Share
 
Comments
400 ਬਿਲੀਅਨ ਡਾਲਰ ਮਾਲ ਨਿਰਯਾਤ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ ਮੋਦੀ
ਪਿਛਲੇ ਇੱਕ ਸਾਲ ਵਿੱਚ GeM ਪੋਰਟਲ ਦੇ ਜ਼ਰੀਏ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਚੀਜ਼ਾਂ ਖਰੀਦੀਆਂ ਹਨ: ਪ੍ਰਧਾਨ ਮੰਤਰੀ
126 ਸਾਲ ਦੇ ਬਾਬਾ ਸਿਵਾਨੰਦ ਦੀ ਫਿਟਨਸ ਸਾਰਿਆਂ ਦੇ ਲਈ ਪ੍ਰੇਰਣਾ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
ਭਾਰਤ ਦਾ ਯੋਗ ਅਤੇ ਆਯੁਰਵੇਦ ਦੁਨੀਆ ਭਰ ਵਿੱਚ ਟ੍ਰੈੰਡ ਕਰ ਰਿਹਾ ਹੈ: ਪ੍ਰਧਾਨ ਮੰਤਰੀ ਮੋਦੀ
ਸਾਨੂੰ ਪਾਣੀ ਬਚਾਉਣ ਦੇ ਲਈ ਹਰ ਸੰਭਵ ਪ੍ਰਯਤਨ ਕਰਨਾ ਚਾਹੀਦਾ ਹੈ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
ਬੱਚਿਆਂ ਨੇ ਸਵੱਛਤਾ ਨੂੰ ਇੱਕ ਅੰਦੋਲਨ ਦੇ ਰੂਪ 'ਚ ਲਿਆ ਹੈ ਅਤੇ 'ਵਾਟਰ ਵਾਰੀਅਰਸ' ਬਣ ਕੇ ਪਾਣੀ ਬਚਾਉਣ ਵਿੱਚ ਮਦਦ ਕਰ ਸਕਦੇ ਹਨ: ਪ੍ਰਧਾਨ ਮੰਤਰੀ
ਮਹਾਤਮਾ ਫੂਲੇ, ਸਾਵਿਤਰੀਬਾਈ ਫੂਲੇ, ਬਾਬਾ ਸਾਹੇਬ ਅੰਬੇਡਕਰ ਤੋਂ ਪ੍ਰੇਰਣਾ ਲੈਂਦੇ ਹੋਏ, ਮੈਂ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਆਪਣੀਆਂ ਬੇਟੀਆਂ ਨੂੰ ਸਿੱਖਿਅਤ ਕਰਨ ਦੀ ਤਾਕੀਦ ਕਰਦਾ ਹਾਂ: ਪ੍ਰਧਾਨ ਮੰਤਰੀ ਮੋਦੀ

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਹਫ਼ਤੇ ਅਸੀਂ ਇੱਕ ਅਜਿਹੀ ਪ੍ਰਾਪਤੀ ਹਾਸਲ ਕੀਤੀ, ਜਿਸ ਨੇ ਸਾਨੂੰ ਮਾਣ ਨਾਲ ਭਰ ਦਿੱਤਾ। ਤੁਸੀਂ ਸੁਣਿਆ ਹੋਵੇਗਾ ਕਿ ਭਾਰਤ ਨੇ ਪਿਛਲੇ ਹਫ਼ਤੇ 400 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੇ ਨਿਰਯਾਤ ਦਾ ਟੀਚਾ (export ਦਾ target) ਹਾਸਲ ਕੀਤਾ ਹੈ। ਪਹਿਲੀ ਵਾਰੀ ਸੁਣਨ ਵਿੱਚ ਲਗਦਾ ਹੈ ਕਿ ਇਹ ਅਰਥਵਿਵਸਥਾ ਨਾਲ ਜੁੜੀ ਗੱਲ ਹੈ, ਲੇਕਿਨ ਇਹ ਅਰਥਵਿਵਸਥਾ ਤੋਂ ਵੀ ਜ਼ਿਆਦਾ ਭਾਰਤ ਦੀ ਸਮਰੱਥਾ, ਭਾਰਤ ਦੇ potential ਨਾਲ ਜੁੜੀ ਗੱਲ ਹੈ। ਇੱਕ ਵੇਲੇ ਭਾਰਤ ਤੋਂ ਨਿਰਯਾਤ ਦਾ ਅੰਕੜਾ ਕਦੇ 100 ਬਿਲੀਅਨ, ਕਦੇ 150 ਬਿਲੀਅਨ, ਕਦੇ 200 ਬਿਲੀਅਨ ਤੱਕ ਹੋਇਆ ਕਰਦਾ ਸੀ ਪਰ ਅੱਜ ਭਾਰਤ 400 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਸ ਦਾ ਇਹ ਮਤਲਬ ਹੈ ਕਿ ਦੁਨੀਆ ਭਰ ਵਿੱਚ ਭਾਰਤ ’ਚ ਬਣੀਆਂ ਚੀਜ਼ਾਂ ਦੀ ਡਿਮਾਂਡ ਵਧ ਰਹੀ ਹੈ, ਦੂਸਰਾ ਮਤਲਬ ਇਹ ਕਿ ਭਾਰਤ ਦੀ ਸਪਲਾਈ ਚੇਨ ਦਿਨੋਂ-ਦਿਨ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਇਸ ਦਾ ਇੱਕ ਬਹੁਤ ਵੱਡਾ ਸੰਦੇਸ਼ ਵੀ ਹੈ। ਦੇਸ਼ ਵਿਸ਼ਾਲ ਕਦਮ ਉਦੋਂ ਚੁੱਕਦਾ ਹੈ, ਜਦੋਂ ਸੁਪਨਿਆਂ ਤੋਂ ਵੱਡੇ ਸੰਕਲਪ ਹੁੰਦੇ ਹਨ, ਜਦੋਂ ਸੰਕਲਪਾਂ ਦੇ ਲਈ ਦਿਨ-ਰਾਤ ਇਮਾਨਦਾਰੀ ਨਾਲ ਕੋਸ਼ਿਸ਼ ਹੁੰਦੀ ਹੈ ਤਾਂ ਉਹ ਸੰਕਲਪ ਸਿੱਧ ਵੀ ਹੁੰਦੇ ਹਨ ਅਤੇ ਤੁਸੀਂ ਵੇਖੋ, ਕਿਸੇ ਵਿਅਕਤੀ ਦੇ ਜੀਵਨ ਵਿੱਚ ਵੀ ਤਾਂ ਅਜਿਹਾ ਹੀ ਹੁੰਦਾ ਹੈ। ਜਦੋਂ ਕਿਸੇ ਦੇ ਸੰਕਲਪ, ਉਸ ਦੇ ਯਤਨ, ਉਸ ਦੇ ਸੁਪਨਿਆਂ ਤੋਂ ਵੀ ਵੱਡੇ ਹੋ ਜਾਂਦੇ ਹਨ ਤਾਂ ਸਫ਼ਲਤਾ ਓਹਦੇ ਕੋਲ ਖ਼ੁਦ ਚਲ ਕੇ ਆਉਂਦੀ ਹੈ।

