ਮਾਣਯੋਗ ਪ੍ਰਧਾਨ ਮੰਤਰੀ ਕ੍ਰਿਸਟਰਸਨ ਜੀ,

ਮਾਣਯੋਗ ਉਰਸੁਲਾ ਜੀ,

ਸ਼ਾਹੀ ਰਾਜਕੁਮਾਰੀ ਜੀ,

ਵੋਲਵੋ ਗਰੁੱਪ ਦੇ ਮੁਖੀ ਅਤੇ ਸੀਈਓ,

ਯੂਰਪੀਅਨ ਰਾਊਂਡ ਟੇਬਲ ਦੇ ਪ੍ਰਧਾਨ,

ਇੱਥੇ ਮੌਜੂਦ ਯੂਰਪ ਦੇ ਪ੍ਰਮੁੱਖ ਕਾਰੋਬਾਰੀ ਨੇਤਾ,

ਦੇਵੀਓ ਅਤੇ ਸੱਜਣੋ,

ਨਮਸਕਾਰ!

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕ੍ਰਿਸਟਰਸਨ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਰਾਊਂਡ ਟੇਬਲ ਵਿੱਚ ਸੱਦਾ ਦਿੱਤਾ। ਮੈਨੂੰ ਖ਼ੁਸ਼ੀ ਹੈ ਕਿ ਇਹ ਬੈਠਕ “ਗੋਥਨਬਰਗ” ਵਿੱਚ ਹੋ ਰਹੀ ਹੈ। ਇਹ ਉਹ ਸ਼ਹਿਰ ਹੈ, ਜੋ ਨਵੀਨਤਾ ਦੇ ਨਾਲ-ਨਾਲ ਯੂਰਪ ਦੀ ਮੈਨੂਫੈਕਚਰਿੰਗ ਸਪਿਰਟ ਦਾ ਵੀ ਜੀਵੰਤ ਪ੍ਰਤੀਕ ਹੈ।

ਸਾਥੀਓ,

ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਵਰਗੇ ਮਾਣਮੱਤੇ ਮੰਚ ਨੂੰ ਸੰਬੋਧਨ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ।

ਤੁਹਾਡੇ ਵਿੱਚੋਂ ਕੁਝ ਦੋਸਤਾਂ ਨਾਲ ਮੇਰੀ ਪਹਿਲਾਂ ਵੀ ਮੁਲਾਕਾਤ ਹੋ ਚੁੱਕੀ ਹੈ। ਕੁਝ ਨਾਲ ਅੱਜ ਪਹਿਲੀ ਵਾਰ ਮਿਲ ਰਿਹਾ ਹਾਂ। ਪਰ ਇੱਕ ਗੱਲ ਤੈਅ ਹੈ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਜੁੜੇ ਹੋਏ ਹੋ।

ਕਿਸੇ ਦੀ ਮੈਨੂਫੈਕਚਰਿੰਗ ਭਾਰਤ ਵਿੱਚ ਹੈ। ਕਿਸੇ ਦਾ ਆਰ ਐਂਡ ਡੀ ਭਾਰਤ ਵਿੱਚ ਹੈ। ਕਿਸੇ ਦਾ ਟੈਲੈਂਟ ਬੇਸ ਭਾਰਤ ਵਿੱਚ ਹੈ। ਕਿਸੇ ਦੀ ਸਪਲਾਈ ਲੜੀ ਭਾਰਤ ਨਾਲ ਜੁੜੀ ਹੈ। ਅਤੇ ਕੋਈ ਭਾਰਤ ਵਿੱਚ ਵੱਡਾ ਨਿਵੇਸ਼ ਕਰ ਰਿਹਾ ਹੈ। ਅੱਜ ਦੀ ਇਹ ਬੈਠਕ ਇਸ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ।

