ਭਾਰਤ ਦੇ ਵਿਕਾਸ ਦੀ ਕਹਾਣੀ ਅਤੇ ਵਾਲੀਬਾਲ ਦੀ ਖੇਡ ਵਿੱਚ ਕਈ ਸਮਾਨਤਾਵਾਂ ਹਨ; ਵਾਲੀਬਾਲ ਸਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਜਿੱਤ ਇਕੱਲੇ ਹਾਸਲ ਨਹੀਂ ਕੀਤੀ ਜਾ ਸਕਦੀ ਅਤੇ ਸਾਡੀ ਸਫ਼ਲਤਾ ਸਾਡੇ ਤਾਲਮੇਲ, ਸਾਡੇ ਭਰੋਸੇ ਅਤੇ ਸਾਡੀ ਟੀਮ ਦੀ ਤਿਆਰੀ 'ਤੇ ਨਿਰਭਰ ਕਰਦੀ ਹੈ: ਪ੍ਰਧਾਨ ਮੰਤਰੀ
ਹਰ ਕਿਸੇ ਦੀ ਆਪਣੀ ਭੂਮਿਕਾ, ਆਪਣੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਅਸੀਂ ਓਦੋਂ ਸਫ਼ਲ ਹੁੰਦੇ ਹਾਂ ਜਦੋਂ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਂਦਾ ਹੈ; ਸਾਡਾ ਰਾਸ਼ਟਰ ਵੀ ਬਿਲਕੁਲ ਇਸੇ ਤਰ੍ਹਾਂ ਤਰੱਕੀ ਕਰ ਰਿਹਾ ਹੈ: ਪ੍ਰਧਾਨ ਮੰਤਰੀ
2014 ਤੋਂ ਵੱਖ-ਵੱਖ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋਇਆ ਹੈ ਅਤੇ ਜਦੋਂ ਅਸੀਂ ਜੇਨ-ਜ਼ੈੱਡ (Gen-Z) ਨੂੰ ਖੇਡ ਦੇ ਮੈਦਾਨ 'ਤੇ ਤਿਰੰਗਾ ਲਹਿਰਾਉਂਦੇ ਹੋਏ ਦੇਖਦੇ ਹਾਂ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ: ਪ੍ਰਧਾਨ ਮੰਤਰੀ
2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਆਯੋਜਿਤ ਹੋਣ ਵਾਲੀਆਂ ਹਨ ਅਤੇ ਦੇਸ਼ 2036 ਦੇ ਓਲੰਪਿਕ ਦੀ ਮੇਜ਼ਬਾਨੀ ਲਈ ਵੀ ਪੂਰੇ ਯਤਨ ਕਰ ਰਿਹਾ ਹੈ: ਪ੍ਰਧਾਨ ਮੰਤਰੀ

 

ਹਰ ਹਰ ਮਹਾਦੇਵ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਵਿੱਚ ਮੰਤਰੀ ਭਰਾ ਰਵਿੰਦਰ ਜੈਸਵਾਲ, ਦਯਾਸ਼ੰਕਰ ਜੀ, ਗਿਰੀਸ਼ ਯਾਦਵ ਜੀ, ਬਨਾਰਸ ਦੇ ਮੇਅਰ ਭਰਾ ਅਸ਼ੋਕ ਤਿਵਾੜੀ ਜੀ, ਹੋਰ ਜਨ-ਪ੍ਰਤੀਨਿਧੀ, ਵਾਲੀਬਾਲ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ, ਦੇਸ਼ ਭਰ ਤੋਂ ਆਏ ਸਾਰੇ ਖਿਡਾਰੀ ਤੇ ਕਾਸ਼ੀ ਦੇ ਮੇਰੇ ਪਰਿਵਾਰਕ ਮੈਂਬਰ, ਨਮਸਕਾਰ।