ਸਾਥੀਓ, ਦੇਸ਼ ਦੇ ਕੋਨੇ-ਕੋਨੇ ਤੋਂ ਨਵੇਂ-ਨਵੇਂ ਉਤਪਾਦ ਜਦੋਂ ਵਿਦੇਸ਼ ਜਾ ਰਹੇ ਹਨ, ਅਸਮ ਦੇ ਹੈਲਾਕਾਂਡੀ ਦੇ ਚਮੜੇ ਦੇ ਉਤਪਾਦ (Leather Product) ਹੋਣ ਜਾਂ ਉਸਮਾਨਾਬਾਦ ਦੇ ਹੈਂਡਲੂਮ ਉਤਪਾਦ, ਬੀਜਾਪੁਰ ਦੀਆਂ ਫਲ-ਸਬਜ਼ੀਆਂ ਹੋਣ ਜਾਂ ਚੰਦੌਲੀ ਦਾ ਕਾਲਾ ਚਾਵਲ (black rice) ਸਭ ਦਾ ਨਿਰਯਾਤ ਵਧ ਰਿਹਾ ਹੈ। ਹੁਣ ਤੁਹਾਨੂੰ ਲੱਦਾਖ ਦੀ ਵਿਸ਼ਵ ਪ੍ਰਸਿੱਧ ਐਪਰੀਕੋਟ ਦੁਬਈ ਵਿੱਚ ਵੀ ਮਿਲੇਗੀ ਅਤੇ ਸਾਊਦੀ ਅਰਬ ਵਿੱਚ, ਤਮਿਲ ਨਾਡੂ ਤੋਂ ਭੇਜੇ ਗਏ ਕੇਲੇ ਮਿਲਣਗੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੇਂ-ਨਵੇਂ ਉਤਪਾਦ, ਨਵੇਂ-ਨਵੇਂ ਦੇਸ਼ਾਂ ਨੂੰ ਭੇਜੇ ਜਾ ਰਹੇ ਹਨ। ਜਿਵੇਂ ਹਿਮਾਚਲ ਉੱਤਰਾਖੰਡ ਵਿੱਚ ਪੈਦਾ ਹੋਇਆ ਬਾਜਰਾ, ਮੋਟੇ ਅਨਾਜ ਦੀ ਪਹਿਲੀ ਖੇਪ ਡੈਨਮਾਰਕ ਨੂੰ ਨਿਰਯਾਤ ਕੀਤੀ ਗਈ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਅਤੇ ਚਿੱਤੂਰ ਜ਼ਿਲ੍ਹੇ ਦੇ ਬੰਗਨਪੱਲੀ ਅਤੇ ਸੁਵਰਣ ਰੇਖਾ ਅੰਬ, ਦੱਖਣ ਕੋਰੀਆ ਨੂੰ ਨਿਰਯਾਤ ਕੀਤੇ ਗਏ, ਤ੍ਰਿਪੁਰਾ ਤੋਂ ਤਾਜ਼ਾ ਕਟਹਲ, ਹਵਾਈ ਰਸਤੇ ਰਾਹੀਂ ਲੰਡਨ ਨਿਰਯਾਤ ਕੀਤੇ ਗਏ ਅਤੇ ਹੋਰ ਪਹਿਲੀ ਵਾਰ ਨਾਗਾਲੈਂਡ ਦੀ ਰਾਜਾ ਮਿਰਚ ਨੂੰ ਲੰਡਨ ਭੇਜਿਆ ਗਿਆ। ਇਸੇ ਤਰ੍ਹਾਂ ਭਾਲੀਆ ਕਣਕ ਦੀ ਪਹਿਲੀ ਖੇਪ ਗੁਜਰਾਤ ਤੋਂ ਕੀਨੀਆ ਅਤੇ ਸ੍ਰੀ ਲੰਕਾ ਨਿਰਯਾਤ ਕੀਤੀ ਗਈ। ਯਾਨੀ ਹੁਣ ਤੁਸੀਂ ਦੂਸਰੇ ਦੇਸ਼ਾਂ ਵਿੱਚ ਜਾਓਗੇ ਤਾਂ ਭਾਰਤ ਵਿੱਚ ਬਣੇ ਉਤਪਾਦ (Made in India products) ਪਹਿਲਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਨਜ਼ਰ ਆਉਣਗੇ।

ਸਾਥੀਓ, ਇਹ ਸੂਚੀ ਬਹੁਤ ਲੰਬੀ ਹੈ ਅਤੇ ਜਿੰਨੀ ਲੰਬੀ ਇਹ ਸੂਚੀ ਹੈ, ਓਨੀ ਹੀ ਵੱਡੀ ਮੇਕ ਇਨ ਇੰਡੀਆ ਦੀ ਤਾਕਤ ਹੈ। ਓਨੀ ਹੀ ਵਿਸ਼ਾਲ ਭਾਰਤ ਦੀ ਸਮਰੱਥਾ ਹੈ ਅਤੇ ਸਮਰੱਥਾ ਦਾ ਅਧਾਰ ਹੈ - ਸਾਡੇ ਕਿਸਾਨ, ਸਾਡੇ ਕਾਰੀਗਰ, ਸਾਡੇ ਬੁਨਕਰ, ਸਾਡੇ ਇੰਜੀਨੀਅਰ, ਸਾਡੇ ਲਘੂ ਉੱਦਮੀ, ਸਾਡਾ MSME ਸੈਕਟਰ, ਢੇਰ ਸਾਰੇ ਵੱਖ-ਵੱਖ ਪ੍ਰੋਫੈਸ਼ਨ ਦੇ ਲੋਕ ਇਹ ਸਭ ਇਸ ਦੀ ਸੱਚੀ ਤਾਕਤ ਹਨ। ਇਨ੍ਹਾਂ ਦੀ ਮਿਹਨਤ ਨਾਲ ਹੀ 400 ਬਿਲੀਅਨ ਡਾਲਰ ਦੇ ਨਿਰਯਾਤ ਦਾ ਟੀਚਾ ਪ੍ਰਾਪਤ ਹੋ ਸਕਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਲੋਕਾਂ ਦੀ ਇਹ ਸਮਰੱਥਾ ਹੁਣ ਦੁਨੀਆ ਦੇ ਕੋਨੇ-ਕੋਨੇ ਵਿੱਚ, ਨਵੇਂ ਬਜ਼ਾਰਾਂ ’ਚ ਪਹੁੰਚ ਰਹੀ ਹੈ। ਜਦੋਂ ਇੱਕ-ਇੱਕ ਭਾਰਤ ਵਾਸੀ ਲੋਕਲ ਦੇ ਲਈ ਵੋਕਲ ਹੁੰਦਾ ਹੈ ਤਾਂ ਲੋਕਲ ਨੂੰ ਗਲੋਬਲ ਹੁੰਦੇ ਦੇਰ ਨਹੀਂ ਲਗਦੀ। ਆਓ, ਲੋਕਲ ਨੂੰ ਗਲੋਬਲ ਬਣਾਈਏ ਅਤੇ ਸਾਡੇ ਉਤਪਾਦਾਂ ਦੀ ਸਾਖ਼ ਨੂੰ ਹੋਰ ਵਧਾਈਏ।

