ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਫਰਵਰੀ ਨੂੰ ਇੰਦੌਰ ’ਚ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਗੋਬਲ–ਧਨ (ਬਾਇਓ–ਸੀਐੱਨਜੀ) ਪਲਾਂਟ’ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ "ਕਚਰਾ ਰਹਿਤ ਸ਼ਹਿਰ" ਬਣਾਉਣ ਦੇ ਸੰਪੂਰਨ ਦ੍ਰਿਸ਼ਟੀਕੋਣ ਨਾਲ ਸਵੱਛ ਭਾਰਤ ਮਿਸ਼ਨ ਅਰਬਨ 2.0 ਦੀ ਸ਼ੁਰੂਆਤ ਕੀਤੀ ਸੀ। ਇਹ ਮਿਸ਼ਨ "ਵੇਸਟ ਟੂ ਵੈਲਥ" ਅਤੇ "ਸਰਕੂਲਰ ਇਕੌਨਮੀ" ਦੇ ਪ੍ਰਮੁੱਖ ਸਿਧਾਂਤਾਂ ਅਧੀਨ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸਰੋਤਾਂ ਦੀ ਰਿਕਵਰੀ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ - ਇਨ੍ਹਾਂ ਦੋਵਾਂ ਦੀ ਵਰਤੋਂ ਇੰਦੌਰ ਬਾਇਓ-ਸੀਐੱਨਜੀ ਪਲਾਂਟ ’ਚ ਕੀਤੀ ਗਈ ਹੈ।
ਪਲਾਂਟ ਵਿੱਚ ਪ੍ਰਤੀ ਦਿਨ 550 ਟਨ ਗਿੱਲੇ ਜੈਵਿਕ ਕਚਰਾ ਨੂੰ ਵੱਖ ਕਰਨ ਦੀ ਸਮਰੱਥਾ ਹੈ। ਇਸ ਨਾਲ ਪ੍ਰਤੀ ਦਿਨ ਲਗਭਗ 17,000 ਕਿਲੋ ਸੀਐੱਨਜੀ ਤੇ ਪ੍ਰਤੀ ਦਿਨ 100 ਟਨ ਜੈਵਿਕ ਖਾਦ ਪੈਦਾ ਹੋਣ ਦੀ ਆਸ ਹੈ। ਇਹ ਪਲਾਂਟ ਜ਼ੀਰੋ ਲੈਂਡਫਿਲ ਮਾਡਲ 'ਤੇ ਅਧਾਰਿਤ ਹੈ, ਜਿਸ ਨਾਲ ਕੋਈ ਵੀ ਕਚਰਾ ਪੈਦਾ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਇਸ ਪ੍ਰੋਜੈਕਟ ਦੇ ਬਹੁਤ ਸਾਰੇ ਵਾਤਾਵਰਣਕ ਲਾਭ ਹੋਣ ਦੀ ਉਮੀਦ ਹੈ, ਜਿਵੇਂ ਕਿ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ, ਖਾਦ ਵਜੋਂ ਜੈਵਿਕ ਖਾਦ ਦੇ ਨਾਲ-ਨਾਲ ਹਰੀ ਊਰਜਾ ਪ੍ਰਦਾਨ ਕਰਨਾ।
ਇੰਦੌਰ ਕਲੀਨ ਐਨਰਜੀ ਪ੍ਰਾਈਵੇਟ ਲਿਮਿਟਿਡ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਤਿਆਰ ਕੀਤਾ ਗਿਆ ਇੱਕ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ) ਹੈ ਜੋ ਕਿ ਇੰਦੌਰ ਨਗਰ ਨਿਗਮ (ਆਈਐੱਮਸੀ) ਅਤੇ ਇੰਡੋ ਐਨਵਾਇਰੋ ਇੰਟੀਗ੍ਰੇਟਿਡ ਸੌਲਿਊਸ਼ਨਜ਼ ਲਿਮਿਟਿਡ (ਆਈਈਆਈਐੱਸਐੱਲ) ਦੁਆਰਾ ਇੱਕ ਨਿਜੀ-ਜਨਤਕ ਭਾਈਵਾਲੀ ਮਾਡਲ ਤਹਿਤ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਆਈਈਆਈਐੱਸਐੱਲ ਨੇ 150 ਕਰੋੜ ਰੁਪਏ ਦੀ 100% ਪੂੰਜੀ ਨਿਵੇਸ਼ ਕੀਤੀ ਸੀ। ਇੰਦੌਰ ਨਗਰ ਨਿਗਮ ਇਸ ਪਲਾਂਟ ਤੋਂ ਪੈਦਾ ਕੀਤੀ ਜਾਣ ਵਾਲੀ ਘੱਟੋ-ਘੱਟ 50% ਸੀਐੱਨਜੀ ਦੀ ਖਰੀਦੇਗਾ ਅਤੇ ਆਪਣੀ ਕਿਸਮ ਦੀ ਪਹਿਲੀ ਪਹਿਲ ਵਿੱਚ 400 ਸਿਟੀ ਬੱਸਾਂ ਨੂੰ ਸੀਐੱਨਜੀ ਉੱਤੇ ਚਲਾਏਗਾ। ਸੀਐੱਨਜੀ ਦੀ ਬਾਕੀ ਮਾਤਰਾ ਖੁੱਲ੍ਹੇ ਬਜ਼ਾਰ ਵਿੱਚ ਵੇਚੀ ਜਾਵੇਗੀ। ਇਹ ਜੈਵਿਕ ਖਾਦ ਖੇਤੀ ਅਤੇ ਬਾਗ਼ਬਾਨੀ ਜਿਹੇ ਉਦੇਸ਼ਾਂ ਲਈ ਰਸਾਇਣਕ ਖਾਦਾਂ ਨੂੰ ਬਦਲਣ ਵਿੱਚ ਮਦਦ ਕਰੇਗੀ।