ਅੱਜ ਕਾਸ਼ੀ ਦੇ ਸਾਂਸਦ ਵਜੋਂ ਤੁਹਾਡੇ ਸਾਰੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਅੱਜ ਤੋਂ ਕਾਸ਼ੀ ਵਿੱਚ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਰਹੀ ਹੈ। ਤੁਸੀਂ ਸਾਰੇ ਖਿਡਾਰੀ ਬਹੁਤ ਸਖ਼ਤ ਮਿਹਨਤ ਤੋਂ ਬਾਅਦ ਇਸ ਨੈਸ਼ਨਲ ਟੂਰਨਾਮੈਂਟ ਤੱਕ ਪਹੁੰਚੇ ਹੋ। ਤੁਸੀਂ ਜੋ ਮਿਹਨਤ ਕੀਤੀ ਹੈ, ਆਉਣ ਵਾਲੇ ਦਿਨਾਂ ਵਿੱਚ ਕਾਸ਼ੀ ਦੇ ਮੈਦਾਨ 'ਤੇ ਉਸ ਦੀ ਪ੍ਰੀਖਿਆ ਹੋਵੇਗੀ। ਵੈਸੇ ਮੈਨੂੰ ਦੱਸਿਆ ਗਿਆ ਹੈ ਕਿ ਦੇਸ਼ ਦੇ 28 ਸੂਬਿਆਂ ਦੀਆਂ ਟੀਮਾਂ ਇੱਥੇ ਇਕੱਠੀਆਂ ਹੋਈਆਂ ਹਨ। ਭਾਵ ਤੁਸੀਂ ਸਾਰੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਬਹੁਤ ਸੋਹਣੀ ਤਸਵੀਰ ਵੀ ਪੇਸ਼ ਕਰ ਰਹੇ ਹੋ। ਮੈਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸਾਡੇ ਇੱਥੇ ਬਨਾਰਸੀ ਵਿੱਚ ਕਿਹਾ ਜਾਂਦਾ ਹੈ, बनारस के जानल चाहत हउव, त बनारस आवे के पड़ि, ਤਾਂ ਤੁਸੀਂ ਲੋਕ ਬਨਾਰਸ ਆ ਗਏ ਹੋ ਅਤੇ ਹੁਣ ਬਨਾਰਸ ਨੂੰ ਜਾਣ ਵੀ ਜਾਓਗੇ। ਸਾਡਾ ਬਨਾਰਸ ਖੇਡ ਪ੍ਰੇਮੀਆਂ ਦਾ ਸ਼ਹਿਰ ਹੈ। ਕੁਸ਼ਤੀ, ਕੁਸ਼ਤੀ ਦੇ ਅਖਾੜੇ, ਮੁੱਕੇਬਾਜ਼ੀ, ਬੇੜੀਆਂ ਦੀ ਦੌੜ, ਕਬੱਡੀ, ਅਜਿਹੀਆਂ ਕਈ ਖੇਡਾਂ ਇੱਥੇ ਬਹੁਤ ਮਸ਼ਹੂਰ ਹਨ। ਬਨਾਰਸ ਨੇ ਕਈ ਖੇਡਾਂ ਦੇ ਰਾਸ਼ਟਰੀ ਖਿਡਾਰੀ ਵੀ ਦਿੱਤੇ ਹਨ। ਬਨਾਰਸ ਹਿੰਦੂ ਯੂਨੀਵਰਸਿਟੀ, ਯੂਪੀ ਕਾਲਜ, ਕਾਸ਼ੀ ਵਿਦਿਆਪੀਠ ਵਰਗੇ ਵਿੱਦਿਅਕ ਅਦਾਰਿਆਂ ਦੇ ਖਿਡਾਰੀ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਛਾਏ ਰਹੇ ਹਨ। ਅਤੇ ਕਾਸ਼ੀ ਤਾਂ ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਸਭ ਦਾ ਸਤਿਕਾਰ ਕਰਦੀ ਆਈ ਹੈ, ਜੋ ਗਿਆਨ ਅਤੇ ਕਲਾ ਦੀ ਸਾਧਨਾ ਲਈ ਇੱਥੇ ਜਾਂਦੇ ਹਨ। ਅਤੇ ਇਸ ਲਈ ਮੈਨੂੰ ਭਰੋਸਾ ਹੈ, ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦੌਰਾਨ ਬਨਾਰਸ ਦਾ ਜੋਸ਼ ਉੱਚਾ ਰਹੇਗਾ। ਤੁਹਾਡੇ ਸਾਰੇ ਖਿਡਾਰੀਆਂ ਨੂੰ ਹੌਸਲਾ ਵਧਾਉਣ ਵਾਲੇ ਦਰਸ਼ਕ ਵੀ ਮਿਲਣਗੇ ਅਤੇ ਕਾਸ਼ੀ ਦੀ ਮਹਿਮਾਨਨਿਵਾਜ਼ੀ ਪਰੰਪਰਾ ਨੂੰ ਜੀਣ ਦਾ ਮੌਕਾ ਵੀ ਮਿਲੇਗਾ।