ਸਾਥੀਓ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਇਹ ਜਾਣ ਕੇ ਚੰਗਾ ਲਗੇਗਾ ਕਿ ਘਰੇਲੂ ਪੱਧਰ ’ਤੇ ਵੀ ਸਾਡੇ ਲਘੂ ਉੱਦਮੀਆਂ ਦੀ ਸਫ਼ਲਤਾ ਮਾਣ ਨਾਲ ਭਰਨ ਵਾਲੀ ਹੈ। ਅੱਜ ਸਾਡੇ ਲਘੂ ਉੱਦਮੀ ਸਰਕਾਰੀ ਖਰੀਦ ਵਿੱਚ Government e-Market Place ਯਾਨੀ ਜੀ.ਈ.ਐੱਮ. (ਜੈੱਮ) ਦੇ ਮਾਧਿਅਮ ਨਾਲ ਵੱਡੀ ਭਾਗੀਦਾਰੀ ਨਿਭਾ ਰਹੇ ਹਨ। ਟੈਕਨੋਲੋਜੀ ਦੇ ਮਾਧਿਅਮ ਨਾਲ ਬਹੁਤ ਹੀ ਪਾਰਦਰਸ਼ੀ ਵਿਵਸਥਾ ਵਿਕਸਿਤ ਕੀਤੀ ਗਈ ਹੈ। ਪਿਛਲੇ ਇੱਕ ਸਾਲ ਵਿੱਚ ਜੀ. ਈ. ਐੱਮ. ਪੋਰਟਲ ਦੇ ਜ਼ਰੀਏ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਚੀਜ਼ਾਂ ਖਰੀਦੀਆਂ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਲਗਭਗ ਸਵਾ ਲੱਖ ਲਘੂ ਉੱਦਮੀਆਂ, ਛੋਟੇ ਦੁਕਾਨਦਾਰਾਂ ਨੇ ਆਪਣਾ ਸਮਾਨ ਸਰਕਾਰ ਨੂੰ ਸਿੱਧਾ ਵੇਚਿਆ ਹੈ। ਇੱਕ ਜ਼ਮਾਨਾ ਸੀ ਜਦੋਂ ਵੱਡੀਆਂ ਕੰਪਨੀਆਂ ਹੀ ਸਰਕਾਰ ਨੂੰ ਸਮਾਨ ਵੇਚ ਪਾਉਂਦੀਆਂ ਸਨ, ਲੇਕਿਨ ਹੁਣ ਦੇਸ਼ ਬਦਲ ਰਿਹਾ ਹੈ। ਪੁਰਾਣੀਆਂ ਵਿਵਸਥਾਵਾਂ ਵੀ ਬਦਲ ਰਹੀਆਂ ਹਨ। ਹੁਣ ਛੋਟੇ ਤੋਂ ਛੋਟਾ ਦੁਕਾਨਦਾਰ ਵੀ ਜੀ.ਈ.ਐੱਮ. (ਜੈੱਮ) ਪੋਰਟਲ ’ਤੇ ਸਰਕਾਰ ਨੂੰ ਆਪਣਾ ਸਮਾਨ ਵੇਚ ਸਕਦਾ ਹੈ - ਇਹੀ ਤਾਂ ਨਵਾਂ ਭਾਰਤ ਹੈ। ਇਹ ਨਾ ਸਿਰਫ਼ ਵੱਡੇ ਸੁਪਨੇ ਦੇਖਦਾ ਹੈ, ਬਲਕਿ ਉਸ ਟੀਚੇ ਤੱਕ ਪਹੁੰਚਣ ਦਾ ਹੌਸਲਾ ਵੀ ਵਿਖਾਉਂਦਾ ਹੈ, ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ। ਇਸੇ ਹੌਸਲੇ ਦੇ ਦਮ ’ਤੇ ਅਸੀਂ ਸਾਰੇ ਭਾਰਤੀ ਮਿਲ ਕੇ ਆਤਮ-ਨਿਰਭਰ ਭਾਰਤ ਦਾ ਸੁਪਨਾ ਜ਼ਰੂਰ ਪੂਰਾ ਕਰਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਜਿਹੇ ਹੀ ਹੋਏ ਪਦਮ ਸਨਮਾਨ ਸਮਾਰੋਹ ਵਿੱਚ ਤੁਸੀਂ ਬਾਬਾ ਸ਼ਿਵਾਨੰਦ ਜੀ ਨੂੰ ਜ਼ਰੂਰ ਦੇਖਿਆ ਹੋਵੇਗਾ, 126 ਸਾਲ ਦੇ ਬਜ਼ੁਰਗ ਦੀ ਫੁਰਤੀ ਦੇਖ ਕੇ ਮੇਰੀ ਤਰ੍ਹਾਂ ਹਰ ਕੋਈ ਹੈਰਾਨ ਹੋ ਗਿਆ ਹੋਵੇਗਾ ਅਤੇ ਮੈਂ ਦੇਖਿਆ ਪਲਕ ਝਪਕਦਿਆਂ ਹੀ ਉਹ ਨੰਦੀ ਮੁਦਰਾ ਵਿੱਚ ਪ੍ਰਣਾਮ ਕਰਨ ਲਗ ਪਿਆ। ਮੈਂ ਵੀ ਬਾਬਾ ਸ਼ਿਵਾਨੰਦ ਜੀ ਨੂੰ ਝੁਕ ਕੇ ਵਾਰ-ਵਾਰ ਪ੍ਰਣਾਮ ਕੀਤਾ। 126 ਸਾਲ ਦੀ ਉਮਰ ਅਤੇ ਬਾਬਾ ਸ਼ਿਵਾਨੰਦ ਜੀ ਦੀ Fitness, ਦੋਵੇਂ ਅੱਜ ਦੇਸ਼ ਵਿੱਚ ਚਰਚਾ ਦਾ ਵਿਸ਼ਾ ਹਨ। ਮੈਂ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਦਾ ਕਮੈਂਟ ਦੇਖਿਆ ਕਿ ਬਾਬਾ ਸ਼ਿਵਾਨੰਦ ਆਪਣੀ ਉਮਰ ਤੋਂ 4 ਗੁਣਾ ਘੱਟ ਉਮਰ ਤੋਂ ਵੀ ਜ਼ਿਆਦਾ ਫਿੱਟ ਹਨ। ਵਾਕਿਆ ਹੀ ਬਾਬਾ ਸ਼ਿਵਾਨੰਦ ਦਾ ਜੀਵਨ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਲਾ ਹੈ। ਮੈਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ’ਚ ਯੋਗ ਦੇ ਪ੍ਰਤੀ ਇੱਕ ਉਮੰਗ ਹੈ ਅਤੇ ਉਹ ਬਹੁਤ Healthy Lifestyle ਜਿਊਂਦੇ ਹਨ।

ਜੀਵੇਮ ਸ਼ਰਦ : ਸ਼ਤਮ੍।

(जीवेम शरदः शतम्।)

ਸਾਡੀ ਸੰਸਕ੍ਰਿਤੀ ਵਿੱਚ ਸਭ ਨੂੰ 100 ਸਾਲ ਦੇ ਤੰਦਰੁਸਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਅਸੀਂ 7 ਅਪ੍ਰੈਲ ਨੂੰ ‘ਵਿਸ਼ਵ ਸਿਹਤ ਦਿਵਸ’ ਮਨਾਵਾਂਗੇ। ਅੱਜ ਪੂਰੇ ਵਿਸ਼ਵ ਵਿੱਚ ਸਿਹਤ ਨੂੰ ਲੈ ਕੇ ਭਾਰਤੀ ਚਿੰਤਨ, ਭਾਵੇਂ ਉਹ ਯੋਗ ਹੋਵੇ ਜਾਂ ਆਯੁਰਵੇਦ, ਇਸ ਪ੍ਰਤੀ ਰੁਝਾਨ ਵਧਦਾ ਜਾ ਰਿਹਾ ਹੈ। ਹੁਣ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਹੀ ਹਫ਼ਤੇ ਕਤਰ ਵਿੱਚ ਇੱਕ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 114 ਦੇਸ਼ਾਂ ਦੇ ਨਾਗਰਿਕਾਂ ਨੇ ਹਿੱਸਾ ਲੈ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਇਸੇ ਤਰ੍ਹਾਂ ਨਾਲ ਆਯੁਸ਼ ਇੰਡਸਟ੍ਰੀ ਦਾ ਬਜ਼ਾਰ ਵੀ ਲਗਾਤਾਰ ਵੱਡਾ ਹੋ ਰਿਹਾ ਹੈ। 6 ਸਾਲ ਪਹਿਲਾਂ ਆਯੁਰਵੇਦ ਨਾਲ ਜੁੜੀਆਂ ਦਵਾਈਆਂ ਦਾ ਬਜ਼ਾਰ 22 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਸੀ। ਅੱਜ ਆਯੁਸ਼ ਮੈਨੂਫੈਕਚਰਿੰਗ ਇੰਡਸਟ੍ਰੀ, ਇੱਕ ਲੱਖ 40 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਚੁੱਕੀ ਹੈ। ਯਾਨੀ ਇਸ ਖੇਤਰ ਵਿੱਚ ਸੰਭਾਵਨਾਵਾਂ ਲਗਾਤਾਰ ਵਧ ਰਹੀਆਂ ਹਨ। Start-Up ਵਰਲਡ ਵਿੱਚ ਵੀ ਆਯੁਸ਼ ਆਕਰਸ਼ਣ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਸਾਥੀਓ, ਸਿਹਤ ਦੇ ਖੇਤਰ ਦੇ ਦੂਸਰੇ Start-Ups ਬਾਰੇ ਤਾਂ ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕਾ ਹਾਂ। ਲੇਕਿਨ ਇਸ ਵਾਰ ਆਯੁਸ਼ Start-Ups ’ਤੇ ਤੁਹਾਡੇ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਾਂਗਾ। ਇੱਕ Start-Up ਹੈ, Kapiva! (ਕਪਿਵਾ)। ਇਸ ਦੇ ਨਾਮ ਵਿੱਚ ਹੀ ਇਸ ਦਾ ਮਤਲਬ ਛੁਪਿਆ ਹੈ, ਇਸ ਵਿੱਚ Ka ਦਾ ਮਤਲਬ ਹੈ ਕਫ਼, Pi ਦਾ ਮਤਲਬ ਹੈ - ਪਿਤ ਅਤੇ Va ਦਾ ਮਤਲਬ ਹੈ ਵਾਤ। ਇਹ ਸਟਾਰਟ-ਅੱਪ ਸਾਡੀਆਂ ਰਵਾਇਤਾਂ ਦੇ ਮੁਤਾਬਕ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ’ਤੇ ਅਧਾਰਿਤ ਹੈ। ਇੱਕ ਹੋਰ ਸਟਾਰਟ-ਅੱਪ ਨਿਰੋਗ ਸਟ੍ਰੀਟ ਵੀ ਹੈ, ਆਯੁਰਵੇਦ ਹੈਲਥ ਕੇਅਰ ਈਕੋ ਸਿਸਟਮ ਵਿੱਚ ਇੱਕ ਅਨੋਖੀ ਧਾਰਨਾ ਹੈ। ਇਸ ਦਾ ਟੈਕਨੋਲੋਜੀ ’ਤੇ ਅਧਾਰਿਤ ਪਲੈਟਫਾਰਮ ਦੁਨੀਆ ਭਰ ਦੇ ਆਯੁਰਵੈਦਿਕ ਡਾਕਟਰਾਂ ਨੂੰ ਸਿੱਧੇ ਲੋਕਾਂ ਨਾਲ ਜੋੜਦਾ ਹੈ। 50 ਹਜ਼ਾਰ ਤੋਂ ਜ਼ਿਆਦਾ ਪ੍ਰੈਕਟੀਸ਼ਨਰ ਇਸ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ Atreya (ਆਤ੍ਰੇਯ) ਇਨੋਵੇਸ਼ਨ, ਇੱਕ ਹੈਲਥ ਕੇਅਰ ਟੈਕਨੋਲੋਜੀ ਸਟਾਰਟ-ਅੱਪ ਹੈ ਜੋ ਸੰਪੂਰਨ ਅਰੋਗਤਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। Ixoreal (ਇਕਜ਼ੋਰੀਅਲ) ਨੇ ਨਾ ਸਿਰਫ਼ ਅਸ਼ਵਗੰਧਾ ਦੇ ਉਪਯੋਗ ਨੂੰ ਲੈ ਕੇ ਜਾਗਰੂਕਤਾ ਫੈਲਾਈ ਹੈ, ਬਲਕਿ ਟੌਪ ਕੁਆਲਿਟੀ ਪ੍ਰੋਡਕਸ਼ਨ ਪ੍ਰੋਸੈੱਸ ’ਤੇ ਵੀ ਵੱਡੀ ਮਾਤਰਾ ਵਿੱਚ ਨਿਵੇਸ਼ ਕੀਤਾ ਹੈ। Cureveda (ਕਯੋਰਵੇਦਾ) ਨੇ ਜੜ੍ਹੀ-ਬੂਟੀਆਂ ਦੀ ਆਧੁਨਿਕ ਖੋਜ ਅਤੇ ਰਵਾਇਤੀ ਗਿਆਨ ਦੇ ਸੰਗਮ ਨਾਲ Holistic Life ਦੇ ਲਈ ਡਾਇਟਰੀ ਸਪਲੀਮੈਂਟ (Dietary Supplements) ਦਾ ਨਿਰਮਾਣ ਕੀਤਾ ਹੈ।