ਸਾਥੀਓ,

ਅੱਜ ਭਾਰਤ ਅਤੇ ਯੂਰਪ ਦੇ ਸਬੰਧ ਇੱਕ ਨਵੇਂ ਮੋੜ ’ਤੇ ਖੜ੍ਹੇ ਹਨ। ਸਰਕਾਰਾਂ ਦੇ ਪੱਧਰ ’ਤੇ ਅਸੀਂ ਇੱਕ ਅਭਿਲਾਸ਼ੀ ਅਤੇ ਰਣਨੀਤਿਕ ਏਜੰਡਾ ਤੈਅ ਕੀਤਾ ਹੈ।

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ’ਤੇ ਸਹਿਮਤੀ ਬਣ ਚੁੱਕੀ ਹੈ। ਜਿਵੇਂ ਉਰਸੁਲਾ ਜੀ ਨੇ ਕਿਹਾ ਸੀ, ਇਹ ਸੱਚਮੁੱਚ “ਸਭ ਸਮਝੌਤਿਆਂ ਦੀ ਜਣਨੀ” ਹੈ। ਸਾਡਾ ਯਤਨ ਹੈ ਕਿ ਇਸਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।

ਸੁਰੱਖਿਆ ਅਤੇ ਰੱਖਿਆ ਭਾਈਵਾਲੀ ਅਤੇ ਮੋਬਿਲਿਟੀ ਸਮਝੌਤੇ ਨੇ ਵੀ ਸਾਡੇ ਸਹਿਯੋਗ ਨੂੰ ਨਵੀਂ ਦਿਸ਼ਾ ਦਿੱਤੀ ਹੈ। ਭਾਰਤ-ਯੂਰਪੀ ਸੰਘ ਵਪਾਰ ਅਤੇ ਤਕਨਾਲੋਜੀ ਕੌਂਸਲ ਨੇ ਸਾਡੀ ਭਾਈਚਾਰਕਤਾ ਨੂੰ ਨਵੀਂ ਸੰਸਥਾਗਤ ਮਜ਼ਬੂਤੀ ਦਿੱਤੀ ਹੈ। ਡਿਜੀਟਲ ਤਕਨਾਲੋਜੀਆਂ, ਸਪਲਾਈ ਲੜੀ ਅਤੇ ਨਵੀਨਤਾ—ਇਨ੍ਹਾਂ ਸਾਰੇ ਖੇਤਰਾਂ ਵਿੱਚ ਭਾਰਤ ਅਤੇ ਯੂਰਪ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ।

ਭਾਰਤ-ਮੱਧ ਪੂਰਬ-ਯੂਰਪ ਆਰਥਿਕ ਕੌਰੀਡੋਰ ਵਰਗੀਆਂ ਇਤਿਹਾਸਕ ਪਹਿਲਕਦਮੀਆਂ ਕਨੈਕਟਿਵਟੀ ਅਤੇ ਆਰਥਿਕ ਏਕੀਕਰਨ ਨੂੰ ਨਵੀਂ ਰਫ਼ਤਾਰ ਦੇ ਰਹੀਆਂ ਹਨ। ਹਰਿਤ ਤਬਦੀਲੀ ਅਤੇ ਟਿਕਾਊ ਵਿਕਾਸ ਨੂੰ ਲੈ ਕੇ ਵੀ ਸਾਡੀ ਸੋਚ ਅਤੇ ਤਰਜੀਹਾਂ ਇੱਕੋ ਜਿਹੀਆਂ ਹਨ।

ਭਾਵ, ਜੇ ਵੱਡੀ ਤਸਵੀਰ ਵੇਖੀਏ ਤਾਂ ਸਾਡੇ ਵਿਚਕਾਰ ਡੂੰਘੀ ਰਾਜਨੀਤਿਕ, ਆਰਥਿਕ ਅਤੇ ਰਣਨੀਤਿਕ ਇਕਸਾਰਤਾ ਹੈ। ਭਾਰਤ ਅਤੇ ਯੂਰਪ ਇੱਕ ਸੰਤੁਲਿਤ, ਸੁਰੱਖਿਅਤ ਅਤੇ ਟਿਕਾਊ ਦੁਨੀਆ ਲਈ ਰਣਨੀਤਿਕ ਭਾਈਵਾਲ ਹਨ।