ਸਾਥੀਓ,

ਵਾਲੀਬਾਲ ਸਾਧਾਰਨ ਖੇਡ ਨਹੀਂ ਹੈ, ਨੈੱਟ ਦੇ ਇਸ ਪਾਰ ਅਤੇ ਉਸ ਪਾਰ, ਦੋਹਾਂ ਪਾਸੇ, ਇਹ ਸੰਤੁਲਨ ਦੀ ਖੇਡ ਹੈ, ਇਹ ਸਹਿਯੋਗ ਦੀ ਖੇਡ ਹੈ ਅਤੇ ਇਸ ਖੇਡ ਵਿੱਚ ਸੰਕਲਪ ਸ਼ਕਤੀ ਵੀ ਦਿਸਦੀ ਹੈ। ਭਾਵ  ਬਾਲ (ਗੇਂਦ) ਨੂੰ ਹਰ ਕੀਮਤ 'ਤੇ ਉੱਪਰ ਹੀ ਚੁੱਕਣਾ ਹੈ। ਵਾਲੀਬਾਲ ਸਾਨੂੰ ਟੀਮ ਭਾਵਨਾ ਨਾਲ ਜੋੜਦੀ ਹੈ। ਵਾਲੀਬਾਲ ਦੇ ਹਰ ਖਿਡਾਰੀ ਦਾ ਮੰਤਰ ਹੁੰਦਾ ਹੈ- ਟੀਮ ਫ਼ਸਟ (Team First), ਹਰ ਕੋਈ ਭਾਵੇਂ ਵੱਖ-ਵੱਖ ਹੁਨਰਾਂ ਦਾ ਹੋਵੇ, ਪਰ ਸਾਰੇ ਖਿਡਾਰੀ ਆਪਣੀ ਟੀਮ ਦੀ ਜਿੱਤ ਲਈ ਖੇਡਦੇ ਹਨ। ਅਤੇ ਮੈਂ ਤਾਂ ਭਾਰਤ ਦੀ ਵਿਕਾਸ ਕਹਾਣੀ ਅਤੇ ਵਾਲੀਬਾਲ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਦੇਖਦਾ ਹਾਂ। ਵਾਲੀਬਾਲ ਸਾਨੂੰ ਸਿਖਾਉਂਦੀ ਹੈ ਕਿ ਕੋਈ ਵੀ ਜਿੱਤ, ਇਕੱਲੇ ਨਹੀਂ ਹੁੰਦੀ। ਸਾਡੀ ਜਿੱਤ ਸਾਡੇ ਤਾਲਮੇਲ, ਸਾਡੇ ਭਰੋਸੇ ਅਤੇ ਸਾਡੀ ਟੀਮ ਦੀ ਤਤਪਰਤਾ 'ਤੇ ਨਿਰਭਰ ਹੁੰਦੀ ਹੈ। ਹਰ ਕਿਸੇ ਦੀ ਆਪਣੀ ਭੂਮਿਕਾ ਹੈ, ਆਪਣੀ ਜ਼ਿੰਮੇਵਾਰੀ ਹੈ। ਅਤੇ ਅਸੀਂ ਉਦੋਂ ਹੀ ਸਫਲ ਹੁੰਦੇ ਹਾਂ, ਜਦੋਂ ਹਰ ਕੋਈ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਂਦਾ ਹੈ, ਗੰਭੀਰਤਾ ਨਾਲ ਨਿਭਾਉਂਦਾ ਹੈ। ਸਾਡਾ ਦੇਸ਼ ਵੀ ਇਸੇ ਤਰ੍ਹਾਂ ਅੱਗੇ ਵਧ ਰਿਹਾ ਹੈ। ਸਵੱਛਤਾ ਤੋਂ ਡਿਜੀਟਲ ਭੁਗਤਾਨ ਤੱਕ ਅਤੇ 'ਇੱਕ ਪੇੜ ਮਾਂ ਦੇ ਨਾਮ' ਤੋਂ ਲੈ ਕੇ ਵਿਕਸਿਤ ਭਾਰਤ ਦੀ ਮੁਹਿੰਮ ਤੱਕ ਅਸੀਂ ਇਸ ਲਈ ਤਰੱਕੀ ਕਰ ਰਹੇ ਹਾਂ, ਕਿਉਂਕਿ ਦੇਸ਼ ਦਾ ਹਰ ਇੱਕ ਜੀਅ, ਹਰ ਇੱਕ ਵਰਗ, ਹਰ ਸੂਬਾ ਇੱਕ ਸਮੂਹਿਕ ਚੇਤਨਾ ਨਾਲ, ਇੰਡੀਆ ਫ਼ਸਟ (India First) ਦੀ ਭਾਵਨਾ ਨਾਲ, ਦੇਸ਼ ਲਈ ਕੰਮ ਕਰ ਰਿਹਾ ਹੈ।

