

ਪ੍ਰਤਿਸ਼ਠਿਤ ਡੈਲੀਗੇਟਸ, ਸਨਮਾਨਿਤ ਵਿਗਿਆਨਿਕ, ਇਨੋਵੇਟਰਸ, ਪੁਲਾੜ ਯਾਤਰੀ ਅਤੇ ਵਿਸ਼ਵ ਭਰ ਤੋਂ ਆਏ ਦੋਸਤੋ,
ਨਮਸਕਾਰ!
ਆਲਮੀ ਪੁਲਾੜ ਖੋਜ ਕਾਨਫਰੰਸ 2025 ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਪੁਲਾੜ ਸਿਰਫ਼ ਇੱਕ ਮੰਜਿਲ ਨਹੀਂ ਹੈ। ਇਹ ਜਗਿਆਸਾ, ਸਾਹਸ ਅਤੇ ਸਾਹਸੀ ਪ੍ਰਗਤੀ ਦੀ ਘੋਸ਼ਣਾ ਹੈ। ਭਾਰਤ ਦੀ ਪੁਲਾੜ ਯਾਤਰਾ ਇਸੇ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਲ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਸਾਡੀ ਯਾਤਰਾ ਜ਼ਿਕਰਯੋਗ ਰਹੀ ਹੈ। ਸਾਡੇ ਰਾਕੇਟ ਪੇਲੋਡ ਤੋਂ ਵੱਧ ਵਜ਼ਨ ਲੈ ਜਾਂਦੇ ਹਨ। ਉਹ ਇੱਕ ਅਰਬ ਚਾਲ੍ਹੀ ਕਰੋੜ ਭਾਰਤੀਆਂ ਦੇ ਸੁਪਨੇ ਲੈ ਕੇ ਚੱਲਦੇ ਹਨ। ਭਾਰਤ ਦੀਆਂ ਉਪਲਬਧੀਆਂ ਮਹੱਤਵਪੂਰਨ ਵਿਗਿਆਨਿਕ ਉਪਲਬਧੀਆਂ ਹਨ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਸਬੂਤ ਹਨ ਕਿ ਮਾਨਵੀ ਭਾਵਨਾ ਗੁਰੂਤਾ ਸ਼ਕਤੀ ਦਾ ਮੁਕਾਬਲਾ ਕਰ ਸਕਦੀ ਹੈ। ਭਾਰਤ ਨੇ ਸਾਲ 2014 ਵਿੱਚ ਆਪਣੇ ਪਹਿਲੇ ਯਤਨ ਵਿੱਚ ਮੰਗਲ ਗ੍ਰਹਿ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਚੰਦ੍ਰਯਾਨ-1 ਨੇ ਚੰਦ੍ਰਮਾ ‘ਤੇ ਪਾਣੀ ਦੀ ਖੋਜ ਵਿੱਚ ਸਹਾਇਤਾ ਕੀਤੀ। ਚੰਦ੍ਰਯਾਨ-2 ਨੇ ਸਾਨੂੰ ਚੰਦ੍ਰਮਾ ਦੀ ਉੱਚਤਮ-ਰੈਜੋਲਿਊਸ਼ਨ ਵਾਲੀਆਂ ਤਸਵੀਰਾਂ ਭੇਜੀਆਂ। ਚੰਦ੍ਰਯਾਨ-3 ਨੇ ਚੰਦ੍ਰਮਾ ਦੇ ਦੱਖਣੀ ਧਰੁਵ ਬਾਰੇ ਸਾਡੀ ਸਮਝ ਨੂੰ ਵਧਾਇਆ। ਅਸੀਂ ਰਿਕਾਰਡ ਸਮੇਂ ਵਿੱਚ ਕ੍ਰਾਯੋਜੈਨਿਕ ਇੰਜਣ ਤਿਆਰ ਕੀਤੇ। ਅਸੀਂ ਇੱਕ ਹੀ ਮਿਸ਼ਨ ਵਿੱਚ 100 ਸੈਟੇਲਾਈਟ ਲਾਂਚ ਕੀਤੇ। ਅਸੀਂ ਆਪਣੇ ਲਾਂਚ ਵ੍ਹੀਕਲਸ ‘ਤੇ 34 ਦੇਸ਼ਾਂ ਦੇ 400 ਤੋਂ ਵੱਧ ਸੈਟੇਲਾਈਟਸ ਲਾਂਚ ਕੀਤੇ ਹਨ। ਇਸ ਵਰ੍ਹੇ ਅਸੀਂ ਦੋ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਸਥਾਪਿਤ ਕੀਤਾ, ਜੋ ਇੱਕ ਵੱਡਾ ਕਦਮ ਹੈ।
