ਮਾਣਯੋਗ ਪ੍ਰਧਾਨ ਮੰਤਰੀ ਰੌਬ ਯੇਤੇਨ ਜੀ,

ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ,

ਨੀਦਰਲੈਂਡਜ਼ ਦੇ ਉਦਯੋਗਿਕ ਆਗੂ,

ਨਮਸਕਾਰ!

ਅੱਜ ਇੱਥੇ ਦੁਨੀਆ ਦੀਆਂ ਸਭ ਤੋਂ ਨਵੀਨਤਮ ਕੰਪਨੀਆਂ ਦੇ ਆਗੂਆਂ ਦਰਮਿਆਨ ਹੋਣਾ, ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਅੱਜ 300 ਤੋਂ ਵੱਧ ਡੱਚ ਕੰਪਨੀਆਂ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਹਨ। ਤੁਹਾਡੇ ਵਿਜ਼ਨ ਅਤੇ ਭਾਰਤ 'ਤੇ ਭਰੋਸੇ ਦੇ ਕਾਰਨ ਹੀ, ਨੀਦਰਲੈਂਡਜ਼ ਯੂਰਪ ਤੋਂ ਭਾਰਤ ਦਾ ਸਭ ਤੋਂ ਵੱਡਾ ਨਿਵੇਸ਼ਕ ਅਤੇ ਦੂਜਾ ਸਭ ਤੋਂ ਵੱਡਾ ਵਪਾਰਕ ਸਾਥੀ ਬਣਿਆ ਹੈ।

ਸਾਥੀਓ,

ਤੁਹਾਡੀਆਂ ਕੰਪਨੀਆਂ ਭਾਰਤ ਵਿੱਚ ਸਿਰਫ਼ ਮਸ਼ਹੂਰ ਨਾਂ ਹੀ ਨਹੀਂ, ਸਗੋਂ ਭਾਰਤ-ਨੀਦਰਲੈਂਡਜ਼ ਦੋਸਤੀ ਦੀਆਂ ਪ੍ਰਤੀਕ ਵੀ ਹਨ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਐੱਨਐਕਸਪੀ, ਫਿਲਿਪਸ ਅਤੇ ਪ੍ਰੋਸਸ ਭਾਰਤ ਦੀ ਪ੍ਰਤਿਭਾ ਦੇ ਨਾਲ ਮਿਲ ਕੇ ਵਿਸ਼ਵ ਪੱਧਰੀ ਹੱਲ ਤਿਆਰ ਕਰ ਰਹੇ ਹਨ।

ਏਪੀਐੱਮ, ਡਾਮੇਨ ਅਤੇ ਰੌਇਲ ਵੋਪਾਕ ਵਰਗੀਆਂ ਕੰਪਨੀਆਂ ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਆਵਾਜਾਈ ਖੇਤਰ ਨੂੰ ਬਦਲ ਰਹੀਆਂ ਹਨ। ਇਸੇ ਤਰ੍ਹਾਂ ਕਈ ਹੋਰ ਕੰਪਨੀਆਂ ਖੇਤੀਬਾੜੀ ਅਤੇ ਟਿਕਾਊ ਵਿਕਾਸ ਵਿੱਚ ਭਾਰਤ ਨਾਲ ਮਿਲ ਕੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਯਕੀਨੀ ਬਣਾ ਰਹੀਆਂ ਹਨ।

ਕੁਝ ਹੀ ਸਮਾਂ ਪਹਿਲਾਂ, ਏਐੱਸਐੱਮਐੱਲ ਅਤੇ ਟਾਟਾ ਵਿਚਕਾਰ ਇੱਕ ਸਮਝੌਤਾ ਹੋਇਆ ਹੈ। ਹੁਣ ਏਐੱਸਐੱਮਐੱਲ ਦੇ ਉਪਕਰਨਾਂ ਨਾਲ ਭਾਰਤ ਵਿੱਚ ਸੈਮੀਕੰਡਕਟਰ ਚਿੱਪਾਂ ਤਿਆਰ ਹੋਣਗੀਆਂ। ਅੱਜ ਤੁਹਾਡੀਆਂ ਸਾਰੀਆਂ ਗੱਲਾਂ ਵਿੱਚ ਭਾਰਤ ਪ੍ਰਤੀ ਆਸ਼ਾਵਾਦ ਸਪੱਸ਼ਟ ਦਿਖਾਈ ਦਿੰਦਾ ਹੈ। ਇਸ ਆਸ਼ਾਵਾਦ ਨੂੰ ਨਤੀਜਿਆਂ ਵਿੱਚ ਬਦਲਣਾ, ਸਾਡੀ ਗਾਰੰਟੀ ਹੈ।

