ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25-26 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ 25 ਅਗਸਤ ਨੂੰ ਸ਼ਾਮ ਲਗਭਗ 6 ਵਜੇ ਅਹਿਮਦਾਬਾਦ ਦੇ ਖੋਡਲਧਾਮ ਮੈਦਾਨ ਵਿੱਚ 5,400 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।
26 ਅਗਸਤ ਨੂੰ ਸਵੇਰੇ ਲਗਭਗ 10:30 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਹੰਸਲਪੁਰ ਵਿੱਚ ਹਾਇਬ੍ਰਿਡ ਬੈਟਰੀ ਇਲੈਕਟ੍ਰੋਡ ਦੇ ਸਥਾਨਕ ਉਤਪਾਦਨ ਦਾ ਉਦਘਾਟਨ ਕਰਨਗੇ ਅਤੇ 100 ਦੇਸ਼ਾਂ ਨੂੰ ਬੈਟਰੀ ਇਲੈਕਟ੍ਰਿਕ ਵਾਹਨਾਂ ਦੇ ਨਿਰਯਾਤ ਨੂੰ ਹਰੀ ਝੰਡੀ ਦਿਖਾਉਣਗੇ। ਇਸ ਅਵਸਰ ‘ਤੇ ਉਹ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 1,400 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਵਿੱਚ 530 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 65 ਕਿਲੋਮੀਟਰ ਮਹੇਸਾਣਾ-ਪਾਲਨਪੁਰ (Mahesana-Palanpur) ਰੇਲ ਲਾਈਨ ਦਾ ਦੋਹਰੀਕਰਣ, 860 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ 37 ਕਿਲੋਮੀਟਰ ਕਲੋਲ-ਕਡੀ-ਕਟੋਸਨ (Kalol-Kadi-Katosan) ਰੋਡ ਰੇਲ ਲਾਈਨ ਅਤੇ 40 ਕਿਲੋਮੀਟਰ ਬੇਚਰਾਜੀ-ਰਾਨੁਜ (Bechraji-Ranuj) ਰੇਲ ਲਾਈਨ ਦਾ ਗੇਜ ਪਰਿਵਰਤਨ ਸ਼ਾਮਲ ਹੈ। ਇਸ ਬ੍ਰੌਡ-ਗੇਜ ਸਮਰੱਥਾ ਦੇ ਵਧਣ ਨਾਲ, ਇਹ ਪ੍ਰੋਜੈਕਟ ਇਸ ਖੇਤਰ ਵਿੱਚ ਸੁਗਮ, ਸੁਰੱਖਿਅਤ ਅਤੇ ਵੱਧ ਨਿਰਵਿਘਨ ਕਨੈਕਟੀਵਿਟੀ ਯਕੀਨੀ ਬਣਾਉਣਗੇ। ਇਸ ਨਾਲ ਖੇਤਰੀ ਆਰਥਿਕ ਏਕੀਕਰਣ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਰੋਜ਼ਾਨਾ ਯਾਤਰੀਆਂ, ਟੂਰਿਸਟਾਂ ਅਤੇ ਵਪਾਰ ਦੇ ਲਈ ਯਾਤਰਾ ਬਹੁਤ ਅਸਾਨ ਹੋ ਜਾਵੇਗੀ। ਇਸ ਦੇ ਇਲਾਵਾ, ਕਟੋਸਨ ਰੋਡ ਅਤੇ ਸਾਬਰਮਤੀ ਰੋਡ ਦਰਮਿਆਨ ਯਾਤਰੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਨਾਲ ਧਾਰਮਿਕ ਸਥਲਾਂ ਤੱਕ ਬਿਹਤਰ ਪਹੁੰਚ ਉਪਲਬਧ ਹੋਵੇਗੀ ਅਤੇ ਜ਼ਮੀਨੀ ਪੱਧਰ ‘ਤੇ ਆਰਥਿਕ ਗਤੀਵਿਧੀ ਨੂੰ ਹੁਲਾਰਾ ਮਿਲੇਗਾ। ਬੇਚਰਾਜੀ ਤੋਂ ਕਾਰ-ਲੋਡੇਡ ਮਾਲਗੱਡੀ ਸੇਵਾ ਨਾਲ ਰਾਜ ਦੇ ਉਦਯੋਗਿਕ ਕੇਂਦਰਾਂ ਵਿੱਚ ਸੰਪਰਕ ਵਧੇਗਾ, ਲੌਜਿਸਟਿਕਸ ਨੈੱਟਵਰਕ ਮਜ਼ਬੂਤ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
ਕਨੈਕਟੀਵਿਟੀ ਵਿੱਚ ਸੁਧਾਰ, ਯਾਤਰੀਆਂ ਦੀ ਸੁਰੱਖਿਆ ਵਧਾਉਣ ਅਤੇ ਖੇਤਰੀ ਵਿਕਾਸ ਨੂੰ ਗਤੀ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਵੀਰਮਗਾਮ-ਖੁਦਾਦ-ਰਾਮਪੁਰਾ ਸੜਕ ਦੇ ਚੌਰੀਕਰਣ ਦਾ ਉਦਘਾਟਨ ਕਰਨਗੇ। ਉਹ ਅਹਿਮਦਾਬਾਦ-ਮੇਹਸਾਣਾ-ਪਾਲਨਪੁਰ ਮਾਰਗ ‘ਤੇ ਛੇ ਲੇਨ ਵਾਲੇ ਵਾਹਨ ਅੰਡਰਪਾਸ ਅਤੇ ਅਹਿਮਦਾਬਾਦ-ਵੀਰਮਗਾਮ ਰਾਹ ‘ਤੇ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਦੀ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਪਹਿਲਕਦਮੀਆਂ ਨਾਲ ਇਸ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਟ੍ਰਾਂਸਪੋਰਟ ਸਮਰੱਥਾ ਵਿੱਚ ਸੁਧਾਰ ਹੋਵੇਗਾ ਅਤੇ ਆਰਥਿਕ ਅਵਸਰ ਵਧਣਗੇ।
ਰਾਜ ਵਿੱਚ ਬਿਜਲੀ ਖੇਤਰ ਨੂੰ ਇੱਕ ਵੱਡਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਉੱਤਰ ਗੁਜਰਾਤ ਵਿਜ ਕੰਪਨੀ ਲਿਮਿਟੇਡ (ਯੂਜੀਵੀਸੀਐੱਲ) ਦੇ ਤਹਿਤ ਅਹਿਮਦਾਬਾਦ, ਮੇਹਸਾਣਾ ਅਤੇ ਗਾਂਧੀਨਗਰ ਵਿੱਚ ਬਿਜਲੀ ਵੰਡ ਪ੍ਰੋਜੈਕਟਾਂ ਦਾ ਉਦਘਟਾਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਮੁੜ-ਗਠਿਤ ਵੰਡ ਖੇਤਰ ਯੋਜਨਾ ਦੇ ਤਹਿਤ ਘਾਟੇ ਨੂੰ ਘੱਟ ਕਰਨਾ, ਨੈੱਟਵਰਕ ਦਾ ਆਧੁਨਿਕੀਕਰਣ ਕਰਨਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। 