ਸਿਯਾਵਰ ਰਾਮ ਚੰਦਰ ਕੀ ਜੈ !
ਸਿਯਾਵਰ ਰਾਮ ਚੰਦਰ ਕੀ ਜੈ !
ਜੈ ਸਿਯਾਰਾਮ !
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਭ ਤੋਂ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਸ਼੍ਰੀ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ, ਸਤਿਕਾਰਯੋਗ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ, ਸਤਿਕਾਰਯੋਗ ਸੰਤ ਸਮਾਜ, ਇੱਥੇ ਮੌਜੂਦ ਸਾਰੇ ਭਗਤ, ਦੇਸ਼ ਅਤੇ ਦੁਨੀਆ ਤੋਂ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਕੋਟਿ-ਕੋਟਿ ਰਾਮ ਭਗਤ, ਭੈਣੋ ਅਤੇ ਭਰਾਵੋ!
ਅੱਜ, ਅਯੁੱਧਿਆ ਨਗਰੀ ਭਾਰਤ ਦੀ ਸਭਿਆਚਾਰਕ ਚੇਤਨਾ ਵਿੱਚ ਇੱਕ ਹੋਰ ਮੋੜ ਦਾ ਗਵਾਹ ਬਣ ਰਹੀ ਹੈ। ਅੱਜ, ਪੂਰਾ ਭਾਰਤ, ਪੂਰਾ ਸੰਸਾਰ, ਰਾਮ ਨਾਲ ਭਰਿਆ ਹੋਇਆ ਹੈ। ਹਰ ਰਾਮ ਭਗਤ ਦੇ ਦਿਲ ਵਿੱਚ ਬੇਮਿਸਾਲ ਸੰਤੁਸ਼ਟੀ, ਬੇਅੰਤ ਸ਼ੁਕਰਗੁਜ਼ਾਰੀ ਅਤੇ ਬੇਅੰਤ ਅਲੌਕਿਕ ਖੁਸ਼ੀ ਹੈ। ਸਦੀਆਂ ਦੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦੇ ਦਰਦ ਅੱਜ ਦਿਲਾਸਾ ਪਾ ਰਹੇ ਹਨ ਅਤੇ ਸਦੀਆਂ ਦੇ ਸੰਕਲਪ ਅੱਜ ਪੂਰਤੀ ਪ੍ਰਾਪਤ ਕਰ ਰਹੇ ਹਨ। ਅੱਜ ਉਸ ਯੱਗ ਦਾ ਅੰਤਿਮ ਭੇਟ ਹੈ, ਜਿਸ ਦੀ ਅਗਨੀ 500 ਸਾਲਾਂ ਤੱਕ ਬਲਦੀ ਰਹੀ। ਜੋ ਯੱਗ ਇੱਕ ਪਲ ਵੀ ਵਿਸ਼ਵਾਸ ਤੋਂ ਡਿੱਗਿਆ ਨਹੀਂ, ਇੱਕ ਪਲ ਵੀ ਵਿਸ਼ਵਾਸ ਤੋਂ ਟੁੱਟਿਆ ਨਹੀਂ। ਅੱਜ, ਭਗਵਾਨ ਸ੍ਰੀ ਰਾਮ ਦੇ ਗਰਭਗ੍ਰਹਿ ਦੀ ਅਨੰਤ ਊਰਜਾ, ਸ਼੍ਰੀ ਰਾਮ ਦੇ ਪਰਿਵਾਰ ਦੀ ਬ੍ਰਹਮ ਚਮਕ, ਇਸ ਧਰਮ ਧਵਜ ਦੇ ਰੂਪ ਵਿੱਚ, ਇਸ ਬ੍ਰਹਮ ਅਤੇ ਸ਼ਾਨਦਾਰ ਮੰਦਿਰ ਵਿੱਚ ਸਥਾਪਿਤ ਹੋਈ ਹੈ।
ਅਤੇ ਸਾਥੀਓ,
ਇਹ ਧਰਮ ਧਵਜ ਸਿਰਫ਼ ਇੱਕ ਧਵਜ ਨਹੀਂ ਹੈ, ਇਹ ਭਾਰਤੀ ਸਭਿਅਤਾ ਦੇ ਪੁਨਰਜਾਗਰਣ ਦਾ ਧਵਜ ਹੈ। ਇਸ ਦਾ ਕੇਸਰੀ ਰੰਗ, ਇਸ ਉੱਤੇ ਉੱਕਰੀ ਸੂਰਜਵੰਸ਼ ਦੀ ਮਹਿਮਾ, ਇਸ ਉੱਤੇ ਉੱਕਰਿਆ ਓਮ ਸ਼ਬਦ, ਅਤੇ ਇਸ ਉੱਤੇ ਉੱਕਰਿਆ ਕੋਵਿਦਾਰ ਰੁੱਖ ਰਾਮਰਾਜ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਇਹ ਧਵਜ ਇੱਕ ਸੰਕਲਪ ਹੈ, ਇਹ ਧਵਜ ਇੱਕ ਸਫਲਤਾ ਹੈ। ਇਹ ਧਵਜ ਸੰਘਰਸ਼ ਤੋਂ ਸਿਰਜਣ ਦੀ ਗਾਥਾ ਹੈ, ਇਹ ਧਵਜ ਸਦੀਆਂ ਤੋਂ ਚਲੇ ਆ ਰਹੇ ਸੁਪਨਿਆਂ ਦਾ ਸਾਕਾਰ ਰੂਪ ਹੈ। ਇਹ ਧਵਜ ਸੰਤਾਂ ਦੀ ਤਪੱਸਿਆ ਅਤੇ ਸਮਾਜ ਦੀ ਭਾਗੀਦਾਰੀ ਦਾ ਸਾਰਥਕ ਨਤੀਜਾ ਹੈ।

ਸਾਥੀਓ,
ਆਉਣ ਵਾਲੀਆਂ ਸਦੀਆਂ ਅਤੇ ਹਜ਼ਾਰਾਂ ਸਾਲਾਂ ਤੱਕ, ਇਹ ਧਰਮ ਧਵਜ ਭਗਵਾਨ ਰਾਮ ਦੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਐਲਾਨ ਕਰੇਗਾ। ਇਹ ਧਰਮ ਧਵਜ ਸੱਦਾ ਦੇਵੇਗਾ- ਸਤਯਮੇਵ ਜਯਤੇ ਨਾਨ੍ਰਜਂ! (सत्यमेव जयते नानृतं!) ਭਾਵ, ਜਿੱਤ ਸੱਚ ਦੀ ਹੀ ਹੁੰਦੀ ਹੈ, ਝੂਠ ਦੀ ਨਹੀਂ! ਇਹ ਧਰਮ ਧਵਜ ਐਲਾਨ ਕਰੇਗਾ- ਸਤਯਮ੍-ਏਕਪਦਂ ਬ੍ਰਹਮ ਸਤਯੇ ਧਰਮ: ਪ੍ਰਤਿਸ਼ਠਿਤ:। (सत्यम्-एकपदं ब्रह्म सत्ये धर्मः प्रतिष्ठितः।) ਭਾਵ, ਸੱਚ ਹੀ ਬ੍ਰਹਮ ਸਰੂਪ ਹੈ, ਸੱਚ ਵਿੱਚ ਹੀ ਧਰਮ ਸਥਾਪਿਤ ਹੈ। ਇਹ ਧਰਮ ਧਵਜ ਪ੍ਰੇਰਨਾ ਬਣੇਗਾ: ਪ੍ਰਾਣ ਜਾਏ ਪਰ ਵਚਨ ਨ ਜਾਹੀਂ। (प्राण जाए पर वचन न जाहीं।) ਯਾਨੀ, ਜੋ ਕਿਹਾ ਜਾਵੇ, ਉਹੀ ਕੀਤਾ ਜਾਵੇ। ਇਹ ਧਰਮ ਧਵਜ ਸੰਦੇਸ਼ ਦੇਵੇਗਾ- ਕਰਮ ਪ੍ਰਧਾਨ ਵਿਸ਼ਵ ਰਚਿ ਰਾਖਾ! (कर्म प्रधान विश्व रचि राखा!) ਯਾਨੀ, ਸੰਸਾਰ ਵਿੱਚ ਕਰਮ ਅਤੇ ਫ਼ਰਜ਼ ਦੀ ਪ੍ਰਧਾਨਗੀ ਹੋਵੇ। ਇਹ ਧਰਮ ਧਵਜ ਇੱਛਾ ਕਰੇਗਾ: ਬੈਰ ਨ ਬਿਗ੍ਰਹ ਆਸ ਨਾ ਤ੍ਰਾਸਾ। ਸੁਖਮਯ ਤਾਹਿ ਸਦਾ ਸਬ ਆਸਾ। (बैर न बिग्रह आस न त्रासा। सुखमय ताहि सदा सब आसा॥) ਯਾਨੀ, ਭੇਦਭਾਵ, ਪੀੜਾ ਅਤੇ ਪਰੇਸ਼ਾਨੀ ਤੋਂ ਮੁਕਤੀ, ਸਮਾਜ ਵਿੱਚ ਸ਼ਾਂਤੀ ਅਤੇ ਸੁੱਖ ਹੋਵੇ। ਇਹ ਧਰਮ ਧਵਜ ਸਾਨੂੰ ਸੰਕਲਪਿਤ ਕਰੇਗਾ: ਨਹਿਂ ਦਰਿਦ੍ਰ ਕੋਉ ਦੁਖੀ ਨ ਦੀਨਾ। (नहिं दरिद्र कोउ दुखी न दीना।) ਯਾਨੀ, ਅਸੀਂ ਅਜਿਹਾ ਸਮਾਜ ਬਣਾਈਏ, ਜਿੱਥੇ ਗ਼ਰੀਬੀ ਨਾ ਹੋਵੇ, ਕੋਈ ਦੁਖੀ ਜਾਂ ਬੇਸਹਾਰਾ ਨਾ ਹੋਵੇ।
ਸਾਥੀਓ,
ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ- ਆਰੋਪਿਤਂ ਧਵਜਂ ਦ੍ਰਸ਼ਟ੍ਵਾ, ਯੇ ਅਭਿਨੰਦੰਤਿ ਧਾਰਮਿਕਾ:। ਤੇ ਅਪਿ ਸਰਵੇ ਪ੍ਰਮੁਚਯੰਤੇ, ਮਹਾ ਪਾਤਕ ਕੋਟਿਭਿ:।। (आरोपितं ध्वजं दृष्ट्वा, ये अभिनन्दन्ति धार्मिकाः। ते अपि सर्वे प्रमुच्यन्ते, महा पातक कोटिभिः॥) ਯਾਨੀ, ਜੋ ਲੋਕ ਕਿਸੇ ਕਾਰਨ ਮੰਦਿਰ ਨਹੀਂ ਆ ਪਾਉਂਦੇ ਅਤੇ ਦੂਰ ਤੋਂ ਮੰਦਿਰ ਦੇ ਧਵਜ ਨੂੰ ਪ੍ਰਣਾਮ ਕਰ ਲੈਂਦੇ ਹਨ, ਉਨ੍ਹਾਂ ਨੂੰ ਵੀ ਓਨਾ ਹੀ ਪੁੰਨ ਮਿਲ ਜਾਂਦਾ ਹੈ।
ਸਾਥੀਓ,
ਇਹ ਧਰਮ ਧਵਜ ਵੀ ਇਸ ਮੰਦਿਰ ਦੇ ਉਦੇਸ਼ ਦਾ ਪ੍ਰਤੀਕ ਹੈ। ਇਹ ਧਵਜ ਦੂਰ ਤੋਂ ਹੀ ਰਾਮਲੱਲਾ ਦੀ ਜਨਮ-ਭੂਮੀ ਦੇ ਦਰਸ਼ਨ ਕਰਾਵੇਗਾ। ਅਤੇ, ਯੁਗਾਂ-ਯੁਗਾਂ ਤੱਕ ਪ੍ਰਭੂ ਸ਼੍ਰੀ ਰਾਮ ਦੇ ਆਦੇਸ਼ਾਂ ਅਤੇ ਪ੍ਰੇਰਨਾਵਾਂ ਨੂੰ ਮਨੁੱਖਾਂ ਤੱਕ ਪਹੁੰਚਾਵੇਗਾ।
ਸਾਥੀਓ,
ਮੈਂ ਦੁਨੀਆ ਭਰ ਦੇ ਕਰੋੜਾਂ ਰਾਮ ਭਗਤਾਂ ਨੂੰ ਇਸ ਅਭੁੱਲ ਪਲ ਦੀ, ਇਸ ਵਿਲੱਖਣ ਮੌਕੇ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਅੱਜ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਪ੍ਰਣਾਮ ਕਰਦਾ ਹਾਂ, ਹਰ ਉਸ ਦਾਨੀ ਦਾ ਵੀ ਧੰਨਵਾਦ ਕਰਦਾ ਹਾਂ, ਜਿਸ ਨੇ ਰਾਮ ਮੰਦਿਰ ਦੇ ਨਿਰਮਾਣ ਦੇ ਲਈ ਆਪਣਾ ਸਹਿਯੋਗ ਦਿੱਤਾ। ਮੈਂ ਰਾਮ ਮੰਦਿਰ ਦੇ ਨਿਰਮਾਣ ਨਾਲ ਜੁੜੇ ਹਰ ਮਜ਼ਦੂਰ, ਹਰ ਕਾਰੀਗਰ, ਹਰ ਯੋਜਨਾਕਾਰ, ਹਰ ਆਰਕੀਟੈਕਟ, ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਅਯੁੱਧਿਆ ਉਹ ਧਰਤੀ ਹੈ, ਜਿੱਥੇ ਆਦਰਸ਼ ਆਚਰਨ ਵਿੱਚ ਬਦਲ ਜਾਂਦੇ ਹਨ। ਇਹ ਉਹ ਨਗਰੀ ਹੈ, ਜਿੱਥੋਂ ਸ਼੍ਰੀ ਰਾਮ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸੇ ਅਯੁੱਧਿਆ ਨੇ ਦੁਨੀਆ ਨੂੰ ਦੱਸਿਆ ਕਿ ਇੱਕ ਮਨੁੱਖ ਕਿਵੇਂ ਸਮਾਜ ਦੀ ਸ਼ਕਤੀ ਨਾਲ, ਉਸ ਦੀਆਂ ਕਦਰਾਂ-ਕੀਮਤਾਂ ਨਾਲ, ਪੁਰਸ਼ੋਤਮ ਬਣਦਾ ਹੈ। ਜਦੋਂ ਸ਼੍ਰੀ ਰਾਮ ਅਯੁੱਧਿਆ ਤੋਂ ਬਨਵਾਸ ਗਏ ਤਾਂ ਉਹ ਯੁਵਰਾਜ ਰਾਮ ਸਨ, ਪਰ ਜਦੋਂ ਉਹ ਵਾਪਸ ਆਏ ਤਾਂ ਮਰਿਯਾਦਾ ਪੁਰਸ਼ੋਤਮ ਦੇ ਰੂਪ ਵਿੱਚ ਵਾਪਸ ਆਏ। ਅਤੇ ਉਨ੍ਹਾਂ ਦੇ ਮਰਿਯਾਦਾ ਪੁਰਸ਼ੋਤਮ ਬਣਨ ਵਿੱਚ ਮਹਾਰਿਸ਼ੀ ਵਸ਼ਿਸ਼ਠ ਦਾ ਗਿਆਨ, ਮਹਾਰਿਸ਼ੀ ਵਿਸ਼ਵਾਮਿਤ੍ਰ ਦੀ ਦੀਖਿਆ, ਮਹਾਰਿਸ਼ੀ ਅਗਸਤਯ ਦਾ ਮਾਰਗ-ਦਰਸ਼ਨ, ਨਿਸ਼ਾਦਰਾਜ ਦੀ ਦੋਸਤੀ, ਮਾਂ ਸ਼ਬਰੀ ਦਾ ਪਿਆਰ, ਭਗਤ ਹਨੂੰਮਾਨ ਦੀ ਭਗਤੀ, ਇਨ੍ਹਾਂ ਸਭ ਦੀ ਅਤੇ ਅਜਿਹੇ ਅਣਗਿਣਤ ਲੋਕਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਸਾਥੀਓ,
