India's Nari Shakti has made immense contributions: PM
In our country, the Panchayati Raj institutions are a remarkable example of women's leadership: PM
The government is supporting women at every stage of life: PM
Today, women are excelling even in sectors once considered male-dominated: PM
India’s Nari Shakti have reached new heights through their hard work, courage and confidence; now, we must unite to further empower them: PM

ਮੰਚ 'ਤੇ ਬਿਰਾਜਮਾਨ ਦਿੱਲੀ ਦੀ ਹਰਮਨ-ਪਿਆਰੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਜੀ, ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਜੀ, ਸ਼੍ਰੀਮਤੀ ਸਾਵਿਤਰੀ ਠਾਕੁਰ ਜੀ, ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਾਹਤਕਰ ਜੀ, ਇੱਥੇ ਤੁਹਾਡੇ ਸਾਰਿਆਂ ਵਿੱਚ ਵੀ ਕਈ ਸੀਨੀਅਰ ਲੋਕ ਬੈਠੇ ਹਨ, ਸੰਸਦ ਮੈਂਬਰ ਹਨ, ਵਿਧਾਇਕ ਹਨ, ਸਾਡੀ ਲੋਕ ਸਭਾ ਦੀ ਸਾਬਕਾ ਸਪੀਕਰ ਆਦਰਯੋਗ ਮੀਰਾ ਕੁਮਾਰ ਜੀ ਵੀ ਸਾਡੇ ਵਿਚਕਾਰ ਹਨ। ਇੱਥੇ ਹਾਜ਼ਰ ਸਾਰੀਆਂ ਮੇਰੀਆਂ ਸਤਿਕਾਰਤ ਭੈਣੋਂ, ਇਸ ਸਮੇਂ ਦੇਸ਼ ਵਿੱਚ ਵਿਸਾਖੀ ਦੇ ਤਿਉਹਾਰ ਦਾ ਉਤਸ਼ਾਹ ਹੈ। ਕੱਲ੍ਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵਾਂ ਸਾਲ ਵੀ ਮਨਾਇਆ ਜਾਵੇਗਾ। ਮੈਂ ਅੱਜ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਵੀਰ ਬਲੀਦਾਨੀਆਂ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ।

 

ਸਾਥੀਓ,

 

ਦੇਸ਼ ਦੀ ਵਿਕਾਸ ਯਾਤਰਾ ਦੇ ਇਨ੍ਹਾਂ ਅਹਿਮ ਪੜਾਵਾਂ ਦਰਮਿਆਨ, ਭਾਰਤ 21ਵੀਂ ਸਦੀ ਦੇ ਸਭ ਤੋਂ ਵੱਡੇ ਫੈਸਲਿਆਂ ਵਿੱਚੋਂ ਇੱਕ ਫੈਸਲਾ ਲੈਣ ਜਾ ਰਿਹਾ ਹੈ। ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ 21ਵੀਂ ਸਦੀ ਦੇ ਮਹੱਤਵਪੂਰਨ ਫੈਸਲਿਆਂ ਵਿੱਚੋਂ ਇਹ ਇੱਕ ਮਹੱਤਵਪੂਰਨ ਫੈਸਲਾ ਹੈ। ਇਹ ਫੈਸਲਾ ਨਾਰੀ ਸ਼ਕਤੀ ਨੂੰ ਸਮਰਪਿਤ ਹੈ, ਨਾਰੀ ਸ਼ਕਤੀ ਵੰਦਨ ਨੂੰ ਸਮਰਪਿਤ ਹੈ। ਸਾਡੇ ਦੇਸ਼ ਦੀ ਸੰਸਦ ਇੱਕ ਨਵਾਂ ਇਤਿਹਾਸ ਰਚਣ ਦੇ ਨੇੜੇ ਹੈ। ਇੱਕ ਅਜਿਹਾ ਨਵਾਂ ਇਤਿਹਾਸ ਜੋ ਅਤੀਤ ਦੇ ਸੰਕਲਪਾਂ ਨੂੰ ਸਾਕਾਰ ਕਰੇਗਾ, ਜੋ ਭਵਿੱਖ ਦੇ ਸੰਕਲਪਾਂ ਨੂੰ ਪੂਰਾ ਕਰੇਗਾ। ਇੱਕ ਅਜਿਹੇ ਭਾਰਤ ਦਾ ਸੰਕਲਪ ਜੋ ਬਰਾਬਰੀ ਵਾਲਾ ਹੋਵੇ, ਜਿੱਥੇ ਸਮਾਜਿਕ ਨਿਆਂ ਸਿਰਫ਼ ਇੱਕ ਨਾਅਰਾ ਨਾ ਹੋਵੇ, ਸਗੋਂ ਸਾਡੇ ਕੰਮਕਾਜੀ ਸੱਭਿਆਚਾਰ ਦਾ, ਸਾਡੀ ਫੈਸਲੇ ਲੈਣ ਦੀ ਪ੍ਰਕਿਰਿਆ ਦਾ, ਕੁਦਰਤੀ ਹਿੱਸਾ ਹੋਵੇ।


 

ਸਾਥੀਓ,

 

ਰਾਜਾਂ ਦੀਆਂ ਵਿਧਾਨ ਸਭਾਵਾਂ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ, ਦਹਾਕਿਆਂ ਦੀ ਉਡੀਕ 16-17-18 ਨੂੰ ਖ਼ਤਮ ਹੋਣ ਜਾ ਰਹੀ ਹੈ। 2023 ਵਿੱਚ ਨਵੀਂ ਸੰਸਦ ਵਿੱਚ ਜੋ ਨਵਾਂ ਭਵਨ ਬਣਿਆ, ਉਸ ਵਿੱਚ ਅਸੀਂ ਨਾਰੀ ਸ਼ਕਤੀ ਵੰਦਨ ਐਕਟ ਦੇ ਰੂਪ ਵਿੱਚ ਪਹਿਲਾ ਕਦਮ ਚੁੱਕਿਆ ਸੀ। ਉਹ ਸਮੇਂ ਸਿਰ ਲਾਗੂ ਹੋ ਸਕੇ, ਔਰਤਾਂ ਦੀ ਭਾਗੀਦਾਰੀ ਸਾਡੇ ਲੋਕਤੰਤਰ ਨੂੰ ਮਜ਼ਬੂਤੀ ਦੇਵੇ, ਇਸ ਲਈ 16 ਅਪ੍ਰੈਲ ਤੋਂ ਸੰਸਦ ਦੇ ਬਜਟ ਸੈਸ਼ਨ ਦੀ ਵਿਸ਼ੇਸ਼ ਬੈਠਕ ਹੋਣ ਜਾ ਰਹੀ ਹੈ। ਅਤੇ ਉਸ ਤੋਂ ਪਹਿਲਾਂ ਅੱਜ ਨਾਰੀ ਸ਼ਕਤੀ ਵੰਦਨ ਦਾ ਇਹ ਪ੍ਰੋਗਰਾਮ, ਮੈਂ ਇਸ ਦੇ ਲਈ, ਇਸ ਪ੍ਰੋਗਰਾਮ ਰਾਹੀਂ ਸਾਨੂੰ ਦੇਸ਼ ਦੀਆਂ ਕਰੋੜਾਂ ਮਾਵਾਂ-ਭੈਣਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ। ਅਤੇ ਮੈਂ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ, ਨਾ ਹੀ ਮੈਂ ਤੁਹਾਨੂੰ ਜਗਾਉਣ ਆਇਆ ਹਾਂ। ਮੈਂ ਅੱਜ ਤੁਹਾਡੇ ਸਾਰਿਆਂ ਦੇ, ਦੇਸ਼ ਦੀਆਂ ਕਰੋੜਾਂ ਮਾਵਾਂ-ਭੈਣਾਂ ਦੇ ਆਸ਼ੀਰਵਾਦ ਲੈਣ ਲਈ ਆਇਆ ਹਾਂ। ਤੁਸੀਂ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਈਆਂ ਹੋ, ਮੈਂ ਤੁਹਾਡੀ ਇਸ ਹਾਜ਼ਰੀ ਲਈ, ਇਸ ਮਹੱਤਵਪੂਰਨ ਕੰਮ ਲਈ ਤੁਸੀਂ ਜੋ ਸਮਾਂ ਕੱਢਿਆ ਹੈ, ਇਸ ਲਈ ਤੁਹਾਡਾ ਦਿਲੋਂ ਸਵਾਗਤ ਕਰਦਾ ਹਾਂ। ਨਾਲ ਹੀ, ਭਾਰਤ ਦੀਆਂ ਸਾਰੀਆਂ ਔਰਤਾਂ ਨੂੰ, ਇੱਕ ਨਵੇਂ ਯੁੱਗ ਦੀ ਆਮਦ ਦੀ ਵਧਾਈ ਵੀ ਦਿੰਦਾ ਹਾਂ।

 

ਸਾਥੀਓ,

 