ਸਾਥੀਓ,

ਅੱਜ ਦਾ ਭਾਰਤ ਵਿਸ਼ਾਲਤਾ ਅਤੇ ਸਥਿਰਤਾ ਦਾ ਪ੍ਰਤੀਕ ਹੈ। ਜੇਕਰ ਵਿਸ਼ਾਲਤਾ ਦੀ ਗੱਲ ਕਰੀਏ, ਤਾਂ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਵੱਡੀ ਅਰਥ-ਵਿਵਸਥਾ ਵੀ ਹਾਂ ਅਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰਤਿਭਾ ਭੰਡਾਰ ਵੀ। ਬੁਨਿਆਦੀ ਢਾਂਚਾ, ਸਵੱਛ ਊਰਜਾ ਜਾਂ ਫਿਰ ਸੰਪਰਕ ਵਿਵਸਥਾ — ਭਾਰਤ ਦੀ ਰਫ਼ਤਾਰ ਦਾ ਵਿਸ਼ਵ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸੇ ਕਾਰਨ ਅੱਜ ਵਿਸ਼ਵ ਦੀ ਕੁੱਲ ਵਿਕਾਸ ਦਰ ਵਿੱਚ ਭਾਰਤ ਸਤਾਰਾਂ ਪ੍ਰਤੀਸ਼ਤ ਯੋਗਦਾਨ ਦੇ ਰਿਹਾ ਹੈ।

ਅਤੇ ਸਥਿਰਤਾ ਦੇ ਵਿਸ਼ੇ 'ਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਦੇ ਹੋਏ, ਅੱਜ ਹੀ ਦੇ ਦਿਨ ਮੇਰੇ 12 ਸਾਲ ਪੂਰੇ ਹੋਏ ਹਨ। ਇਨ੍ਹਾਂ 12 ਸਾਲਾਂ ਵਿੱਚ ਲਗਾਤਾਰ ਸੁਧਾਰਾਂ ਰਾਹੀਂ ਅਸੀਂ ਆਪਣੀ ਆਰਥਿਕ ਪ੍ਰਣਾਲੀ ਨੂੰ ਬਦਲ ਦਿੱਤਾ ਹੈ। ਸਾਡੀ ਦਿਸ਼ਾ ਸਪੱਸ਼ਟ ਰਹੀ ਹੈ — ਨਿੱਜੀ ਖੇਤਰ ਨੂੰ ਨੀਤੀਗਤ ਭਰੋਸੇਯੋਗਤਾ ਦੇਣਾ ਅਤੇ ਉਨ੍ਹਾਂ ਲਈ ਮੌਕੇ ਵਧਾਉਣਾ।

ਪੁਲਾੜ, ਖਣਨ ਜਾਂ ਪਰਮਾਣੂ ਊਰਜਾ — ਅਸੀਂ ਹਰ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹ ਦਿੱਤਾ ਹੈ। ਅਸੀਂ ਲਗਾਤਾਰ ਨਿਯਮਾਂ ਦੀ ਗਿਣਤੀ ਘਟਾ ਰਹੇ ਹਾਂ ਅਤੇ ਕਾਰੋਬਾਰ ਕਰਨ ਦੀ ਸਹੂਲਤ ਵਧਾ ਰਹੇ ਹਾਂ। ਹਾਲ ਹੀ ਵਿੱਚ ਅਸੀਂ ਕਰ ਪ੍ਰਣਾਲੀ, ਕਿਰਤ ਕਾਨੂੰਨਾਂ ਅਤੇ ਪ੍ਰਸ਼ਾਸਨ ਵਰਗੇ ਵਿਸ਼ਿਆਂ ਵਿੱਚ ਨਵੀਂ ਪੀੜ੍ਹੀ ਦੇ ਸੁਧਾਰ ਕੀਤੇ ਹਨ। ਹੁਣ ਭਾਰਤ ਵਿੱਚ ਉਤਪਾਦਨ ਕਰਨਾ ਬਹੁਤ ਹੀ ਕਿਫ਼ਾਇਤੀ ਹੋ ਗਿਆ ਹੈ।