ਪਰ ਸਾਥੀਓ,

ਸਰਕਾਰਾਂ ਸਿਰਫ਼ ਢਾਂਚਾ, ਢਾਂਚਾਗਤ ਸਹਾਇਤਾ ਅਤੇ ਨੀਤੀ ਦਿਸ਼ਾ ਦੇ ਸਕਦੀਆਂ ਹਨ। ਜ਼ਮੀਨੀ ਪੱਧਰ ’ਤੇ ਅਸਲ ਬਦਲਾਅ ਤੁਹਾਡੇ ਸਾਰਿਆਂ ਦੇ ਯਤਨਾਂ ਨਾਲ ਹੀ ਸੰਭਵ ਹੋਵੇਗਾ। ਇਸ ਲਈ ਅੱਜ ਮੈਂ ਤੁਹਾਨੂੰ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਸੱਦਾ ਦੇਣ ਆਇਆ ਹਾਂ।

ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ-ਵਿਵਸਥਾ ਦੇ ਰੂਪ ਵਿੱਚ ਭਾਰਤ ਅੱਜ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਭਾਰਤ 140 ਕਰੋੜ ਲੋਕਾਂ ਦੀਆਂ ਆਸਾਂ ਦਾ ਦੇਸ਼ ਹੈ। ਸਾਡੀ ਨੌਜਵਾਨ ਆਬਾਦੀ, ਫੈਲਦਾ ਮੱਧ ਵਰਗ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਗਤੀ ਦੇ ਰਹੇ ਹਨ।

ਪਿਛਲੇ ਬਾਰ੍ਹਾਂ ਸਾਲਾਂ ਵਿੱਚ ਭਾਰਤ ਸੁਧਾਰ, ਪ੍ਰਦਰਸ਼ਨ ਅਤੇ ਬਦਲਾਅ ਦੇ ਮੂਲ ਮੰਤਰ ’ਤੇ ਚੱਲਿਆ ਹੈ। ਅਤੇ ਸਰਕਾਰ ਦੀ ਰਾਜਨੀਤਿਕ ਇੱਛਾ-ਸ਼ਕਤੀ ਨਾਲ ਇਹ ਸੁਧਾਰ ਐਕਸਪ੍ਰੈੱਸ ਪੂਰੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ।

ਵਸਤੂ ਅਤੇ ਸੇਵਾ ਕਰ ਨੇ ਭਾਰਤ ਨੂੰ ਇੱਕ ਦੇਸ਼, ਇੱਕ ਕਰ, ਇੱਕ ਬਾਜ਼ਾਰ ਦੀ ਦਿਸ਼ਾ ਵਿੱਚ ਅੱਗੇ ਵਧਾਇਆ। ਦਿਵਾਲੀਆ ਅਤੇ ਅਦਾਇਗੀ ਅਸਮਰੱਥਾ ਸੰਹਿਤਾ ਨਾਲ ਕਾਰੋਬਾਰੀ ਮਾਹੌਲ ਵਿੱਚ ਜਵਾਬਦੇਹੀ ਆਈ। ਕਾਰਪੋਰੇਟ ਕਰ ਸੁਧਾਰਾਂ ਨੇ ਮੈਨੂਫੈਕਚਰਿੰਗ ਨੂੰ ਮੁਕਾਬਲੇਯੋਗ ਬਣਾਇਆ। ਕਿਰਤ ਸੰਹਿਤਾਵਾਂ ਨੇ ਪਾਲਣਾ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਦਿੱਤੀ।