ਲੋਕਤੰਤਰੀ ਢਾਂਚੇ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਲੋੜ ਦਹਾਕਿਆਂ ਤੋਂ ਹਰ ਕੋਈ ਮਹਿਸੂਸ ਕਰ ਰਿਹਾ ਸੀ, ਚਰਚਾ ਵੀ ਹੁੰਦੀ ਸੀ। ਇਸ ਵਿਚਾਰ-ਵਟਾਂਦਰੇ ਨੂੰ ਤਕਰੀਬਨ 4 ਦਹਾਕੇ ਬੀਤ ਗਏ, 40 ਸਾਲ ਬੀਤ ਗਏ। ਇਸ ਵਿੱਚ ਸਾਰੀਆਂ ਪਾਰਟੀਆਂ ਅਤੇ ਕਿੰਨੀਆਂ ਹੀ ਪੀੜ੍ਹੀਆਂ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਹਰ ਪਾਰਟੀ ਨੇ ਇਸ ਵਿਚਾਰ ਨੂੰ ਆਪਣੇ-ਆਪਣੇ ਢੰਗ ਨਾਲ ਅੱਗੇ ਵਧਾਇਆ ਹੈ। 2023 ਵਿੱਚ ਜਦੋਂ ਨਾਰੀ ਸ਼ਕਤੀ ਵੰਦਨ ਐਕਟ ਆਇਆ ਸੀ, ਉਦੋਂ ਵੀ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕਰਵਾਇਆ ਸੀ। ਅਤੇ ਉਦੋਂ ਇੱਕ ਸੁਰ ਵਿੱਚ ਇਹ ਗੱਲ ਵੀ ਉੱਠੀ ਸੀ ਕਿ ਇਸ ਨੂੰ ਹਰ ਹਾਲਤ ਵਿੱਚ 2029 ਤੱਕ ਲਾਗੂ ਹੋ ਜਾਣਾ ਚਾਹੀਦਾ ਹੈ। ਇਹ ਗੱਲ ਸਾਰਿਆਂ ਨੇ ਕਹੀ ਸੀ, ਕਾਨੂੰਨ ਪਾਸ ਹੋਵੇ ਪਰ ਲਾਗੂ ਨਾ ਹੋਵੇ, ਇਹ ਸਦਨ ਵਿੱਚ ਕਿਸੇ ਨੂੰ ਮਨਜ਼ੂਰ ਨਹੀਂ ਸੀ, ਅਤੇ ਖਾਸ ਕਰਕੇ ਸਾਡੇ ਵਿਰੋਧੀ ਧਿਰ ਦੇ ਸਾਰੇ ਸਾਥੀਆਂ ਨੇ ਜ਼ੋਰ-ਸ਼ੋਰ ਨਾਲ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ 2029 ਵਿੱਚ ਇਹ ਲਾਗੂ ਹੋਣਾ ਚਾਹੀਦਾ ਹੈ। 2029 ਦੀ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ, ਕਿਉਂਕਿ ਵਿਰੋਧੀ ਧਿਰ ਨੇ ਜੋ ਗੱਲ ਰੱਖੀ ਸੀ, ਸਾਡੇ ਲਈ ਉਹ ਗੱਲ ਵੀ ਗੰਭੀਰ ਹੁੰਦੀ ਹੈ ਅਤੇ ਇਸ ਲਈ ਅਸੀਂ ਲਗਾਤਾਰ ਵਿਚਾਰ-ਵਟਾਂਦਰਾ ਕਰਦੇ ਰਹੇ, ਮੰਥਨ ਕਰਦੇ ਰਹੇ, ਨਵੇਂ-ਨਵੇਂ ਰਾਹ ਲੱਭਦੇ ਰਹੇ, ਸੰਵਿਧਾਨ ਦਾ ਜਿਨ੍ਹਾਂ ਨੂੰ ਜ਼ਿਆਦਾ ਅਧਿਐਨ ਹੈ, ਅਜਿਹੇ ਲੋਕਾਂ ਦੀ ਵੀ ਸਲਾਹ ਲਈ। ਅਤੇ 16 ਅਪ੍ਰੈਲ ਤੋਂ ਸੰਸਦ ਵਿੱਚ ਇਸੇ 'ਤੇ ਵਿਆਪਕ ਚਰਚਾ ਵੀ ਹੋਣ ਜਾ ਰਹੀ ਹੈ।

 

ਸਾਥੀਓ,

 

ਸਾਡੀ ਕੋਸ਼ਿਸ਼ ਹੈ, ਅਤੇ ਸਾਡੀ ਪਹਿਲ ਵੀ ਹੈ, ਇਸ ਵਾਰ ਵੀ, ਇਹ ਕੰਮ ਗੱਲਬਾਤ, ਸਹਿਯੋਗ ਅਤੇ ਭਾਗੀਦਾਰੀ ਨਾਲ ਹੋਵੇ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਇਸ ਐਕਟ ਨੂੰ ਪਾਸ ਕੀਤਾ ਗਿਆ ਸੀ ਅਤੇ ਸੰਸਦ ਦਾ, ਸਦਨ ਦਾ ਮਾਣ ਵਧਿਆ ਸੀ, ਇਸ ਵਾਰ ਵੀ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸੰਸਦ ਦੀ ਸ਼ਾਨ ਹੋਰ ਨਵੀਆਂ ਉਚਾਈਆਂ ਨੂੰ ਛੂਹੇਗੀ। ਦੇਸ਼ ਦੀ ਹਰ ਨਾਰੀ ਨੂੰ ਵੀ ਚੰਗਾ ਲੱਗੇਗਾ ਕਿ ਹਰ ਪਾਰਟੀ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਉਨ੍ਹਾਂ ਦੇ ਹਿੱਤ ਵਿੱਚ ਇਹ ਮਹੱਤਵਪੂਰਨ ਫੈਸਲਾ ਲਿਆ ਹੈ, ਕੰਮ ਕੀਤਾ ਹੈ। ਉਂਜ ਮੈਂ ਦੇਖ ਰਿਹਾ ਹਾਂ, ਬੀਤੇ ਕੁਝ ਦਿਨਾਂ ਤੋਂ ਦੇਸ਼ ਭਰ ਵਿੱਚ ਔਰਤਾਂ ਖੁੱਲ੍ਹ ਕੇ ਇਸ ਵਿਸ਼ੇ 'ਤੇ ਗੱਲ ਕਰ ਰਹੀਆਂ ਹਨ। ਵਿਆਪਕ ਤੌਰ 'ਤੇ ਬਹਿਸ ਚੱਲ ਰਹੀ ਹੈ ਅਤੇ ਇਹ ਲੋਕਤੰਤਰ ਦੀ ਇੱਕ ਬਹੁਤ ਵੱਡੀ ਤਾਕਤ ਹੈ। ਵਿਧਾਨ ਸਭਾ ਅਤੇ ਲੋਕ ਸਭਾ ਪਹੁੰਚਣ ਦੇ ਉਨ੍ਹਾਂ ਦੇ ਸੁਪਨਿਆਂ ਨੂੰ, ਤੁਹਾਡੇ ਸਾਰਿਆਂ ਦੇ ਸੁਪਨਿਆਂ ਨੂੰ ਨਵੇਂ ਖੰਭ ਮਿਲਣ ਜਾ ਰਹੇ ਹਨ। ਮੈਂ ਅਨੁਭਵ ਕਰ ਰਿਹਾ ਹਾਂ, ਦੇਸ਼ ਵਿੱਚ ਇੱਕ ਸਕਾਰਾਤਮਕ ਮਾਹੌਲ ਬਣਿਆ ਹੈ।

 

ਸਾਥੀਓ,

 

ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸੰਵਿਧਾਨ ਸਭਾ ਦੇ ਫੈਸਲਿਆਂ ਤੱਕ, ਆਜ਼ਾਦ ਭਾਰਤ ਦੀ ਨੀਂਹ ਰੱਖਣ ਵਿੱਚ ਭਾਰਤ ਦੀ ਨਾਰੀ ਸ਼ਕਤੀ ਨੇ ਬਹੁਤ ਯੋਗਦਾਨ ਪਾਇਆ ਹੈ, ਇਤਿਹਾਸ ਗਵਾਹ ਹੈ। ਅਤੇ ਆਜ਼ਾਦੀ ਤੋਂ ਬਾਅਦ ਵੀ ਜਿਨ੍ਹਾਂ ਔਰਤਾਂ ਨੂੰ ਨੁਮਾਇੰਦਗੀ ਦਾ ਮੌਕਾ ਮਿਲਿਆ, ਉਨ੍ਹਾਂ ਨੇ ਦੇਸ਼ ਲਈ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ, ਔਰਤਾਂ ਜਿੱਥੇ ਵੀ ਰਹੀਆਂ ਹਨ, ਉਨ੍ਹਾਂ ਨੇ ਆਪਣੀ ਇੱਕ ਵੱਖਰੀ ਵਿਰਾਸਤ ਬਣਾਈ ਹੈ। ਇਸ ਸਮੇਂ ਵੀ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਜੀ ਤੋਂ ਲੈ ਕੇ ਵਿੱਤ ਮੰਤਰੀ ਤੱਕ, ਅਜਿਹੇ ਅਹਿਮ ਅਹੁਦੇ ਔਰਤਾਂ ਹੀ ਸੰਭਾਲ ਰਹੀਆਂ ਹਨ। ਉਨ੍ਹਾਂ ਨੇ ਦੇਸ਼ ਦੀ ਸ਼ਾਨ ਅਤੇ ਮਾਣ, ਦੋਵਾਂ ਨੂੰ ਵਧਾਇਆ ਹੈ।


 

ਸਾਥੀਓ,

 

ਸਾਡੇ ਦੇਸ਼ ਵਿੱਚ ਮਹਿਲਾ ਅਗਵਾਈ ਦੀ ਇੱਕ ਬਿਹਤਰੀਨ ਮਿਸਾਲ ਪੰਚਾਇਤੀ ਰਾਜ ਸੰਸਥਾਵਾਂ ਵੀ ਹਨ। ਅੱਜ ਭਾਰਤ ਵਿੱਚ 14 ਲੱਖ ਤੋਂ ਵੱਧ ਔਰਤਾਂ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਹੀਆਂ ਹਨ। ਤਕਰੀਬਨ 21 ਰਾਜਾਂ ਵਿੱਚ ਤਾਂ ਪੰਚਾਇਤਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਕਰੀਬ-ਕਰੀਬ 50 ਫੀਸਦੀ ਤੱਕ ਪਹੁੰਚ ਚੁੱਕੀ ਹੈ। ਅਤੇ ਮੈਂ ਜਦੋਂ ਵਿਦੇਸ਼ ਦੇ ਮਹਿਮਾਨਾਂ ਨਾਲ ਕਦੇ ਇਸ ਵਿਸ਼ੇ 'ਤੇ ਗੱਲ ਕਰਦਾ ਹਾਂ, ਇਹ ਅੰਕੜਾ ਸੁਣ ਕੇ ਉਨ੍ਹਾਂ ਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ, ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ।

 

ਸਾਥੀਓ,

 

ਇਹ ਕੋਈ ਸਧਾਰਨ ਗੱਲ ਨਹੀਂ ਹੈ। ਲੱਖਾਂ ਔਰਤਾਂ ਦੀ ਰਾਜਨੀਤੀ ਅਤੇ ਸਮਾਜਿਕ ਜੀਵਨ ਵਿੱਚ ਇਹ ਸਰਗਰਮੀ, ਦੁਨੀਆ ਦੇ ਵੱਡੇ-ਵੱਡੇ ਨੇਤਾਵਾਂ ਅਤੇ ਰਾਜਨੀਤਿਕ ਮਾਹਿਰਾਂ ਨੂੰ ਵੀ ਬਹੁਤ ਹੈਰਾਨ ਕਰਨ ਵਾਲੀ ਗੱਲ ਹੁੰਦੀ ਹੈ। ਅਤੇ ਇਸ ਨਾਲ ਪੂਰੇ ਭਾਰਤ ਦਾ ਬਹੁਤ ਮਾਣ ਵਧਦਾ ਹੈ।

 

ਸਾਥੀਓ,

 

ਕਈ ਅਧਿਐਨਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ, ਤਾਂ ਇਸ ਨਾਲ ਪ੍ਰਬੰਧਾਂ ਵਿੱਚ ਵੀ ਸੰਵੇਦਨਸ਼ੀਲਤਾ ਆਈ ਹੈ। ਅਤੇ ਇਹ ਬਹੁਤ ਵੱਡੀ ਤਾਕਤ ਹੁੰਦੀ ਹੈ, ਅਤੇ ਇਸ ਦਾ ਨਤੀਜਾ ਹੈ ਪਾਣੀ, ਸਿੱਖਿਆ, ਸਿਹਤ, ਪੋਸ਼ਣ, ਅਜਿਹੇ ਕਈ ਵਿਸ਼ਿਆਂ 'ਤੇ ਜ਼ਿਆਦਾ ਸਮਰਪਣ ਭਾਵ ਨਾਲ, ਜ਼ਿਆਦਾ ਸੰਵੇਦਨਸ਼ੀਲਤਾ ਨਾਲ, ਨਤੀਜਾਮੁਖੀ ਕੰਮ ਹੋਏ ਹਨ। 'ਜਲ ਜੀਵਨ ਮਿਸ਼ਨ', ਮੈਂ ਸਮਝਦਾ ਹਾਂ, ਉਸਦੀ ਸਭ ਤੋਂ ਵੱਡੀ ਸਫ਼ਲਤਾ ਦੀ ਮਿਸਾਲ ਹੈ, ਇਸ ਵਿੱਚ ਪੰਚਾਇਤ ਪੱਧਰ 'ਤੇ ਔਰਤਾਂ ਦੀ ਭਾਗੀਦਾਰੀ ਦੀ ਹੀ ਬਹੁਤ ਵੱਡੀ ਭੂਮਿਕਾ ਹੈ।

 

ਸਾਥੀਓ,

 

ਸਾਡੀਆਂ ਸਥਾਨਕ ਸੰਸਥਾਵਾਂ ਅਤੇ ਅਦਾਰਿਆਂ ਵਿੱਚ ਇੰਨੇ ਸਾਲਾਂ ਤੋਂ ਜੋ ਲੱਖਾਂ ਔਰਤਾਂ ਕੰਮ ਕਰ ਰਹੀਆਂ ਹਨ, ਅਗਵਾਈ ਕਰ ਰਹੀਆਂ ਹਨ, ਉਨ੍ਹਾਂ ਕੋਲ ਜ਼ਮੀਨੀ ਪੱਧਰ ਦਾ ਬਹੁਤ ਅਮੀਰ ਅਤੇ ਲੰਮਾ ਤਜਰਬਾ ਹੈ। ਉਹ ਹੁਣ ਹੋਰ ਵੱਡੀਆਂ ਭੂਮਿਕਾਵਾਂ ਲਈ ਤਿਆਰ ਹਨ ਅਤੇ ਉਤਸੁਕ ਵੀ ਹਨ। ਮੈਂ ਇੱਕ ਆਪਣਾ ਨਿੱਜੀ ਤਜਰਬਾ ਦੱਸਦਾ ਹਾਂ। ਇਹ ਸਮਰੱਥਾ ਕੀ ਹੁੰਦੀ ਹੈ, ਮੈਂ 2001 ਵਿੱਚ ਨਵਾਂ-ਨਵਾਂ ਮੁੱਖ ਮੰਤਰੀ ਬਣਿਆ, ਮੈਨੂੰ ਕੋਈ ਜ਼ਿਆਦਾ ਤਜਰਬਾ ਨਹੀਂ ਸੀ, ਸਰਕਾਰ ਚਲਾਉਣ ਦਾ, ਸ਼ਾਸਨ ਪ੍ਰਣਾਲੀ ਦਾ, ਇੱਕ ਤਰ੍ਹਾਂ ਨਾਲ ਮੈਂ ਨਵਾਂ ਵਿਅਕਤੀ ਸੀ। ਸ਼ਾਇਦ 2002 ਜਾਂ 2003 ਦੀ ਘਟਨਾ ਹੋਵੇਗੀ, ਸਾਡਾ ਇੱਕ ਵਿਧਾਇਕ ਮੇਰੇ ਕੋਲ ਆਇਆ, ਬੋਲਿਆ ਮੇਰੇ ਖੇਤਰ ਵਿੱਚ ਇੱਕ ਪਿੰਡ ਦੀ ਪੰਚਾਇਤ ਦੀਆਂ ਭੈਣਾਂ ਤੁਹਾਨੂੰ ਮਿਲਣਾ ਚਾਹੁੰਦੀਆਂ ਹਨ। ਇਹ ਖੇੜਾ ਜ਼ਿਲ੍ਹਾ, ਆਨੰਦ ਜ਼ਿਲ੍ਹੇ ਦਾ ਇਲਾਕਾ ਸੀ, ਜਿੱਥੇ ਸਰਦਾਰ ਸਾਹਿਬ ਦਾ ਜਨਮ ਹੋਇਆ ਸੀ, ਤਾਂ ਮੈਂ ਕਿਹਾ ਭਾਈ ਉਨ੍ਹਾਂ ਨੂੰ ਪੰਚਾਇਤ ਦਾ ਕੋਈ ਕੰਮ ਹੋਵੇਗਾ ਤਾਂ ਪੰਚਾਇਤ ਮੰਤਰੀ ਨੂੰ ਮਿਲਾ ਦਿਓ ਉਨ੍ਹਾਂ ਨੂੰ, ਨਹੀਂ ਬੋਲੇ ਸਾਹਿਬ ਉਹ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਨ। ਮੈਂ ਕਿਹਾ ਕਿਉਂ? ਤਾਂ ਬੋਲੇ ਪੰਚਾਇਤ ਵਿੱਚ ਸਾਰੇ ਦੇ ਸਾਰੇ ਮੈਂਬਰ ਔਰਤਾਂ ਹਨ, ਇੱਕ ਵੀ ਮਰਦ ਮੈਂਬਰ ਹੀ ਨਹੀਂ ਹੈ ਸਾਡੀ ਪੰਚਾਇਤ ਵਿੱਚ। ਮੈਂ ਕਿਹਾ ਇੰਝ ਕਿਵੇਂ? ਬੋਲੇ ਪਿੰਡ ਵਾਲਿਆਂ ਨੇ ਤੈਅ ਕੀਤਾ ਕਿ ਇਸ ਵਾਰ ਪ੍ਰਧਾਨ ਔਰਤ ਹੈ ਤਾਂ ਮੈਂਬਰ ਵੀ ਸਾਰੀਆਂ ਔਰਤਾਂ, ਤਾਂ ਕੋਈ ਮਰਦ ਚੋਣ ਹੀ ਨਹੀਂ ਲੜਿਆ ਸੀ। ਤਾਂ ਮੇਰਾ ਧਿਆਨ ਸੁਭਾਵਿਕ ਤੌਰ 'ਤੇ ਗਿਆ, ਮੈਂ ਕਿਹਾ ਭਾਈ ਜ਼ਰੂਰ ਮੈਂ ਮਿਲਾਂਗਾ। ਛੋਟਾ ਜਿਹਾ ਪਿੰਡ ਸੀ, ਕੋਈ ਸ਼ਾਇਦ 13 ਮੈਂਬਰਾਂ ਦੀ ਪੰਚਾਇਤ ਸੀ, ਤਾਂ ਮੈਂ ਉਨ੍ਹਾਂ ਨੂੰ ਸਮਾਂ ਦਿੱਤਾ, ਉਹ ਸਭ ਮਿਲਣ ਲਈ ਆਈਆਂ। 13 ਭੈਣਾਂ ਸਨ, ਉਸ ਵਿੱਚ ਜੋ ਪਿੰਡ ਦੀ ਪ੍ਰਧਾਨ ਬਣੀ ਸੀ ਉਹ ਸ਼ਾਇਦ 8ਵੀਂ ਜਮਾਤ ਤੱਕ ਪੜ੍ਹੀ ਸੀ। ਬਾਕੀ ਜੋ ਭੈਣਾਂ ਸਨ, ਇੱਕ-ਦੋ ਭੈਣਾਂ ਨੇ ਤਾਂ ਘੁੰਡ ਵੀ ਕੱਢਿਆ ਹੋਇਆ ਸੀ। ਉਹ ਜ਼ਿਆਦਾ ਸ਼ਾਇਦ ਕੁਝ ਨੇ ਤਾਂ ਸਕੂਲ ਵੀ ਨਹੀਂ ਦੇਖਿਆ ਹੋਵੇਗਾ, ਤਾਂ ਸਭ ਆਏ, ਮੈਨੂੰ ਲੱਗਦਾ ਹੈ ਇਹ ਸਭ ਵੱਡੇ-ਵੱਡੇ ਲੋਕਾਂ ਨੇ, ਉਨ੍ਹਾਂ ਨੂੰ ਕੋਈ ਮੈਂਬਰਾਂ ਨੇ ਫੜਾ ਦਿੱਤਾ ਹੋਵੇਗਾ, ਕੁਝ ਮੰਗ ਲੈ ਕੇ ਆਏ ਹੋਣਗੇ, ਕਿ ਮੇਰੇ ਪਿੰਡ ਵਿੱਚ ਇਹ ਕਰੋ, ਮੇਰੇ ਪਿੰਡ ਵਿੱਚ ਉਹ ਕਰੋ। ਮੈਂ ਹੈਰਾਨ ਸੀ, ਉਨ੍ਹਾਂ ਦੇ ਹੱਥ ਵਿੱਚ ਕੋਈ ਕਾਗਜ਼ ਨਹੀਂ ਸੀ, ਤਾਂ ਬੈਠੇ, ਮੈਂ ਜਾਣ-ਪਛਾਣ ਕੀਤੀ। ਮੈਂ ਕਿਹਾ ਤੁਸੀਂ ਸਮਾਂ ਮੰਗਿਆ ਸੀ, ਕੀ ਕੰਮ ਸੀ? ਨਹੀਂ ਬੋਲੇ ਕੋਈ ਕੰਮ ਨਹੀਂ ਹੈ, ਉਹ ਇਵੇਂ ਹੀ ਬੋਲੇ ਅਸੀਂ ਚੁਣ ਕੇ ਆਏ ਹਾਂ ਤਾਂ ਮਿਲਣ ਆਏ ਸੀ। ਹੁਣ ਇਹ ਮੇਰੇ ਲਈ ਵੱਡੀ ਹੈਰਾਨੀ ਸੀ, ਨਹੀਂ ਤਾਂ ਨੇਤਾ ਲੋਕ ਆਉਂਦੇ ਹਨ, ਤਾਂ ਸਿਰਫ਼ ਮੰਗ-ਪੱਤਰ ਲੈ ਕੇ ਆਉਂਦੇ ਹਨ। ਫਿਰ ਮੈਂ ਉਨ੍ਹਾਂ ਨੂੰ ਪੁੱਛਿਆ, ਅੱਛਾ ਦੱਸੋ, ਮੈਂ ਕਿਹਾ ਕਿ ਤੁਹਾਨੂੰ ਜੇ 5 ਸਾਲ ਇੰਨਾ ਵੱਡਾ ਕੰਮ ਮਿਲ ਗਿਆ, ਤੁਸੀਂ ਸਭ ਭੈਣਾਂ ਪਿੰਡ ਨੂੰ ਸੰਭਾਲਣ ਵਾਲੀਆਂ ਹੋ, ਤੁਹਾਡਾ ਸੁਪਨਾ ਕੀ ਹੈ, 5 ਸਾਲ ਵਿੱਚ ਕੀ ਕਰੋਗੇ ਤੁਸੀਂ ਲੋਕ? ਪਿੰਡ ਵਿੱਚ ਕਿਵੇਂ ਕਰੋਗੇ? ਆਮ ਹੁੰਦਾ ਤਾਂ ਕੀ ਜਵਾਬ ਦਿੰਦਾ, ਇਹ ਜੋ ਅਸੀਂ ਵੱਡੇ-ਵੱਡੇ ਦਿਖਦੇ ਹਾਂ ਨਾ, ਉਹ ਕੀ ਜਵਾਬ ਦਿੰਦੇ, ਸਕੂਲ ਬਣਾ ਲਵਾਂਗੇ, ਹਸਪਤਾਲ ਬਣਾ ਦਿਆਂਗੇ, ਸੜਕ ਬਣਾ ਦਿਆਂਗੇ, ਇਹੀ ਜਵਾਬ ਦਿੰਦੇ। ਉਸ ਦਿਨ 8ਵੀਂ ਜਮਾਤ ਪੜ੍ਹੀ ਹੋਈ ਉਸ ਪ੍ਰਧਾਨ ਨੇ ਅਤੇ ਉਸਦੇ ਨਾਲ ਆਈਆਂ ਮਹਿਲਾ ਮੈਂਬਰਾਂ ਨੇ ਮੈਨੂੰ ਜੋ ਜਵਾਬ ਦਿੱਤਾ, ਉਹ ਸ਼ਾਇਦ ਦੁਨੀਆ ਦਾ ਵੱਡੇ ਤੋਂ ਵੱਡਾ ਅਰਥ ਸ਼ਾਸਤਰੀ ਨਹੀਂ ਦੇ ਸਕਦਾ ਹੈ। ਅਤੇ ਉਹ ਗੱਲ ਅੱਜ ਵੀ ਮੇਰੇ ਲਈ ਇੱਕ ਸਬਕ ਵਾਂਗ ਹੈ। ਮੈਂ ਮੁੱਖ ਮੰਤਰੀ ਬਣਿਆ, ਪ੍ਰਧਾਨ ਮੰਤਰੀ ਬਣਿਆ, ਪਰ ਉਸ ਪੰਚਾਇਤ ਦੀਆਂ ਔਰਤਾਂ ਦੀ ਉਹ ਗੱਲ ਮੇਰੇ ਲਈ ਅੱਜ ਵੀ ਰਾਹ-ਦਸੇਰਾ ਹੈ। ਤੁਹਾਨੂੰ ਹੈਰਾਨੀ ਹੋਵੇਗੀ, ਅਜਿਹਾ ਕੀ ਜਵਾਬ ਦਿੱਤਾ ਹੋਵੇਗਾ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ, ਕੀ ਕਰੋਗੇ ਤੁਸੀਂ, 5 ਸਾਲ ਤੁਹਾਨੂੰ ਮਿਲੇ ਹਨ, ਪਿੰਡ ਨੇ ਤੁਹਾਨੂੰ ਚੁਣਨਾ ਹੀ ਸੀ ਤਾਂ, ਉਦੋਂ ਉਨ੍ਹਾਂ ਨੇ ਮੈਨੂੰ ਜਵਾਬ ਦਿੱਤਾ, ਕਿ ਸਾਹਿਬ ਇੱਕੋ ਇੱਛਾ ਹੈ, ਮੈਂ ਕਿਹਾ ਕੀ? ਅਤੇ ਉਹ ਜਵਾਬ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦਾ ਰਹਿੰਦਾ ਹੈ ਜੀ। ਉਨ੍ਹਾਂ ਨੇ ਕਿਹਾ ਸਾਡੀ ਇੱਛਾ ਹੈ, ਕਿ ਸਾਡੇ ਪਿੰਡ ਵਿੱਚ ਕੋਈ ਗਰੀਬ ਨਾ ਰਹੇ। ਵੱਡੇ ਤੋਂ ਵੱਡੇ ਅਰਥ ਸ਼ਾਸਤਰੀਆਂ ਲਈ ਵੀ ਇਸ ਤੋਂ ਵੱਡਾ ਕੋਈ ਸੁਨੇਹਾ ਨਹੀਂ ਹੋ ਸਕਦਾ ਹੈ। ਇਹ ਆਪਣੇ ਆਪ ਵਿੱਚ ਮੇਰੇ ਲਈ ਇੱਕ ਸੁਖਦ ਅਨੁਭਵ ਸੀ ਅਤੇ ਉਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ। ਅਤੇ ਇਸ ਲਈ ਜ਼ਮੀਨ ਨਾਲ ਜੁੜੇ ਤਜਰਬੇ ਤੋਂ ਜਿਹੜੀ ਆਵਾਜ਼ ਨਿਕਲਦੀ ਹੈ ਨਾ, ਉਹ ਵੇਦ-ਵਾਕ ਬਣ ਜਾਂਦੀ ਹੈ।