1000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਪ੍ਰਤੀਕੂਲ ਮੌਸਮ ਦੌਰਾਨ ਬਿਜਲੀ ਦੀ ਸਪਲਾਈ ਵਿੱਚ ਰੁਕਾਵਟਾਂ ਅਤੇ ਬਿਜਲੀ ਕਟੌਤੀ ਨੂੰ ਘੱਟ ਕਰਨਗੇ, ਜਨ ਸੁਰੱਖਿਆ, ਟ੍ਰਾਂਸਫਾਰਮਰ ਦੀ ਸੁਰੱਖਿਆ ਅਤੇ ਬਿਜਲੀ ਸਪਲਾਈ ਨੈੱਟਵਰਕ ਦੀ ਭਰੋਸੇਯੋਗਤਾ ਵਿੱਚ ਸੁਧਾਰ ਲਿਆਉਣਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਇਨ ਸੀਟੂ ਸਲੱਮ ਰੀਹੈਬਲੀਟੇਸ਼ਨ ਕੰਪੋਨੈਂਟ ਦੇ ਤਹਿਤ ਰਾਮਾਪੀਰ ਨੋ ਟੇਕਰੋ ਦੇ ਸੈਕਟਰ-3 ਵਿਖੇ ਸਥਿਤ ਸਲੱਮ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਅਹਿਮਦਾਬਾਦ ਦੇ ਆਸਪਾਸ ਸਰਦਾਰ ਪਟੇਲ ਰਿੰਗ ਰੋਡ ‘ਤੇ ਆਵਾਜਾਈ ਸੁਗਮ ਬਣਾਉਣ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਦੇ ਲਈ ਕੀਤੀ ਜਾ ਰਹੀ ਪ੍ਰਮੁੱਖ ਸੜਕ ਚੌੜਾਕਰਣ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ। ਉਹ ਜਲ ਅਤੇ ਸੀਵਰੇਜ ਮੈਨੇਜਮੈਂਟ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਮੁੱਖ ਸ਼ਹਿਰੀ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਸ਼ਾਸਨਿਕ ਕੁਸ਼ਲਤਾ ਅਤੇ ਜਨਤਕ ਸੇਵਾ ਵੰਡ ਨੂੰ ਮਜ਼ਬੂਤ ਕਰਨ ਦੇ ਲਈ, ਪ੍ਰਧਾਨ ਮੰਤਰੀ ਗੁਜਰਾਤ ਵਿੱਚ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਵਿੱਚ ਅਹਿਮਦਾਬਾਦ ਪੱਛਮ ਵਿੱਚ ਇੱਕ ਨਵੇਂ ਸਟੈਂਪ ਅਤੇ ਰਜਿਸਟ੍ਰੇਸ਼ਨ ਭਵਨ ਦਾ ਨਿਰਮਾਣ ਸ਼ਾਮਲ ਹੈ। ਇਸ ਦਾ ਉਦੇਸ਼ ਨਾਗਰਿਕ-ਕੇਂਦ੍ਰਿਤ ਸੇਵਾਵਾਂ ਵਿੱਚ ਸੁਧਾਰ ਲਿਆਉਣਾ ਹੈ। ਇਸ ਦੇ ਇਲਾਵਾ, ਗਾਂਧੀਨਗਰ ਵਿੱਚ ਇੱਕ ਰਾਜ-ਪੱਧਰੀ ਡੇਟਾ ਸਟੋਰੇਜ ਕੇਂਦਰ ਦੀ ਸਥਾਪਨਾ ਵੀ ਸ਼ਾਮਲ ਹੈ ਜਿਸ ਦਾ ਉਦੇਸ਼ ਪੂਰੇ ਗੁਜਰਾਤ ਵਿੱਚ ਸੁਰੱਖਿਅਤ ਡੇਟਾ ਪ੍ਰਬੰਧਨ ਅਤੇ ਡਿਜੀਟਲ ਸ਼ਾਸਨ ਸਮਰੱਥਾਵਾਂ ਨੂੰ ਵਧਾਉਣਾ ਹੈ।