ਸਾਥੀਓ,

ਅੱਜ-ਕੱਲ੍ਹ ਦੁਨੀਆ ਵਿੱਚ ਭਾਰਤ ਦੇ ਵਾਧੇ ਦੀ, ਸਾਡੀ ਅਰਥ-ਵਿਵਸਥਾ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ। ਪਰ ਜਦੋਂ ਦੇਸ਼ ਵਿਕਾਸ ਕਰਦਾ ਹੈ, ਤਾਂ ਇਹ ਤਰੱਕੀ ਸਿਰਫ਼ ਆਰਥਿਕ ਮੋਰਚੇ ਤੱਕ ਸੀਮਤ ਨਹੀਂ ਰਹਿੰਦੀ। ਇਹ ਆਤਮ-ਵਿਸ਼ਵਾਸ, ਖੇਡ ਦੇ ਮੈਦਾਨ 'ਤੇ ਵੀ ਦਿਸਦਾ ਹੈ। ਇਹੀ ਅਸੀਂ ਬੀਤੇ ਕੁਝ ਸਾਲਾਂ ਵਿੱਚ ਹਰ ਖੇਡ ਵਿੱਚ ਦੇਖ ਰਹੇ ਹਾਂ। ਸਾਲ 2014 ਤੋਂ ਬਾਅਦ ਤੋਂ ਵੱਖ-ਵੱਖ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋਇਆ ਹੈ। ਸਾਨੂੰ ਬਹੁਤ ਮਾਣ ਹੁੰਦਾ ਹੈ, ਜਦੋਂ ਜੈੱਨ-ਜ਼ੀ (Gen-Z) ਨੂੰ ਖੇਡ ਦੇ ਮੈਦਾਨ 'ਤੇ ਤਿਰੰਗਾ ਲਹਿਰਾਉਂਦੇ ਦੇਖਦੇ ਹਾਂ।

