇਹ ਵੀ ਕਾਮਨਾ ਕੀਤੀ ਕਿ ਸਿਹਤਮੰਦ ਮੁਕਾਬਲੇ ਅਤੇ ਆਪਸੀ ਸਿੱਖਣ ਲਈ ਬਿਹਤਰ ਮਾਹੌਲ ਸਿਰਜਿਆ ਜਾਵੇ। ਉਨ੍ਹਾਂ ਕਿਹਾ, “ਇਸ ਨਾਲ ਦੇਸ਼ ਅਤੇ ਵਪਾਰ ਦੋਵਾਂ ਨੂੰ ਲਾਭ ਹੋਵੇਗਾ।" “ਇਹ ਸਾਡਾ ਟੀਚਾ ਹੈ ਕਿ ਭਾਰਤ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਵਿੱਚ ਆਪਣੀਆਂ ਊਰਜਾ ਜ਼ਰੂਰਤਾਂ ਦੇ ਲਈ ਆਤਮਨਿਰਭਰ ਬਣੇ। ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਕਿਹਾ, "ਕਿਉਂਕਿ ਟ੍ਰਾਂਸਪੋਰਟ ਸੈਕਟਰ ਵਿੱਚ ਊਰਜਾ ਦਾ ਵੱਡਾ ਹਿੱਸਾ ਖਪਤ ਹੁੰਦਾ  ਹੈ, ਇਸ ਲਈ ਇਸ ਖੇਤਰ ਵਿੱਚ ਇਨੋਵੇਸ਼ਨ ਅਤੇ ਪ੍ਰਯਤਨ ਸਾਡੀ ਪ੍ਰਾਥਮਿਕਤਾ ਹੋਣੇ ਚਾਹੀਦੇ ਹਨ। ਮੈਨੂੰ ਭਰੋਸਾ ਹੈ ਕਿ ਅਸੀਂ ਇਸ ਨੂੰ ਹਾਸਲ ਕਰਾਂਗੇ।"

ਪਿਛੋਕੜ

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੁਜ਼ੂਕੀ ਸਮੂਹ ਦੇ ਦੋ ਮੁੱਖ ਪ੍ਰੋਜੈਕਟਾਂ - ਸੁਜ਼ੂਕੀ ਮੋਟਰ ਗੁਜਰਾਤ ਇਲੈਕਟ੍ਰਿਕ ਵ੍ਹੀਕਲ ਬੈਟਰੀ ਨਿਰਮਾਣ ਸੁਵਿਧਾ, ਹੰਸਲਪੁਰ, ਗੁਜਰਾਤ ਅਤੇ ਮਾਰੂਤੀ ਸੁਜ਼ੂਕੀ ਦੀ ਖਰਖੌਦਾ, ਹਰਿਆਣਾ ਵਿੱਚ ਬਣਨ ਵਾਲੀ ਵਾਹਨ ਨਿਰਮਾਣ ਸੁਵਿਧਾ ਦਾ ਨੀਂਹ ਪੱਥਰ ਰੱਖਿਆ।

 

ਗੁਜਰਾਤ ਦੇ ਹੰਸਲਪੁਰ ਵਿਖੇ ਸੁਜ਼ੂਕੀ ਮੋਟਰ ਗੁਜਰਾਤ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਅਡਵਾਂਸ ਕੈਮਿਸਟਰੀ ਸੈੱਲ ਬੈਟਰੀਆਂ ਬਣਾਉਣ ਲਈ ਇਲੈਕਟ੍ਰਿਕ ਵਾਹਨ ਬੈਟਰੀ ਨਿਰਮਾਣ ਸੁਵਿਧਾ ਲਗਭਗ 7,300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਹਰਿਆਣਾ ਦੇ ਖਰਖੌਦਾ ਵਿੱਚ ਵਾਹਨ ਨਿਰਮਾਣ ਸੁਵਿਧਾ ਵਿੱਚ ਪ੍ਰਤੀ ਸਾਲ 10 ਲੱਖ ਯਾਤਰੀ ਵਾਹਨਾਂ ਦਾ ਨਿਰਮਾਣ ਕਰਨ ਦੀ ਸਮਰੱਥਾ ਹੋਵੇਗੀ, ਜਿਸ ਨਾਲ ਇਹ ਦੁਨੀਆ ਵਿੱਚ ਇੱਕ ਸਿੰਗਲ ਸਾਈਟ 'ਤੇ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਣ ਸੁਵਿਧਾਵਾਂ ਵਿੱਚੋਂ ਇੱਕ ਬਣ ਜਾਵੇਗੀ। ਪ੍ਰੋਜੈਕਟ ਦਾ ਪਹਿਲਾ ਪੜਾਅ 11,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਪੂਰਾ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Most NE districts now ‘front runners’ in development goals: Niti report

Media Coverage

Most NE districts now ‘front runners’ in development goals: Niti report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਜੁਲਾਈ 2025
July 08, 2025

Appreciation from Citizens Celebrating PM Modi's Vision of Elevating India's Global Standing Through Culture and Commerce