ਮਿੱਤਰੋਂ,
ਭਾਰਤ ਦੀ ਪੁਲਾੜ ਯਾਤਰਾ ਦਾ ਅਰਥ ਦੂਜਿਆਂ ਨਾਲ ਮੁਕਾਬਲਾ ਕਰਨਾ ਨਹੀਂ ਹੈ। ਇਸ ਦਾ ਅਰਥ ਹੈ ਕਿ ਇਕੱਠੇ ਮਿਲ ਕੇ ਉੱਚਾਈਆਂ ਨੂੰ ਛੂਹਣਾ। ਅਸੀਂ ਮਨੁੱਖਤਾ ਦੀ ਭਲਾਈ ਲਈ ਪੁਲਾੜ ਦੀ ਖੋਜ ਕਰਨ ਲਈ ਇਕੱਠੇ ਮਿਲ ਕੇ ਟੀਚਾ ਸਾਂਝਾ ਕਰਦੇ ਹਾਂ। ਅਸੀਂ ਦੱਖਣ ਏਸ਼ਿਆਈ ਦੇਸ਼ਾਂ ਲਈ ਇੱਕ ਸੈਟੇਲਾਈਟ ਲਾਂਚ ਕੀਤਾ। ਹੁਣ, ਸਾਡੀ ਜੀ-20 ਦੀ ਪ੍ਰਧਾਨਗੀ ਦੌਰਾਨ ਐਲਾਨੇ ਗਏ ਜੀ-20 ਸੈਟੇਲਾਈਟ ਮਿਸ਼ਨ ਗਲੋਬਲ ਸਾਊਥ ਦੇ ਲਈ ਇੱਕ ਗਿਫਟ ਹੋਵੇਗਾ। ਅਸੀਂ ਵਿਗਿਆਨਿਕ ਖੋਜ ਦੀਆਂ ਸਰਹੱਦਾਂ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਹੇ ਹਾਂ। ਸਾਡਾ ਪਹਿਲਾ ਮਾਨਵ ਪੁਲਾੜ-ਉਡਾਣ ਮਿਸ਼ਨ, ‘ਗਗਨਯਾਨ’ ਸਾਡੇ ਦੇਸ਼ ਦੀਆਂ ਵਧਦੀਆਂ ਅਕਾਂਖਿਆਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ, ਇੱਕ ਭਾਰਤੀ ਪੁਲਾੜ ਯਾਤਰੀ ਅੰਤਰਾਸ਼ਟਰੀ ਪੁਲਾੜ ਸਟੇਸ਼ਨ ਦੇ ਲਈ ਇੱਕ ਸੰਯੁਕਤ ਇਸਰੋ-ਨਾਸਾ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਪੁਲਾੜ ਦੀ ਯਾਤਰਾ ਕਰੇਗਾ। ਵਰ੍ਹੇ 2035 ਤੱਕ, ਭਾਰਤੀਯ ਅੰਤਰਿਕਸ਼ ਸਟੇਸ਼ਨ (Bharatiya Antariksha Station) ਖੋਜ ਅਤੇ ਆਲਮੀ ਸਹਿਯੋਗ ਵਿੱਚ ਨਵੀਆਂ ਸੀਮਾਵਾਂ ਖੋਲ੍ਹੇਗਾ। ਵਰ੍ਹੇ 2040 ਤੱਕ, ਇੱਕ ਭਾਰਤੀ ਦੇ ਪੈਰਾਂ ਦੇ ਨਿਸ਼ਾਨ ਚੰਦ੍ਰਮਾ ‘ਤੇ ਹੋਣਗੇ। ਮੰਗਲ ਅਤੇ ਸ਼ੁੱਕਰ ਵੀ ਸਾਡੀ ਰਡਾਰ ‘ਤੇ ਹਨ।
ਮਿੱਤਰੋਂ,
