ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਵਾਰੰਗਲ ਵਿੱਚ 'ਪੀਐੱਮ ਮਿੱਤਰ ਪਾਰਕ' ਦਾ ਉਦਘਾਟਨ ਕਰਨਗੇ ਅਤੇ ਸੰਗਾਰੈੱਡੀ ਵਿੱਚ ਜ਼ਹੀਰਾਬਾਦ ਉਦਯੋਗਿਕ ਖੇਤਰ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਹੈਦਰਾਬਾਦ-ਪਣਜੀ ਆਰਥਿਕ ਗਲਿਆਰੇ 'ਤੇ ਗੁਡੇਬੇਲੂਰ ਤੋਂ ਮਹਿਬੂਬਨਗਰ ਤੱਕ ਰਾਸ਼ਟਰੀ ਰਾਜਮਾਰਗ-167 ਨੂੰ ਚਾਰ-ਮਾਰਗੀ ਕਰਨ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਹੈਦਰਾਬਾਦ ਦੇ ਮਲਕਾਪੁਰ ਵਿੱਚ ਇੰਡੀਅਨ ਆਇਲ ਦੇ ਗ੍ਰੀਨਫੀਲਡ ਟਰਮੀਨਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਕੈਂਸਰ ਦੇ ਇਲਾਜ ਲਈ ਚਾਰ ਭਾਗਾਂ ਵਾਲੇ ਅਤਿ-ਆਧੁਨਿਕ ਮਲਟੀ ਸੁਪਰ ਸਪੈਸ਼ਲਿਟੀ ਦੇਖਭਾਲ ਹਸਪਤਾਲ, ਸਿੰਧੂ ਹਸਪਤਾਲ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ 'ਆਰਟ ਆਫ ਲਿਵਿੰਗ' ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 10 ਮਈ, 2026 ਨੂੰ ਕਰਨਾਟਕ ਅਤੇ ਤੇਲੰਗਾਨਾ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11 ਵਜੇ ਬੈਂਗਲੁਰੂ ਵਿੱਚ 'ਆਰਟ ਆਫ਼ ਲਿਵਿੰਗ' ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਲਈ ਰਵਾਨਾ ਹੋਣਗੇ ਅਤੇ ਦੁਪਹਿਰ ਲਗਭਗ 3 ਵਜੇ ਉਹ ਲਗਭਗ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ ’ਤੇ ਇੱਕਠ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 3:45 ਵਜੇ ਹੈਦਰਾਬਾਦ ਵਿੱਚ ਸਿੰਧੂ ਹਸਪਤਾਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ

ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਵੱਲੋਂ 1981 ਵਿੱਚ ਸਥਾਪਿਤ 'ਆਰਟ ਆਫ਼ ਲਿਵਿੰਗ' ਇੱਕ ਵਿਸ਼ਵ-ਵਿਆਪੀ ਸਵੈ-ਸੇਵੀ ਅਤੇ ਵਿੱਦਿਅਕ ਸੰਗਠਨ ਵਜੋਂ ਵਿਕਸਤ ਹੋਇਆ ਹੈ। ਇਹ ਸੰਗਠਨ 182 ਦੇਸ਼ਾਂ ਵਿੱਚ ਹੈ। ਪ੍ਰਧਾਨ ਮੰਤਰੀ ਸੰਗਠਨ ਦੀ 45ਵੀਂ ਵਰ੍ਹੇਗੰਢ ਅਤੇ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਦੇ 70ਵੇਂ ਜਨਮ ਦਿਨ ਸਮਾਰੋਹ ਵਿੱਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿੱਚ ਨਵੇਂ ਬਣੇ ਧਿਆਨ ਮੰਦਰ ਦਾ ਵੀ ਉਦਘਾਟਨ ਕਰਨਗੇ। ਇਹ ਅੰਦਰੂਨੀ ਸ਼ਾਂਤੀ ਅਤੇ ਸੰਪੂਰਨ ਕਲਿਆਣ ਲਈ ਇੱਕ ਸਮਰਪਿਤ ਮੈਡੀਟੇਸ਼ਨ ਹਾਲ ਹੈ। ਉਹ ਆਰਟ ਆਫ਼ ਲਿਵਿੰਗ ਦੀਆਂ ਦੇਸ਼ ਵਿਆਪੀ ਸੇਵਾ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕਰਨਗੇ, ਜਿਨ੍ਹਾਂ ਵਿੱਚ ਮਾਨਸਿਕ ਸਿਹਤ, ਪੇਂਡੂ ਵਿਕਾਸ, ਕੁਦਰਤ ਦੀ ਸੰਭਾਲ ਅਤੇ ਸਮਾਜਿਕ ਪਰਿਵਰਤਨ 'ਤੇ ਸਾਲ ਭਰ ਚੱਲਣ ਵਾਲੇ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ

