ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਜੂਨ, 2025 ਨੂੰ ਸਵੇਰੇ ਕਰੀਬ 11 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨੈਤਿਕ ਨੇਤਾਵਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਦਰਮਿਆਨ ਇਤਿਹਾਸਕ ਵਾਰਤਾਲਾਪ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਉਪਸਥਿਤ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਹ ਇਤਿਹਾਸਕ ਵਾਰਤਾਲਾਪ 12 ਮਾਰਚ, 1925 ਨੂੰ ਮਹਾਤਮਾ ਗਾਂਧੀ ਦੀ ਯਾਤਰਾ ਦੇ ਦੌਰਾਨ ਸ਼ਿਵਗਿਰੀ ਮਠ ਵਿੱਚ ਹੋਇਆ ਸੀ, ਜੋ ਵੈਕੋਮ ਸੱਤਿਆਗ੍ਰਹਿ, ਧਾਰਮਿਕ ਪਰਿਵਰਤਨ, ਅਹਿੰਸਾ, ਛੂਤ-ਛਾਤ ਦਾ ਖਾਤਮਾ, ਮੁਕਤੀ ਦੀ ਪ੍ਰਾਪਤੀ (ਮੋਕਸ਼ ਪ੍ਰਾਪਤੀ), ਦੱਬੇ-ਕੁਚਲੇ ਲੋਕਾਂ ਦੇ ਉਥਾਨ ਆਦਿ ਵਿਸ਼ਿਆਂ ‘ਤੇ ਕੇਂਦ੍ਰਿਤ ਸੀ।
ਸ੍ਰੀ ਨਾਰਾਇਣ ਧਰਮ ਸੰਘਮ ਟਰੱਸਟ ਦੁਆਰਾ ਆਯੋਜਿਤ, ਇਸ ਸਮਾਰੋਹ ਵਿੱਚ ਅਧਿਆਤਮਿਕ ਆਗੂਆਂ ਅਤੇ ਹੋਰ ਮੈਂਬਰ ਇਕੱਠੇ ਆਉਣਗੇ ਅਤੇ ਭਾਰਤ ਦੇ ਸਮਾਜਿਕ ਅਤੇ ਨੈਤਿਕ ਤਾਨੇ-ਬਾਨੇ ਨੂੰ ਆਕਾਰ ਦੇਣ ਵਾਲੇ ਦੂਰਦਰਸ਼ੀ ਸੰਵਾਦ ‘ਤੇ ਵਿਚਾਰ ਕਰਨਗੇ ਅਤੇ ਉਸ ਨੂੰ ਯਾਦ ਕਰਨਗੇ। ਇਹ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੋਵਾਂ ਦੁਆਰਾ ਅਪਣਾਏ ਗਏ ਸਮਾਜਿਕ ਨਿਆਂ, ਏਕਤਾ ਅਤੇ ਅਧਿਆਤਮਿਕ ਸਦਭਾਵਨਾ ਦੇ ਸਾਂਝੇ ਦ੍ਰਿਸ਼ਟੀਕੋਣ ਲਈ ਇੱਕ ਸ਼ਕਤੀਸ਼ਾਲੀ ਸ਼ਰਧਾਂਜਲੀ ਵਜੋਂ ਖੜ੍ਹਾ ਹੈ।