 

ਅਤੇ ਇਸ ਲਈ ਸਾਥੀਓ,

 

ਨਾਰੀ ਸ਼ਕਤੀ ਵੰਦਨ ਐਕਟ ਨੂੰ ਲਾਗੂ ਕਰਨਾ, ਅਜਿਹੀਆਂ ਸਾਰੀਆਂ ਔਰਤਾਂ ਦੇ ਜੀਵਨ ਦਾ ਬਹੁਤ ਵੱਡਾ ਮੌਕਾ ਬਣਨ ਜਾ ਰਿਹਾ ਹੈ। ਹੁਣ ਪੰਚਾਇਤ ਤੋਂ ਅੱਗੇ ਵਧ ਕੇ ਪਾਰਲੀਮੈਂਟ ਪਹੁੰਚਣ ਦਾ ਉਨ੍ਹਾਂ ਦਾ ਸਫ਼ਰ ਹੋਰ ਆਸਾਨ ਹੋਣ ਜਾ ਰਿਹਾ ਹੈ।

 

ਸਾਥੀਓ,

 

ਅੱਜ ਵਿਕਸਿਤ ਭਾਰਤ ਦੀ ਸਾਡੀ ਯਾਤਰਾ ਵਿੱਚ ਔਰਤਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ। ਮੈਨੂੰ ਤਸੱਲੀ ਹੈ ਕਿ 2014 ਵਿੱਚ, ਤੁਸੀਂ ਸਾਰਿਆਂ ਨੇ, ਦੇਸ਼ ਵਾਸੀਆਂ ਨੇ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ, ਸਾਡੀ ਸਰਕਾਰ ਨੇ ਔਰਤਾਂ ਦੇ ਜੀਵਨ-ਚੱਕਰ ਦੇ ਹਰ ਪੜਾਅ ਲਈ ਯੋਜਨਾਵਾਂ ਬਣਾਈਆਂ, ਉਨ੍ਹਾਂ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ। ਅੱਜ ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ, ਸਾਡੀ ਸਰਕਾਰ ਕੋਈ ਨਾ ਕੋਈ ਯੋਜਨਾ ਲੈ ਕੇ ਭਾਰਤ ਦੀਆਂ ਭੈਣਾਂ-ਧੀਆਂ ਦੀ ਸੇਵਾ ਵਿੱਚ ਹਾਜ਼ਰ ਹੈ। ਗਰਭ ਵਿੱਚ ਧੀ ਦੀ ਹੱਤਿਆ ਨਾ ਹੋਵੇ, ਇਸ ਲਈ ਅਸੀਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਸ਼ੁਰੂ ਕੀਤੀ। ਗਰਭ ਦੀ ਅਵਸਥਾ ਵਿੱਚ ਮਾਂ ਨੂੰ ਸਹੀ ਪੋਸ਼ਣ ਮਿਲੇ, ਇਸ ਲਈ ਹਰ ਗਰਭਵਤੀ ਮਾਂ ਨੂੰ ‘ਮਾਤ੍ਰ ਵੰਦਨਾ ਯੋਜਨਾ’ ਤਹਿਤ 5 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ। ਜਨਮ ਤੋਂ ਬਾਅਦ ਧੀ ਨੂੰ ਪੜ੍ਹਾਈ ਵਿੱਚ ਮੁਸ਼ਕਿਲ ਨਾ ਹੋਵੇ, ਇਸ ਲਈ ਵੱਧ ਤੋਂ ਵੱਧ ਵਿਆਜ ਮਿਲੇ, ਅਜਿਹੀ ‘ਸੁਕੰਨਿਆ ਸਮ੍ਰਿਧੀ ਯੋਜਨਾ’ ਸ਼ੁਰੂ ਕੀਤੀ। ਧੀ ਨੂੰ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਬਚਪਨ ਵਿੱਚ ਉਸ ਨੂੰ ਸਹੀ ਸਮੇਂ 'ਤੇ ਟੀਕੇ ਲੱਗਦੇ ਰਹਿਣ, ਇਸ ਲਈ ‘ਮਿਸ਼ਨ ਇੰਦਰਧਨੁਸ਼’ ਸ਼ੁਰੂ ਕੀਤਾ। ਧੀ ਨੂੰ ਸਕੂਲ ਵਿੱਚ ਪਖਾਨੇ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ‘ਸਵੱਛ ਭਾਰਤ ਅਭਿਆਨ’ ਤਹਿਤ ਦੇਸ਼ ਵਿੱਚ ਕਰੋੜਾਂ ਪਖਾਨੇ ਬਣਵਾਏ ਗਏ। ਧੀ ਨੂੰ ਮਾਹਵਾਰੀ ਦੌਰਾਨ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਤਕਰੀਬਨ ਮੁਫ਼ਤ ਵਿੱਚ ਸੈਨੇਟਰੀ ਨੈਪਕਿਨ ਦੇਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਧੀ ਜੇ ਖੇਡਾਂ ਵਿੱਚ ਅੱਗੇ ਜਾਣਾ ਚਾਹੁੰਦੀ ਹੈ, ਤਾਂ ਉਸ ਨੂੰ ‘ਖੇਲੋ ਇੰਡੀਆ ਅਭਿਆਨ’ ਤਹਿਤ ਸਾਲਾਨਾ ਇੱਕ ਲੱਖ ਰੁਪਏ ਤੱਕ ਦੀ ਮਦਦ ਮਿਲ ਰਹੀ ਹੈ। ਧੀ ਜੇ ਵੱਡੀ ਹੋ ਕੇ ਭਵਿੱਖ ਵਿੱਚ ਸੈਨਾ ਵਿੱਚ ਜਾਣਾ ਚਾਹੇ ਤਾਂ ਉਸ ਲਈ ਸਰਕਾਰ ਨੇ ਸੈਨਿਕ ਸਕੂਲ ਵਿੱਚ ਦਾਖਲੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ, ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜਾਣ ਦੇ ਰਾਹ ਖੋਲ੍ਹੇ। ਜੀਵਨ ਦੇ ਅਗਲੇ ਪੜਾਵਾਂ ਵਿੱਚ, ਧੀ ਨੂੰ ਰਸੋਈ ਵਿੱਚ ਧੂੰਏਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ, ਇਸ ਲਈ ਅਸੀਂ ‘ਉੱਜਵਲਾ ਯੋਜਨਾ’ ਸ਼ੁਰੂ ਕੀਤੀ, ਕਰੋੜਾਂ ਗੈਸ ਕੁਨੈਕਸ਼ਨ ਮੁਫ਼ਤ ਦਿੱਤੇ। ਧੀ ਨੂੰ ਮੀਲਾਂ ਤੱਕ ਸਿਰ 'ਤੇ ਪਾਣੀ ਨਾ ਢੋਣਾ ਪਵੇ, ਇਸ ਲਈ ਅਸੀਂ ‘ਹਰ ਘਰ ਨਲ ਸੇ ਜਲ’ ਮੁਹਿੰਮ ਸ਼ੁਰੂ ਕੀਤੀ। ਧੀ ਨੂੰ ਆਪਣੇ ਪਰਿਵਾਰ ਲਈ ਰਾਸ਼ਨ ਦੀ ਚਿੰਤਾ ਨਾ ਕਰਨੀ ਪਵੇ, ਇਸ ਲਈ ਮੁਫ਼ਤ ਰਾਸ਼ਨ ਦੀ ਯੋਜਨਾ ਸ਼ੁਰੂ ਕੀਤੀ ਗਈ। ਆਪਣੇ ਪਰਿਵਾਰਕ ਜੀਵਨ ਵਿੱਚ ਧੀਆਂ ਨੂੰ ਇਲਾਜ ਦੀ ਚਿੰਤਾ ਨਾ ਹੋਵੇ, ਇਸ ਲਈ ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ ਦਾ ਸਹਾਰਾ ਬਣਾ ਦਿੱਤਾ। 80 ਫੀਸਦੀ ਤੱਕ ਛੋਟ 'ਤੇ ਸਸਤੀ ਦਵਾਈ ਲਈ ਜਨ ਔਸ਼ਧੀ ਕੇਂਦਰ ਹੋਣ, ਇਨ੍ਹਾਂ ਸਾਰਿਆਂ ਦਾ ਸਭ ਤੋਂ ਵੱਧ ਲਾਭ ਸਾਡੀਆਂ ਭੈਣਾਂ ਅਤੇ ਧੀਆਂ ਨੂੰ ਹੋ ਰਿਹਾ ਹੈ।