ਸਾਥੀਓ,

ਇੱਕ ਸਮਾਂ ਸੀ ਜਦੋਂ ਖੇਡਾਂ ਨੂੰ ਲੈ ਕੇ ਸਰਕਾਰ ਅਤੇ ਸਮਾਜ, ਦੋਹਾਂ ਵਿੱਚ ਹੀ ਉਦਾਸੀਨਤਾ ਦਾ ਭਾਵ ਸੀ। ਇਸ ਕਰਕੇ ਖਿਡਾਰੀਆਂ ਵਿੱਚ ਵੀ ਆਪਣੇ ਭਵਿੱਖ ਨੂੰ ਲੈ ਕੇ ਸ਼ੰਕੇ ਰਹਿੰਦੇ ਸਨ। ਬਹੁਤ ਘੱਟ ਨੌਜਵਾਨ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਂਦੇ ਸਨ। ਪਰ ਬੀਤੇ ਦਹਾਕੇ ਵਿੱਚ ਖੇਡਾਂ ਨੂੰ ਲੈ ਕੇ ਸਰਕਾਰ ਅਤੇ ਸਮਾਜ ਦੋਹਾਂ ਦੀ ਹੀ ਸੋਚ ਵਿੱਚ ਬਦਲਾਅ ਦਿਸ ਰਿਹਾ ਹੈ। ਸਰਕਾਰ ਨੇ ਖੇਡਾਂ ਦਾ ਬਜਟ ਕਾਫ਼ੀ ਜ਼ਿਆਦਾ ਵਧਾ ਦਿੱਤਾ ਹੈ। ਅੱਜ ਭਾਰਤ ਦਾ ਖੇਡ ਮਾਡਲ ਅਥਲੀਟ-ਕੇਂਦਰਿਤ ਹੋ ਗਿਆ ਹੈ। ਪ੍ਰਤਿਭਾ ਦੀ ਪਛਾਣ, ਵਿਗਿਆਨਕ ਸਿਖਲਾਈ, ਉਨ੍ਹਾਂ ਦੀ ਖ਼ੁਰਾਕ ਦਾ ਧਿਆਨ ਅਤੇ ਪਾਰਦਰਸ਼ੀ ਚੋਣ, ਹੁਣ ਹਰ ਪੱਧਰ 'ਤੇ ਖਿਡਾਰੀਆਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ।

 

ਸਾਥੀਓ,

ਅੱਜ ਦੇਸ਼ ਸੁਧਾਰਾਂ ਦੀ ਐਕਸਪ੍ਰੈੱਸ 'ਤੇ ਸਵਾਰ ਹੈ। ਦੇਸ਼ ਦਾ ਹਰ ਖੇਤਰ, ਹਰ ਵਿਕਾਸ ਟਿਕਾਣਾ ਇਸ ਰਿਫਾਰਮ ਐਕਸਪ੍ਰੈੱਸ ਨਾਲ ਜੁੜ ਰਿਹਾ ਹੈ ਅਤੇ ਖੇਡਾਂ ਦਾ ਟਿਕਾਣਾ ਵੀ ਇਸ ਵਿੱਚੋਂ ਇੱਕ ਹੈ। ਖੇਡ ਖੇਤਰ ਵਿੱਚ ਵੀ ਸਰਕਾਰ ਨੇ ਵੱਡੇ ਸੁਧਾਰ ਕੀਤੇ ਹਨ। ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਅਤੇ ਖੇਲੋ ਭਾਰਤ ਨੀਤੀ 2025, ਇਸ ਤਰ੍ਹਾਂ ਦੀਆਂ ਵਿਵਸਥਾਵਾਂ ਨਾਲ ਸਹੀ ਪ੍ਰਤਿਭਾ ਨੂੰ ਮੌਕਾ ਮਿਲੇਗਾ, ਖੇਡ ਸੰਗਠਨਾਂ ਵਿੱਚ ਪਾਰਦਰਸ਼ਤਾ ਵਧੇਗੀ। ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਸਿੱਖਿਆ ਦੋਹਾਂ ਹੀ ਖੇਤਰਾਂ ਵਿੱਚ ਇੱਕੋ ਵੇਲੇ ਅੱਗੇ ਵਧਣ ਦਾ ਮੌਕਾ ਮਿਲੇਗਾ।