ਭਾਰਤ ਲਈ, ਪੁਲਾੜ ਖੋਜ ਦੇ ਨਾਲ-ਨਾਲ ਸਸ਼ਕਤੀਕਰਣ ਦਾ ਵੀ ਵਿਸ਼ਾ ਹੈ। ਇਹ ਸ਼ਾਸਨ ਨੂੰ ਸਸ਼ਕਤ ਬਣਾਉਂਦਾ ਹੈ, ਆਜੀਵਿਕਾ ਨੂੰ ਵਧਾਉਂਦਾ ਹੈ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਹੈ। ਮਛੇਰਿਆਂ ਦੀ ਚੇਤਾਵਨੀ ਤੋਂ ਲੈ ਕੇ ਗਤੀਸ਼ਕਤੀ ਪਲੈਟਫਾਰਮ ਤੱਕ, ਰੇਲਵੇ ਸੁਰੱਖਿਆ ਤੋਂ ਲੈ ਕੇ ਮੌਸਮ ਦੀ ਭਵਿੱਖਬਾਣੀ ਤੱਕ, ਸਾਡੇ ਸੈਟੇਲਾਈਟ ਹਰ ਭਾਰਤੀ ਦੀ ਭਲਾਈ ਲਈ ਤਿਆਰ ਹਨ। ਅਸੀਂ ਆਪਣੇ ਪੁਲਾੜ ਖੇਤਰ ਨੂੰ ਸਟਾਰਟਅੱਪ, ਉੱਦਮੀਆਂ ਅਤੇ ਯੁਵਾ ਪ੍ਰਤਿਭਾਵਾਂ ਲਈ ਖੋਲ੍ਹ ਦਿੱਤਾ ਹੈ। ਅੱਜ, ਭਾਰਤ ਵਿੱਚ 250 ਤੋਂ ਵੱਧ ਸਪੇਸ ਸਟਾਰਟਅੱਪਸ ਹਨ। ਉਹ ਸੈਟੇਲਾਈਟ ਟੈਕਨੋਲੋਜੀ, ਪ੍ਰੋਪਲਸ਼ਨ ਸਿਸਟਮ, ਇਮੇਜ਼ਿੰਗ ਅਤੇ ਹੋਰ ਬਹੁਤ ਕੁਝ ਵਿੱਚ ਅਤਿਆਧੁਨਿਕ ਪ੍ਰਗਤੀ ਵਿੱਚ ਯੋਗਦਾਨ ਦੇ ਰਹੇ ਹਨ। ਤੁਸੀਂ ਜਾਣਦੇ ਹੋ ਕਿ ਇਹ ਹੋਰ ਵੀ ਜ਼ਿਆਦਾ ਪ੍ਰੇਰਣਾਦਾਇਕ ਹੈ ਕਿ ਸਾਡੇ ਕਈ ਮਿਸ਼ਨਾਂ ਦੀ ਅਗਵਾਈ ਮਹਿਲਾ ਵਿਗਿਆਨਕਾਂ ਦੁਆਰਾ ਕੀਤੀ ਜਾ ਰਹੀ ਹੈ।
ਮਿੱਤਰੋਂ,
ਭਾਰਤ ਦਾ ਪੁਲਾੜ ਦ੍ਰਿਸ਼ਟੀਕੋਣ ‘ਵਸੁਦੈਵ ਕੁਟੁੰਬਕਮ ਦੇ ਪ੍ਰਾਚੀਨ ਗਿਆਨ ‘ਤੇ ਅਧਾਰਿਤ ਹੈ, ਜਿਸ ਦਾ ਅਰਥ ਹੈ ਕਿ ਪੂਰੀ ਦੁਨੀਆ ਇੱਕ ਪਰਿਵਾਰ ਹੈ। ਅਸੀਂ ਨਾ ਸਿਰਫ਼ ਆਪਣੇ ਵਿਕਾਸ ਲਈ ਯਤਨ ਕਰਦੇ ਹਾਂ, ਸਗੋਂ ਆਲਮੀ ਗਿਆਨ ਨੂੰ ਸਮ੍ਰਿੱਧ ਕਰਨ, ਸਧਾਰਣ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਯਤਨ ਕਰਦੇ ਹਾਂ। ਭਾਰਤ ਇਕੱਠਿਆਂ ਸੁਪਨੇ ਦੇਖਣ, ਇਕੱਠਿਆਂ ਨਿਰਮਾਣ ਕਰਨ ਅਤੇ ਇਕੱਠਿਆਂ ਸਿਤਾਰਿਆਂ ਤੱਕ ਪਹੁੰਚਣ ਲਈ ਖੜ੍ਹਾ ਹੈ। ਆਓ ਅਸੀਂ ਇਕੱਠਿਆਂ ਮਿਲ ਕੇ ਪੁਲਾੜ ਖੋਜ ਵਿੱਚ ਇੱਕ ਨਵਾਂ ਅਧਿਆਏ ਲਿਖੀਏ, ਜੋ ਵਿਗਿਆਨ ਅਤੇ ਬਿਹਤਰ ਕੱਲ੍ਹ ਲਈ ਸਾਂਝੇ ਸੁਪਨਿਆਂ ਦੁਆਰਾ ਨਿਰਦੇਸ਼ਿਤ ਹੋਵੇ। ਮੈਂ ਆਪ ਸਾਰਿਆਂ ਦੇ ਭਾਰਤ ਵਿੱਚ ਇੱਕ ਬਹੁਤ ਹੀ ਸੁਖਦ ਅਤੇ ਉਤਪਾਦਕ ਪ੍ਰਵਾਸ ਦੀ ਕਾਮਨਾ ਕਰਦਾ ਹਾਂ।
ਧੰਨਵਾਦ।