ਇਲੈਕਟ੍ਰਾਨਿਕ ਸਮਾਨ, ਜੋ ਪਹਿਲਾਂ ਭਾਰਤ ਦੀ ਵੱਡੀ ਆਯਾਤ ਵਸਤੂ ਸੀ, ਅੱਜ ਭਾਰਤ ਦੀ ਸਭ ਤੋਂ ਵੱਡੀ ਨਿਰਯਾਤ ਵਸਤੂ ਬਣ ਗਿਆ ਹੈ। ਇਸ ਉਤਪਾਦਨ ਵਿਕਾਸ ਨੂੰ ਅਗਲੇ ਪੱਧਰ ‘ਤੇ ਲੈ ਜਾਣ ਲਈ ਅਸੀਂ ਕਈ ਮਹੱਤਵਪੂਰਨ ਖੇਤਰਾਂ ਵਿੱਚ ਪ੍ਰੋਤਸਾਹਨ ਦੇ ਰਹੇ ਹਾਂ। ਜਿਸਦਾ ਲਾਭ ਲੈ ਕੇ ਤੁਸੀਂ ਪੂਰੀ ਦੁਨੀਆ ਲਈ ਭਾਰਤ ਵਿੱਚ ਉਤਪਾਦਨ ਕਰ ਸਕਦੇ ਹੋ।

ਇਸੇ ਤਰ੍ਹਾਂ ਸੇਵਾ ਖੇਤਰ ਵਿੱਚ ਵੀ ਭਾਰਤ ਆਪਣੀ ਪ੍ਰਤਿਭਾ ਦੇ ਜ਼ੋਰ ‘ਤੇ ਕੁਸ਼ਲਤਾ ਅਤੇ ਨਵੀਨਤਾ ਦਾ ਕੇਂਦਰ ਬਣ ਗਿਆ ਹੈ। ਵਿਸ਼ਵ ਦੀਆਂ ਸਾਰੀਆਂ ਤਕਨਾਲੋਜੀ ਕੰਪਨੀਆਂ ਨੇ ਭਾਰਤ ਵਿੱਚ ਆਪਣੇ ਵਿਸ਼ਵ ਪੱਧਰੀ ਸਮਰੱਥਾ ਕੇਂਦਰ ਸਥਾਪਤ ਕੀਤੇ ਹਨ।

ਅਸੀਂ ਤੁਹਾਨੂੰ ਵੀ ਭਾਰਤ ਵਿੱਚ ਰਚਨਾ ਅਤੇ ਨਵੀਨਤਾ ਲਈ ਸੱਦਾ ਦਿੰਦੇ ਹਾਂ। ਅਤੇ ਇਸ ਲਈ ਅੱਜ ਤੋਂ ਵਧੀਆ ਸਮਾਂ ਹੋ ਹੀ ਨਹੀਂ ਸਕਦਾ।

ਸਾਥੀਓ,

ਸਾਲ 2026 ਤੋਂ ਭਾਰਤ ਅਤੇ ਯੂਰਪ ਦੇ ਸਬੰਧਾਂ ਵਿੱਚ ਇੱਕ ਨਵੇਂ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਇਸ ਸਾਲ ਅਸੀਂ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਕੀਤਾ ਹੈ। ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਲੋਕ-ਤੰਤਰੀ ਅਤੇ ਜ਼ਿੰਮੇਵਾਰ ਤਾਕਤਾਂ ਵਿਚਕਾਰ ਹੋਇਆ ਇਹ ਸਮਝੌਤਾ ਸਾਂਝੀ ਖੁਸ਼ਹਾਲੀ ਦਾ ਮਜ਼ਬੂਤ ਆਧਾਰ ਬਣੇਗਾ।

ਇਸ ਸਮਝੌਤੇ ਦੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਲਈ, ਪ੍ਰਧਾਨ ਮੰਤਰੀ ਯੇਤੇਨ ਅਤੇ ਮੈਂ ਅੱਜ ਕਈ ਮਹੱਤਵਪੂਰਨ ਫ਼ੈਸਲੇ ਲੈਣ ਜਾ ਰਹੇ ਹਾਂ। ਅਸੀਂ ਭਾਰਤ-ਨੀਦਰਲੈਂਡਜ਼ ਦੀ ਇਸ ਭਰੋਸੇਯੋਗ ਭਾਗੀਦਾਰੀ ਨੂੰ ਇੱਕ ਰਣਨੀਤਿਕ ਭਾਗੀਦਾਰੀ ਬਣਾਉਣ ਜਾ ਰਹੇ ਹਾਂ। ਅਸੀਂ ਗ੍ਰੀਨ ਹਾਈਡਰੋਜਨ ਵਿੱਚ ਇੱਕ ਅਭਿਲਾਸ਼ੀ ਸਾਂਝਾ ਰੋਡਮੈਪ ਜਾਰੀ ਕਰਨ ਜਾ ਰਹੇ ਹਾਂ। ਅਸੀਂ ਤਕਨਾਲੋਜੀ ਵਿੱਚ ਆਪਣੇ ਸਬੰਧਾਂ ਨੂੰ ਭਵਿੱਖ ਲਈ ਤਿਆਰ ਬਣਾਉਣ ਜਾ ਰਹੇ ਹਾਂ।