ਪ੍ਰਧਾਨ ਮੰਤਰੀ ਲਗਭਗ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹਨਾਂ ਪ੍ਰੋਜੈਕਟਾਂ ਦਾ ਸਮੂਹਿਕ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਲੌਜਿਸਟਿਕ ਕੁਸ਼ਲਤਾ ਵਿੱਚ ਸੁਧਾਰ ਕਰਨਾ, ਸੁਰੱਖਿਆ ਵਧਾਉਣਾ ਅਤੇ ਮੁਸਾਫ਼ਰਾਂ ਨੂੰ ਯਾਤਰਾ ਦਾ ਬਿਹਤਰ ਤਜਰਬਾ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਹੈਦਰਾਬਾਦ-ਪਣਜੀ ਆਰਥਿਕ ਗਲਿਆਰੇ 'ਤੇ ਗੁਡੇਬੇਲੂਰ ਤੋਂ ਮਹਿਬੂਬਨਗਰ ਤੱਕ ਰਾਸ਼ਟਰੀ ਰਾਜਮਾਰਗ-167 ਨੂੰ ਚਾਰ-ਮਾਰਗੀ ਕਰਨ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 3,175 ਕਰੋੜ ਰੁਪਏ ਤੋਂ ਵੱਧ ਹੈ। ਇਸ ਪ੍ਰੋਜੈਕਟ ਨਾਲ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਯਕੀਨੀ ਹੋਵੇਗੀ, ਜਿਸ ਨਾਲ ਯਾਤਰਾ ਦੇ ਸਮੇਂ ਵਿੱਚ ਲਗਭਗ 1 ਘੰਟਾ 30 ਮਿੰਟ ਦੀ ਕਮੀ ਆਵੇਗੀ ਅਤੇ ਬਾਲਣ ਦੀ ਖਪਤ ਦੇ ਨਾਲ-ਨਾਲ ਵਾਹਨਾਂ ਦੇ ਰੱਖ-ਰਖਾਅ ਦੇ ਖਰਚੇ ਵਿੱਚ ਵੀ ਕਮੀ ਆਵੇਗੀ। ਇਹ ਰਾਜਮਾਰਗ ਤੇਲੰਗਾਨਾ ਅਤੇ ਕਰਨਾਟਕ ਵਿਚਕਾਰ ਸੰਪਰਕ ਨੂੰ ਮਜ਼ਬੂਤ ​​ਕਰੇਗਾ ਅਤੇ ਦੋਵਾਂ ਸੂਬਿਆਂ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਸੰਗਾਰੈੱਡੀ ਜ਼ਿਲ੍ਹੇ ਵਿੱਚ ਹੈਦਰਾਬਾਦ-ਨਾਗਪੁਰ ਉਦਯੋਗਿਕ ਕੌਰੀਡੋਰ (ਐੱਚਐੱਨਆਈਸੀ) ਦੇ ਅਧੀਨ ਵਿਕਸਤ ਕੀਤੇ ਜਾ ਰਹੇ ਜ਼ਹੀਰਾਬਾਦ ਉਦਯੋਗਿਕ ਖੇਤਰ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਪ੍ਰੋਗਰਾਮ ਦਾ ਹਿੱਸਾ ਹੈ। 3,245 ਏਕੜ ਵਿੱਚ ਫੈਲੇ ਇਸ ਖੇਤਰ ਨੂੰ 2,350 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਰਣਨੀਤਕ ਤੌਰ 'ਤੇ ਰਾਸ਼ਟਰੀ ਰਾਜਮਾਰਗ-65 ਦੇ ਕਿਨਾਰੇ ਸਥਿਤ ਹੈ ਅਤੇ ਪ੍ਰਮੁੱਖ ਸ਼ਹਿਰਾਂ, ਬੰਦਰਗਾਹਾਂ, ਰੇਲ ਨੈੱਟਵਰਕ ਅਤੇ ਹਵਾਈ ਅੱਡਿਆਂ ਨਾਲ ਨਿਰਵਿਘਨ ਬਹੁ-ਆਯਾਮੀ (ਮਲਟੀ-ਮੋਡਲ) ਸੰਪਰਕ ਪ੍ਰਦਾਨ ਕਰੇਗਾ।