ਪ੍ਰਤੱਖ ਵਿਦੇਸ਼ੀ ਨਿਵੇਸ਼ ਸੁਧਾਰਾਂ ਨੇ ਕਈ ਖੇਤਰਾਂ ਨੂੰ ਆਲਮੀ ਪੂੰਜੀ ਲਈ ਖੋਲ੍ਹਿਆ। ਪੀਐੱਲਆਈ ਯੋਜਨਾਵਾਂ ਨੇ ਇਲੈਕਟ੍ਰਾਨਿਕਸ, ਫਾਰਮਾ, ਆਟੋ ਕੰਪੋਨੈਂਟਸ, ਸੋਲਰ ਮੋਡੀਊਲ, ਟੈਲੀਕੌਮ, ਕੱਪੜਾ ਵਰਗੇ ਕਈ ਖੇਤਰਾਂ ਵਿੱਚ ਮੈਨੂਫੈਕਚਰਿੰਗ ਨੂੰ ਗਤੀ ਦਿੱਤੀ।

ਅਸੀਂ ਪਾਲਣਾ ਦਾ ਬੋਝ ਘਟਾਇਆ ਹੈ। ਹਜ਼ਾਰਾਂ ਪੁਰਾਣੇ ਨਿਯਮ ਖਤਮ ਕੀਤੇ ਹਨ। ਕਾਰੋਬਾਰ ਕਰਨ ਦੀ ਸਹੂਲਤ ਨੂੰ ਸ਼ਾਸਨ ਦਾ ਹਿੱਸਾ ਬਣਾਇਆ ਹੈ। ਡਿਜੀਟਲ ਇੰਡੀਆ ਨੇ ਜਨਤਕ ਸੇਵਾਵਾਂ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਸਭ ਲਈ ਪਹੁੰਚਯੋਗ ਬਣਾਇਆ ਹੈ।

ਅੱਜ ਭਾਰਤ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਸਾਡੇ ਸਟਾਰਟਅੱਪ ਮਸਨੂਈ ਬੁੱਧੀ, ਫਿਨਟੈਕ, ਪੁਲਾੜ, ਡਰੋਨ, ਬਾਇਓਟੈਕ, ਕਲਾਈਮਟ ਟੈਕ ਅਤੇ ਮੋਬਿਲਿਟੀ ਵਿੱਚ ਵਿਸ਼ਵ ਪੱਧਰੀ ਹੱਲ ਤਿਆਰ ਕਰ ਰਹੇ ਹਨ।

ਅੱਜ ਭਾਰਤ ਕੋਲ ਟੈਲੈਂਟ ਹੈ, ਪੈਮਾਨਾ ਹੈ, ਮੰਗ ਹੈ, ਸਥਿਰਤਾ ਹੈ ਅਤੇ ਸਭ ਤੋਂ ਵੱਡੀ ਗੱਲ—ਭਾਰਤ ਕੋਲ 140 ਕਰੋੜ ਭਾਰਤੀਆਂ ਦੀ ਇੱਛਾ-ਸ਼ਕਤੀ ਹੈ। ਇਸ ਲਈ ਹੁਣ ਸਮਾਂ ਹੈ ਕਿ ਅਸੀਂ ਇਰਾਦੇ ਤੋਂ ਨਿਵੇਸ਼ ਵੱਲ ਵਧੀਏ।

ਇਸ ਸਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਪੰਜ ਸੁਝਾਅ ਰੱਖਣਾ ਚਾਹੁੰਦਾ ਹਾਂ।