ਸਾਥੀਓ, ਅਜੇ ਤਾਂ ਮੈਂ ਕੁਝ ਹੀ ਨਾਮ ਗਿਣਾਏ ਹਨ, ਇਹ ਸੂਚੀ ਬੜੀ ਲੰਬੀ ਹੈ। ਇਹ ਭਾਰਤ ਦੇ ਨੌਜਵਾਨ ਉੱਦਮੀਆਂ ਅਤੇ ਭਾਰਤ ਵਿੱਚ ਬਣ ਰਹੀਆਂ ਨਵੀਆਂ ਸੰਭਾਵਨਾਵਾਂ ਦਾ ਪ੍ਰਤੀਕ ਹੈ। ਮੇਰਾ ਸਿਹਤ ਦੇ ਖੇਤਰ ਦੇ ਸਟਾਰਟ-ਅੱਪਸ ਅਤੇ ਖਾਸ ਕਰਕੇ ਆਯੁਸ਼ ਸਟਾਰਟ-ਅੱਪਸ ਨੂੰ ਇੱਕ ਅਨੁਰੋਧ ਵੀ ਹੈ। ਤੁਸੀਂ ਔਨਲਾਈਨ ਜੋ ਵੀ ਪੋਰਟਲ ਬਣਾਉਂਦੇ ਹੋ, ਜੋ ਵੀ Content create ਕਰਦੇ ਹੋ, ਉਹ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਦੱਸਣ ਦੀ ਕੋਸ਼ਿਸ਼ ਕਰੋ। ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਹਨ, ਜਿੱਥੇ ਅੰਗਰੇਜ਼ੀ ਨਾ ਹੀ ਬੋਲੀ ਜਾਂਦੀ ਹੈ ਅਤੇ ਨਾ ਹੀ ਏਨੀ ਸਮਝੀ ਜਾਂਦੀ ਹੈ। ਅਜਿਹੇ ਦੇਸ਼ਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਆਪਣੀ ਜਾਣਕਾਰੀ ਦਾ ਪ੍ਰਚਾਰ-ਪ੍ਰਸਾਰ ਕਰੋ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ ਆਯੁਸ਼ ਸਟਾਰਟ-ਅੱਪਸ ਬਿਹਤਰ ਗੁਣਵੱਤਾ ਦੇ ਉਤਪਾਦਾਂ ਦੇ ਨਾਲ ਜਲਦੀ ਹੀ ਦੁਨੀਆ ਭਰ ਵਿੱਚ ਛਾ ਜਾਣਗੇ।

ਸਾਥੀਓ, ਸਿਹਤ ਦਾ ਸਿੱਧਾ ਸਬੰਧ ਸਵੱਛਤਾ ਨਾਲ ਵੀ ਜੁੜਿਆ ਹੈ। ‘ਮਨ ਕੀ ਬਾਤ’ ਵਿੱਚ, ਅਸੀਂ ਹਮੇਸ਼ਾ ਸਵੱਛਤਾ ’ਤੇ ਜ਼ੋਰ ਦੇਣ ਵਾਲਿਆਂ ਦੇ ਯਤਨਾਂ ਬਾਰੇ ਜ਼ਰੂਰ ਦੱਸਦੇ ਹਾਂ। ਅਜਿਹੇ ਹੀ ਇੱਕ ਸਵੱਛਾਗ੍ਰਹੀ ਹਨ ਚੰਦਰ ਕਿਸ਼ੋਰ ਪਾਟਿਲ ਜੀ। ਇਹ ਮਹਾਰਾਸ਼ਟਰ ਦੇ ਨਾਸਿਕ ਵਿੱਚ ਰਹਿੰਦੇ ਹਨ। ਚੰਦਰ ਕਿਸ਼ੋਰ ਜੀ ਦਾ ਸਵੱਛਤਾ ਬਾਰੇ ਸੰਕਲਪ ਬਹੁਤ ਡੂੰਘਾ ਹੈ। ਉਹ ਗੋਦਾਵਰੀ ਨਦੀ ਦੇ ਕੋਲ ਖੜ੍ਹੇ ਰਹਿੰਦੇ ਹਨ ਅਤੇ ਲੋਕਾਂ ਨੂੰ ਲਗਾਤਾਰ ਨਦੀ ਵਿੱਚ ਕੂੜਾ-ਕਰਕਟ ਨਾ ਸੁੱਟਣ ਦੇ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੂੰ ਕੋਈ ਅਜਿਹਾ ਕਰਦਾ ਦਿਸਦਾ ਹੈ ਤਾਂ ਤੁਰੰਤ ਉਸ ਨੂੰ ਮਨ੍ਹਾ ਕਰਦੇ ਹਨ। ਇਸ ਕੰਮ ਵਿੱਚ ਚੰਦਰ ਕਿਸ਼ੋਰ ਜੀ ਆਪਣਾ ਕਾਫੀ ਸਮਾਂ ਖ਼ਰਚ ਕਰਦੇ ਹਨ। ਸ਼ਾਮ ਤੱਕ ਉਨ੍ਹਾਂ ਦੇ ਕੋਲ ਅਜਿਹੀਆਂ ਚੀਜ਼ਾਂ ਦਾ ਢੇਰ ਲਗ ਜਾਂਦਾ ਹੈ ਜੋ ਲੋਕ ਨਦੀ ਵਿੱਚ ਸੁੱਟਣ ਦੇ ਲਈ ਲਿਆਏ ਹੁੰਦੇ ਹਨ। ਚੰਦਰ ਕਿਸ਼ੋਰ ਜੀ ਦਾ ਇਹ ਯਤਨ ਜਾਗਰੂਕਤਾ ਵੀ ਵਧਾਉਂਦਾ ਹੈ ਅਤੇ ਪ੍ਰੇਰਣਾ ਵੀ ਦਿੰਦਾ ਹੈ। ਅਜਿਹੇ ਹੀ ਇੱਕ ਹੋਰ ਸਵੱਛਾਗ੍ਰਹੀ ਹਨ - ਓਡੀਸ਼ਾ ਵਿੱਚ ਪੁਰੀ ਦੇ ਰਾਹੁਲ ਮਹਾਰਾਣਾ - ਰਾਹੁਲ ਹਰ ਐਤਵਾਰ ਨੂੰ ਸਵੇਰੇ-ਸਵੇਰੇ ਪੁਰੀ ਵਿੱਚ ਤੀਰਥ ਸਥਾਨਾਂ ਦੇ ਕੋਲ ਜਾਂਦੇ ਹਨ ਅਤੇ ਉੱਥੇ ਪਲਾਸਟਿਕ ਕਚਰਾ ਸਾਫ਼ ਕਰਦੇ ਹਨ। ਉਹ ਹੁਣ ਤੱਕ ਸੈਂਕੜੇ ਕਿਲੋ ਪਲਾਸਟਿਕ ਕਚਰਾ ਅਤੇ ਗੰਦਗੀ ਸਾਫ਼ ਕਰ ਚੁੱਕੇ ਹਨ। ਪੁਰੀ ਦੇ ਰਾਹੁਲ ਹੋਣ ਜਾਂ ਨਾਸਿਕ ਦੇ ਚੰਦਰ ਕਿਸ਼ੋਰ, ਇਹ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿਖਾਉਂਦੇ ਹਨ। ਨਾਗਰਿਕ ਦੇ ਤੌਰ ’ਤੇ ਅਸੀਂ ਆਪਣੇ ਫ਼ਰਜ਼ਾਂ ਨੂੰ ਨਿਭਾਈਏ, ਭਾਵੇਂ ਸਵੱਛਤਾ ਹੋਵੇ, ਪੋਸ਼ਣ ਹੋਵੇ ਜਾਂ ਫਿਰ ਟੀਕਾਕਰਣ। ਇਨ੍ਹਾਂ ਸਾਰੇ ਯਤਨਾਂ ਨਾਲ ਹੀ ਤੰਦਰੁਸਤ ਰਹਿਣ ਵਿੱਚ ਮਦਦ ਮਿਲਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਆਓ ਗੱਲ ਕਰਦੇ ਹਾਂ ਕੇਰਲਾ ਦੇ ਮੁਪੱਟਮ ਸ਼੍ਰੀ ਨਾਰਾਇਨਣ ਜੀ ਦੀ। ਉਨ੍ਹਾਂ ਨੇ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨਾਮ ਹੈ - ‘Pots for water of life’, ਤੁਸੀਂ ਹੁਣ ਇਸ ਪ੍ਰੋਜੈਕਟ ਦੇ ਬਾਰੇ ਜਾਣੋਗੇ ਤਾਂ ਸੋਚੋਗੇ ਕਿ ਕੀ ਕਮਾਲ ਦਾ ਕੰਮ ਹੈ।