ਇੱਕ ਸਮਾਰਟ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ ਵਜੋਂ ਕਲਪਨਾ ਕੀਤੇ ਗਏ, ਜ਼ਹੀਰਾਬਾਦ ਉਦਯੋਗਿਕ ਖੇਤਰ ਵਿੱਚ ਉੱਨਤ ਅਤੇ ਟਿਕਾਊ ਬੁਨਿਆਦੀ ਢਾਂਚਾ ਹੋਵੇਗਾ ਅਤੇ ਇਹ ਅਗਲੀ ਪੀੜ੍ਹੀ ਦੇ ਉਦਯੋਗਾਂ ਲਈ ਸਹਾਇਕ ਹੋਵੇਗਾ। ਪ੍ਰਮੁੱਖ ਖੇਤਰਾਂ ਵਿੱਚ ਆਟੋਮੋਬਾਈਲ, ਫੂਡ ਪ੍ਰੋਸੈਸਿੰਗ, ਮਸ਼ੀਨਰੀ, ਧਾਤ ਅਤੇ ਬਿਜਲੀ ਦੇ ਉਪਕਰਨ ਸ਼ਾਮਲ ਹਨ। ਇਸ ਪ੍ਰੋਜੈਕਟ ਨਾਲ ਲਗਭਗ 10,000 ਕਰੋੜ ਰੁਪਏ ਦੇ ਨਿਵੇਸ਼ ਹੋਣ ਅਤੇ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਮਿਲੇਗਾ।

ਪ੍ਰਧਾਨ ਮੰਤਰੀ ਵਾਰੰਗਲ ਵਿੱਚ ਪੀਐੱਮ ਮਿੱਤਰ ਪਾਰਕ ਦਾ ਉਦਘਾਟਨ ਕਰਨਗੇ, ਜਿਸ ਨੂੰ ਕਾਕਤੀਆ ਮੈਗਾ ਟੈਕਸਟਾਈਲ ਪਾਰਕ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ 'ਪੀਐੱਮ ਮਿੱਤਰ ਯੋਜਨਾ' ਦੇ ਅਧੀਨ ਵਿਕਸਤ ਕੀਤਾ ਗਿਆ ਹੈ। ਲਗਭਗ 1,700 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵਿਕਸਤ ਇਹ ਪਾਰਕ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਚਾਲੂ ਪੀਐੱਮ ਮਿੱਤਰ ਪਾਰਕ ਹੈ ਅਤੇ ਭਾਰਤ ਸਰਕਾਰ ਦੇ 5ਜੀ ਵਿਜ਼ਨ - ਫਾਰਮ ਟੂ ਫਾਈਬਰ ਟੂ ਫੈਕਟਰੀ ਟੂ ਫੈਸ਼ਨ ਟੂ ਫਾਰੇਨ - ਨੂੰ ਪੂਰਾ ਕਰਦਾ ਹੈ। ਪ੍ਰਸਤਾਵਿਤ ਨਾਗਪੁਰ-ਵਿਜੇਵਾੜਾ ਗ੍ਰੀਨਫੀਲਡ ਐਕਸਪ੍ਰੈਸਵੇਅ (ਰਾਸ਼ਟਰੀ ਰਾਜਮਾਰਗ-163ਜੀ) ਦੇ ਨੇੜੇ ਅਤੇ ਰਾਸ਼ਟਰੀ ਰਾਜਮਾਰਗ-163 ਦੇ ਕਰੀਬ ਸਥਿਤ ਇਹ ਪਾਰਕ ਪ੍ਰਮੁੱਖ ਰੇਲਵੇ ਨੈੱਟਵਰਕ ਅਤੇ ਬੰਦਰਗਾਹਾਂ ਨਾਲ ਸ਼ਾਨਦਾਰ ਮਲਟੀਮੋਡਲ ਸੰਪਰਕ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਸ਼ਵ-ਵਿਆਪੀ ਵਪਾਰ ਲਈ ਸੁਚਾਰੂ ਲੌਜਿਸਟਿਕਸ ਯਕੀਨੀ ਹੁੰਦੀ ਹੈ। ਵਿਸ਼ਵ ਪੱਧਰੀ ਉਦਯੋਗਿਕ ਪ੍ਰਣਾਲੀ ਵਜੋਂ ਤਿਆਰ ਕੀਤਾ ਗਿਆ ਇਹ ਪਾਰਕ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ, ਜਿਸ ਵਿੱਚ ਇੱਕ ਵਿਆਪਕ ਅੰਦਰੂਨੀ ਸੜਕ ਨੈੱਟਵਰਕ, ਸਮਰਪਿਤ ਬਿਜਲੀ ਸਬ-ਸਟੇਸ਼ਨ ਅਤੇ ਯਕੀਨੀ ਜਲ ਸਪਲਾਈ ਸ਼ਾਮਲ ਹੈ। ਇਹ 'ਜ਼ੀਰੋ ਲਿਕਵਿਡ ਡਿਸਚਾਰਜ' ਤਕਨੀਕ ਵਾਲੇ ਜਨਤਕ ਗੰਦੇ ਪਾਣੀ ਦੇ ਸੋਧ ਪਲਾਂਟ ਰਾਹੀਂ ਟਿਕਾਊ ਵਿਕਾਸ 'ਤੇ ਵੀ ਜ਼ੋਰ ਦਿੰਦਾ ਹੈ।