 

ਸਾਥੀਓ,

 

ਤੁਸੀਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਭਾਰਤ ਵਿੱਚ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਨ੍ਹਾਂ ਦੀ ਆਰਥਿਕ ਭਾਗੀਦਾਰੀ ਨੂੰ ਵਧਾਉਣਾ ਜ਼ਰੂਰੀ ਹੈ। ਇਸ ਲਈ ਅਸੀਂ ਆਪਣੀ ਸਰਕਾਰ ਦੇ ਹਰ ਫੈਸਲੇ ਵਿੱਚ, ਹਰ ਯੋਜਨਾ ਵਿੱਚ ਇਸ ਪਹਿਲੂ ਦਾ ਧਿਆਨ ਰੱਖਿਆ ਹੈ। ਪਹਿਲਾਂ ਪਰਿਵਾਰ ਦੀ ਜਾਇਦਾਦ ਮੁੱਖ ਤੌਰ 'ਤੇ ਮਰਦਾਂ ਦੇ ਨਾਂ 'ਤੇ ਹੁੰਦੀ ਸੀ। ਘਰ ਹੈ ਤਾਂ ਮਰਦ ਦੇ ਨਾਂ 'ਤੇ, ਖੇਤ ਹੈ ਤਾਂ ਮਰਦ ਦੇ ਨਾਂ 'ਤੇ, ਦੁਕਾਨ ਹੈ ਤਾਂ ਮਰਦ ਦੇ ਨਾਂ 'ਤੇ, ਗੱਡੀ ਹੈ ਤਾਂ ਮਰਦ ਦੇ ਨਾਂ 'ਤੇ, ਸਕੂਟਰ ਹੈ ਤਾਂ ਉਹ ਵੀ ਮਰਦ ਦੇ ਨਾਂ 'ਤੇ, ਅਤੇ ਇਹ ਸੁਭਾਵਿਕ ਚੱਲਦਾ ਸੀ। ਅਸੀਂ ‘ਪੀਐੱਮ ਆਵਾਸ ਯੋਜਨਾ’ ਵਿੱਚ ਘਰਾਂ ਨੂੰ ਪਹਿਲ ਦੇ ਆਧਾਰ 'ਤੇ ਪਰਿਵਾਰ ਦੀਆਂ ਔਰਤਾਂ ਦੇ ਨਾਂ 'ਤੇ ਰਜਿਸਟਰ ਕਰਾਉਣਾ ਸ਼ੁਰੂ ਕੀਤਾ। ਬੱਚੇ ਸਕੂਲ ਜਾਂਦੇ ਹਨ ਤਾਂ ਸੁਭਾਵਿਕ ਤੌਰ 'ਤੇ ਪਿਤਾ ਦਾ ਨਾਮ ਲਿਖਿਆ ਜਾਂਦਾ ਹੈ, ਅਸੀਂ ਆ ਕੇ ਸ਼ੁਰੂ ਕੀਤਾ, ਮਾਂ ਦਾ ਨਾਮ ਵੀ ਲਿਖਿਆ ਜਾਵੇਗਾ। ਬੀਤੇ 11 ਸਾਲਾਂ ਵਿੱਚ ਇਸ ਫੈਸਲੇ ਦਾ ਲਾਭ 3 ਕਰੋੜ ਤੋਂ ਵੱਧ ਔਰਤਾਂ ਨੂੰ ਮਿਲਿਆ ਹੈ, ਉਹ ਆਪਣੇ ਘਰ ਦੀ ਮਾਲਕਣ ਬਣੀਆਂ ਹਨ। ਇਸ ਨਾਲ ਅੱਜ ਘਰਾਂ ਵਿੱਚ ਔਰਤਾਂ ਆਰਥਿਕ ਤੌਰ 'ਤੇ ਵੀ ਸ਼ਕਤੀਸ਼ਾਲੀ ਬਣ ਰਹੀਆਂ ਹਨ। ਆਮ ਤੌਰ 'ਤੇ ਪਿਤਾ ਅਤੇ ਪੁੱਤਰ ਕੁਝ ਵਪਾਰ ਦੀ ਗੱਲ ਕਰਦੇ ਹਨ ਨਾ, ਅਤੇ ਜੇ ਮਾਂ ਚਾਹ ਲੈ ਕੇ ਆਵੇ ਅਤੇ ਥੋੜ੍ਹੀ ਦੇਰ ਖੜ੍ਹੀ ਰਹੇ, ਅਰੇ ਤੁਸੀਂ ਜਾਓ, ਰਸੋਈ ਵਿੱਚ ਜਾਓ, ਅਸੀਂ ਗੱਲ ਕਰ ਰਹੇ ਹਾਂ। ਮੈਂ ਗ੍ਰਹਿਸਥੀ ਨਹੀਂ ਹਾਂ, ਪਰ ਪਤਾ ਬਹੁਤ ਹੈ। ਪਰ ਹੁਣ ਜਦੋਂ ਉਹ ਆਰਥਿਕ ਤਾਕਤ ਬਣੀ ਹੈ ਨਾ, ਤਾਂ ਪੁੱਤਰ ਵੀ ਕਹਿੰਦਾ ਹੈ, ਅਰੇ ਜ਼ਰਾ ਮੰਮੀ ਨੂੰ ਬੁਲਾਓ ਨਾ ਗੱਲਬਾਤ ਵਿੱਚ, ਉਨ੍ਹਾਂ ਨੂੰ ਬੁਲਾਓ ਨਾ।

 

ਸਾਥੀਓ,

 

2014 ਵਿੱਚ ਸਾਡੇ ਦੇਸ਼ ਵਿੱਚ ਕਰੋੜਾਂ ਔਰਤਾਂ ਅਜਿਹੀਆਂ ਸਨ ਜਿਨ੍ਹਾਂ ਨੇ ਕਦੇ ਬੈਂਕ ਦਾ ਦਰਵਾਜ਼ਾ ਵੀ ਨਹੀਂ ਦੇਖਿਆ ਸੀ। ਔਰਤਾਂ ਬੈਂਕਿੰਗ ਖੇਤਰ ਨਾਲ ਜੁੜੀਆਂ ਹੀ ਨਹੀਂ ਸਨ, ਤਾਂ ਉਨ੍ਹਾਂ ਨੂੰ ਬੈਂਕਿੰਗ ਦਾ ਲਾਭ ਕਿਵੇਂ ਮਿਲਦਾ? ਅਸੀਂ 'ਜਨ ਧਨ ਯੋਜਨਾ' ਸ਼ੁਰੂ ਕੀਤੀ ਤਾਂ ਦੇਸ਼ ਦੀਆਂ 32 ਕਰੋੜ ਤੋਂ ਵੱਧ ਔਰਤਾਂ ਦੇ ਬੈਂਕ ਖਾਤੇ ਖੁੱਲ੍ਹੇ। ਮੈਂ ਜਦੋਂ ਗੁਜਰਾਤ ਵਿੱਚ ਸੀ ਤਾਂ ਇੱਕ ਫੈਸਲਾ, ਮੈਨੂੰ ਸ਼ੁਰੂਆਤ ਵਿੱਚ ਬਹੁਤ ਮੁਸ਼ਕਿਲ ਹੋਈ ਸੀ। ਗੁਜਰਾਤ ਵਿੱਚ ਸਹਿਕਾਰੀ ਡੇਅਰੀ ਦਾ ਵੱਡਾ ਸਾਮਰਾਜ ਹੈ, ਬਹੁਤ ਵੱਡਾ ਕੰਮ ਹੁੰਦਾ ਹੈ, ਅਤੇ ਪਸ਼ੂ-ਪਾਲਣ ਦਾ ਜ਼ਿਆਦਾਤਰ ਕੰਮ ਸਾਡੀਆਂ ਮਾਵਾਂ-ਭੈਣਾਂ ਕਰਦੀਆਂ ਹਨ, ਉਹ ਦੁੱਧ ਪਾਉਣ ਲਈ ਜਾਂਦੀਆਂ ਹਨ ਅਤੇ ਫਿਰ ਉਹ ਪੈਸੇ ਹਫ਼ਤੇ ਤੋਂ ਬਾਅਦ ਦਿੰਦੇ ਹਨ, ਤਾਂ ਮਰਦਾਂ ਨੂੰ ਪੈਸੇ ਦਿੰਦੇ ਸਨ। ਮੈਂ ਜਦੋਂ ਮੁੱਖ ਮੰਤਰੀ ਬਣਿਆ, ਮੈਂ ਕਿਹਾ ਕਿ ਮੈਂ ਨਹੀਂ ਦਿਆਂਗਾ ਮਰਦਾਂ ਨੂੰ, ਉਸ ਸਮੇਂ ਮੈਂ ਬੈਂਕਾਂ ਵਿੱਚ ਜੋ ਦੁੱਧ ਪਾਉਣ ਆਉਣ ਵਾਲੀਆਂ ਭੈਣਾਂ ਸਨ, ਉਨ੍ਹਾਂ ਦੇ ਬੈਂਕ ਖਾਤੇ ਖੁਲ੍ਹਵਾਏ, ਅਤੇ ਉਸ ਸਮੇਂ ਡੇਅਰੀ ਵਿੱਚ ਦੁੱਧ ਦਾ ਪੈਸਾ ਸਿੱਧਾ ਔਰਤਾਂ ਦੇ ਬੈਂਕ ਖਾਤੇ ਵਿੱਚ ਜਾਣ ਲੱਗਾ।