ਸਾਥੀਓ,

ਅੱਜ ਟੌਪਸ ਵਰਗੀਆਂ ਪਹਿਲਕਦਮੀਆਂ ਨਾਲ ਭਾਰਤ ਵਿੱਚ ਖੇਡ ਈਕੋਸਿਸਟਮ ਬਦਲ ਰਿਹਾ ਹੈ। ਇੱਕ ਪਾਸੇ ਅਸੀਂ ਵਧੀਆ ਬੁਨਿਆਦੀ ਢਾਂਚਾ ਅਤੇ ਫੰਡਿੰਗ ਵਿਧੀ ਤਿਆਰ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸ਼ਾਨਦਾਰ ਐਕਸਪੋਜ਼ਰ ਦੇਣ ਲਈ ਵੀ ਕੰਮ ਕਰ ਰਹੇ ਹਾਂ। ਤੁਸੀਂ ਗ਼ੌਰ ਕੀਤਾ ਹੋਵੇਗਾ, ਬੀਤੇ ਦਹਾਕੇ ਵਿੱਚ ਕਈ ਸ਼ਹਿਰਾਂ ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ, ਹਾਕੀ ਵਿਸ਼ਵ ਕੱਪ, ਸ਼ਤਰੰਜ ਨਾਲ ਜੁੜੇ ਵੱਡੇ ਮੁਕਾਬਲੇ, ਅਜਿਹੇ 20 ਤੋਂ ਵੱਧ ਪ੍ਰਮੁੱਖ ਅੰਤਰਰਾਸ਼ਟਰੀ ਪ੍ਰੋਗਰਾਮ ਕਰਵਾਏ ਹਨ। 2030 ਦੀਆਂ ਰਾਸ਼ਟਰਮੰਡਲ ਖੇਡਾਂ ਵੀ ਭਾਰਤ ਵਿੱਚ ਹੀ ਹੋਣ ਜਾ ਰਹੀਆਂ ਹਨ। ਭਾਰਤ ਪੂਰੀ ਮਜ਼ਬੂਤੀ ਨਾਲ 2036 ਓਲੰਪਿਕ ਦੀ ਮੇਜ਼ਬਾਨੀ ਲਈ ਵੀ ਤਿਆਰੀ ਕਰ ਰਿਹਾ ਹੈ। ਇਸ ਦੇ ਪਿੱਛੇ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਣ ਦੇ ਮੌਕੇ ਮਿਲਣ।

ਸਾਥੀਓ,

ਅਸੀਂ ਸਕੂਲ ਪੱਧਰ 'ਤੇ ਵੀ ਖਿਡਾਰੀਆਂ ਨੂੰ ਓਲੰਪਿਕ ਖੇਡ ਦਾ ਐਕਸਪੋਜ਼ਰ ਦੇਣ ਵਿੱਚ ਜੁਟੇ ਹਾਂ। ਖੇਲੋ ਇੰਡੀਆ ਮੁਹਿੰਮ ਸਦਕਾ ਸੈਂਕੜੇ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਅੱਗੇ ਆਉਣ ਦਾ ਮੌਕਾ ਮਿਲਿਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਸਾਂਸਦ ਖੇਡ ਮਹਾਉਤਸਵ ਵੀ ਸਮਾਪਤ ਹੋਇਆ ਹੈ। ਇਸ ਵਿੱਚ ਵੀ ਲਗਭਗ ਇੱਕ ਕਰੋੜ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਿਖਾਈ ਹੈ। ਮੈਂ ਕਾਸ਼ੀ ਦਾ ਸਾਂਸਦ ਹਾਂ ਅਤੇ ਇਸ ਲਈ ਤੁਹਾਨੂੰ ਇਹ ਵੀ ਮਾਣ ਨਾਲ ਦੱਸਾਂਗਾ ਕਿ ਸਾਂਸਦ ਖੇਡ ਮਹਾਉਤਸਵ ਦੌਰਾਨ, ਮੇਰੀ ਕਾਸ਼ੀ ਦੇ ਵੀ ਕਰੀਬ 3 ਲੱਖ ਨੌਜਵਾਨਾਂ ਨੇ ਮੈਦਾਨ 'ਤੇ ਆਪਣਾ ਦਮ-ਖਮ ਦਿਖਾਇਆ ਹੈ।

