ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਵਿੱਚ ਸਵੇਰੇ ਲਗਭਗ 11:30 ਵਜੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ ਦੀ ਮੇਜ਼ਬਾਨੀ ਕਰਨਗੇ ਜੋ 9 ਤੋਂ 16 ਸਤੰਬਰ 2025 ਤੱਕ ਭਾਰਤ ਦੇ ਸਰਕਾਰੀ ਦੌਰੇ ‘ਤੇ ਹਨ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਦੇਹਰਾਦੂਨ ਜਾਣਗੇ ਅਤੇ ਸ਼ਾਮ ਲਗਭਗ 4:15 ਵਜੇ ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਸ਼ਾਮ ਲਗਭਗ 5 ਵਜੇ, ਪ੍ਰਧਾਨ ਮੰਤਰੀ ਅਧਿਕਾਰੀਆਂ ਦੇ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਇਤਿਹਾਸਿਕ ਸ਼ਹਿਰ ਵਾਰਾਣਸੀ ਵਿੱਚ ਦੋਵੇਂ ਨੇਤਾਵਾਂ ਦਰਮਿਆਨ ਹੋਣ ਵਾਲੀ ਮੀਟਿੰਗ ਸਥਾਈ ਸੱਭਿਅਤਾ ਨਾਲ ਜੁੜੇ ਸਬੰਧ, ਅਧਿਆਤਮਿਕ ਜੁੜਾਅ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਡੂੰਘੇ ਸਬੰਧਾਂ ਨੂੰ ਰੇਖਾਂਕਿਤ ਕਰਦੀ ਹੈ, ਜਿਸ ਨੇ ਭਾਰਤ ਅਤੇ ਮੌਰੀਸ਼ਸ ਦਰਮਿਆਨ ਖਾਸ ਅਤੇ ਵਿਲੱਖਣ ਸਬੰਧਾਂ ਨੂੰ ਆਕਾਰ ਦਿੱਤਾ ਹੈ।
ਦੁਵੱਲੀਆਂ ਚਰਚਾਵਾਂ ਦੌਰਾਨ, ਦੋਨੋਂ ਨੇਤਾ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਜਿਸ ਵਿੱਚ ਵਿਕਾਸ ਸਾਂਝੇਦਾਰੀ ਅਤੇ ਸਮਰੱਥਾ ਨਿਰਮਾਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਹ ਸਿਹਤ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ, ਊਰਜਾ, ਬੁਨਿਆਦੀ ਢਾਂਚੇ ਦੇ ਨਾਲ-ਨਾਲ ਨਵਿਆਉਣਯੋਗ ਊਰਜਾ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਨੀਲੀ ਅਰਥਵਿਵਸਥਾ ਜਿਹੇ ਉਭਰਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਅਵਸਰਾਂ ‘ਤੇ ਵੀ ਚਰਚਾ ਕਰਨਗੇ।
ਇਹ ਦੌਰਾ ਮਾਰਚ 2025 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮੌਰੀਸ਼ਸ ਦੀ ਸਰਕਾਰੀ ਯਾਤਰਾ ਤੋਂ ਉਤਪੰਨ ਸਕਾਰਾਤਮਕ ਮਾਹੌਲ ‘ਤੇ ਅਧਾਰਿਤ ਹੈ। ਜਿਸ ਦੌਰਾਨ ਦੋਨੋਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ 'ਵਧੀ ਹੋਈ ਰਣਨੀਤਕ ਭਾਈਵਾਲੀ' ਤੱਕ ਪਹੁੰਚਾਇਆ।
ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਕੀਮਤੀ ਭਾਈਵਾਲ ਅਤੇ ਨਜ਼ਦੀਕੀ ਸਮੁੰਦਰੀ ਪੜੋਸੀ ਦੇ ਰੂਪ ਵਿੱਚ, ਮੌਰੀਸ਼ਸ ਭਾਰਤ ਦੇ ‘ਮਹਾਸਾਗਰ’ (ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਲਈ ਆਪਸੀ ਅਤੇ ਸੰਪੂਰਨ ਪ੍ਰਗਤੀ) ਦ੍ਰਿਸ਼ਟੀਕੋਣ ਅਤੇ ‘ਗੁਆਂਢੀ ਪ੍ਰਥਮ’ ਨੀਤੀ ਦੇ ਲਈ ਮਹੱਤਵਪੂਰਨ ਹੈ। ਦੋਵੇਂ ਦੇਸ਼ਾਂ ਦਰਮਿਆਨ ਮਜ਼ਬੂਤ ਹੁੰਦਾ ਸਹਿਯੋਗ ਨਾ ਸਿਰਫ ਦੋਨੋਂ ਦੇਸ਼ਾਂ ਦੇ ਲੋਕਾਂ ਦੀ ਸਮ੍ਰਿੱਧੀ ਦੇ ਲਈ ਸਗੋਂ ਗਲੋਬਲ ਸਾਊਥ ਦੀਆਂ ਸਮੂਹਿਕ ਅਕਾਂਖਿਆਵਾਂ ਦੇ ਲਈ ਵੀ ਮਹੱਤਵਪੂਰਨ ਹੈ।
ਵਾਰਾਣਸੀ ਸਮਿਟ ਆਪਸੀ ਸਮ੍ਰਿੱਧੀ, ਟਿਕਾਊ ਵਿਕਾਸ ਅਤੇ ਸੁਰੱਖਿਅਤ ਅਤੇ ਸਮਾਵੇਸ਼ੀ ਭਵਿੱਖ ਦੀ ਦਿਸ਼ਾ ਵਿੱਚ ਭਾਰਤ ਅਤੇ ਮੌਰੀਸ਼ਸ ਦੇ ਸਾਂਝੇ ਦੌਰੇ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਸਾਬਿਤ ਹੋਵੇਗੀ।


