ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਰ ਦੇ ਦਰਸ਼ਨ ਕਰਨਗੇ। ਇਹ ਦੇਸ਼ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਮੌਕਾ ਹੋਵੇਗਾ।
ਸਵੇਰੇ ਲਗਭਗ 10 ਵਜੇ, ਪ੍ਰਧਾਨ ਮੰਤਰੀ ਸਪਤਮੰਦਿਰ ਜਾਣਗੇ, ਜਿੱਥੇ ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ, ਮਹਾਰਿਸ਼ੀ ਵਾਲਮੀਕਿ, ਦੇਵੀ ਅਹਿਲਿਆ, ਨਿਸ਼ਾਦਰਾਜ ਗੁਹਾ ਅਤੇ ਮਾਤਾ ਸ਼ਬਰੀ ਨਾਲ ਸਬੰਧਤ ਮੰਦਰ ਸੁਸ਼ੋਭਤ ਹਨ। ਇਸ ਤੋਂ ਬਾਅਦ ਉਹ ਸ਼ੇਸ਼ਵਤਾਰ ਮੰਦਰ ਦੇ ਦਰਸ਼ਨ ਕਰਨਗੇ।
ਸਵੇਰੇ ਲਗਭਗ 11 ਵਜੇ, ਪ੍ਰਧਾਨ ਮੰਤਰੀ ਮਾਤਾ ਅੰਨਪੂਰਨਾ ਮੰਦਰ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ, ਉਹ ਰਾਮ ਦਰਬਾਰ ਗਰਭ ਗ੍ਰਹਿ ਵਿਖੇ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ, ਜਿਸ ਤੋਂ ਬਾਅਦ ਰਾਮ ਲੱਲ੍ਹਾ ਗਰਭ ਗ੍ਰਹਿ ਵਿਖੇ ਦਰਸ਼ਨ ਕਰਨਗੇ।
ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਅਯੋਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਰ ਦੇ ਸਿਖਰ 'ਤੇ ਰਸਮੀ ਤੌਰ 'ਤੇ ਭਗਵਾਂ ਝੰਡਾ ਲਹਿਰਾਉਣਗੇ, ਜੋ ਮੰਦਰ ਦੀ ਉਸਾਰੀ ਦੇ ਮੁਕੰਮਲ ਹੋਣ ਅਤੇ ਸਭਿਆਚਾਰਕ ਜਸ਼ਨ ਅਤੇ ਰਾਸ਼ਟਰੀ ਏਕਤਾ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਇਸ ਇਤਿਹਾਸਕ ਮੌਕੇ 'ਤੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਹ ਪ੍ਰੋਗਰਾਮ ਮਾਰਗਸ਼ੀਰਸ਼ ਮਹੀਨੇ ਦੇ ਸ਼ੁਕਲ ਪਕਸ਼ ਦੀ ਸ਼ੁਭ ਪੰਚਮੀ ਨੂੰ ਹੋਵੇਗਾ, ਜੋ ਕਿ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਪੰਚਮੀ ਦੇ ਅਭਿਜੀਤ ਮਹੂਰਤ ਦੇ ਨਾਲ ਮੇਲ ਖਾਂਦਾ ਹੈ ਅਤੇ ਇਹ ਦਿਨ ਬ੍ਰਹਮ ਮਿਲਾਪ ਦਾ ਪ੍ਰਤੀਕ ਹੈ। ਇਹ ਮਿਤੀ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਨੇ 17ਵੀਂ ਸਦੀ ਵਿੱਚ ਅਯੋਧਿਆ ਵਿੱਚ 48 ਨਿਰਵਿਘਨ ਘੰਟੇ ਧਿਆਨ ਕੀਤਾ, ਜੋ ਇਸ ਦਿਨ ਦੇ ਅਧਿਆਤਮਕ ਮਹੱਤਵ ਨੂੰ ਹੋਰ ਵਧਾਉਂਦਾ ਹੈ।