ਸਾਥੀਓ,

ਖੇਡ ਬੁਨਿਆਦੀ ਢਾਂਚੇ ਨੂੰ ਲੈ ਕੇ ਜੋ ਬਦਲਾਅ ਆਇਆ ਹੈ, ਉਸ ਦਾ ਲਾਭ ਕਾਸ਼ੀ ਨੂੰ ਵੀ ਮਿਲ ਰਿਹਾ ਹੈ। ਕਾਸ਼ੀ ਵਿੱਚ ਆਧੁਨਿਕ ਖੇਡ ਸਹੂਲਤਾਂ ਬਣ ਰਹੀਆਂ ਹਨ, ਵੱਖ-ਵੱਖ ਖੇਡਾਂ ਨਾਲ ਜੁੜੇ ਸਟੇਡੀਅਮ ਬਣ ਰਹੇ ਹਨ। ਨਵੇਂ ਸਪੋਰਟਸ ਕੰਪਲੈਕਸ ਵਿੱਚ ਆਸ-ਪਾਸ ਦੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੂੰ ਵੀ ਸਿਖਲਾਈ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਅੱਜ ਜਿਸ ਸਿਗਰਾ ਸਟੇਡੀਅਮ ਵਿੱਚ ਖੜ੍ਹੇ ਹੋ, ਇਹ ਵੀ ਕਈ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਗਿਆ ਹੈ।

 

ਸਾਥੀਓ,

ਮੈਨੂੰ ਖ਼ੁਸ਼ੀ ਹੈ ਕਿ ਕਾਸ਼ੀ ਵੱਡੇ ਪ੍ਰੋਗਰਾਮਾਂ ਲਈ ਤਿਆਰ ਹੋ ਰਹੀ ਹੈ। ਵਾਲੀਬਾਲ ਦੇ ਰਾਸ਼ਟਰੀ ਮੁਕਾਬਲੇ ਲਈ, ਦੇਸ਼ ਦੇ ਖੇਡ ਨਕਸ਼ੇ ਵਿੱਚ ਥਾਂ ਬਣਾਉਣਾ ਵੀ, ਕਾਸ਼ੀ ਲਈ ਬਹੁਤ ਅਹਿਮ ਹੈ। ਅਤੇ ਇਸ ਖੇਡ ਮੁਕਾਬਲੇ ਤੋਂ ਪਹਿਲਾਂ ਵੀ, ਕਾਸ਼ੀ ਵਿੱਚ ਅਜਿਹੇ ਕਈ ਆਯੋਜਨ ਹੋਏ ਹਨ, ਜਿਸ ਨਾਲ ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੀ ਸਥਾਨਕ ਅਰਥ-ਵਿਵਸਥਾ ਨੂੰ ਪ੍ਰਦਰਸ਼ਨ ਕਰਨ ਦੇ ਵੱਡੇ ਮੌਕੇ ਮਿਲੇ ਹਨ। ਜਿਵੇਂ ਬਨਾਰਸ ਵਿੱਚ ਜੀ-20 ਦੀਆਂ ਮਹੱਤਵਪੂਰਨ ਮੀਟਿੰਗਾਂ ਹੋਈਆਂ ਹਨ, ਕਾਸ਼ੀ ਤਾਮਿਲ ਸੰਗਮਮ ਅਤੇ ਕਾਸ਼ੀ ਤੇਲਗੂ ਸੰਗਮਮ ਵਰਗੇ ਸਭਿਆਚਾਰਕ ਉਤਸਵ ਹੋਏ ਹਨ, ਪ੍ਰਵਾਸੀ ਭਾਰਤੀ ਲੋਕਾਂ ਦਾ ਸੰਮੇਲਨ ਹੋਇਆ ਹੈ ਅਤੇ ਕਾਸ਼ੀ ਸ਼ੰਘਾਈ ਸਹਿਯੋਗ ਸੰਗਠਨ ਦੀ ਸਮੂਹਿਕ ਰਾਜਧਾਨੀ ਵੀ ਬਣੀ ਹੈ, ਸਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ। ਅੱਜ ਇਨ੍ਹਾਂ ਪ੍ਰਾਪਤੀਆਂ ਵਿੱਚ, ਇਹ ਚੈਂਪੀਅਨਸ਼ਿਪ ਵੀ ਇੱਕ ਰਤਨ ਦੇ ਰੂਪ ਵਿੱਚ ਜੁੜ ਰਹੀ ਹੈ। ਇਨ੍ਹਾਂ ਸਾਰੇ ਆਯੋਜਨਾਂ ਨਾਲ ਕਾਸ਼ੀ ਵੱਡੇ ਮੰਚਾਂ 'ਤੇ ਅਜਿਹੇ ਪ੍ਰੋਗਰਾਮਾਂ ਦੇ ਵੱਡੇ ਟਿਕਾਣੇ ਵਜੋਂ ਉੱਭਰ ਰਹੀ ਹੈ।