ਪਹਿਲਾ: ਟੈਲੀਕੌਮ ਅਤੇ ਡਿਜ਼ਿਟਲ ਬੁਨਿਆਦੀ ਢਾਂਚਾ। ਵੋਡਾਫੋਨ, ਐਰਿਕਸਨ, ਨੋਕੀਆ, ਔਰੈਂਜ ਵਰਗੀਆਂ ਕੰਪਨੀਆਂ ਦਾ ਭਾਰਤ ਵਿੱਚ ਵਿਸ਼ਾਲ ਤਜ਼ਰਬਾ ਹੈ। ਭਾਰਤ 5ਜੀ ਤੋਂ 6ਜੀ ਤਬਦੀਲੀ, ਮਸਨੂਈ ਬੁੱਧੀ ਆਧਾਰਤ ਨੈੱਟਵਰਕ, ਸੁਰੱਖਿਅਤ ਕਨੈਕਟਿਵਟੀ ਅਤੇ ਡਿਜ਼ਿਟਲ ਸਮਾਵੇਸ਼ ਵਿੱਚ ਵੱਡਾ ਭਾਈਵਾਲ ਬਣ ਸਕਦਾ ਹੈ। ਤੁਸੀਂ ਸਾਰੇ ਭਾਰਤ ਨੂੰ ਵਿਸ਼ਵ ਆਰ ਐਂਡ ਡੀ ਕੇਂਦਰ ਬਣਾਉਣ ਵਿੱਚ ਯੋਗਦਾਨ ਦੇ ਸਕਦੇ ਹੋ।

ਦੂਜਾ: ਮਸਨੂਈ ਬੁੱਧੀ, ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਡੀਪ-ਟੈਕ ਮੈਨੂਫੈਕਚਰਿੰਗ। ਏਐੱਸਐੱਮਐੱਲ, ਐੱਨਐਕਸਪੀ, ਐੱਸਏਪੀ, ਕੈਪਜੈਮਿਨੀ ਵਰਗੇ ਨੇਤਾ ਅੱਜ ਇੱਥੇ ਮੌਜੂਦ ਹਨ। ਮੈਂ ਤੁਹਾਨੂੰ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਪੂਰਨ ਤਕਨਾਲੋਜੀ ਈਕੋਸਿਸਟਮ ਦਾ ਭਾਗੀਦਾਰ ਬਣਨ ਲਈ ਸੱਦਾ ਦਿੰਦਾ ਹਾਂ।

ਭਾਰਤ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ: ਤਕਨਾਲੋਜੀ ਨਵੀਨਤਾ ਦੀ ਅਗਲੀ ਲਹਿਰ ਭਾਰਤ ਵਿੱਚ ਸਾਂਝੇ ਤੌਰ ’ਤੇ ਤਿਆਰ ਹੋਣੀ ਚਾਹੀਦੀ ਹੈ।

ਤੀਜਾ: ਹਰਿਤ ਤਬਦੀਲੀ ਅਤੇ ਸਾਫ਼ ਊਰਜਾ। ਅਨਿਸ਼ਚਿਤ ਆਲਮੀ ਸਥਿਤੀਆਂ ਵਿੱਚ ਭਾਰਤ ਊਰਜਾ ਸੁਰੱਖਿਆ ਅਤੇ ਸਾਫ਼ ਊਰਜਾ ਸਮਰੱਥਾ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਐਂਜੀ, ਟੋਟਲ ਐਨਰਜੀਜ਼, ਸ਼ੈੱਲ, ਯੂਮੀਕੋਰ ਵਰਗੀਆਂ ਕੰਪਨੀਆਂ ਸਾਫ਼ ਊਰਜਾ, ਹਾਈਡਰੋਜਨ, ਊਰਜਾ ਸਟੋਰੇਜ, ਈਵੀ ਅਤੇ ਡੀਕਾਰਬਨਾਈਜ਼ੇਸ਼ਨ ਵਿੱਚ ਮੋਹਰੀ ਹਨ। ਤੁਸੀਂ ਭਾਰਤ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰ ਸਕਦੇ ਹੋ।