 

ਸਾਥੀਓ,

 

ਅੱਜ ਸਾਡੀਆਂ ਧੀਆਂ ਨਵੇਂ-ਨਵੇਂ ਕਾਰੋਬਾਰਾਂ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ। 'ਮੁਦਰਾ ਯੋਜਨਾ' ਵਿੱਚ 60 ਫੀਸਦੀ ਤੋਂ ਵੱਧ ਕਰਜ਼ੇ, 60 ਫੀਸਦੀ ਤੋਂ ਵੱਧ ਕਰਜ਼ੇ ਔਰਤਾਂ ਨੇ ਲਏ ਹਨ। ਦੇਸ਼ ਦੀ ਸਟਾਰਟਅੱਪ ਕ੍ਰਾਂਤੀ ਦੀ ਅਗਵਾਈ ਵੀ ਔਰਤਾਂ ਕਰ ਰਹੀਆਂ ਹਨ। ਅੱਜ 45 ਫੀਸਦੀ ਤੋਂ ਵੱਧ ਰਜਿਸਟਰਡ ਸਟਾਰਟਅੱਪਾਂ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਹੈ। ਔਰਤਾਂ ਦੇ ਕਰੀਅਰ 'ਤੇ ਪ੍ਰਭਾਵ ਨਾ ਪਵੇ, ਇਸ ਲਈ ਅਸੀਂ ਜਣੇਪਾ ਛੁੱਟੀ ਵੀ ਵਧਾ ਕੇ 26 ਹਫ਼ਤੇ ਕਰ ਦਿੱਤੀ ਹੈ। ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਵੀ ਇਹ ਨਹੀਂ ਹੈ। ਜਦੋਂ ਮੈਂ ਉਨ੍ਹਾਂ ਨੂੰ ਦੱਸਦਾ ਹਾਂ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।

 

ਸਾਥੀਓ,

 

ਤੁਹਾਨੂੰ ਯਾਦ ਹੋਵੇਗਾ, ਕੁਝ ਸਾਲ ਪਹਿਲਾਂ ਦੇਸ਼ ਨੇ ‘ਸਕਿੱਲ ਇੰਡੀਆ ਮਿਸ਼ਨ’ ਲਾਂਚ ਕੀਤਾ ਸੀ। ਅਸੀਂ ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਸਨ। ਅੱਜ ਉਸ ਦਾ ਨਤੀਜਾ ਅਸੀਂ ਹਜ਼ਾਰਾਂ ਡਰੋਨ ਦੀਦੀਆਂ ਰਾਹੀਂ ਹੋ ਰਹੀ ਖੇਤੀ ਕ੍ਰਾਂਤੀ ਦੇ ਰੂਪ ਵਿੱਚ ਦੇਖ ਰਹੇ ਹਾਂ। ਮੈਂ ਇੱਕ ਵਾਰ ਇਹ ਜੋ ਡਰੋਨ ਦੀਦੀਆਂ ਹਨ, ਉਨ੍ਹਾਂ ਨਾਲ ਵੀਡੀਓ ਕਾਨਫਰੰਸ 'ਤੇ ਗੱਲ ਕਰ ਰਿਹਾ ਸੀ। ਪਿੰਡ ਦੀਆਂ ਧੀਆਂ ਹਨ, ਕੋਈ ਨੂੰਹ ਹੈ, ਉਹ ਡਰੋਨ ਚਲਾਉਣ ਨਾਲ, ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਹੁਣ ਤੱਕ ਤਾਂ ਸਾਨੂੰ ਪਿੰਡ ਵਿੱਚ ਕੋਈ ਬੋਲਦਾ ਸੀ, ਹੁਣ ਤਾਂ ਬੋਲੇ 'ਪਾਇਲਟ' ਕਹਿ ਕੇ ਬੁਲਾਉਂਦੇ ਹਨ। ਸਾਡੀ ਪਛਾਣ ਬਣ ਗਈ ਹੈ, ਅਸੀਂ ਪਾਇਲਟ ਹਾਂ। ਯਾਨੀ ਧਾਰਨਾ ਕਿੰਨੀ ਤੇਜ਼ੀ ਨਾਲ ਬਦਲ ਸਕਦੀ ਹੈ, ਇੱਕ ਛੋਟੇ ਜਿਹੇ ਫੈਸਲੇ ਨਾਲ। ਔਰਤਾਂ ਤਕਨਾਲੋਜੀ ਰਾਹੀਂ ਆਧੁਨਿਕ ਖੇਤੀ ਕਰਨਾ ਸਿੱਖ ਰਹੀਆਂ ਹਨ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ 11 ਸਾਲਾਂ ਵਿੱਚ ਕਰੀਬ 10 ਕਰੋੜ ਔਰਤਾਂ, ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ। ਸਰਕਾਰ ਨੇ ਪੇਂਡੂ ਆਰਥਿਕਤਾ ਨੂੰ ਗਤੀ ਦੇ ਰਹੀਆਂ ਅਜਿਹੀਆਂ 6 ਕਰੋੜ ਭੈਣਾਂ ਨੂੰ 'ਲਖਪਤੀ ਦੀਦੀ' ਬਣਾਉਣ ਦਾ ਟੀਚਾ ਰੱਖਿਆ ਹੈ। ਅਤੇ ਇਸ ਵਿੱਚੋਂ 3 ਕਰੋੜ ਤੋਂ ਵੱਧ ਪੇਂਡੂ ਔਰਤਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਅਤੇ ਇਹ ਜੋ ਮਹਿਲਾ ਸਵੈ-ਸਹਾਇਤਾ ਸਮੂਹ ਹਨ, ਉਨ੍ਹਾਂ ਨੂੰ ਬੈਂਕਾਂ ਤੋਂ ਪੈਸਾ ਮਿਲਦਾ ਹੈ ਕੰਮ ਲਈ। ਅਤੇ ਤੁਸੀਂ ਜਾਣ ਕੇ ਖੁਸ਼ ਹੋਵੋਗੇ, ਜੇ ਉਨ੍ਹਾਂ ਨੇ ਬੁੱਧਵਾਰ ਨੂੰ ਪੈਸਾ ਜਮ੍ਹਾਂ ਕਰਨਾ ਹੈ, ਤਾਂ ਮੰਗਲਵਾਰ ਨੂੰ ਜਾ ਕੇ ਜਮ੍ਹਾਂ ਕਰ ਦਿੰਦੀਆਂ ਹਨ, ਇੱਕ ਦਿਨ ਪਹਿਲਾਂ। ਭੈਣਾਂ ਕੋਲ ਜੋ ਵਿਹਾਰ ਹੈ, ਕੋਈ ਐੱਨ.ਪੀ.ਏ. ਨਹੀਂ ਹੋ ਰਿਹਾ ਜੀ, ਸਾਰੇ ਪੈਸੇ ਬੈਂਕ ਤੋਂ ਜਾਂਦੇ ਹਨ, ਓਨੇ ਹੀ ਵਾਪਸ ਆਉਂਦੇ ਹਨ। ਅਤੇ ਮੈਂ ਦੇਖਿਆ ਹੈ, ਮੈਂ ਸ਼ਾਸਨ ਵਿੱਚ ਆਉਣ ਤੋਂ ਬਾਅਦ ਬੈਂਕਾਂ ਦੇ ਕਾਰੋਬਾਰ ਵਿੱਚ ਗਰੀਬਾਂ ਦੀ ਅਮੀਰੀ ਵੀ ਦੇਖੀ ਹੈ ਅਤੇ ਅਮੀਰਾਂ ਦੀ ਗਰੀਬੀ ਵੀ ਦੇਖੀ ਹੈ।

 

ਇੰਨਾ ਹੀ ਨਹੀਂ ਸਾਥੀਓ,

 

