ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਸਵੇਰੇ 9:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਨਵੀਨਤਾ ਸੰਮੇਲਨ (ਈਐੱਸਟੀਆਈਸੀ) 2025 ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਦੇਸ਼ ਵਿੱਚ ਖੋਜ ਅਤੇ ਵਿਕਾਸ ਈਕੋਸਿਸਟਮ ਨੂੰ ਇੱਕ ਵੱਡਾ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ₹1 ਲੱਖ ਕਰੋੜ ਦੇ ਖੋਜ ਵਿਕਾਸ ਅਤੇ ਨਵੀਨਤਾ (ਆਰਡੀਆਈ) ਯੋਜਨਾ ਫੰਡ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦਾ ਮੰਤਵ ਦੇਸ਼ ਵਿੱਚ ਇੱਕ ਨਿੱਜੀ ਖੇਤਰ-ਸੰਚਾਲਿਤ ਖੋਜ ਅਤੇ ਵਿਕਾਸ ਈਕੋਸਿਸਟਮ ਨੂੰ ਉਤਸ਼ਾਹਿਤ ਕਰਨਾ ਹੈ।
ਈਐੱਸਟੀਆਈਸੀ 2025 3-5 ਨਵੰਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਸੰਮੇਲਨ ਅਕਾਦਮਿਕ, ਖੋਜ ਸੰਸਥਾਵਾਂ, ਉਦਯੋਗ ਅਤੇ ਸਰਕਾਰ ਦੇ 3,000 ਤੋਂ ਵੱਧ ਭਾਗੀਦਾਰਾਂ ਦੇ ਨਾਲ-ਨਾਲ ਨੋਬਲ ਪੁਰਸਕਾਰ ਜੇਤੂਆਂ, ਉੱਘੇ ਵਿਗਿਆਨੀਆਂ, ਨਵੀਨਤਾਕਾਰੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ। ਇਸ ਵਿੱਚ ਵਿਚਾਰ-ਵਟਾਂਦਰੇ 11 ਮੁੱਖ ਵਿਸ਼ਾ ਅਧਾਰਤ ਖੇਤਰਾਂ 'ਤੇ ਕੇਂਦ੍ਰਿਤ ਹੋਣਗੇ, ਜਿਨ੍ਹਾਂ ਵਿੱਚ ਉੱਨਤ ਸਮੱਗਰੀ ਅਤੇ ਨਿਰਮਾਣ, ਆਰਟੀਫੀਸ਼ੀਅਲ ਇੰਟੈਲੀਜੈਂਸ, ਜੈਵਿਕ-ਨਿਰਮਾਣ, ਨੀਲੀ ਅਰਥ-ਵਿਵਸਥਾ, ਡਿਜੀਟਲ ਸੰਚਾਰ, ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਨਿਰਮਾਣ, ਉੱਭਰਦੀਆਂ ਖੇਤੀਬਾੜੀ ਤਕਨਾਲੋਜੀਆਂ, ਊਰਜਾ, ਵਾਤਾਵਰਨ ਅਤੇ ਜਲਵਾਯੂ, ਸਿਹਤ ਅਤੇ ਮੈਡੀਕਲ ਤਕਨਾਲੋਜੀਆਂ, ਕੁਆਂਟਮ ਵਿਗਿਆਨ ਅਤੇ ਤਕਨਾਲੋਜੀ, ਅਤੇ ਪੁਲਾੜ ਤਕਨਾਲੋਜੀਆਂ ਸ਼ਾਮਲ ਹਨ।
ਈਐੱਸਟੀਆਈਸੀ 2025 ਵਿੱਚ ਪ੍ਰਮੁੱਖ ਵਿਗਿਆਨੀਆਂ ਨਾਲ ਗੱਲਬਾਤ, ਪੈਨਲ ਚਰਚਾਵਾਂ, ਪੇਸ਼ਕਾਰੀਆਂ ਅਤੇ ਤਕਨਾਲੋਜੀ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ, ਜੋ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਖੋਜਕਰਤਾਵਾਂ, ਉਦਯੋਗ ਅਤੇ ਨੌਜਵਾਨ ਨਵੀਨਤਾਕਾਰਾਂ ਦਰਮਿਆਨ ਸਹਿਯੋਗ ਲਈ ਇੱਕ ਮੰਚ ਪ੍ਰਦਾਨ ਕਰਨਗੀਆਂ।