ਚੌਥਾ: ਬੁਨਿਆਦੀ ਢਾਂਚਾ, ਮੋਬਿਲਿਟੀ ਅਤੇ ਸ਼ਹਿਰੀ ਤਬਦੀਲੀ। ਵੋਲਵੋ, ਮੈਰਸਕ, ਏਅਰਬਸ, ਸਾਬ, ਆਰਸੇਲਰ ਮਿੱਤਲ ਅਤੇ ਹਾਈਡਲਬਰਗ। ਇਨ੍ਹਾਂ ਸਭ ਦੀ ਮੁਹਾਰਤ ਭਾਰਤ ਦੇ ਬਦਲਾਅ ਨਾਲ ਸਿੱਧੇ ਤੌਰ ’ਤੇ ਜੁੜਦੀ ਹੈ। ਟਿਕਾਊ ਸੀਮੈਂਟ, ਹਰਿਤ ਇਸਪਾਤ, ਮੋਬਿਲਿਟੀ, ਲਾਜਿਸਟਿਕਸ, ਏਅਰੋਸਪੇਸ ਅਤੇ ਰੱਖਿਆ—ਇਨ੍ਹਾਂ ਖੇਤਰਾਂ ਵਿੱਚ ਭਾਰਤ ਅਤੇ ਯੂਰਪ ਦੀ ਭਾਈਚਾਰਕਤਾ ਵਿਸ਼ਵ ਪੱਧਰੀ ਨਤੀਜੇ ਦੇ ਸਕਦੀ ਹੈ।

ਪੰਜਵਾਂ: ਸਿਹਤ ਸੇਵਾ ਅਤੇ ਜੀਵ ਵਿਗਿਆਨ। ਐਸਟ੍ਰਾਜ਼ੇਨੇਕਾ, ਰੋਸ਼, ਮਰਕ, ਫਿਲਿਪਸ, ਨੇਸਲੇ ਅਤੇ ਯੂਨੀਲੀਵਰ ਵਰਗੀਆਂ ਕੰਪਨੀਆਂ ਦਾ ਭਾਰਤ ਨਾਲ ਪੁਰਾਣਾ ਰਿਸ਼ਤਾ ਹੈ। ਹੁਣ ਸਾਨੂੰ ਇਸ ਭਾਈਚਾਰਕਤਾ ਨੂੰ ਅਗਲੇ ਪੱਧਰ ’ਤੇ ਲੈ ਜਾਣਾ ਚਾਹੀਦਾ ਹੈ।

 

ਵੈਕਸੀਨ, ਕੈਂਸਰ ਇਲਾਜ, ਡਿਜ਼ਿਟਲ ਸਿਹਤ, ਪੋਸ਼ਣ ਅਤੇ ਮੈਡੀਕਲ ਉਪਕਰਣਾਂ ਵਿੱਚ ਬਹੁਤ ਵੱਡਾ ਮੌਕਾ ਹੈ। ਤੁਸੀਂ “ਭਾਰਤ ਲਈ ਡਿਜ਼ਾਇਨ ਕਰੋ, ਭਾਰਤ ਵਿੱਚ ਬਣਾਓ ਅਤੇ ਭਾਰਤ ਤੋਂ ਨਿਰਯਾਤ ਕਰੋ” ਦੇ ਮਾਡਲ ’ਤੇ ਅੱਗੇ ਵੱਧ ਸਕਦੇ ਹੋ।

ਸਮੇਂ ਦੀ ਹੱਦ ਕਰਕੇ ਮੈਂ ਇੱਥੇ ਮੌਜੂਦ ਸਾਰੀਆਂ ਕੰਪਨੀਆਂ ਦੇ ਨਾਮ ਨਹੀਂ ਲੈ ਸਕਿਆ, ਪਰ ਭਾਰਤ ਦੇ ਮੌਕੇ ਸਭ ਲਈ ਹਨ ਅਤੇ ਮੇਰਾ ਸੱਦਾ ਵੀ ਤੁਹਾਡੇ ਸਭ ਲਈ ਹੈ।

ਸਮੇਂ ਦੀ ਹੱਦ ਕਰਕੇ ਮੈਂ ਇੱਥੇ ਮੌਜੂਦ ਸਾਰੀਆਂ ਕੰਪਨੀਆਂ ਦੇ ਨਾਮ ਨਹੀਂ ਲੈ ਸਕਿਆ, ਪਰ ਭਾਰਤ ਦੇ ਮੌਕੇ ਸਭ ਲਈ ਹਨ ਅਤੇ ਮੇਰਾ ਸੱਦਾ ਵੀ ਤੁਹਾਡੇ ਸਭ ਲਈ ਹੈ।