ਪ੍ਰਧਾਨ ਮੰਤਰੀ ਲਗਭਗ 1,535 ਕਰੋੜ ਰੁਪਏ ਦੇ ਪ੍ਰਮੁੱਖ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਕਾਜ਼ੀਪੇਟ-ਵਿਜੇਵਾੜਾ ਮਲਟੀ-ਟ੍ਰੈਕਿੰਗ ਪ੍ਰੋਜੈਕਟ ਦੇ 118 ਕਿਲੋਮੀਟਰ ਲੰਬੇ ਕਈ ਹਿੱਸੇ ਸ਼ਾਮਲ ਹਨ। ਇਹ ਪ੍ਰੋਜੈਕਟ ਵਿਅਸਤ 'ਗ੍ਰੈਂਡ ਟਰੰਕ ਕੌਰੀਡੋਰ' ਦੀ ਲਾਈਨ ਸਮਰੱਥਾ ਨੂੰ ਵਧਾਏਗਾ, ਜਿਸ ਨਾਲ ਰੇਲਗੱਡੀਆਂ ਦੀ ਰਫ਼ਤਾਰ ਤੇਜ਼ ਹੋਵੇਗੀ, ਭੀੜ ਘਟੇਗੀ, ਸਮੇਂ ਦੀ ਪਾਬੰਦਤਾ ਵਿੱਚ ਸੁਧਾਰ ਹੋਵੇਗਾ ਅਤੇ ਪੂਰੇ ਖੇਤਰ ਵਿੱਚ ਮਾਲ ਢੋਆ-ਢੁਆਈ ਨੂੰ ਹੁਲਾਰਾ ਮਿਲੇਗਾ।

ਇਸ ਤੋਂ ਇਲਾਵਾ, ਕਾਜ਼ੀਪੇਟ ਰੇਲ ਅੰਡਰ-ਰੇਲ ਬਾਈਪਾਸ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਰਣਨੀਤਕ ਪ੍ਰੋਜੈਕਟ ਹੈਦਰਾਬਾਦ, ਬਲਹਾਰਸ਼ਾਹ ਅਤੇ ਵਿਜੇਵਾੜਾ ਵੱਲ ਇੱਕੋ ਸਮੇਂ ਰੇਲਗੱਡੀਆਂ ਦੀ ਆਵਾਜਾਈ ਨੂੰ ਸਮਰੱਥ ਬਣਾ ਕੇ ਕਾਜ਼ੀਪੇਟ ਜੰਕਸ਼ਨ 'ਤੇ ਭੀੜ-ਭੜੱਕੇ ਨੂੰ ਘੱਟ ਕਰੇਗਾ, ਜਿਸ ਨਾਲ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਦੇਰੀ ਘੱਟ ਹੋਵੇਗੀ।

ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਇੰਡੀਅਨ ਆਇਲ ਦੀ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਮਲਕਾਪੁਰ ਟਰਮੀਨਲ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਮਲਕਾਪੁਰ ਟਰਮੀਨਲ ਦੀ ਸਥਾਪਨਾ ਪੈਟਰੋਲੀਅਮ ਉਤਪਾਦਾਂ ਦੀ ਉਤਪਾਦਨ ਸਮਰੱਥਾ ਵਧਾਉਣ ਅਤੇ ਖੇਤਰ ਦੀ ਵਧ ਰਹੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਕੀਤੀ ਗਈ ਹੈ। ਇਸ ਟਰਮੀਨਲ ਦੀ ਕੁੱਲ ਟੈਂਕ ਸਮਰੱਥਾ 1,65,000 ਕਿਲੋਲੀਟਰ ਹੈ।

ਭਾਰਤ ਦੇ ਸਿਹਤ ਸੇਵਾ ਬੁਨਿਆਦੀ ਢਾਂਚੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਸਥਿਤ ਸਿੰਧੂ ਹਸਪਤਾਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਕੈਂਸਰ ਦੇ ਇਲਾਜ ਲਈ ਇੱਕ ਅਤਿ-ਆਧੁਨਿਕ ਮਲਟੀ ਸੁਪਰ ਸਪੈਸ਼ਲਿਟੀ ਗੈਰ-ਲਾਭਕਾਰੀ ਸੰਸਥਾ ਹੈ। 2.1 ਮਿਲੀਅਨ ਵਰਗ ਫੁੱਟ ਵਿੱਚ ਫੈਲੇ ਇਸ 18 ਮੰਜ਼ਿਲਾ ਹਸਪਤਾਲ ਵਿੱਚ 1,500 ਬਿਸਤਰੇ, 150 ਤੋਂ ਵੱਧ ਡਾਕਟਰ ਸਲਾਹ-ਮਸ਼ਵਰਾ ਕਮਰੇ ਅਤੇ 29 ਉੱਨਤ ਆਪ੍ਰੇਸ਼ਨ ਥੀਏਟਰ ਹਨ। ਹਸਪਤਾਲ ਵਿੱਚ ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ, ਕੈਂਸਰ ਸਰਜਰੀ, ਬੋਨ ਮੈਰੋ ਟ੍ਰਾਂਸਪਲਾਂਟ, ਉੱਨਤ ਤੀਬਰ ਦੇਖਭਾਲ ਅਤੇ 33 ਤੋਂ ਵੱਧ ਵਿਸ਼ੇਸ਼ਤਾਵਾਂ ਸਮੇਤ ਵਿਆਪਕ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਅਤਿ-ਆਧੁਨਿਕ ਟੈਸਟ ,ਆਧੁਨਿਕ ਪ੍ਰਯੋਗਸ਼ਾਲਾ ਅਤੇ ਬਲੱਡ ਸੈਂਟਰ ਦੀਆਂ ਸਹੂਲਤਾਂ ਵੀ ਮੌਜੂਦ ਹਨ।

ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ 'ਵਿਕਸਿਤ ਤੇਲੰਗਾਨਾ ਫਾਰ ਵਿਕਸਿਤ ਭਾਰਤ' ਦੇ ਵਿਜ਼ਨ ਨੂੰ ਦਰਸਾਉਂਦੇ ਹਨ। ਇਹ ਵਿਜ਼ਨ ਆਰਥਿਕ ਵਿਕਾਸ ਨੂੰ ਗਤੀ ਦੇਣ, ਜੀਵਨ ਦੇ ਮਿਆਰ ਵਿੱਚ ਸੁਧਾਰ ਕਰਨ ਅਤੇ ਇੱਕ ਤੇਜ਼ ਅਤੇ ਵਧੇਰੇ ਜੁੜੇ ਹੋਏ ਰਾਸ਼ਟਰ ਦੇ ਨਿਰਮਾਣ ਲਈ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੇਂਦਰਿਤ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
From 17,000 Violent Incidents To Bastar Olympics: How PM Modi Got The Maoists To Turn In

Media Coverage

From 17,000 Violent Incidents To Bastar Olympics: How PM Modi Got The Maoists To Turn In
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਜੂਨ 2026
June 23, 2026

Holistic Development under the Modi Government: Delivering Positive Transformation Across Every Sector