ਸਾਥੀਓ, ਮੁਪੱਟਮ ਸ਼੍ਰੀ ਨਾਰਾਇਨਣ ਜੀ, ਗਰਮੀ ਦੇ ਦੌਰਾਨ ਪਸ਼ੂ-ਪੰਛੀਆਂ ਨੂੰ ਪਾਣੀ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਮਿੱਟੀ ਦੇ ਬਰਤਨ ਵੰਡਣ ਦੀ ਮੁਹਿੰਮ ਚਲਾ ਰਹੇ ਹਨ। ਗਰਮੀਆਂ ਵਿੱਚ ਉਹ ਪਸ਼ੂ-ਪੰਛੀਆਂ ਦੀ ਇਸ ਪਰੇਸ਼ਾਨੀ ਨੂੰ ਦੇਖ ਕੇ ਖ਼ੁਦ ਵੀ ਪਰੇਸ਼ਾਨ ਹੋ ਉੱਠਦੇ ਹਨ। ਫਿਰ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਉਹ ਖ਼ੁਦ ਹੀ ਮਿੱਟੀ ਦੇ ਬਰਤਨ ਵੰਡਣੇ ਸ਼ੁਰੂ ਕਰ ਦੇਣ ਤਾਕਿ ਦੂਸਰਿਆਂ ਦੇ ਕੋਲ ਉਨ੍ਹਾਂ ਬਰਤਨਾਂ ਵਿੱਚ ਸਿਰਫ਼ ਪਾਣੀ ਭਰਨ ਦਾ ਹੀ ਕੰਮ ਰਹੇ। ਤੁਸੀਂ ਹੈਰਾਨ ਰਹਿ ਜਾਓਗੇ ਕਿ ਨਾਰਾਇਨਣ ਜੀ ਦੁਆਰਾ ਵੰਡੇ ਗਏ ਬਰਤਨਾਂ ਦਾ ਅੰਕੜਾ ਇੱਕ ਲੱਖ ਨੂੰ ਪਾਰ ਕਰਨ ਵਾਲਾ ਹੈ। ਆਪਣੀ ਮੁਹਿੰਮ ਵਿੱਚ ਇੱਕ ਲੱਖਵਾਂ ਬਰਤਨ ਉਹ ਗਾਂਧੀ ਜੀ ਦੁਆਰਾ ਸਥਾਪਿਤ ਸਾਬਰਮਤੀ ਆਸ਼ਰਮ ਵਿੱਚ ਦਾਨ ਕਰਨਗੇ। ਅੱਜ ਜਦੋਂ ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਤਾਂ ਨਾਰਾਇਨਣ ਜੀ ਦਾ ਇਹ ਕੰਮ ਸਾਨੂੰ ਸਾਰਿਆਂ ਨੂੰ ਜ਼ਰੂਰ ਪ੍ਰੇਰਿਤ ਕਰੇਗਾ ਅਤੇ ਅਸੀਂ ਵੀ ਇਸ ਗਰਮੀ ਵਿੱਚ ਸਾਡੇ ਪਸ਼ੂ-ਪੰਛੀ ਮਿੱਤਰਾਂ ਦੇ ਲਈ ਪਾਣੀ ਦੀ ਵਿਵਸਥਾ ਕਰਾਂਗੇ।

ਸਾਥੀਓ, ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਆਪਣੇ ਸੰਕਲਪਾਂ ਨੂੰ ਫਿਰ ਤੋਂ ਦੁਹਰਾਈਏ। ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦੇ ਲਈ ਅਸੀਂ ਜੋ ਵੀ ਕੁਝ ਕਰ ਸਕਦੇ ਹਾਂ, ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਰੀ-ਸਾਈਕਲਿੰਗ ਦੇ ਲਈ ਅਸੀਂ ਓਨਾ ਹੀ ਜ਼ੋਰ ਦਿੰਦੇ ਰਹਿਣਾ ਹੈ। ਘਰ ਵਿੱਚ ਇਸਤੇਮਾਲ ਹੋਇਆ ਜੋ ਪਾਣੀ ਗਮਲਿਆਂ ਵਿੱਚ ਕੰਮ ਆ ਸਕਦਾ ਹੈ, Gardening ਵਿੱਚ ਕੰਮ ਆ ਸਕਦਾ ਹੈ, ਉਹ ਜ਼ਰੂਰ ਦੁਬਾਰਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਤੁਸੀਂ ਆਪਣੇ ਘਰ ਵਿੱਚ ਅਜਿਹੀਆਂ ਵਿਵਸਥਾਵਾਂ ਕਰ ਸਕਦੇ ਹੋ। ਰਹੀਮ ਦਾਸ ਜੀ ਸਦੀਆਂ ਪਹਿਲਾਂ ਕਿਸੇ ਮਕਸਦ ਨਾਲ ਹੀ ਕਹਿ ਕੇ ਗਏ ਹਨ। ‘ਰਹਿਮਨ ਪਾਨੀ ਰਾਖੀਏ, ਬਿਨ ਪਾਨੀ ਸਬ ਸੂਨ’ ਅਤੇ ਪਾਣੀ ਬਚਾਉਣ ਦੇ ਇਸ ਕੰਮ ਵਿੱਚ ਮੈਨੂੰ ਬੱਚਿਆਂ ਤੋਂ ਬਹੁਤ ਆਸ ਹੈ। ਸਵੱਛਤਾ ਨੂੰ ਜਿਵੇਂ ਸਾਡੇ ਬੱਚਿਆਂ ਨੇ ਅੰਦੋਲਨ ਬਣਾਇਆ, ਉਂਝ ਹੀ ਉਹ ਵਾਟਰ ਵਾਰੀਅਰ ਬਣ ਕੇ ਪਾਣੀ ਬਚਾਉਣ ਵਿੱਚ ਮਦਦ ਕਰ ਸਕਦੇ ਹਨ।