ਸਾਥੀਓ,

ਬਨਾਰਸ ਵਿੱਚ ਇਸ ਵੇਲੇ ਚੰਗੀ ਠੰਢ ਪੈਂਦੀ ਹੈ। ਅਤੇ ਇਸ ਮੌਸਮ ਵਿੱਚ ਇੱਕ ਤੋਂ ਵਧ ਕੇ ਇੱਕ ਖਾਣ ਦੀਆਂ ਚੀਜ਼ਾਂ ਵੀ ਮਿਲਦੀਆਂ ਹਨ। ਸਮਾਂ ਮਿਲੇ ਤਾਂ ਮਲਈਓ ਦਾ ਵੀ ਅਨੰਦ ਮਾਣਿਓ। ਬਾਬਾ ਵਿਸ਼ਵਨਾਥ ਦੇ ਦਰਸ਼ਨ, ਗੰਗਾ ਜੀ ਵਿੱਚ ਬੇੜੀ ਦੀ ਸਵਾਰੀ, ਇਹ ਤਜਰਬਾ ਵੀ ਆਪਣੇ ਨਾਲ ਜ਼ਰੂਰ ਲੈ ਕੇ ਜਾਇਓ। ਬਾਕੀ, ਇਸ ਟੂਰਨਾਮੈਂਟ ਵਿੱਚ ਵਧੀਆ ਖੇਡੋ, ਕਾਸ਼ੀ ਦੀ ਧਰਤੀ ਤੋਂ, ਤੁਹਾਡੀ ਹਰ ਸਪਾਈਕ, ਹਰ ਬਲਾਕ ਅਤੇ ਹਰ ਪੁਆਇੰਟ, ਭਾਰਤ ਦੀਆਂ ਖੇਡ ਉਮੀਦਾਂ ਨੂੰ ਹੋਰ ਬੁਲੰਦੀ ਦੇਵੇ, ਇਸੇ ਆਸ ਨਾਲ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ। ਵੰਦੇ ਮਾਤਰਮ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Railways to operate over 300 special trains for Jagannath Rath Yatra, 100 for Onam: Ashwini Vaishnaw

Media Coverage

Railways to operate over 300 special trains for Jagannath Rath Yatra, 100 for Onam: Ashwini Vaishnaw
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਜੁਲਾਈ 2026
July 07, 2026

PM Modi Elevating India’s Global Standing Through Diplomacy and Development