ਦਸ ਫੁੱਟ ਉੱਚੇ ਅਤੇ ਵੀਹ ਫੁੱਟ ਲੰਬੇ ਸੱਜੇ-ਕੋਣ ਵਾਲੇ ਤਿਕੋਣੇ ਝੰਡੇ 'ਤੇ ਇੱਕ ਚਮਕਦੇ ਸੂਰਜ ਦੀ ਤਸਵੀਰ ਉੱਕਰੀ ਹੋਈ ਹੈ, ਜੋ ਭਗਵਾਨ ਸ਼੍ਰੀ ਰਾਮ ਦੇ ਚਾਨਣ ਅਤੇ ਬਹਾਦਰੀ ਦਾ ਪ੍ਰਤੀਕ ਹੈ, ਇਸ ਦੇ ਨਾਲ ਹੀ ਕੋਵਿਡਾਰਾ ਰੁੱਖ ਨਾਲ 'ਓਮ' ਅੰਕਿਤ ਕੀਤਾ ਗਿਆ ਹੈ। ਇਹ ਪਵਿੱਤਰ ਭਗਵਾ ਝੰਡਾ ਰਾਮ ਰਾਜ ਦੇ ਆਦਰਸ਼ਾਂ ਨੂੰ ਦਰਸਾਉਂਦੇ ਹੋਏ ਸਨਮਾਨ, ਏਕਤਾ ਅਤੇ ਸਭਿਆਚਾਰਕ ਨਿਰੰਤਰਤਾ ਦਾ ਸੁਨੇਹਾ ਦੇਵੇਗਾ।
ਇਹ ਝੰਡਾ ਪਰੰਪਰਾਗਤ ਉੱਤਰੀ ਭਾਰਤੀ ਨਾਗਰਾ ਭਵਨ ਨਿਰਮਾਣ ਕਲਾ ਦੀ ਸ਼ੈਲੀ ਵਿੱਚ ਬਣੇ ਸਿਖਰ ਦੇ ਉੱਪਰ ਲਹਿਰਾਇਆ ਜਾਵੇਗਾ, ਜਦਕਿ ਆਲੇ-ਦੁਆਲੇ 800-ਮੀਟਰ ਪਾਰਕੋਟਾ, ਮੰਦਰ ਦੇ ਆਲੇ-ਦੁਆਲੇ ਬਣਾਇਆ ਗਿਆ ਇੱਕ ਪਰਿਕਰਮਾਤਮਕ ਘੇਰਾ, ਜੋ ਦੱਖਣੀ ਭਾਰਤੀ ਭਵਨ ਨਿਰਮਾਣ ਕਲਾ ਪਰੰਪਰਾ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਮੰਦਰ ਦੀ ਆਰਕੀਟੈਕਚਰਲ ਭਿੰਨਤਾ ਨੂੰ ਦਰਸਾਉਂਦਾ ਹੈ।
ਮੰਦਰ ਕੰਪਲੈਕਸ ਵਿੱਚ ਮੁੱਖ ਮੰਦਰ ਦੀਆਂ ਬਾਹਰੀ ਕੰਧਾਂ ‘ਤੇ ਵਾਲਮੀਕਿ ਰਾਮਾਇਣ ਅਨੁਸਾਰ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਸਬੰਧਤ 87 ਸੁੰਦਰਤਾ ਨਾਲ ਪੱਥਰ 'ਤੇ ਉਕੇਰੀਆਂ ਝਲਕੀਆਂ ਹਨ ਅਤੇ ਘੇਰੇ ਦੀਆਂ ਕੰਧਾਂ ਨਾਲ-ਨਾਲ ਭਾਰਤੀ ਸਭਿਆਚਾਰ ਦੀਆਂ 79 ਕਾਂਸੇ ਵਿੱਚ ਢਾਲੀਆਂ ਗਈਆਂ ਝਲਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਹ ਸਾਰੀਆਂ ਚੀਜ਼ਾਂ ਮਿਲ ਕੇ ਸਾਰੇ ਸੈਲਾਨੀਆਂ ਨੂੰ ਇੱਕ ਅਰਥਪੂਰਨ ਅਤੇ ਵਿੱਦਿਅਕ ਤਜਰਬਾ ਪ੍ਰਦਾਨ ਕਰਦੀਆਂ ਹਨ, ਜੋ ਭਗਵਾਨ ਸ਼੍ਰੀ ਰਾਮ ਦੇ ਜੀਵਨ ਅਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਬਾਰੇ ਅਹਿਮ ਜਾਣਕਾਰੀ ਦਿੰਦੀਆਂ ਹਨ।