ਵਿਕਸਿਤ ਭਾਰਤ ਬਣਾਉਣ ਲਈ ਸਮਾਜ ਦੀ ਇਸ ਸਮੂਹਿਕ ਸ਼ਕਤੀ ਦੀ ਵੀ ਜ਼ਰੂਰਤ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਰਾਮ ਮੰਦਿਰ ਦਾ ਇਹ ਬ੍ਰਹਮ ਵਿਹੜਾ ਵੀ ਭਾਰਤ ਦੀ ਸਮੂਹਿਕ ਸ਼ਕਤੀ ਦੀ ਜਾਗਰੂਕਤਾ ਦਾ ਸਥਾਨ ਬਣ ਰਿਹਾ ਹੈ। ਇੱਥੇ ਸੱਤ ਮੰਦਿਰ ਬਣੇ ਹੋਏ ਹਨ। ਇੱਥੇ ਮਾਤਾ ਸ਼ਬਰੀ ਦਾ ਮੰਦਿਰ ਬਣਿਆ ਹੋਇਆ ਹੈ, ਜੋ ਕਿ ਕਬਾਇਲੀ ਸਮਾਜ ਦੀ ਪਿਆਰ ਅਤੇ ਪਰਾਹੁਣਚਾਰੀ ਪਰੰਪਰਾ ਦਾ ਰੂਪ ਹੈ। ਇਥੇ ਨਿਸ਼ਾਦਰਾਜ ਦਾ ਮੰਦਿਰ ਬਣਿਆ ਹੈ, ਇਹ ਉਸ ਦੋਸਤੀ ਦਾ ਗਵਾਹ ਹੈ, ਜੋ ਸਾਧਨਾਂ ਦੀ ਨਹੀਂ ਸਗੋਂ ਉਦੇਸ਼ ਅਤੇ ਭਾਵਨਾ ਦੀ ਪੂਜਾ ਕਰਦਾ ਹੈ। ਇੱਥੇ ਇੱਕ ਥਾਂ 'ਤੇ ਮਾਤਾ ਅਹਿੱਲਿਆ, ਮਹਾਰਿਸ਼ੀ ਵਾਲਮੀਕਿ, ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿਤ੍ਰ, ਮਹਾਰਿਸ਼ੀ ਅਗਸਤਯ ਅਤੇ ਸੰਤ ਤੁਲਸੀਦਾਸ ਹਨ। ਰਾਮਲੱਲਾ ਦੇ ਨਾਲ-ਨਾਲ ਇਨ੍ਹਾਂ ਸਾਰੇ ਰਿਸ਼ੀਆਂ ਦੇ ਦਰਸ਼ਨ ਵੀ ਇੱਥੇ ਹੁੰਦੇ ਹਨ। ਇੱਥੇ ਜਟਾਯੂ ਜੀ ਅਤੇ ਗਿਲਹਰੀ ਦੀਆਂ ਮੂਰਤੀਆਂ ਵੀ ਹਨ, ਜੋ ਵੱਡੇ ਸੰਕਲਪਾਂ ਦੀ ਪੂਰਤੀ ਲਈ ਹਰ ਛੋਟੀ ਜਿਹੀ ਕੋਸ਼ਿਸ਼ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਅੱਜ ਮੈਂ ਹਰ ਦੇਸ਼ ਵਾਸੀ ਨੂੰ ਕਹਾਂਗਾ ਕਿ ਉਹ ਜਦੋਂ ਵੀ ਰਾਮ ਮੰਦਿਰ ਆਉਣ ਤਾਂ ਉਹ ਸਪਤ ਮੰਦਿਰ ਦੇ ਦਰਸ਼ਨ ਵੀ ਜ਼ਰੂਰ ਕਰਨ। ਇਹ ਮੰਦਿਰ ਸਾਡੀ ਆਸਥਾ ਦੇ ਨਾਲ-ਨਾਲ, ਦੋਸਤੀ, ਫ਼ਰਜ਼ ਅਤੇ ਸਮਾਜਿਕ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਵੀ ਸ਼ਕਤੀ ਦਿੰਦੇ ਹਨ।

ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਰਾਮ ਸਾਨੂੰ ਭੇਦ ਨਾਲ ਨਹੀਂ, ਸਗੋਂ ਭਾਵ ਨਾਲ ਜੋੜਦੇ ਹਨ। ਉਨ੍ਹਾਂ ਲਈ ਵਿਅਕਤੀ ਦਾ ਪਰਿਵਾਰ ਨਹੀਂ, ਸਗੋਂ ਉਸ ਦੀ ਭਗਤੀ ਮਹੱਤਵਪੂਰਨ ਹੈ। ਉਹ ਵੰਸ਼ ਨੂੰ ਨਹੀਂ, ਕਦਰਾਂ-ਕੀਮਤਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੂੰ ਸ਼ਕਤੀ ਨਹੀਂ, ਸਹਿਯੋਗ ਮਹਾਨ ਲਗਦਾ ਹੈ। ਅੱਜ ਅਸੀਂ ਵੀ ਉਸੇ ਭਾਵਨਾ ਨਾਲ ਅੱਗੇ ਵਧ ਰਹੇ ਹਾਂ। ਪਿਛਲੇ 11 ਸਾਲਾਂ ਵਿੱਚ ਮਹਿਲਾਵਾਂ, ਦਲਿਤ, ਪਛੜੇ, ਅਤਿ ਪਛੜੇ, ਆਦਿਵਾਸੀ, ਵੰਚਿਤ, ਕਿਸਾਨ, ਮਜ਼ਦੂਰ, ਨੌਜਵਾਨ, ਹਰ ਵਰਗ ਨੂੰ ਵਿਕਾਸ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਜਦੋਂ ਦੇਸ਼ ਦਾ ਹਰ ਵਿਅਕਤੀ, ਹਰ ਵਰਗ, ਹਰ ਖੇਤਰ ਸਸ਼ਕਤ ਹੋ ਜਾਵੇਗਾ, ਓਦੋਂ ਹਰ ਇੱਕ ਦੀ ਕੋਸ਼ਿਸ਼ ਸੰਕਲਪ ਦੀ ਪ੍ਰਾਪਤੀ ਲਈ ਲਗਾਈ ਜਾਵੇਗੀ। ਅਤੇ ਸਾਰਿਆਂ ਦੇ ਯਤਨਾਂ ਨਾਲ ਹੀ 2047, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ, ਸਾਨੂੰ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੀ ਹੋਵੇਗਾ।
ਸਾਥੀਓ,
ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਮੌਕੇ 'ਤੇ, ਮੈਂ ਰਾਮ ਤੋਂ ਰਾਸ਼ਟਰ ਸੰਕਲਪ 'ਤੇ ਚਰਚਾ ਕੀਤੀ ਸੀ। ਮੈਂ ਕਿਹਾ ਸੀ ਕਿ ਸਾਨੂੰ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨਾ ਹੈ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜੋ ਲੋਕ ਸਿਰਫ਼ ਵਰਤਮਾਨ ਬਾਰੇ ਸੋਚਦੇ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਨਾਲ ਬੇਇਨਸਾਫ਼ੀ ਕਰਦੇ ਹਨ। ਸਾਨੂੰ ਵਰਤਮਾਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ। ਕਿਉਂਕਿ, ਜਦੋਂ ਅਸੀਂ ਨਹੀਂ ਸੀ, ਇਹ ਦੇਸ਼ ਉਦੋਂ ਵੀ ਮੌਜੂਦ ਸੀ, ਜਦੋਂ ਅਸੀਂ ਨਹੀਂ ਰਹਾਂਗੇ, ਇਹ ਦੇਸ਼ ਤਦ ਵੀ ਮੌਜੂਦ ਰਹੇਗਾ। ਅਸੀਂ ਇੱਕ ਜੀਵਿਤ ਸਮਾਜ ਹਾਂ, ਸਾਨੂੰ ਦੂਰ-ਅੰਦੇਸ਼ੀ ਨਾਲ ਕੰਮ ਕਰਨਾ ਹੋਵੇਗਾ। ਸਾਨੂੰ ਆਉਣ ਵਾਲੇ ਦਹਾਕਿਆਂ, ਆਉਣ ਵਾਲੀਆਂ ਸਦੀਆਂ ਨੂੰ ਧਿਆਨ ਵਿੱਚ ਰੱਖਣਾ ਹੀ ਹੋਵੇਗਾ।
ਅਤੇ ਸਾਥੀਓ,
ਇਸ ਦੇ ਲਈ ਵੀ ਸਾਨੂੰ ਭਗਵਾਨ ਰਾਮ ਤੋਂ ਸਿੱਖਣਾ ਹੋਵੇਗਾ। ਸਾਨੂੰ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮਝਣਾ ਹੋਵੇਗਾ, ਉਨ੍ਹਾਂ ਦੇ ਵਿਹਾਰ ਨੂੰ ਆਤਮਸਾਤ ਕਰਨਾ ਹੋਵੇਗਾ, ਸਾਨੂੰ ਯਾਦ ਰੱਖਣਾ ਹੋਵੇਗਾ, ਰਾਮ ਭਾਵ- ਆਦਰਸ਼, ਰਾਮ ਭਾਵ- ਮਰਿਯਾਦਾ, ਰਾਮ ਭਾਵ- ਜੀਵਨ ਦਾ ਸਰਬ-ਉੱਚ ਚਰਿੱਤਰ। ਰਾਮ ਯਾਨੀ -ਸੱਚ ਅਤੇ ਸ਼ਕਤੀ ਦਾ ਸੰਗਮ, "ਦਿਵ੍ਯਗੁਣੈ: ਸ਼ਕ੍ਰਸਮੋ ਰਾਮ: ਸਤ੍ਯਪਰਾਕ੍ਰਮ:।" (“दिव्यगुणैः शक्रसमो रामः सत्यपराक्रमः।”) ਰਾਮ ਭਾਵ- ਧਰਮ ਪਥ ‘ਤੇ ਚੱਲਣ ਵਾਲੀ ਸ਼ਖ਼ਸੀਅਤ, "ਰਾਮ: ਸਤਪੁਰੂਸ਼ੋ ਲੋਕੇ ਸਤਯ:ਸਤਯਪਰਾਯਣ:।" (रामः सत्पुरुषो लोके सत्यः सत्यपरायणः।) ਰਾਮ ਭਾਵ- ਜਨਤਾ ਦੀ ਖੁਸ਼ੀ ਨੂੰ ਸਰਬ-ਉੱਚ ਰੱਖਣਾ, ਪ੍ਰਜਾ ਸੁਖਤਵੇ ਚੰਦ੍ਰਸਯ। (प्रजा सुखत्वे चंद्रस्य।) ਰਾਮ ਭਾਵ- ਧੀਰਜ ਅਤੇ ਮੁਆਫੀ ਦਾ ਦਰਿਆ "ਵਸੁਧਾਯਾ: ਕਸ਼ਮਾਗੁਣੈ:"। (“वसुधायाः क्षमागुणैः”।) ਰਾਮ ਭਾਵ ਗਿਆਨ ਅਤੇ ਬੁੱਧੀ ਦੇ ਸਿਖਰ, ਬੁੱਧਯਾ ਬ੍ਰਹਸਪਤੇ: ਤੁਲਯ:। (बुद्धया बृहस्पते: तुल्यः।) ਰਾਮ ਭਾਵ- ਨਰਮੀ ਵਿੱਚ ਦ੍ਰਿੜ੍ਹਤਾ, "ਮ੍ਰਦੁਪੂਰਵਂ ਚ ਭਾਸ਼ਤੇ"। (“मृदुपूर्वं च भाषते”।) ਰਾਮ ਭਾਵ- ਸ਼ੁਕਰਗੁਜ਼ਾਰੀ ਦੀ ਸਭ ਤੋਂ ਉੱਤਮ ਉਦਾਹਰਣ, “ਕਚਾਦਨ ਨੋਪਕਾਰੇਣ, ਕ੍ਰਿਤੀਨੈਕੇਨ ਤੁਸ਼ਯਤਿ।” (कदाचन नोपकारेण, कृतिनैकेन तुष्यति) ਰਾਮ ਭਾਵ- ਉੱਤਮ ਸੰਗਤ ਦੀ ਚੋਣ, ਸ਼ੀਲ ਵ੍ਰਧੈ: ਗਿਆਨ ਵ੍ਰਧੈ: ਵਯੋ ਵ੍ਰਧੈ: ਚ ਸੱਜਨੈ:। (शील वृद्धै: ज्ञान वृद्धै: वयो वृद्धै: च सज्जनैः।) ਰਾਮ ਭਾਵ ਨਿਮਰਤਾ ਵਿੱਚ ਬਲਵਾਨ, ਵੀਰਯਵਾਨੰ ਚ ਵੀਯੇਰਣ, ਮਹਤਾ ਸਵੇਨ ਵਿਸਮਿਤ:। (वीर्यवान्न च वीर्येण, महता स्वेन विस्मितः।) ਰਾਮ ਭਾਵ-ਸੱਚ ਦਾ ਅਡੋਲ ਸੰਕਲਪ, “ਨ ਚ ਅਨ੍ਰਤ ਕਥੋ ਵਿਦਾਨ।” (न च अनृत कथो विद्वान्) ਰਾਮ ਭਾਵ- ਜਾਗਰੂਕ, ਅਨੁਸ਼ਾਸਿਤ ਅਤੇ ਨਿਰਛਲ ਮਨ, “ਨਿਸਤੰਦ੍ਰਿ: ਅਪ੍ਰਮੱਤ: ਚ, ਸਵ ਦੋਸ਼ ਪਰ ਦੋਸ਼ਾ ਵਿਤ੍।" (निस्तन्द्रिः अप्रमत्तः च, स्व दोष पर दोष वित्।)
ਸਾਥੀਓ,
ਰਾਮ ਕੇਵਲ ਇੱਕ ਵਿਅਕਤੀ ਨਹੀਂ ਹੈ, ਰਾਮ ਇੱਕ ਕਦਰਾਂ-ਕੀਮਤਾਂ ਹਨ,ਇੱਕ ਮਰਿਆਦਾ, ਇੱਕ ਦਿਸ਼ਾ ਹੈ। ਜੇਕਰ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣਾ ਹੈ, ਜੇਕਰ ਸਮਾਜ ਨੂੰ ਸਮਰੱਥਾਵਾਨ ਬਣਾਉਣਾ ਹੈ, ਤਾਂ ਸਾਨੂੰ ਆਪਣੇ ਅੰਦਰ 'ਰਾਮ' ਨੂੰ ਜਗਾਉਣਾ ਹੋਵੇਗਾ। ਸਾਨੂੰ ਆਪਣੇ ਅੰਦਰ ਦੇ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਕਰਨੀ ਹੋਵੇਗੀ ਅਤੇ ਇਸ ਸੰਕਲਪ ਲਈ ਅੱਜ ਤੋਂ ਵਧੀਆ ਦਿਨ ਹੋਰ ਕੀ ਹੋ ਸਕਦਾ ਹੈ?