ਸਾਥੀਓ, ਸਾਡੇ ਦੇਸ਼ ਵਿੱਚ ਜਲ ਸੰਭਾਲ਼, ਜਲ ਸਰੋਤਿਆਂ ਦੀ ਸੁਰੱਖਿਆ, ਸਦੀਆਂ ਤੋਂ ਸਮਾਜ ਦੇ ਸੁਭਾਅ ਦਾ ਹਿੱਸਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਨੇ Water Conservation ਨੂੰ life mission ਹੀ ਬਣਾ ਲਿਆ ਹੈ। ਜਿਵੇਂ ਚੇਨਈ ਦੇ ਇੱਕ ਸਾਥੀ ਹਨ ਅਰੁਣ ਕ੍ਰਿਸ਼ਨ ਮੂਰਤੀ ਜੀ! ਅਰੁਣ ਜੀ ਆਪਣੇ ਇਲਾਕੇ ਵਿੱਚ ਤਲਾਬਾਂ ਅਤੇ ਝੀਲਾਂ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ 150 ਤੋਂ ਜ਼ਿਆਦਾ ਤਲਾਬਾਂ-ਝੀਲਾਂ ਦੀ ਸਾਫ਼-ਸਫਾਈ ਦੀ ਜ਼ਿੰਮੇਵਾਰੀ ਚੁੱਕੀ ਅਤੇ ਉਸ ਨੂੰ ਸਫ਼ਲਤਾ ਦੇ ਨਾਲ ਪੂਰਾ ਕੀਤਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਇੱਕ ਸਾਥੀ ਰੋਹਨ ਕਾਲੇ ਹਨ। ਰੋਹਨ ਪੇਸ਼ੇ ਤੋਂ ਇੱਕ HR Professional ਹਨ। ਉਹ ਮਹਾਰਾਸ਼ਟਰ ਦੇ ਸੈਂਕੜਿਆਂ ਸਟੈਪਵੈੱਲਸ (Stepwells) ਯਾਨੀ ਪੌੜੀਆਂ ਵਾਲੇ ਪੁਰਾਣੇ ਖੂਹਾਂ ਦੀ ਸੰਭਾਲ਼ ਦੀ ਮੁਹਿੰਮ ਚਲਾ ਰਹੇ ਹਨ। ਇਨ੍ਹਾਂ ਵਿੱਚ ਕਈ ਖੂਹ ਤਾਂ ਸੈਂਕੜੇ ਸਾਲ ਪੁਰਾਣੇ ਹੁੰਦੇ ਹਨ ਅਤੇ ਸਾਡੀ ਵਿਰਾਸਤ ਦਾ ਹਿੱਸਾ ਹੁੰਦੇ ਹਨ। ਸਿਕੰਦਰਾਬਾਦ ਵਿੱਚ ਬੰਸੀ ਲਾਲ - ਪੇਟ ਖੂਹ ਇੱਕ ਅਜਿਹਾ ਹੀ ਸਟੈਪਵੈੱਲ ਹੈ। ਵਰ੍ਹਿਆਂ ਦੀ ਉਪੇਖਿਆ ਦੇ ਕਾਰਨ ਇਹ ਸਟੈਪਵੈੱਲ ਮਿੱਟੀ ਅਤੇ ਕਚਰੇ ਨਾਲ ਢੱਕ ਗਿਆ ਸੀ, ਲੇਕਿਨ ਹੁਣ ਉੱਥੇ ਇਸ ਸਟੈਪਵੈੱਲ ਨੂੰ ਮੁੜ੍ਹ ਸੁਰਜੀਤ ਕਰਨ ਦੀ ਮੁਹਿੰਮ ਜਨ-ਭਾਗੀਦਾਰੀ ਨਾਲ ਸ਼ੁਰੂ ਹੋਈ ਹੈ। ਸਾਥੀਓ, ਮੈਂ ਤਾਂ ਉਸ ਰਾਜ ਤੋਂ ਹਾਂ, ਜਿੱਥੇ ਪਾਣੀ ਦੀ ਹਮੇਸ਼ਾ ਬਹੁਤ ਕਮੀ ਰਹੀ ਹੈ। ਗੁਜਰਾਤ ਵਿੱਚ ਇਨ੍ਹਾਂ ਸਟੈਪਵੈੱਲਾਂ ਨੂੰ ਵਾਵ ਕਹਿੰਦੇ ਹਨ। ਗੁਜਰਾਤ ਵਰਗੇ ਰਾਜ ਵਿੱਚ ਵਾਵ ਦੀ ਵੱਡੀ ਭੂਮਿਕਾ ਰਹੀ ਹੈ। ਇਨ੍ਹਾਂ ਖੂਹਾਂ ਜਾਂ ਬਾਵੜੀਆਂ ਦੀ ਸੰਭਾਲ਼ ਦੇ ਲਈ ‘ਜਲ ਮੰਦਿਰ ਯੋਜਨਾ’ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਪੂਰੇ ਗੁਜਰਾਤ ਵਿੱਚ ਅਨੇਕਾਂ ਬਾਵੜੀਆਂ ਨੂੰ ਮੁੜ੍ਹ ਸੁਰਜੀਤ ਕੀਤਾ ਗਿਆ। ਇਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਜਲ ਪੱਧਰ ਨੂੰ ਵਧਾਉਣ ਵਿੱਚ ਵੀ ਕਾਫੀ ਮਦਦ ਮਿਲੀ। ਅਜਿਹੀਆਂ ਹੀ ਮੁਹਿੰਮਾਂ ਤੁਸੀਂ ਵੀ ਸਥਾਨਕ ਪੱਧਰ ’ਤੇ ਚਲਾ ਸਕਦੇ ਹੋ। ਚੈਕ ਡੈਮ ਬਣਾਉਣੇ ਹੋਣ, ਰੇਨ ਵਾਟਰ ਹਾਰਵੈਸਟਿੰਗ ਹੋਵੇ, ਇਸ ਵਿੱਚ ਵਿਅਕਤੀਗਤ ਯਤਨ ਵੀ ਅਹਿਮ ਹਨ ਅਤੇ ਸਮੂਹਿਕ ਯਤਨ ਵੀ ਜ਼ਰੂਰੀ ਹਨ, ਜਿਵੇਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰ ਬਣਾਏ ਜਾ ਸਕਦੇ ਹਨ। ਕੁਝ ਪੁਰਾਣੇ ਸਰੋਵਰਾਂ ਨੂੰ ਸੁਧਾਰਿਆ ਜਾ ਸਕਦਾ ਹੈ। ਕੁਝ ਨਵੇਂ ਸਰੋਵਰ ਬਣਾਏ ਜਾ ਸਕਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਦਿਸ਼ਾ ਵਿੱਚ ਕੁਝ ਨਾ ਕੁਝ ਯਤਨ ਜ਼ਰੂਰ ਕਰੋਗੇ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਉਸ ਦੀ ਇੱਕ ਖੂਬਸੂਰਤੀ ਇਹ ਹੈ ਕਿ ਮੈਨੂੰ ਤੁਹਾਡੇ ਸੰਦੇਸ਼ ਬਹੁਤ ਸਾਰੀਆਂ ਭਾਸ਼ਾਵਾਂ, ਬਹੁਤ ਸਾਰੀਆਂ ਬੋਲੀਆਂ ਵਿੱਚ ਮਿਲਦੇ ਹਨ, ਕਈ ਲੋਕ Mygov ’ਤੇ ਆਡੀਓ ਮੈਸਿਜ ਵੀ ਭੇਜਦੇ ਹਨ। ਭਾਰਤ ਦੀ ਸੰਸਕ੍ਰਿਤੀ, ਸਾਡੀਆਂ ਭਾਸ਼ਾਵਾਂ, ਸਾਡੀਆਂ ਬੋਲੀਆਂ, ਸਾਡੇ ਰਹਿਣ-ਸਹਿਣ, ਖਾਣ-ਪਾਨ ਦਾ ਵਿਸਤਾਰ ਇਹ ਸਾਰੀਆਂ ਵਿਭਿੰਨਤਾਵਾਂ ਸਾਡੀ ਬਹੁਤ ਵੱਡੀ ਤਾਕਤ ਹਨ। ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਭਾਰਤ ਨੂੰ ਇਹੀ ਵਿਭਿੰਨਤਾ ਇੱਕ ਕਰਕੇ ਰੱਖਦੀ ਹੈ, ਏਕ ਭਾਰਤ ਸ਼੍ਰੇਸ਼ਠ ਭਾਰਤ ਬਣਾਉਂਦੀ ਹੈ। ਇਸ ਵਿੱਚ ਵੀ ਸਾਡੇ ਇਤਿਹਾਸਿਕ ਸਥਾਨਾਂ ਅਤੇ ਪੌਰਾਣਿਕ ਕਥਾਵਾਂ ਦੋਹਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੱਲ ਮੈਂ ਹੁਣ ਤੁਹਾਡੇ ਨਾਲ ਕਿਉਂ ਕਰ ਰਿਹਾ ਹਾਂ, ਇਸ ਦੀ ਵਜ੍ਹਾ ਹੈ ‘ਮਾਧਵਪੁਰ ਮੇਲਾ’। ਮਾਧਵਪੁਰ ਮੇਲਾ ਕਿੱਥੇ ਲਗਦਾ ਹੈ, ਕਿਉਂ ਲਗਦਾ ਹੈ, ਕਿਵੇਂ ਇਹ ਭਾਰਤ ਦੀ ਵਿਭਿੰਨਤਾ ਨਾਲ ਜੁੜਿਆ ਹੈ, ਇਹ ਜਾਨਣਾ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਬਹੁਤ ਦਿਲਚਸਪ ਲਗੇਗਾ।

