ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਅਕਤੂਬਰ ਨੂੰ ਦੁਪਹਿਰ ਲਗਭਗ 2:45 ਵਜੇ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਅੰਤਰਰਾਸ਼ਟਰੀ ਆਰੀਅਨ ਸੰਮੇਲਨ 2025 ਵਿੱਚ ਹਿੱਸਾ ਲੈਣਗੇ। ਇਹ ਪ੍ਰੋਗਰਾਮ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਜਯੰਤੀ ਅਤੇ ਆਰੀਆ ਸਮਾਜ ਵੱਲੋਂ 150 ਸਾਲਾਂ ਦੀ ਸਮਾਜ ਸੇਵਾ ਨੂੰ ਸਮਰਪਿਤ ਗਿਆਨ ਜਯੋਤੀ ਉਤਸਵ ਦਾ ਪ੍ਰਮੁੱਖ ਹਿੱਸਾ ਹੈ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਇਹ ਸੰਮੇਲਨ ਭਾਰਤ ਅਤੇ ਵਿਦੇਸ਼ਾਂ ਦੀਆਂ ਆਰੀਆ ਸਮਾਜ ਇਕਾਈਆਂ ਦੇ ਨੁਮਾਇੰਦਿਆਂ ਨੂੰ ਇਕੱਠਾ ਕਰੇਗਾ — ਜੋ ਮਹਾਰਿਸ਼ੀ ਦਯਾਨੰਦ ਦੇ ਸੁਧਾਰਵਾਦੀ ਆਦਰਸ਼ਾਂ ਦੀ ਸਰਬ-ਵਿਆਪਕ ਪ੍ਰਸੰਗਿਕਤਾ ਅਤੇ ਸੰਗਠਨ ਦੀ ਵਿਸ਼ਵ-ਵਿਆਪੀ ਪਹੁੰਚ ਨੂੰ ਦਰਸਾਉਂਦਾ ਹੈ। ਇਸ ਵਿੱਚ "ਸੇਵਾ ਦੇ 150 ਸੁਨਹਿਰੀ ਸਾਲ" ਸਿਰਲੇਖ ਹੇਠ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਸਿੱਖਿਆ, ਸਮਾਜ ਸੁਧਾਰ ਅਤੇ ਅਧਿਆਤਮਿਕ ਤਰੱਕੀ ਵਿੱਚ ਆਰੀਆ ਸਮਾਜ ਦੇ ਯੋਗਦਾਨਾਂ ਰਾਹੀਂ ਇਸ ਦੀ ਪਰਿਵਰਤਨਸ਼ੀਲ ਯਾਤਰਾ ਨੂੰ ਦਰਸਾਇਆ ਜਾਵੇਗਾ।
ਇਸ ਸੰਮੇਲਨ ਦਾ ਉਦੇਸ਼ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ ਸੁਧਾਰਵਾਦੀ ਅਤੇ ਵਿੱਦਿਅਕ ਵਿਰਾਸਤ ਦਾ ਸਨਮਾਨ ਕਰਨਾ, ਸਿੱਖਿਆ, ਸਮਾਜ ਸੁਧਾਰ ਅਤੇ ਰਾਸ਼ਟਰ-ਨਿਰਮਾਣ ਵਿੱਚ ਆਰੀਆ ਸਮਾਜ ਦੀ 150 ਸਾਲਾਂ ਦੀ ਸੇਵਾ ਦਾ ਜਸ਼ਨ ਮਨਾਉਣਾ ਅਤੇ ਵਿਕਸਿਤ ਭਾਰਤ 2047 ਦੇ ਅਨੁਸਾਰ ਵੈਦਿਕ ਸਿਧਾਂਤਾਂ ਅਤੇ ਸਵਦੇਸ਼ੀ ਕਦਰਾਂ-ਕੀਮਤਾਂ ਬਾਰੇ ਵਿਸ਼ਵ-ਵਿਆਪੀ ਜਾਗਰੂਕਤਾ ਪੈਦਾ ਕਰਨਾ ਹੈ।