ਸਾਥੀਓ,
25 ਨਵੰਬਰ ਦਾ ਇਹ ਇਤਿਹਾਸਕ ਦਿਨ ਆਪਣੀ ਵਿਰਾਸਤ ’ਤੇ ਮਾਣ ਦਾ ਇੱਕ ਹੋਰ ਸ਼ਾਨਦਾਰ ਪਲ ਲੈ ਕੇ ਆਇਆ ਹੈ। ਇਸ ਦਾ ਕਾਰਨ ਹੈ ਧਰਮ ਧਵਜ 'ਤੇ ਉੱਕੇਰਿਆ ਕੋਵਿਦਾਰ ਦਾ ਰੁੱਖ। ਇਹ ਕੋਵਿਦਾਰ ਰੁੱਖ ਇਸ ਗੱਲ ਦਾ ਉਦਾਹਰਣ ਹੈ ਕਿ ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਕੱਟੇ ਜਾਂਦੇ ਹਾਂ ਤਾਂ ਸਾਡੀ ਸ਼ਾਨ ਇਤਿਹਾਸ ਦੇ ਪੰਨਿਆਂ ਵਿੱਚ ਦਫ਼ਨ ਹੋ ਜਾਂਦੀ ਹੈ।
ਸਾਥੀਓ,
ਜਦੋਂ ਭਰਤ ਆਪਣੀ ਸੈਨਾ ਨਾਲ ਚਿੱਤਰਕੂਟ ਪਹੁੰਚੇ ਤਾਂ ਲਕਸ਼ਮਣ ਨੇ ਦੂਰੋਂ ਹੀ ਅਯੁੱਧਿਆ ਦੀ ਸੈਨਾ ਨੂੰ ਪਛਾਣ ਲਿਆ। ਇਹ ਕਿਵੇਂ ਹੋਇਆ, ਇਸ ਦਾ ਵਰਣਨ ਵਾਲਮੀਕਿ ਜੀ ਨੇ ਕੀਤਾ ਹੈ, ਅਤੇ ਵਾਲਮੀਕਿ ਜੀ ਨੇ ਜੋ ਵਰਣਨ ਕੀਤਾ ਹੈ, ਉਨ੍ਹਾਂ ਨੇ ਕਿਹਾ ਹੈ- ਵਿਰਾਜਤਿ ਉਦਗਤ ਸਕੰਧਮ੍, ਕੋਵਿਦਾਰ ਧਵਜ: ਰਥੇ।। (विराजति उद्गत स्कन्धम्, कोविदार ध्वजः रथे।।) ਲਕਸ਼ਮਣ ਕਹਿੰਦੇ ਹਨ - "ਹੇ ਰਾਮ, ਸਾਹਮਣੇ ਜੋ ਚਮਕਦਾਰ ਰੋਸ਼ਨੀ ਵਿੱਚ ਵਿਸ਼ਾਲ ਰੁੱਖ ਵਰਗਾ ਧਵਜ ਦਿਖਾਈ ਦੇ ਰਿਹਾ ਹੈ, ਉਹ ਅਯੁੱਧਿਆ ਦੀ ਸੈਨਾ ਦਾ ਧਵਜ ਹੈ, ਜਿਸ ਉੱਤੇ ਕੋਵਿਦਾਰ ਦਾ ਸ਼ੁਭ ਚਿੰਨ੍ਹ ਉਕਰਿਆ ਹੋਇਆ ਹੈ।"

ਸਾਥੀਓ,
ਅੱਜ ਜਦੋਂ ਰਾਮ ਮੰਦਿਰ ਦੇ ਵਿਹੜੇ ਵਿੱਚ ਕੋਵਿਦਾਰ ਮੁੜ ਪ੍ਰਤਿਸ਼ਠਿਤ ਹੋ ਰਿਹਾ ਹੈ, ਇਹ ਸਿਰਫ਼ ਇੱਕ ਰੁੱਖ ਦੀ ਵਾਪਸੀ ਨਹੀਂ ਹੈ, ਇਹ ਸਾਡੀ ਯਾਦ ਦੀ ਵਾਪਸੀ ਹੈ, ਸਾਡੀ ਪਛਾਣ ਦਾ ਪੁਨਰ-ਜਾਗਰਣ ਹੈ, ਸਾਡੀ ਸਵੈ-ਮਾਣ ਵਾਲੀ ਸਭਿਅਤਾ ਦਾ ਪੁਨਰ-ਪ੍ਰਗਟਾਵਾ ਹੈ। ਕੋਵਿਦਾਰ ਦਾ ਰੁੱਖ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਆਪਣੀ ਪਛਾਣ ਭੁੱਲ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਗੁਆ ਲੈਂਦੇ ਹਾਂ। ਅਤੇ ਜਦੋਂ ਪਛਾਣ ਵਾਪਸ ਆਉਂਦੀ ਹੈ, ਤਾਂ ਰਾਸ਼ਟਰ ਦਾ ਭਰੋਸਾ ਵੀ ਵਾਪਸ ਆਉਂਦਾ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ, ਜੇਕਰ ਦੇਸ਼ ਨੇ ਅੱਗੇ ਵਧਣਾ ਹੈ, ਤਾਂ ਉਸ ਨੂੰ ਆਪਣੀ ਵਿਰਾਸਤ 'ਤੇ ਮਾਣ ਕਰਨਾ ਹੋਵੇਗਾ।
ਸਾਥੀਓ,
ਆਪਣੀ ਵਿਰਾਸਤ 'ਤੇ ਮਾਣ ਕਰਨ ਦੇ ਨਾਲ-ਨਾਲ ਇੱਕ ਹੋਰ ਗੱਲ ਹੋਰ ਵੀ ਮਹੱਤਵਪੂਰਨ ਹੈ ਅਤੇ ਉਹ ਹੈ ਗ਼ੁਲਾਮੀ ਦੀ ਮਾਨਸਿਕਤਾ ਤੋਂ ਪੂਰਨ ਆਜ਼ਾਦੀ। ਅੱਜ ਤੋਂ 190 ਸਾਲ ਪਹਿਲਾਂ, ਸਾਲ 1835 ਵਿੱਚ ਮੈਕਾਲੇ ਨਾਂ ਦੇ ਇੱਕ ਅੰਗਰੇਜ਼ ਨੇ ਭਾਰਤ ਨੂੰ ਜੜ੍ਹੋਂ ਪੁੱਟਣ ਦਾ ਬੀਜ ਬੀਜਿਆ ਸੀ। ਮੈਕਾਲੇ ਨੇ ਭਾਰਤ ਵਿੱਚ ਮਾਨਸਿਕ ਗ਼ੁਲਾਮੀ ਦੀ ਨੀਂਹ ਰੱਖੀ ਸੀ। ਦੱਸ ਸਾਲ ਬਾਅਦ, ਯਾਨੀ 2035 ਵਿੱਚ, ਉਸ ਅਪਵਿੱਤਰ ਘਟਨਾ ਦੇ 200 ਸਾਲ ਪੂਰੇ ਹੋ ਰਹੇ ਹਨ। ਕੁਝ ਦਿਨ ਪਹਿਲਾਂ ਹੀ ਮੈਂ ਇੱਕ ਪ੍ਰੋਗਰਾਮ ਵਿੱਚ ਤਾਕੀਦ ਕੀਤੀ ਸੀ ਕਿ ਆਉਣ ਵਾਲੇ ਦੱਸ ਸਾਲਾਂ ਤੱਕ, ਉਸ ਦੱਸ ਵਰ੍ਹਿਆਂ ਦੇ ਟੀਚੇ ਨੂੰ ਲੈ ਕੇ ਚੱਲਣਾ ਹੈ ਕਿ ਭਾਰਤ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਵਾ ਕੇ ਰਹਾਂਗੇ।
ਸਾਥੀਓ,
ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਮੈਕਾਲੇ ਨੇ ਜੋ ਕੁਝ ਸੋਚਿਆ, ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਸਾਨੂੰ ਆਜ਼ਾਦੀ ਤਾਂ ਮਿਲ ਗਈ ਪਰ ਹੀਣ ਭਾਵਨਾ ਤੋਂ ਮੁਕਤੀ ਨਹੀਂ ਮਿਲੀ। ਸਾਡੇ ਇੱਥੇ ਇੱਕ ਸੋਚ ਆ ਗਈ ਹੈ ਕਿ ਵਿਦੇਸ਼ਾਂ ਦੀ ਹਰ ਚੀਜ਼, ਹਰ ਪ੍ਰਣਾਲੀ ਚੰਗੀ ਹੈ, ਅਤੇ ਜੋ ਸਾਡੀਆਂ ਆਪਣੀਆਂ ਚੀਜ਼ਾਂ ਹਨ, ਉਨ੍ਹਾਂ ਵਿੱਚ ਕਮੀ ਹੀ ਕਮੀ ਹੈ।
ਸਾਥੀਓ,
ਇਹ ਗ਼ੁਲਾਮੀ ਦੀ ਇਹੀ ਮਾਨਸਿਕਤਾ ਹੈ, ਜਿਸ ਨੇ ਲਗਾਤਾਰ ਇਹ ਸਥਾਪਿਤ ਕੀਤਾ ਅਸੀਂ ਵਿਦੇਸ਼ਾਂ ਤੋਂ ਲੋਕਤੰਤਰ ਲਿਆ, ਕਿਹਾ ਗਿਆ ਕਿ ਸਾਡਾ ਸੰਵਿਧਾਨ ਵੀ ਵਿਦੇਸ਼ਾਂ ਤੋਂ ਪ੍ਰੇਰਿਤ ਹੈ, ਜਦਕਿ ਸੱਚਾਈ ਇਹ ਹੈ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ, ਲੋਕਤੰਤਰ ਦੀ ਮਾਂ ਹੈ, ਲੋਕਤੰਤਰ ਸਾਡੇ ਡੀਐੱਨਏ ਵਿੱਚ ਹੈ।
ਸਾਥੀਓ,
ਜੇਕਰ ਤੁਸੀਂ ਤਾਮਿਲਨਾਡੂ ਵਿੱਚ ਜਾਓ, ਤਾਂ ਤਾਮਿਲਨਾਡੂ ਦੇ ਉੱਤਰੀ ਹਿੱਸੇ ਵਿੱਚ ਉਤਿਰਾਮੇਰੁਰ ਪਿੰਡ ਹੈ। ਉੱਥੇ ਹਜ਼ਾਰਾਂ ਸਾਲ ਪਹਿਲਾਂ ਦਾ ਇੱਕ ਸ਼ਿਲਾਲੇਖ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਉਸ ਦੌਰ ਵਿੱਚ ਵੀ ਕਿਵੇਂ ਲੋਕਤੰਤਰੀ ਢੰਗ ਨਾਲ ਸ਼ਾਸਨ ਪ੍ਰਣਾਲੀ ਚਲਦੀ ਸੀ, ਕਿਵੇਂ ਲੋਕ ਸਰਕਾਰ ਚੁਣਦੇ ਸਨ। ਪਰ ਸਾਡੇ ਇੱਥੇ ਤਾਂ ਮੈਗਨਾ ਕਾਰਟਾ ਦੀ ਪ੍ਰਸ਼ੰਸਾ ਹੀ ਹੁੰਦੀ ਰਹੀ। ਸਾਡੇ ਇੱਥੇ ਭਗਵਾਨ ਬਸਵੰਨਾ, ਉਨ੍ਹਾਂ ਦੇ ਅਨੁਭਵ ਮੰਟਪਾ ਦੀ ਜਾਣਕਾਰੀ ਵੀ ਸੀਮਤ ਰੱਖੀ ਗਈ। ਅਨੁਭਵ ਮੰਟਪਾ ਭਾਵ ਜਿੱਥੇ ਸਮਾਜਿਕ, ਧਾਰਮਿਕ ਅਤੇ ਆਰਥਿਕ ਵਿਸ਼ਿਆਂ 'ਤੇ ਜਨਤਕ ਬਹਿਸਾਂ ਹੁੰਦੀਆਂ ਸੀ। ਜਿੱਥੇ ਸਮੂਹਿਕ ਸਹਿਮਤੀ ਨਾਲ ਫੈਸਲੇ ਲਏ ਜਾਂਦੇ ਸਨ। ਪਰ ਗ਼ੁਲਾਮੀ ਦੀ ਮਾਨਸਿਕਤਾ ਕਾਰਨ ਇਸ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਇਸ ਜਾਣਕਾਰੀ ਤੋਂ ਵੀ ਵਾਂਝਾ ਰੱਖਿਆ ਗਿਆ।

ਸਾਥੀਓ,
ਸਾਡੀ ਵਿਵਸਥਾ ਦੇ ਹਰ ਕੋਨੇ ਵਿੱਚ ਗ਼ੁਲਾਮੀ ਦੀ ਇਹ ਮਾਨਸਿਕਤਾ ਸਮਾਈ ਹੋਈ ਸੀ। ਤੁਸੀਂ ਯਾਦ ਕਰੋ, ਭਾਰਤੀ ਜਲ ਸੈਨਾ ਦਾ ਧਵਜ, ਸਦੀਆਂ ਤੱਕ ਉਸ ਝੰਡੇ ’ਤੇ ਅਜਿਹੇ ਪ੍ਰਤੀਕ ਬਣੇ ਰਹੇ, ਜਿਨ੍ਹਾਂ ਦਾ ਸਾਡੀ ਸਭਿਅਤਾ, ਸਾਡੀ ਸ਼ਕਤੀ, ਸਾਡੀ ਵਿਰਾਸਤ ਨਾਲ ਕੋਈ ਸਬੰਧ ਨਹੀਂ ਸੀ। ਹੁਣ ਅਸੀਂ ਜਲ-ਸੈਨਾ ਦੇ ਝੰਡੇ ਤੋਂ ਗ਼ੁਲਾਮੀ ਦੇ ਹਰ ਪ੍ਰਤੀਕ ਨੂੰ ਹਟਾਇਆ ਹੈ। ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਸਥਾਪਿਤ ਕੀਤਾ ਹੈ। ਅਤੇ ਇਹ ਸਿਰਫ਼ ਇੱਕ ਡਿਜ਼ਾਈਨ ਬਦਲਾਅ ਨਹੀਂ ਹੋਇਆ, ਇਹ ਮਾਨਸਿਕਤਾ ਵਿੱਚ ਬਦਲਾਅ ਦਾ ਇੱਕ ਪਲ ਸੀ। ਇਹ ਉਹ ਐਲਾਨ ਸੀ ਕਿ ਭਾਰਤ ਹੁਣ ਆਪਣੀ ਸ਼ਕਤੀ, ਆਪਣੇ ਪ੍ਰਤੀਕਾਂ ਨਾਲ ਪਰਿਭਾਸ਼ਿਤ ਕਰੇਗਾ, ਨਾ ਕਿ ਕਿਸੇ ਹੋਰ ਦੀ ਵਿਰਾਸਤ ਨਾਲ।
ਅਤੇ ਸਾਥੀਓ,
ਇਹ ਬਦਲਾਅ ਅੱਜ ਅਯੁੱਧਿਆ ਵਿੱਚ ਵੀ ਦਿਖ ਰਿਹਾ ਹੈ।
ਸਾਥੀਓ,
ਇਹ ਗ਼ੁਲਾਮੀ ਦੀ ਮਾਨਸਿਕਤਾ ਹੀ ਹੈ, ਜਿਸ ਨੇ ਇੰਨੇ ਸਾਲਾਂ ਤੋਂ ਰਾਮਤਵ ਨੂੰ ਨਕਾਰਿਆ ਹੈ। ਭਗਵਾਨ ਰਾਮ, ਆਪਣੇ ਆਪ ਵਿੱਚ ਇੱਕ ਮੁੱਲ-ਵਿਵਸਥਾ ਹਨ। ਓਰਛਾ ਦੇ ਰਾਜਾ ਰਾਮ ਤੋਂ ਲੈ ਕੇ ਰਾਮੇਸ਼ਵਰਮ ਦੇ ਭਗਤ ਰਾਮ ਤੱਕ ਅਤੇ ਸ਼ਬਰੀ ਦੇ ਭਗਵਾਨ ਰਾਮ ਤੋਂ ਲੈ ਕੇ ਮਿਥਿਲਾ ਦੇ ਪਾਹੁਨ ਰਾਮ ਜੀ ਤੱਕ, ਭਾਰਤ ਦੇ ਹਰ ਘਰ ਵਿੱਚ, ਹਰ ਭਾਰਤੀ ਦੇ ਮਨ ਵਿੱਚ ਅਤੇ ਭਾਰਤ ਦੇ ਹਰ ਕਣ-ਕਣ ਵਿੱਚ ਰਾਮ ਹਨ। ਪਰ ਗ਼ੁਲਾਮੀ ਦੀ ਮਾਨਸਿਕਤਾ ਇੰਨੀ ਹਾਵੀ ਹੋ ਗਈ ਕਿ ਭਗਵਾਨ ਰਾਮ ਨੂੰ ਵੀ ਕਾਲਪਨਿਕ ਐਲਾਨ ਦਿੱਤਾ ਜਾਣ ਲੱਗਿਆ।