ਇਹ ਸਾਡੀਆਂ ਮਾਵਾਂ-ਭੈਣਾਂ ‘ਵੋਕਲ ਫਾਰ ਲੋਕਲ’ ਦੀਆਂ ਬ੍ਰਾਂਡ ਅੰਬੈਸਡਰ ਬਣ ਰਹੀਆਂ ਹਨ। ਭੈਣੋਂ, ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਨਜ਼ਰੀਏ ਦੀ ਬਹੁਤ ਵੱਡੀ ਸਫ਼ਲਤਾ ਇਹ ਹੈ ਕਿ ਇਸ ਨੇ ਔਰਤਾਂ ਪ੍ਰਤੀ ਪੁਰਾਣੀ ਸੋਚ ਨੂੰ ਚੁਣੌਤੀ ਦਿੱਤੀ ਹੈ। ਹੁਣ ਜਦੋਂ ਸਾਡਾ ਜੀ-20 ਸੰਮੇਲਨ ਚੱਲ ਰਿਹਾ ਸੀ, ਅਸੀਂ ਪ੍ਰਧਾਨਗੀ ਕਰ ਰਹੇ ਸੀ, ਦੁਨੀਆ ਦੇ ਦੇਸ਼ਾਂ ਨੂੰ ਮੈਨੂੰ ਸਮਝਾਉਣਾ ਪਿਆ ਸੀ ਕਿ 'ਵੂਮੈਨ ਡਿਵੈਲਪਮੈਂਟ' ਅਤੇ 'ਵੂਮੈਨ-ਲੈੱਡ ਡਿਵੈਲਪਮੈਂਟ' ਵਿੱਚ ਕੀ ਫ਼ਰਕ ਹੁੰਦਾ ਹੈ। ਦੁਨੀਆ ਦਾ ਬਹੁਤ ਵੱਡਾ ਵਰਗ 'ਵੂਮੈਨ ਡਿਵੈਲਪਮੈਂਟ' ਤੱਕ ਸਹਿਮਤ ਸੀ, 'ਵੂਮੈਨ-ਲੈੱਡ ਡਿਵੈਲਪਮੈਂਟ' ਲਈ ਮੈਨੂੰ ਤਾਕਤ ਲਾਉਣੀ ਪਈ ਸੀ, ਅਤੇ ਸਾਨੂੰ ਸਫ਼ਲਤਾ ਮਿਲੀ ਸੀ। ਇਸ ਸੋਚ ਦਾ ਨਤੀਜਾ ਹੈ ਕਿ, ਅੱਜ ਔਰਤਾਂ ਉਨ੍ਹਾਂ ਖੇਤਰਾਂ ਵਿੱਚ ਵੀ ਬੁਲੰਦੀਆਂ ਨੂੰ ਛੂਹ ਰਹੀਆਂ ਹਨ ਜਿੱਥੇ ਕਦੇ ਮਰਦਾਂ ਦਾ ਏਕਾਧਿਕਾਰ ਮੰਨਿਆ ਜਾਂਦਾ ਸੀ। ਅੱਜ ਸਾਡੀਆਂ ਧੀਆਂ ਫਾਈਟਰ ਪਾਇਲਟ ਬਣ ਕੇ ਅਸਮਾਨ ਦੀਆਂ ਬੁਲੰਦੀਆਂ ਛੂਹ ਰਹੀਆਂ ਹਨ। ਅੱਜ ਭਾਰਤ ਵਿੱਚ, ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ, ਇਹ ਅੰਕੜਾ ਵੀ ਤੁਹਾਨੂੰ ਖੁਸ਼ ਕਰ ਦੇਵੇਗਾ, ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਮਹਿਲਾ ਪਾਇਲਟਾਂ ਦੀ ਪ੍ਰਤੀਸ਼ਤਤਾ ਸਭ ਤੋਂ ਵੱਧ ਹਿੰਦੁਸਤਾਨ ਵਿੱਚ ਹੈ। ਅੱਜ ਪੀਐੱਚ.ਡੀ. ਦਾਖਲਿਆਂ ਵਿੱਚ ਧੀਆਂ ਦੀ ਗਿਣਤੀ 2014 ਦੀ ਤੁਲਨਾ ਵਿੱਚ ਦੁੱਗਣੀ ਹੋ ਚੁੱਕੀ ਹੈ। ਉੱਚ ਸਿੱਖਿਆ ਅਤੇ ਖੋਜ ਵਿੱਚ ਕਰੀਬ-ਕਰੀਬ ਅੱਧੀ ਭਾਗੀਦਾਰੀ ਸਾਡੀਆਂ ਧੀਆਂ ਦੀ ਹੈ। ਗਣਿਤ ਅਤੇ ਵਿਗਿਆਨ ਦੀ ਪੜ੍ਹਾਈ ਵਿੱਚ, ਸਟੈੱਮ ਸਿੱਖਿਆ ਵਿੱਚ, ਧੀਆਂ ਦੀ ਗਿਣਤੀ ਕਰੀਬ-ਕਰੀਬ 43 ਫੀਸਦੀ ਤੱਕ ਪਹੁੰਚ ਗਈ ਹੈ। ਮੈਨੂੰ ਯਾਦ ਹੈ, ਮੈਂ ਦੁਨੀਆ ਦੇ ਇੱਕ ਅਮੀਰ ਦੇਸ਼ ਵਿੱਚ ਇੱਕ ਵਾਰ ਗਿਆ, ਤਾਂ ਉੱਥੋਂ ਦੇ ਸਿੱਖਿਆ ਮੰਤਰੀ ਮੇਰੇ ਨਾਲ ਲਿਫਟ ਵਿੱਚ, ਅਸੀਂ ਲੋਕ ਜਾ ਰਹੇ ਸੀ, ਉਨ੍ਹਾਂ ਨੇ ਪੁੱਛਿਆ ਮੈਨੂੰ ਕਿ ਭਾਰਤ ਵਿੱਚ ਮਹਿਲਾ ਸਿੱਖਿਆ ਵਿੱਚ ਕਿਵੇਂ ਹੈ? ਮੈਂ ਕਿਹਾ ਬਹੁਤ ਵਧੀਆ ਹੈ, ਜ਼ਿਆਦਾ ਹੈ, ਕੁਝ ਥਾਵਾਂ 'ਤੇ ਤਾਂ ਮਰਦਾਂ ਤੋਂ ਜ਼ਿਆਦਾ ਹੈ। ਤਾਂ ਫਿਰ ਉਨ੍ਹਾਂ ਨੇ ਬੜੀ ਜਗਿਆਸਾ ਨਾਲ ਪੁੱਛਿਆ, ਸਟੈੱਮ ਸਿੱਖਿਆ ਵਿੱਚ ਕੀ ਮਹਿਲਾਵਾਂ ਦਾ ਹਿੱਸਾ, ਮੈਂ ਕਿਹਾ 50 ਫੀਸਦੀ ਹਿੱਸਾ ਉਨ੍ਹਾਂ ਦਾ ਹੀ ਹੈ, ਤਾਂ ਉਨ੍ਹਾਂ ਲਈ ਹੈਰਾਨੀ ਸੀ, ਇਹ ਦੁਨੀਆ ਦੇ ਅਮੀਰ ਦੇਸ਼ ਦੇ ਸਿੱਖਿਆ ਮੰਤਰੀ ਦੀ ਮੈਂ ਗੱਲ ਕਰ ਰਿਹਾ ਹਾਂ।

 

ਸਾਥੀਓ,

 

ਸਾਡੇ ਸਮਾਜ ਵਿੱਚ ਇੱਕ ਵੱਡੀ ਚੁਣੌਤੀ ਮਹਿਲਾ ਸੁਰੱਖਿਆ ਨੂੰ ਲੈ ਕੇ ਵੀ ਰਹੀ ਹੈ। ਸਦੀਆਂ ਤੋਂ ਔਰਤਾਂ ਨੂੰ ਆਪਣੀ ਸੁਰੱਖਿਆ ਲਈ ਚੁੱਪ ਰਹਿਣਾ ਪਿਆ ਹੈ। ਸਾਡੀ ਸਰਕਾਰ ਨੇ ਇਸ ਦਿਸ਼ਾ ਵਿੱਚ ਵੀ ਮਜ਼ਬੂਤ ਕਦਮ ਚੁੱਕੇ ਹਨ। ਨਿਆਂ ਪ੍ਰਣਾਲੀ ਵਧੇਰੇ ਸੰਵੇਦਨਸ਼ੀਲ ਬਣੇ, ਫੈਸਲੇ ਦੀ ਪ੍ਰਕਿਰਿਆ ਤੇਜ਼ ਹੋਵੇ, ਇਸ ਲਈ ਅਸੀਂ ਕਾਨੂੰਨੀ ਬਦਲਾਅ ਤਾਂ ਕੀਤੇ ਹੀ ਹਨ, ਨਾਲ ਹੀ, ਤੇਜ਼-ਰਫ਼ਤਾਰ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਵੀ ਕੀਤੀ ਗਈ ਹੈ। ਭਾਰਤੀ ਨਿਆਂ ਸੰਹਿਤਾ ਵਿੱਚ ਵੀ ਮਹਿਲਾ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ। ਐੱਫ.ਆਈ.ਆਰ. ਦਰਜ ਕਰਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ, ਹੁਣ ਕਿਸੇ ਵੀ ਥਾਂ ਤੋਂ ਈ-ਐੱਫ.ਆਈ.ਆਰ. ਜਾਂ ਜ਼ੀਰੋ-ਐੱਫ.ਆਈ.ਆਰ. ਦਰਜ ਕੀਤੀ ਜਾ ਸਕਦੀ ਹੈ। ਪੀੜਤ ਦੇ ਬਿਆਨ ਨੂੰ ਆਡੀਓ-ਵੀਡੀਓ ਰਾਹੀਂ ਦਰਜ ਕਰਨ ਵਰਗੇ ਪ੍ਰਬੰਧ ਲਾਗੂ ਕੀਤੇ ਗਏ ਹਨ। ਅਜਿਹੇ ਕਿੰਨੇ ਹੀ ਕਦਮ ਹਨ, ਜਿਨ੍ਹਾਂ ਰਾਹੀਂ ਅਸੀਂ ਇੱਕ ਪ੍ਰਗਤੀਸ਼ੀਲ ਸਮਾਜ ਦੀ ਧਾਰਨਾ ਨੂੰ ਸਾਕਾਰ ਕਰ ਰਹੇ ਹਾਂ।


 

ਸਾਥੀਓ,

 

ਜੀਵਨ ਦੇ ਹਰ ਪੜਾਅ, ਹਰ ਚਿੰਤਾ, ਸੁੱਖ-ਦੁੱਖ, ਹਰ ਮੌਕੇ 'ਤੇ, ਅਜਿਹੀ ਹਰ ਸਥਿਤੀ 'ਤੇ ਧਿਆਨ ਦਿੰਦੇ ਹੋਏ, ਸਾਡੀ ਸਰਕਾਰ ਨੇ ਅਨੇਕਾਂ ਛੋਟੇ-ਵੱਡੇ ਕਦਮਾਂ ਨਾਲ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੈ। ਇਸੇ ਦਾ ਨਤੀਜਾ ਹੈ, ਦੇਸ਼ ਹੁਣ ਆਪਣੇ ਲੋਕਤੰਤਰ ਨੂੰ ਨਵੀਂ ਬੁਲੰਦੀ 'ਤੇ ਲੈ ਕੇ ਜਾਣ ਲਈ ਤਿਆਰ ਹੈ।

 

ਸਾਥੀਓ,

 