ਸਾਥੀਓ, ਮਾਧਵਪੁਰ ਮੇਲਾ ਗੁਜਰਾਤ ਦੇ ਪੋਰਬੰਦਰ ਵਿੱਚ ਸਮੁੰਦਰ ਦੇ ਕੋਲ ਮਾਧਵਪੁਰ ਪਿੰਡ ਵਿੱਚ ਲਗਦਾ ਹੈ, ਲੇਕਿਨ ਇਸ ਦਾ ਹਿੰਦੁਸਤਾਨ ਦੇ ਪੂਰਬੀ ਹਿੱਸੇ ਨਾਲ ਵੀ ਨਾਤਾ ਜੁੜਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਸੰਭਵ ਹੈ ਤਾਂ ਇਸ ਦਾ ਵੀ ਉੱਤਰ ਇੱਕ ਪੌਰਾਣਿਕ ਕਥਾ ਨਾਲ ਹੀ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਨ ਦਾ ਵਿਆਹ ਉੱਤਰ-ਪੂਰਬ ਦੀ ਰਾਜਕੁਮਾਰੀ ਰੁਕਮਣੀ ਨਾਲ ਹੋਇਆ ਸੀ। ਇਹ ਵਿਆਹ ਪੋਰਬੰਦਰ ਦੇ ਮਾਧਵਪੁਰ ਵਿੱਚ ਹੋਇਆ ਸੀ ਅਤੇ ਉਸੇ ਵਿਆਹ ਦੇ ਪ੍ਰਤੀਕ ਦੇ ਰੂਪ ਵਿੱਚ ਅੱਜ ਵੀ ਉੱਥੇ ਮਾਧਵਪੁਰ ਮੇਲਾ ਲਗਦਾ ਹੈ। ਪੂਰਬ ਤੇ ਪੱਛਮ ਦਾ ਇਹ ਡੂੰਘਾ ਨਾਤਾ ਸਾਡੀ ਧ੍ਰੋਹਰ ਹੈ। ਸਮੇਂ ਦੇ ਨਾਲ ਹੁਣ ਲੋਕਾਂ ਦੇ ਯਤਨਾਂ ਨਾਲ ਮਾਧਵਪੁਰ ਮੇਲੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਵੀ ਜੁੜ ਰਹੀਆਂ ਹਨ। ਸਾਡੇ ਇੱਥੇ ਲੜਕੀ ਪੱਖ ਵੱਲੋਂ ਮੇਲੇ ਵਿੱਚ ਉੱਤਰ-ਪੂਰਬ ਤੋਂ ਬਹੁਤ ਸਾਰੇ ਲੋਕ ਵੀ ਆਉਣ ਲਗੇ ਹਨ। ਇੱਕ ਹਫ਼ਤੇ ਤੱਕ ਚਲਣ ਵਾਲੇ ਮਾਧਵਪੁਰ ਮੇਲੇ ਵਿੱਚ ਉੱਤਰ-ਪੂਰਬ ਦੇ ਸਾਰੇ ਰਾਜਾਂ ਦੇ ਆਰਟਿਸਟ ਪਹੁੰਚਦੇ ਹਨ। ਹੈਂਡੀਕ੍ਰਾਫਟ ਨਾਲ ਜੁੜੇ ਕਲਾਕਾਰ ਪਹੁੰਚਦੇ ਹਨ ਅਤੇ ਇਸ ਮੇਲੇ ਦੀ ਰੌਣਕ ਨੂੰ ਚਾਰ-ਚੰਦ ਲਗ ਜਾਂਦੇ ਹਨ। ਇੱਕ ਹਫ਼ਤੇ ਤੱਕ ਭਾਰਤ ਦੇ ਪੂਰਬ ਅਤੇ ਪੱਛਮ ਦੀਆਂ ਸੰਸਕ੍ਰਿਤੀਆਂ ਦਾ ਇਹ ਮੇਲ, ਇਹ ਮਾਧਵਪੁਰ ਮੇਲਾ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਮਿਸਾਲ ਬਣ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਮੇਲੇ ਦੇ ਬਾਰੇ ਪੜ੍ਹੋ ਅਤੇ ਜਾਣੋ।

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੁਣ ਜਨ-ਭਾਗੀਦਾਰੀ ਦੀ ਨਵੀਂ ਮਿਸਾਲ ਬਣ ਰਿਹਾ ਹੈ। ਕੁਝ ਦਿਨ ਪਹਿਲਾਂ 23 ਮਾਰਚ ਨੂੰ ਸ਼ਹੀਦ ਦਿਵਸ ’ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਅਨੇਕਾਂ ਸਮਾਰੋਹ ਹੋਏ। ਦੇਸ਼ ਨੇ ਆਪਣੀ ਆਜ਼ਾਦੀ ਦੇ ਨਾਇਕ-ਨਾਇਕਾਵਾਂ ਨੂੰ ਯਾਦ ਕੀਤਾ, ਸ਼ਰਧਾਪੂਰਵਕ ਯਾਦ ਕੀਤਾ। ਇਸੇ ਦਿਨ ਮੈਨੂੰ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ ਬਿਪਲੋਬੀ ਭਾਰਤ ਗੈਲਰੀ ਦੇ ਲੋਕ ਅਰਪਣ ਦਾ ਵੀ ਮੌਕਾ ਮਿਲਿਆ। ਭਾਰਤ ਦੇ ਵੀਰ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਆਪਣੇ ਆਪ ਵਿੱਚ ਬਹੁਤ ਹੀ ਅਨੋਖੀ ਗੈਲਰੀ ਹੈ। ਜੇਕਰ ਮੌਕਾ ਮਿਲੇ ਤਾਂ ਤੁਸੀਂ ਇਸ ਨੂੰ ਦੇਖਣ ਜ਼ਰੂਰ ਜਾਓ। ਸਾਥੀਓ ਅਪ੍ਰੈਲ ਦੇ ਮਹੀਨੇ ਵਿੱਚ ਅਸੀਂ ਦੋ ਮਹਾਨ ਸ਼ਖ਼ਸੀਅਤਾਂ ਦੀ ਜਯੰਤੀ ਵੀ ਮਨਾਵਾਂਗੇ। ਇਨ੍ਹਾਂ ਦੋਹਾਂ ਨੇ ਹੀ ਭਾਰਤੀ ਸਮਾਜ ’ਤੇ ਆਪਣਾ ਗਹਿਰਾ ਪ੍ਰਭਾਵ ਛੱਡਿਆ ਹੈ। ਇਹ ਮਹਾਨ ਸ਼ਖ਼ਸੀਅਤਾਂ ਹਨ ਮਹਾਤਮਾ ਫੂਲੇ ਅਤੇ ਬਾਬਾ ਸਾਹੇਬ ਅੰਬੇਡਕਰ। ਮਹਾਤਮਾ ਫੂਲੇ ਦੀ ਜਯੰਤੀ 11 ਅਪ੍ਰੈਲ ਨੂੰ ਹੈ ਅਤੇ ਬਾਬਾ ਸਾਹੇਬ ਦੀ ਜਯੰਤੀ ਅਸੀਂ 14 ਅਪ੍ਰੈਲ ਨੂੰ ਮਨਾਵਾਂਗੇ। ਇਨ੍ਹਾਂ ਦੋਹਾਂ ਹੀ ਮਹਾਪੁਰਖਾਂ ਨੇ ਭੇਦਭਾਵ ਅਤੇ ਅਸਮਾਨਤਾ ਦੇ ਖ਼ਿਲਾਫ਼ ਵੱਡੀ ਲੜਾਈ ਲੜੀ। ਮਹਾਤਮਾ ਫੂਲੇ ਨੇ ਉਸ ਦੌਰ ਵਿੱਚ ਬੇਟੀਆਂ ਦੇ ਲਈ ਸਕੂਲ ਖੋਲ੍ਹੇ। ਕੰਨਿਆ-ਸ਼ਿਸ਼ੂ ਹੱਤਿਆਂ ਦੇ ਖ਼ਿਲਾਫ਼ ਆਵਾਜ਼ ਉਠਾਈ। ਉਨ੍ਹਾਂ ਨੇ ਜਲ ਸੰਕਟ ਤੋਂ ਮੁਕਤੀ ਦਿਵਾਉਣ ਦੇ ਲਈ ਵੀ ਵੱਡੀਆਂ ਮੁਹਿੰਮ ਚਲਾਈਆਂ।

