ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਨੇਤਰਹੀਣ ਮਹਿਲਾ ਟੀਮ ਦੀਆਂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਖਿਡਾਰੀਆਂ ਨਾਲ ਬਹੁਤ ਉਤਸ਼ਾਹ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਅਤੇ ਲਗਨ ਨਾਲ ਖੇਡਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਖਿਡਾਰੀ ਨਾ ਸਿਰਫ਼ ਮੈਦਾਨ 'ਤੇ ਸਗੋਂ ਜ਼ਿੰਦਗੀ ਵਿੱਚ ਵੀ ਕਦੇ ਅਸਫਲ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ।

ਵੰਦੇ ਮਾਤਰਮ ਦੇ 150 ਸਾਲਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਟੀਮ ਭਾਵਨਾ ਏਕਤਾ ਅਤੇ ਰਾਸ਼ਟਰੀ ਸਵੈਮਾਣ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇੱਕ ਟੀਮ ਖਿਡਾਰਨ ਦੀ ਸੰਗੀਤਕ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਭਗਤੀ ਗੀਤ ਗਾਏ ਅਤੇ ਇਸ ਨੂੰ ਕਾਸ਼ੀ ਦੇ ਆਪਣੇ ਸਬੰਧ ਨਾਲ ਜੋੜਿਆ।

ਪ੍ਰਧਾਨ ਮੰਤਰੀ ਨੇ ਹਲਕੇ ਜਿਹੇ ਅੰਦਾਜ਼ ਵਿੱਚ ਟੀਮ ਦੀ ਬਹੁਮੁਖੀ ਪ੍ਰਤਿਭਾ ਦੀ ਰਾਜਨੀਤੀ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਰਾਜਨੀਤੀ ਵਿੱਚ ਲੋਕ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਵਰਗੀਆਂ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹਨ, ਉਸੇ ਤਰ੍ਹਾਂ ਖਿਡਾਰੀ ਵੀ ਹਰਫ਼ਨ-ਮੌਲਾ (ਔਲਰਾਉਂਡਰ) ਹੁੰਦੇ ਹਨ।

ਖਿਡਾਰੀਆਂ ਨੇ ਸਮਾਜਿਕ ਪੱਖਪਾਤ ਅਤੇ ਪਰਿਵਾਰਕ ਮੁਸ਼ਕਲਾਂ ਸਮੇਤ ਚੁਣੌਤੀਆਂ ਨੂੰ ਪਾਰ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਇੱਕ ਖਿਡਾਰੀ ਨੇ ਆਪਣੇ ਸਵਰਗੀ ਪਿਤਾ ਦੇ ਉਨ੍ਹਾਂ ਨੂੰ ਸਫਲ ਹੁੰਦੇ ਦੇਖਣ ਦੇ ਸੁਪਨੇ ਨੂੰ ਯਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ।

ਪ੍ਰਧਾਨ ਮੰਤਰੀ ਨੇ ਟੀਮ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਫਲਤਾ ਨਾ ਸਿਰਫ਼ ਦਿਵਯਾਂਗਜਨਾਂ ਲਈ, ਸਗੋਂ ਭਾਰਤ ਦੇ ਸਾਰੇ ਨਾਗਰਿਕਾਂ ਲਈ ਇੱਕ ਪ੍ਰੇਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਭਾਰਤ ਦੇ ਨੌਜਵਾਨਾਂ ਦੀ ਤਾਕਤ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਮਾਣ ਪ੍ਰਗਟ ਕੀਤਾ ਕਿ ਦੇਸ਼ ਆਪਣੇ ਬੱਚਿਆਂ ਵਿੱਚ ਇੰਨੀ ਹਿੰਮਤ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧ ਰਿਹਾ ਹੈ।


ਗੱਲਬਾਤ ਦਾ ਸਮਾਪਨ ਕਰਦੇ ਹੋਏ, ਸ਼੍ਰੀ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੇ ਅਕਸ ਨੂੰ ਹੋਰ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੇ ਸਮਰਪਣ ਅਤੇ ਉਤਸ਼ਾਹ ਨੇ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।