ਸਾਥੀਓ,

ਇਨ੍ਹਾਂ ਸੁਝਾਵਾਂ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਇੱਕ ਚੁਣੌਤੀ ਵੀ ਰੱਖਣਾ ਚਾਹੁੰਦਾ ਹਾਂ। ਕੀ ਇੱਥੇ ਮੌਜੂਦ ਹਰ ਕੰਪਨੀ ਭਾਰਤ ਲਈ ਕੋਈ ਨਵੀਂ ਵੱਡੀ ਵਚਨਬੱਧਤਾ ਕਰ ਸਕਦੀ ਹੈ? ਕੀ ਅਸੀਂ ਅਗਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰਮੁੱਖ ਪ੍ਰੋਜੈਕਟਾਂ ਦੀ ਪਹਿਚਾਣ ਕਰ ਸਕਦੇ ਹਾਂ?

ਭਾਰਤ ਸਰਕਾਰ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਬੱਧ ਢੰਗ ਨਾਲ ਪੂਰਾ ਕਰਨ ਵਿੱਚ ਤੁਹਾਡੀ ਪੂਰੀ ਮਦਦ ਕਰੇਗੀ। ਅਸੀਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਨਿਯਮਤ ਸਮੀਖਿਆ ਲਈ ਇੱਕ ਸੰਸਥਾਗਤ ਵਿਵਸਥਾ ਵੀ ਬਣਾ ਸਕਦੇ ਹਾਂ।

ਸਾਥੀਓ,

ਅਸੀਂ ਹਰ ਸਾਲ ਇੱਕ ਵਾਰ ਭਾਰਤ-ਯੂਰਪ ਸੀਈਓ ਰਾਊਂਡ ਟੇਬਲ ਦਾ ਆਯੋਜਨ ਕਰ ਸਕਦੇ ਹਾਂ। ਇਸ ਵਿੱਚ ਭਾਰਤ ਅਤੇ ਯੂਰਪ ਦੀਆਂ ਉਦਯੋਗਿਕ ਸੰਸਥਾਵਾਂ ਨੂੰ ਜੋੜਿਆ ਜਾ ਸਕਦਾ ਹੈ। ਖੇਤਰ-ਵਿਸ਼ੇਸ਼ ਕਾਰਜ ਸਮੂਹ ਵੀ ਬਣਾਏ ਜਾ ਸਕਦੇ ਹਨ।

ਮੈਂ ਇਹ ਵੀ ਸੁਝਾਅ ਦਿਆਂਗਾ ਕਿ ਯੂਰਪੀਅਨ ਰਾਊਂਡ ਟੇਬਲ ਇੱਕ ਭਾਰਤ ਡੈਸਕ ਜਾਂ ਭਾਰਤ ਐਕਸ਼ਨ ਗਰੁੱਪ ਵੀ ਬਣਾਏ। ਇਸਦਾ ਮੰਤਵ ਸਧਾਰਣ ਹੋਵੇ: ਜੋ ਕੰਪਨੀਆਂ ਭਾਰਤ ਵਿੱਚ ਹਨ, ਉਨ੍ਹਾਂ ਦੇ ਵਿਸਥਾਰ ਨੂੰ ਸਹਾਇਤਾ ਦੇਣਾ; ਜੋ ਨਵੀਆਂ ਕੰਪਨੀਆਂ ਭਾਰਤ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਦੀ ਐਂਟਰੀ ਨੂੰ ਸੌਖਾ ਬਣਾਉਣਾ; ਅਤੇ ਕਾਰੋਬਾਰੀ ਚਿੰਤਾਵਾਂ ਦਾ ਪਹਿਲਾਂ ਹੀ ਹੱਲ ਕਰਨਾ।