ਅਸੀਂ ਦੋਵੇਂ ਦੇਸ਼ਾਂ ਵਿਚਾਲੇ ਪ੍ਰਤਿਭਾ ਆਵਾਜਾਈ, ਯੂਨੀਵਰਸਿਟੀ ਭਾਈਵਾਲੀ ਅਤੇ ਸਾਂਝੇ ਖੋਜ ਕਾਰਜ ਨੂੰ ਵੀ ਹੋਰ ਮਜ਼ਬੂਤ ਕਰਨ ਜਾ ਰਹੇ ਹਾਂ। ਭਾਵ ਭਾਰਤ-ਨੀਦਰਲੈਂਡਜ਼ ਭਾਗੀਦਾਰੀ ਦਾ ਭਵਿੱਖ ਪਹਿਲਾਂ ਨਾਲੋਂ ਵੀ ਜ਼ਿਆਦਾ ਰੌਸ਼ਨ ਹੈ।

ਸਾਥੀਓ,

ਭਾਰਤ ਅਤੇ ਯੂਰਪ ਵਿਚਕਾਰ ਮਜ਼ਬੂਤ ਹੋ ਰਹੀ ਰਣਨੀਤਿਕ ਭਾਗੀਦਾਰੀ ਸਾਡੇ ਵਪਾਰਕ ਸਬੰਧਾਂ ਨੂੰ ਨਵੀਂ ਪ੍ਰੇਰਣਾ ਦੇ ਰਹੀ ਹੈ। ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਹੁਣ ਤੁਹਾਡੇ ਹੱਥਾਂ ਵਿੱਚ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੁਣ ਤੁਸੀਂ ਭਾਰਤ ਵਿੱਚ ਆਪਣਾ ਵਿਸਤਾਰ, ਨਿਵੇਸ਼ ਅਤੇ ਉਦੇਸ਼ ਹੋਰ ਵਧਾਓਗੇ। ਅਤੇ ਤੁਹਾਡੇ ਨਾਲ ਪੂਰੇ ਯੂਰਪ ਦਾ ਨਵੀਨਤਾ ਪ੍ਰਣਾਲੀ ਵੀ ਭਾਰਤ ਆਵੇਗੀ।

ਸਾਥੀਓ,

ਨੀਦਰਲੈਂਡਜ਼ ਵਿੱਚ ਇੱਕ ਕਹਾਵਤ ਹੈ,

“ਜਹਾਜ਼ ਬੰਦਰਗਾਹ ਵਿੱਚ ਸੁਰੱਖਿਅਤ ਹੁੰਦੇ ਹਨ, ਪਰ ਜਹਾਜ਼ ਬੰਦਰਗਾਹ ਵਿੱਚ ਖੜ੍ਹੇ ਰਹਿਣ ਲਈ ਨਹੀਂ ਬਣਾਏ ਜਾਂਦੇ।”

ਡੱਚ ਉਦਯੋਗਿਕ ਭਾਈਚਾਰੇ ਤੋਂ ਵਧੀਆ ਇਹ ਗੱਲ ਕੌਣ ਸਮਝ ਸਕਦਾ ਹੈ? ਤੁਹਾਡਾ ਦੇਸ਼ ਸਦੀਆਂ ਤੋਂ ਨਵੇਂ ਮੌਕਿਆਂ ਦੀ ਖੋਜ ਵਿੱਚ ਅੱਗੇ ਵਧਦਾ ਰਿਹਾ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ — ਭਾਰਤ ਵਿੱਚ ਤੁਹਾਡੀ ਇਹ ਖੋਜ ਸਫਲ ਵੀ ਹੋਵੇਗੀ ਅਤੇ ਸਾਰਥਕ ਵੀ। ਹੁਣ ਤੁਸੀਂ ਭਾਰਤ ਵਿੱਚ ਹੋਰ ਦਿਲੇਰੀ ਨਾਲ ਅੱਗੇ ਵਧਣਾ ਹੈ।

ਬੇ-ਡਾਂਕਟ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'We'll provide AI skill training to 1 crore youth': PM Modi's big announcement on Independence Day 2026

Media Coverage

'We'll provide AI skill training to 1 crore youth': PM Modi's big announcement on Independence Day 2026
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਅਗਸਤ 2026
August 15, 2026

Azadi Ka Amrit Mahotsav Continues: PM Modi’s Independence Day Vision Unites Growth, Youth Power & National Pride