ਸਾਥੀਓ, ਮਹਾਤਮਾ ਫੂਲੇ ਦੀ ਇਸ ਚਰਚਾ ਵਿੱਚ ਸਾਵਿਤਰੀ ਬਾਈ ਫੂਲੇ ਜੀ ਦਾ ਵੀ ਵਰਨਣ ਓਨਾ ਹੀ ਜ਼ਰੂਰੀ ਹੈ। ਸਾਵਿਤਰੀ ਬਾਈ ਫੂਲੇ ਨੇ ਕਈ ਸਮਾਜਿਕ ਸੰਸਥਾਵਾਂ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਈ। ਇੱਕ ਅਧਿਆਪਕਾ ਅਤੇ ਇੱਕ ਸਮਾਜ ਸੁਧਾਰਕ ਦੇ ਰੂਪ ਵਿੱਚ ਉਨ੍ਹਾਂ ਨੇ ਸਮਾਜ ਨੂੰ ਜਾਗਰੂਕ ਵੀ ਕੀਤਾ ਅਤੇ ਉਸ ਦਾ ਹੌਸਲਾ ਵੀ ਵਧਾਇਆ। ਦੋਹਾਂ ਨੇ ਨਾਲ ਮਿਲ ਕੇ ਸਤਯਸ਼ੋਧਕ ਸਮਾਜ ਦੀ ਸਥਾਪਨਾ ਕੀਤੀ। ਜਨ-ਜਨ ਦੇ ਸਸ਼ਕਤੀਕਰਣ ਲਈ ਯਤਨ ਕੀਤੇ। ਸਾਨੂੰ ਬਾਬਾ ਸਾਹੇਬ ਅੰਬੇਡਕਰ ਦੇ ਕੰਮਾਂ ਵਿੱਚ ਵੀ ਮਹਾਤਮਾ ਫੂਲੇ ਦੇ ਪ੍ਰਭਾਵ ਸਾਫ਼ ਦਿਖਾਈ ਦਿੰਦੇ ਵੀ ਸਨ। ਉਹ ਕਹਿੰਦੇ ਵੀ ਸਨ ਕਿ ਕਿਸੇ ਵੀ ਸਮਾਜ ਦੇ ਵਿਕਾਸ ਦਾ ਮੁੱਲਾਂਕਣ ਉਸ ਸਮਾਜ ਵਿੱਚ ਮਹਿਲਾਵਾਂ ਦੀ ਸਥਿਤੀ ਨੂੰ ਦੇਖ ਕੇ ਹੀ ਕੀਤਾ ਜਾ ਸਕਦਾ ਹੈ। ਮਹਾਤਮਾ ਫੂਲੇ, ਸਾਵਿਤਰੀ ਬਾਈ ਫੂਲੇ, ਬਾਬਾ ਸਾਹੇਬ ਅੰਬੇਡਕਰ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਮੈਂ ਸਾਰੇ ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੇਟੀਆਂ ਨੂੰ ਜ਼ਰੂਰ ਪੜ੍ਹਾਉਣ। ਬੇਟੀਆਂ ਦਾ ਸਕੂਲ ਵਿੱਚ ਦਾਖਲਾ ਵਧਾਉਣ ਦੇ ਲਈ ਕੁਝ ਦਿਨ ਪਹਿਲਾਂ ਹੀ ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ ਵੀ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਬੇਟੀਆਂ ਦੀ ਪੜ੍ਹਾਈ ਕਿਸੇ ਵਜ੍ਹਾ ਨਾਲ ਛੁੱਟ ਗਈ ਹੈ, ਉਨ੍ਹਾਂ ਨੂੰ ਦੁਬਾਰਾ ਸਕੂਲ ਲਿਆਉਣ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਸਾਥੀਓ, ਇਹ ਸਾਡੇ ਸਾਰਿਆਂ ਦੇ ਲਈ ਸੁਭਾਗ ਦੀ ਗੱਲ ਹੈ ਕਿ ਸਾਨੂੰ ਬਾਬਾ ਸਾਹੇਬ ਨਾਲ ਜੁੜੇ ਪੰਜ ਤੀਰਥਾਂ ਦੇ ਲਈ ਕੰਮ ਕਰਨ ਦਾ ਵੀ ਮੌਕਾ ਮਿਲਿਆ ਹੈ। ਉਨ੍ਹਾਂ ਦਾ ਜਨਮ ਸਥਾਨ ਮਹੂ ਹੋਵੇ, ਮੁੰਬਈ ਵਿੱਚ ਚੈਤਯਭੂਮੀ ਹੋਵੇ, ਲੰਡਨ ਦਾ ਉਨ੍ਹਾਂ ਦਾ ਘਰ ਹੋਵੇ, ਨਾਗਪੁਰ ਦੀ ਦੀਕਸ਼ਾ ਭੂਮੀ ਹੋਵੇ ਜਾਂ ਦਿੱਲੀ ਵਿੱਚ ਬਾਬਾ ਸਾਹੇਬ ਦਾ ਮਹਾ-ਪ੍ਰੀਨਿਰਵਾਣ ਸਥਾਨ। ਮੈਨੂੰ ਸਾਰੀਆਂ ਜਗ੍ਹਾ ’ਤੇ, ਸਾਰੇ ਤੀਰਥਾਂ ’ਤੇ ਜਾਣ ਦਾ ਸੁਭਾਗ ਮਿਲਿਆ। ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਮਹਾਤਮਾ ਫੂਲੇ, ਸਾਵਿਤਰੀ ਬਾਈ ਫੂਲੇ ਅਤੇ ਬਾਬਾ ਸਾਹੇਬ ਅੰਬੇਡਕਰ ਨਾਲ ਜੁੜੇ ਸਥਾਨਾਂ ਦੇ ਦਰਸ਼ਨ ਕਰਨ ਜ਼ਰੂਰ ਜਾਣ। ਤੁਹਾਨੂੰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਵੀ ਅਸੀਂ ਅਨੇਕਾਂ ਵਿਸ਼ਿਆਂ ’ਤੇ ਗੱਲ ਕੀਤੀ। ਅਗਲੇ ਮਹੀਨੇ ਬਹੁਤ ਸਾਰੇ ਪੁਰਬ-ਤਿਉਹਾਰ ਆ ਰਹੇ ਹਨ। ਕੁਝ ਹੀ ਦਿਨਾਂ ਬਾਅਦ ਨਵਰਾਤਰੀ ਹੈ। ਨਵਰਾਤਰੀ ਵਿੱਚ ਅਸੀਂ ਵਰਤ-ਉਪਵਾਸ, ਸ਼ਕਤੀ ਦੀ ਸਾਧਨਾ ਕਰਦੇ ਹਾਂ, ਸ਼ਕਤੀ ਦੀ ਪੂਜਾ ਕਰਦੇ ਹਾਂ, ਯਾਨੀ ਸਾਡੀਆਂ ਪਰੰਪਰਾਵਾਂ ਸਾਨੂੰ ਖੁਸ਼ੀ ਵੀ ਸਿਖਾਉਂਦੀਆਂ ਹਨ ਅਤੇ ਸੰਜਮ ਵੀ। ਸੰਜਮ ਅਤੇ ਤਪ ਵੀ ਸਾਡੇ ਲਈ ਪੁਰਬ ਹੀ ਹੈ। ਇਸ ਲਈ ਨਵਰਾਤਰੀ ਹਮੇਸ਼ਾ ਤੋਂ ਸਾਡੇ ਸਾਰਿਆਂ ਦੇ ਲਈ ਬਹੁਤ ਵਿਸ਼ੇਸ਼ ਰਹੀ ਹੈ। ਨਵਰਾਤਰੀ ਦੇ ਪਹਿਲੇ ਹੀ ਦਿਨ ਗੁੜ੍ਹੀ-ਪੜਵਾ ਦਾ ਪੁਰਬ ਵੀ ਹੈ। ਅਪ੍ਰੈਲ ਵਿੱਚ ਹੀ ਈਸਟਰ ਵੀ ਆਉਂਦਾ ਹੈ ਤੇ ਰਮਜਾਨ ਦੇ ਪਵਿੱਤਰ ਦਿਨ ਵੀ ਸ਼ੁਰੂ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਪੁਰਬ ਮਨਾਈਏ। ਭਾਰਤ ਦੀ ਵਿਭਿੰਨਤਾ ਨੂੰ ਤਾਕਤਵਰ ਬਣਾਈਏ, ਸਭ ਦੀ ਇਹੀ ਕਾਮਨਾ ਹੈ। ਇਸ ਵਾਰੀ ‘ਮਨ ਕੀ ਬਾਤ’ ਵਿੱਚ ਏਨਾ ਹੀ। ਅਗਲੇ ਮਹੀਨੇ ਤੁਹਾਡੇ ਨਾਲ ਨਵੇਂ ਵਿਸ਼ਿਆਂ ਨਾਲ ਫਿਰ ਮੁਲਾਕਾਤ ਹੋਵੇਗੀ। ਬਹੁਤ-ਬਹੁਤ ਧੰਨਵਾਦ।

 

 

 

 

 

 

 

 

 

 

 

 

 

 

 

 

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Robust activity in services sector holds up 6.3% GDP growth in Q2

Media Coverage

Robust activity in services sector holds up 6.3% GDP growth in Q2
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 1 ਦਸੰਬਰ 2022
December 01, 2022
Share
 
Comments

India Begins its G-20 Presidency With a Vision of ‘Vasudhaiva Kutumbakam’ for Global Growth and Development

Citizens Appreciate India’s Move Towards Prosperity and Inclusion With The Modi Govt.