ਸਾਥੀਓ,

ਭਾਰਤ ਅਤੇ ਯੂਰਪ ਦੀ ਭਾਈਚਾਰਕਤਾ ਸਿਰਫ਼ ਆਰਥਿਕ ਅੰਕੜਿਆਂ ਤੱਕ ਸੀਮਤ ਨਹੀਂ ਹੈ। ਇਹ ਸਾਂਝੀਆਂ ਕਦਰਾਂ-ਕੀਮਤਾਂ ਦੀ ਭਾਈਵਾਲੀ ਹੈ। ਇਹ ਲੋਕਤੰਤਰ ਅਤੇ ਵਿਭਿੰਨਤਾ ਦੀ ਭਾਈਚਾਰਕਤਾ ਹੈ। ਇਹ ਭਰੋਸੇ ਅਤੇ ਪਾਰਦਰਸ਼ਤਾ ਦੀ ਭਾਈਵਾਲੀ ਹੈ। ਇਹ ਨਵੀਨਤਾ ਅਤੇ ਸਮਾਵੇਸ਼ ਦੀ ਭਾਈਵਾਲੀ ਹੈ।

ਅੱਜ ਦੇ ਦੁਨੀਆ ਵਿੱਚ ਜਿੱਥੇ ਅਨਿਸ਼ਚਿਤਤਾ ਹੈ, ਸਪਲਾਈ ਲੜੀਆਂ ’ਤੇ ਦਬਾਅ ਹੈ, ਤਕਨਾਲੋਜੀ ਵਿੱਚ ਮੁਕਾਬਲਾ ਵਧ ਰਿਹਾ ਹੈ, ਊਰਜਾ ਸੁਰੱਖਿਆ ਅਤੇ ਜਲਵਾਯੂ ਕਾਰਵਾਈ ਦੋਵੇਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ, ਅਜਿਹੇ ਸਮੇਂ ਵਿੱਚ ਭਾਰਤ ਅਤੇ ਯੂਰਪ ਮਿਲ ਕੇ ਸਥਿਰਤਾ, ਟਿਕਾਊਪਣ ਅਤੇ ਸਾਂਝੀ ਖੁਸ਼ਹਾਲੀ ਦੇ ਮਜ਼ਬੂਤ ਥੰਮ੍ਹ ਬਣ ਸਕਦੇ ਹਨ।

ਇਸੇ ਭਾਵਨਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਨਾਲ ਜੁੜਨ ਲਈ ਸੱਦਾ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ “ਗੋਥਨਬਰਗ” ਤੋਂ ਜੋ ਸੰਵਾਦ ਸ਼ੁਰੂ ਹੋ ਰਿਹਾ ਹੈ, ਉਹ ਆਉਣ ਵਾਲੇ ਸਾਲਾਂ ਵਿੱਚ ਭਾਰਤ ਅਤੇ ਯੂਰਪ ਦੀ ਉਦਯੋਗਿਕ ਭਾਈਵਾਲੀ ਦਾ ਨਵਾਂ ਅਧਿਆਇ ਲਿਖੇਗਾ।

ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਆਏ। ਇਸ ਸੰਮੇਲਨ ਵਿੱਚ ਮੈਨੂੰ ਤੁਹਾਡੇ ਦਰਮਿਆਨ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਇਸ ਲਈ ਮੈਂ ਤੁਹਾਡਾ ਵਿਸ਼ੇਸ਼ ਤੌਰ ’ਤੇ ਦਿਲੋਂ ਧੰਨਵਾਦ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
103 Cr Internet Connections, 66 Cr Daily UPI Transactions: PM Modi Highlights Digital India Impact At 11

Media Coverage

103 Cr Internet Connections, 66 Cr Daily UPI Transactions: PM Modi Highlights Digital India Impact At 11
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 1 ਜੁਲਾਈ 2026
July 01, 2026

PM Modi's Vision: Driving Digital Empowerment, Inclusive Development and India's Global Rise