ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਸਤੰਬਰ, 2025 ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗਿਆਨ ਭਾਰਤਮ ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਉਹ ਗਿਆਨ ਭਾਰਤਮ ਪੋਰਟਲ ਦੀ ਵੀ ਸ਼ੁਰੂਆਤ ਕਰਨਗੇ, ਜੋ ਪਾਂਡੁਲਿਪੀਆਂ ਦੇ ਡਿਜੀਟਲੀਕਰਣ, ਸੰਭਾਲ ਅਤੇ ਜਨਤਕ ਪਹੁੰਚ ਵਿੱਚ ਤੇਜ਼ੀ ਲਿਆਉਣ ਦੇ ਲਈ ਇੱਕ ਸਮਰਪਿਤ ਡਿਜੀਟਲ ਪਲੈਟਫਾਰਮ ਹੈ। ਇਸ ਅਵਸਰ ‘ਤੇ ਉਹ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਹ ਕਾਨਫਰੰਸ 11 ਤੋਂ 13 ਸਤੰਬਰ ਤੱਕ “ਪਾਂਡੁਲਿਪੀ ਵਿਰਾਸਤ ਰਾਹੀਂ ਭਾਰਤ ਦੇ ਗਿਆਨ ਧਰੋਹਰ ਦੀ ਮੁੜ-ਪ੍ਰਾਪਤੀ” ਵਿਸ਼ਾ-ਵਸਤੂ ‘ਤੇ ਆਯੋਜਿਤ ਕੀਤਾ ਜਾਵੇਗਾ। ਇਹ ਕਾਨਫਰੰਸ ਭਾਰਤ ਦੀ ਅਦੁੱਤੀ ਪਾਂਡੁਲਿਪੀ ਸੰਪਦਾ ਨੂੰ ਮੁੜ-ਸੁਰਜੀਤ ਕਰਨ ਅਤੇ ਇਸ ਨੂੰ ਆਲਮੀ ਗਿਆਨ ਸੰਵਾਦ ਦੇ ਕੇਂਦਰ ਵਿੱਚ ਰੱਖਣ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਮੋਹਰੀ ਵਿਦਵਾਨਾਂ, ਸੰਭਾਲਵਾਦੀਆਂ, ਟੈਕਨੋਲੋਜਿਸਟਾਂ ਅਤੇ ਨੀਤੀ ਮਾਹਿਰਾਂ ਨੂੰ ਇਕੱਠੇ ਲਿਆਵੇਗਾ। ਇਸ ਵਿੱਚ ਦੁਰਲਭ ਪਾਂਡੁਲਿਪੀਆਂ ਦੀ ਇੱਕ ਪ੍ਰਦਰਸ਼ਨੀ ਅਤੇ ਪਾਂਡੁਲਿਪੀ ਸੰਭਾਲ, ਡਿਜੀਟਲੀਕਰਣ ਟੈਕਨੋਲੋਜੀਆਂ, ਮੇਟਾਡੇਟਾ ਮਿਆਰ, ਕਾਨੂੰਨੀ ਸੰਰਚਨਾਵਾਂ, ਸੱਭਿਆਚਾਰਕ ਕੂਟਨੀਤੀ ਅਤੇ ਪ੍ਰਾਚੀਣ ਲਿਪੀਆਂ ਦੇ ਅਰਥ-ਨਿਰਧਾਰਣ ਜਿਹੇ ਮਹੱਤਵਪੂਰਨ ਖੇਤਰਾਂ ‘ਤੇ ਵਿਦਵਾਨਾਂ ਦੀਆਂ ਪੇਸ਼ਕਾਰੀਆਂ ਵੀ ਸ਼ਾਮਲ ਹੋਣਗੀਆਂ।