ਸਾਥੀਓ,
ਜੇਕਰ ਅਸੀਂ ਠਾਨ ਲਈਏ, ਅਗਲੇ ਦਸ ਸਾਲਾਂ ਵਿੱਚ ਮਾਨਸਿਕ ਗ਼ੁਲਾਮੀ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਲਵਾਂਗੇ ਅਤੇ ਤਦ ਹੀ ਅਜਿਹੀ ਲਾਟ ਜਗਾਈ ਜਾਵੇਗੀ, ਅਜਿਹਾ ਆਤਮ-ਵਿਸ਼ਵਾਸ ਵਧੇਗਾ ਕਿ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੀ ਨੀਂਹ ਉਦੋਂ ਹੀ ਮਜ਼ਬੂਤ ਹੋਵੇਗੀ, ਜਦੋਂ ਮੈਕਾਲੇ ਦੇ ਗ਼ੁਲਾਮੀ ਦੇ ਪ੍ਰੋਜੈਕਟ ਨੂੰ ਅਸੀਂ ਅਗਲੇ 10 ਸਾਲ ਵਿੱਚ ਪੂਰੀ ਤਰ੍ਹਾਂ ਤਬਾਹ ਕਰਕੇ ਦਿਖਾ ਦੇਵਾਂਗੇ।
ਸਾਥੀਓ,
ਅਯੁੱਧਿਆ ਧਾਮ ਵਿੱਚ ਰਾਮਲੱਲਾ ਦਾ ਮੰਦਿਰ ਕੰਪਲੈਕਸ ਦਿਨੋ-ਦਿਨ ਸ਼ਾਨਦਾਰ ਹੁੰਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਅਯੁੱਧਿਆ ਨੂੰ ਸੁੰਦਰ ਬਣਾਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ। ਅੱਜ ਅਯੁੱਧਿਆ ਫਿਰ ਤੋਂ ਉਹ ਨਗਰੀ ਬਣ ਰਹੀ ਹੈ ਜੋ ਦੁਨੀਆ ਲਈ ਇਕ ਮਿਸਾਲ ਬਣੇਗੀ। ਤ੍ਰੇਤਾ ਯੁੱਗ ਦੀ ਅਯੁੱਧਿਆ ਨੇ ਮਨੁੱਖਤਾ ਨੂੰ ਨੀਤੀ ਦਿੱਤੀ, 21ਵੀਂ ਸਦੀ ਦੀ ਅਯੁੱਧਿਆ ਮਨੁੱਖਤਾ ਨੂੰ ਵਿਕਾਸ ਦਾ ਨਵਾਂ ਮਾਡਲ ਦੇ ਰਹੀ ਹੈ। ਉਦੋਂ ਅਯੁੱਧਿਆ ਮਰਿਆਦਾ ਦਾ ਕੇਂਦਰ ਸੀ, ਹੁਣ ਅਯੁੱਧਿਆ ਵਿਕਸਿਤ ਭਾਰਤ ਦੀ ਰੀੜ੍ਹ ਦੀ ਹੱਡੀ ਬਣ ਕੇ ਉੱਭਰ ਰਿਹਾ ਹੈ।
ਸਾਥੀਓ,
ਭਵਿੱਖ ਦੀ ਅਯੁੱਧਿਆ ਵਿੱਚ ਪਰੰਪਰਾ ਅਤੇ ਅਧੁਨਿਕਤਾ ਦਾ ਸੰਗਮ ਹੋਵੇਗਾ। ਸਰਯੂ ਜੀ ਦੀ ਅੰਮ੍ਰਿਤ ਧਾਰਾ ਅਤੇ ਵਿਕਾਸ ਦੀ ਧਾਰਾ ਇਕੱਠੇ ਵਹਿਣਗੇ। ਇੱਥੇ ਅਧਿਆਤਮਿਕਤਾ ਅਤੇ ਮਸਨੂਈ ਬੌਧਿਕਤਾ (ਏਆਈ), ਦੋਵਾਂ ਦਾ ਇੱਕ ਤਾਲਮੇਲ ਦੇਖਿਆ ਜਾਵੇਗਾ। ਨਵੀਂ ਅਯੁੱਧਿਆ ਨੂੰ ਰਾਮ ਪਥ, ਭਗਤੀ ਪਥ ਅਤੇ ਜਨਮ-ਭੂਮੀ ਪਥ ਤੋਂ ਦੇਖਿਆ ਜਾ ਸਕਦਾ ਹੈ। ਅਯੁੱਧਿਆ ਵਿੱਚ ਇੱਕ ਸ਼ਾਨਦਾਰ ਹਵਾਈ ਅੱਡਾ ਹੈ, ਅੱਜ ਅਯੁੱਧਿਆ ਵਿੱਚ ਇੱਕ ਸ਼ਾਨਦਾਰ ਰੇਲਵੇ ਸਟੇਸ਼ਨ ਹੈ। ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਅਯੁੱਧਿਆ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜ ਰਹੀਆਂ ਹਨ। ਅਯੁੱਧਿਆ ਦੇ ਲੋਕਾਂ ਨੂੰ ਸਹੂਲਤਾਂ ਮਿਲਣ ਅਤੇ ਉਨ੍ਹਾਂ ਦਾ ਜੀਵਨ ਖੁਸ਼ਹਾਲ ਬਣ ਸਕੇ, ਇਸ ਲਈ ਲਗਾਤਾਰ ਕੰਮ ਜਾਰੀ ਹੈ।
ਸਾਥੀਓ,
ਜਦੋਂ ਤੋਂ ਪ੍ਰਾਣ ਪ੍ਰਤਿਸ਼ਠਾ ਹੋਈ ਹੈ, ਤਦ ਤੋਂ ਲੈ ਕੇ ਅੱਜ ਤੱਕ ਲਗਭਗ 45 ਕਰੋੜ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਆ ਚੁੱਕੇ ਹਨ। ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ 45 ਕਰੋੜ ਲੋਕਾਂ ਦੇ ਚਰਣ ਪੈ ਗਏ ਹਨ। ਅਤੇ ਇਸ ਨਾਲ ਅਯੁੱਧਿਆ ਅਤੇ ਆਸ-ਪਾਸ ਦੇ ਲੋਕਾਂ ਦੀ ਆਮਦਨ ਵਿੱਚ ਆਰਥਿਕ ਬਦਲਾਅ ਆਇਆ ਹੈ ਅਤੇ ਆਮਦਨ ਵਿੱਚ ਵਾਧਾ ਹੋਇਆ ਹੈ। ਕਦੇ ਅਯੁੱਧਿਆ ਵਿਕਾਸ ਦੇ ਮਾਪਦੰਡਾਂ ਵਿੱਚ ਬਹੁਤ ਪਿੱਛੇ ਸੀ, ਅੱਜ ਅਯੁੱਧਿਆ ਨਗਰੀ ਯੂਪੀ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਬਣ ਰਹੀ ਹੈ।
ਸਾਥੀਓ,