ਦੇਸ਼ ਦੀ ਨਾਰੀ ਸ਼ਕਤੀ ਨੇ ਆਪਣੀ ਮਿਹਨਤ, ਹਿੰਮਤ ਅਤੇ ਆਤਮ-ਵਿਸ਼ਵਾਸ ਨਾਲ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਹੁਣ ਸਾਨੂੰ ਮਿਲ ਕੇ ਇਸ ਸ਼ਕਤੀ ਨੂੰ ਨਵੀਂ ਊਰਜਾ ਦੇਣੀ ਹੈ, ਉਸ ਲਈ ਮੌਕਿਆਂ ਦਾ ਵਿਸਤਾਰ ਕਰਨਾ ਹੈ। ਮੈਂ ਅੱਜ ਇਸ ਮੰਚ ਤੋਂ ਦੇਸ਼ ਦੀ ਹਰ ਮਾਂ, ਭੈਣ, ਧੀ, ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ, ਕਿ ਦੇਸ਼ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਦਾ ਹੈ, ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਲੋੜੀਂਦਾ ਕਦਮ ਚੁੱਕ ਰਿਹਾ ਹੈ।

 

ਸਾਥੀਓ,

 

ਮੈਂ ਸੰਸਦ ਵਿੱਚ ਹੋਣ ਵਾਲੀ ਚਰਚਾ ਤੋਂ ਪਹਿਲਾਂ, ਦੇਸ਼ ਦੀ ਨਾਰੀ ਸ਼ਕਤੀ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਪੂਰੀ ਪ੍ਰਕਿਰਿਆ ਵਿੱਚ ਆਪਣੀ ਸਰਗਰਮੀ ਬਣਾਈ ਰੱਖੋ। ਤੁਸੀਂ ਆਪਣੇ-ਆਪਣੇ ਖੇਤਰ ਦੇ ਸੰਸਦ ਮੈਂਬਰਾਂ ਨੂੰ ਵੀ ਜ਼ਰੂਰ ਮਿਲੋ। ਦੇਸ਼ ਦੀਆਂ ਔਰਤਾਂ ਆਪਣੇ ਸੰਸਦ ਮੈਂਬਰਾਂ ਨੂੰ ਆਪਣਾ ਪੱਖ ਰੱਖਣ, ਆਪਣੀਆਂ ਉਮੀਦਾਂ ਉਨ੍ਹਾਂ ਨੂੰ ਦੱਸਣ। ਅਤੇ ਜਿਸ ਦਿਨ ਉਹ ਸਦਨ ਵਿੱਚ ਆਉਣ ਲਈ ਆਪਣੇ ਇੱਥੋਂ ਨਿਕਲਣ, ਤਾਂ ਜ਼ਰਾ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਵਿਦਾਈ ਵੀ ਦਿਓ। ਤਾਂ ਜੋ ਜਦੋਂ ਮਾਵਾਂ-ਭੈਣਾਂ ਦੇ ਆਸ਼ੀਰਵਾਦ ਲੈ ਕੇ ਸੰਸਦ ਮੈਂਬਰ ਨਿਕਲਣਗੇ ਨਾ, ਤਾਂ ਦੂਜਾ ਫੈਸਲਾ ਕਰ ਹੀ ਨਹੀਂ ਸਕਦੇ। ਤਾਂ ਜੋ ਇਹ ਮੇਰੇ ਸੰਸਦ ਮੈਂਬਰ ਸਾਥੀ ਸਹੀ ਫੈਸਲਾ ਲੈਣ, ਔਰਤਾਂ ਦੇ ਹਿੱਤ ਵਿੱਚ ਫੈਸਲਾ ਲੈਣ, ਸਹਿਮਤੀ ਨਾਲ ਫੈਸਲਾ ਲੈਣ।

 

ਸਾਥੀਓ,

 

ਮੇਰੀ ਤੁਹਾਨੂੰ ਇੱਕ ਹੋਰ ਬੇਨਤੀ ਹੈ। ਨਾਰੀ ਸ਼ਕਤੀ ਵੰਦਨ ਪ੍ਰੋਗਰਾਮ ਵਿੱਚ ਹੋਣ ਵਾਲੀਆਂ ਚਰਚਾਵਾਂ ਨੂੰ ਤੁਸੀਂ ਸਾਰੇ ਦੇਸ਼ ਦੇ ਪਿੰਡ-ਪਿੰਡ ਤੱਕ ਲੈ ਕੇ ਜਾਓ। ਨਿੱਜੀ ਮੇਲ-ਮਿਲਾਪ ਨਾਲ, ਸੋਸ਼ਲ ਮੀਡੀਆ ਰਾਹੀਂ, ਹੋਰ ਪ੍ਰਚਾਰ ਮਾਧਿਅਮਾਂ ਰਾਹੀਂ, ਸਾਨੂੰ ਦੇਸ਼ ਦੇ ਇਸ ਵੱਡੇ ਫੈਸਲੇ ਨੂੰ ਦੇਸ਼ ਦੀ ਹਰ ਔਰਤ ਤੱਕ ਪਹੁੰਚਾਉਣਾ ਹੈ। ਸਾਨੂੰ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਉਹ ਇਸ ਵੱਡੇ ਫੈਸਲੇ ਦੀ ਤਾਕਤ ਨੂੰ ਸਮਝ ਸਕਣ, ਤਾਂ ਜੋ ਉਹ ਆਪਣੀ ਭੂਮਿਕਾ ਨੂੰ ਸਮਝ ਸਕਣ, ਅਤੇ, ਖੁੱਲ੍ਹ ਕੇ ਇਹ ਸੁਪਨਾ ਦੇਖ ਸਕਣ, ਕਿ ਆਉਣ ਵਾਲੇ ਕੱਲ੍ਹ ਵਿੱਚ ਰਾਜਾਂ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ, ਉਹ ਆਪਣੀ ਹਾਜ਼ਰੀ ਦਰਜ ਕਰਵਾ ਸਕਦੀਆਂ ਹਨ। ਆਓ, ਅਸੀਂ ਮਿਲ ਕੇ, ਸਾਰੇ ਮਿਲ ਕੇ ਇਹ ਸੰਕਲਪ ਲਈਏ, ਨਾਰੀ ਸ਼ਕਤੀ ਕੋਲ ਉਨ੍ਹਾਂ ਦੇ ਅਧਿਕਾਰ ਹੋਣਗੇ, ਅਤੇ ਉਹ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਭਾਗੀਦਾਰ ਵੀ ਬਣਨਗੀਆਂ। ਇਹੀ ਸਾਡੇ ਉੱਜਵਲ ਭਵਿੱਖ ਦੀ ਸਭ ਤੋਂ ਵੱਡੀ ਗਾਰੰਟੀ ਹੈ। ਮੈਂ ਤਾਂ ਇਹ ਵੀ ਕਹਾਂਗਾ ਕਿ 16-17-18, ਮੈਂ ਉਹ ਤਾਂ ਸਪੀਕਰ ਮਹੋਦਿਆ ਦੇ ਅਧਿਕਾਰ ਦਾ ਖੇਤਰ ਹੈ, ਪਰ ਮੈਂ ਤਾਂ ਚਾਹਾਂਗਾ ਕਿ ਉਸ ਸਮੇਂ ਦਰਸ਼ਕ ਗੈਲਰੀ ਔਰਤਾਂ ਨਾਲ ਹੀ ਭਰੀ ਰਹੇ। ਇੱਕ ਉਤਸਵ ਦਾ ਮਾਹੌਲ ਬਣੇਗਾ ਪੂਰੇ ਦੇਸ਼ ਵਿੱਚ, ਅਤੇ ਇਹ, ਇਹ ਪਾਰਟੀ ਉਹ ਪਾਰਟੀ ਵਾਲਾ ਵਿਸ਼ਾ ਨਹੀਂ ਰਹਿਣ ਵਾਲਾ ਹੈ, ਕੌਣ ਜਿੱਤਿਆ, ਕੌਣ ਹਾਰਿਆ, ਕਿਸ ਨੇ ਕੀਤਾ, ਕਿਸੇ ਨੇ ਨਹੀਂ, ਸਾਰਾ ਸਿਹਰਾ ਦੇਸ਼ ਦੀ ਮਾਤ੍ਰ-ਸ਼ਕਤੀ ਨੂੰ ਹੈ, ਸਾਰਾ ਸਿਹਰਾ ਦੇਸ਼ ਦੀ ਸੰਸਦ ਨੂੰ ਹੈ, ਸਾਰਾ ਸਿਹਰਾ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਹੈ, ਸਾਰਾ ਸਿਹਰਾ ਪਿਛਲੇ 3-4 ਦਹਾਕਿਆਂ ਤੋਂ ਲਗਾਤਾਰ ਜੋ-ਜੋ ਕੰਮ ਕਰ ਰਹੇ ਹਨ, ਸਾਰਿਆਂ ਨੂੰ ਸਿਹਰਾ ਹੈ। ਇਹ ਸਭ ਦਾ ਹੈ, ਸਭ ਦੇ ਸਹਿਯੋਗ ਨਾਲ ਹੈ ਅਤੇ ਸਭ ਦੀ ਭਲਾਈ ਲਈ ਹੈ। ਇਸੇ ਵਿਸ਼ਵਾਸ ਨਾਲ, ਤੁਸੀਂ ਸਾਰਿਆਂ ਨੇ ਇੰਨਾ ਸਮਾਂ ਕੱਢਿਆ, ਇੰਨੇ ਚਾਅ-ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਮੈਂ ਦਿਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ, ਧੰਨਵਾਦ ਕਰਦਾ ਹਾਂ।

 

ਬਹੁਤ-ਬਹੁਤ ਧੰਨਵਾਦ।



Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India-New Zealand elevate ties to strategic partnership; Scripts 2030 roadmap, $20bn investment & Indo-Pacific security

Media Coverage

India-New Zealand elevate ties to strategic partnership; Scripts 2030 roadmap, $20bn investment & Indo-Pacific security
NM on the go

Nm on the go

Always be the first to hear from the PM. Get the App Now!
...
Prime Minister condoles the passing of Father Amir of State of Qatar HH Sheikh Hamad bin Khalifa Al Thani
July 12, 2026

The Prime Minister, Shri Narendra Modi, has expressed deep grief over the passing of the Father Amir of the State of Qatar, HH Sheikh Hamad bin Khalifa Al Thani.

The Prime Minister described him as a visionary leader who led Qatar to great levels of development and prosperity. Shri Modi also remembered him as a true friend whom he had the honour of meeting during his visit to Qatar in February 2024.

The Prime Minister conveyed his sincere condolences to the Amir of Qatar, HH Sheikh Tamim bin Hamad Al Thani, the entire royal family and the people of Qatar.

The Prime Minister wrote on X;

“We deeply mourn the passing of Father Amir of State of Qatar, HH Sheikh Hamad bin Khalifa Al Thani. A visionary leader who led Qatar to great levels of development and prosperity, we remember him also as a true friend whom I had the honour of meeting during my last visit to Qatar in February 2024. I convey my sincere condolences to the Amir of Qatar, HH Sheikh Tamim bin Hamad Al Thani and the entire royal family and people of Qatar. May the departed soul rest in eternal peace.

@TamimBinHamad”