26 ਅਗਸਤ ਨੂੰ, ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਹੰਸਲਪੁਰ ਸਥਿਤ ਸੁਜ਼ੁਕੀ ਮੋਟਰ ਪਲਾਂਟ ਵਿੱਚ ਦੋ ਇਤਿਹਾਸਿਕ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ। ਇਹ ਇਤਿਹਾਸਿਕ ਪਹਿਲ ਭਾਰਤ ਦੀ ਗ੍ਰੀਨ ਮੋਬੀਲਿਟੀ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਉਭਰਨ ਨੂੰ ਦਰਸਾਉਂਦੀ ਹੈ ਅਤੇ ਨਾਲ ਹੀ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਵੀ ਅੱਗੇ ਵਧਾਉਂਦੀ ਹੈ।
ਮੇਕ ਇਨ ਇੰਡੀਆ ਦੀ ਸਫਲਤਾ ਦੇ ਇੱਕ ਪ੍ਰਮੁੱਖ ਉਦਾਹਰਣ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਸੁਜ਼ੁਕੀ ਦੇ ਪਹਿਲੇ ਆਲਮੀ ਰਣਨੀਤਕ ਬੈਟਰੀ ਇਲੈਕਟ੍ਰਿਕ ਵਾਹਨ (ਬੀਈਵੀ) “ਈ ਵਿਟਾਰਾ” ਦਾ ਉਦਘਾਟਨ ਕਰਨਗੇ ਅਤੇ ਹਰੀ ਝੰਡੀ ਦਿਖਾਉਣਗੇ। ਭਾਰਤ ਵਿੱਚ ਨਿਰਮਿਤ ਇਨ੍ਹਾਂ ਬੀਈਵੀ ਦਾ ਨਿਰਯਾਤ ਯੂਰੋਪ ਅਤੇ ਜਪਾਨ ਜਿਹੇ ਐਡਵਾਂਸਡ ਬਜ਼ਾਰਾਂ ਸਹਿਤ ਸੌ ਤੋਂ ਵੱਧ ਦੇਸ਼ਾਂ ਵਿੱਚ ਕੀਤਾ ਜਾਵੇਗਾ। ਇਸ ਉਪਲਬਧੀ ਦੇ ਨਾਲ, ਭਾਰਤ ਹੁਣ ਸੁਜ਼ੁਕੀ ਦੇ ਇਲੈਕਟ੍ਰਿਕ ਵਾਹਨਾਂ ਦਾ ਗਲੋਬਲ ਮੈਨੂਫੈਕਚਰਿੰਗ ਹੱਬ ਬਣ ਜਾਵੇਗਾ।
ਹਰਿਤ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਵੱਡੇ ਕਦਮ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਗੁਜਰਾਤ ਸਥਿਤ ਟੀਡੀਐੱਸ ਲਿਥੀਯਮ-ਆਇਨ ਬੈਟਰੀ ਪਲਾਂਟ ਵਿੱਚ ਹਾਇਬ੍ਰਿਡ ਬੈਟਰੀ ਇਲੈਕਟ੍ਰੋਡ ਦੇ ਸਥਾਨਕ ਉਤਪਾਦਨ ਦੀ ਸ਼ੁਰੂਆਤ ਦੇ ਨਾਲ ਭਾਰਤ ਦੇ ਬੈਟਰੀ ਈਕੋਸਿਸਟਮ ਦੇ ਅਗਲੇ ਪੜਾਅ ਦਾ ਵੀ ਉਦਘਾਟਨ ਕਰਨਗੇ। ਤੋਸ਼ੀਬਾ, ਡੇਂਸੋ ਅਤੇ ਸੁਜ਼ੁਕੀ ਦਾ ਸੰਯੁਕਤ ਉੱਦਮ, ਇਹ ਪਲਾਂਟ ਘਰੇਲੂ ਮੈਨੂਫੈਕਚਰਿੰਗ ਅਤੇ ਸਵੱਛ ਊਰਜਾ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ। ਇਸ ਨਾਲ ਹੁਣ ਅੱਸੀ ਪ੍ਰਤੀਸ਼ਤ (80%) ਤੋਂ ਵੱਧ ਬੈਟਰੀ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾਵੇਗਾ।