21ਵੀਂ ਸਦੀ ਦਾ ਆਉਣ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੈ। ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਵਿੱਚ ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਗਿਆ, 70 ਸਾਲਾਂ ਵਿੱਚ 11ਵੀਂ। ਪਰ ਪਿਛਲੇ 11 ਸਾਲਾਂ ਵਿੱਚ ਹੀ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਗਿਆ ਹੈ। ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਜਾਵੇਗਾ। ਆਉਣ ਵਾਲਾ ਸਮਾਂ ਨਵੇਂ ਮੌਕਿਆਂ ਦਾ ਹੈ, ਨਵੀਂਆਂ ਸੰਭਾਵਨਾਵਾਂ ਦਾ ਹੈ। ਅਤੇ ਇਸ ਮਹੱਤਵਪੂਰਨ ਦੌਰ ਵਿੱਚ ਵੀ ਭਗਵਾਨ ਰਾਮ ਦੇ ਵਿਚਾਰ ਹੀ ਸਾਡੀ ਪ੍ਰੇਰਨਾ ਬਣਨਗੇ। ਜਦੋਂ ਸ਼੍ਰੀ ਰਾਮ ਦੇ ਸਾਹਮਣੇ ਰਾਵਣ ਨੂੰ ਜਿੱਤਣ ਵਰਗਾ ਵੱਡਾ ਟੀਚਾ ਸੀ, ਓਦੋਂ ਉਨ੍ਹਾਂ ਨੇ ਕਿਹਾ ਸੀ – ਸੌਰਜ ਧੀਰਜ ਤੇਹਿ ਰਥ ਚਾਕਾ। ਸਤਯ ਸੀਲ ਦ੍ਰੜ੍ਹ ਪਤਾਕਾ।। ਬਲ ਬਿਬੇਕ ਦਮ ਪਰਹਿਤ ਘੋਰੇ। ਛਮਾ ਕ੍ਰਪਾ ਸਮਤਾ ਰਜੁ ਜੋਰੇ।। (सौरज धीरज तेहि रथ चाका। सत्य सील दृढ़ ध्वजा पताका।। बल बिबेक दम परहित घोरे। छमा कृपा समता रजु जोरे।। ) ਭਾਵ, ਰਾਵਣ ਨੂੰ ਜਿੱਤਣ ਲਈ ਜੋ ਰਥ ਚਾਹੀਦਾ ਹੈ, ਬਹਾਦਰੀ ਅਤੇ ਸਬਰ ਉਸ ਦੇ ਪਹੀਏ ਹਨ। ਇਸ ਦਾ ਧਵਜ ਸੱਚ ਅਤੇ ਚੰਗੇ ਆਚਰਣ ਦਾ ਹੈ। ਤਾਕਤ, ਸਿਆਣਪ, ਸੰਜਮ ਅਤੇ ਪਰਉਪਕਾਰ ਇਸ ਰਥ ਦੇ ਘੋੜੇ ਹਨ। ਲਗਾਮ ਦੇ ਰੂਪ ਵਿੱਚ ਮੁਆਫ਼ੀ, ਦਇਆ ਅਤੇ ਬਰਾਬਰੀ ਹੈ, ਜੋ ਰਥ ਨੂੰ ਸਹੀ ਦਿਸ਼ਾ ਵਿੱਚ ਰੱਖਦੇ ਹਨ।
ਸਾਥੀਓ,
ਵਿਕਸਿਤ ਭਾਰਤ ਦੀ ਯਾਤਰਾ ਨੂੰ ਤੇਜ਼ ਕਰਨ ਲਈ ਅਜਿਹਾ ਹੀ ਰਥ ਚਾਹੀਦਾ ਹੈ, ਅਜਿਹਾ ਰਥ ਦੀ ਜਿਸ ਦੇ ਪਹੀਏ ਬਹਾਦਰੀ ਅਤੇ ਸਬਰ ਹੋਣ। ਭਾਵ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਹੋਵੇ ਅਤੇ ਨਤੀਜੇ ਆਉਣ ਤੱਕ ਦ੍ਰਿੜ੍ਹਤਾ ਨਾਲ ਡਟੇ ਰਹਿਣ ਦਾ ਸਬਰ ਵੀ ਹੋਵੇ। ਅਜਿਹਾ ਰਥ, ਜਿਸ ਦਾ ਧਵਜ ਸੱਚ ਅਤੇ ਉੱਚ ਆਚਰਨ ਵਾਲਾ ਹੋਵੇ, ਭਾਵ ਨੀਤੀ, ਨੀਅਤ ਅਤੇ ਨੈਤਿਕਤਾ ਨਾਲ ਕਦੇ ਵੀ ਸਮਝੌਤਾ ਨਾ ਹੋਵੇ। ਅਜਿਹਾ ਰਥ ਜਿਸ ਦੇ ਘੋੜੇ ਤਾਕਤ, ਸਿਆਣਪ, ਸੰਜਮ ਅਤੇ ਦਾਨ ਹੋਣ ਭਾਵ ਤਾਕਤ ਵੀ ਹੋਵੇ, ਬੁੱਧੀ ਵੀ ਹੋਵੇ, ਅਨੁਸ਼ਾਸਨ ਵੀ ਹੋਵੇ ਅਤੇ ਦੂਜਿਆਂ ਦੀ ਭਲਾਈ ਦੀ ਭਾਵਨਾ ਵੀ ਹੋਵੇ। ਅਜਿਹਾ ਰਥ, ਜਿਸ ਦੀ ਲਗਾਮ ਮੁਆਫ਼ੀ, ਦਇਆ ਅਤੇ ਸਮਾਨਤਾ ਹੈ, ਭਾਵ ਜਿੱਥੇ ਸਫ਼ਲਤਾ ਦਾ ਅਹੰਕਾਰ ਨਹੀਂ ਹੈ, ਅਤੇ ਅਸਫਲਤਾ ਵਿੱਚ ਵੀ ਦੂਜਿਆਂ ਪ੍ਰਤੀ ਸਨਮਾਨ ਬਣਿਆ ਰਹੇ। ਅਤੇ ਇਸ ਲਈ ਮੈਂ ਸਤਿਕਾਰ ਨਾਲ ਕਹਿੰਦਾ ਹਾਂ, ਇਹ ਸਮਾਂ ਮੋਢੇ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਹੈ, ਇਹ ਸਮਾਂ ਗਤੀ ਵਧਾਉਣ ਦਾ ਹੈ। ਸਾਨੂੰ ਉਹ ਭਾਰਤ ਬਣਾਉਣਾ ਹੈ, ਜੋ ਰਾਮ ਰਾਜ ਤੋਂ ਪ੍ਰੇਰਿਤ ਹੋਵੇ। ਅਤੇ ਇਹ ਤਦੇ ਸੰਭਵ ਹੈ ਜਦੋਂ ਸਵਾਰਥ ਤੋਂ ਪਹਿਲਾਂ ਰਾਸ਼ਟਰ ਹਿੱਤ ਹੋਵੇਗਾ। ਜਦੋਂ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਰਹੇ। ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਜੈ ਸਿਯਾਰਾਮ !
ਜੈ ਸਿਯਾਰਾਮ !
ਜੈ ਸਿਯਾਰਾਮ !


